Skip to content

Skip to table of contents

‘ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲਓ’

‘ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲਓ’

‘ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲਓ’

“ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।”—ਰੋਮੀਆਂ 12:21.

1. ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਅਸੀਂ ਬੁਰਾਈ ਨੂੰ ਹਰਾ ਸਕਦੇ ਹਾਂ?

ਕੀ ਉਨ੍ਹਾਂ ਲੋਕਾਂ ਦਾ ਡਟ ਕੇ ਸਾਮ੍ਹਣਾ ਕੀਤਾ ਜਾ ਸਕਦਾ ਹੈ ਜੋ ਸੱਚੀ ਭਗਤੀ ਦਾ ਡਾਢਾ ਵਿਰੋਧ ਕਰਦੇ ਹਨ? ਕੀ ਉਨ੍ਹਾਂ ਤਾਕਤਾਂ ਨੂੰ ਹਰਾਇਆ ਜਾ ਸਕਦਾ ਹੈ ਜੋ ਸਾਨੂੰ ਇਸ ਬੁਰੀ ਦੁਨੀਆਂ ਵਿਚ ਵਾਪਸ ਲੈ ਜਾਣ ਦੀ ਕੋਸ਼ਿਸ਼ ਕਰਦੀਆਂ ਹਨ? ਇਨ੍ਹਾਂ ਦੋਹਾਂ ਸਵਾਲਾਂ ਦਾ ਜਵਾਬ ਹਾਂ ਵਿਚ ਦਿੱਤਾ ਜਾ ਸਕਦਾ ਹੈ। ਕਿਉਂ? ਕਿਉਂਕਿ ਪੌਲੁਸ ਰਸੂਲ ਨੇ ਰੋਮੀਆਂ ਨੂੰ ਚਿੱਠੀ ਵਿਚ ਲਿਖਿਆ: “ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।” (ਰੋਮੀਆਂ 12:21) “ਬੁਰਿਆਈ ਨੂੰ ਜਿੱਤ ਲਓ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਯਹੋਵਾਹ ਪਰਮੇਸ਼ੁਰ ਤੇ ਪੂਰਾ ਭਰੋਸਾ ਰੱਖਦੇ ਹਾਂ ਅਤੇ ਪੱਕਾ ਮਨ ਬਣਾਇਆ ਹੋਇਆ ਹੈ ਕਿ ਅਸੀਂ ਇਸ ਦੁਨੀਆਂ ਅੱਗੇ ਸਿਰ ਨਹੀਂ ਝੁਕਾਵਾਂਗੇ ਤੇ ਬੁਰਾਈ ਤੋਂ ਪਰੇ ਰਹਾਂਗੇ, ਤਾਂ ਬੁਰਾਈ ਉੱਤੇ ਸਾਡੀ ਜਿੱਤ ਜ਼ਰੂਰ ਹੋਵੇਗੀ। ਜੀ ਹਾਂ, ਅਸੀਂ ਬੁਰਾਈ ਨੂੰ ਹਰਾ ਸਕਦੇ ਹਾਂ! ਪਰ ਜਿਹੜੇ ਬੁਰਾਈ ਅੱਗੇ ਹਿੰਮਤ ਹਾਰ ਦਿੰਦੇ ਹਨ, ਉਹ ਇਸ ਦੁਸ਼ਟ ਸੰਸਾਰ ਦੇ ਹਾਕਮ ਸ਼ਤਾਨ ਦੇ ਸ਼ਿਕੰਜੇ ਵਿਚ ਫਸਣਗੇ।—1 ਯੂਹੰਨਾ 5:19.

2. ਅਸੀਂ ਨਹਮਯਾਹ ਦੀ ਜ਼ਿੰਦਗੀ ਵਿਚ ਵਾਪਰੀਆਂ ਕੁਝ ਘਟਨਾਵਾਂ ਉੱਤੇ ਗੌਰ ਕਿਉਂ ਕਰਾਂਗੇ?

2 ਪੌਲੁਸ ਰਸੂਲ ਦੇ ਜ਼ਮਾਨੇ ਤੋਂ 500 ਸਾਲ ਪਹਿਲਾਂ ਯਰੂਸ਼ਲਮ ਵਿਚ ਪਰਮੇਸ਼ੁਰ ਦਾ ਇਕ ਬੰਦਾ ਰਹਿੰਦਾ ਸੀ ਜਿਸ ਦਾ ਨਾਂ ਨਹਮਯਾਹ ਸੀ। ਉਸ ਨੇ ਬੁਰਾਈ ਨੂੰ ਜਿੱਤ ਕੇ ਪੌਲੁਸ ਦੀ ਗੱਲ ਨੂੰ ਸੱਚ ਸਾਬਤ ਕੀਤਾ। ਪਰਮੇਸ਼ੁਰ ਦੇ ਉਸ ਸੇਵਕ ਨੇ ਆਪਣੇ ਵਿਰੋਧੀਆਂ ਦਾ ਸਿਰਫ਼ ਸਾਮ੍ਹਣਾ ਹੀ ਨਹੀਂ ਕੀਤਾ, ਸਗੋਂ ਭਲਾਈ ਨਾਲ ਬੁਰਾਈ ਨੂੰ ਜਿੱਤ ਵੀ ਲਿਆ। ਉਸ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ? ਉਹ ਕਾਮਯਾਬ ਕਿਵੇਂ ਹੋ ਸਕਿਆ? ਅਸੀਂ ਉਸ ਦੇ ਨਮੂਨੇ ਤੇ ਕਿਵੇਂ ਚੱਲ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਆਓ ਆਪਾਂ ਨਹਮਯਾਹ ਦੀ ਜ਼ਿੰਦਗੀ ਵਿਚ ਵਾਪਰੀਆਂ ਕੁਝ ਘਟਨਾਵਾਂ ਉੱਤੇ ਗੌਰ ਕਰੀਏ। *

3. ਨਹਮਯਾਹ ਕਿਹੋ ਜਿਹੇ ਮਾਹੌਲ ਵਿਚ ਰਹਿੰਦਾ ਸੀ ਅਤੇ ਉਸ ਨੇ ਕਿਹੜਾ ਮਹਾਨ ਕੰਮ ਸਿਰੇ ਚਾੜ੍ਹਿਆ?

3 ਨਹਮਯਾਹ ਫ਼ਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਸ਼ਾਹੀ ਦਰਬਾਰ ਵਿਚ ਕੰਮ ਕਰਦਾ ਸੀ। ਭਾਵੇਂ ਉਸ ਦੇ ਨੇੜੇ-ਤੇੜੇ ਰਹਿੰਦੇ ਲੋਕ ਯਹੋਵਾਹ ਦੀ ਸੇਵਾ ਨਹੀਂ ਕਰਦੇ ਸਨ, ਫਿਰ ਵੀ ਉਹ ਆਪਣੇ ਜ਼ਮਾਨੇ ਦੇ “ਜੁੱਗ ਦੇ ਰੂਪ” ਜਿਹਾ ਨਹੀਂ ਬਣਿਆ। (ਰੋਮੀਆਂ 12:2) ਜਦੋਂ ਯਹੂਦਾਹ ਵਿਚ ਲੋੜ ਪਈ, ਤਾਂ ਉਹ ਆਪਣੀ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਤਿਆਗ ਕੇ ਯਰੂਸ਼ਲਮ ਤਕ ਔਖਾ ਸਫ਼ਰ ਕਰ ਕੇ ਗਿਆ ਜਿੱਥੇ ਉਸ ਨੇ ਸ਼ਹਿਰ ਦੀਆਂ ਕੰਧਾਂ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। (ਰੋਮੀਆਂ 12:1) ਭਾਵੇਂ ਉਹ ਯਰੂਸ਼ਲਮ ਦਾ ਹਾਕਮ ਸੀ, ਫਿਰ ਵੀ ਉਹ ਬਾਕੀ ਦੇ ਇਸਰਾਏਲੀਆਂ ਨਾਲ ਮਿਲ ਕੇ ਹਰ ਰੋਜ਼ “ਸੂਰਜ ਚੜ੍ਹਣ ਤੋਂ ਤਾਰਿਆਂ ਦੇ ਵਿਖਾਈ ਦੇਣ ਤੀਕ” ਕੰਮ ਕਰਦਾ ਰਿਹਾ। ਨਤੀਜੇ ਵਜੋਂ ਦੋ ਮਹੀਨਿਆਂ ਦੇ ਅੰਦਰ-ਅੰਦਰ ਕੰਧ ਦੀ ਉਸਾਰੀ ਦਾ ਕੰਮ ਪੂਰਾ ਹੋ ਗਿਆ! (ਨਹਮਯਾਹ 4:21; 6:15) ਇਹ ਮਾਅਰਕੇ ਦੀ ਗੱਲ ਸੀ ਕਿਉਂਕਿ ਉਸ ਕੰਮ ਦੌਰਾਨ ਇਸਰਾਏਲੀਆਂ ਨੂੰ ਬਹੁਤ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਸੀ। ਨਹਮਯਾਹ ਦੇ ਵਿਰੋਧੀ ਕੌਣ ਸਨ ਅਤੇ ਉਹ ਕੀ ਕਰਨਾ ਚਾਹੁੰਦੇ ਸਨ?

4. ਨਹਮਯਾਹ ਦੇ ਦੁਸ਼ਮਣਾਂ ਨੇ ਕੀ ਕਰਨ ਲਈ ਲੱਕ ਬੱਧਾ ਹੋਇਆ ਸੀ?

4 ਨਹਮਯਾਹ ਦੇ ਮੁੱਖ ਵਿਰੋਧੀ ਯਹੂਦਾਹ ਦੇ ਲਾਗੇ ਰਹਿੰਦੇ ਸਨਬੱਲਟ, ਟੋਬੀਯਾਹ ਅਤੇ ਗਸ਼ਮ ਨਾਂ ਦੇ ਰੋਹਬਦਾਰ ਆਦਮੀ ਸਨ। ਇਹ ਆਦਮੀ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣ ਸਨ ਜਿਸ ਕਰਕੇ “ਉਨ੍ਹਾਂ ਨੇ ਬਹੁਤ ਬੁਰਾ ਮਨਾਇਆ ਕਿ [ਨਹਮਯਾਹ] ਇਸਰਾਏਲੀਆਂ ਦੀ ਭਲਿਆਈ ਦਾ ਚਾਹਵੰਦ ਆਇਆ” ਸੀ। (ਨਹਮਯਾਹ 2:10, 19) ਨਹਮਯਾਹ ਦੇ ਦੁਸ਼ਮਣਾਂ ਨੇ ਨਹਮਯਾਹ ਨੂੰ ਉਸਾਰੀ ਦਾ ਕੰਮ ਕਰਨ ਤੋਂ ਰੋਕਣ ਲਈ ਲੱਕ ਬੱਧਾ ਹੋਇਆ ਸੀ। ਇਸ ਦੇ ਲਈ ਉਹ ਬੁਰੀ ਤੋਂ ਬੁਰੀ ਸਕੀਮ ਬਣਾ ਰਹੇ ਸਨ। ਕੀ ਨਹਮਯਾਹ ਬੁਰਾਈ ਅੱਗੇ ਹਾਰ ਮੰਨਣ ਨੂੰ ਤਿਆਰ ਸੀ?

“ਗੁੱਸਾ ਚੜ੍ਹਿਆ ਅਤੇ ਬਹੁਤ ਨਰਾਜ਼ ਹੋਇਆ”

5, 6. (ੳ) ਨਹਮਯਾਹ ਦੇ ਦੁਸ਼ਮਣਾਂ ਨੇ ਉਸਾਰੀ ਦਾ ਕੰਮ ਹੁੰਦਾ ਦੇਖ ਕੇ ਕੀ ਕਿਹਾ ਸੀ? (ਅ) ਨਹਮਯਾਹ ਆਪਣੇ ਵਿਰੋਧੀਆਂ ਤੋਂ ਕਿਉਂ ਨਹੀਂ ਡਰਿਆ ਸੀ?

5 ਬਹਾਦਰੀ ਨਾਲ ਨਹਮਯਾਹ ਨੇ ਲੋਕਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਆਖਿਆ: “ਆਓ, ਅਸੀਂ ਯਰੂਸ਼ਲਮ ਦੀ ਕੰਧ ਬਣਾਈਏ।” ਜਵਾਬ ਵਿਚ ਲੋਕਾਂ ਨੇ ਆਖਿਆ: ‘ਆਓ, ਅਸੀਂ ਬਣਾਈਏ।’ ਨਹਮਯਾਹ ਨੇ ਅੱਗੇ ਦੱਸਿਆ: “ਉਨ੍ਹਾਂ ਨੇ ਏਸ ਨੇਕ ਕੰਮ ਲਈ ਆਪਣੇ ਹੱਥਾਂ ਨੂੰ ਤਕੜਿਆਂ ਕੀਤਾ,” ਪਰ ਵਿਰੋਧੀਆਂ ਨੇ “ਸਾਡਾ ਮਖੌਲ ਉਡਾਇਆ ਅਤੇ ਸਾਡੀ ਨਿੰਦਿਆ ਕੀਤੀ ਅਤੇ ਆਖਿਆ, ਇਹ ਕੀ ਗੱਲ ਹੈ ਜਿਹੜੀ ਤੁਸੀਂ ਕਰਦੇ ਹੋ? ਕੀ ਤੁਸੀਂ ਪਾਤਸ਼ਾਹ ਤੋਂ ਆਕੀ ਹੋ ਜਾਓਗੇ?” ਨਹਮਯਾਹ ਉਨ੍ਹਾਂ ਦੀਆਂ ਚੁਭਵੀਆਂ ਗੱਲਾਂ ਤੇ ਝੂਠੇ ਇਲਜ਼ਾਮਾਂ ਕਾਰਨ ਡਰਿਆ ਨਹੀਂ ਸੀ। ਉਸ ਨੇ ਆਪਣੇ ਵਿਰੋਧੀਆਂ ਨੂੰ ਉੱਤਰ ਦੇ ਕੇ ਆਖਿਆ: “ਅਕਾਸ਼ ਦਾ ਪਰਮੇਸ਼ੁਰ ਓਹੀ ਸਾਨੂੰ ਸੁਫਲ ਕਰੇਗਾ ਏਸ ਲਈ ਅਸੀਂ ਓਹ ਦੇ ਦਾਸ ਉੱਠਾਂਗੇ ਤੇ ਬਣਾਵਾਂਗੇ।” (ਨਹਮਯਾਹ 2:17-20) ਇਹ “ਨੇਕ ਕੰਮ” ਕਰਨ ਲਈ ਨਹਮਯਾਹ ਨੇ ਕਿਸੇ ਨੂੰ ਵੀ ਆਪਣੇ ਰਾਹ ਵਿਚ ਰੋੜਾ ਨਹੀਂ ਸੀ ਬਣਨ ਦਿੱਤਾ।

6 ਸਨਬੱਲਟ ਨਾਂ ਦੇ ਵਿਰੋਧੀ ਨੂੰ ‘ਗੁੱਸਾ ਚੜ੍ਹਿਆ ਅਤੇ ਉਹ ਬਹੁਤ ਨਰਾਜ਼ ਹੋਇਆ।’ ਉਸ ਨੇ ਸਵਾਲਾਂ ਦੀ ਬੁਛਾੜ ਕਰਦੇ ਹੋਏ ਕਿਹਾ: “ਏਹ ਹੁਟੇ ਹੋਏ ਯਹੂਦੀ ਕੀ ਕਰਦੇ ਹਨ?” ਮਖੌਲ ਕਰਦਿਆਂ ਉਸ ਨੇ ਅੱਗੇ ਪੁੱਛਿਆ: “ਕੀ ਓਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁਗ ਕੇ ਫੇਰ ਨਵੇਂ ਬਣਾ ਲੈਣਗੇ?” ਉਸ ਨਾਲ ਮਿਲ ਕੇ ਟੋਬੀਯਾਹ ਨੇ ਵੀ ਮਖੌਲ ਕਰਦਿਆਂ ਆਖਿਆ: “ਜੇ ਇੱਕ ਲੂਮੜੀ ਏਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਏਸ ਕੰਧ ਨੂੰ ਢਾਹ ਦੇਵੇਗੀ!” (ਨਹਮਯਾਹ 4:1-3) ਇਹ ਸਭ ਸੁਣ ਕੇ ਨਹਮਯਾਹ ਨੇ ਕੀ ਕੀਤਾ?

7. ਨਹਮਯਾਹ ਨੇ ਆਪਣੇ ਵਿਰੋਧੀਆਂ ਦੇ ਤਾਅਨੇ ਸੁਣ ਕੇ ਕੀ ਕੀਤਾ ਸੀ?

7 ਨਹਮਯਾਹ ਨੇ ਉਨ੍ਹਾਂ ਦੀਆਂ ਗੱਲਾਂ ਵੱਲ ਕੰਨ ਨਹੀਂ ਧਰਿਆ। ਉਹ ਪਰਮੇਸ਼ੁਰ ਦੇ ਹੁਕਮ ਮੁਤਾਬਕ ਚੱਲਿਆ ਅਤੇ ਉਸ ਨੇ ਬਦਲਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। (ਲੇਵੀਆਂ 19:18) ਇਸ ਦੀ ਬਜਾਇ ਉਸ ਨੇ ਸਾਰਾ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡਦੇ ਹੋਏ ਪ੍ਰਾਰਥਨਾ ਕੀਤੀ: “ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂ ਜੋ ਸਾਡੀ ਬੇਪਤੀ ਹੁੰਦੀ ਹੈ। ਏਸ ਨਿੰਦਿਆ ਨੂੰ ਮੁੜ ਉਨ੍ਹਾਂ ਦੇ ਸਿਰ ਉੱਤੇ ਪਾ।” (ਨਹਮਯਾਹ 4:4) ਨਹਮਯਾਹ ਨੂੰ ਯਹੋਵਾਹ ਦੇ ਇਸ ਕਹੇ ਤੇ ਪੂਰਾ ਭਰੋਸਾ ਸੀ ਕਿ “ਬਦਲਾ ਦੇਣਾ ਅਤੇ ਬਦਲਾ ਲੈਣਾ ਮੇਰਾ ਕੰਮ ਹੈ।” (ਬਿਵਸਥਾ ਸਾਰ 32:35) ਇਸਰਾਏਲੀਆਂ ਨਾਲ ਮਿਲ ਕੇ ਨਹਮਯਾਹ ਕੰਮ ਵਿਚ ਲੱਗਾ ਰਿਹਾ। ਉਨ੍ਹਾਂ ਨੇ ਆਪਣਾ ਧਿਆਨ ਹੋਰ ਪਾਸੇ ਨਹੀਂ ਭਟਕਣ ਦਿੱਤਾ। ਸਗੋਂ ਉਹ “ਕੰਧ ਬਣਾਉਂਦੇ ਗਏ ਅਤੇ ਸਾਰੀ ਕੰਧ ਅੱਧ ਤੀਕ ਜੋੜੀ ਗਈ ਕਿਉਂ ਜੋ ਲੋਕ ਦਿਲ ਨਾਲ ਕੰਮ ਕਰਦੇ ਸਨ।” (ਨਹਮਯਾਹ 4:6) ਉਸਾਰੀ ਦੇ ਕੰਮ ਨੂੰ ਯਹੋਵਾਹ ਦੇ ਵਿਰੋਧੀ ਰੋਕ ਨਹੀਂ ਸਕੇ। ਅਸੀਂ ਨਹਮਯਾਹ ਦੀ ਨਕਲ ਕਿਵੇਂ ਕਰ ਸਕਦੇ ਹਾਂ?

8. (ੳ) ਅਸੀਂ ਆਪਣੇ ਵਿਰੋਧੀਆਂ ਦੀਆਂ ਟਿੱਚਰਾਂ ਦਾ ਸਾਮ੍ਹਣਾ ਕਰਦੇ ਸਮੇਂ ਨਹਮਯਾਹ ਦੀ ਨਕਲ ਕਿਵੇਂ ਕਰ ਸਕਦੇ ਹਾਂ? (ਅ) ਆਪਣਾ ਜਾਂ ਕਿਸੇ ਹੋਰ ਦਾ ਕੋਈ ਤਜਰਬਾ ਸੁਣਾਓ ਜਿਸ ਤੋਂ ਪਤਾ ਲੱਗਦਾ ਹੈ ਕਿ ਬਦਲਾ ਨਾ ਲੈਣਾ ਬੁੱਧੀਮਤਾ ਦੀ ਗੱਲ ਹੈ।

8 ਅੱਜ ਸਾਡੇ ਵਿਰੋਧੀ ਵੀ ਸਾਨੂੰ ਤਾਅਨੇ ਮਾਰਦੇ ਹਨ। ਇਹ ਵਿਰੋਧੀ ਸਕੂਲ ਵਿਚ ਹੋ ਸਕਦੇ ਹਨ, ਕੰਮ ਦੀ ਥਾਂ ਤੇ ਜਾਂ ਸਾਡੇ ਘਰ ਦੇ ਮੈਂਬਰ ਵੀ ਹੋ ਸਕਦੇ ਹਨ। ਉਨ੍ਹਾਂ ਦੀਆਂ ਟਿੱਚਰਾਂ ਅੱਗੇ ਬਾਈਬਲ ਦਾ ਇਕ ਸਿਧਾਂਤ ਅਕਸਰ ਕੰਮ ਕਰਦਾ ਹੈ: “ਇੱਕ ਚੁੱਪ ਕਰਨ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 7) ਇਸ ਤਰ੍ਹਾਂ ਅਸੀਂ ਨਹਮਯਾਹ ਦੀ ਨਕਲ ਕਰ ਕੇ ਬਦਲੇ ਵਿਚ ਦਿਲ ਚੀਰਵੀਆਂ ਗੱਲਾਂ ਨਹੀਂ ਕਹਿੰਦੇ। (ਰੋਮੀਆਂ 12:17) ਅਸੀਂ ਪਰਮੇਸ਼ੁਰ ਨੂੰ ਦੁਆ ਕਰਦੇ ਹਾਂ ਅਤੇ ਉਸ ਦੇ ਇਸ ਕਹੇ ਤੇ ਪੂਰਾ ਭਰੋਸਾ ਰੱਖਦੇ ਹਾਂ ਕਿ “ਮੈਂ ਹੀ ਵੱਟਾ ਲਾਹਵਾਂਗਾ।” (ਰੋਮੀਆਂ 12:19; 1 ਪਤਰਸ 2:19, 20) ਇਸ ਤਰ੍ਹਾਂ ਅਸੀਂ ਆਪਣੇ ਵਿਰੋਧੀਆਂ ਨੂੰ ਆਪਣੇ ਰਾਹ ਵਿਚ ਰੋੜਾ ਬਣਨ ਨਹੀਂ ਦਿੰਦੇ, ਸਗੋਂ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਲੱਗੇ ਰਹਿੰਦੇ ਹਾਂ। (ਮੱਤੀ 24:14; 28:19, 20) ਵਿਰੋਧ ਦੇ ਬਾਵਜੂਦ ਜਦ ਵੀ ਅਸੀਂ ਨਿਧੜਕ ਹੋ ਕੇ ਪ੍ਰਚਾਰ ਦੇ ਕੰਮ ਵਿਚ ਜਾਂਦੇ ਹਾਂ, ਤਾਂ ਅਸੀਂ ਨਹਮਯਾਹ ਦੀ ਨਕਲ ਕਰ ਰਹੇ ਹੁੰਦੇ ਹਾਂ।

‘ਅਸੀਂ ਉਨ੍ਹਾਂ ਨੂੰ ਵੱਢ ਸੁੱਟਾਂਗੇ’

9. ਨਹਮਯਾਹ ਦੇ ਦੁਸ਼ਮਣਾਂ ਨੇ ਵਿਰੋਧ ਕਿਵੇਂ ਕੀਤਾ ਸੀ ਅਤੇ ਸਿੱਟੇ ਵਜੋਂ ਨਹਮਯਾਹ ਨੇ ਕੀ ਕੀਤਾ ਸੀ?

9 ਨਹਮਯਾਹ ਦੇ ਜ਼ਮਾਨੇ ਵਿਚ ਜਦ ਯਹੋਵਾਹ ਦੇ ਵਿਰੋਧੀਆਂ ਨੇ “ਸੁਣਿਆ ਕਿ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਹੁੰਦੀ ਜਾਂਦੀ ਹੈ,” ਤਾਂ ਉਹ ਤਲਵਾਰਾਂ ਲੈ ਕੇ ‘ਯਰੂਸ਼ਲਮ ਨਾਲ ਲੜਨ’ ਲਈ ਆ ਖੜ੍ਹੇ ਹੋਏ। ਉਸ ਵੇਲੇ ਯਹੂਦੀਆਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ। ਉੱਤਰ ਵਿਚ ਸਾਮਰੀ, ਪੂਰਬ ਵੱਲ ਅੰਮੋਨੀ, ਦੱਖਣ ਵੱਲ ਅਰਬੀ ਲੋਕ ਅਤੇ ਪੱਛਮ ਵੱਲ ਅਸ਼ਦੋਦੀ ਸਨ। ਉਨ੍ਹਾਂ ਨੇ ਯਰੂਸ਼ਲਮ ਨੂੰ ਘੇਰ ਲਿਆ ਸੀ ਤੇ ਇੱਦਾਂ ਲੱਗਦਾ ਸੀ ਕਿ ਕੰਧ ਬਣਾਉਣ ਦਾ ਕੰਮ ਕਰਨ ਵਾਲੇ ਇਸ ਘੇਰੇ ਵਿਚ ਬੁਰੀ ਤਰ੍ਹਾਂ ਫਸ ਗਏ ਸਨ। ਉਹ ਕੀ ਕਰ ਸਕਦੇ ਸਨ? ਨਹਮਯਾਹ ਨੇ ਦੱਸਿਆ: “ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ” ਕੀਤੀ। ਦੁਸ਼ਮਣਾਂ ਨੇ ਕਿਹਾ: ‘ਅਸੀਂ ਉਨ੍ਹਾਂ ਨੂੰ ਵੱਢ ਸੁੱਟਾਂਗੇ ਅਤੇ ਉਨ੍ਹਾਂ ਦੇ ਕੰਮ ਨੂੰ ਡਕ ਦੇਵਾਂਗੇ।’ ਸਿੱਟੇ ਵਜੋਂ ਨਹਮਯਾਹ ਨੇ ਕਾਮਿਆਂ ਨੂੰ ਕਿਹਾ ਕਿ ਉਹ “ਆਪਣੀਆਂ ਤਲਵਾਰਾਂ ਅਤੇ ਆਪਣੀਆਂ ਬਰਛੀਆਂ ਅਤੇ ਆਪਣੀਆਂ ਕਮਾਨਾਂ ਨਾਲ” ਸ਼ਹਿਰ ਦੀ ਰਾਖੀ ਕਰਨ। ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਏ, ਤਾਂ ਲੱਗਦਾ ਸੀ ਕਿ ਯਹੂਦੀਆਂ ਦਾ ਉਹ ਛੋਟਾ ਜਿਹਾ ਝੁੰਡ ਆਪਣੇ ਤਾਕਤਵਰ ਦੁਸ਼ਮਣਾਂ ਅੱਗੇ ਕੁਝ ਨਹੀਂ ਕਰ ਸਕਦਾ ਸੀ, ਪਰ ਨਹਮਯਾਹ ਨੇ ਉਨ੍ਹਾਂ ਨੂੰ ਕਿਹਾ: “ਉਨ੍ਹਾਂ ਕੋਲੋਂ ਨਾ ਡਰੋ, ਪ੍ਰਭੁ ਨੂੰ ਜਿਹੜਾ ਵੱਡਾ ਤੇ ਭੈ ਦਾਇਕ ਹੈ ਯਾਦ ਰੱਖੋ।”—ਨਹਮਯਾਹ 4:7-9, 11, 13, 14.

10. (ੳ) ਨਹਮਯਾਹ ਦੇ ਦੁਸ਼ਮਣਾਂ ਨੇ ਹਮਲਾ ਕਰਨਾ ਕਿਉਂ ਛੱਡ ਦਿੱਤਾ ਸੀ? (ਅ) ਨਹਮਯਾਹ ਨੇ ਖ਼ਤਰੇ ਦਾ ਸਾਮ੍ਹਣਾ ਕਰਨ ਲਈ ਕਿਹੜੀਆਂ ਤਿਆਰੀਆਂ ਕੀਤੀਆਂ ਸਨ?

10 ਫਿਰ ਘਟਨਾਵਾਂ ਵਿਚ ਨਵਾਂ ਮੋੜ ਆਇਆ। ਦੁਸ਼ਮਣਾਂ ਨੇ ਹਮਲਾ ਕਰਨਾ ਛੱਡ ਦਿੱਤਾ। ਕਿਉਂ? ਨਹਮਯਾਹ ਨੇ ਦੱਸਿਆ: “ਪਰਮੇਸ਼ੁਰ ਨੇ ਉਨ੍ਹਾਂ ਦੇ ਮਤੇ ਨੂੰ ਤੁੱਛ ਕਰ ਦਿੱਤਾ।” ਪਰ ਨਹਮਯਾਹ ਜਾਣਦਾ ਸੀ ਕਿ ਉਨ੍ਹਾਂ ਤੋਂ ਦੁਸ਼ਮਣਾਂ ਦਾ ਖ਼ਤਰਾ ਅਜੇ ਟਲ਼ਿਆ ਨਹੀਂ ਸੀ। ਇਸ ਲਈ ਉਸ ਨੇ ਅਕਲਮੰਦੀ ਨਾਲ ਕਾਮਿਆਂ ਦੇ ਕੰਮ ਕਰਨ ਦੇ ਤਰੀਕੇ ਵਿਚ ਫੇਰ-ਬਦਲ ਕੀਤਾ। ਉਸ ਸਮੇਂ ਤੋਂ ਉਹ “ਇੱਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਨਾਲ ਸ਼ੱਸਤ੍ਰ ਫੜਦੇ ਸਨ।” ਨਹਮਯਾਹ ਨੇ ਇਕ ਆਦਮੀ ਦੇ ਹੱਥ ਤੁਰ੍ਹੀ ਜਾਂ ‘ਨਰਸਿੰਗਾ’ ਫੜਾਇਆ ਤਾਂਕਿ ਦੁਸ਼ਮਣਾਂ ਨੂੰ ਆਉਂਦੇ ਦੇਖ ਕੇ ਉਹ ਕਾਮਿਆਂ ਨੂੰ ਖ਼ਬਰਦਾਰ ਕਰ ਸਕੇ। ਸਭ ਤੋਂ ਜ਼ਰੂਰੀ ਗੱਲ ਸੀ ਕਿ ਨਹਮਯਾਹ ਨੇ ਲੋਕਾਂ ਨੂੰ ਦਿਲਾਸਾ ਦਿੱਤਾ ਕਿ “ਸਾਡਾ ਪਰਮੇਸ਼ੁਰ ਸਾਡੇ ਲਈ ਲੜੇਗਾ।” (ਨਹਮਯਾਹ 4:15-20) ਇਨ੍ਹਾਂ ਸ਼ਬਦਾਂ ਤੋਂ ਹੌਸਲਾ ਮਿਲਣ ਤੇ ਕਾਮੇ ਹਮਲੇ ਦਾ ਸਾਮ੍ਹਣਾ ਕਰਨ ਦੀ ਤਿਆਰੀ ਕਰ ਕੇ ਕੰਮ ਕਰਦੇ ਰਹੇ। ਇਸ ਦਾਸਤਾਨ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

11. ਜਿਨ੍ਹਾਂ ਦੇਸ਼ਾਂ ਵਿਚ ਪ੍ਰਚਾਰ ਦੇ ਕੰਮ ਤੇ ਪਾਬੰਦੀ ਲੱਗੀ ਹੋਈ ਹੈ, ਉੱਥੇ ਸਾਡੇ ਭੈਣ-ਭਾਈ ਵਿਰੋਧਤਾ ਦਾ ਸਾਮ੍ਹਣਾ ਕਿਵੇਂ ਕਰਦੇ ਹਨ ਅਤੇ ਉਹ ਭਲਾਈ ਨਾਲ ਬੁਰਾਈ ਨੂੰ ਜਿੱਤ ਕਿਵੇਂ ਰਹੇ ਹਨ?

11 ਕਈ ਵਾਰ ਯਹੋਵਾਹ ਦੇ ਗਵਾਹਾਂ ਨੂੰ ਬੇਰਹਿਮੀ ਨਾਲ ਕੁੱਟਿਆ-ਮਾਰਿਆ ਵੀ ਜਾਂਦਾ ਹੈ। ਕੁਝ ਦੇਸ਼ਾਂ ਵਿਚ ਇੱਦਾਂ ਲੱਗਦਾ ਹੈ ਕਿ ਵਿਰੋਧੀਆਂ ਦੇ ਹਮਲਿਆਂ ਕਾਰਨ ਉੱਥੇ ਦੇ ਭੈਣਾਂ-ਭਰਾਵਾਂ ਦੇ ਬਚਣ ਦੀ ਕੋਈ ਉਮੀਦ ਨਹੀਂ। ਫਿਰ ਵੀ ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ‘ਉਨ੍ਹਾਂ ਦਾ ਪਰਮੇਸ਼ੁਰ ਉਨ੍ਹਾਂ ਲਈ ਲੜੇਗਾ।’ ਵਾਰ-ਵਾਰ ਇਹੀ ਦੇਖਿਆ ਗਿਆ ਹੈ ਕਿ ਯਹੋਵਾਹ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਉਨ੍ਹਾਂ ਦੇ ਤਾਕਤਵਰ ਵਿਰੋਧੀਆਂ ਦੇ “ਮਤੇ ਨੂੰ ਤੁੱਛ ਕਰ ਦਿੱਤਾ।” ਉਨ੍ਹਾਂ ਦੇਸ਼ਾਂ ਵਿਚ ਵੀ ਸਾਡੇ ਭੈਣ-ਭਾਈ ਪ੍ਰਚਾਰ ਕਰ ਸਕੇ ਹਨ ਜਿੱਥੇ ਸਾਡੇ ਕੰਮ ਤੇ ਪਾਬੰਦੀ ਲਾਈ ਗਈ ਹੈ। ਜਿਵੇਂ ਯਰੂਸ਼ਲਮ ਦੇ ਕਾਮਿਆਂ ਨੇ ਆਪਣੇ ਕੰਮ ਕਰਨ ਦੇ ਤਰੀਕੇ ਵਿਚ ਫੇਰ-ਬਦਲ ਕੀਤਾ ਸੀ, ਉਸੇ ਤਰ੍ਹਾਂ ਇਹ ਭੈਣ-ਭਰਾ ਵੀ ਅਕਲਮੰਦੀ ਨਾਲ ਆਪਣੇ ਪ੍ਰਚਾਰ ਕਰਨ ਦੇ ਤਰੀਕਿਆਂ ਵਿਚ ਫੇਰ-ਬਦਲ ਕਰਦੇ ਹਨ ਜਦੋਂ ਉਨ੍ਹਾਂ ਤੇ ਹਮਲਾ ਹੁੰਦਾ ਹੈ। ਪਰ ਅੱਜ ਉਹ ਹਥਿਆਰ ਨਹੀਂ ਚੁੱਕਦੇ। (2 ਕੁਰਿੰਥੀਆਂ 10:4) ਭਾਵੇਂ ਉਨ੍ਹਾਂ ਨੂੰ ਕੁੱਟਿਆ-ਮਾਰਿਆ ਜਾਂਦਾ ਹੈ, ਤਾਂ ਵੀ ਉਹ ਪ੍ਰਚਾਰ ਦਾ ਕੰਮ ਕਰਨ ਤੋਂ ਨਹੀਂ ਰੁਕਦੇ। (1 ਪਤਰਸ 4:16) ਇਸ ਦੇ ਉਲਟ ਸਾਡੇ ਬਹਾਦਰ ਭੈਣ-ਭਾਈ “ਭਲਿਆਈ ਨਾਲ ਬੁਰਿਆਈ ਨੂੰ ਜਿੱਤ” ਰਹੇ ਹਨ।

‘ਆ, ਅਸੀਂ ਆਪਸ ਵਿੱਚ ਮਿਲੀਏ’

12, 13. (ੳ) ਨਹਮਯਾਹ ਦੇ ਵਿਰੋਧੀਆਂ ਨੇ ਕਿਹੜੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਸੀ? (ਅ) ਨਹਮਯਾਹ ਨੇ ਆਪਣੇ ਦੁਸ਼ਮਣਾਂ ਨੂੰ ਮਿਲਣ ਤੋਂ ਇਨਕਾਰ ਕਿਉਂ ਕੀਤਾ ਸੀ?

12 ਜਦ ਨਹਮਯਾਹ ਦੇ ਦੁਸ਼ਮਣਾਂ ਨੇ ਦੇਖਿਆ ਕਿ ਉਨ੍ਹਾਂ ਦੇ ਸਿੱਧੇ ਹਮਲਿਆਂ ਦਾ ਪਰਮੇਸ਼ੁਰ ਦੇ ਸੇਵਕਾਂ ਉੱਤੇ ਕੋਈ ਅਸਰ ਨਹੀਂ ਪਿਆ, ਤਾਂ ਉਹ ਉਨ੍ਹਾਂ ਨੂੰ ਸਤਾਉਣ ਦੇ ਹੋਰ ਗੁੱਝੇ ਤਰੀਕੇ ਵਰਤਣ ਲੱਗੇ। ਦਰਅਸਲ ਉਨ੍ਹਾਂ ਨੇ ਤਿੰਨ ਸਕੀਮਾਂ ਬਣਾ ਕੇ ਉਨ੍ਹਾਂ ਨੂੰ ਸਤਾਉਣ ਦੀ ਕੋਸ਼ਿਸ਼ ਕੀਤੀ। ਇਹ ਸਕੀਮਾਂ ਕੀ ਸਨ?

13 ਪਹਿਲੀ ਸਕੀਮ, ਉਨ੍ਹਾਂ ਨੇ ਨਹਮਯਾਹ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਉਸ ਨੂੰ ਕਿਹਾ: “ਆ, ਅਸੀਂ ਓਨੋ ਦੀ ਦੂਣ ਦੇ ਕਿਸੇ ਇੱਕ ਪਿੰਡ ਵਿੱਚ ਆਪਸ ਵਿੱਚ ਮਿਲੀਏ।” ਓਨੋ ਯਰੂਸ਼ਲਮ ਤੇ ਸਾਮਰਿਯਾ ਦੇ ਵਿਚਕਾਰ ਪੈਂਦਾ ਸੀ। ਸੋ ਨਹਮਯਾਹ ਦੇ ਦੁਸ਼ਮਣਾਂ ਨੇ ਸਮਝੌਤਾ ਕਰਨ ਲਈ ਉਸ ਨੂੰ ਦੋਹਾਂ ਸ਼ਹਿਰਾਂ ਦੇ ਵਿਚਕਾਰ ਆ ਕੇ ਮਿਲਣ ਲਈ ਕਿਹਾ। ਨਹਮਯਾਹ ਸੋਚ ਸਕਦਾ ਸੀ: ‘ਗੱਲ ਤਾਂ ਸਹੀ ਹੈ। ਲੜਨ ਨਾਲੋਂ ਚੰਗਾ ਹੈ ਕਿ ਗੱਲਬਾਤ ਕਰ ਕੇ ਮਸਲਾ ਸੁਲਝਾ ਲਿਆ ਜਾਵੇ।’ ਪਰ ਨਹਮਯਾਹ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਸ ਦਾ ਕਾਰਨ ਦੱਸਿਆ: “ਓਹ ਮੇਰੇ ਨਾਲ ਬਦੀ ਕਰਨਾ ਚਾਹੁੰਦੇ ਸਨ।” ਉਸ ਨੇ ਉਨ੍ਹਾਂ ਦੀ ਚਲਾਕੀ ਪਛਾਣ ਲਈ ਸੀ ਤੇ ਧੋਖਾ ਨਹੀਂ ਖਾਧਾ। ਚਾਰ ਵਾਰ ਉਸ ਨੇ ਆਪਣੇ ਵਿਰੋਧੀਆਂ ਨੂੰ ਕਿਹਾ: ‘ਮੈਂ ਹੇਠਾਂ ਨੂੰ ਆ ਨਹੀਂ ਸੱਕਦਾ, ਤੁਹਾਡੇ ਕੋਲ ਹਠਾੜ ਆਉਣ ਲਈ ਕੰਮ ਕਿਉਂ ਰੋਕਿਆ ਜਾਵੇ?’ ਦੁਸ਼ਮਣ ਨਹਮਯਾਹ ਤੋਂ ਸਮਝੌਤਾ ਕਰਾਉਣ ਵਿਚ ਨਾਕਾਮਯਾਬ ਰਹੇ। ਉਹ ਆਪਣੇ ਕੰਮ ਵਿਚ ਲੀਨ ਰਿਹਾ।—ਨਹਮਯਾਹ 6:1-4.

14. ਨਹਮਯਾਹ ਨੇ ਆਪਣੇ ਵਿਰੋਧੀਆਂ ਦੇ ਝੂਠੇ ਇਲਜ਼ਾਮਾਂ ਦਾ ਜਵਾਬ ਕਿਵੇਂ ਦਿੱਤਾ ਸੀ?

14 ਦੂਜੀ ਸਕੀਮ, ਨਹਮਯਾਹ ਦੇ ਦੁਸ਼ਮਣਾਂ ਨੇ ਉਸ ਬਾਰੇ ਝੂਠੀਆਂ ਗੱਲਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਕਹਿਣ ਲੱਗੇ ਕਿ ਉਹ ਅਰਤਹਸ਼ਸ਼ਤਾ ਬਾਦਸ਼ਾਹ ਖ਼ਿਲਾਫ਼ ਬਗਾਵਤ ਕਰਨ ਜਾਂ ‘ਆਕੀ ਹੋਣ ਦਾ ਮਤਾ ਪਕਾ’ ਰਿਹਾ ਸੀ। ਇਕ ਵਾਰ ਫਿਰ ਉਨ੍ਹਾਂ ਨੇ ਨਹਮਯਾਹ ਨੂੰ ਕਿਹਾ: “ਹੁਣ ਆ, ਅਸੀਂ ਸਲਾਹ ਕਰੀਏ।” ਨਹਮਯਾਹ ਨੇ ਉਨ੍ਹਾਂ ਦੀ ਨੀਅਤ ਪਛਾਣ ਕੇ ਫਿਰ ਤੋਂ ਨਾਂਹ ਕਹਿ ਦਿੱਤੀ। ਉਸ ਨੇ ਦੱਸਿਆ: “ਸਾਰੇ ਇਹ ਆਖ ਕੇ ਸਾਨੂੰ ਡਰਾਉਣਾ ਚਾਹੁੰਦੇ ਸਨ ਭਈ ਕੰਮ ਤੋਂ ਉਨ੍ਹਾਂ ਦੇ ਹੱਥ ਝੂਠੇ ਪੈ ਜਾਣ ਭਈ ਉਹ ਪੂਰਾ ਨਾ ਹੋਵੇ।” ਪਰ ਇਸ ਵਾਰ ਨਹਮਯਾਹ ਨੇ ਆਪਣੇ ਦੁਸ਼ਮਣ ਦੀ ਗੱਲ ਨੂੰ ਝੁਠਲਾਉਂਦੇ ਹੋਏ ਕਿਹਾ: “ਇਨ੍ਹਾਂ ਗੱਲਾਂ ਦੇ ਅਨੁਸਾਰ ਜਿਹੜੀਆਂ ਤੂੰ ਆਖੀਆਂ ਹਨ ਕੋਈ ਗੱਲ ਨਹੀਂ ਹੋਈ ਕਿਉਂਕਿ ਏਹ ਗੱਲਾਂ ਤੇਰੇ ਹੀ ਮਨ ਦੇ ਲੱਡੂ ਭੋਰੇ ਹੋਏ ਹਨ!” ਇਸ ਤੋਂ ਇਲਾਵਾ, ਨਹਮਯਾਹ ਨੇ ਯਹੋਵਾਹ ਤੋਂ ਸਹਾਰਾ ਮੰਗਦੇ ਹੋਏ ਦੁਆ ਕੀਤੀ: “ਮੇਰੇ ਹੱਥਾਂ ਨੂੰ ਤਕੜੇ ਕਰ।” ਉਸ ਨੂੰ ਯਹੋਵਾਹ ਤੇ ਭਰੋਸਾ ਸੀ ਕਿ ਉਹ ਉਸ ਦੇ ਦੁਸ਼ਮਣਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਉਸਾਰੀ ਦਾ ਕੰਮ ਜ਼ਰੂਰ ਨੇਪਰੇ ਚਾੜ੍ਹੇਗਾ।—ਨਹਮਯਾਹ 6:5-9.

15. ਇਕ ਝੂਠੇ ਨਬੀ ਨੇ ਨਹਮਯਾਹ ਨੂੰ ਕੀ ਸਲਾਹ ਦਿੱਤੀ ਸੀ ਅਤੇ ਨਹਮਯਾਹ ਨੇ ਉਸ ਸਲਾਹ ਨੂੰ ਰੱਦ ਕਿਉਂ ਕੀਤਾ ਸੀ?

15 ਤੀਜੀ ਸਕੀਮ, ਨਹਮਯਾਹ ਦੇ ਦੁਸ਼ਮਣਾਂ ਨੇ ਸਮਆਯਾਹ ਨਾਂ ਦੇ ਗੱਦਾਰ ਇਸਰਾਏਲੀ ਨੂੰ ਵਰਤਿਆ ਤਾਂਕਿ ਉਹ ਬੇਈਮਾਨੀ ਨਾਲ ਨਹਮਯਾਹ ਨੂੰ ਯਹੋਵਾਹ ਦੇ ਖ਼ਿਲਾਫ਼ ਜਾਣ ਲਈ ਉਕਸਾਵੇ। ਸਮਆਯਾਹ ਨੇ ਨਹਮਯਾਹ ਨੂੰ ਕਿਹਾ: “ਆਓ, ਅਸੀਂ ਪਰਮੇਸ਼ੁਰ ਦੇ ਭਵਨ ਵਿੱਚ ਹੈਕਲ ਦੇ ਅੰਦਰ ਮਿਲੀਏ ਅਤੇ ਹੈਕਲ ਦੇ ਬੂਹਿਆਂ ਨੂੰ ਭੇੜ ਲਈਏ ਕਿਉਂਕਿ ਓਹ ਤੈਨੂੰ ਵੱਢਣ ਲਈ ਆਉਣਗੇ।” ਸਮਆਯਾਹ ਦੇ ਕਹਿਣ ਦਾ ਮਤਲਬ ਸੀ ਕਿ ਨਹਮਯਾਹ ਦੀ ਜਾਨ ਨੂੰ ਖ਼ਤਰਾ ਸੀ ਤੇ ਉਹ ਹੈਕਲ ਵਿਚ ਲੁਕ ਕੇ ਆਪਣੀ ਜਾਨ ਬਚਾ ਸਕਦਾ ਸੀ। ਪਰ ਨਹਮਯਾਹ ਜਾਜਕ ਨਹੀਂ ਸੀ। ਉਸ ਲਈ ਹੈਕਲ ਵਿਚ ਜਾ ਕੇ ਲੁਕਣਾ ਪਾਪ ਸੀ। ਕੀ ਉਹ ਆਪਣੀ ਜਾਨ ਬਚਾਉਣ ਲਈ ਯਹੋਵਾਹ ਦੇ ਨਿਯਮ ਦੀ ਉਲੰਘਣਾ ਕਰਨ ਲਈ ਤਿਆਰ ਸੀ? ਜਵਾਬ ਵਿਚ ਨਹਮਯਾਹ ਨੇ ਸਮਆਯਾਹ ਨੂੰ ਕਿਹਾ: “ਮੇਰੇ ਵਰਗਾ ਏਥੇ ਕੌਣ ਹੈ ਕਿ ਹੈਕਲ ਵਿੱਚ ਜਾ ਕੇ ਆਪਣੀ ਜਾਨ ਬਚਾਵੇ? ਮੈਂ ਅੰਦਰ ਨਹੀਂ ਜਾਵਾਂਗਾ।” ਨਹਮਯਾਹ ਇਸ ਜਾਲ ਵਿਚ ਕਿਉਂ ਨਹੀਂ ਫਸਿਆ ਸੀ? ਕਿਉਂਕਿ ਉਹ ਜਾਣਦਾ ਸੀ ਕਿ ਭਾਵੇਂ ਸਮਆਯਾਹ ਇਸਰਾਏਲੀ ਸੀ, ਪਰ “ਪਰਮੇਸ਼ੁਰ ਨੇ ਉਹ ਨੂੰ ਨਹੀਂ ਘੱਲਿਆ ਸੀ।” ਪਰਮੇਸ਼ੁਰ ਦਾ ਸੱਚਾ ਨਬੀ ਕਦੇ ਵੀ ਉਸ ਨੂੰ ਯਹੋਵਾਹ ਦੇ ਨਿਯਮ ਨੂੰ ਤੋੜਨ ਲਈ ਨਹੀਂ ਕਹਿ ਸਕਦਾ ਸੀ। ਇਕ ਵਾਰ ਫਿਰ ਨਹਮਯਾਹ ਨੇ ਆਪਣੇ ਦੁਸ਼ਮਣਾਂ ਦੀ ਬੁਰਾਈ ਅੱਗੇ ਹਾਰ ਨਹੀਂ ਮੰਨੀ। ਇਸ ਤੋਂ ਕੁਝ ਹੀ ਸਮੇਂ ਬਾਅਦ ਉਹ ਕਹਿ ਸਕਿਆ: “ਸੋ ਕੰਧ ਅਲੂਲ ਦੇ ਮਹੀਨੇ ਦੀ ਪੰਝੀ ਤਾਰੀਖ ਨੂੰ ਬਵੰਜਵੇਂ ਦਿਨ ਪੂਰੀ ਹੋ ਗਈ।”—ਨਹਮਯਾਹ 6:10-15; ਗਿਣਤੀ 1:51; 18:7.

16. (ੳ) ਸਾਨੂੰ ਝੂਠੇ ਦੋਸਤਾਂ, ਝੂਠਾ ਦੋਸ਼ ਲਾਉਣ ਵਾਲਿਆਂ ਤੇ ਖੋਟੇ ਭਰਾਵਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? (ਅ) ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਸਕੂਲੇ, ਕੰਮ ਦੀ ਥਾਂ ਤੇ ਜਾਂ ਆਪਣੇ ਘਰ ਵਿਚ ਆਪਣੇ ਵਿਸ਼ਵਾਸਾਂ ਦਾ ਸਮਝੌਤਾ ਕਰਨ ਲਈ ਤਿਆਰ ਨਹੀਂ ਹੋ?

16 ਨਹਮਯਾਹ ਵਾਂਗ ਸਾਨੂੰ ਵੀ ਸ਼ਾਇਦ ਝੂਠੇ ਦੋਸਤਾਂ, ਝੂਠਾ ਦੋਸ਼ ਲਾਉਣ ਵਾਲਿਆਂ ਤੇ ਖੋਟੇ ਭਰਾਵਾਂ ਦਾ ਸਾਮ੍ਹਣਾ ਕਰਨਾ ਪਵੇ। ਕੁਝ ਸਾਡੇ ਤੋਂ ਸਮਝੌਤਾ ਕਰਾਉਣ ਲਈ ਸਾਨੂੰ ਸ਼ਾਇਦ ਕਾਇਲ ਕਰਨ ਦੀ ਕੋਸ਼ਿਸ਼ ਕਰਨ। ਮਿਸਾਲ ਲਈ, ਉਹ ਸ਼ਾਇਦ ਸਾਨੂੰ ਯਕੀਨ ਦਿਲਾਉਣ ਕਿ ਜੇ ਅਸੀਂ ਯਹੋਵਾਹ ਦੀ ਸੇਵਾ ਵਿਚ ਥੋੜ੍ਹਾ ਸਮਾਂ ਗੁਜ਼ਾਰਾਂਗੇ, ਤਾਂ ਅਸੀਂ ਦੁਨੀਆਂ ਵਿਚ ਵੀ ਕੁਝ ਬਣ ਸਕਦੇ ਹਾਂ। ਪਰ ਅਸੀਂ ਹਮੇਸ਼ਾ ਯਹੋਵਾਹ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ ਜਿਸ ਕਰਕੇ ਅਸੀਂ ਸਮਝੌਤਾ ਕਰਨ ਤੋਂ ਇਨਕਾਰ ਕਰਦੇ ਹਾਂ। (ਮੱਤੀ 6:33; ਲੂਕਾ 9:57-62) ਸਾਡੇ ਵਿਰੋਧੀ ਸਾਡੇ ਬਾਰੇ ਝੂਠੀਆਂ ਗੱਲਾਂ ਵੀ ਫੈਲਾਉਂਦੇ ਹਨ। ਜਿਵੇਂ ਨਹਮਯਾਹ ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਬਾਦਸ਼ਾਹ ਦੇ ਖ਼ਿਲਾਫ਼ ਮਤਾ ਪਕਾ ਰਿਹਾ ਸੀ, ਉਸੇ ਤਰ੍ਹਾਂ ਕੁਝ ਦੇਸ਼ਾਂ ਵਿਚ ਕਿਹਾ ਜਾਂਦਾ ਹੈ ਕਿ ਯਹੋਵਾਹ ਦੇ ਗਵਾਹ ਦੇਸ਼ ਲਈ ਖ਼ਤਰਾ ਹਨ। ਕੁਝ ਇਲਜ਼ਾਮ ਅਸੀਂ ਕਚਹਿਰੀਆਂ ਵਿਚ ਮੁਕੱਦਮੇ ਲੜ ਕੇ ਝੁਠਲਾ ਚੁੱਕੇ ਹਾਂ। ਪਰ ਇਨ੍ਹਾਂ ਵੱਖ-ਵੱਖ ਸਥਿਤੀਆਂ ਵਿਚ ਚਾਹੇ ਜੋ ਮਰਜ਼ੀ ਹੋ ਜਾਵੇ, ਅਸੀਂ ਯਹੋਵਾਹ ਦੀ ਇੱਛਾ ਪੂਰੀ ਹੋਣ ਲਈ ਪ੍ਰਾਰਥਨਾ ਕਰਦੇ ਹਾਂ। (ਫ਼ਿਲਿੱਪੀਆਂ 1:7) ਹੋ ਸਕਦਾ ਹੈ ਕਿ ਸਾਡਾ ਵਿਰੋਧ ਕਰਨ ਵਾਲੇ ਯਹੋਵਾਹ ਦੀ ਸੇਵਾ ਕਰਨ ਦਾ ਦਿਖਾਵਾ ਕਰ ਰਹੇ ਹੋਣ। ਜਿਵੇਂ ਇਕ ਇਸਰਾਏਲੀ ਨੇ ਨਹਮਯਾਹ ਨੂੰ ਆਪਣੀ ਜਾਨ ਬਚਾਉਣ ਦੀ ਖ਼ਾਤਰ ਪਰਮੇਸ਼ੁਰ ਦਾ ਨਿਯਮ ਤੋੜਨ ਦੀ ਸਲਾਹ ਦਿੱਤੀ ਸੀ, ਉਸੇ ਤਰ੍ਹਾਂ ਸੱਚਾਈ ਛੱਡ ਚੁੱਕੇ ਲੋਕ ਕਿਸੇ-ਨ-ਕਿਸੇ ਤਰ੍ਹਾਂ ਸਾਡੇ ਤੋਂ ਪਰਮੇਸ਼ੁਰ ਦੇ ਨਿਯਮਾਂ ਨੂੰ ਤੁੜਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਪਰ ਅਸੀਂ ਉਨ੍ਹਾਂ ਦੀਆਂ ਗੱਲਾਂ ਵਿਚ ਨਹੀਂ ਆਉਂਦੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੀ ਜਾਨ ਯਹੋਵਾਹ ਦੇ ਕਹੇ ਤੇ ਚੱਲ ਕੇ ਬਚੇਗੀ, ਉਸ ਦੀ ਉਲੰਘਣਾ ਕਰ ਕੇ ਨਹੀਂ। (1 ਯੂਹੰਨਾ 4:1) ਜੀ ਹਾਂ, ਯਹੋਵਾਹ ਦੀ ਮਦਦ ਨਾਲ ਅਸੀਂ ਹਰ ਤਰ੍ਹਾਂ ਦੀ ਬੁਰਾਈ ਉੱਤੇ ਜਿੱਤ ਹਾਸਲ ਕਰ ਸਕਦੇ ਹਾਂ।

ਬੁਰਾਈ ਦਾ ਸਾਮ੍ਹਣਾ ਕਰਦੇ ਹੋਏ ਵੀ ਪ੍ਰਚਾਰ ਕਰਦੇ ਰਹੋ

17, 18. (ੳ) ਸ਼ਤਾਨ ਅਤੇ ਉਸ ਦੇ ਪੈਰੋਕਾਰ ਕੀ ਕਰਨਾ ਚਾਹੁੰਦੇ ਹਨ? (ਅ) ਤੁਸੀਂ ਕੀ ਕਰਨ ਦਾ ਮਨ ਬਣਾਇਆ ਹੈ ਅਤੇ ਕਿਉਂ?

17 ਬਾਈਬਲ ਵਿਚ ਯਿਸੂ ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਬਾਰੇ ਕਿਹਾ ਗਿਆ ਹੈ: ‘ਓਹਨਾਂ ਨੇ ਆਪਣੀ ਸਾਖੀ ਦੇ ਬਚਨ ਦੇ ਕਾਰਨ ਸ਼ਤਾਨ ਨੂੰ ਜਿੱਤ ਲਿਆ।’ (ਪਰਕਾਸ਼ ਦੀ ਪੋਥੀ 12:11) ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਪ੍ਰਚਾਰ ਕਰਦੇ ਰਹਿਣ ਨਾਲ ਸਾਰੀ ਬੁਰਾਈ ਦੀ ਜੜ੍ਹ ਸ਼ਤਾਨ ਨੂੰ ਜਿੱਤਿਆ ਜਾ ਸਕਦਾ ਹੈ। ਇਸੇ ਕਰਕੇ ਸ਼ਤਾਨ ਮਸਹ ਕੀਤੇ ਹੋਏ ਭਰਾਵਾਂ ਅਤੇ “ਵੱਡੀ ਭੀੜ” ਉੱਤੇ ਸਤਾਹਟਾਂ ਲਿਆਉਂਦਾ ਹੈ।—ਪਰਕਾਸ਼ ਦੀ ਪੋਥੀ 7:9; 12:17.

18 ਅਸੀਂ ਦੇਖਿਆ ਹੈ ਕਿ ਲੋਕ ਸਾਨੂੰ ਬੁਰਾ-ਭਲਾ ਕਹਿਣ ਜਾਂ ਮਾਰਨ-ਕੁੱਟਣ ਜਾਂ ਹੋਰ ਗੁੱਝੇ ਤਰੀਕਿਆਂ ਦੁਆਰਾ ਸਾਡਾ ਵਿਰੋਧ ਕਰਦੇ ਹਨ। ਸਾਡੇ ਨਾਲ ਜੋ ਵੀ ਹੋਵੇ, ਸ਼ਤਾਨ ਤਾਂ ਬਸ ਇਹੀ ਚਾਹੁੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਛੱਡ ਦੇਈਏ। ਪਰ ਇਸ ਤਰ੍ਹਾਂ ਕਰਨ ਵਿਚ ਉਹ ਕਦੇ ਕਾਮਯਾਬ ਨਹੀਂ ਹੋਵੇਗਾ ਕਿਉਂਕਿ ਨਹਮਯਾਹ ਵਾਂਗ ਯਹੋਵਾਹ ਦੇ ਗਵਾਹ ‘ਭਲਿਆਈ ਨਾਲ ਬੁਰਿਆਈ ਨੂੰ ਜਿੱਤਣ’ ਤੇ ਤੁਲੇ ਹੋਏ ਹਨ। ਅਸੀਂ ਉਸ ਸਮੇਂ ਤਕ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਾਂਗੇ ਜਦ ਤਕ ਯਹੋਵਾਹ ਨਹੀਂ ਕਹਿੰਦਾ ਕਿ ਬੱਸ ਕਰੋ!—ਮਰਕੁਸ 13:10; ਰੋਮੀਆਂ 8:31; ਫ਼ਿਲਿੱਪੀਆਂ 1:27, 28.

[ਫੁਟਨੋਟ]

^ ਪੈਰਾ 2 ਇਨ੍ਹਾਂ ਘਟਨਾਵਾਂ ਬਾਰੇ ਹੋਰ ਜਾਣਨ ਲਈ ਨਹਮਯਾਹ 1:1-4; 2:1-6, 9-20; 4:1-23; 6:1-15 ਪੜ੍ਹੋ।

ਕੀ ਤੁਹਾਨੂੰ ਯਾਦ ਹੈ?

• ਪੁਰਾਣੇ ਜ਼ਮਾਨੇ ਵਿਚ ਅਤੇ ਅੱਜ ਵੀ ਯਹੋਵਾਹ ਦੇ ਸੇਵਕਾਂ ਨੇ ਕਿਹੋ ਜਿਹੀ ਵਿਰੋਧਤਾ ਦਾ ਸਾਮ੍ਹਣਾ ਕੀਤਾ ਹੈ?

• ਨਹਮਯਾਹ ਦੇ ਦੁਸ਼ਮਣ ਕੀ ਕਰਨਾ ਚਾਹੁੰਦੇ ਸਨ ਅਤੇ ਅੱਜ ਸਾਡੇ ਦੁਸ਼ਮਣ ਕੀ ਕਰਨਾ ਚਾਹੁੰਦੇ ਹਨ?

• ਅੱਜ ਅਸੀਂ ਬੁਰਾਈ ਨੂੰ ਭਲਾਈ ਨਾਲ ਕਿਵੇਂ ਜਿੱਤ ਰਹੇ ਹਾਂ?

[ਸਵਾਲ]

[ਸਫ਼ਾ 29 ਉੱਤੇ ਡੱਬੀ/ਤਸਵੀਰ]

ਨਹਮਯਾਹ ਦੀ ਪੋਥੀ ਤੋਂ ਅਸੀਂ ਕਿਹੜੇ ਸਬਕ ਸਿੱਖਦੇ ਹਾਂ?

ਗਵਾਹਾਂ ਨੂੰ ਇਨ੍ਹਾਂ ਗੱਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ

• ਮਜ਼ਾਕ

• ਧਮਕੀਆਂ

• ਧੋਖੇਬਾਜ਼ੀਆਂ

ਧੋਖੇਬਾਜ਼ੀ ਕਰਨ ਵਾਲੇ ਹੋ ਸਕਦੇ ਹਨ

• ਝੂਠੇ ਦੋਸਤ

• ਝੂਠਾ ਦੋਸ਼ ਲਾਉਣ ਵਾਲੇ

• ਖੋਟੇ ਭੈਣ-ਭਰਾ

ਯਹੋਵਾਹ ਦੇ ਗਵਾਹ ਬੁਰਾਈ ਨੂੰ ਕਿੱਦਾਂ ਜਿੱਤਦੇ ਹਨ

• ਯਹੋਵਾਹ ਤੋਂ ਮਿਲਿਆ ਕੰਮ ਕਰਦੇ ਰਹਿਣ ਨਾਲ

[ਸਫ਼ਾ 27 ਉੱਤੇ ਤਸਵੀਰ]

ਡਾਢੀ ਵਿਰੋਧਤਾ ਦੇ ਬਾਵਜੂਦ ਨਹਮਯਾਹ ਤੇ ਉਸ ਦੇ ਸਾਥੀਆਂ ਨੇ ਯਰੂਸ਼ਲਮ ਦੀ ਕੰਧ ਬਣਾਉਣ ਦਾ ਕੰਮ ਪੂਰਾ ਕੀਤਾ

[ਸਫ਼ਾ 31 ਉੱਤੇ ਤਸਵੀਰ]

ਯਹੋਵਾਹ ਦੇ ਗਵਾਹ ਨਿਧੜਕ ਹੋ ਕੇ ਪ੍ਰਚਾਰ ਕਰਦੇ ਹਨ