ਬਾਈਬਲ ਦੀ ਸਿੱਖਿਆ ਨਿਹਚਾ ਪੱਕੀ ਕਰਦੀ ਹੈ
ਬਾਈਬਲ ਦੀ ਸਿੱਖਿਆ ਨਿਹਚਾ ਪੱਕੀ ਕਰਦੀ ਹੈ
“ਪਿਛਲੇ ਪੰਜ ਮਹੀਨੇ ਸਾਨੂੰ ਆਪਣੇ ਸਿਰਜਣਹਾਰ ਦੇ ਵਿਚਾਰਾਂ ਅਤੇ ਨਜ਼ਰੀਏ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦਾ ਬਹੁਮੁੱਲਾ ਸਨਮਾਨ ਮਿਲਿਆ!” ਇਹ ਗੱਲ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 122ਵੀਂ ਕਲਾਸ ਦੇ ਪ੍ਰਤਿਨਿਧ ਨੇ ਗ੍ਰੈਜੂਏਸ਼ਨ ਦੇ ਦਿਨ ਕਹੀ। 10 ਮਾਰਚ 2007 ਦਾ ਦਿਨ ਇਸ ਕਲਾਸ ਦੇ 56 ਵਿਦਿਆਰਥੀਆਂ ਲਈ ਇਕ ਯਾਦਗਾਰ ਦਿਨ ਰਿਹਾ। ਹੁਣ ਇਹ ਵਿਦਿਆਰਥੀ 26 ਦੇਸ਼ਾਂ ਵਿਚ ਮਿਸ਼ਨਰੀ ਸੇਵਾ ਕਰਨ ਲਈ ਤਿਆਰ ਹਨ।
ਪ੍ਰਬੰਧਕ ਸਭਾ ਦੇ ਮੈਂਬਰ ਭਰਾ ਥੀਓਡੋਰ ਜੈਰਸ ਨੇ ਪ੍ਰੋਗ੍ਰਾਮ ਵਿਚ ਹਾਜ਼ਰ 6,205 ਲੋਕਾਂ ਦਾ ਨਿੱਘਾ ਸੁਆਗਤ ਕਰਦੇ ਹੋਏ ਕਿਹਾ: “ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਗ੍ਰੈਜੂਏਸ਼ਨ ਪ੍ਰੋਗ੍ਰਾਮ ਨੂੰ ਸੁਣ ਕੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਵੋਗੇ ਅਤੇ ਤੁਹਾਡੀ ਨਿਹਚਾ ਪੱਕੀ ਹੋਵੇਗੀ।” ਉਸ ਨੇ ਚਾਰ ਭਾਸ਼ਣਕਾਰਾਂ ਦੇ ਨਾਂ ਦੱਸੇ ਜੋ ਵਿਦਿਆਰਥੀਆਂ ਨੂੰ ਬਾਈਬਲ ਵਿੱਚੋਂ ਹੌਸਲਾ ਅਤੇ ਸਲਾਹ ਦੇਣਗੇ ਤਾਂਕਿ ਉਹ ਕਾਮਯਾਬੀ ਨਾਲ ਆਪਣੀ ਮਿਸ਼ਨਰੀ ਸੇਵਾ ਕਰ ਸਕਣ।
ਹੌਸਲਾ-ਅਫ਼ਜ਼ਾਈ ਦੇ ਲਫ਼ਜ਼
ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਲੀਓਨ ਵੀਵਰ ਨੇ “ਭਲਾ ਕਰਦੇ ਰਹੋ” ਨਾਂ ਦੇ ਵਿਸ਼ੇ ਤੇ ਗੱਲ ਕੀਤੀ। ਉਸ ਨੇ ਵਿਦਿਆਰਥੀਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਵਿੱਚੋਂ ਹਰ ਇਕ ਨੇ ਬਾਈਬਲ ਦੀ ਸਿੱਖਿਆ ਦਾ ਚਾਨਣ ਫੈਲਾਉਣ ਲਈ ਔਸਤਨ 13 ਸਾਲ ਪਾਇਨੀਅਰੀ ਕੀਤੀ ਹੈ। ਉਸ ਨੇ ਕਿਹਾ: “ਇਹ ਭਲਾ ਕੰਮ ਹੈ ਕਿਉਂਕਿ ਇਸ ਨਾਲ ਲੋਕਾਂ ਦੀਆਂ ਜਾਨਾਂ ਬਚਦੀਆਂ ਹਨ, ਪਰ ਸਭ ਤੋਂ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਇਸ ਨਾਲ ਸਾਡੇ ਪਿਤਾ ਯਹੋਵਾਹ ਦੀ ਮਹਿਮਾ ਹੁੰਦੀ ਹੈ।” ਫਿਰ ਭਰਾ ਵੀਵਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਸੀ ਕਿ ‘ਆਤਮਾ ਲਈ ਬੀਜਦੇ’ ਰਹੋ ਅਤੇ ‘ਭਲਿਆਈ ਕਰਦਿਆਂ ਅੱਕੋ ਨਾ।’—ਗਲਾਤੀਆਂ 6:8, 9.
ਪ੍ਰਬੰਧਕ ਸਭਾ ਦੇ ਮੈਂਬਰ ਭਰਾ ਡੇਵਿਡ ਸਪਲੇਨ ਨੇ ਭਾਸ਼ਣ “ਜਾਂਦਿਆਂ ਹੀ ਭਰਾਵਾਂ ਦੇ ਦਿਲ ਜਿੱਤ ਲਓ” ਵਿਚ ਵਧੀਆ ਸਲਾਹ ਦਿੱਤੀ। ਭਰਾ ਸਪਲੇਨ ਨੇ ਨਵੇਂ ਮਿਸ਼ਨਰੀਆਂ ਨੂੰ ਆਪਣੀ ਮਿਸ਼ਨਰੀ ਸੇਵਾ ਦੀ ਚੰਗੀ ਸ਼ੁਰੂਆਤ ਕਰਨ ਵਾਸਤੇ ਇਨ੍ਹਾਂ ਗੱਲਾਂ ਤੇ ਚੱਲਣ ਦਾ ਉਤਸ਼ਾਹ ਦਿੱਤਾ: “ਸਹੀ ਰਵੱਈਆ ਰੱਖਿਓ। ਕਾਹਲੀ ਵਿਚ ਕੋਈ ਸਿੱਟਾ ਨਾ ਕੱਢਿਓ। ਮੁਸਕਰਾਇਓ। ਨੁਕਤਾਚੀਨੀ ਨਾ ਕਰਿਓ। ਨਿਮਰ ਰਹਿਓ ਅਤੇ ਸਥਾਨਕ ਭਰਾਵਾਂ ਦਾ ਆਦਰ ਕਰਿਓ।” ਫਿਰ ਉਸ ਨੇ ਕਿਹਾ: “ਜਹਾਜ਼ ਵਿੱਚੋਂ ਉੱਤਰਦਿਆਂ ਹੀ ਭਰਾਵਾਂ ਦੇ ਦਿਲ ਜਿੱਤ ਲਓ। ‘ਲੋਕਾਂ ਲਈ ਭਲਿਆਈ ਦੀ ਖ਼ੁਸ਼ ਖ਼ਬਰੀ’ ਲਿਆਉਣ ਵਾਲੇ ਤੁਹਾਡੇ ਸੁੰਦਰ ਕਦਮਾਂ ਤੇ ਯਹੋਵਾਹ ਬਰਕਤ ਪਾਵੇਗਾ।”—ਯਸਾਯਾਹ 52:7.
ਗਿਲਿਅਡ ਦੇ ਇੰਸਟ੍ਰਕਟਰ ਭਰਾ ਲਾਰੈਂਸ ਬੋਵਨ ਨੇ “ਤੁਹਾਨੂੰ ਆਪਣੀ ਵਿਰਾਸਤ ਜ਼ਰੂਰ ਮਿਲੇਗੀ” ਨਾਂ ਦੇ ਵਿਸ਼ੇ ਉੱਤੇ ਭਾਸ਼ਣ ਦਿੱਤਾ। ਭਰਾ ਬੋਵਨ ਨੇ ਵਿਦਿਆਰਥੀਆਂ ਨੂੰ ਚੇਤੇ ਕਰਾਇਆ ਕਿ ਯਹੋਵਾਹ ਦੇ ਭਵਿੱਖ-ਸੂਚਕ ਬਚਨ ਉੱਤੇ ਪੂਰਾ ਭਰੋਸਾ ਰੱਖ ਕੇ ਹੀ ਦੂਜੇ ਵਿਸ਼ਵ ਯੁੱਧ ਦੌਰਾਨ ਗਿਲਿਅਡ ਸਕੂਲ ਦੀ ਸਥਾਪਨਾ ਕੀਤੀ ਗਈ ਸੀ। (ਇਬਰਾਨੀਆਂ 11:1; ਪਰਕਾਸ਼ ਦੀ ) ਉਦੋਂ ਤੋਂ ਹੀ ਗਿਲਿਅਡ ਸਕੂਲ ਨੇ ਵਿਦਿਆਰਥੀਆਂ ਨੂੰ ਆਪਣੀ ਨਿਹਚਾ ਪੱਕੀ ਕਰਨ ਦਾ ਮੌਕਾ ਦਿੱਤਾ ਹੈ। ਫਿਰ ਪੱਕੀ ਨਿਹਚਾ ਤੋਂ ਪ੍ਰੇਰਿਤ ਹੋ ਕੇ ਇਹ ਗ੍ਰੈਜੂਏਟ ਪੂਰੇ ਜੋਸ਼ ਨਾਲ ਸੱਚਾਈ ਦਾ ਪ੍ਰਚਾਰ ਕਰਦੇ ਹਨ। ਪੋਥੀ 17:8
ਗਿਲਿਅਡ ਸਕੂਲ ਦੇ ਇਕ ਹੋਰ ਇੰਸਟ੍ਰਕਟਰ ਭਰਾ ਮਾਰਕ ਨੂਮੇਰ ਨੇ ਇਕ ਦਿਲਚਸਪ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ, “ਤੁਸੀਂ ਮੈਨੂੰ ਕਿਸੇ ਦੀ ਯਾਦ ਦਿਵਾਉਂਦੇ ਹੋ।” ਉਸ ਨੇ ਅਲੀਸ਼ਾ ਨਬੀ ਦੀ ਮਿਸਾਲ ਵੱਲ ਧਿਆਨ ਖਿੱਚਿਆ ਜਿਸ ਨੇ ਨਿਹਚਾ ਅਤੇ ਹਿੰਮਤ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ। ਭਰਾ ਨੂਮੇਰ ਨੇ 1 ਰਾਜਿਆਂ 19:21 ਦੇ ਆਧਾਰ ਉੱਤੇ ਟਿੱਪਣੀਆਂ ਦਿੰਦੇ ਹੋਏ ਕਿਹਾ, “ਅਲੀਸ਼ਾ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕਰਨ ਲਈ ਤਿਆਰ ਸੀ। ਉਸ ਨੇ ਆਪਣੀਆਂ ਇੱਛਾਵਾਂ ਨੂੰ ਪਹਿਲ ਨਾ ਦੇ ਕੇ ਯਹੋਵਾਹ ਦੇ ਮਕਸਦ ਨੂੰ ਪਹਿਲ ਦਿੱਤੀ।” ਉਸ ਨੇ ਗ੍ਰੈਜੂਏਟਾਂ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਅਲੀਸ਼ਾ ਵਰਗੀ ਭਾਵਨਾ ਦਿਖਾਈ ਹੈ। ਭਰਾ ਨੇ ਉਨ੍ਹਾਂ ਨੂੰ ਨਵੇਂ ਦੇਸ਼ਾਂ ਵਿਚ ਸੇਵਾ ਕਰਨ ਲਈ ਇਸੇ ਤਰ੍ਹਾਂ ਦੀ ਭਾਵਨਾ ਜ਼ਾਹਰ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ।
ਨਿਹਚਾ ਪਰਮੇਸ਼ੁਰ ਬਾਰੇ ਬੋਲਣ ਦੀ ਹਿੰਮਤ ਦਿੰਦੀ ਹੈ
ਵਿਦਿਆਰਥੀ ਕੋਰਸ ਦੌਰਾਨ ਆਪਣੀ ਨਿਹਚਾ ਮਜ਼ਬੂਤ ਕਰਨ ਦੇ ਨਾਲ-ਨਾਲ ਸ਼ਨੀਵਾਰ-ਐਤਵਾਰ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵੀ ਜਾਂਦੇ ਸਨ। ਗਿਲਿਅਡ ਸਕੂਲ ਦੇ ਇਕ ਹੋਰ ਇੰਸਟ੍ਰਕਟਰ ਭਰਾ ਵੌਲਸ ਲਿਵਰੈਂਸ ਦੇ ਭਾਸ਼ਣ ਵਿਚ ਪ੍ਰਚਾਰ ਦੌਰਾਨ ਹੋਏ ਵਿਦਿਆਰਥੀਆਂ ਦੇ ਵਧੀਆ ਤਜਰਬੇ ਸੁਣਾਏ ਗਏ ਅਤੇ ਪ੍ਰਦਰਸ਼ਨ ਵੀ ਕੀਤਾ ਗਿਆ। ਉਸ ਦੇ ਭਾਸ਼ਣ ਦਾ ਵਿਸ਼ਾ ਸੀ, “ਅਸੀਂ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਬੋਲਦੇ ਹਾਂ।” ਇਸ ਭਾਸ਼ਣ ਨੇ 2 ਕੁਰਿੰਥੀਆਂ 4:13 ਵਿਚ ਦਰਜ ਪੌਲੁਸ ਦੇ ਸ਼ਬਦਾਂ ਨੂੰ ਚੇਤੇ ਕਰਾਇਆ।
ਇਸ ਤੋਂ ਬਾਅਦ ਬੈਥਲ ਪਰਿਵਾਰ ਦੇ ਮੈਂਬਰਾਂ ਡੈਨੀਏਲ ਬਾਰਨਜ਼ ਅਤੇ ਚਾਰਲਸ ਵੁਡੀ ਨੇ ਮਿਸ਼ਨਰੀ ਸੇਵਾ ਕਰ ਰਹੇ ਭੈਣ-ਭਰਾਵਾਂ ਅਤੇ ਕੁਝ ਸਾਬਕਾ ਮਿਸ਼ਨਰੀਆਂ ਦੀਆਂ ਇੰਟਰਵਿਊਆਂ ਲਈਆਂ। ਇਨ੍ਹਾਂ ਇੰਟਰਵਿਊਆਂ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਯਹੋਵਾਹ ਨੂੰ ਆਪਣੇ ਵਫ਼ਾਦਾਰ ਸੇਵਕਾਂ ਦਾ ਫ਼ਿਕਰ ਹੈ ਤੇ ਉਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ। (ਕਹਾਉਤਾਂ 10:22; 1 ਪਤਰਸ 5:7) ਇਕ ਮਿਸ਼ਨਰੀ ਨੇ ਕਿਹਾ: “ਗਿਲਿਅਡ ਸਕੂਲ ਵਿਚ ਮਿਲੀ ਸਿੱਖਿਆ ਰਾਹੀਂ ਮੈਂ ਤੇ ਮੇਰੀ ਪਤਨੀ ਨੇ ਅਨੁਭਵ ਕੀਤਾ ਹੈ ਕਿ ਯਹੋਵਾਹ ਨੂੰ ਸਾਡਾ ਫ਼ਿਕਰ ਹੈ। ਇਸ ਸਿੱਖਿਆ ਨੇ ਸਾਡੀ ਨਿਹਚਾ ਪੱਕੀ ਕੀਤੀ। ਨਿਹਚਾ ਬਹੁਤ ਜ਼ਰੂਰੀ ਹੈ ਕਿਉਂਕਿ ਪਰਮੇਸ਼ੁਰ ਦੇ ਸਾਰੇ ਸੇਵਕਾਂ ਵਾਂਗ ਮਿਸ਼ਨਰੀਆਂ ਨੂੰ ਵੀ ਅਜ਼ਮਾਇਸ਼ਾਂ, ਸਮੱਸਿਆਵਾਂ ਅਤੇ ਚਿੰਤਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।”
ਨਿਹਚਾ ਪੱਕੀ ਕਰਨ ਵਾਲੀ ਬਾਈਬਲ ਦੀ ਸਿੱਖਿਆ ਦਾ ਚਾਨਣ ਫੈਲਾਉਂਦੇ ਜਾਓ
ਗ੍ਰੈਜੂਏਸ਼ਨ ਪ੍ਰੋਗ੍ਰਾਮ ਦੇ ਅਖ਼ੀਰ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਸੈਮੂਏਲ ਹਰਡ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ, “ਆਪਣੇ ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਰਹੋ।” ਵਿਦਿਆਰਥੀਆਂ ਨੂੰ ਦਿੱਤੀ ਗਈ ਸਿਖਲਾਈ ਦਾ ਕੀ ਮਕਸਦ ਸੀ? ਭਰਾ ਹਰਡ ਨੇ ਕਿਹਾ, “ਇਸ ਦਾ ਮਕਸਦ ਤੁਹਾਨੂੰ ਇਹ ਸਿਖਾਉਣਾ ਹੈ ਕਿ ਯਹੋਵਾਹ ਦੀ ਉਸਤਤ ਕਰਨ, ਨਵੇਂ ਦੇਸ਼ਾਂ ਵਿਚ ਹੋਰਨਾਂ ਨੂੰ ਯਹੋਵਾਹ ਦੀ ਸਿੱਖਿਆ ਦੇਣ ਅਤੇ ਆਪਣੇ ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਆਪਣੀ ਜ਼ਬਾਨ ਨੂੰ ਕਿਵੇਂ ਵਰਤਣਾ ਹੈ।” ਪਰ ਉਸ ਨੇ ਵਿਦਿਆਰਥੀਆਂ ਨੂੰ ਚੇਤੇ ਕਰਾਇਆ ਕਿ ਜੀਭ ਹੌਸਲਾ ਢਾਹ ਦੇਣ ਵਾਲੀਆਂ ਗੱਲਾਂ ਵੀ ਫੈਲਾ ਸਕਦੀ ਹੈ। (ਕਹਾਉਤਾਂ 18:21; ਯਾਕੂਬ 3:8-10) ਸੋ ਭਰਾ ਨੇ ਵਿਦਿਆਰਥੀਆਂ ਨੂੰ ਜੀਭ ਦਾ ਇਸਤੇਮਾਲ ਕਰਨ ਸੰਬੰਧੀ ਯਿਸੂ ਦੀ ਮਿਸਾਲ ਤੇ ਚੱਲਣ ਦੀ ਹੱਲਾਸ਼ੇਰੀ ਦਿੱਤੀ। ਇਕ ਮੌਕੇ ਤੇ ਯਿਸੂ ਦੀ ਗੱਲ ਸੁਣਨ ਤੋਂ ਬਾਅਦ ਉਸ ਦੇ ਚੇਲਿਆਂ ਨੇ ਕਿਹਾ ਸੀ: “ਜਾਂ ਉਹ . . . ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?” (ਲੂਕਾ 24:32) ਭਰਾ ਹਰਡ ਨੇ ਕਿਹਾ: “ਜੇ ਤੁਸੀਂ ਚੰਗੀਆਂ ਗੱਲਾਂ ਕਰਦੇ ਹੋ, ਤਾਂ ਇਹ ਭੈਣਾਂ-ਭਰਾਵਾਂ ਦੇ ਦਿਲਾਂ ਨੂੰ ਛੋਹ ਲੈਣਗੀਆਂ ਅਤੇ ਉਨ੍ਹਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਨਗੀਆਂ।”
ਫਿਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਡਿਪਲੋਮੇ ਦਿੱਤੇ ਗਏ। ਇਸ ਤੋਂ ਬਾਅਦ ਗਿਲਿਅਡ ਸਕੂਲ ਦੀ ਸਿਖਲਾਈ ਲਈ ਆਪਣੀ ਕਦਰ ਜ਼ਾਹਰ ਕਰਨ ਵਾਸਤੇ ਇਕ ਵਿਦਿਆਰਥੀ ਨੇ ਪੂਰੀ ਕਲਾਸ ਵੱਲੋਂ ਚਿੱਠੀ ਪੜ੍ਹੀ। ਚਿੱਠੀ ਵਿਚ ਲਿਖਿਆ ਸੀ: “ਸਾਡਾ ਇਹ ਫ਼ਰਜ਼ ਹੈ ਕਿ ਅਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਮਿਸ਼ਨਰੀਆਂ ਵਜੋਂ ਵਫ਼ਾਦਾਰੀ ਨਾਲ ਸੇਵਾ ਕਰੀਏ। ਹੁਣ ਅਸੀਂ ਧਰਤੀ ਦੇ ਬੰਨਿਆਂ ਤੀਕ ਜਾਣ ਲਈ ਤਿਆਰ-ਬਰ-ਤਿਆਰ ਹਾਂ। ਸਾਡੀ ਇਹੋ ਦੁਆ ਹੈ ਕਿ ਸਾਡੇ ਜਤਨਾਂ ਨਾਲ ਸਾਡੇ ਮਹਾਨ ਸਿੱਖਿਅਕ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਹੋਵੇ।” ਹਾਜ਼ਰੀਨ ਨੇ ਤਾੜੀਆਂ ਵਜਾ ਕੇ ਇਸ ਗੱਲ ਦੀ ਹਿਮਾਇਤ ਕੀਤੀ। ਇਸ ਗ੍ਰੈਜੂਏਸ਼ਨ ਪ੍ਰੋਗ੍ਰਾਮ ਨੇ ਹਾਜ਼ਰ ਸਾਰੇ ਭੈਣਾਂ-ਭਰਾਵਾਂ ਦੀ ਨਿਹਚਾ ਨੂੰ ਵਾਕਈ ਪੱਕਾ ਕੀਤਾ।
[ਸਫ਼ਾ 17 ਉੱਤੇ ਸੁਰਖੀ]
“ਜੇ ਤੁਸੀਂ ਚੰਗੀਆਂ ਗੱਲਾਂ ਕਰਦੇ ਹੋ, ਤਾਂ ਇਹ ਭੈਣਾਂ-ਭਰਾਵਾਂ ਦੇ ਦਿਲਾਂ ਨੂੰ ਛੋਹ ਲੈਣਗੀਆਂ ਅਤੇ ਉਨ੍ਹਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਨਗੀਆਂ”
[ਸਫ਼ਾ 15 ਉੱਤੇ ਡੱਬੀ]
ਕਲਾਸ ਦੇ ਅੰਕੜੇ
ਜਿੰਨੇ ਦੇਸ਼ਾਂ ਤੋਂ ਆਏ: 9
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 26
ਵਿਦਿਆਰਥੀਆਂ ਦੀ ਗਿਣਤੀ: 56
ਔਸਤਨ ਉਮਰ: 33.4
ਸੱਚਾਈ ਵਿਚ ਔਸਤਨ ਸਾਲ: 16.8
ਪੂਰੇ ਸਮੇਂ ਦੀ ਸੇਵਾ ਵਿਚ ਔਸਤਨ ਸਾਲ: 13
[ਸਫ਼ਾ 16 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 122ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।
(1) ਹਾਉਅਟ, ਆਰ.; ਸਮਿਥ, ਪੀ.; ਮਾਰਟੀਨੇਜ਼, ਏ.; ਪੌਟਸੋਬੋਨ, ਐੱਸ.; ਕੀਟਾਮੂਰਾ, ਵਾਈ.; ਲੌਡ, ਸੀ. (2) ਫ਼ੀਡਲਰ, ਐੱਲ.; ਬੀਸਲੀ, ਕੇ.; ਮਾਟਕੋਵਿਚ, ਸੀ.; ਬੈੱਲ, ਡੀ.; ਲਿਪਨਕਟ, ਡਬਲਯੂ. (3) ਸਾਇਟਸ, ਡਬਲਯੂ.; ਐਂਡਰਸਨ, ਏ.; ਟੋਵਸ, ਐੱਲ.; ਫੂਸਾਨੋ, ਜੀ.; ਰੌਦਰੀਗਸ, ਸੀ.; ਯੂ, ਜੇ. (4) ਸੋਬੋਮੀਹਿਨ, ਐੱਮ.; ਟੌਮਸ, ਐੱਲ.; ਗੈਸਨ, ਐੱਸ.; ਡੋਬਾ, ਵੀ.; ਬਰਟੋ, ਏ.; ਵਿਨ, ਸੀ.; ਡੌਬਰੋਵੌਲਸਕੀ, ਐੱਮ. (5) ਯੂ, ਜੇ.; ਡੋਬਾ, ਜੇ.; ਮਿਕਸਰ, ਐੱਚ.; ਨਿਊਟਨ, ਐੱਮ.; ਰੌਦਰੀਗਸ, ਐੱਫ਼.; ਮਿਕਸਰ, ਐੱਨ. (6) ਲੌਡ, ਐੱਮ.; ਲਿਪਨਕਟ, ਕੇ.; ਮਾਰਟੀਨੇਜ਼, ਆਰ.; ਹੌਬ, ਏ.; ਸਕੈਂਪ, ਆਰ.; ਪੌਟਸੋਬੋਨ, ਐੱਲ.; ਟੋਵਸ, ਐੱਸ. (7) ਹਾਉਅਟ, ਐੱਸ.; ਕੀਟਾਮੂਰਾ, ਯੂ.; ਨਿਊਟਨ, ਡੀ.; ਹੌਬ, ਜੇ.; ਸਾਇਟਸ, ਜੇ.; ਟੌਮਸ, ਡੀ. (8) ਸੋਬੋਮੀਹਿਨ, ਐੱਲ.; ਮਾਟਕੋਵਿਚ, ਜੇ.; ਫੂਸਾਨੋ, ਬੀ.; ਵਿਨ, ਜੇ.; ਸਕੈਂਪ, ਜੇ.; ਐਂਡਰਸਨ, ਡੀ.; ਡੌਬਰੋਵੌਲਸਕੀ, ਜੇ. (9) ਫ਼ੀਡਲਰ, ਪੀ.; ਬੈੱਲ, ਈ.; ਬੀਸਲੀ, ਬੀ.; ਸਮਿਥ, ਬੀ.; ਬਰਟੋ, ਪੀ.; ਗੈਸਨ, ਐੱਮ.