ਬੱਚਿਆਂ ਲਈ ਜ਼ਰੂਰੀ ਸਬਕ
ਬੱਚਿਆਂ ਲਈ ਜ਼ਰੂਰੀ ਸਬਕ
ਗਲੈਡੀਸ ਅਰਜਨਟੀਨਾ ਦੇ ਮੈਂਡੋਜ਼ਾ ਸ਼ਹਿਰ ਦੇ ਇਕ ਸਕੂਲ ਵਿਚ ਕੰਮ ਕਰਦੀ ਹੈ। ਇਕ ਦਿਨ ਉਹ ਇਕ ਕਲਾਸ-ਰੂਮ ਦੇ ਨੇੜਿਓਂ ਦੀ ਲੰਘੀ ਅਤੇ ਦੇਖਿਆ ਕਿ ਅਧਿਆਪਕਾ ਆਪਣੀ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ * ਵਿੱਚੋਂ ਕੁਝ ਪੜ੍ਹ ਕੇ ਸੁਣਾ ਰਹੀ ਸੀ। ਗਲੈਡੀਸ ਨੇ ਉਸ ਅਧਿਆਪਕਾ ਨੂੰ ਆਪਣੀ ਪਛਾਣ ਕਰਾਉਂਦਿਆਂ ਕਿਹਾ ਕਿ ਉਹ ਯਹੋਵਾਹ ਦੀ ਇਕ ਗਵਾਹ ਹੈ ਅਤੇ ਦੱਸਿਆ ਕਿ ਇਸ ਕਿਤਾਬ ਨੂੰ ਜ਼ਿਆਦਾ ਫ਼ਾਇਦੇਮੰਦ ਕਿਵੇਂ ਬਣਾਇਆ ਜਾ ਸਕਦਾ ਹੈ। ਗਲੈਡੀਸ ਦੇ ਦੱਸੇ ਤਰੀਕੇ ਤੋਂ ਪ੍ਰਭਾਵਿਤ ਹੋ ਕੇ ਅਧਿਆਪਕਾ ਬਾਕਾਇਦਾ ਕਲਾਸ ਵਿਚ ਕਿਤਾਬ ਪੜ੍ਹਨੀ ਚਾਹੁੰਦੀ ਸੀ। ਇਸ ਦੇ ਲਈ ਉਸ ਨੂੰ ਸਕੂਲ ਦੇ ਪ੍ਰਬੰਧਕਾਂ ਤੋਂ ਇਜਾਜ਼ਤ ਲੈਣ ਦੀ ਲੋੜ ਸੀ। ਉਹ ਬਹੁਤ ਖ਼ੁਸ਼ ਹੋਈ ਜਦ ਉਸ ਨੂੰ ਇਜਾਜ਼ਤ ਮਿਲ ਗਈ।
ਸਕੂਲ ਵਿਚ ਕਿਤਾਬਾਂ ਪੜ੍ਹਨ ਲਈ ਇਕ ਖ਼ਾਸ ਦਿਨ ਰੱਖਿਆ ਹੋਇਆ ਸੀ ਅਤੇ ਇਸ ਦਿਨ ਤੇ ਉਸ ਅਧਿਆਪਕਾ ਨੇ ਸਕੂਲ ਦੇ ਸਾਰੇ ਬੱਚਿਆਂ ਸਾਮ੍ਹਣੇ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਇਸ ਕਿਤਾਬ ਵਿੱਚੋਂ ਇਕ ਅਧਿਆਇ ਪੜ੍ਹਨ ਨੂੰ ਦਿੱਤਾ। ਇਸ ਪ੍ਰੋਗ੍ਰਾਮ ਦੇ ਨਤੀਜੇ ਵਜੋਂ ਅਧਿਆਪਕਾ ਨੂੰ ਸਥਾਨਕ ਟੈਲੀਵਿਯਨ ਸ਼ੋਅ ਵਿਚ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਬੁਲਾਇਆ ਗਿਆ। ਜਦੋਂ ਸਕੂਲ ਦੇ ਬੱਚਿਆਂ ਦੇ ਚਾਲ-ਚਲਣ ਦੀ ਗੱਲ ਚੱਲੀ, ਤਾਂ ਸ਼ੋਅ ਦੇ ਮੇਜ਼ਬਾਨ ਨੇ ਅਧਿਆਪਕਾ ਨੂੰ ਪੁੱਛਿਆ, “ਤੁਸੀਂ ਆਪਣੀ ਕਲਾਸ ਦੇ ਬੱਚਿਆਂ ਨੂੰ ਚੰਗਾ ਸਲੀਕਾ ਕਿਵੇਂ ਸਿਖਾਇਆ ਹੈ?” ਅਧਿਆਪਕਾ ਨੇ ਦੱਸਿਆ ਕਿ ਉਹ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਦਾ ਇਸਤੇਮਾਲ ਕਰਦੀ ਸੀ। ਉਸ ਨੇ ਦੱਸਿਆ ਕਿ ਭਾਵੇਂ ਉਹ ਕਲਾਸ ਵਿਚ ਧਾਰਮਿਕ ਸਿੱਖਿਆ ਨਹੀਂ ਦੇ ਰਹੀ ਸੀ, ਪਰ ਇਸ ਕਿਤਾਬ ਦੇ ਜ਼ਰੀਏ ਉਸ ਨੇ ਬੱਚਿਆਂ ਦੇ ਮਨਾਂ ਵਿਚ ਨੈਤਿਕ ਕਦਰਾਂ-ਕੀਮਤਾਂ ਬਿਠਾਈਆਂ ਹਨ ਜਿਵੇਂ ਆਦਰ ਕਰਨਾ, ਸਹਿਣਸ਼ੀਲ ਹੋਣਾ, ਏਕਤਾ ਰੱਖਣੀ, ਇਕ-ਦੂਜੇ ਦੀ ਮਦਦ ਕਰਨੀ, ਕਹਿਣਾ ਮੰਨਣਾ ਅਤੇ ਪਿਆਰ ਕਰਨਾ। ਸਾਰੇ ਸਹਿਮਤ ਹੋਏ ਕਿ ਬੱਚਿਆਂ ਨੂੰ ਇਹ ਜ਼ਰੂਰੀ ਸਬਕ ਸਿੱਖਣੇ ਚਾਹੀਦੇ ਹਨ।
ਕੀ ਤੁਸੀਂ ਆਪਣੇ ਬੱਚਿਆਂ ਵਿਚ ਅਜਿਹੀਆਂ ਕਦਰਾਂ-ਕੀਮਤਾਂ ਬਿਠਾਉਣੀਆਂ ਚਾਹੁੰਦੇ ਹੋ? ਤੁਸੀਂ ਯਹੋਵਾਹ ਦੇ ਕਿਸੇ ਗਵਾਹ ਤੋਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਮੰਗਵਾ ਸਕਦੇ ਹੋ।
[ਫੁਟਨੋਟ]
^ ਪੈਰਾ 1 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।