Skip to content

Skip to table of contents

ਪਹਿਲੀ ਪੁਰਤਗਾਲੀ ਬਾਈਬਲ—ਪੱਕੇ ਇਰਾਦੇ ਤੇ ਲਗਨ ਦੀ ਕਹਾਣੀ

ਪਹਿਲੀ ਪੁਰਤਗਾਲੀ ਬਾਈਬਲ—ਪੱਕੇ ਇਰਾਦੇ ਤੇ ਲਗਨ ਦੀ ਕਹਾਣੀ

ਪਹਿਲੀ ਪੁਰਤਗਾਲੀ ਬਾਈਬਲ​—ਪੱਕੇ ਇਰਾਦੇ ਤੇ ਲਗਨ ਦੀ ਕਹਾਣੀ

“ਇਰਾਦੇ ਦਾ ਪੱਕਾ ਇਨਸਾਨ ਸਫ਼ਲ ਹੁੰਦਾ ਹੈ।” ਇਹ ਕਥਨ 17ਵੀਂ ਸਦੀ ਦੇ ਇਕ ਧਾਰਮਿਕ ਪਰਚੇ ਦੇ ਪਹਿਲੇ ਸਫ਼ੇ ਉੱਤੇ ਛਪਿਆ ਸੀ। ਇਸ ਪਰਚੇ ਦਾ ਲੇਖਕ ਸੀ ਜ਼ਵਾਉਨ ਫਰੇਰਾ ਡੀ ਆਲਮੇਡਾ। ਇਹ ਕਥਨ ਆਲਮੇਡਾ ਉੱਤੇ ਸਹੀ ਢੁਕਦਾ ਸੀ ਕਿਉਂਕਿ ਉਸ ਨੇ ਬਾਈਬਲ ਦਾ ਪੁਰਤਗਾਲੀ ਭਾਸ਼ਾ ਵਿਚ ਅਨੁਵਾਦ ਕਰਨ ਅਤੇ ਇਸ ਨੂੰ ਲੋਕਾਂ ਤਕ ਪਹੁੰਚਾਉਣ ਲਈ ਸਾਰੀ ਜ਼ਿੰਦਗੀ ਜੀ-ਤੋੜ ਮਿਹਨਤ ਕੀਤੀ।

ਆਲਮੇਡਾ ਦਾ ਜਨਮ 1628 ਵਿਚ ਉੱਤਰੀ ਪੁਰਤਗਾਲ ਦੇ ਟੋਰੀ ਡੀ ਟਾਵਾਰੀਜ਼ ਨਾਂ ਦੇ ਪਿੰਡ ਵਿਚ ਹੋਇਆ ਸੀ। ਛੋਟੀ ਉਮਰੇ ਹੀ ਉਸ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਜਾਣ ਕਰਕੇ ਉਸ ਦੇ ਚਾਚੇ ਨੇ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ। ਚਾਚਾ ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿਚ ਇਕ ਈਸਾਈ ਮੱਠ ਵਿਚ ਰਹਿੰਦਾ ਸੀ। ਕਿਹਾ ਜਾਂਦਾ ਹੈ ਕਿ ਆਲਮੇਡਾ ਨੂੰ ਪਾਦਰੀ ਬਣਾਉਣ ਦੇ ਉਦੇਸ਼ ਨਾਲ ਉਸ ਦੇ ਚਾਚੇ ਨੇ ਉਸ ਨੂੰ ਬਹੁਤ ਪੜ੍ਹਾਇਆ-ਲਿਖਾਇਆ। ਸੋ ਛੋਟੀ ਉਮਰ ਵਿਚ ਹੀ ਆਲਮੇਡਾ ਨੇ ਕਈ ਭਾਸ਼ਾਵਾਂ ਸਿੱਖ ਲਈਆਂ ਸਨ।

ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਜੇ ਆਲਮੇਡਾ ਪੁਰਤਗਾਲ ਵਿਚ ਹੀ ਰਹਿੰਦਾ, ਤਾਂ ਉਸ ਨੂੰ ਬਾਈਬਲ ਦਾ ਅਨੁਵਾਦ ਕਰਨ ਦਾ ਕਦੇ ਵੀ ਖ਼ਿਆਲ ਨਹੀਂ ਸੀ ਆਉਣਾ। ਉਸ ਸਮੇਂ ਉੱਤਰੀ ਤੇ ਮੱਧ ਯੂਰਪ ਵਿਚ ਪ੍ਰੋਟੈਸਟੈਂਟ ਲਹਿਰ ਜ਼ੋਰ ਫੜ ਰਹੀ ਸੀ ਜਿਸ ਕਰਕੇ ਆਮ ਬੋਲੀਆਂ ਵਿਚ ਬਾਈਬਲਾਂ ਉਪਲਬਧ ਹੋ ਰਹੀਆਂ ਸਨ। ਪਰ ਪੁਰਤਗਾਲ ਵਿਚ ਕੈਥੋਲਿਕ ਚਰਚ ਦਾ ਦਬਦਬਾ ਸੀ। ਪ੍ਰੋਟੈਸਟੈਂਟ ਲਹਿਰ ਨੂੰ ਕੁਚਲਣ ਲਈ ਕੈਥੋਲਿਕ ਚਰਚ ਨੇ ਖ਼ਾਸ ਧਾਰਮਿਕ-ਅਦਾਲਤਾਂ ਖੜ੍ਹੀਆਂ ਕੀਤੀਆਂ ਸਨ। ਜੇ ਕਿਸੇ ਕੋਲ ਆਮ ਭਾਸ਼ਾ ਵਿਚ ਬਾਈਬਲ ਹੋਣ ਦਾ ਪਤਾ ਚੱਲਦਾ ਸੀ, ਤਾਂ ਉਸ ਨੂੰ ਇਨ੍ਹਾਂ ਅਦਾਲਤਾਂ ਵਿਚ ਘੜੀਸਿਆ ਜਾਂਦਾ ਸੀ ਤੇ ਤਸੀਹੇ ਦਿੱਤੇ ਜਾਂਦੇ ਸਨ। *

ਸ਼ਾਇਦ ਇਸੇ ਤਾਨਾਸ਼ਾਹੀ ਮਾਹੌਲ ਵਿੱਚੋਂ ਨਿਕਲਣ ਲਈ ਆਲਮੇਡਾ ਅੱਲ੍ਹੜ ਉਮਰ ਵਿਚ ਹੀ ਨੀਦਰਲੈਂਡਜ਼ ਚਲਾ ਗਿਆ ਸੀ। ਕੁਝ ਸਮੇਂ ਬਾਅਦ, 14 ਸਾਲ ਦੀ ਉਮਰ ਵਿਚ ਉਹ ਉੱਥੋਂ ਏਸ਼ੀਆ ਲਈ ਰਵਾਨਾ ਹੋਇਆ। ਰਾਹ ਵਿਚ ਉਹ ਇੰਡੋਨੇਸ਼ੀਆ ਵਿਚ ਬਟੇਵੀਆ (ਜੋ ਹੁਣ ਜਕਾਰਟਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ) ਵਿਖੇ ਕੁਝ ਚਿਰ ਰੁਕਿਆ। ਜਕਾਰਟਾ ਉਸ ਸਮੇਂ ਦੱਖਣ-ਪੂਰਬੀ ਏਸ਼ੀਆ ਵਿਚ ਡੱਚ ਈਸਟ ਇੰਡੀਆ ਕੰਪਨੀ ਦਾ ਪ੍ਰਬੰਧਕੀ ਕੇਂਦਰ ਹੁੰਦਾ ਸੀ।

ਅੱਲ੍ਹੜ ਉਮਰ ਵਿਚ ਅਨੁਵਾਦ ਦਾ ਕੰਮ

ਸਫ਼ਰ ਦੇ ਆਖ਼ਰੀ ਪੜਾਅ ਤੇ ਆਲਮੇਡਾ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ। ਬਟੇਵੀਆ ਤੋਂ ਪੱਛਮੀ ਮਲੇਸ਼ੀਆ ਵਿਚ ਮਾਲੱਕਾ ਜਾਂਦੇ ਸਮੇਂ ਉਸ ਨੂੰ ਸਮੁੰਦਰੀ ਜਹਾਜ਼ ਵਿਚ ਪ੍ਰੋਟੈਸਟੈਂਟਾਂ ਦੁਆਰਾ ਸਪੇਨੀ ਭਾਸ਼ਾ ਵਿਚ ਛਾਪਿਆ ਇਕ ਪਰਚਾ ਲੱਭਿਆ। ਪਰਚੇ ਦਾ ਵਿਸ਼ਾ ਸੀ “ਈਸਾਈ-ਜਗਤ ਵਿਚ ਮਤਭੇਦ।” ਇਸ ਵਿਚ ਕਈ ਗ਼ਲਤ ਸਿੱਖਿਆਵਾਂ ਦਾ ਪਰਦਾ ਫ਼ਾਸ਼ ਕੀਤਾ ਗਿਆ ਸੀ। ਪਰ ਇਕ ਵਾਕ ਨੇ ਖ਼ਾਸਕਰ ਆਲਮੇਡਾ ਦਾ ਧਿਆਨ ਖਿੱਚਿਆ। ਪਰਚੇ ਵਿਚ ਲਿਖਿਆ ਸੀ: “ਚਰਚ ਵਿਚ ਅਣਜਾਣ ਬੋਲੀ ਦੀ ਵਰਤੋਂ, ਭਾਵੇਂ ਇਹ ਰੱਬ ਦੀ ਮਹਿਮਾ ਕਰਨ ਲਈ ਹੀ ਕਿਉਂ ਨਾ ਕੀਤੀ ਜਾਂਦੀ ਹੋਵੇ, ਨਾਲ ਲੋਕਾਂ ਨੂੰ ਕੁਝ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਉਹ ਕੁਝ ਸਮਝਦੇ ਹੀ ਨਹੀਂ।”—1 ਕੁਰਿੰਥੀਆਂ 14:9.

ਆਲਮੇਡਾ ਦੇ ਮਨ ਵਿਚ ਗੱਲ ਬਿਲਕੁਲ ਸਾਫ਼ ਹੋ ਗਈ। ਚਰਚ ਦੀਆਂ ਗ਼ਲਤ ਸਿੱਖਿਆਵਾਂ ਦਾ ਪਰਦਾ ਫ਼ਾਸ਼ ਕਰਨ ਲਈ ਅਜਿਹੀ ਬਾਈਬਲ ਤਿਆਰ ਕਰਨ ਦੀ ਲੋੜ ਸੀ ਜੋ ਸਾਰੇ ਸਮਝ ਸਕਣ। ਮਾਲੱਕਾ ਪਹੁੰਚ ਕੇ ਉਸ ਨੇ ਕੈਥੋਲਿਕ ਧਰਮ ਛੱਡ ਕੇ ਡੱਚ ਰਿਫਾਰਮਡ ਧਰਮ ਅਪਣਾ ਲਿਆ। ਇਸ ਦੇ ਤੁਰੰਤ ਬਾਅਦ ਉਸ ਨੇ ਇੰਜੀਲਾਂ ਦੇ ਕੁਝ ਹਿੱਸਿਆਂ ਦਾ ਸਪੇਨੀ ਤੋਂ ਪੁਰਤਗਾਲੀ ਭਾਸ਼ਾ ਵਿਚ ਅਨੁਵਾਦ ਕੀਤਾ ਅਤੇ “ਸੱਚਾਈ ਜਾਣਨ ਦੇ ਇੱਛੁਕ ਲੋਕਾਂ” ਨੂੰ ਵੰਡਿਆ। *

ਦੋ ਸਾਲਾਂ ਬਾਅਦ ਆਲਮੇਡਾ ਨੇ ਇਕ ਬਹੁਤ ਹੀ ਔਖਾ ਕੰਮ ਕਰਨ ਦਾ ਬੀੜਾ ਚੁੱਕਿਆ। ਉਸ ਨੇ ਲਾਤੀਨੀ ਭਾਸ਼ਾ ਦੀ ਵਲਗੇਟ ਬਾਈਬਲ ਦੀ ਮਦਦ ਨਾਲ ਮੱਤੀ ਤੋਂ ਲੈ ਕੇ ਪਰਕਾਸ਼ ਦੀ ਪੋਥੀ ਤਕ ਦੀਆਂ ਕਿਤਾਬਾਂ ਦਾ ਅਨੁਵਾਦ ਕੀਤਾ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਉਸ ਨੂੰ ਇਕ ਸਾਲ ਤੋਂ ਵੀ ਘੱਟ ਸਮਾਂ ਲੱਗਾ ਜੋ ਕਿ ਇਕ 16-ਸਾਲਾ ਨੌਜਵਾਨ ਲਈ ਮਾਅਰਕੇ ਦੀ ਪ੍ਰਾਪਤੀ ਸੀ! ਉਸ ਨੇ ਦਲੇਰੀ ਨਾਲ ਆਪਣੇ ਅਨੁਵਾਦ ਦੀ ਹੱਥਲਿਖਤ ਛਪਵਾਉਣ ਲਈ ਬਟੇਵੀਆ ਦੇ ਡੱਚ ਗਵਰਨਰ-ਜਨਰਲ ਨੂੰ ਘੱਲ ਦਿੱਤੀ। ਮੰਨਿਆ ਜਾਂਦਾ ਹੈ ਕਿ ਬਟੇਵੀਆ ਦੇ ਰਿਫਾਰਮਡ ਚਰਚ ਨੇ ਇਹ ਕਾਪੀ ਅਮਸਟਰਡਮ ਦੇ ਇਕ ਬਜ਼ੁਰਗ ਪਾਦਰੀ ਨੂੰ ਘੱਲ ਦਿੱਤੀ। ਉਸ ਪਾਦਰੀ ਦੀ ਮੌਤ ਹੋਣ ਮਗਰੋਂ ਆਲਮੇਡਾ ਦੇ ਅਨੁਵਾਦ ਦਾ ਖਰੜਾ ਗੁਆਚ ਗਿਆ।

ਆਲਮੇਡਾ ਨੂੰ ਆਪਣੀ ਮੂਲ ਹੱਥਲਿਖਤ ਦੇ ਗੁੰਮ ਹੋਣ ਬਾਰੇ ਉਦੋਂ ਪਤਾ ਲੱਗਾ ਜਦੋਂ 1651 ਵਿਚ ਸੀਲੋਨ (ਹੁਣ ਸ੍ਰੀ ਲੰਕਾ) ਦੇ ਰਿਫਾਰਮਡ ਚਰਚ ਨੇ ਉਸ ਦੇ ਅਨੁਵਾਦ ਦੀ ਇਕ ਕਾਪੀ ਮੰਗੀ। ਪਰ ਆਲਮੇਡਾ ਨੇ ਹਾਰ ਨਹੀਂ ਮੰਨੀ। ਉਸ ਨੇ ਜਿਵੇਂ-ਕਿਵੇਂ ਆਪਣੇ ਅਨੁਵਾਦ ਦੀ ਇਕ ਕੱਚੀ ਕਾਪੀ ਲੱਭ ਲਈ ਅਤੇ ਅਗਲੇ ਸਾਲ ਹੀ ਇੰਜੀਲਾਂ ਅਤੇ ਰਸੂਲਾਂ ਦੇ ਕਰਤੱਬ ਦੀ ਪੋਥੀ ਦੀ ਸੋਧੀ ਹੋਈ ਕਾਪੀ ਤਿਆਰ ਕਰ ਦਿੱਤੀ। ਬਟੇਵੀਆ ਦੇ ਰਿਫਾਰਮਡ ਚਰਚ ਦੇ ਪਾਦਰੀ-ਬੋਰਡ ਨੇ ਉਸ ਨੂੰ ਇਸ ਕੰਮ ਲਈ ਸਿਰਫ਼ 30 ਗਿਲਡਰ ਦਿੱਤੇ। ਆਲਮੇਡਾ ਦੇ ਨਾਲ ਕੰਮ ਕਰਨ ਵਾਲੇ ਇਕ ਸੱਜਣ ਨੇ ਲਿਖਿਆ ਕਿ “ਆਲਮੇਡਾ ਦੀ ਸਖ਼ਤ ਮਿਹਨਤ ਦੇ ਬਦਲੇ ਇੰਨੀ ਛੋਟੀ ਰਕਮ ਦੇਣੀ ਸਰਾਸਰ ਅਨਿਆਂ ਸੀ।”

ਭਾਵੇਂ ਕਿ ਡੱਚ ਰਿਫਾਰਮਡ ਚਰਚ ਨੇ ਆਲਮੇਡਾ ਦੀ ਕਦਰ ਨਹੀਂ ਪਾਈ, ਪਰ ਫਿਰ ਵੀ ਆਲਮੇਡਾ ਬਾਈਬਲ ਦਾ ਅਨੁਵਾਦ ਕਰਨ ਵਿਚ ਲੱਗਾ ਰਿਹਾ। 1654 ਵਿਚ ਉਸ ਨੇ ਨਵੇਂ ਨੇਮ ਦੀ ਸੋਧੀ ਹੋਈ ਕਾਪੀ ਤਿਆਰ ਕਰ ਕੇ ਚਰਚ ਨੂੰ ਛਾਪਣ ਲਈ ਦੇ ਦਿੱਤੀ। ਚਰਚ ਨੇ ਇਸ ਨੂੰ ਛਾਪਣ ਬਾਰੇ ਵਿਚਾਰ ਤਾਂ ਕੀਤਾ, ਪਰ ਛਪਾਈ ਦਾ ਕੰਮ ਸਿਰੇ ਨਾ ਚੜ੍ਹਿਆ। ਚਰਚ ਨੇ ਆਲਮੇਡਾ ਦੇ ਅਨੁਵਾਦ ਦੀਆਂ ਕੁਝ ਨਕਲਾਂ ਬਣਾ ਕੇ ਗਿਰਜਿਆਂ ਵਿਚ ਵਰਤਣ ਤੋਂ ਇਲਾਵਾ ਅੱਗੇ ਕੁਝ ਨਾ ਕੀਤਾ।

ਕੈਥੋਲਿਕ ਧਾਰਮਿਕ ਅਦਾਲਤ ਦੁਆਰਾ ਦੋਸ਼ੀ ਕਰਾਰ

ਆਲਮੇਡਾ ਅਗਲੇ ਦਸਾਂ ਸਾਲਾਂ ਦੌਰਾਨ ਰਿਫਾਰਮਡ ਚਰਚ ਵਿਚ ਉਪਦੇਸ਼ ਦੇਣ ਅਤੇ ਥਾਂ-ਥਾਂ ਪ੍ਰਚਾਰ ਕਰਨ ਵਿਚ ਰੁੱਝਾ ਰਿਹਾ। 1656 ਵਿਚ ਚਰਚ ਨੇ ਉਸ ਨੂੰ ਪਾਦਰੀ ਬਣਾਇਆ। ਪਹਿਲਾਂ ਉਸ ਨੇ ਸੀਲੋਨ ਵਿਚ ਸੇਵਾ ਕੀਤੀ ਜਿੱਥੇ ਉਹ ਹਾਥੀ ਦੁਆਰਾ ਕੁਚਲੇ ਜਾਣ ਤੋਂ ਬਾਲ-ਬਾਲ ਬਚਿਆ। ਫਿਰ ਉਸ ਨੇ ਭਾਰਤ ਆ ਕੇ ਸੇਵਾ ਕੀਤੀ। ਉਹ ਭਾਰਤ ਆਉਣ ਵਾਲਾ ਪਹਿਲਾ ਪ੍ਰੋਟੈਸਟੈਂਟ ਮਿਸ਼ਨਰੀ ਸੀ।

ਆਲਮੇਡਾ ਨੇ ਕੈਥੋਲਿਕ ਧਰਮ ਛੱਡ ਕੇ ਪ੍ਰੋਟੈਸਟੈਂਟ ਧਰਮ ਅਪਣਾਇਆ ਸੀ ਅਤੇ ਉਹ ਵਿਦੇਸ਼ੀ ਚਰਚ ਲਈ ਕੰਮ ਕਰ ਰਿਹਾ ਸੀ। ਸੋ ਭਾਰਤ ਵਿਚ ਪੁਰਤਗਾਲੀ ਤਬਕਿਆਂ ਦੇ ਲੋਕ ਉਸ ਨੂੰ ਧਰਮ-ਤਿਆਗੀ ਅਤੇ ਗੱਦਾਰ ਸਮਝਦੇ ਸਨ। ਉਹ ਖੁੱਲ੍ਹ ਕੇ ਕੈਥੋਲਿਕ ਪਾਦਰੀਆਂ ਦੇ ਗੰਦੇ ਚਾਲ-ਚਲਣ ਦੀ ਨਿੰਦਿਆ ਕਰਦਾ ਸੀ ਅਤੇ ਉਨ੍ਹਾਂ ਦੀਆਂ ਗ਼ਲਤ ਸਿੱਖਿਆਵਾਂ ਦਾ ਪਰਦਾ ਫ਼ਾਸ਼ ਕਰਦਾ ਸੀ। ਇਸ ਕਰਕੇ ਕੈਥੋਲਿਕ ਮਿਸ਼ਨਰੀਆਂ ਨਾਲ ਅਕਸਰ ਉਸ ਦੀ ਬਹਿਸਬਾਜ਼ੀ ਹੁੰਦੀ ਰਹਿੰਦੀ ਸੀ। ਅਖ਼ੀਰ 1661 ਵਿਚ ਗੋਆ ਦੀ ਧਾਰਮਿਕ ਅਦਾਲਤ ਨੇ ਆਲਮੇਡਾ ਨੂੰ ਕੈਥੋਲਿਕ ਚਰਚ ਦਾ ਵਿਰੋਧ ਕਰਨ ਕਰਕੇ ਮੌਤ ਦੀ ਸਜ਼ਾ ਸੁਣਾ ਦਿੱਤੀ। ਉਸ ਦੀ ਗ਼ੈਰ-ਮੌਜੂਦਗੀ ਵਿਚ ਉਸ ਦਾ ਪੁਤਲਾ ਫੂਕਿਆ ਗਿਆ। ਕੈਥੋਲਿਕ ਚਰਚ ਨਾਲ ਆਲਮੇਡਾ ਦੀ ਬਹਿਸਬਾਜ਼ੀ ਤੋਂ ਡਰ ਕੇ ਡੱਚ ਗਵਰਨਰ-ਜਨਰਲ ਨੇ ਛੇਤੀ ਹੀ ਉਸ ਨੂੰ ਬਟੇਵੀਆ ਵਾਪਸ ਸੱਦ ਲਿਆ।

ਹਾਲਾਂਕਿ ਆਲਮੇਡਾ ਇਕ ਬੜਾ ਹੀ ਜੋਸ਼ੀਲਾ ਮਿਸ਼ਨਰੀ ਸੀ, ਪਰ ਉਹ ਪੁਰਤਗਾਲੀ ਬਾਈਬਲ ਤਿਆਰ ਕਰਨ ਦੇ ਆਪਣੇ ਉਦੇਸ਼ ਨੂੰ ਕਦੇ ਨਹੀਂ ਭੁੱਲਿਆ। ਪਾਦਰੀਆਂ ਤੇ ਆਮ ਲੋਕਾਂ ਨੂੰ ਬਾਈਬਲ ਦਾ ਗਿਆਨ ਨਾ ਹੋਣ ਦੇ ਭੈੜੇ ਨਤੀਜੇ ਉਹ ਆਪਣੀ ਅੱਖੀਂ ਦੇਖ ਚੁੱਕਾ ਸੀ। ਸੋ ਆਮ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿਚ ਬਾਈਬਲ ਦੇਣ ਦਾ ਉਸ ਦਾ ਇਰਾਦਾ ਹੋਰ ਵੀ ਪੱਕਾ ਹੋ ਗਿਆ। 1668 ਵਿਚ ਉਸ ਨੇ ਆਪਣੇ ਇਕ ਪਰਚੇ ਦੇ ਮੁਖਬੰਧ ਵਿਚ ਪਾਠਕਾਂ ਨੂੰ ਕਿਹਾ: ‘ਮੈਨੂੰ ਉਮੀਦ ਹੈ ਕਿ ਛੇਤੀ ਹੀ ਮੈਂ ਤੁਹਾਡੀ ਹੀ ਬੋਲੀ ਵਿਚ ਬਾਈਬਲ ਦੇ ਕੇ ਤੁਹਾਨੂੰ ਅਜਿਹਾ ਅਨਮੋਲ ਤੋਹਫ਼ਾ ਦਿਆਂਗਾ ਜੋ ਅੱਜ ਤਕ ਕਿਸੇ ਨੇ ਤੁਹਾਨੂੰ ਨਹੀਂ ਦਿੱਤਾ।’

ਆਲਮੇਡਾ ਦਾ ਸੋਧਕ ਕਮੇਟੀ ਨਾਲ ਮਤਭੇਦ

ਸੰਨ 1676 ਵਿਚ ਆਲਮੇਡਾ ਨੇ ਨਵੇਂ ਨੇਮ ਦੇ ਆਪਣੇ ਤਰਜਮੇ ਦੀ ਪੱਕੀ ਕਾਪੀ ਬਟੇਵੀਆ ਦੇ ਪਾਦਰੀ-ਬੋਰਡ ਨੂੰ ਸੋਧਣ ਲਈ ਦੇ ਦਿੱਤੀ। ਆਲਮੇਡਾ ਅਤੇ ਸੋਧਕਾਂ ਦੇ ਆਪਸ ਵਿਚ ਸ਼ੁਰੂ ਤੋਂ ਹੀ ਮਤਭੇਦ ਸਨ। ਆਲਮੇਡਾ ਦੀ ਜੀਵਨ-ਕਥਾ ਲਿਖਣ ਵਾਲੇ ਲੇਖਕ ਨੇ ਇਸ ਦਾ ਕਾਰਨ ਦੱਸਦਿਆਂ ਕਿਹਾ ਕਿ ਆਲਮੇਡਾ ਦੇ ਡੱਚ-ਭਾਸ਼ੀ ਸੋਧਕ ਸ਼ਾਇਦ ਉਸ ਦੇ ਲਿਖਣ ਦੇ ਸਟਾਈਲ ਜਾਂ ਉਸ ਦੁਆਰਾ ਵਰਤੇ ਸ਼ਬਦਾਂ ਜਾਂ ਕਥਨਾਂ ਦੀਆਂ ਬਾਰੀਕੀਆਂ ਨਹੀਂ ਸਮਝ ਸਕੇ। ਭਾਸ਼ਾ ਨੂੰ ਲੈ ਕੇ ਵੀ ਕਾਫ਼ੀ ਬਹਿਸਬਾਜ਼ੀ ਹੁੰਦੀ ਸੀ। ਕੀ ਅਨੁਵਾਦ ਵਿਚ ਬੋਲਚਾਲ ਦੀ ਪੁਰਤਗਾਲੀ ਭਾਸ਼ਾ ਵਰਤੀ ਜਾਣੀ ਚਾਹੀਦੀ ਹੈ ਜਾਂ ਸ਼ੁੱਧ ਪੁਰਤਗਾਲੀ ਜੋ ਬਹੁਤਿਆਂ ਦੇ ਪੱਲੇ ਨਹੀਂ ਸੀ ਪੈਣੀ? ਸੋਧਕਾਂ ਨੂੰ ਆਲਮੇਡਾ ਕਾਣੀ ਅੱਖ ਨਹੀਂ ਸੀ ਭਾਉਂਦਾ ਕਿਉਂਕਿ ਆਲਮੇਡਾ ਉਨ੍ਹਾਂ ਉੱਤੇ ਜ਼ੋਰ ਪਾਉਂਦਾ ਰਹਿੰਦਾ ਸੀ ਕਿ ਉਹ ਉਸ ਦੇ ਅਨੁਵਾਦ ਨੂੰ ਸੋਧਣ ਦੇ ਕੰਮ ਨੂੰ ਛੇਤੀ-ਛੇਤੀ ਨਿਬੇੜਨ।

ਇਨ੍ਹਾਂ ਮਤਭੇਦਾਂ ਜਾਂ ਸੋਧਕਾਂ ਦੀ ਬੇਦਿਲੀ ਦੇ ਕਾਰਨ ਅਨੁਵਾਦ ਨੂੰ ਸੋਧਣ ਵਿਚ ਕਾਫ਼ੀ ਸਮਾਂ ਲੱਗ ਗਿਆ। ਚਾਰ ਸਾਲਾਂ ਬਾਅਦ ਵੀ ਸੋਧਕ ਲੂਕਾ ਦੀ ਇੰਜੀਲ ਦੇ ਮੁਢਲੇ ਅਧਿਆਵਾਂ ਵਿਚ ਉਲਝੇ ਹੋਏ ਸਨ। ਇਸ ਢਿੱਲ-ਮੱਠ ਤੋਂ ਅੱਕ ਕੇ ਆਲਮੇਡਾ ਨੇ ਸੋਧਕਾਂ ਨੂੰ ਦੱਸੇ ਬਗੈਰ ਆਪਣੇ ਅਨੁਵਾਦ ਦੀ ਇਕ ਕਾਪੀ ਛਪਾਈ ਲਈ ਨੀਦਰਲੈਂਡਜ਼ ਭੇਜ ਦਿੱਤੀ।

ਰਿਫਾਰਮਡ ਚਰਚ ਦੇ ਪਾਦਰੀ-ਬੋਰਡ ਨੇ ਇਸ ਛਪਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਆਲਮੇਡਾ ਦੇ ਨਵੇਂ ਨੇਮ ਦੀ ਛਪਾਈ ਦਾ ਕੰਮ 1681 ਵਿਚ ਅਮਸਟਰਡਮ ਵਿਚ ਆਰੰਭ ਹੋ ਗਿਆ। ਅਗਲੇ ਸਾਲ ਇਸ ਦੀਆਂ ਕਾਪੀਆਂ ਬਟੇਵੀਆ ਪਹੁੰਚ ਗਈਆਂ। ਆਲਮੇਡਾ ਇਹ ਦੇਖ ਕੇ ਬੇਹੱਦ ਨਿਰਾਸ਼ ਹੋਇਆ ਕਿ ਨੀਦਰਲੈਂਡਜ਼ ਵਿਚ ਸੋਧਕਾਂ ਨੇ ਉਸ ਦੇ ਅਨੁਵਾਦ ਨੂੰ ਕਾਫ਼ੀ ਹੱਦ ਤਕ ਬਦਲ ਦਿੱਤਾ ਸੀ। ਆਲਮੇਡਾ ਨੇ ਦੇਖਿਆ ਕਿ ਪੁਰਤਗਾਲੀ ਭਾਸ਼ਾ ਦਾ ਉੱਕਾ ਗਿਆਨ ਨਾ ਹੋਣ ਕਰਕੇ ਸੋਧਕਾਂ ਨੇ “ਅਨੁਵਾਦ ਨੂੰ ਵਿਗਾੜ ਦਿੱਤਾ ਸੀ ਅਤੇ ਪਵਿੱਤਰ ਆਤਮਾ ਦੁਆਰਾ ਦੱਸੀਆਂ ਸੱਚਾਈਆਂ ਦੇ ਅਰਥ ਨੂੰ ਅਸਪੱਸ਼ਟ ਕਰ ਦਿੱਤਾ ਸੀ।”

ਦੂਜੇ ਪਾਸੇ, ਡੱਚ ਸਰਕਾਰ ਵੀ ਇਸ ਐਡੀਸ਼ਨ ਤੋਂ ਖ਼ੁਸ਼ ਨਹੀਂ ਸੀ। ਸੋ ਸਰਕਾਰ ਨੇ ਇਸ ਐਡੀਸ਼ਨ ਦੀਆਂ ਸਾਰੀਆਂ ਕਾਪੀਆਂ ਨੂੰ ਨਾਸ਼ ਕਰਨ ਦਾ ਹੁਕਮ ਦੇ ਦਿੱਤਾ। ਪਰ ਆਲਮੇਡਾ ਨੇ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਜਦ ਤਕ ਨਵਾਂ ਐਡੀਸ਼ਨ ਤਿਆਰ ਨਹੀਂ ਹੋ ਜਾਂਦਾ, ਤਦ ਤਕ ਇਸ ਐਡੀਸ਼ਨ ਦੀਆਂ ਕੁਝ ਕੁ ਕਾਪੀਆਂ ਰੱਖ ਲਈਆਂ ਜਾਣ। ਸਰਕਾਰ ਨੇ ਉਸ ਦੀ ਸੁਣ ਲਈ, ਬਸ਼ਰਤੇ ਕਿ ਆਲਮੇਡਾ ਇਨ੍ਹਾਂ ਕਾਪੀਆਂ ਵਿਚਲੀਆਂ ਵੱਡੀਆਂ ਗ਼ਲਤੀਆਂ ਨੂੰ ਹੱਥ ਨਾਲ ਲਿਖ ਕੇ ਠੀਕ ਕਰੇ।

ਇਕ ਵਾਰ ਫਿਰ ਬਟੇਵੀਆ ਵਿਚ ਸੋਧਕਾਂ ਨੇ ਇਕੱਠੇ ਹੋ ਕੇ ਨਵੇਂ ਨੇਮ ਉੱਤੇ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ, ਜਿਉਂ-ਜਿਉਂ ਆਲਮੇਡਾ ਪੁਰਾਣੇ ਨੇਮ ਦੀਆਂ ਪੋਥੀਆਂ ਦਾ ਅਨੁਵਾਦ ਕਰਦਾ ਗਿਆ, ਸੋਧਕ ਉਨ੍ਹਾਂ ਨੂੰ ਵੀ ਸੋਧਦੇ ਗਏ। ਪਾਦਰੀ-ਬੋਰਡ ਨੂੰ ਡਰ ਸੀ ਕਿ ਬੇਸਬਰੇ ਸੁਭਾਅ ਦਾ ਆਲਮੇਡਾ ਕਿਤੇ ਫਿਰ ਤੋਂ ਆਪਣੇ ਅਨੁਵਾਦ ਨੂੰ ਨਾ ਛਪਵਾ ਦੇਵੇ, ਸੋ ਉਨ੍ਹਾਂ ਨੇ ਉਸ ਦੇ ਅਨੁਵਾਦ ਦੇ ਸੋਧੇ ਹੋਏ ਖਰੜੇ ਨੂੰ ਚਰਚ ਦੀ ਤਿਜੌਰੀ ਵਿਚ ਰੱਖਣ ਦਾ ਫ਼ੈਸਲਾ ਕੀਤਾ। ਇਸ ਗੱਲ ਨੂੰ ਲੈ ਕੇ ਆਲਮੇਡਾ ਤੇ ਪਾਦਰੀ-ਬੋਰਡ ਵਿਚ ਕਾਫ਼ੀ ਝਗੜਾ ਹੋਇਆ।

ਸਾਲਾਂ ਬੱਧੀ ਦਿਨ-ਰਾਤ ਮਿਹਨਤ ਕਰਨ ਕਰਕੇ ਅਤੇ ਜਕਾਰਟਾ ਦੇ ਗਰਮ ਮੌਸਮ ਕਰਕੇ ਆਲਮੇਡਾ ਬੀਮਾਰ ਰਹਿਣ ਲੱਗ ਪਿਆ। ਆਪਣੀ ਵਿਗੜਦੀ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਲਮੇਡਾ 1689 ਵਿਚ ਚਰਚ ਦੇ ਕੰਮਾਂ-ਕਾਰਾਂ ਤੋਂ ਰੀਟਾਇਰ ਹੋ ਗਿਆ ਅਤੇ ਪੁਰਾਣੇ ਨੇਮ ਦਾ ਅਨੁਵਾਦ ਕਰਨ ਵਿਚ ਰੁੱਝ ਗਿਆ। ਅਫ਼ਸੋਸ, 1691 ਵਿਚ ਹਿਜ਼ਕੀਏਲ ਦੇ ਆਖ਼ਰੀ ਅਧਿਆਇ ਦਾ ਤਰਜਮਾ ਕਰਦੇ ਹੋਏ ਉਹ ਚੱਲ ਵਸਿਆ।

ਆਲਮੇਡਾ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਨਵੇਂ ਨੇਮ ਨੂੰ ਸੋਧਣ ਦਾ ਕੰਮ ਮੁੱਕ ਗਿਆ ਸੀ। 1693 ਵਿਚ ਇਹ ਦੂਸਰਾ ਐਡੀਸ਼ਨ ਛਪ ਕੇ ਤਿਆਰ ਹੋ ਗਿਆ। ਇਕ ਵਾਰ ਫਿਰ ਇੱਦਾਂ ਜਾਪਦਾ ਸੀ ਕਿ ਸੋਧਕਾਂ ਨੇ ਉਸ ਦੇ ਅਨੁਵਾਦ ਨੂੰ ਵਿਗਾੜ ਕੇ ਰੱਖ ਦਿੱਤਾ ਸੀ। ਲੇਖਕ ਸਾਂਟੋਸ ਫਰੇਰਾ ਨੇ ਆਪਣੀ ਇਕ ਕਿਤਾਬ ਵਿਚ ਲਿਖਿਆ: ‘ਸੋਧਕਾਂ ਨੇ ਆਲਮੇਡਾ ਦੇ ਉੱਤਮ ਦਰਜੇ ਦੇ ਤਰਜਮੇ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। ਉਹ ਪਹਿਲੇ ਐਡੀਸ਼ਨ ਦੇ ਸੋਧਕਾਂ ਤੋਂ ਵੀ ਇਕ ਕਦਮ ਅੱਗੇ ਨਿਕਲ ਗਏ। ਉਨ੍ਹਾਂ ਨੇ ਆਲਮੇਡਾ ਦੇ ਤਰਜਮੇ ਦੀ ਸੋਹਣੀ ਭਾਸ਼ਾ ਤੇ ਸ਼ੈਲੀ ਨੂੰ ਵਿਗਾੜ ਕੇ ਰੱਖ ਦਿੱਤਾ ਸੀ।’

ਪੁਰਤਗਾਲੀ ਬਾਈਬਲ ਮੁਕੰਮਲ

ਆਲਮੇਡਾ ਦੇ ਨਾ ਰਹਿਣ ਤੇ ਬਟੇਵੀਆ ਵਿਚ ਪੁਰਤਗਾਲੀ ਬਾਈਬਲ ਨੂੰ ਸੋਧਣ ਅਤੇ ਛਾਪਣ ਦਾ ਕੰਮ ਠੱਪ ਹੋ ਗਿਆ। ਬਾਅਦ ਵਿਚ ਦੱਖਣੀ ਭਾਰਤ ਵਿਚ ਟ੍ਰੈਨਕੇਬਾਰ (ਤਰੰਗਮਬਾਡੀ) ਵਿਖੇ ਸੇਵਾ ਕਰ ਰਹੇ ਡੈਨਿਸ਼ ਮਿਸ਼ਨਰੀਆਂ ਦੀ ਫਰਮਾਇਸ਼ ਤੇ ਲੰਡਨ ਦੀ ਸੋਸਾਇਟੀ ਫ਼ਾਰ ਪ੍ਰੋਮੋਟਿੰਗ ਕ੍ਰਿਸਚੀਅਨ ਨਾਲੇਜ ਨੇ 1711 ਵਿਚ ਆਲਮੇਡਾ ਦੇ ਨਵੇਂ ਨੇਮ ਦੇ ਤੀਜੇ ਐਡੀਸ਼ਨ ਦੀ ਛਪਾਈ ਦਾ ਖ਼ਰਚਾ ਚੁੱਕਿਆ।

ਇਸ ਸੋਸਾਇਟੀ ਨੇ ਟ੍ਰੈਨਕੇਬਾਰ ਵਿਚ ਇਕ ਛਾਪਾਖ਼ਾਨਾ ਲਾਉਣ ਦਾ ਫ਼ੈਸਲਾ ਕੀਤਾ। ਪਰ ਜਿਸ ਸਮੁੰਦਰੀ ਜਹਾਜ਼ ਰਾਹੀਂ ਛਪਾਈ ਦਾ ਸਾਮਾਨ ਅਤੇ ਪੁਰਤਗਾਲੀ ਬਾਈਬਲਾਂ ਦੀ ਸਪਲਾਈ ਭਾਰਤ ਲਿਜਾਈ ਜਾ ਰਹੀ ਸੀ, ਉਹ ਜਹਾਜ਼ ਰਾਹ ਵਿਚ ਫਰਾਂਸੀਸੀ ਸਮੁੰਦਰੀ ਡਾਕੂਆਂ ਦੇ ਹੱਥ ਲੱਗ ਗਿਆ। ਡਾਕੂਆਂ ਨੇ ਬਾਅਦ ਵਿਚ ਇਸ ਜਹਾਜ਼ ਨੂੰ ਬ੍ਰਾਜ਼ੀਲ ਵਿਚ ਰੀਓ ਡੇ ਜਨੇਰੋ ਦੀ ਬੰਦਰਗਾਹ ਵਿਚ ਲਿਜਾ ਕੇ ਛੱਡ ਦਿੱਤਾ। ਸਾਂਟੋਸ ਫਰੇਰਾ ਲਿਖਦਾ ਹੈ: “ਇਸ ਨੂੰ ਤਾਂ ਚਮਤਕਾਰ ਹੀ ਕਿਹਾ ਜਾ ਸਕਦਾ ਹੈ ਕਿ ਛਪਾਈ ਦੇ ਸਾਮਾਨ ਵਾਲੇ ਸਾਰੇ ਬਕਸੇ ਜਹਾਜ਼ ਵਿਚ ਸਹੀ-ਸਲਾਮਤ ਪਏ ਹੋਏ ਸਨ ਅਤੇ ਉਸੇ ਜਹਾਜ਼ ਵਿਚ ਟ੍ਰੈਨਕੇਬਾਰ ਪਹੁੰਚਾਏ ਗਏ।” ਆਲਮੇਡਾ ਨੇ ਬਾਈਬਲ ਦੀਆਂ ਬਾਕੀ ਪੋਥੀਆਂ ਦਾ ਜੋ ਅਨੁਵਾਦ ਕੀਤਾ ਸੀ, ਉਸ ਨੂੰ ਡੈਨਿਸ਼ ਮਿਸ਼ਨਰੀਆਂ ਨੇ ਬੜੇ ਧਿਆਨ ਨਾਲ ਸੋਧ ਕੇ ਛਾਪ ਦਿੱਤਾ। ਪੁਰਤਗਾਲੀ ਬਾਈਬਲ ਦਾ ਆਖ਼ਰੀ ਖੰਡ 1751 ਵਿਚ ਤਿਆਰ ਹੋਇਆ। ਬਾਈਬਲ ਅਨੁਵਾਦ ਦੇ ਕੰਮ ਦਾ ਬੀੜਾ ਚੁੱਕਣ ਤੋਂ ਲਗਭਗ 110 ਸਾਲਾਂ ਬਾਅਦ ਆਖ਼ਰਕਾਰ ਆਲਮੇਡਾ ਦਾ ਸੁਪਨਾ ਪੂਰਾ ਹੋਇਆ।

ਇਕ ਅਨਮੋਲ ਤੋਹਫ਼ਾ

ਆਲਮੇਡਾ ਨੂੰ ਕਿਸ਼ੋਰ ਉਮਰ ਵਿਚ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਪੁਰਤਗਾਲੀ ਲੋਕਾਂ ਨੂੰ ਆਪਣੀ ਭਾਸ਼ਾ ਵਿਚ ਬਾਈਬਲ ਦੀ ਸਖ਼ਤ ਲੋੜ ਸੀ ਤਾਂਕਿ ਉਹ ਇਸ ਨੂੰ ਪੜ੍ਹ ਕੇ ਸੱਚਾਈ ਜਾਣ ਸਕਣ। ਉਸ ਨੇ ਲੋਕਾਂ ਨੂੰ ਪੁਰਤਗਾਲੀ ਬਾਈਬਲ ਦੇਣ ਦਾ ਪੱਕਾ ਇਰਾਦਾ ਕਰ ਲਿਆ ਅਤੇ ਪੂਰੀ ਜ਼ਿੰਦਗੀ ਇਸ ਟੀਚੇ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕੀਤੀ। ਉਸ ਨੂੰ ਕੈਥੋਲਿਕ ਚਰਚ ਦੇ ਵਿਰੋਧ ਅਤੇ ਸੋਧਕਾਂ ਦੀ ਬੇਦਿਲੀ ਦਾ ਸਾਮ੍ਹਣਾ ਕਰਨਾ ਪਿਆ ਅਤੇ ਉਨ੍ਹਾਂ ਦੀ ਨੋਕ-ਟੋਕ ਸਹਿਣੀ ਪਈ। ਉੱਪਰੋਂ ਦੀ ਉਸ ਦੀ ਸਿਹਤ ਵੀ ਵਿਗੜਦੀ ਚਲੀ ਗਈ। ਪਰ ਆਖ਼ਰਕਾਰ ਉਸ ਦੇ ਦ੍ਰਿੜ੍ਹ ਇਰਾਦੇ ਅਤੇ ਲਗਨ ਸਦਕਾ ਉਸ ਦੀ ਮਿਹਨਤ ਰੰਗ ਲਿਆਈ।

ਜਿਨ੍ਹਾਂ ਪੁਰਤਗਾਲੀ ਤਬਕਿਆਂ ਵਿਚ ਆਲਮੇਡਾ ਪ੍ਰਚਾਰ ਕਰਿਆ ਕਰਦਾ ਸੀ, ਉਹ ਹੌਲੀ-ਹੌਲੀ ਅਲੋਪ ਹੋ ਗਏ। ਪਰ ਉਸ ਦੀ ਪੁਰਤਗਾਲੀ ਬਾਈਬਲ ਅੱਜ ਵੀ ਪੜ੍ਹੀ ਜਾਂਦੀ ਹੈ। 19ਵੀਂ ਸਦੀ ਵਿਚ ਬ੍ਰਿਟਿਸ਼ ਐਂਡ ਫੌਰਿਨ ਬਾਈਬਲ ਸੋਸਾਇਟੀ ਅਤੇ ਅਮੈਰੀਕਨ ਬਾਈਬਲ ਸੋਸਾਇਟੀ ਨੇ ਪੁਰਤਗਾਲ ਤੇ ਬ੍ਰਾਜ਼ੀਲ ਦੇ ਤੱਟਵਰਤੀ ਸ਼ਹਿਰਾਂ ਵਿਚ ਆਲਮੇਡਾ ਦੀ ਬਾਈਬਲ ਦੀਆਂ ਹਜ਼ਾਰਾਂ ਕਾਪੀਆਂ ਵੰਡੀਆਂ। ਸਿੱਟੇ ਵਜੋਂ ਆਲਮੇਡਾ ਦੇ ਮੁਢਲੇ ਅਨੁਵਾਦ ਤੋਂ ਤਿਆਰ ਕੀਤੀਆਂ ਬਾਈਬਲਾਂ ਅੱਜ ਵੀ ਪੁਰਤਗਾਲੀ ਲੋਕਾਂ ਵਿਚ ਬੇਹੱਦ ਲੋਕਪ੍ਰਿਯ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਸਾਰੇ ਆਲਮੇਡਾ ਵਰਗੇ ਕਈ ਬਾਈਬਲ ਅਨੁਵਾਦਕਾਂ ਦੇ ਰਿਣੀ ਹਾਂ। ਇਸ ਤੋਂ ਵੀ ਜ਼ਿਆਦਾ ਸਾਨੂੰ ਯਹੋਵਾਹ ਪਰਮੇਸ਼ੁਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੋ ਬਾਈਬਲ ਰਾਹੀਂ ਸਾਡੇ ਨਾਲ ਗੱਲਾਂ ਕਰਦਾ ਹੈ। ਉਹ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:3, 4) ਉਸੇ ਨੇ ਬਾਈਬਲ ਨੂੰ ਅੱਜ ਤਕ ਸਾਂਭੀ ਰੱਖਿਆ ਹੈ ਤਾਂਕਿ ਅਸੀਂ ਇਸ ਨੂੰ ਪੜ੍ਹ ਸਕੀਏ। ਆਓ ਆਪਾਂ ਆਪਣੇ ਪਿਤਾ ਪਰਮੇਸ਼ੁਰ ਦੇ ਇਸ ਅਨਮੋਲ ਤੋਹਫ਼ੇ ਦੀ ਕਦਰ ਕਰੀਏ ਅਤੇ ਇਸ ਨੂੰ ਲਗਨ ਨਾਲ ਪੜ੍ਹਦੇ ਰਹੀਏ।

[ਫੁਟਨੋਟ]

^ ਪੈਰਾ 4 16ਵੀਂ ਸਦੀ ਦੇ ਦੂਸਰੇ ਅੱਧ ਵਿਚ ਕੈਥੋਲਿਕ ਚਰਚ ਨੇ ਵਰਜਿਤ ਕਿਤਾਬਾਂ ਦੀ ਸੂਚੀ ਜਾਰੀ ਕਰ ਕੇ ਆਮ ਭਾਸ਼ਾ ਵਿਚ ਬਾਈਬਲ ਪੜ੍ਹਨ ਤੇ ਰੋਕ ਲਗਾ ਦਿੱਤੀ ਸੀ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ, ਇਸ ਫ਼ਰਮਾਨ ਸਦਕਾ “ਅਗਲੇ 200 ਸਾਲਾਂ ਤਕ ਕਿਸੇ ਵੀ ਕੈਥੋਲਿਕ ਨੇ ਬਾਈਬਲ ਦਾ ਅਨੁਵਾਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।”

^ ਪੈਰਾ 8 ਆਲਮੇਡਾ ਦੀ ਬਾਈਬਲ ਦੇ ਪੁਰਾਣੇ ਐਡੀਸ਼ਨਾਂ ਵਿਚ ਉਸ ਨੂੰ “ਪਾਡਰੇ” (ਫਾਦਰ) ਆਲਮੇਡਾ ਕਿਹਾ ਗਿਆ ਹੈ ਜਿਸ ਕਰਕੇ ਕਈ ਲੋਕ ਸੋਚਦੇ ਸਨ ਕਿ ਉਹ ਕੈਥੋਲਿਕ ਪਾਦਰੀ ਸੀ। ਪਰ ਆਲਮੇਡਾ ਦੀ ਬਾਈਬਲ ਦੇ ਡੱਚ ਸੰਪਾਦਕ “ਪਾਡਰੇ” ਸ਼ਬਦ ਦਾ ਅਸਲੀ ਮਤਲਬ ਨਹੀਂ ਜਾਣਦੇ ਸਨ। ਉਨ੍ਹਾਂ ਨੂੰ ਲੱਗਾ ਕਿ ਇਹ ਖ਼ਿਤਾਬ ਕਿਸੇ ਵੀ ਧਰਮ ਦੇ ਪਾਦਰੀਆਂ ਜਾਂ ਉਪਦੇਸ਼ਕਾਂ ਲਈ ਵਰਤਿਆ ਜਾ ਸਕਦਾ ਸੀ।

[ਸਫ਼ਾ 21 ਉੱਤੇ ਡੱਬੀ/ਤਸਵੀਰ]

ਪਰਮੇਸ਼ੁਰ ਦਾ ਨਾਂ

ਆਲਮੇਡਾ ਨੇ ਬਾਈਬਲ ਦਾ ਅਨੁਵਾਦ ਕਰਦਿਆਂ ਉਸ ਵਿਚ ਨਾ ਕੁਝ ਜੋੜਿਆ ਤੇ ਨਾ ਹੀ ਕੁਝ ਕੱਟਿਆ। ਉਸ ਦੀ ਈਮਾਨਦਾਰੀ ਦੀ ਇਕ ਉੱਤਮ ਮਿਸਾਲ ਇਹ ਹੈ ਕਿ ਬਾਈਬਲ ਵਿਚ ਉਤਪਤ ਤੋਂ ਲੈ ਕੇ ਮਲਾਕੀ ਤਕ ਜਿੱਥੇ-ਕਿਤੇ ਵੀ ਪਰਮੇਸ਼ੁਰ ਦਾ ਨਾਂ ਆਉਂਦਾ ਹੈ, ਉੱਥੇ ਉਸ ਨੇ ਪੁਰਤਗਾਲੀ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਪਾਇਆ।

[ਕ੍ਰੈਡਿਟ ਲਾਈਨ]

Cortesia da Biblioteca da Igreja de Santa Catarina (Igreja dos Paulistas)

[ਸਫ਼ਾ 18 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਅੰਧ ਮਹਾਂਸਾਗਰ

ਪੁਰਤਗਾਲ

ਲਿਸਬਨ

ਟੋਰੀ ਡੀ ਟਾਵਾਰੀਜ਼

[ਸਫ਼ਾ 18 ਉੱਤੇ ਤਸਵੀਰ]

17ਵੀਂ ਸਦੀ ਦਾ ਬਟੇਵੀਆ

[ਕ੍ਰੈਡਿਟ ਲਾਈਨ]

From Oud en Nieuw Oost-Indiën, Franciscus Valentijn, 1724

[ਸਫ਼ੇ 18, 19 ਉੱਤੇ ਤਸਵੀਰ]

1681 ਵਿਚ ਪ੍ਰਕਾਸ਼ਿਤ ਨਵੇਂ ਨੇਮ ਦੀ ਪਹਿਲੀ ਪੁਰਤਗਾਲੀ ਕਾਪੀ ਦਾ ਮੁੱਖ ਪੰਨਾ

[ਕ੍ਰੈਡਿਟ ਲਾਈਨ]

Courtesy Biblioteca Nacional, Portugal