Skip to content

Skip to table of contents

ਸੌਲੁਸ ਆਪਣੇ ਪੁਰਾਣੇ ਦੋਸਤਾਂ ਤੇ ਦੁਸ਼ਮਣਾਂ ਨੂੰ ਮਿਲਿਆ

ਸੌਲੁਸ ਆਪਣੇ ਪੁਰਾਣੇ ਦੋਸਤਾਂ ਤੇ ਦੁਸ਼ਮਣਾਂ ਨੂੰ ਮਿਲਿਆ

ਸੌਲੁਸ ਆਪਣੇ ਪੁਰਾਣੇ ਦੋਸਤਾਂ ਤੇ ਦੁਸ਼ਮਣਾਂ ਨੂੰ ਮਿਲਿਆ

ਮਸੀਹੀ ਬਣਨ ਮਗਰੋਂ ਜਦ ਸੌਲੁਸ ਪਹਿਲੀ ਵਾਰ ਯਰੂਸ਼ਲਮ ਵਾਪਸ ਆਇਆ ਸੀ, ਤਾਂ ਸ਼ਾਇਦ ਉਸ ਨੇ ਥੋੜ੍ਹੀ-ਬਹੁਤੀ ਘਬਰਾਹਟ ਮਹਿਸੂਸ ਕੀਤੀ ਹੋਣੀ। * ਤਿੰਨ ਸਾਲ ਪਹਿਲਾਂ ਜਦੋਂ ਉਹ ਯਰੂਸ਼ਲਮ ਤੋਂ ਗਿਆ ਸੀ, ਤਾਂ ਉਹ ਯਿਸੂ ਦੇ ਚੇਲਿਆਂ ਨੂੰ ਮਾਰ-ਮੁਕਾਉਣ ਤੇ ਤੁਲਿਆ ਹੋਇਆ ਸੀ। ਉਸ ਨੂੰ ਅਧਿਕਾਰ-ਪੱਤਰ ਦਿੱਤੇ ਗਏ ਸਨ ਜਿਨ੍ਹਾਂ ਦੀ ਮਦਦ ਨਾਲ ਉਹ ਦੰਮਿਸਕ ਵਿਚ ਰਹਿੰਦੇ ਮਸੀਹੀਆਂ ਨੂੰ ਗਿਰਫ਼ਤਾਰ ਕਰ ਸਕਦਾ ਸੀ।—ਰਸੂਲਾਂ ਦੇ ਕਰਤੱਬ 9:1, 2; ਗਲਾਤੀਆਂ 1:18.

ਮਸੀਹੀ ਧਰਮ ਨੂੰ ਅਪਣਾਉਣ ਤੋਂ ਬਾਅਦ ਸੌਲੁਸ ਨੇ ਮਸੀਹ ਬਾਰੇ ਦਲੇਰੀ ਨਾਲ ਪ੍ਰਚਾਰ ਕੀਤਾ। ਸੌਲੁਸ ਦੇ ਪ੍ਰਚਾਰ ਕਰਨ ਕਰਕੇ ਦੰਮਿਸਕ ਦੇ ਯਹੂਦੀ ਉਸ ਨੂੰ ਮਾਰ-ਮੁਕਾਉਣਾ ਚਾਹੁੰਦੇ ਸਨ। (ਰਸੂਲਾਂ ਦੇ ਕਰਤੱਬ 9:19-25) ਸੋ ਜੇ ਸੌਲੁਸ ਨੇ ਸੋਚਿਆ ਸੀ ਕਿ ਯਰੂਸ਼ਲਮ ਵਿਚ ਉਸ ਦੇ ਪੁਰਾਣੇ ਯਹੂਦੀ ਦੋਸਤ ਉਸ ਦਾ ਨਿੱਘਾ ਸੁਆਗਤ ਕਰਨਗੇ, ਤਾਂ ਇਹ ਉਸ ਦੀ ਗ਼ਲਤਫ਼ਹਿਮੀ ਸੀ। ਪਰ ਸੌਲੁਸ ਨੂੰ ਇਕ ਹੋਰ ਚਿੰਤਾ ਸਤਾ ਰਹੀ ਸੀ। ਯਰੂਸ਼ਲਮ ਆ ਕੇ ਉਹ ਯਿਸੂ ਦੇ ਚੇਲਿਆਂ ਨਾਲ ਮਿਲਣਾ ਚਾਹੁੰਦਾ ਸੀ। ਪਰ ਇਹ ਕੋਈ ਸੌਖਾ ਕੰਮ ਨਹੀਂ ਸੀ।

ਜਦ “ਉਹ ਯਰੂਸ਼ਲਮ ਵਿੱਚ ਆਇਆ ਤਾਂ ਚੇਲਿਆਂ ਵਿੱਚ ਰਲ਼ ਜਾਣ ਦਾ ਜਤਨ ਕੀਤਾ ਪਰ ਸਭ ਉਸ ਤੋਂ ਡਰਦੇ ਸਨ ਕਿਉਂ ਜੋ ਉਹ ਦੇ ਚੇਲੇ ਹੋਣ ਨੂੰ ਸਤ ਨਾ ਮੰਨਿਆ।” (ਰਸੂਲਾਂ ਦੇ ਕਰਤੱਬ 9:26) ਚੇਲਿਆਂ ਦਾ ਸੌਲੁਸ ਤੋਂ ਡਰਨਾ ਸੁਭਾਵਕ ਸੀ ਕਿਉਂਕਿ ਉਹ ਇਹ ਗੱਲ ਨਹੀਂ ਭੁੱਲੇ ਸਨ ਕਿ ਸੌਲੁਸ ਬੇਰਹਿਮੀ ਨਾਲ ਮਸੀਹੀਆਂ ਨੂੰ ਤਸੀਹੇ ਦਿੰਦਾ ਹੁੰਦਾ ਸੀ। ਉਨ੍ਹਾਂ ਦੇ ਭਾਣੇ ਉਸ ਦਾ ਮਸੀਹੀ ਹੋਣ ਦਾ ਦਾਅਵਾ ਇਕ ਦਿਖਾਵਾ ਸੀ ਤੇ ਉਹ ਯਰੂਸ਼ਲਮ ਦੀ ਕਲੀਸਿਯਾ ਵਿਚ ਫੁੱਟ ਪਾਉਣ ਦੇ ਇਰਾਦਾ ਨਾਲ ਆਇਆ ਸੀ। ਇਸ ਲਈ ਯਰੂਸ਼ਲਮ ਦੇ ਭੈਣ-ਭਰਾ ਉਸ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਸਨ।

ਪਰ ਇਕ ਚੇਲੇ ਨੇ ਸੌਲੁਸ ਦੀ ਮਦਦ ਕੀਤੀ। ਬਾਈਬਲ ਕਹਿੰਦੀ ਹੈ ਕਿ ਬਰਨਬਾਸ ਨਾਂ ਦਾ ਚੇਲਾ ਸੌਲੁਸ ਨੂੰ “ਰਸੂਲਾਂ ਦੇ ਕੋਲ” ਲੈ ਕੇ ਗਿਆ। ਇਹ ਰਸੂਲ ਪਤਰਸ ਤੇ ਯਿਸੂ ਦਾ ਭਰਾ ਯਾਕੂਬ ਸਨ। ਬਰਨਬਾਸ ਨੇ ਉਨ੍ਹਾਂ ਨੂੰ ਸੌਲੁਸ ਦੇ ਮਸੀਹੀ ਬਣਨ ਅਤੇ ਦੰਮਿਸਕ ਵਿਚ ਪ੍ਰਚਾਰ ਕਰਨ ਬਾਰੇ ਦੱਸਿਆ। (ਰਸੂਲਾਂ ਦੇ ਕਰਤੱਬ 9:27; ਗਲਾਤੀਆਂ 1:18, 19) ਬਾਈਬਲ ਇਹ ਨਹੀਂ ਦੱਸਦੀ ਕਿ ਬਰਨਬਾਸ ਨੂੰ ਕਿਵੇਂ ਯਕੀਨ ਹੋ ਗਿਆ ਸੀ ਕਿ ਸੌਲੁਸ ਵਾਕਈ ਮਸੀਹ ਦਾ ਚੇਲਾ ਬਣ ਗਿਆ ਸੀ। ਹੋ ਸਕਦਾ ਹੈ ਕਿ ਉਹ ਇਕ-ਦੂਜੇ ਨੂੰ ਜਾਣਦੇ ਸਨ ਜਿਸ ਕਰਕੇ ਬਰਨਬਾਸ ਨੇ ਉਸ ਨੂੰ ਗੱਲਾਂ-ਗੱਲਾਂ ਵਿਚ ਹੀ ਪਰਖ ਲਿਆ ਹੋਵੇ। ਜਾਂ ਫਿਰ ਬਰਨਬਾਸ ਦੰਮਿਸਕ ਵਿਚ ਰਹਿੰਦੇ ਕੁਝ ਮਸੀਹੀਆਂ ਨੂੰ ਜਾਣਦਾ ਸੀ ਜਿਨ੍ਹਾਂ ਨੇ ਉਸ ਨੂੰ ਸੌਲੁਸ ਦੇ ਮਸੀਹੀ ਬਣਨ ਦੀ ਖ਼ਬਰ ਦਿੱਤੀ ਸੀ। ਕਾਰਨ ਜੋ ਵੀ ਸੀ, ਬਰਨਬਾਸ ਨੇ ਭਰਾਵਾਂ ਦੇ ਮਨਾਂ ਵਿੱਚੋਂ ਸੌਲੁਸ ਦੇ ਮਸੀਹੀ ਬਣਨ ਬਾਰੇ ਸਾਰੇ ਸ਼ੱਕ ਦੂਰ ਕਰ ਦਿੱਤੇ ਸਨ। ਇਸ ਮਗਰੋਂ ਸੌਲੁਸ ਪਤਰਸ ਰਸੂਲ ਦੇ ਕੋਲ 15 ਦਿਨ ਠਹਿਰਿਆ।

ਪੰਦਰਾਂ ਦਿਨ ਪਤਰਸ ਕੋਲ

ਸੌਲੁਸ ਨੂੰ ਯਿਸੂ ਦਾ ਪ੍ਰਚਾਰ ਕਰਨ ਦਾ ਕੰਮ ਕਿਸੇ ਇਨਸਾਨ ਤੋਂ ਨਹੀਂ ਮਿਲਿਆ ਸੀ, ਸਗੋਂ ਯਿਸੂ ਨੇ ਆਪ ਇਹ ਕੰਮ ਉਸ ਨੂੰ ਸੌਂਪਿਆ ਸੀ। (ਗਲਾਤੀਆਂ 1:11, 12) ਪਰ ਫਿਰ ਵੀ ਸੌਲੁਸ ਜਾਣਦਾ ਸੀ ਕਿ ਯਿਸੂ ਦੀ ਸੇਵਕਾਈ ਬਾਰੇ ਜਾਣਨਾ ਉਸ ਲਈ ਬਹੁਤ ਜ਼ਰੂਰੀ ਸੀ। ਸੋ ਪਤਰਸ ਦੇ ਘਰ ਰਹਿੰਦਿਆਂ ਸੌਲੁਸ ਨੇ  ਯਿਸੂ ਬਾਰੇ ਬਹੁਤ ਕੁਝ ਸਿੱਖਿਆ ਹੋਣਾ। (ਲੂਕਾ 24:12; 1 ਕੁਰਿੰਥੀਆਂ 15:3-8) ਇਕ ਪਾਸੇ ਸੌਲੁਸ ਨੇ ਪਤਰਸ ਤੇ ਯਾਕੂਬ ਤੋਂ ਕਈ ਗੱਲਾਂ ਪੁੱਛੀਆਂ ਹੋਣੀਆਂ ਤੇ ਦੂਸਰੇ ਪਾਸੇ ਉਨ੍ਹਾਂ ਨੇ ਸੌਲੁਸ ਤੋਂ ਯਿਸੂ ਦੇ ਦਰਸ਼ਨ ਅਤੇ ਉਸ ਵੱਲੋਂ ਮਿਲੇ ਕੰਮ ਬਾਰੇ ਕਈ ਸਵਾਲ ਪੁੱਛੇ ਹੋਣੇ।

ਸੌਲੁਸ ਪੁਰਾਣੇ ਦੋਸਤਾਂ ਤੋਂ ਬਾਲ-ਬਾਲ ਬਚਿਆ

ਇਸਤੀਫ਼ਾਨ ਯਿਸੂ ਦੇ ਚੇਲਿਆਂ ਵਿੱਚੋਂ ਪਹਿਲਾ ਵਿਅਕਤੀ ਸੀ ਜੋ ਆਪਣੇ ਧਰਮ ਲਈ ਸ਼ਹੀਦ ਹੋਇਆ। ਇਸਤੀਫ਼ਾਨ ਨੇ ਜਿਨ੍ਹਾਂ ਲੋਕਾਂ ਨਾਲ ਬਹਿਸ ਕੀਤੀ ਸੀ, ਉਹ ‘ਉਸ ਸਮਾਜ ਵਿੱਚੋਂ ਸਨ ਜੋ ਲਿਬਰਤੀਨੀਆਂ ਦੀ ਕਹਾਉਂਦੀ ਸੀ ਅਰ ਕੁਰੇਨੀਆਂ ਅਤੇ ਸਿਕੰਦਰੀਆਂ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਿਕਿਯਾ ਅਤੇ ਅਸਿਯਾ ਤੋਂ ਆਏ ਸਨ।’ ਹੁਣ ਸੌਲੁਸ ਨੇ “ਯੂਨਾਨੀ-ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕੀਤੀ” ਤੇ ਉਨ੍ਹਾਂ ਨੂੰ ਬੇਧੜਕ ਗਵਾਹੀ ਦਿੱਤੀ। ਇਸ ਤੇ ਉਹ ਕ੍ਰੋਧ ਵਿਚ ਲੋਹਾ-ਲਾਖਾ ਹੋਏ ਤੇ ਉਸ ਨੂੰ ਜਾਨੋਂ ਮਾਰਨਾ ਚਾਹਿਆ।—ਰਸੂਲਾਂ ਦੇ ਕਰਤੱਬ 6:9; 9:28, 29.

ਸੌਲੁਸ ਆਪਣੀ ਜ਼ਿੰਦਗੀ ਵਿਚ ਆਈਆਂ ਵੱਡੀਆਂ ਤਬਦੀਲੀਆਂ ਬਾਰੇ ਤੇ ਮਸੀਹ ਬਾਰੇ ਆਪਣੇ ਪੁਰਾਣੇ ਦੋਸਤ-ਮਿੱਤਰਾਂ ਨੂੰ ਦੱਸਣਾ ਚਾਹੁੰਦਾ ਸੀ। ਪਰ ਯੂਨਾਨੀ-ਯਹੂਦੀਆਂ ਦੀਆਂ ਨਜ਼ਰਾਂ ਵਿਚ ਸੌਲੁਸ ਇਕ ਗੱਦਾਰ ਸੀ। ਸੌਲੁਸ ਦੀਆਂ ਗੱਲਾਂ ਸੁਣਦੇ ਹੀ ਉਹ ਗੁੱਸੇ ਵਿਚ ਲਾਲ-ਪੀਲੇ ਹੋ ਗਏ।

ਕੀ ਸੌਲੁਸ ਨੂੰ ਪਤਾ ਸੀ ਕਿ ਉਸ ਦੀ ਜਾਨ ਖ਼ਤਰੇ ਵਿਚ ਸੀ? ਬਾਈਬਲ ਕਹਿੰਦੀ ਹੈ ਕਿ ਜਦ ਉਹ ਹੈਕਲ ਵਿਚ ਪ੍ਰਾਰਥਨਾ ਕਰਦਾ ਸੀ, ਤਾਂ ਉਸ ਨੇ ਇਕ ਦਰਸ਼ਨ ਵਿਚ ਯਿਸੂ ਨੂੰ ਦੇਖਿਆ ਜਿਸ ਨੇ ਉਸ ਨੂੰ ਕਿਹਾ: “ਛੇਤੀ ਕਰ ਅਤੇ ਯਰੂਸ਼ਲਮ ਤੋਂ ਸ਼ਤਾਬੀ ਨਿੱਕਲ ਜਾਹ ਕਿਉਂ ਜੋ ਓਹ ਮੇਰੇ ਹੱਕ ਵਿੱਚ ਤੇਰੀ ਸਾਖੀ ਨਾ ਮੰਨਣਗੇ।” ਪੌਲੁਸ ਨੇ ਅੱਗੋਂ ਕਿਹਾ: “ਹੇ ਪ੍ਰਭੁ ਓਹ ਆਪ ਜਾਣਦੇ ਹਨ ਜੋ ਮੈਂ ਉਨ੍ਹਾਂ ਨੂੰ ਜਿਨ੍ਹਾਂ ਤੇਰੇ ਉੱਤੇ ਨਿਹਚਾ ਕੀਤੀ ਕੈਦ ਕਰਦਾ ਅਤੇ ਹਰੇਕ ਸਮਾਜ ਵਿੱਚ ਮਾਰਦਾ ਸਾਂ। ਅਰ ਜਾਂ ਤੇਰੇ ਸ਼ਹੀਦ ਇਸਤੀਫ਼ਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ਭੀ ਕੋਲ ਖੜਾ ਅਤੇ ਰਾਜ਼ੀ ਸਾਂ।”—ਰਸੂਲਾਂ ਦੇ ਕਰਤੱਬ 22:17-20.

ਕਈ ਲੋਕ ਸੌਲੁਸ ਦੀ ਇਸ ਗੱਲ ਦਾ ਇਹ ਮਤਲਬ ਕੱਢਦੇ ਹਨ ਕਿ ਉਸ ਨੂੰ ਖ਼ਤਰੇ ਦਾ ਪਤਾ ਸੀ। ਹੋਰ ਲੋਕ ਸੋਚਦੇ ਹਨ ਕਿ ਸੌਲੁਸ ਕਹਿ ਰਿਹਾ ਸੀ ਕਿ ‘ਮੈਂ ਵੀ ਤਾਂ ਉਨ੍ਹਾਂ ਵਾਂਗ ਮਸੀਹੀਆਂ ਨੂੰ ਤਸੀਹੇ ਦਿੰਦਾ ਸੀ ਤੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਤਾਂ ਫਿਰ ਉਨ੍ਹਾਂ ਨੂੰ ਮੇਰੇ ਵਿਚ ਆਈਆਂ ਤਬਦੀਲੀਆਂ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸ਼ਾਇਦ ਮੈਂ ਉਨ੍ਹਾਂ ਨੂੰ ਸੱਚਾਈ ਦੱਸ ਸਕਾਂ।’ ਪਰ ਯਿਸੂ ਜਾਣਦਾ ਸੀ ਕਿ ਯਹੂਦੀਆਂ ਦੇ ਭਾਣੇ ਜੋ ਬੰਦਾ ਧਰਮ-ਤਿਆਗੀ ਸੀ, ਉਹ ਉਸ ਦੀ ਗੱਲ ਕਦੇ ਨਹੀਂ ਸੁਣਨਗੇ। ਇਸੇ ਲਈ ਯਿਸੂ ਨੇ ਸੌਲੁਸ ਨੂੰ ਕਿਹਾ: “ਤੁਰ ਜਾਹ ਕਿਉਂ ਜੋ ਮੈਂ ਦੂਰ ਵਾਟ ਪਰਾਈਆਂ ਕੌਮਾਂ ਦੇ ਕੋਲ ਘੱਲਾਂਗਾ।”—ਰਸੂਲਾਂ ਦੇ ਕਰਤੱਬ 22:21, 22.

ਜਦ ਹੋਰਨਾਂ ਮਸੀਹੀਆਂ ਨੂੰ ਪਤਾ ਲੱਗਾ ਕਿ ਸੌਲੁਸ ਦੀ ਜਾਨ ਖ਼ਤਰੇ ਵਿਚ ਸੀ, ਉਨ੍ਹਾਂ ਨੇ ਫਟਾਫਟ ਉਸ ਨੂੰ ਉੱਥੋਂ ਕੱਢਣ ਦੀ ਕੀਤੀ। ਉਨ੍ਹਾਂ ਨੇ ਸੌਲੁਸ ਨੂੰ ਕੈਸਰਿਯਾ ਦੀ ਬੰਦਰਗਾਹ ਤੋਂ 500 ਕਿਲੋਮੀਟਰ ਦੂਰ ਤਰਸੁਸ ਸ਼ਹਿਰ ਭੇਜ ਦਿੱਤਾ ਜੋ ਸੌਲੁਸ ਦਾ ਜੱਦੀ ਸ਼ਹਿਰ ਸੀ। (ਰਸੂਲਾਂ ਦੇ ਕਰਤੱਬ 9:30) ਇਸ ਘਟਨਾ ਤੋਂ ਬਾਅਦ ਸੌਲੁਸ ਕਈ ਸਾਲ ਯਰੂਸ਼ਲਮ ਨਹੀਂ ਆਇਆ।

ਸੌਲੁਸ ਦੇ ਮਸੀਹੀ ਸਾਥੀਆਂ ਨੇ ਜੋ ਫਟਾਫਟ ਕਦਮ ਚੁੱਕਿਆ ਉਸ ਕਰਕੇ ਯਰੂਸ਼ਲਮ ਦੀ ਕਲੀਸਿਯਾ ਦੀ ਰੱਖਿਆ ਹੋਈ। ਜੇ ਸੌਲੁਸ ਯਰੂਸ਼ਲਮ ਵਿਚ ਰਹਿੰਦਾ, ਤਾਂ ਉੱਥੇ ਦੇ ਭੈਣਾਂ-ਭਰਾਵਾਂ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਸੀ। ਸੌਲੁਸ ਦੇ ਜਾਣ ਤੋਂ ਬਾਅਦ “ਸਾਰੇ ਯਹੂਦਿਯਾ ਅਤੇ ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਨੇ ਸੁਖ ਪਾਇਆ ਅਤੇ ਬਣਦੀ ਗਈ ਅਤੇ ਪ੍ਰਭੁ ਦੇ ਭੌ ਅਤੇ ਪਵਿੱਤ੍ਰ ਆਤਮਾ ਦੀ ਤਸੱਲੀ ਵਿੱਚ ਚੱਲਦਿਆਂ ਹੋਇਆਂ ਵਧਦੀ ਜਾਂਦੀ ਸੀ।”—ਰਸੂਲਾਂ ਦੇ ਕਰਤੱਬ 9:31.

ਖ਼ਤਰੇ ਨੂੰ ਪਛਾਣੋ

ਪਹਿਲੀ ਸਦੀ ਵਾਂਗ ਅੱਜ ਵੀ ਸਾਨੂੰ ਖ਼ਤਰਿਆਂ ਤੋਂ ਚੁਕੰਨੇ ਰਹਿਣ ਦੀ ਜ਼ਰੂਰਤ ਹੈ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਬੇਵਜ੍ਹਾ ਹਰ ਅਜਨਬੀ ਤੇ ਸ਼ੱਕ ਕਰੀਏ। ਪਰ ਇਹ ਵੀ ਸੱਚ ਹੈ ਕਿ ਕਈ ਮਾੜੀ ਨੀਅਤ ਵਾਲੇ ਇਨਸਾਨਾਂ ਨੇ ਯਹੋਵਾਹ ਦੇ ਲੋਕਾਂ ਦਾ ਫ਼ਾਇਦਾ ਉਠਾਉਣ ਤੇ ਕਲੀਸਿਯਾ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਬੁਰੇ ਲੋਕਾਂ ਦੀਆਂ ਗੱਲਾਂ ਵਿਚ ਨਾ ਆਈਏ।—ਕਹਾਉਤਾਂ 3:27; 2 ਤਿਮੋਥਿਉਸ 3:13.

ਸੌਲੁਸ ਦੁਆਰਾ ਯਰੂਸ਼ਲਮ ਵਿਚ ਪ੍ਰਚਾਰ ਕਰਨ ਤੇ ਯਹੂਦੀ ਭੜਕ ਉੱਠੇ ਸਨ। ਇਸ ਤੋਂ ਵੀ ਅਸੀਂ ਇਕ ਸਬਕ ਸਿੱਖ ਸਕਦੇ ਹਾਂ। ਕੁਝ ਇਲਾਕਿਆਂ ਵਿਚ ਪ੍ਰਚਾਰ ਕਰਦਿਆਂ ਜਾਂ ਆਪਣੇ ਪੁਰਾਣੇ ਦੋਸਤ-ਮਿੱਤਰਾਂ ਨੂੰ ਪ੍ਰਚਾਰ ਕਰਦਿਆਂ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਉਹ ਸਾਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾ ਸਕਦੇ ਹਨ। ਜਾਂ ਪੁਰਾਣੇ ਦੋਸਤਾਂ ਨਾਲ ਸੰਗਤ ਕਰ ਕੇ ਸਾਡੀ ਨਿਹਚਾ ਕਮਜ਼ੋਰ ਪੈ ਸਕਦੀ ਹੈ ਜਾਂ ਉਹ ਸਾਨੂੰ ਗ਼ਲਤ ਕੰਮ ਕਰਨ ਲਈ ਉਕਸਾ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸਮਾਂ ਤੇ ਜਗ੍ਹਾ ਦੇਖ ਕੇ ਹੀ ਉਨ੍ਹਾਂ ਨਾਲ ਗੱਲ ਕਰੀਏ।—ਕਹਾਉਤਾਂ 22:3; ਮੱਤੀ 10:16.

ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਇਸ ਬੁਰੇ ਸੰਸਾਰ ਦੇ ਅੰਤ ਤੋਂ ਪਹਿਲਾਂ ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ। ਸੌਲੁਸ ਪੁਰਾਣੇ ਦੋਸਤਾਂ ਤੇ ਦੁਸ਼ਮਣਾਂ ਨੂੰ ਵੀ “ਪ੍ਰਭੁ ਦੇ ਨਾਮ ਤੇ ਬੇਧੜਕ ਬਚਨ ਕਰਦਾ ਸੀ।” ਆਓ ਆਪਾਂ ਉਸ ਦੀ ਵਧੀਆ ਮਿਸਾਲ ਦੀ ਰੀਸ ਕਰੀਏ!—ਰਸੂਲਾਂ ਦੇ ਕਰਤੱਬ 9:29.

[ਫੁਟਨੋਟ]

^ ਪੈਰਾ 2 ਅੱਜ ਅਸੀਂ ਸੌਲੁਸ ਨੂੰ ਆਮ ਤੌਰ ਤੇ ਪੌਲੁਸ ਰਸੂਲ ਦੇ ਨਾਂ ਤੋਂ ਜਾਣਦੇ ਹਾਂ। ਲੇਕਿਨ ਇਸ ਲੇਖ ਵਿਚ ਦਿੱਤੇ ਜ਼ਿਆਦਾਤਰ ਹਵਾਲਿਆਂ ਵਿਚ ਉਸ ਦਾ ਯਹੂਦੀ ਨਾਂ ਸੌਲੁਸ ਵਰਤਿਆ ਗਿਆ ਹੈ।—ਰਸੂਲਾਂ ਦੇ ਕਰਤੱਬ 13:9.

[ਸਫ਼ਾ 16 ਉੱਤੇ ਤਸਵੀਰ]

ਯਰੂਸ਼ਲਮ ਵਿਚ ਪਹੁੰਚ ਕੇ ਸੌਲੁਸ ਨੇ ਬੇਧੜਕ ਹੋ ਕੇ ਯੂਨਾਨੀ-ਯਹੂਦੀਆਂ ਨੂੰ ਪ੍ਰਚਾਰ ਕੀਤਾ