Skip to content

Skip to table of contents

“ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ”

“ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ”

“ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ”

“ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਓਹਨਾਂ ਦਾ ਧਿਆਨ ਰੱਖੋ।”—ਰੋਮੀਆਂ 12:17.

1. ਕਿਸ ਤਰ੍ਹਾਂ ਦਾ ਰਵੱਈਆ ਆਮ ਦੇਖਣ ਨੂੰ ਮਿਲਦਾ ਹੈ?

ਜਦ ਕਿਸੇ ਬੱਚੇ ਨੂੰ ਉਸ ਦੀ ਭੈਣ ਜਾਂ ਭਰਾ ਧੱਕਾ ਮਾਰਦਾ ਹੈ, ਤਾਂ ਉਹ ਬੱਚਾ ਵੀ ਬਦਲੇ ਵਿਚ ਉਸ ਨੂੰ ਧੱਕਾ ਮਾਰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਅਦਲੇ ਦਾ ਬਦਲਾ ਲੈਣ ਦੀ ਭਾਵਨਾ ਸਿਰਫ਼ ਬੱਚਿਆਂ ਵਿਚ ਹੀ ਨਹੀਂ ਹੈ। ਕਈ ਵੱਡੇ ਵੀ ਬੱਚਿਆਂ ਵਾਂਗ ਕਰਦੇ ਹਨ। ਜਦ ਕੋਈ ਉਨ੍ਹਾਂ ਨੂੰ ਗੁੱਸਾ ਚੜ੍ਹਾਉਂਦਾ ਹੈ, ਤਾਂ ਉਹ ਵੀ ਅੱਗੋਂ ਅਜਿਹਾ ਕੁਝ ਕਰਦੇ ਹਨ ਜਿਸ ਨਾਲ ਗੁੱਸਾ ਚੜ੍ਹਾਉਣ ਵਾਲੇ ਨੂੰ ਗੁੱਸਾ ਚੜ੍ਹੇ। ਹਾਂ ਇਹ ਸੱਚ ਹੈ ਕਿ ਉਹ ਬੱਚਿਆਂ ਵਾਂਗ ਕਿਸੇ ਨੂੰ ਧੱਕੇ ਦੇ ਬਦਲੇ ਧੱਕਾ ਨਹੀਂ ਦਿੰਦੇ, ਪਰ ਉਹ ਹੋਰਨਾਂ ਤਰੀਕਿਆਂ ਨਾਲ ਅਦਲੇ ਦਾ ਬਦਲਾ ਜ਼ਰੂਰ ਲੈਂਦੇ ਹਨ। ਉਹ ਸ਼ਾਇਦ ਗੁੱਸਾ ਚੜ੍ਹਾਉਣ ਵਾਲੇ ਦੀ ਚੁਗ਼ਲੀ ਕਰ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਨੂੰ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਤੋਂ ਰੋਕਣ। ਉਹ ਭਾਵੇਂ ਜਿਹੜਾ ਮਰਜ਼ੀ ਤਰੀਕਾ ਵਰਤਦੇ ਹਨ, ਉਨ੍ਹਾਂ ਦਾ ਮਕਸਦ ਹੈ ਬਦਲਾ ਲੈਣਾ।

2. (ੳ) ਅਸੀਂ ਬਦਲਾ ਲੈਣ ਤੋਂ ਆਪਣੇ ਆਪ ਨੂੰ ਕਿਉਂ ਰੋਕਦੇ ਹਾਂ? (ਅ) ਅਸੀਂ ਕਿਹੜੇ ਸਵਾਲਾਂ ਅਤੇ ਬਾਈਬਲ ਦੇ ਕਿਹੜੇ ਅਧਿਆਇ ਵੱਲ ਧਿਆਨ ਦੇਵਾਂਗੇ?

2 ਹਾਲਾਂਕਿ ਲੋਕਾਂ ਵਿਚ ਬਦਲਾ ਲੈਣ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਹੈ, ਪਰ ਅਸੀਂ ਬਦਲਾ ਲੈਣ ਤੋਂ ਪਰਹੇਜ਼ ਕਰਦੇ ਹਾਂ। ਅਸੀਂ ਪੌਲੁਸ ਰਸੂਲ ਦੀ ਇਸ ਸਲਾਹ ਮੁਤਾਬਕ ਚੱਲਣਾ ਚਾਹੁੰਦੇ ਹਾਂ: “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ।” (ਰੋਮੀਆਂ 12:17) ਇਸ ਉੱਚੇ ਮਿਆਰ ਅਨੁਸਾਰ ਚੱਲਣ ਲਈ ਸਾਨੂੰ ਮਦਦ ਕਿੱਥੋਂ ਮਿਲੇਗੀ? ਖ਼ਾਸਕਰ ਕਿਸ ਤੋਂ ਸਾਨੂੰ ਬਦਲਾ ਨਹੀਂ ਲੈਣਾ ਚਾਹੀਦਾ? ਜੇ ਅਸੀਂ ਆਪਣੇ ਆਪ ਨੂੰ ਬਦਲਾ ਲੈਣ ਤੋਂ ਰੋਕਾਂਗੇ, ਤਾਂ ਸਾਨੂੰ ਕੀ ਲਾਭ ਹੋਣਗੇ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਆਓ ਆਪਾਂ ਰੋਮੀਆਂ ਦੇ 12ਵੇਂ ਅਧਿਆਇ ਵੱਲ ਧਿਆਨ ਦੇਈਏ। ਇਸ ਅਧਿਆਇ ਤੋਂ ਸਾਨੂੰ ਪਤਾ ਲੱਗੇਗਾ ਕਿ ਬਦਲਾ ਲੈਣ ਤੋਂ ਦੂਰ ਰਹਿਣਾ ਸਿਰਫ਼ ਸਹੀ ਹੀ ਨਹੀਂ, ਸਗੋਂ ਇਸ ਤੋਂ ਸਾਡੇ ਪਿਆਰ ਅਤੇ ਸਾਡੀ ਹਲੀਮੀ ਦਾ ਸਬੂਤ ਵੀ ਮਿਲਦਾ ਹੈ। ਆਓ ਆਪਾਂ ਇਨ੍ਹਾਂ ਤਿੰਨ ਗੱਲਾਂ ਉੱਤੇ ਵਾਰੀ-ਵਾਰੀ ਚਰਚਾ ਕਰੀਏ।

‘ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ’

3, 4. (ੳ) ਰੋਮੀਆਂ ਦੇ 12ਵੇਂ ਅਧਿਆਇ ਵਿਚ ਪੌਲੁਸ ਰਸੂਲ ਨੇ ਕਿਸ ਵਿਸ਼ੇ ਤੇ ਗੱਲ ਕੀਤੀ ਅਤੇ ਉਸ ਨੇ “ਸੋ” ਸ਼ਬਦ ਕਿਉਂ ਵਰਤਿਆ ਸੀ? (ਅ) ਰੋਮ ਵਿਚ ਰਹਿਣ ਵਾਲੇ ਯਿਸੂ ਦੇ ਚੇਲਿਆਂ ਉੱਤੇ ਪਰਮੇਸ਼ੁਰ ਦੀਆਂ ਰਹਮਤਾਂ ਦਾ ਕੀ ਪ੍ਰਭਾਵ ਪੈਣਾ ਚਾਹੀਦਾ ਸੀ?

3 ਰੋਮੀਆਂ ਦੇ 12ਵੇਂ ਅਧਿਆਇ ਵਿਚ ਪੌਲੁਸ ਰਸੂਲ ਨੇ ਚਾਰ ਵਿਸ਼ਿਆਂ ਤੇ ਗੱਲ ਕੀਤੀ ਸੀ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਉੱਤੇ ਅਸਰ ਪੈਂਦਾ ਹੈ। ਉਸ ਨੇ ਯਹੋਵਾਹ, ਕਲੀਸਿਯਾ ਦੇ ਮੈਂਬਰਾਂ, ਦੁਨੀਆਂ ਦੇ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਸਾਡੇ ਸੰਬੰਧ ਬਾਰੇ ਦੱਸਿਆ। ਪੌਲੁਸ ਨੇ ਇਸ ਦਾ ਇਕ ਮੁੱਖ ਕਾਰਨ ਦੱਸਿਆ ਕਿ ਸਾਨੂੰ ਗ਼ਲਤ ਝੁਕਾਵਾਂ ਨਾਲ ਕਿਉਂ ਲੜਨਾ ਚਾਹੀਦਾ ਹੈ ਅਤੇ ਬਦਲਾ ਲੈਣ ਦੀ ਭਾਵਨਾ ਤੋਂ ਕਿਉਂ ਬਚਣਾ ਚਾਹੀਦਾ ਹੈ। ਉਸ ਨੇ ਕਿਹਾ: “ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀਆਂ ਰਹਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ।” (ਰੋਮੀਆਂ 12:1) ਗੱਲ ਸ਼ੁਰੂ ਕਰਨ ਲਈ ਪੌਲੁਸ ਨੇ “ਸੋ” ਸ਼ਬਦ ਵਰਤਿਆ ਜਿਸ ਦਾ ਮਤਲਬ ਹੈ “ਇਸ ਲਈ।” ਇੱਥੇ ਮਾਨੋ ਪੌਲੁਸ ਕਹਿ ਰਿਹਾ ਸੀ ਕਿ ‘ਮੈਂ ਤੁਹਾਨੂੰ ਜੋ ਦੱਸ ਚੁੱਕਾ ਹਾਂ, ਉਸ ਦੇ ਆਧਾਰ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਮੇਰੀ ਅਗਲੀ ਗੱਲ ਮੁਤਾਬਕ ਚੱਲੋ।’ ਪੌਲੁਸ ਨੇ ਰੋਮ ਵਿਚ ਰਹਿਣ ਵਾਲੇ ਯਿਸੂ ਦੇ ਚੇਲਿਆਂ ਨੂੰ ਇਸ ਤੋਂ ਪਹਿਲਾਂ ਕੀ ਕਿਹਾ ਸੀ?

4 ਆਪਣੀ ਚਿੱਠੀ ਦੇ ਪਹਿਲੇ ਗਿਆਰਾਂ ਅਧਿਆਵਾਂ ਵਿਚ ਪੌਲੁਸ ਰਸੂਲ ਨੇ ਸਮਝਾਇਆ ਕਿ ਯਹੂਦੀ ਅਤੇ ਹੋਰਨਾਂ ਕੌਮਾਂ ਦੇ ਲੋਕਾਂ ਕੋਲ ਪਰਮੇਸ਼ੁਰ ਦੇ ਰਾਜ ਵਿਚ ਯਿਸੂ ਮਸੀਹ ਨਾਲ ਰਾਜ ਕਰਨ ਦਾ ਬਹੁਤ ਹੀ ਸ਼ਾਨਦਾਰ ਮੌਕਾ ਸੀ, ਪਰ ਪੈਦਾਇਸ਼ੀ ਇਸਰਾਏਲੀਆਂ ਨੇ ਇਸ ਮੌਕੇ ਨੂੰ ਹੱਥੋਂ ਗੁਆ ਦਿੱਤਾ। (ਰੋਮੀਆਂ 11:13-36) ਇਹ ਮੌਕਾ ਸਿਰਫ਼ “ਪਰਮੇਸ਼ੁਰ ਦੀਆਂ ਰਹਮਤਾਂ ਦੀ ਖਾਤਰ” ਉਨ੍ਹਾਂ ਨੂੰ ਮਿਲਿਆ ਸੀ। ਪਰਮੇਸ਼ੁਰ ਦੀ ਇਸ ਵੱਡੀ ਕਿਰਪਾ ਕਰਕੇ ਯਿਸੂ ਦੇ ਚੇਲਿਆਂ ਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਸੀ? ਉਨ੍ਹਾਂ ਦੇ ਦਿਲ ਇਸ ਹੱਦ ਤਕ ਸ਼ੁਕਰਗੁਜ਼ਾਰੀ ਨਾਲ ਭਰ ਜਾਣੇ ਚਾਹੀਦੇ ਸਨ ਕਿ ਉਹ ਪੌਲੁਸ ਦੀ ਅਗਲੀ ਗੱਲ ਤੇ ਪੂਰਾ ਉਤਰਨ ਲਈ ਤਿਆਰ ਹੁੰਦੇ: “ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ।” (ਰੋਮੀਆਂ 12:1) ਪਰ ਉਹ ਆਪਣੇ ਆਪ ਨੂੰ “ਬਲੀਦਾਨ” ਵਜੋਂ ਕਿਵੇਂ ਦੇ ਸਕਦੇ ਸਨ?

5. (ੳ) ਪਰਮੇਸ਼ੁਰ ਅੱਗੇ ਅਸੀਂ ਆਪਣੇ ਆਪ ਨੂੰ “ਬਲੀਦਾਨ” ਵਜੋਂ ਕਿਵੇਂ ਦੇ ਸਕਦੇ ਹਾਂ? (ਅ) ਯਿਸੂ ਦੇ ਚੇਲਿਆਂ ਨੂੰ ਕਿਸ ਸਿਧਾਂਤ ਮੁਤਾਬਕ ਚੱਲਣ ਦੀ ਲੋੜ ਹੈ?

5 ਪੌਲੁਸ ਰਸੂਲ ਨੇ ਅੱਗੇ ਕਿਹਾ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਆਪਣੀ ਸੋਚ ਨੂੰ ਦੁਨੀਆਂ ਦੀ ਸੋਚ ਅਨੁਸਾਰ ਢਾਲ਼ਣ ਦੀ ਬਜਾਇ ਉਨ੍ਹਾਂ ਨੂੰ ਮਸੀਹ ਵਰਗੀ ਸੋਚ ਅਪਣਾਉਣ ਦੀ ਲੋੜ ਸੀ। (1 ਕੁਰਿੰਥੀਆਂ 2:16; ਫ਼ਿਲਿੱਪੀਆਂ 2:5) ਯਿਸੂ ਦੇ ਸਾਰੇ ਚੇਲਿਆਂ ਨੂੰ ਇਸ ਸਿਧਾਂਤ ਮੁਤਾਬਕ ਚੱਲਣ ਦੀ ਲੋੜ ਹੈ ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਹਾਂ।

6. ਰੋਮੀਆਂ 12:1, 2 ਵਿਚ ਪੌਲੁਸ ਦੀਆਂ ਗੱਲਾਂ ਤੋਂ ਅਸੀਂ ਕੀ ਸਿੱਖਦੇ ਹਾਂ ਜਿਸ ਕਰਕੇ ਅਸੀਂ ਬਦਲਾ ਲੈਣ ਦੀ ਭਾਵਨਾ ਨਹੀਂ ਰੱਖਾਂਗੇ?

6ਰੋਮੀਆਂ 12:1, 2 ਵਿਚ ਪੌਲੁਸ ਦੀਆਂ ਗੱਲਾਂ ਤੋਂ ਸਾਨੂੰ ਮਦਦ ਕਿਵੇਂ ਮਿਲਦੀ ਹੈ? ਰੋਮ ਵਿਚ ਰਹਿਣ ਵਾਲੇ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਵਾਂਗ ਅਸੀਂ ਵੀ ਦਿਲੋਂ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿਉਂਕਿ ਉਹ ਦਿਆਲੂ ਹੋਣ ਕਰਕੇ ਰੋਜ਼ ਸਾਡੀ ਦੇਖ-ਭਾਲ ਕਰਦਾ ਹੈ ਅਤੇ ਸਾਡੇ ਤੇ ਤਰਸ ਖਾ ਕੇ ਸਾਨੂੰ ਮਾਫ਼ ਕਰਦਾ ਹੈ। ਸੋ ਅਸੀਂ ਆਪਣੇ ਤਨ-ਮਨ-ਧਨ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਾਂ। ਇਸੇ ਕਰਕੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਸ ਦੁਨੀਆਂ ਦੀ ਸੋਚ ਦੀ ਬਜਾਇ ਮਸੀਹ ਦੀ ਸੋਚ ਅਪਣਾਈਏ। ਇਸ ਸੋਚ ਦਾ ਪ੍ਰਭਾਵ ਸਾਡੇ ਵਤੀਰੇ ਤੋਂ ਦੇਖਿਆ ਜਾ ਸਕਦਾ ਹੈ ਕਿ ਅਸੀਂ ਕਲੀਸਿਯਾ ਦੇ ਮੈਂਬਰਾਂ ਅਤੇ ਦੁਨੀਆਂ ਦੇ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ। (ਗਲਾਤੀਆਂ 5:25) ਮਿਸਾਲ ਲਈ, ਜੇ ਅਸੀਂ ਮਸੀਹ ਦੀ ਸੋਚ ਅਪਣਾਈ ਹੈ, ਤਾਂ ਅਸੀਂ ਬਦਲਾ ਲੈਣ ਦੀ ਭਾਵਨਾ ਨਹੀਂ ਰੱਖਾਂਗੇ।—1 ਪਤਰਸ 2:21-23.

ਸੱਚੇ ਦਿਲੋਂ ਪਿਆਰ ਕਰੋ

7. ਰੋਮੀਆਂ ਦੇ 12ਵੇਂ ਅਧਿਆਇ ਵਿਚ ਕਿਹੜੇ ਪ੍ਰੇਮ ਦੀ ਗੱਲ ਕੀਤੀ ਗਈ ਹੈ?

7 ਅਸੀਂ ਬੁਰਾਈ ਦੇ ਵੱਟੇ ਬੁਰਾਈ ਕਰਨ ਤੋਂ ਸਿਰਫ਼ ਇਸ ਲਈ ਦੂਰ ਨਹੀਂ ਰਹਿੰਦੇ ਕਿਉਂਕਿ ਇੱਦਾਂ ਕਰਨਾ ਸਹੀ ਹੈ, ਸਗੋਂ ਇਸ ਲਈ ਵੀ ਦੂਰ ਰਹਿੰਦੇ ਹਾਂ ਕਿਉਂਕਿ ਇਸ ਤੋਂ ਸਾਡੇ ਪਿਆਰ ਦਾ ਸਬੂਤ ਮਿਲਦਾ ਹੈ। ਧਿਆਨ ਦਿਓ ਕਿ ਪੌਲੁਸ ਨੇ ਅੱਗੇ ਪਿਆਰ ਦੀ ਗੱਲ ਕਿਵੇਂ ਕੀਤੀ। ਰੋਮੀਆਂ ਨੂੰ ਲਿਖੀ ਚਿੱਠੀ ਵਿਚ ਪਰਮੇਸ਼ੁਰ ਅਤੇ ਮਸੀਹ ਦੇ ਪਿਆਰ ਦਾ ਜ਼ਿਕਰ ਕਰਦੇ ਹੋਏ ਪੌਲੁਸ ਨੇ ਕਈ ਵਾਰ ਸ਼ਬਦ “ਪ੍ਰੇਮ” (ਯੂਨਾਨੀ ਭਾਸ਼ਾ ਵਿਚ ਅਗਾਪੇ) ਵਰਤਿਆ। (ਰੋਮੀਆਂ 5:5, 8; 8:35, 39) ਪਰ 12ਵੇਂ ਅਧਿਆਇ ਵਿਚ ਉਸ ਨੇ ਇਸੇ ਸ਼ਬਦ ਨੂੰ ਉਸ ਪ੍ਰੇਮ ਲਈ ਵਰਤਿਆ ਜੋ ਅਸੀਂ ਇਕ-ਦੂਜੇ ਨਾਲ ਕਰਦੇ ਹਾਂ। ਉਨ੍ਹਾਂ ਵੱਖੋ-ਵੱਖਰੀਆਂ ਦਾਤਾਂ ਦਾ ਜ਼ਿਕਰ ਕਰਨ ਤੋਂ ਬਾਅਦ ਜੋ ਕੁਝ ਭੈਣਾਂ-ਭਰਾਵਾਂ ਨੂੰ ਮਿਲੀਆਂ ਹੋਈਆਂ ਸਨ, ਪੌਲੁਸ ਨੇ ਪਿਆਰ ਦੇ ਗੁਣ ਉੱਤੇ ਜ਼ੋਰ ਦਿੱਤਾ ਜੋ ਸਾਡੇ ਸਾਰਿਆਂ ਵਿਚ ਹੋਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਤੁਹਾਡਾ “ਪ੍ਰੇਮ ਨਿਸ਼ਕਪਟ ਹੋਵੇ।” (ਰੋਮੀਆਂ 12:4-9) ਪਿਆਰ ਕਰਨਾ ਯਿਸੂ ਦੇ ਚੇਲਿਆਂ ਦੀ ਪਛਾਣ ਹੈ। (ਮਰਕੁਸ 12:28-31) ਇਸ ਲਈ ਜਦ ਪੌਲੁਸ ਨੇ ਕਿਹਾ ਕਿ ਪ੍ਰੇਮ ਨਿਸ਼ਕਪਟ ਹੋਵੇ, ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਸੱਚੇ ਦਿਲੋਂ ਪਿਆਰ ਕਰਨਾ ਚਾਹੀਦਾ ਹੈ।

8. ਅਸੀਂ ਸੱਚੇ ਦਿਲੋਂ ਪ੍ਰੇਮ ਕਿਵੇਂ ਕਰ ਸਕਦੇ ਹਾਂ?

8 ਪੌਲੁਸ ਨੇ ਅੱਗੇ ਦਿਖਾਇਆ ਕਿ ਸੱਚੇ ਦਿਲੋਂ ਪਿਆਰ ਕਿਵੇਂ ਕੀਤਾ ਜਾਂਦਾ ਹੈ ਜਦ ਉਸ ਨੇ ਕਿਹਾ: “ਬੁਰਿਆਈ ਤੋਂ ਸੂਗ ਕਰੋ, ਭਲਿਆਈ ਨਾਲ ਮਿਲੇ ਰਹੋ।” (ਰੋਮੀਆਂ 12:9) “ਸੂਗ ਕਰੋ” ਅਤੇ “ਮਿਲੇ ਰਹੋ” ਸ਼ਬਦ ਬਹੁਤ ਹੀ ਜ਼ਬਰਦਸਤ ਹਨ। “ਸੂਗ” ਕਰਨ ਦਾ ਮਤਲਬ ਹੈ ਘਿਰਣਾ ਤੇ ਡਾਢੀ ਨਫ਼ਰਤ ਕਰਨੀ। ਸਾਨੂੰ ਸਿਰਫ਼ ਬੁਰਾਈ ਦੇ ਅਸਰਾਂ ਤੋਂ ਹੀ ਨਫ਼ਰਤ ਨਹੀਂ ਕਰਨੀ ਚਾਹੀਦੀ, ਸਗੋਂ ਬੁਰਾਈ ਤੋਂ ਵੀ ਘਿਰਣਾ ਕਰਨੀ ਚਾਹੀਦੀ ਹੈ। (ਜ਼ਬੂਰਾਂ ਦੀ ਪੋਥੀ 97:10) ਸ਼ਬਦ “ਮਿਲੇ” ਰਹੋ ਯੂਨਾਨੀ ਕਿਰਿਆ ਦਾ ਅਨੁਵਾਦ ਹੈ ਜਿਸ ਦਾ ਮਤਲਬ ਹੈ “ਗੂੰਦ ਨਾਲ ਚਿਪਕਾਉਣਾ।” ਯਿਸੂ ਦਾ ਜਿਹੜਾ ਚੇਲਾ ਸੱਚੇ ਦਿਲੋਂ ਪਿਆਰ ਕਰਦਾ ਹੈ, ਉਹ ਮਾਨੋ ਭਲਾਈ ਕਰਨ ਦੇ ਗੁਣ ਨਾਲ ਇਵੇਂ ਜੁੜਿਆ ਜਾਂ ਚਿਪਕਿਆ ਹੋਇਆ ਹੁੰਦਾ ਹੈ ਕਿ ਇਹ ਗੁਣ ਉਸ ਦੀ ਸ਼ਖ਼ਸੀਅਤ ਦਾ ਅਟੁੱਟ ਭਾਗ ਬਣ ਜਾਂਦਾ ਹੈ।

9. ਪੌਲੁਸ ਨੇ ਕਿਹੜੀ ਗੱਲ ਦਾ ਵਾਰ-ਵਾਰ ਜ਼ਿਕਰ ਕੀਤਾ ਸੀ?

9 ਪੌਲੁਸ ਨੇ ਪਿਆਰ ਦਾ ਸਬੂਤ ਦੇਣ ਦੇ ਇਕ ਖ਼ਾਸ ਤਰੀਕੇ ਦਾ ਵਾਰ-ਵਾਰ ਜ਼ਿਕਰ ਕੀਤਾ ਸੀ। ਉਸ ਨੇ ਕਿਹਾ: “ਆਪਣੇ ਦੁਖਦਾਈਆਂ ਨੂੰ ਅਸੀਸ ਦਿਓ, ਅਸੀਸ ਦਿਓ, ਫਿਟਕਾਰੋ ਨਾ!” “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ।” “ਹੇ ਪਿਆਰਿਓ, ਆਪਣਾ ਬਦਲਾ ਨਾ ਲਓ।” “ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।” (ਰੋਮੀਆਂ 12:14, 17-19, 21) ਪੌਲੁਸ ਦੇ ਸ਼ਬਦਾਂ ਤੋਂ ਸਪੱਸ਼ਟ ਹੈ ਕਿ ਸਾਨੂੰ ਹੋਰਨਾਂ ਲੋਕਾਂ ਨਾਲ ਅਤੇ ਸਾਨੂੰ ਸਤਾਉਣ ਵਾਲਿਆਂ ਨਾਲ ਵੀ ਕਿਵੇਂ ਪੇਸ਼ ਆਉਣਾ ਚਾਹੀਦਾ ਹੈ।

“ਆਪਣੇ ਦੁਖਦਾਈਆਂ ਨੂੰ ਅਸੀਸ ਦਿਓ”

10. ਅਸੀਂ ਆਪਣੇ ਦੁਖਦਾਈਆਂ ਨੂੰ ਅਸੀਸ ਕਿਵੇਂ ਦੇ ਸਕਦੇ ਹਾਂ?

10 ਪੌਲੁਸ ਦੀ ਇਸ ਸਲਾਹ ਤੇ ਅਸੀਂ ਕਿਵੇਂ ਚੱਲ ਸਕਦੇ ਹਾਂ: “ਆਪਣੇ ਦੁਖਦਾਈਆਂ ਨੂੰ ਅਸੀਸ ਦਿਓ”? (ਰੋਮੀਆਂ 12:14) ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।” (ਮੱਤੀ 5:44; ਲੂਕਾ 6:27, 28) ਤਾਂ ਫਿਰ ਅਸੀਂ ਆਪਣੇ ਦੁਖਦਾਈਆਂ ਲਈ ਪ੍ਰਾਰਥਨਾ ਕਰ ਕੇ ਉਨ੍ਹਾਂ ਨੂੰ ਅਸੀਸ ਦੇ ਸਕਦੇ ਹਾਂ। ਅਸੀਂ ਯਹੋਵਾਹ ਨੂੰ ਦੁਆ ਕਰ ਸਕਦੇ ਹਾਂ ਕਿ ਜੇ ਉਹ ਅਣਜਾਣੇ ਵਿਚ ਸਾਡਾ ਵਿਰੋਧ ਕਰ ਰਹੇ ਹਨ, ਤਾਂ ਉਹ ਉਨ੍ਹਾਂ ਦੀਆਂ ਅੱਖਾਂ ਖੋਲ੍ਹੇ ਤਾਂਕਿ ਉਨ੍ਹਾਂ ਨੂੰ ਸੱਚਾਈ ਪਤਾ ਲੱਗੇ। (2 ਕੁਰਿੰਥੀਆਂ 4:4) ਹੋ ਸਕਦਾ ਕਿ ਆਪਣੇ ਦੁਖਦਾਈਆਂ ਲਈ ਅਸੀਸ ਮੰਗਣੀ ਸਾਨੂੰ ਸ਼ਾਇਦ ਅਜੀਬ ਲੱਗੇ, ਪਰ ਜਿੰਨਾ ਜ਼ਿਆਦਾ ਅਸੀਂ ਮਸੀਹ ਵਾਂਗ ਸੋਚਾਂਗੇ, ਉੱਨਾ ਹੀ ਜ਼ਿਆਦਾ ਅਸੀਂ ਆਪਣੇ ਦੁਸ਼ਮਣਾਂ ਨੂੰ ਪਿਆਰ ਕਰ ਸਕਾਂਗੇ। (ਲੂਕਾ 23:34) ਇਸ ਤਰ੍ਹਾਂ ਪਿਆਰ ਕਰਨ ਦੇ ਕੀ ਨਤੀਜੇ ਨਿਕਲ ਸਕਦੇ ਹਨ?

11. (ੳ) ਇਸਤੀਫ਼ਾਨ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਅ) ਕੀ ਜ਼ੁਲਮ ਢਾਉਣ ਵਾਲੇ ਲੋਕ ਬਦਲ ਸਕਦੇ ਹਨ?

11 ਇਸਤੀਫ਼ਾਨ ਨੇ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕੀਤੀ ਸੀ ਤੇ ਉਸ ਦੀ ਇਹ ਪ੍ਰਾਰਥਨਾ ਵਿਅਰਥ ਨਹੀਂ ਗਈ। ਪੰਤੇਕੁਸਤ 33 ਈਸਵੀ ਤੋਂ ਥੋੜ੍ਹੀ ਦੇਰ ਬਾਅਦ ਯਿਸੂ ਦੇ ਚੇਲਿਆਂ ਦੇ ਵਿਰੋਧੀਆਂ ਨੇ ਇਸਤੀਫ਼ਾਨ ਨੂੰ ਹਿਰਾਸਤ ਵਿਚ ਲੈ ਲਿਆ। ਉਹ ਉਸ ਨੂੰ ਯਰੂਸ਼ਲਮ ਤੋਂ ਬਾਹਰ ਘੜੀਸ ਕੇ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਨੂੰ ਪੱਥਰਾਂ ਨਾਲ ਮਾਰ ਸੁੱਟਿਆ। ਮਰਨ ਤੋਂ ਪਹਿਲਾਂ ਉਸ ਨੇ ਉੱਚੀ ਬੋਲ ਕੇ ਕਿਹਾ: “ਹੇ ਪ੍ਰਭੁ ਇਹ ਪਾਪ ਉਨ੍ਹਾਂ ਦੇ ਜੁੰਮੇ ਨਾ ਲਾ!” (ਰਸੂਲਾਂ ਦੇ ਕਰਤੱਬ 7:58–8:1) ਜਿਨ੍ਹਾਂ ਆਦਮੀਆਂ ਲਈ ਇਸਤੀਫ਼ਾਨ ਨੇ ਇਹ ਦੁਆ ਕੀਤੀ ਸੀ, ਉਨ੍ਹਾਂ ਵਿੱਚੋਂ ਇਕ ਸੌਲੁਸ ਸੀ ਜੋ ਇਸਤੀਫ਼ਾਨ ਦੇ ਮਾਰ ਦੇਣ ਉੱਤੇ ਰਾਜ਼ੀ ਸੀ। ਬਾਅਦ ਵਿਚ ਯਿਸੂ ਮਸੀਹ ਨੇ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਕੇ ਸੌਲੁਸ ਨੂੰ ਦਰਸ਼ਣ ਦਿੱਤਾ। ਉਹ ਵਿਰੋਧੀ ਸੌਲੁਸ ਯਿਸੂ ਦਾ ਚੇਲਾ ਬਣ ਗਿਆ ਅਤੇ ਪੌਲੁਸ ਰਸੂਲ ਵਜੋਂ ਜਾਣਿਆ ਜਾਣ ਲੱਗਾ ਜਿਸ ਨੇ ਰੋਮੀਆਂ ਨੂੰ ਚਿੱਠੀ ਲਿਖੀ ਸੀ। (ਰਸੂਲਾਂ ਦੇ ਕਰਤੱਬ 26:12-18) ਇਸਤੀਫ਼ਾਨ ਦੀ ਪ੍ਰਾਰਥਨਾ ਦੇ ਮੁਤਾਬਕ ਯਹੋਵਾਹ ਨੇ ਪੌਲੁਸ ਦਾ ਪਾਪ ਮਾਫ਼ ਕਰ ਦਿੱਤਾ ਜੋ ਉਹ ਯਿਸੂ ਦੇ ਚੇਲਿਆਂ ਨੂੰ ਸਤਾ ਕੇ ਕਰਦਾ ਸੀ। (1 ਤਿਮੋਥਿਉਸ 1:12-16) ਹੁਣ ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਨੇ ਯਿਸੂ ਦੇ ਚੇਲਿਆਂ ਨੂੰ ਕਿਉਂ ਕਿਹਾ ਸੀ ਕਿ “ਆਪਣੇ ਦੁਖਦਾਈਆਂ ਨੂੰ ਅਸੀਸ ਦਿਓ।” ਉਹ ਆਪਣੀ ਉਦਾਹਰਣ ਤੋਂ ਜਾਣਦਾ ਸੀ ਕਿ ਜੋ ਲੋਕ ਪਹਿਲਾਂ ਸਤਾਇਆ ਕਰਦੇ ਸਨ, ਬਾਅਦ ਵਿਚ ਪਰਮੇਸ਼ੁਰ ਦੇ ਸੇਵਕ ਬਣ ਸਕਦੇ ਹਨ। ਸਾਡੇ ਜ਼ਮਾਨੇ ਵਿਚ ਵੀ ਕਈ ਲੋਕ ਜੋ ਪਹਿਲਾਂ ਜ਼ੁਲਮ ਢਾਇਆ ਕਰਦੇ ਸਨ, ਪਰਮੇਸ਼ੁਰ ਦੀ ਭਗਤੀ ਕਰਨ ਲੱਗ ਪਏ ਹਨ ਕਿਉਂਕਿ ਯਹੋਵਾਹ ਦੇ ਗਵਾਹ ਉਨ੍ਹਾਂ ਨਾਲ ਸ਼ਾਂਤੀ ਨਾਲ ਪੇਸ਼ ਆਏ।

“ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ”

12. ਰੋਮੀਆਂ 12:9, 17 ਵਿਚ ਦਿੱਤੀਆਂ ਸਲਾਹਾਂ ਦਾ ਆਪਸ ਵਿਚ ਕੀ ਤਅੱਲਕ ਹੈ?

12 ਆਪਣੇ ਭੈਣਾਂ-ਭਰਾਵਾਂ ਅਤੇ ਦੁਨੀਆਂ ਦੇ ਲੋਕਾਂ ਨਾਲ ਪੇਸ਼ ਆਉਣ ਬਾਰੇ ਪੌਲੁਸ ਨੇ ਅੱਗੇ ਕਿਹਾ: “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ।” ਪੌਲੁਸ ਦੀ ਇਹ ਸਲਾਹ ਬਿਲਕੁਲ ਸਹੀ ਸੀ ਜੋ ਉਸ ਨੇ ‘ਬੁਰਿਆਈ ਤੋਂ ਸੂਗ ਕਰਨ’ ਦੀ ਗੱਲ ਕਹਿਣ ਤੋਂ ਬਾਅਦ ਦਿੱਤੀ ਸੀ। ਦਰਅਸਲ, ਕੋਈ ਇਹ ਗੱਲ ਕਿਵੇਂ ਕਹਿ ਸਕਦਾ ਹੈ ਕਿ ਉਹ ਬੁਰਾਈ ਨਾਲ ਨਫ਼ਰਤ ਕਰਦਾ ਹੈ ਜੇ ਉਹ ਬੁਰਾਈ ਦੇ ਵੱਟੇ ਕਿਸੇ ਨਾਲ ਬੁਰਾਈ ਕਰਦਾ ਹੈ? ਇਸ ਤਰ੍ਹਾਂ ਕਰਨਾ ਸੱਚੇ ਦਿਲ ਨਾਲ ਪ੍ਰੇਮ ਕਰਨਾ ਨਹੀਂ ਹੋਵੇਗਾ। ਫਿਰ ਪੌਲੁਸ ਨੇ ਕਿਹਾ: “ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਓਹਨਾਂ ਦਾ ਧਿਆਨ ਰੱਖੋ।” (ਰੋਮੀਆਂ 12:9, 17) ਅਸੀਂ ਇਸ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?

13. ਅਸੀਂ ਲੋਕਾਂ ਸਾਮ੍ਹਣੇ ਕਿਵੇਂ ਪੇਸ਼ ਆਉਂਦੇ ਹਾਂ?

13 ਇਸ ਤੋਂ ਪਹਿਲਾਂ ਕੁਰਿੰਥੀਆਂ ਨੂੰ ਚਿੱਠੀ ਲਿਖਦੇ ਹੋਏ ਪੌਲੁਸ ਨੇ ਰਸੂਲਾਂ ਦੁਆਰਾ ਸਹੇ ਜਾਂਦੇ ਸਿਤਮ ਬਾਰੇ ਲਿਖਿਆ ਸੀ। ਉਸ ਨੇ ਕਿਹਾ: “ਅਸੀਂ ਜਗਤ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ। . . . ਅਸੀਂ ਗਾਲੀਆਂ ਖਾ ਕੇ ਅਸੀਸ ਦਿੰਦੇ ਹਾਂ। ਜਾਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ। ਜਾਂ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ।” (1 ਕੁਰਿੰਥੀਆਂ 4:9-13) ਇਸੇ ਤਰ੍ਹਾਂ ਅੱਜ ਦੁਨੀਆਂ ਦੇ ਲੋਕ ਯਹੋਵਾਹ ਦੇ ਗਵਾਹਾਂ ਵੱਲ ਧਿਆਨ ਨਾਲ ਦੇਖ ਰਹੇ ਹਨ। ਜਦ ਉਹ ਦੇਖਦੇ ਹਨ ਕਿ ਅਸੀਂ ਸਿਤਮ ਸਹਿੰਦੇ ਹੋਏ ਵੀ ਦੂਜਿਆਂ ਨਾਲ ਚੰਗਾ ਸਲੂਕ ਕਰਦੇ ਹਾਂ, ਤਾਂ ਉਹ ਸ਼ਾਇਦ ਸਾਡੇ ਤੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹੋ ਜਾਣ।—1 ਪਤਰਸ 2:12.

14. ਸਾਨੂੰ ਸ਼ਾਂਤੀ ਬਣਾਈ ਰੱਖਣ ਦੀ ਕਿੰਨੀ ਕੁ ਕੋਸ਼ਿਸ਼ ਕਰਨੀ ਚਾਹੀਦੀ ਹੈ?

14 ਸਾਨੂੰ ਸ਼ਾਂਤੀ ਬਣਾਈ ਰੱਖਣ ਦੀ ਕਿੰਨੀ ਕੁ ਕੋਸ਼ਿਸ਼ ਕਰਨੀ ਚਾਹੀਦੀ ਹੈ? ਜਿੰਨੀ ਕੋਸ਼ਿਸ਼ ਸਾਡੇ ਤੋਂ ਹੋ ਸਕਦੀ ਹੈ ਸਾਨੂੰ ਕਰਨੀ ਚਾਹੀਦੀ ਹੈ। ਪੌਲੁਸ ਨੇ ਲਿਖਿਆ: “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।” (ਰੋਮੀਆਂ 12:18) “ਜੇ ਹੋ ਸੱਕੇ” ਅਤੇ “ਆਪਣੀ ਵਾਹ ਲੱਗਦਿਆਂ” ਕਹਿ ਕੇ ਪੌਲੁਸ ਦਿਖਾ ਰਿਹਾ ਸੀ ਕਿ ਸ਼ਾਂਤੀ ਬਣਾਈ ਰੱਖਣੀ ਹਮੇਸ਼ਾ ਸਾਡੇ ਵੱਸ ਦੀ ਗੱਲ ਨਹੀਂ ਹੁੰਦੀ। ਉਦਾਹਰਣ ਲਈ, ਅਸੀਂ ਪਰਮੇਸ਼ੁਰ ਦੇ ਕਿਸੇ ਹੁਕਮ ਦੀ ਉਲੰਘਣਾ ਕਰ ਕੇ ਲੋਕਾਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਨਹੀਂ ਕਰਾਂਗੇ। (ਮੱਤੀ 10:34-36; ਇਬਰਾਨੀਆਂ 12:14) ਇਸ ਤੋਂ ਇਲਾਵਾ ਸਾਡੇ ਤੋਂ ਜਿੰਨਾ ਹੋ ਸਕਦਾ ਹੈ ਅਸੀਂ ਕਰਾਂਗੇ ਤਾਂਕਿ ਅਸੀਂ “ਸਾਰੇ ਮਨੁੱਖਾਂ” ਨਾਲ ਬਣਾਈ ਰੱਖੀਏ।

“ਆਪਣਾ ਬਦਲਾ ਨਾ ਲਓ”

15. ਰੋਮੀਆਂ 12:19 ਵਿਚ ਬਦਲਾ ਨਾ ਲੈਣ ਦਾ ਕਿਹੜਾ ਕਾਰਨ ਦਿੱਤਾ ਗਿਆ ਹੈ?

15 ਅੱਗੇ ਪੌਲੁਸ ਨੇ ਬਦਲਾ ਨਾ ਲੈਣ ਦਾ ਇਕ ਹੋਰ ਜ਼ਬਰਦਸਤ ਕਾਰਨ ਦਿੱਤਾ। ਬਦਲਾ ਨਾ ਲੈਣਾ ਹਲੀਮੀ ਦਾ ਸਬੂਤ ਹੈ। ਉਸ ਨੇ ਕਿਹਾ: “ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।” (ਰੋਮੀਆਂ 12:19) ਜੋ ਇਨਸਾਨ ਬਦਲਾ ਲੈਣ ਦੀ ਕੋਸ਼ਿਸ਼ ਕਰਦਾ ਹੈ, ਉਹ ਗੁਸਤਾਖ਼ੀ ਕਰਦਾ ਹੈ। ਉਹ ਸਮਝਦਾ ਹੈ ਕਿ ਬਦਲਾ ਲੈਣਾ ਉਸ ਦਾ ਕੰਮ ਹੈ ਨਾ ਕਿ ਪਰਮੇਸ਼ੁਰ ਦਾ। (ਮੱਤੀ 7:1) ਇਸ ਤਰ੍ਹਾਂ ਕਰ ਕੇ ਉਹ ਦਿਖਾਉਂਦਾ ਹੈ ਕਿ ਉਸ ਨੂੰ ਯਹੋਵਾਹ ਦੇ ਇਸ ਕਹੇ ਤੇ ਭਰੋਸਾ ਨਹੀਂ: “ਬਦਲਾ ਲੈਣਾ ਮੇਰਾ ਕੰਮ ਹੈ।” ਪਰ ਸਾਨੂੰ ਯਹੋਵਾਹ ਤੇ ਪੂਰਾ ਵਿਸ਼ਵਾਸ ਹੈ ਕਿ ਉਹ ‘ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲਵੇਗਾ।’ (ਲੂਕਾ 18:7, 8; 2 ਥੱਸਲੁਨੀਕੀਆਂ 1:6-8) ਹਲੀਮੀ ਨਾਲ ਅਸੀਂ ਬਦਲਾ ਲੈਣ ਦਾ ਕੰਮ ਯਹੋਵਾਹ ਤੇ ਛੱਡ ਦਿੰਦੇ ਹਾਂ।—ਯਿਰਮਿਯਾਹ 30:23, 24; ਰੋਮੀਆਂ 1:18.

16, 17. (ੳ) ਕਿਸੇ ਦੇ “ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ” ਲਾਉਣ ਦਾ ਕੀ ਮਤਲਬ ਹੈ? (ਅ) ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਸ ਦਾ ਦਿਲ ਯਹੋਵਾਹ ਦੇ ਗਵਾਹਾਂ ਦੀ ਭਲਾਈ ਦੇ ਕਾਰਨ ਪਿਘਲ ਗਿਆ ਸੀ? ਉਦਾਹਰਣ ਦਿਓ।

16 ਬਦਲਾ ਲੈਣ ਨਾਲ ਦੁਸ਼ਮਣ ਦਾ ਦਿਲ ਪੱਥਰ ਬਣ ਸਕਦਾ ਹੈ, ਪਰ ਪਿਆਰ ਨਾਲ ਪੇਸ਼ ਆ ਕੇ ਉਸ ਦਾ ਦਿਲ ਪਿਘਲਾਇਆ ਜਾ ਸਕਦਾ ਹੈ। ਕਿਉਂ? ਧਿਆਨ ਦਿਓ ਕਿ ਪੌਲੁਸ ਨੇ ਰੋਮੀਆਂ ਨੂੰ ਅੱਗੇ ਹੋਰ ਕੀ ਲਿਖਿਆ: “ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖੁਆ, ਜੇ ਤਿਹਾਇਆ ਹੋਵੇ ਤਾਂ ਉਹ ਨੂੰ ਪਿਆ ਕਿਉਂ ਜੋ ਇਹ ਕਰ ਕੇ ਤੂੰ ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ।” (ਰੋਮੀਆਂ 12:20; ਕਹਾਉਤਾਂ 25:21, 22) ਇਸ ਦਾ ਕੀ ਮਤਲਬ ਹੈ?

17 ਪੁਰਾਣੇ ਜ਼ਮਾਨੇ ਵਿਚ ਧਾਤ ਪਿਘਲਾਉਣ ਲਈ ਜੋ ਤਰੀਕਾ ਵਰਤਿਆ ਜਾਂਦਾ ਸੀ, ਉਸ ਤੋਂ “ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ” ਲਾਉਣ ਦੀ ਕਹਾਵਤ ਬਣੀ ਹੈ। ਲੋਹੇ ਵਰਗੀ ਕੱਚੀ ਧਾਤ ਪਿਘਲਾਉਣ ਲਈ ਭੱਠੀ ਵਿਚ ਧਾਤ ਦੇ ਥੱਲੇ ਅਤੇ ਉਸ ਦੇ ਉੱਪਰ ਵੀ ਕੋਲੇ ਪਾਏ ਜਾਂਦੇ ਸਨ। ਧਾਤ ਦੇ ਉੱਪਰ ਕੋਲੇ ਪਾਉਣ ਨਾਲ ਭੱਠੀ ਦਾ ਸੇਕ ਵਧ ਜਾਂਦਾ ਸੀ ਜਿਸ ਨਾਲ ਸਖ਼ਤ ਧਾਤ ਪਿਘਲ ਜਾਂਦੀ ਸੀ ਤੇ ਉਸ ਤੋਂ ਮੈਲ ਵੱਖਰੀ ਹੋ ਜਾਂਦੀ ਸੀ। ਇਸੇ ਤਰ੍ਹਾਂ ਆਪਣੇ ਵਿਰੋਧੀ ਨਾਲ ਪਿਆਰ ਨਾਲ ਪੇਸ਼ ਆ ਕੇ ਅਸੀਂ ਉਸ ਦਾ ਦਿਲ ਪਿਘਲਾ ਸਕਦੇ ਹਾਂ ਅਤੇ ਉਸ ਦਾ ਰਵੱਈਆ ਬਦਲ ਸਕਦਾ ਹੈ। (2 ਰਾਜਿਆਂ 6:14-23) ਸੱਚ ਤਾਂ ਇਹ ਹੈ ਕਿ ਸਾਡੇ ਵਿੱਚੋਂ ਕਈਆਂ ਨੇ ਇਸ ਕਰਕੇ ਸੱਚਾਈ ਅਪਣਾਈ ਸੀ ਕਿਉਂਕਿ ਯਹੋਵਾਹ ਦੇ ਗਵਾਹਾਂ ਨੇ ਸਾਡੇ ਲਈ ਭਲੇ ਕੰਮ ਕੀਤੇ ਸਨ।

ਅਸੀਂ ਬਦਲਾ ਕਿਉਂ ਨਹੀਂ ਲੈਂਦੇ?

18. ਬਦਲਾ ਨਾ ਲੈਣਾ ਸਹੀ ਕਿਉਂ ਹੈ ਅਤੇ ਇਸ ਤਰ੍ਹਾਂ ਕਰਨ ਤੋਂ ਪਿਆਰ ਅਤੇ ਹਲੀਮੀ ਦਾ ਸਬੂਤ ਕਿਵੇਂ ਮਿਲਦਾ ਹੈ?

18ਰੋਮੀਆਂ ਦੇ 12ਵੇਂ ਅਧਿਆਇ ਦੀ ਇਸ ਚਰਚਾ ਤੋਂ ਅਸੀਂ ਦੇਖਿਆ ਹੈ ਕਿ ‘ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰਨ’ ਦੇ ਕਈ ਚੰਗੇ ਕਾਰਨ ਹਨ। ਪਹਿਲਾ ਕਾਰਨ ਹੈ ਕਿ ਆਪਣੇ ਆਪ ਨੂੰ ਬਦਲਾ ਲੈਣ ਤੋਂ ਰੋਕੀ ਰੱਖਣ ਨਾਲ ਅਸੀਂ ਸਹੀ ਰਾਹ ਤੇ ਚੱਲ ਰਹੇ ਹੋਵਾਂਗੇ। ਪਰਮੇਸ਼ੁਰ ਨੇ ਸਾਡੇ ਤੇ ਦਇਆ ਕੀਤੀ ਹੈ, ਇਸ ਲਈ ਸਾਨੂੰ ਖ਼ੁਸ਼ੀ-ਖ਼ੁਸ਼ੀ ਉਸ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਉਸ ਦਾ ਇਕ ਹੁਕਮ ਹੈ ਕਿ ਅਸੀਂ ਆਪਣੇ ਵੈਰੀਆਂ ਨੂੰ ਪਿਆਰ ਕਰੀਏ। ਦੂਜਾ ਕਾਰਨ ਹੈ ਕਿ ਬਦਲਾ ਨਾ ਲੈਣਾ ਪਿਆਰ ਦਾ ਸਬੂਤ ਹੈ। ਆਪਣੇ ਦਿਲ ਵਿੱਚੋਂ ਬਦਲਾ ਲੈਣ ਦੀ ਭਾਵਨਾ ਕੱਢ ਕੇ ਅਤੇ ਸ਼ਾਂਤੀ ਬਣਾਈ ਰੱਖਣ ਨਾਲ ਅਸੀਂ ਆਪਣੇ ਵਿਰੋਧੀਆਂ ਦੀ ਮਦਦ ਵੀ ਕਰ ਸਕਦੇ ਹਾਂ। ਹੋ ਸਕਦਾ ਉਹ ਵੀ ਯਹੋਵਾਹ ਦੀ ਭਗਤੀ ਕਰਨ ਲੱਗ ਪੈਣ। ਬਦਲਾ ਲੈਣ ਤੋਂ ਦੂਰ ਰਹਿਣ ਦਾ ਤੀਜਾ ਕਾਰਨ ਹੈ ਕਿ ਇਸ ਤੋਂ ਸਾਡੀ ਹਲੀਮੀ ਦਾ ਸਬੂਤ ਮਿਲਦਾ ਹੈ। ਆਪਣਾ ਬਦਲਾ ਆਪ ਲੈਣਾ ਗੁਸਤਾਖ਼ੀ ਹੈ ਕਿਉਂਕਿ ਯਹੋਵਾਹ ਕਹਿੰਦਾ ਹੈ: “ਬਦਲਾ ਲੈਣਾ ਮੇਰਾ ਕੰਮ ਹੈ।” ਬਾਈਬਲ ਇਹ ਵੀ ਕਹਿੰਦੀ ਹੈ: “ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ, ਪਰ ਦੀਨਾਂ ਦੇ ਨਾਲ ਬੁੱਧ ਹੈ।” (ਕਹਾਉਤਾਂ 11:2) ਬਦਲਾ ਲੈਣ ਦਾ ਕੰਮ ਯਹੋਵਾਹ ਤੇ ਛੱਡ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਹੰਕਾਰ ਨਹੀਂ ਕਰਦੇ।

19. ਅਗਲੇ ਲੇਖ ਵਿਚ ਕਿਨ੍ਹਾਂ ਵਿਸ਼ਿਆਂ ਤੇ ਗੱਲ ਕੀਤੀ ਜਾਵੇਗੀ?

19 ਪੌਲੁਸ ਨੇ ਅਖ਼ੀਰ ਵਿਚ ਸਾਨੂੰ ਦੂਜਿਆਂ ਨਾਲ ਪੇਸ਼ ਆਉਣ ਬਾਰੇ ਕਿਹਾ: “ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।” (ਰੋਮੀਆਂ 12:21) ਸਾਨੂੰ ਕਿਹੜੀਆਂ ਦੁਸ਼ਟ ਤਾਕਤਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ? ਅੱਜ ਅਸੀਂ ਇਨ੍ਹਾਂ ਉੱਤੇ ਜਿੱਤ ਕਿਵੇਂ ਹਾਸਲ ਕਰ ਸਕਦੇ ਹਾਂ? ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਪਾਵਾਂਗੇ।

ਕੀ ਤੁਸੀਂ ਸਮਝਾ ਸਕਦੇ ਹੋ?

ਰੋਮੀਆਂ ਦੇ 12ਵੇਂ ਅਧਿਆਇ ਵਿਚ ਕਿਹੜੀ ਸਲਾਹ ਵਾਰ-ਵਾਰ ਦਿੱਤੀ ਗਈ ਹੈ?

• ਕਿਹੜੀ ਗੱਲ ਸਾਨੂੰ ਬਦਲਾ ਲੈਣ ਤੋਂ ਰੋਕੇਗੀ?

• ‘ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰਨ’ ਨਾਲ ਸਾਨੂੰ ਅਤੇ ਹੋਰਨਾਂ ਨੂੰ ਕਿਹੜੇ ਲਾਭ ਹੁੰਦੇ ਹਨ?

[ਸਵਾਲ]

[ਸਫ਼ਾ 22 ਉੱਤੇ ਡੱਬੀ]

ਰੋਮੀਆਂ ਦੇ 12ਵੇਂ ਅਧਿਆਇ ਵਿਚ ਦੱਸਿਆ ਗਿਆ ਹੈ ਕਿ

• ਯਹੋਵਾਹ ਨਾਲ

• ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ

• ਦੁਨਿਆਵੀ ਲੋਕਾਂ ਨਾਲ

ਸਾਡਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਹੈ

[ਸਫ਼ਾ 23 ਉੱਤੇ ਤਸਵੀਰ]

ਰੋਮੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਤੋਂ ਸਾਨੂੰ ਵਧੀਆ ਸਲਾਹ ਮਿਲਦੀ ਹੈ

[ਸਫ਼ਾ 25 ਉੱਤੇ ਤਸਵੀਰ]

ਇਸਤੀਫ਼ਾਨ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?