Skip to content

Skip to table of contents

ਪੱਖਪਾਤ ਦਾ ਹੱਲ ਕੀ ਹੈ?

ਪੱਖਪਾਤ ਦਾ ਹੱਲ ਕੀ ਹੈ?

ਪੱਖਪਾਤ ਦਾ ਹੱਲ ਕੀ ਹੈ?

ਸਪੇਨ ਵਿਚ ਇਕ ਰੈਫਰੀ ਨੇ ਇਕ ਫੁਟਬਾਲ ਮੈਚ ਰੋਕ ਦਿੱਤਾ। ਕਿਉਂ? ਕਿਉਂਕਿ ਲੋਕ ਕੈਮਰੂਨ ਦੇਸ਼ ਦੇ ਇਕ ਖਿਡਾਰੀ ਨੂੰ ਇੰਨੀਆਂ ਗਾਲ੍ਹਾਂ ਕੱਢ ਰਹੇ ਸਨ ਕਿ ਉਸ ਨੇ ਮੈਦਾਨ ਛੱਡ ਕੇ ਜਾਣ ਦੀ ਧਮਕੀ ਦਿੱਤੀ। ਰੂਸ ਵਿਚ ਅਫ਼ਰੀਕਾ, ਏਸ਼ੀਆ ਤੇ ਲਾਤੀਨੀ-ਅਮਰੀਕਾ ਤੋਂ ਆਏ ਲੋਕਾਂ ਉੱਤੇ ਹਮਲੇ ਆਮ ਹੋ ਗਏ ਹਨ। ਸਾਲ 2005 ਦੌਰਾਨ 394 ਅਜਿਹੀਆਂ ਘਟਨਾਵਾਂ ਵਾਪਰੀਆਂ ਅਤੇ ਇਹ 2004 ਵਿਚ ਵਾਪਰੀਆਂ ਘਟਨਾਵਾਂ ਨਾਲੋਂ 55 ਫੀ ਸਦੀ ਵੱਧ ਸਨ। ਇੰਗਲੈਂਡ ਵਿਚ ਇਕ ਸਰਵੇਖਣ ਮੁਤਾਬਕ ਏਸ਼ੀਆਈ ਤੇ ਕਾਲੇ ਲੋਕਾਂ ਦੇ ਇਕ ਤਿਹਾਈ ਹਿੱਸੇ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਰੰਗ ਕਾਰਨ ਨੌਕਰੀਓਂ ਕੱਢਿਆ ਗਿਆ। ਇਹ ਸਿਰਫ਼ ਕੁਝ ਉਦਾਹਰਣਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਵਿਚ ਕੀ ਹੋ ਰਿਹਾ ਹੈ।

ਪੱਖਪਾਤ ਦੇ ਕਈ ਰੂਪ ਹਨ। ਕਈ ਵਾਰ ਕੋਈ ਬਿਨਾਂ ਸੋਚੇ ਕਿਸੇ ਨਸਲ ਖ਼ਿਲਾਫ਼ ਬੁਰਾ-ਭਲਾ ਕਹਿ ਦਿੰਦਾ ਹੈ ਤੇ ਕਈ ਵਾਰ ਕੋਈ ਸਰਕਾਰ ਕਿਸੇ ਨਸਲ ਨੂੰ ਖ਼ਤਮ ਕਰਨ ਦੀ ਨੀਤੀ ਅਪਣਾਉਂਦੀ ਹੈ। * ਪੱਖਪਾਤ ਦੀ ਜੜ੍ਹ ਕੀ ਹੈ? ਅਸੀਂ ਜਾਤ-ਪਾਤ ਦਾ ਫ਼ਰਕ ਕਰਨ ਤੋਂ ਕਿਵੇਂ ਬਚ ਸਕਦੇ ਹਾਂ? ਕੀ ਇਹ ਆਸ ਰੱਖੀ ਜਾ ਸਕਦੀ ਹੈ ਕਿ ਇਕ ਦਿਨ ਹਰ ਜਾਤ ਦੇ ਲੋਕ ਸੁਖ-ਸ਼ਾਂਤੀ ਨਾਲ ਇਕੱਠੇ ਵੱਸਣਗੇ? ਬਾਈਬਲ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਪਾਏ ਜਾਂਦੇ ਹਨ।

ਜ਼ੁਲਮ ਤੇ ਨਫ਼ਰਤ

ਬਾਈਬਲ ਕਹਿੰਦੀ ਹੈ ਕਿ “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।” (ਉਤਪਤ 8:21) ਇਸ ਬੁਰੀ ਭਾਵਨਾ ਕਰਕੇ ਕਈ ਲੋਕਾਂ ਨੂੰ ਦੂਸਰਿਆਂ ਨੂੰ ਸਤਾ ਕੇ ਖ਼ੁਸ਼ੀ ਮਿਲਦੀ ਹੈ। ਬਾਈਬਲ ਇਹ ਵੀ ਕਹਿੰਦੀ ਹੈ: “ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਓਹਨਾਂ ਦੇ ਸਖਤੀ ਕਰਨ ਵਾਲੇ ਬਲਵੰਤ ਸਨ।”—ਉਪਦੇਸ਼ਕ ਦੀ ਪੋਥੀ 4:1.

ਬਾਈਬਲ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਾਤ-ਪਾਤ ਦਾ ਫ਼ਰਕ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਮਿਸਾਲ ਲਈ, ਲਗਭਗ 3,700 ਸਾਲ ਪਹਿਲਾਂ ਮਿਸਰ ਦੇ ਰਾਜੇ ਨੇ ਯਾਕੂਬ ਅਤੇ ਉਸ ਦੇ ਵੱਡੇ ਪਰਿਵਾਰ ਨੂੰ ਮਿਸਰ ਵਿਚ ਰਹਿਣ ਲਈ ਸੱਦਿਆ ਸੀ। ਯਾਕੂਬ ਅਤੇ ਉਸ ਦਾ ਪਰਿਵਾਰ ਇਸਰਾਏਲੀ ਸਨ। ਪਰ ਬਾਅਦ ਵਿਚ ਇਕ ਹੋਰ ਰਾਜੇ ਨੂੰ ਇਨ੍ਹਾਂ ਲੋਕਾਂ ਦੀ ਵੱਡੀ ਗਿਣਤੀ ਦੇ ਕਾਰਨ ਡਰ ਲੱਗਣ ਲੱਗ ਪਿਆ। ਨਤੀਜੇ ਵਜੋਂ ‘ਉਸ ਨੇ ਆਪਣੇ ਲੋਕਾਂ ਨੂੰ ਕਿਹਾ, “ਇਸਰਾਈਲੀ ਲੋਕ ਗਿਣਤੀ ਅਤੇ ਸ਼ਕਤੀ ਵਿਚ ਸਾਡੇ ਨਾਲੋਂ ਅੱਗੇ ਵੱਧਦੇ ਜਾ ਰਹੇ ਹਨ। ਇਸ ਲਈ ਸਾਨੂੰ ਉਹਨਾਂ ਨਾਲ ਕਰੜਾ ਵਰਤਾਓ ਕਰਨਾ ਚਾਹੀਦਾ ਹੈ।” ਰਾਜੇ ਨੇ ਉਹਨਾਂ ਕੋਲੋਂ ਵਗਾਰ ਲੈਣ ਦੇ ਲਈ, ਉਹਨਾਂ ਉਤੇ ਬਹੁਤ ਸਾਰੇ ਪਹਿਰੇਦਾਰ ਵੀ ਲਾ ਦਿੱਤੇ, ਜਿਨ੍ਹਾਂ ਦੇ ਹੱਥਾਂ ਵਿਚ ਕੋਰੜੇ ਸਨ।’ (ਕੂਚ 1:9-11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਿਸਰ ਦੇ ਰਾਜੇ ਨੇ ਇਸਰਾਏਲੀਆਂ ਦੇ ਸਾਰੇ ਨਵ-ਜੰਮੇ ਮੁੰਡਿਆਂ ਨੂੰ ਵੀ ਮਾਰਨ ਦਾ ਹੁਕਮ ਦਿੱਤਾ ਸੀ।—ਕੂਚ 1:15, 16.

ਸਮੱਸਿਆ ਦੀ ਜੜ੍ਹ ਕੀ ਹੈ?

ਦੁਨੀਆਂ ਦੇ ਧਰਮਾਂ ਨੇ ਪੱਖਪਾਤ ਦੀ ਅੱਗ ਬੁਝਾਉਣ ਦੀ ਬਜਾਇ ਉਸ ਉੱਤੇ ਹੋਰ ਤੇਲ ਪਾਇਆ ਹੈ। ਭਾਵੇਂ ਇਹ ਸੱਚ ਹੈ ਕਿ ਕੁਝ ਲੋਕਾਂ ਨੇ ਜ਼ੁਲਮ ਰੋਕਣ ਦੀ ਲੱਖ ਕੋਸ਼ਿਸ਼ ਕੀਤੀ ਹੈ, ਪਰ ਆਮ ਕਰਕੇ ਧਰਮਾਂ ਨੇ ਜ਼ਾਲਮਾਂ ਦਾ ਹੀ ਸਾਥ ਦਿੱਤਾ ਹੈ। ਇਹ ਗੱਲ ਅਮਰੀਕਾ ਵਿਚ ਦੇਖੀ ਗਈ ਸੀ ਜਦ ਕਾਲੇ ਲੋਕਾਂ ਨੂੰ ਹੋਰ ਜਾਤ ਦੇ ਲੋਕਾਂ ਤੋਂ ਵੱਖਰਿਆਂ ਰੱਖਣ ਲਈ ਕਈ ਕਾਨੂੰਨ ਬਣਾਏ ਗਏ ਸਨ ਤੇ 1967 ਤਕ ਕਾਲੇ ਗੋਰਿਆਂ ਨਾਲ ਵਿਆਹ ਨਹੀਂ ਕਰਵਾ ਸਕਦੇ ਸਨ। ਕਾਲਿਆਂ ਨੂੰ ਕਿਸੇ ਕਾਰਨ ਵੀ ਦੋਸ਼ੀ ਠਹਿਰਾ ਕੇ ਫਾਹੀ ਦਿੱਤੀ ਜਾ ਸਕਦੀ ਸੀ। ਦੱਖਣੀ ਅਫ਼ਰੀਕਾ ਵਿਚ ਬਣਾਏ ਗੋਰਿਆਂ ਦੇ ਕਾਨੂੰਨ ਮੁਤਾਬਕ ਕਾਲੇ ਉਨ੍ਹਾਂ ਨਾਲ ਨਾ ਰਹਿ ਸਕਦੇ ਸਨ ਤੇ ਨਾ ਹੀ ਉਨ੍ਹਾਂ ਨਾਲ ਵਿਆਹ ਕਰਾ ਸਕਦੇ ਸਨ। ਅਜਿਹੇ ਕਾਨੂੰਨ ਬਣਾਉਣ ਵਾਲਿਆਂ ਵਿੱਚੋਂ ਕਈਆਂ ਨੂੰ ਬਹੁਤ ਧਰਮੀ ਮੰਨਿਆ ਜਾਂਦਾ ਸੀ।

ਬਾਈਬਲ ਵਿਚ ਪੱਖਪਾਤ ਕਰਨ ਦਾ ਇਕ ਹੋਰ ਵੀ ਕਾਰਨ ਦਿੱਤਾ ਗਿਆ ਹੈ। ਇਸ ਵਿਚ ਸਮਝਾਇਆ ਗਿਆ ਹੈ ਕਿ ਕੁਝ ਲੋਕ ਦੂਸਰਿਆਂ ਉੱਤੇ ਕਿਉਂ ਅਤਿਆਚਾਰ ਕਰਦੇ ਹਨ। ਇਸ ਵਿਚ ਲਿਖਿਆ ਹੈ: “ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ। ਜੇ ਕੋਈ ਆਖੇ ਭਈ ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹ ਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ੁਰ ਨਾਲ ਜਿਸ ਨੂੰ ਉਹ ਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸੱਕਦਾ।” (1 ਯੂਹੰਨਾ 4:8, 20) ਇਨ੍ਹਾਂ ਆਇਤਾਂ ਤੋਂ ਜਾਤ-ਪਾਤ ਦੀ ਜੜ੍ਹ ਦਾ ਪਤਾ ਲੱਗਦਾ ਹੈ। ਲੋਕ ਚਾਹੇ ਆਪਣੇ ਆਪ ਨੂੰ ਧਰਮੀ ਕਹਿਲਾਉਣ ਜਾਂ ਨਾ, ਪਰ ਉਹ ਇਸ ਲਈ ਜਾਤ ਦਾ ਫ਼ਰਕ ਕਰਦੇ ਹਨ ਕਿਉਂਕਿ ਉਹ ਨਾ ਤਾਂ ਪਰਮੇਸ਼ੁਰ ਨੂੰ ਜਾਣਦੇ ਹਨ ਤੇ ਨਾ ਹੀ ਉਸ ਨੂੰ ਪਿਆਰ ਕਰਦੇ ਹਨ।

ਰੱਬ ਦਾ ਗਿਆਨ ਏਕਤਾ ਦੀ ਨੀਂਹ ਹੈ

ਰੱਬ ਨੂੰ ਜਾਣਨਾ ਤੇ ਉਸ ਨੂੰ ਪਿਆਰ ਕਰਨਾ ਲੋਕਾਂ ਵਿਚ ਏਕਤਾ ਕਿਵੇਂ ਪੈਦਾ ਕਰਦਾ ਹੈ? ਬਾਈਬਲ ਵਿਚ ਐਸਾ ਕਿਹੜਾ ਗਿਆਨ ਹੈ ਜੋ ਲੋਕਾਂ ਨੂੰ ਦੂਸਰੇ ਜਾਤ ਦੇ ਲੋਕਾਂ ਨਾਲ ਫ਼ਰਕ ਕਰਨ ਤੋਂ ਰੋਕਦਾ ਹੈ? ਬਾਈਬਲ ਦੱਸਦੀ ਹੈ ਕਿ ਯਹੋਵਾਹ ਪਰਮੇਸ਼ੁਰ ਸਾਰੇ ਇਨਸਾਨਾਂ ਦਾ ਪਿਤਾ ਹੈ। ਇਸ ਵਿਚ ਲਿਖਿਆ ਹੈ: “ਸਾਡੇ ਭਾਣੇ ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ ਜਿਸ ਤੋਂ ਸੱਭੋ ਕੁਝ ਹੋਇਆ ਹੈ।” (1 ਕੁਰਿੰਥੀਆਂ 8:6) ਅੱਗੇ ਇਸ ਵਿਚ ਇਹ ਲਿਖਿਆ ਹੈ: “ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ।” (ਰਸੂਲਾਂ ਦੇ ਕਰਤੱਬ 17:26) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਮਨੁੱਖ ਭਾਈ-ਭਾਈ ਹਨ।

ਇਸ ਗੱਲ ਦੀ ਹਰ ਜਾਤ ਦੇ ਲੋਕਾਂ ਨੂੰ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਪਰਮੇਸ਼ੁਰ ਸਾਡਾ ਜੀਵਨਦਾਤਾ ਹੈ। ਪਰ ਲੋਕਾਂ ਨੂੰ ਇਕ ਗੱਲ ਦਾ ਦੁੱਖ ਵੀ ਹੋਣਾ ਚਾਹੀਦਾ ਹੈ ਜਿਸ ਬਾਰੇ ਬਾਈਬਲ ਦੇ ਇਕ ਲਿਖਾਰੀ ਪੌਲੁਸ ਨੇ ਕਿਹਾ: “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ।” ਇਸ ਕਰਕੇ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23; 5:12) ਯਹੋਵਾਹ ਪਰਮੇਸ਼ੁਰ ਵੱਖ-ਵੱਖ ਚੀਜ਼ਾਂ ਨੂੰ ਪਸੰਦ ਕਰਦਾ ਹੈ। ਇਸੇ ਲਈ ਤਾਂ ਅਸੀਂ ਦੇਖਦੇ ਹਾਂ ਕਿ ਇਕ ਇਨਸਾਨ ਐੱਨ ਦੂਜੇ ਇਨਸਾਨ ਵਰਗਾ ਨਹੀਂ ਹੁੰਦਾ। ਪਰ ਇਸ ਦਾ ਇਹ ਮਤਲਬ ਨਹੀਂ ਕਿ ਕੋਈ ਇਕ ਇਨਸਾਨ ਦੂਸਰਿਆਂ ਨਾਲੋਂ ਬਿਹਤਰ ਹੈ। ਇਹ ਆਮ ਗੱਲ ਹੈ ਕਿ ਇਕ ਜਾਤ ਦੇ ਲੋਕ ਆਪਣੇ ਆਪ ਨੂੰ ਦੂਸਰਿਆਂ ਤੋਂ ਬਿਹਤਰ ਸਮਝਦੇ ਹਨ, ਪਰ ਇਹ ਬਾਈਬਲ ਦੀ ਸਿੱਖਿਆ ਦੇ ਬਿਲਕੁਲ ਖ਼ਿਲਾਫ਼ ਹੈ। ਸੋ ਪਰਮੇਸ਼ੁਰ ਤੋਂ ਮਿਲਿਆ ਗਿਆਨ ਲੋਕਾਂ ਵਿਚ ਫੁੱਟ ਨਹੀਂ ਪਾਉਂਦਾ, ਸਗੋਂ ਏਕਤਾ ਵਧਾਉਂਦਾ ਹੈ।

ਰੱਬ ਨੂੰ ਸਾਰੀਆਂ ਕੌਮਾਂ ਦਾ ਫ਼ਿਕਰ ਹੈ

ਕਈ ਲੋਕ ਕਹਿੰਦੇ ਹਨ ਕਿ ‘ਰੱਬ ਨੇ ਤਾਂ ਖ਼ੁਦ ਇਸਰਾਏਲੀਆਂ ਉੱਤੇ ਆਪਣੀ ਮਿਹਰ ਪਾਈ ਅਤੇ ਉਨ੍ਹਾਂ ਨੂੰ ਦੂਸਰੀਆਂ ਕੌਮਾਂ ਤੋਂ ਵੱਖਰਾ ਰਹਿਣ ਲਈ ਕਿਹਾ ਸੀ।’ (ਕੂਚ 34:12) ਇਹ ਸੱਚ ਹੈ ਕਿ ਇਕ ਸਮੇਂ ਤੇ ਰੱਬ ਨੇ ਇਸਰਾਏਲ ਕੌਮ ਨੂੰ ਆਪਣੀ ਖ਼ਾਸ ਪਰਜਾ ਵਜੋਂ ਚੁਣਿਆ ਸੀ। ਉਸ ਨੇ ਇਸ ਤਰ੍ਹਾਂ ਕਿਉਂ ਕੀਤਾ? ਉਸ ਨੇ ਇਹ ਇਸਰਾਏਲੀ ਲੋਕਾਂ ਦੇ ਪੜਦਾਦੇ ਅਬਰਾਹਾਮ ਦੇ ਕਰਕੇ ਕੀਤਾ ਸੀ। ਅਬਰਾਹਾਮ ਨੇ ਪਰਮੇਸ਼ੁਰ ਤੇ ਵੱਡੀ ਨਿਹਚਾ ਰੱਖੀ ਸੀ। ਇਸ ਲਈ ਪਰਮੇਸ਼ੁਰ ਖ਼ੁਦ ਪ੍ਰਾਚੀਨ ਇਸਰਾਏਲ ਦੀ ਅਗਵਾਈ ਕਰਦਾ ਸੀ। ਉਸ ਨੇ ਆਪ ਉਨ੍ਹਾਂ ਦੇ ਰਾਜੇ ਚੁਣੇ ਤੇ ਲੋਕਾਂ ਨੂੰ ਨਿਯਮ ਦਿੱਤੇ। ਜਦ ਇਸਰਾਏਲੀਆਂ ਨੇ ਇਸ ਇੰਤਜ਼ਾਮ ਨੂੰ ਸਵੀਕਾਰ ਕੀਤਾ, ਤਾਂ ਦੂਸਰੀਆਂ ਕੌਮਾਂ ਦੇ ਲੋਕ ਦੇਖ ਸਕਦੇ ਸਨ ਕਿ ਰੱਬ ਦੀ ਅਗਵਾਈ ਤੇ ਇਨਸਾਨਾਂ ਦੀ ਅਗਵਾਈ ਵਿਚ ਕਿੰਨਾ ਫ਼ਰਕ ਸੀ। ਯਹੋਵਾਹ ਨੇ ਇਸਰਾਏਲੀਆਂ ਨੂੰ ਇਕ ਬਲੀਦਾਨ ਬਾਰੇ ਵੀ ਸਿਖਾਇਆ ਜਿਸ ਰਾਹੀਂ ਮਨੁੱਖਜਾਤੀ ਪਰਮੇਸ਼ੁਰ ਨਾਲ ਦੁਬਾਰਾ ਇਕ ਚੰਗੇ ਰਿਸ਼ਤੇ ਵਿਚ ਆ ਸਕਦੀ ਸੀ। ਇਸ ਲਈ ਇਸਰਾਏਲ ਕੌਮ ਨਾਲ ਪਰਮੇਸ਼ੁਰ ਦੇ ਵਰਤਾਅ ਕਰਕੇ ਸਾਰੀਆਂ ਕੌਮਾਂ ਨੂੰ ਫ਼ਾਇਦਾ ਹੋਇਆ। ਪਰਮੇਸ਼ੁਰ ਨੇ ਅਬਰਾਹਾਮ ਨੂੰ ਪਹਿਲਾਂ ਹੀ ਦੱਸਿਆ ਸੀ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।”—ਉਤਪਤ 22:18.

ਇਸ ਤੋਂ ਇਲਾਵਾ ਇਸਰਾਏਲੀ ਲੋਕਾਂ ਯਾਨੀ ਯਹੂਦੀਆਂ ਨੂੰ ਪਰਮੇਸ਼ੁਰ ਦੀਆਂ ਪਵਿੱਤਰ ਗੱਲਾਂ ਸੁਣਾਈਆਂ ਜਾਂਦੀਆਂ ਸਨ ਅਤੇ ਮਸੀਹਾ ਨੇ ਉਨ੍ਹਾਂ ਦੀ ਕੌਮ ਵਿੱਚੋਂ ਆਉਣਾ ਸੀ। ਇਸ ਦਾ ਵੀ ਸਾਰੀਆਂ ਕੌਮਾਂ ਨੂੰ ਫ਼ਾਇਦਾ ਹੋਣਾ ਸੀ। ਬਾਈਬਲ ਵਿਚ ਯਹੂਦੀਆਂ ਨੂੰ ਉਸ ਸਮੇਂ ਬਾਰੇ ਦੱਸਿਆ ਗਿਆ ਸੀ ਜਦ ਸਾਰੇ ਲੋਕਾਂ ਨੂੰ ਬਰਕਤਾਂ ਮਿਲਣੀਆਂ ਸਨ: “ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ . . . ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ। ਪਰ ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾਹ 4:2-4.

ਭਾਵੇਂ ਯਿਸੂ ਮਸੀਹ ਨੇ ਆਪ ਯਹੂਦੀਆਂ ਨੂੰ ਪ੍ਰਚਾਰ ਕੀਤਾ ਸੀ, ਪਰ ਉਸ ਨੇ ਇਹ ਵੀ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।” (ਮੱਤੀ 24:14) ਹਰ ਕੌਮ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾਣੀ ਸੀ। ਸੋ ਯਹੋਵਾਹ ਨੇ ਹਰ ਜਾਤ ਦੇ ਲੋਕਾਂ ਨਾਲ ਸਹੀ ਤਰ੍ਹਾਂ ਵਰਤਾਅ ਕਰਨ ਵਿਚ ਵਧੀਆ ਮਿਸਾਲ ਕਾਇਮ ਕੀਤੀ। “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.

ਪਰਮੇਸ਼ੁਰ ਨੇ ਜੋ ਨਿਯਮ ਪ੍ਰਾਚੀਨ ਇਸਰਾਏਲ ਨੂੰ ਦਿੱਤੇ ਸਨ ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਹੋਰਨਾਂ ਕੌਮਾਂ ਦਾ ਵੀ ਫ਼ਿਕਰ ਸੀ। ਇਸਰਾਏਲ ਵਿਚ ਹੋਰਨਾਂ ਦੇਸ਼ਾਂ ਦੇ ਲੋਕ ਰਹਿੰਦੇ ਸਨ। ਧਿਆਨ ਦਿਓ ਕਿ ਇਨ੍ਹਾਂ ਲੋਕਾਂ ਨਾਲ ਸਲੂਕ ਕਰਨ ਬਾਰੇ ਇਸਰਾਏਲੀਆਂ ਨੂੰ ਕਿਹੜਾ ਹੁਕਮ ਦਿੱਤਾ ਗਿਆ ਸੀ: ‘ਜਿਹੜਾ ਓਪਰਾ ਤੁਹਾਡੇ ਵਿੱਚ ਵੱਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ।’ (ਲੇਵੀਆਂ 19:34) ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਅਜਿਹੇ ਕਈ ਹੁਕਮ ਦਿੱਤੇ ਕਿ ਉਹ ਇਨ੍ਹਾਂ ਲੋਕਾਂ ਉੱਤੇ ਦਇਆ ਕਰਨ। ਯਿਸੂ ਦੇ ਇਕ ਪੜਦਾਦੇ ਬੋਅਜ਼ ਦੀ ਮਿਸਾਲ ਲੈ ਲਵੋ। ਜਦ ਉਸ ਨੇ ਇਕ ਵਿਦੇਸ਼ੀ ਤੀਵੀਂ ਨੂੰ ਸਿਲਾਂ ਚੁਗਦੀ ਦੇਖਿਆ, ਤਾਂ ਉਸ ਨੇ ਪਰਮੇਸ਼ੁਰ ਦੀ ਸਿੱਖਿਆ ਅਨੁਸਾਰ ਵਾਢੀ ਕਰਨ ਵਾਲਿਆਂ ਨੂੰ ਦੱਸਿਆ ਕਿ ਉਹ ਉਸ ਦੇ ਚੁਗਣ ਲਈ ਕਾਫ਼ੀ ਫ਼ਸਲ ਛੱਡ ਦੇਣ।—ਰੂਥ 2:1, 10, 16.

ਯਿਸੂ ਨੇ ਦਿਆਲਤਾ ਸਿਖਾਈ

ਯਿਸੂ ਨੇ ਸਭ ਤੋਂ ਜ਼ਿਆਦਾ ਪਰਮੇਸ਼ੁਰ ਬਾਰੇ ਲੋਕਾਂ ਨੂੰ ਸਿਖਾਇਆ। ਉਸ ਨੇ ਆਪਣੇ ਚੇਲਿਆਂ ਨੂੰ ਦਿਖਾਇਆ ਕਿ ਹੋਰਨਾਂ ਲੋਕਾਂ ਨਾਲ ਚੰਗਾ ਸਲੂਕ ਕਿਵੇਂ ਕੀਤਾ ਜਾਣਾ ਚਾਹੀਦਾ ਹੈ। ਯਹੂਦੀ ਲੋਕ ਸਾਮਰੀ ਲੋਕਾਂ ਨਾਲ ਨਫ਼ਰਤ ਕਰਦੇ ਸਨ। ਪਰ ਯਿਸੂ ਨੇ ਯਹੂਦੀ ਹੋਣ ਦੇ ਬਾਵਜੂਦ ਵੀ ਇਕ ਸਾਮਰੀ ਤੀਵੀਂ ਨਾਲ ਗੱਲਬਾਤ ਕੀਤੀ ਤੇ ਉਹ ਇਹ ਦੇਖ ਕੇ ਹੱਕੀ-ਬੱਕੀ ਰਹਿ ਗਈ। ਯਿਸੂ ਨੇ ਉਸ ਤੀਵੀਂ ਨੂੰ ਕੋਮਲਤਾ ਨਾਲ ਸਮਝਾਇਆ ਕਿ ਉਹ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਪਾ ਸਕਦੀ ਸੀ।—ਯੂਹੰਨਾ 4:7-14.

ਯਿਸੂ ਨੇ ਇਕ ਦਿਆਲੂ ਸਾਮਰੀ ਬੰਦੇ ਦੀ ਕਹਾਣੀ ਦੱਸ ਕੇ ਸਾਨੂੰ ਇਹ ਵੀ ਸਿਖਾਇਆ ਕਿ ਸਾਨੂੰ ਹੋਰਨਾਂ ਜਾਤਾਂ ਦੇ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਕਹਾਣੀ ਵਿਚ ਇਸ ਬੰਦੇ ਨੇ ਇਕ ਯਹੂਦੀ ਬੰਦੇ ਨੂੰ ਦੇਖਿਆ ਜਿਸ ਨੂੰ ਚੋਰਾਂ ਨੇ ਲੁੱਟ ਕੇ ਕੁੱਟਿਆ-ਮਾਰਿਆ ਸੀ। ਸਾਮਰੀ ਬੰਦਾ ਸੋਚ ਸਕਦਾ ਸੀ: ‘ਮੈਂ ਇਕ ਯਹੂਦੀ ਦੀ ਮਦਦ ਕਿਉਂ ਕਰਾਂ? ਯਹੂਦੀ ਤਾਂ ਸਾਡੇ ਦੁਸ਼ਮਣ ਹਨ।’ ਪਰ ਯਿਸੂ ਦੀ ਕਹਾਣੀ ਵਿਚ ਸਾਮਰੀ ਦਾ ਇਹ ਵਿਚਾਰ ਨਹੀਂ ਸੀ। ਭਾਵੇਂ ਹੋਰ ਲੋਕ ਜ਼ਖ਼ਮੀ ਯਹੂਦੀ ਨੂੰ ਦੇਖ ਕੇ ਲੰਘ ਗਏ ਸਨ, ਪਰ ਸਾਮਰੀ ਨੇ “ਤਰਸ ਖਾ ਕੇ” ਉਸ ਦੀ ਕਾਫ਼ੀ ਮਦਦ ਕੀਤੀ। ਯਿਸੂ ਨੇ ਇਸ ਕਹਾਣੀ ਦੇ ਅਖ਼ੀਰ ਵਿਚ ਕਿਹਾ ਕਿ ਜੇ ਕੋਈ ਰੱਬ ਦੀ ਮਿਹਰ ਪਾਉਣੀ ਚਾਹੁੰਦਾ ਹੈ, ਤਾਂ ਉਸ ਨੂੰ ਸਾਮਰੀ ਬੰਦੇ ਦੀ ਰੀਸ ਕਰਨੀ ਚਾਹੀਦੀ ਹੈ।—ਲੂਕਾ 10:30-37.

ਜਿਹੜੇ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਪੌਲੁਸ ਰਸੂਲ ਨੇ ਆਪਣੇ ਸੁਭਾਅ ਵਿਚ ਤਬਦੀਲੀਆਂ ਕਰਨ ਅਤੇ ਪਰਮੇਸ਼ੁਰ ਦੀ ਰੀਸ ਕਰਨੀ ਸਿਖਾਈ। ਪੌਲੁਸ ਨੇ ਲਿਖਿਆ: ‘ਤੁਸਾਂ ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟੋ ਅਤੇ ਨਵੀਂ ਨੂੰ ਪਹਿਨ ਲਓ ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ। ਉੱਥੇ ਯੂਨਾਨੀ ਅਤੇ ਯਹੂਦੀ, ਸੁੰਨਤੀ ਅਤੇ ਅਸੁੰਨਤੀ, ਵਹਿਸ਼ੀ ਅਤੇ ਸਕੂਥੀ, ਕੋਈ ਵੀ ਨਹੀਂ ਹੋ ਸੱਕਦਾ। ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।’—ਕੁਲੁੱਸੀਆਂ 3:9-14.

ਕੀ ਪਰਮੇਸ਼ੁਰ ਦਾ ਗਿਆਨ ਲੋਕਾਂ ਨੂੰ ਬਦਲ ਸਕਦਾ ਹੈ?

ਕੀ ਯਹੋਵਾਹ ਪਰਮੇਸ਼ੁਰ ਨੂੰ ਜਾਣਨ ਨਾਲ ਲੋਕ ਸੱਚ-ਮੁੱਚ ਬਦਲ ਜਾਂਦੇ ਹਨ ਅਤੇ ਪੱਖਪਾਤ ਕਰਨਾ ਛੱਡ ਦਿੰਦੇ ਹਨ? ਇਕ ਤੀਵੀਂ ਦੀ ਉਦਾਹਰਣ ਲੈ ਲਓ ਜੋ ਏਸ਼ੀਆ ਤੋਂ ਕੈਨੇਡਾ ਵਿਚ ਰਹਿਣ ਆਈ ਸੀ। ਉੱਥੇ ਉਸ ਨਾਲ ਕਾਫ਼ੀ ਭੇਦ-ਭਾਵ ਕੀਤਾ ਗਿਆ ਸੀ। ਫਿਰ ਉਹ ਯਹੋਵਾਹ ਦੇ ਗਵਾਹਾਂ ਨੂੰ ਮਿਲੀ ਤੇ ਉਨ੍ਹਾਂ ਨੇ ਉਸ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਬਾਅਦ ਵਿਚ ਉਸ ਨੇ ਉਨ੍ਹਾਂ ਨੂੰ ਇਕ ਚਿੱਠੀ ਲਿਖੀ ਜਿਸ ਵਿਚ ਉਸ ਨੇ ਕਿਹਾ: ‘ਗੋਰੇ ਹੋਣ ਦੇ ਬਾਵਜੂਦ ਤੁਸੀਂ ਬਹੁਤ ਚੰਗੇ ਸੀ। ਜਦ ਮੈਂ ਦੇਖਿਆ ਕਿ ਤੁਸੀਂ ਹੋਰਨਾਂ ਗੋਰਿਆਂ ਨਾਲੋਂ ਵੱਖਰੇ ਪੇਸ਼ ਆਉਂਦੇ ਹੋ, ਤਾਂ ਮੈਂ ਸੋਚਿਆ ਇਸ ਤਰ੍ਹਾਂ ਕਿਉਂ ਹੈ? ਇਸ ਬਾਰੇ ਮੈਂ ਬਹੁਤ ਸੋਚਿਆ ਤੇ ਅਖ਼ੀਰ ਵਿਚ ਇਸ ਸਿੱਟੇ ਤੇ ਪਹੁੰਚੀ ਕਿ ਤੁਸੀਂ ਪਰਮੇਸ਼ੁਰ ਦੇ ਲੋਕ ਹੋ। ਬਾਈਬਲ ਵਿਚ ਜ਼ਰੂਰ ਕੁਝ ਹੈ। ਮੈਂ ਤੁਹਾਡੀਆਂ ਸਭਾਵਾਂ ਵਿਚ ਦੇਖਿਆ ਕਿ ਗੋਰੇ, ਕਾਲੇ, ਪੀਲੇ, ਹਰ ਰੰਗ ਦੇ ਲੋਕ ਆਉਂਦੇ ਹਨ, ਪਰ ਉਨ੍ਹਾਂ ਦੇ ਦਿਲ ਵਿਚ ਕੋਈ ਫ਼ਰਕ ਨਹੀਂ ਹੈ ਤੇ ਸਾਰੇ ਇਕ-ਦੂਜੇ ਨੂੰ ਭੈਣ-ਭਰਾ ਸਮਝਦੇ ਹਨ। ਹੁਣ ਮੈਂ ਸਮਝੀਂ ਕਿ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਇਸ ਤਰ੍ਹਾਂ ਏਕਤਾ ਵਿਚ ਬੰਨ੍ਹਿਆਂ ਹੈ।’

ਬਾਈਬਲ ਵਿਚ ਅਜਿਹੇ ਸਮੇਂ ਦੀ ਗੱਲ ਕੀਤੀ ਗਈ ਹੈ ਜਦ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” (ਯਸਾਯਾਹ 11:9) ਹੁਣ ਵੀ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ ਤੇ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਲੱਖਾਂ ਲੋਕ ਮਿਲ ਕੇ ਸੱਚੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ। (ਪਰਕਾਸ਼ ਦੀ ਪੋਥੀ 7:9) ਉਹ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦ ਅਬਰਾਹਾਮ ਨਾਲ ਕੀਤਾ ਪਰਮੇਸ਼ੁਰ ਦਾ ਵਾਅਦਾ ਪੂਰਾ ਹੋਵੇਗਾ ਕਿ “ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ।” (ਰਸੂਲਾਂ ਦੇ ਕਰਤੱਬ 3:25) ਉਸ ਸਮੇਂ ਪੂਰੇ ਸੰਸਾਰ ਵਿਚ ਪਿਆਰ ਦਾ ਸਾਗਰ ਨਫ਼ਰਤ ਦੀ ਅੱਗ ਨੂੰ ਬੁਝਾ ਦੇਵੇਗਾ।

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਜਦ ਪੱਖਪਾਤ ਕਰਨ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹ ਸਿਰਫ਼ ਜਾਤ ਕਰਕੇ ਨਹੀਂ, ਸਗੋਂ ਨਸਲ, ਕੌਮ, ਧਰਮ, ਭਾਸ਼ਾ ਜਾਂ ਸਭਿਆਚਾਰ ਕਰਕੇ ਵੀ ਹੋ ਸਕਦੀ ਹੈ।

[ਸਫ਼ੇ 4, 5 ਉੱਤੇ ਤਸਵੀਰ]

ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਓਪਰਿਆਂ ਨਾਲ ਪਿਆਰ ਕਰਨਾ ਸਿਖਾਇਆ

[ਸਫ਼ਾ 5 ਉੱਤੇ ਤਸਵੀਰ]

ਅਸੀਂ ਸਾਮਰੀ ਬੰਦੇ ਦੀ ਕਹਾਣੀ ਤੋਂ ਕੀ ਸਿੱਖ ਸਕਦੇ ਹਾਂ?

[ਸਫ਼ਾ 6 ਉੱਤੇ ਤਸਵੀਰ]

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੇ ਲੋਕ ਇੱਕੋ ਜਿਹੇ ਹਨ