Skip to content

Skip to table of contents

“ਭਾਸ਼ਾ ਅਨੇਕ, ਪਰ ਪਿਆਰ ਵਿਚ ਅਸੀਂ ਇਕ”

“ਭਾਸ਼ਾ ਅਨੇਕ, ਪਰ ਪਿਆਰ ਵਿਚ ਅਸੀਂ ਇਕ”

“ਭਾਸ਼ਾ ਅਨੇਕ, ਪਰ ਪਿਆਰ ਵਿਚ ਅਸੀਂ ਇਕ”

ਛੁਟਕਾਰਾ। ਆਜ਼ਾਦੀ। ਮੁਕਤੀ। ਸਦੀਆਂ ਤੋਂ ਲੋਕ ਦੁੱਖਾਂ-ਤਕਲੀਫ਼ਾਂ ਤੇ ਫ਼ਿਕਰਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਅਸੀਂ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਕਿਵੇਂ ਸਹਿ ਸਕਦੇ ਹਾਂ? ਕੀ ਕਦੇ ਸਾਨੂੰ ਇਨ੍ਹਾਂ ਤੋਂ ਛੁਟਕਾਰਾ ਮਿਲੇਗਾ? ਜੇ ਮਿਲੇਗਾ, ਤਾਂ ਕਿਸ ਤਰ੍ਹਾਂ?

ਯਹੋਵਾਹ ਦੇ ਗਵਾਹਾਂ ਦੁਆਰਾ ਕੀਤੇ ਤਿੰਨ ਦਿਨਾਂ ਦੇ ਸੰਮੇਲਨਾਂ ਦੌਰਾਨ ਇਸ ਵਿਸ਼ੇ ਉੱਤੇ ਗੱਲਬਾਤ ਕੀਤੀ ਗਈ। ਇਹ ਸੰਮੇਲਨ ਮਈ 2006 ਵਿਚ ਸ਼ੁਰੂ ਹੋਏ ਸਨ ਤੇ ਇਨ੍ਹਾਂ ਦਾ ਵਿਸ਼ਾ ਸੀ: “ਸਾਡਾ ਛੁਟਕਾਰਾ ਨੇੜੇ ਹੈ!”

ਸਾਰੇ ਸੰਮੇਲਨਾਂ ਵਿੱਚੋਂ ਨੌਂ ਸੰਮੇਲਨਾਂ ਦੀ ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਵਿਚ ਹਜ਼ਾਰਾਂ ਲੋਕ ਹੋਰਨਾਂ ਦੇਸ਼ਾਂ ਤੋਂ ਆਏ ਸਨ। ਜੁਲਾਈ ਤੇ ਅਗਸਤ 2006 ਦੌਰਾਨ ਇਹ ਸੰਮੇਲਨ ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਵਿਚ, ਸਲੋਵਾਕੀਆ ਦੀ ਰਾਜਧਾਨੀ ਬ੍ਰਾਟਿਸਲਾਵਾ ਵਿਚ, ਪੋਲੈਂਡ * ਦੇ ਹੌਰਸ਼ੂ ਤੇ ਪਾਜ਼ਨਾਨ ਸ਼ਹਿਰਾਂ ਵਿਚ ਅਤੇ ਪੰਜ ਜਰਮਨ ਸ਼ਹਿਰਾਂ ਵਿਚ ਹੋਏ ਸਨ। ਇਹ ਸ਼ਹਿਰ ਸਨ ਹੈਮਬਰਗ, ਡਾਰਟਮੰਡ, ਫ੍ਰੈਂਕਫਰਟ, ਮਿਊਨਿਖ ਤੇ ਲੀਪਸਿਗ। ਇਨ੍ਹਾਂ ਸੰਮੇਲਨਾਂ ਦੀ ਕੁੱਲ ਹਾਜ਼ਰੀ 3,13,000 ਸੀ।

ਇਨ੍ਹਾਂ ਸੰਮੇਲਨਾਂ ਦਾ ਮਾਹੌਲ ਕਿਹੋ ਜਿਹਾ ਸੀ? ਮੀਡੀਆ ਵਿਚ ਇਨ੍ਹਾਂ ਬਾਰੇ ਕਿਹੋ ਜਿਹੀਆਂ ਰਿਪੋਰਟਾਂ ਦਿੱਤੀਆਂ ਗਈਆਂ? ਇਨ੍ਹਾਂ ਵਿਚ ਹਾਜ਼ਰ ਲੋਕਾਂ ਨੂੰ ਪ੍ਰੋਗ੍ਰਾਮ ਕਿੱਦਾਂ ਦਾ ਲੱਗਾ?

ਤਿਆਰੀਆਂ

ਸਾਰਿਆਂ ਨੂੰ ਸੰਮੇਲਨਾਂ ਵਿਚ ਆਉਣ ਦਾ ਬਹੁਤ ਚਾਹ ਸੀ ਤੇ ਉਨ੍ਹਾਂ ਨੂੰ ਪਤਾ ਸੀ ਕਿ ਉਹ ਇਨ੍ਹਾਂ ਮੌਕਿਆਂ ਨੂੰ ਕਦੇ ਨਹੀਂ ਭੁੱਲਣਗੇ। ਦੂਰੋਂ ਆਏ ਲੋਕਾਂ ਲਈ ਰਹਿਣ ਦਾ ਬੰਦੋਬਸਤ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਮਿਸਾਲ ਲਈ, ਹੌਰਸ਼ੂ ਦੇ ਸੰਮੇਲਨ ਲਈ ਪੋਲੈਂਡ ਵਿਚ ਰਹਿਣ ਵਾਲੇ ਕੁਝ ਯਹੋਵਾਹ ਦੇ ਗਵਾਹਾਂ ਨੇ ਪੂਰਬੀ ਯੂਰਪ ਤੋਂ ਆਏ 13,000 ਮਹਿਮਾਨਾਂ ਨੂੰ ਆਪਣੇ ਘਰਾਂ ਵਿਚ ਰੱਖਿਆ। ਇਸ ਸੰਮੇਲਨ ਵਿਚ ਲੋਕ ਉਜ਼ਬੇਕਿਸਤਾਨ, ਅਮਰੀਕਾ, ਆਰਮੀਨੀਆ, ਏਸਟੋਨੀਆ, ਕਜ਼ਾਖਸਤਾਨ, ਕਿਰਗਿਜ਼ਸਤਾਨ, ਜਾਰਜੀਆ, ਤਜ਼ਾਕਿਸਤਾਨ, ਤੁਰਕਮੇਨਿਸਤਾਨ, ਬੈਲਾਰੁਸ, ਮੌਲਡੋਵਾ, ਯੂਕਰੇਨ, ਰੂਸ, ਲਾਤਵੀਆ ਤੇ ਲਿਥੁਆਨੀਆ ਤੋਂ ਆਏ।

ਕਈ ਲੋਕ ਤਾਂ ਕਈ ਮਹੀਨੇ ਪਹਿਲਾਂ ਸੰਮੇਲਨ ਵਿਚ ਆਉਣ ਦੀਆਂ ਤਿਆਰੀਆਂ ਕਰਨ ਲੱਗ ਪਏ ਸਨ। ਟੇਟੀਯਾਨਾ ਦੀ ਮਿਸਾਲ ਲੈ ਲਓ ਜੋ ਕਾਮਚਟਕਾ ਵਿਚ ਕਾਫ਼ੀ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦੀ ਹੈ। ਕਾਮਚਟਕਾ ਰੂਸ ਦਾ ਇਕ ਪ੍ਰਾਇਦੀਪ ਹੈ ਜੋ ਜਪਾਨ ਦੇ ਉੱਤਰ-ਪੂਰਬੀ ਦਿਸ਼ਾ ਵੱਲ ਸਥਿਤ ਹੈ। ਟੇਟੀਯਾਨਾ ਨੂੰ ਸੰਮੇਲਨ ਵਿਚ ਆਉਣ ਲਈ ਲਗਭਗ 10,500 ਕਿਲੋਮੀਟਰ ਦਾ ਸਫ਼ਰ ਕਰਨਾ ਪਿਆ। ਪਹਿਲਾਂ ਉਸ ਨੇ 5 ਘੰਟੇ ਹਵਾਈ ਜਹਾਜ਼ ਵਿਚ ਸਫ਼ਰ ਕੀਤਾ, ਫਿਰ ਉਹ ਤਕਰੀਬਨ ਤਿੰਨ ਦਿਨ ਰੇਲ-ਗੱਡੀ ਵਿਚ ਬੈਠੀ ਤੇ ਅਖ਼ੀਰ ਵਿਚ ਉਸ ਨੇ 30 ਘੰਟੇ ਬੱਸ ਵਿਚ ਗੁਜ਼ਾਰੇ, ਤਾਂ ਜਾ ਕੇ ਉਹ ਹੌਰਸ਼ੂ ਪਹੁੰਚੀ!

ਹਜ਼ਾਰਾਂ ਲੋਕਾਂ ਨੇ ਸਮਾਂ ਕੱਢ ਕੇ ਸੰਮੇਲਨਾਂ ਦੀ ਤਿਆਰੀ ਵਿਚ ਕਾਫ਼ੀ ਕੰਮ ਕੀਤਾ। ਉਨ੍ਹਾਂ ਨੇ ਸਟੇਡੀਅਮ ਸਾਫ਼ ਕੀਤੇ ਤਾਂਕਿ ਇਹ ਪਰਮੇਸ਼ੁਰ ਦੀ ਭਗਤੀ ਕਰਨ ਲਈ ਵਰਤੇ ਜਾ ਸਕਣ। (ਬਿਵਸਥਾ ਸਾਰ 23:14) ਮਿਸਾਲ ਲਈ, ਲੀਪਸਿਗ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹਾਂ ਨੇ ਸਟੇਡੀਅਮ ਦੀ ਸਫ਼ਾਈ ਕਰਨ ਵਿਚ ਬਹੁਤ ਵਧੀਆ ਕੰਮ ਕੀਤਾ ਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਸੰਮੇਲਨ ਤੋਂ ਬਾਅਦ ਵੀ ਉਹ ਸਫ਼ਾਈ ਕਰਨਗੇ। ਨਤੀਜੇ ਵਜੋਂ, ਸਟੇਡੀਅਮ ਦੇ ਅਧਿਕਾਰੀਆਂ ਨੇ ਕਿਰਾਏ ਦੇ ਖ਼ਰਚੇ ਵਿੱਚੋਂ ਸਫ਼ਾਈ ਦਾ ਖ਼ਰਚਾ ਜੋ ਕਾਫ਼ੀ ਹੁੰਦਾ ਹੈ ਮਾਫ਼ ਕਰ ਦਿੱਤਾ।

ਆਉਣ ਦਾ ਸੱਦਾ ਦੇਣਾ

ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਨੇ “ਸਾਡਾ ਛੁਟਕਾਰਾ ਨੇੜੇ ਹੈ!” ਸੰਮੇਲਨ ਦੀ ਕਾਫ਼ੀ ਮਸ਼ਹੂਰੀ ਕੀਤੀ। ਉਨ੍ਹਾਂ ਨੇ ਜੋਸ਼ ਨਾਲ ਦੂਸਰਿਆਂ ਨੂੰ ਸੰਮੇਲਨ ਤੇ ਆਉਣ ਦਾ ਸੱਦਾ ਦਿੱਤਾ। ਸੰਮੇਲਨ ਤੋਂ ਇਕ ਦਿਨ ਪਹਿਲਾਂ ਵੀ ਸ਼ਾਮ ਨੂੰ ਦੇਰ ਤਕ ਉਹ ਲੋਕਾਂ ਨੂੰ ਸੱਦਾ ਦਿੰਦੇ ਰਹੇ। ਕੀ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ?

ਬੌਗਡਨ ਨਾਂ ਦਾ ਗਵਾਹ ਇਕ ਬਜ਼ੁਰਗ ਆਦਮੀ ਨੂੰ ਮਿਲਿਆ ਜੋ ਸੰਮੇਲਨ ਨੂੰ ਜਾਣਾ ਚਾਹੁੰਦਾ ਸੀ, ਪਰ 120 ਕਿਲੋਮੀਟਰ ਦੂਰ ਹੌਰਸ਼ੂ ਜਾਣ ਲਈ ਉਸ ਕੋਲ ਕਰਾਇਆ ਨਹੀਂ ਸੀ। ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਨੇ ਇਕ ਬੱਸ ਕਰਾਏ ਤੇ ਲਈ ਹੋਈ ਸੀ ਤੇ ਉਸ ਵਿਚ ਇਕ ਸੀਟ ਖਾਲੀ ਸੀ। ਬੌਗਡਨ ਨੇ ਦੱਸਿਆ: “ਅਸੀਂ ਉਸ ਆਦਮੀ ਨੂੰ ਕਿਹਾ ਕਿ ਉਹ ਸਾਡੇ ਨਾਲ ਮੁਫ਼ਤ ਵਿਚ ਆ ਸਕਦਾ ਹੈ ਜੇ ਉਹ ਸਵੇਰ ਦੇ 5:30 ਵਜੇ ਬੱਸ ਕੋਲ ਪਹੁੰਚ ਜਾਵੇ।” ਇਹ ਆਦਮੀ ਸਮੇਂ ਸਿਰ ਪਹੁੰਚ ਗਿਆ ਤੇ ਉਹ ਸੰਮੇਲਨ ਤੇ ਜਾ ਪਾਇਆ। ਬਾਅਦ ਵਿਚ ਉਸ ਨੇ ਭਰਾਵਾਂ ਨੂੰ ਚਿੱਠੀ ਵਿਚ ਲਿਖਿਆ: “ਇਸ ਸੰਮੇਲਨ ਵਿਚ ਜਾਣ ਤੋਂ ਬਾਅਦ, ਮੈਂ ਠਾਣ ਲਿਆ ਹੈ ਕਿ ਮੈਂ ਬਿਹਤਰ ਇਨਸਾਨ ਬਣਾਂਗਾ।”

ਪ੍ਰਾਗ ਦੇ ਇਕ ਹੋਟਲ ਵਿਚ ਇੰਗਲੈਂਡ ਤੋਂ ਆਏ ਯਹੋਵਾਹ ਦੇ ਗਵਾਹ ਰਹਿ ਰਹੇ ਸਨ। ਹੋਟਲ ਵਿਚ ਰਹਿ ਰਹੇ ਇਕ ਬੰਦੇ ਨੇ ਕੁਝ ਗਵਾਹਾਂ ਨੂੰ ਦੱਸਿਆ ਕਿ ਉਸ ਦਿਨ ਉਹ ਵੀ ਸੰਮੇਲਨ ਨੂੰ ਗਿਆ ਸੀ। ਕਿਸ ਗੱਲ ਨੇ ਉਸ ਨੂੰ ਜਾਣ ਲਈ ਪ੍ਰੇਰਿਆ ਸੀ? ਉਸ ਨੇ ਕਿਹਾ ਕਿ ਸੜਕ ਤੇ ਮਿਲੇ ਦੱਸ ਵੱਖ-ਵੱਖ ਗਵਾਹਾਂ ਨੇ ਉਸ ਨੂੰ ਸੰਮੇਲਨ ਵਿਚ ਆਉਣ ਦਾ ਸੱਦਾ ਦਿੱਤਾ ਸੀ! ਇਸ ਲਈ ਉਸ ਨੂੰ ਆਉਣਾ ਹੀ ਪਿਆ। ਉਸ ਨੂੰ ਸੰਮੇਲਨ ਬਹੁਤ ਚੰਗਾ ਲੱਗਾ ਤੇ ਉਹ ਬਾਈਬਲ ਬਾਰੇ ਹੋਰ ਸਿੱਖਣਾ ਚਾਹੁੰਦਾ ਸੀ।—1 ਤਿਮੋਥਿਉਸ 2:3, 4.

ਬਾਈਬਲ ਤੋਂ ਵਧੀਆ ਸਿੱਖਿਆ

ਪ੍ਰੋਗ੍ਰਾਮ ਵਿਚ ਲੋਕਾਂ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ ਗਈ। ਬਾਈਬਲ ਵਿੱਚੋਂ ਇਨ੍ਹਾਂ ਨੂੰ ਸੁਲਝਾਉਣ ਜਾਂ ਸਹਿਣ ਦੀ ਸਲਾਹ ਦਿੱਤੀ ਗਈ।

ਬੁਢਾਪਾ, ਮਾੜੀ ਸਿਹਤ, ਪਿਆਰਿਆਂ ਦੀ ਮੌਤ ਦਾ ਵਿਛੋੜਾ ਤੇ ਹੋਰਨਾਂ ਮੁਸ਼ਕਲਾਂ ਨੂੰ ਸਹਿ ਰਹੇ ਲੋਕਾਂ ਨੂੰ ਬਾਈਬਲ ਵਿੱਚੋਂ ਦਿਲਾਸਾ ਤੇ ਉਮੀਦ ਦਿੱਤੀ ਗਈ। (ਜ਼ਬੂਰਾਂ ਦੀ ਪੋਥੀ 72:12-14) ਪਤੀ-ਪਤਨੀਆਂ ਅਤੇ ਮਾਪਿਆਂ ਨੂੰ ਸੁਖੀ ਵਿਆਹੁਤਾ ਜੀਵਨ ਤੇ ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਬਾਰੇ ਬਾਈਬਲ ਵਿੱਚੋਂ ਸਲਾਹ ਦਿੱਤੀ ਗਈ। (ਉਪਦੇਸ਼ਕ ਦੀ ਪੋਥੀ 4:12; ਅਫ਼ਸੀਆਂ 5:22, 25; ਕੁਲੁੱਸੀਆਂ 3:21) ਸਕੂਲੇ ਨੌਜਵਾਨਾਂ ਉੱਤੇ ਬੁਰਾ ਪ੍ਰਭਾਵ ਪਾਇਆ ਜਾਂਦਾ ਹੈ, ਪਰ ਘਰ ਤੇ ਕਲੀਸਿਯਾ ਵਿਚ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਚੰਗੀ ਮੱਤ ਦਿੱਤੀ ਜਾਂਦੀ ਹੈ। ਸੰਮੇਲਨ ਵਿਚ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਉਹ ਆਪਣੇ ਦੋਸਤ-ਮਿੱਤਰਾਂ ਦੇ ਦਬਾਅ ਤੋਂ ਕਿਵੇਂ ਬਚ ਸਕਦੇ ਹਨ ਤੇ “ਜੁਆਨੀ ਦੀਆਂ ਕਾਮਨਾਂ” ਤੋਂ ਕਿਵੇਂ ਭੱਜ ਸਕਦੇ ਹਨ।—2 ਤਿਮੋਥਿਉਸ 2:22.

ਸੰਸਾਰ ਭਰ ਦਾ ਭਾਈਚਾਰਾ

ਯਹੋਵਾਹ ਦੇ ਗਵਾਹਾਂ ਨੂੰ ਆਪਣੀਆਂ ਸਭਾਵਾਂ ਵਿਚ ਬਾਈਬਲ ਤੋਂ ਹਮੇਸ਼ਾ ਚੰਗੀ ਸਲਾਹ ਮਿਲਦੀ ਹੈ। (2 ਤਿਮੋਥਿਉਸ 3:16) ਸੋ ਸੰਮੇਲਨਾਂ ਵਿਚ ਅਜਿਹੀ ਸਲਾਹ ਮਿਲਣੀ ਕੋਈ ਨਵੀਂ ਗੱਲ ਨਹੀਂ ਸੀ। ਪਰ ਵੱਖ-ਵੱਖ ਥਾਵਾਂ ਤੋਂ ਆਏ ਗਵਾਹਾਂ ਨਾਲ ਮਿਲਣ-ਜੁਲਣ ਦਾ ਵਧੀਆ ਮੌਕਾ ਨਵੀਂ ਗੱਲ ਸੀ। ਖ਼ਾਸ ਸੰਮੇਲਨਾਂ ਵਿਚ ਪ੍ਰੋਗ੍ਰਾਮ ਕਈ ਬੋਲੀਆਂ ਵਿਚ ਪੇਸ਼ ਕੀਤਾ ਗਿਆ। ਹਰ ਰੋਜ਼ ਯਹੋਵਾਹ ਦੇ ਗਵਾਹਾਂ ਦੇ ਪ੍ਰਬੰਧਕ ਸਭਾ ਦੇ ਮੈਂਬਰਾਂ ਨੇ ਭਾਸ਼ਣ ਦਿੱਤੇ। ਇਸ ਤੋਂ ਇਲਾਵਾ ਹੋਰਨਾਂ ਮੁਲਕਾਂ ਤੋਂ ਰਿਪੋਰਟਾਂ ਵੀ ਦਿੱਤੀਆਂ ਗਈਆਂ। ਭਾਸ਼ਣਾਂ ਤੇ ਰਿਪੋਰਟਾਂ ਦਾ ਤਰਜਮਾ ਵੱਖ-ਵੱਖ ਬੋਲੀਆਂ ਵਿਚ ਕੀਤਾ ਗਿਆ।

ਯਹੋਵਾਹ ਦੇ ਗਵਾਹ ਹੋਰਨਾਂ ਮੁਲਕਾਂ ਤੋਂ ਆਏ ਆਪਣੇ ਭੈਣਾਂ-ਭਰਾਵਾਂ ਨੂੰ ਮਿਲਣ ਲਈ ਉਤਾਵਲੇ ਸਨ। ਇਕ ਗਵਾਹ ਨੇ ਕਿਹਾ: “ਵੱਖ-ਵੱਖ ਬੋਲੀਆਂ ਕਰਕੇ ਕੋਈ ਖ਼ਾਸ ਮੁਸ਼ਕਲ ਨਹੀਂ ਖੜ੍ਹੀ ਹੋਈ। ਇਸ ਦੇ ਉਲਟ ਇਸ ਕਰਕੇ ਸੰਮੇਲਨ ਦਾ ਮਾਹੌਲ ਖ਼ੁਸ਼ੀ ਭਰਿਆ ਸੀ। ਉੱਥੇ ਭਾਵੇਂ ਕਈ ਸਭਿਆਚਾਰਾਂ ਦੇ ਭੈਣ-ਭਰਾ ਹਾਜ਼ਰ ਸਨ, ਫਿਰ ਵੀ ਉਨ੍ਹਾਂ ਵਿਚ ਏਕਤਾ ਸੀ।” ਮਿਊਨਿਖ ਵਿਚ ਕੁਝ ਭੈਣਾਂ-ਭਰਾਵਾਂ ਨੇ ਕਿਹਾ: “ਭਾਸ਼ਾ ਅਨੇਕ, ਪਰ ਪਿਆਰ ਵਿਚ ਅਸੀਂ ਇਕ।” ਜੀ ਹਾਂ, ਵੱਖ-ਵੱਖ ਦੇਸ਼ਾਂ ਤੋਂ ਆਉਣ ਅਤੇ ਵੱਖ-ਵੱਖ ਭਾਸ਼ਾਵਾਂ ਬੋਲਣ ਦੇ ਬਾਵਜੂਦ ਉਨ੍ਹਾਂ ਵਿਚ ਭੈਣਾਂ-ਭਰਾਵਾਂ ਵਰਗਾ ਪਿਆਰ ਸੀ।—ਜ਼ਕਰਯਾਹ 8:23.

ਦਿਲੋਂ ਧੰਨਵਾਦੀ

ਪੋਲੈਂਡ ਦੇ ਸੰਮੇਲਨਾਂ ਦੌਰਾਨ ਮੌਸਮ ਕਾਫ਼ੀ ਖ਼ਰਾਬ ਰਿਹਾ ਜਿਸ ਕਰਕੇ ਹਾਜ਼ਰ ਸਾਰੇ ਭੈਣਾਂ-ਭਰਾਵਾਂ ਦਾ ਧੀਰਜ ਪਰਖਿਆ ਗਿਆ। ਨਾ ਸਿਰਫ਼ ਮੀਂਹ ਪੈਂਦਾ ਰਿਹਾ, ਪਰ ਕਾਫ਼ੀ ਠੰਢ ਵੀ ਸੀ। ਅਮਰੀਕਾ ਤੋਂ ਆਏ ਇਕ ਭਰਾ ਨੇ ਕਿਹਾ: “ਮੈਂ ਪਹਿਲੀ ਵਾਰ ਅਜਿਹੇ ਸੰਮੇਲਨ ਵਿਚ ਗਿਆ ਸੀ ਜਿੱਥੇ ਮੌਸਮ ਇੰਨਾ ਖ਼ਰਾਬ ਸੀ। ਉੱਪਰ ਦੀ ਮੈਨੂੰ ਪ੍ਰੋਗ੍ਰਾਮ ਦੀ ਪੂਰੀ ਸਮਝ ਵੀ ਨਹੀਂ ਆਈ। ਪਰ ਵੱਖ-ਵੱਖ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਦੇਖ ਕੇ ਅਤੇ ਖ਼ੁਸ਼ੀ ਭਰਿਆ ਮਾਹੌਲ ਦੇ ਨਾਲ-ਨਾਲ ਲਾਜਵਾਬ ਪਰਾਹੁਣਚਾਰੀ ਦੇਖ ਕੇ ਮੇਰਾ ਦਿਲ ਬੜਾ ਖ਼ੁਸ਼ ਹੋਇਆ। ਮੈਂ ਇਸ ਸੰਮੇਲਨ ਨੂੰ ਕਦੀ ਨਹੀਂ ਭੁੱਲਾਂਗਾ!”

ਪੋਲਿਸ਼ ਬੋਲਣ ਵਾਲੇ ਭੈਣ-ਭਰਾ ਵੀ ਇਕ ਗੱਲ ਨਹੀਂ ਭੁੱਲਣਗੇ। ਇਹ ਕਿਹੜੀ ਗੱਲ ਸੀ? ਉਨ੍ਹਾਂ ਨੂੰ ਆਪਣੀ ਭਾਸ਼ਾ ਵਿਚ ਇਨਸਾਈਟ ਔਨ ਦ ਸਕ੍ਰਿਪਚਰਸ ਕਿਤਾਬਾਂ ਮਿਲੀਆਂ। ਠੰਢ ਅਤੇ ਮੀਂਹ ਵਿਚ ਬੈਠੇ ਰਹਿਣ ਦਾ ਕਿੰਨਾ ਵਧੀਆ ਇਨਾਮ! “ਸਾਡਾ ਛੁਟਕਾਰਾ ਨੇੜੇ ਹੈ!” ਸੰਮੇਲਨਾਂ ਵਿਚ ਹਾਜ਼ਰ ਸਾਰਿਆਂ ਨੂੰ ਯਹੋਵਾਹ ਦੇ ਦਿਨ ਨੂੰ ਮਨ ਵਿਚ ਰੱਖ ਕੇ ਜੀਓ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਰਿਲੀਸ ਹੋਣ ਦੀ ਵੀ ਬਹੁਤ ਖ਼ੁਸ਼ੀ ਹੋਈ।

ਕਈਆਂ ਨੂੰ ਇਹ ਸੰਮੇਲਨ ਹੋਰਨਾਂ ਕਾਰਨਾਂ ਲਈ ਵੀ ਯਾਦ ਰਹਿਣਗੇ। ਕ੍ਰਿਸਟੀਨਾ ਨਾਂ ਦੀ ਇਕ ਚੈੱਕ ਭੈਣ ਦੀ ਗੱਲ ਸੁਣੋ ਜੋ ਵਿਦੇਸ਼ ਤੋਂ ਆਏ ਯਹੋਵਾਹ ਦੇ ਗਵਾਹਾਂ ਦੀ ਗਾਈਡ ਸੀ। ਉਸ ਨੇ ਕਿਹਾ: “ਜਦ ਭੈਣ-ਭਰਾ ਵਾਪਸ ਜਾ ਰਹੇ ਸਨ, ਤਾਂ ਇਕ ਭੈਣ ਮੈਨੂੰ ਇਕ ਪਾਸੇ ਲੈ ਗਈ। ਉਸ ਨੇ ਮੈਨੂੰ ਕਲਾਵੇ ਵਿਚ ਲੈ ਕੇ ਕਿਹਾ: ‘ਤੁਸੀਂ ਸਾਡੀ ਕਿੰਨੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ! ਸਾਨੂੰ ਰੋਜ਼ ਖਾਣ-ਪੀਣ ਨੂੰ ਬੈਠੇ-ਬਿਠਾਏ ਮਿਲ ਜਾਂਦਾ ਸੀ। ਇਸ ਸਭ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।’” ਵਿਦੇਸ਼ ਤੋਂ ਆਏ ਭੈਣਾਂ-ਭਰਾਵਾਂ ਲਈ ਦੁਪਹਿਰ ਦੇ ਖਾਣਾ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਇਹ ਭੈਣ ਇਸ ਬਾਰੇ ਗੱਲ ਕਰ ਰਹੀ ਸੀ। ਇਕ ਭਰਾ ਨੇ ਕਿਹਾ: “ਇੱਦਾਂ ਦਾ ਕੰਮ ਅਸੀਂ ਪਹਿਲਾਂ ਕਦੀ ਨਹੀਂ ਸੀ ਕੀਤਾ। ਹਰ ਰੋਜ਼ ਤਕਰੀਬਨ 6,500 ਲੋਕਾਂ ਲਈ ਅਸੀਂ ਖਾਣਾ ਪਹੁੰਚਾਇਆ। ਕਈ ਬੱਚਿਆਂ ਨੇ ਵੀ ਇਸ ਕੰਮ ਵਿਚ ਸਾਡੀ ਮਦਦ ਕੀਤੀ।”

ਯੂਕਰੇਨ ਤੋਂ ਹੌਰਸ਼ੂ ਜਾਣ ਵਾਲੀ ਇਕ ਭੈਣ ਨੇ ਕਿਹਾ: “ਤੁਹਾਡਾ ਪਿਆਰ ਦੇਖ ਕੇ ਸਾਡਾ ਦਿਲ ਬਹੁਤ ਖ਼ੁਸ਼ ਹੋਇਆ। ਤੁਸੀਂ ਸਾਡੀ ਦੇਖ-ਭਾਲ ਕਰਨ ਵਿਚ ਕੋਈ ਕਮੀ ਨਹੀਂ ਛੱਡੀ। ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਨ੍ਹਾਂ ਸ਼ਬਦਾਂ ਨਾਲ ਤੁਹਾਡਾ ਸ਼ੁਕਰੀਆ ਅਦਾ ਕਰੀਏ।” ਫਿਨਲੈਂਡ ਤੋਂ ਅੱਠ ਸਾਲਾਂ ਦੀ ਆਨੀਕਾ ਨੇ ਪੋਲੈਂਡ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਲਿਖਿਆ: ‘ਮੈਂ ਕਦੇ ਸੁਪਨਿਆਂ ਵਿਚ ਵੀ ਨਹੀਂ ਸੀ ਸੋਚਿਆ ਕਿ ਸੰਮੇਲਨ ਇੰਨਾ ਵਧੀਆ ਹੋਵੇਗਾ! ਯਹੋਵਾਹ ਦੀ ਸੰਸਥਾ ਵਿਚ ਹੋਣਾ ਕਿੰਨਾ ਚੰਗਾ ਹੈ ਕਿਉਂਕਿ ਸਾਰੀ ਦੁਨੀਆਂ ਵਿਚ ਮੇਰੇ ਦੋਸਤ-ਮਿੱਤਰ ਹਨ।’—ਜ਼ਬੂਰਾਂ ਦੀ ਪੋਥੀ 133:1.

ਦੇਖਣ ਵਾਲਿਆਂ ਦੀਆਂ ਟਿੱਪਣੀਆਂ

ਸੰਮੇਲਨਾਂ ਤੋਂ ਪਹਿਲਾਂ ਕੁਝ ਭੈਣ-ਭਰਾ ਸੈਰ ਕਰਨ ਗਏ। ਉਹ ਬਾਵੇਰੀਆ ਦੇ ਪੇਂਡੂ ਇਲਾਕਿਆਂ ਵਿਚ ਕੁਝ ਕਿੰਗਡਮ ਹਾਲਾਂ ਤੇ ਰੁਕੇ ਜਿੱਥੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਕ ਗਰੁੱਪ ਦੀ ਗਾਈਡ ਯਹੋਵਾਹ ਦੀ ਗਵਾਹ ਨਹੀਂ ਸੀ। ਉਹ ਗਵਾਹਾਂ ਦੇ ਪਿਆਰ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਈ। ਇਕ ਭਰਾ ਨੇ ਦੱਸਿਆ: “ਜਦ ਅਸੀਂ ਬੱਸ ਵਿਚ ਹੋਟਲ ਨੂੰ ਵਾਪਸ ਜਾ ਰਹੇ ਸੀ, ਤਾਂ ਗਾਈਡ ਨੇ ਕਿਹਾ ਕਿ ਅਸੀਂ ਦੂਸਰੇ ਲੋਕਾਂ ਤੋਂ ਬਹੁਤ ਵੱਖਰੇ ਹਾਂ। ਸਾਡਾ ਪਹਿਰਾਵਾ ਚੰਗਾ ਹੈ ਅਤੇ ਅਸੀਂ ਇਕ-ਦੂਜੇ ਦੀ ਸੁਣਦੇ ਹਾਂ। ਕਿਸੇ ਨੇ ਕਿਸੇ ਨੂੰ ਗਾਲ੍ਹਾਂ ਨਹੀਂ ਕੱਢੀਆਂ ਤੇ ਕੋਈ ਗੜਬੜ ਨਹੀਂ ਹੋਈ। ਉਹ ਹੈਰਾਨ ਸੀ ਕਿ ਅਜਨਬੀ ਹੁੰਦੇ ਹੋਏ ਵੀ ਅਸੀਂ ਪਹਿਲੀ ਮੁਲਾਕਾਤ ਤੇ ਹੋਰਨਾਂ ਗਵਾਹਾਂ ਦੇ ਦੋਸਤ ਬਣ ਗਏ।”

ਪ੍ਰਾਗ ਦੇ ਸੰਮੇਲਨ ਵਿਚ ਸੂਚਨਾ ਵਿਭਾਗ ਵਿਚ ਕੰਮ ਕਰਨ ਵਾਲੇ ਇਕ ਭਰਾ ਨੇ ਕਿਹਾ: “ਕੁਝ ਪੁਲਸ ਵਾਲੇ ਸੰਮੇਲਨ ਦੀ ਨਿਗਰਾਨੀ ਰੱਖਣ ਆਏ ਹੋਏ ਸਨ। ਐਤਵਾਰ ਸਵੇਰ ਨੂੰ ਉਨ੍ਹਾਂ ਦਾ ਅਫ਼ਸਰ ਸਾਨੂੰ ਮਿਲਣ ਆਇਆ। ਉਸ ਨੇ ਕਿਹਾ ਕਿ ਇੱਥੇ ਤਾਂ ਸ਼ਾਂਤੀ ਹੈ ਤੇ ਸਾਡੀ ਕੋਈ ਜ਼ਰੂਰਤ ਨਹੀਂ। ਉਸ ਨੇ ਇਹ ਵੀ ਦੱਸਿਆ ਕਿ ਸਟੇਡੀਅਮ ਦੇ ਨੇੜੇ ਰਹਿਣ ਵਾਲੇ ਕੁਝ ਲੋਕਾਂ ਨੇ ਉਸ ਤੋਂ ਪੁੱਛਿਆ ਕਿ ਇੱਥੇ ਕੀ ਹੋ ਰਿਹਾ ਹੈ। ਜਦ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਯਹੋਵਾਹ ਦੇ ਗਵਾਹ ਆਪਣਾ ਪ੍ਰੋਗ੍ਰਾਮ ਕਰ ਰਹੇ ਹਨ, ਤਾਂ ਲੋਕਾਂ ਨੂੰ ਚੰਗਾ ਨਹੀਂ ਲੱਗਾ। ਪਰ ਅਫ਼ਸਰ ਨੇ ਉਨ੍ਹਾਂ ਨੂੰ ਸਾਫ਼ ਜਵਾਬ ਦਿੱਤਾ: ‘ਜੇ ਲੋਕ ਥੋੜ੍ਹਾ-ਬਹੁਤਾ ਵੀ ਯਹੋਵਾਹ ਦੇ ਗਵਾਹਾਂ ਵਾਂਗ ਹੁੰਦੇ, ਤਾਂ ਦੁਨੀਆਂ ਵਿਚ ਪੁਲਸ ਦੀ ਕੋਈ ਲੋੜ ਨਾ ਹੁੰਦੀ!’”

ਕਈਆਂ ਦਾ ਛੁਟਕਾਰਾ ਹੋ ਚੁੱਕਾ!

ਬਾਈਬਲ ਵੱਖ-ਵੱਖ ਸਭਿਆਚਾਰਾਂ ਦੇ ਲੋਕਾਂ ਨੂੰ ਪਿਆਰ ਦੇ ਬੰਧਨ ਵਿਚ ਬੰਨ੍ਹਦੀ ਹੈ ਜਿਸ ਕਰਕੇ ਉਨ੍ਹਾਂ ਵਿਚ ਸ਼ਾਂਤੀ ਤੇ ਏਕਤਾ ਪੈਦਾ ਹੁੰਦੀ ਹੈ। (ਰੋਮੀਆਂ 14:19; ਅਫ਼ਸੀਆਂ 4:22-24; ਫ਼ਿਲਿੱਪੀਆਂ 4:7) ਇਸ ਗੱਲ ਦਾ ਸਬੂਤ ਸਾਨੂੰ “ਸਾਡਾ ਛੁਟਕਾਰਾ ਨੇੜੇ ਹੈ!” ਦੇ ਖ਼ਾਸ ਸੰਮੇਲਨਾਂ ਤੋਂ ਮਿਲਦਾ ਹੈ। ਯਹੋਵਾਹ ਦੇ ਗਵਾਹਾਂ ਨੂੰ ਦੁਨੀਆਂ ਉੱਤੇ ਆਉਂਦੀਆਂ ਮੁਸ਼ਕਲਾਂ ਤੋਂ ਪਹਿਲਾਂ ਹੀ ਛੁਟਕਾਰਾ ਮਿਲ ਚੁੱਕਾ ਹੈ। ਮਿਸਾਲ ਲਈ, ਨਫ਼ਰਤ ਤੇ ਪੱਖਪਾਤ ਉਨ੍ਹਾਂ ਵਿਚ ਨਹੀਂ ਦੇਖੇ ਜਾਂਦੇ ਅਤੇ ਉਹ ਉਸ ਸਮੇਂ ਦੀ ਉਡੀਕ ਵਿਚ ਹਨ ਜਦ ਸਾਰੀ ਦੁਨੀਆਂ ਵਿਚ ਇਹ ਮੁਸ਼ਕਲਾਂ ਨਹੀਂ ਰਹਿਣਗੀਆਂ।

ਇਨ੍ਹਾਂ ਸੰਮੇਲਨਾਂ ਵਿਚ ਹਾਜ਼ਰ ਹੋਣ ਵਾਲਿਆਂ ਨੇ ਖ਼ੁਦ ਦੇਖਿਆ ਕਿ ਵੱਖ-ਵੱਖ ਦੇਸ਼ਾਂ ਤੇ ਸਭਿਆਚਾਰਾਂ ਤੋਂ ਹੋਣ ਦੇ ਬਾਵਜੂਦ ਯਹੋਵਾਹ ਦੇ ਗਵਾਹਾਂ ਵਿਚ ਏਕਤਾ ਹੈ। ਇਹ ਖ਼ਾਸ ਕਰਕੇ ਉਦੋਂ ਦੇਖਿਆ ਗਿਆ ਜਦ ਸੰਮੇਲਨ ਖ਼ਤਮ ਹੋਏ। ਸਾਰੇ ਤਾੜੀਆਂ ਮਾਰ ਰਹੇ ਸਨ, ਨਵੇਂ ਦੋਸਤ-ਮਿੱਤਰਾਂ ਨੂੰ ਗਲੇ ਲਾ ਰਹੇ ਸਨ ਤੇ ਫੋਟੋਆਂ ਖਿੱਚ ਰਹੇ ਸਨ। (1 ਕੁਰਿੰਥੀਆਂ 1:10; 1 ਪਤਰਸ 2:17) ਉਹ ਖ਼ੁਸ਼ ਸਨ ਤੇ ਉਨ੍ਹਾਂ ਦੀ ਨਿਹਚਾ ਇਸ ਗੱਲ ਵਿਚ ਹੋਰ ਵੀ ਪੱਕੀ ਹੋਈ ਕਿ ਦੁੱਖਾਂ-ਤਕਲੀਫ਼ਾਂ ਤੋਂ ਸਾਡਾ ਛੁਟਕਾਰਾ ਨੇੜੇ ਹੈ। ਉਹ ਇਹ ਠਾਣ ਕੇ ਆਪਣੇ ਘਰਾਂ ਨੂੰ ਵਾਪਸ ਗਏ ਕਿ ਉਹ ਪਰਮੇਸ਼ੁਰ ਦੇ ਰਾਹ ਤੇ ਚੱਲਦੇ ਰਹਿਣਗੇ ਅਤੇ ‘ਜੀਵਨ ਦੇ ਬਚਨ’ ਨੂੰ ਘੁੱਟ ਕੇ ਫੜੀ ਰੱਖਣਗੇ।—ਫ਼ਿਲਿੱਪੀਆਂ 2:15, 16.

[ਫੁਟਨੋਟ]

^ ਪੈਰਾ 4 ਪੋਲੈਂਡ ਵਿਚ ਇਸ ਪ੍ਰੋਗ੍ਰਾਮ ਦੇ ਕੁਝ ਹਿੱਸੇ ਛੇ ਹੋਰ ਥਾਵਾਂ ਵਿਚ ਅਤੇ ਸਲੋਵਾਕੀਆ ਵਿਚ ਇਕ ਥਾਂ ਵਿਚ ਪ੍ਰਸਾਰਿਤ ਕੀਤੇ ਗਏ ਸਨ।

[ਸਫ਼ਾ 10 ਉੱਤੇ ਡੱਬੀ/ਤਸਵੀਰ]

26 ਬੋਲੀਆਂ ਦੇ ਬਾਵਜੂਦ ਏਕਤਾ

ਨੌਂ ਖ਼ਾਸ ਸੰਮੇਲਨਾਂ ਵਿਚ ਪੂਰਾ ਪ੍ਰੋਗ੍ਰਾਮ ਸਥਾਨਕ ਬੋਲੀ ਵਿਚ ਪੇਸ਼ ਕੀਤਾ ਗਿਆ ਸੀ। ਜਰਮਨੀ ਵਿਚ ਹੋਏ ਸੰਮੇਲਨਾਂ ਵਿਚ ਭਾਸ਼ਣ ਜਰਮਨ ਤੋਂ ਇਲਾਵਾ 18 ਹੋਰਨਾਂ ਬੋਲੀਆਂ ਵਿਚ ਦਿੱਤੇ ਗਏ। ਡਾਰਟਮੰਡ ਵਿਚ ਭਾਸ਼ਣ ਅਰਬੀ, ਫਾਰਸੀ, ਪੁਰਤਗਾਲੀ, ਸਪੇਨੀ ਤੇ ਰੂਸੀ ਭਾਸ਼ਾਵਾਂ ਵਿਚ ਪੇਸ਼ ਕੀਤੇ ਗਏ। ਫ੍ਰੈਂਕਫਰਟ ਵਿਚ ਭਾਸ਼ਣ ਅੰਗ੍ਰੇਜ਼ੀ, ਫ੍ਰੈਂਚ ਅਤੇ ਸਰਬੀਆਈ/ਕ੍ਰੋਸ਼ੀਆਈ ਭਾਸ਼ਾਵਾਂ ਵਿਚ ਪੇਸ਼ ਕੀਤੇ ਗਏ। ਹੈਮਬਰਗ ਵਿਚ ਪ੍ਰੋਗ੍ਰਾਮ ਡੈਨਿਸ਼, ਡੱਚ, ਸਵੀਡਿਸ਼ ਤੇ ਤਾਮਿਲ ਭਾਸ਼ਾਵਾਂ ਵਿਚ ਪੇਸ਼ ਕੀਤਾ ਗਿਆ। ਲੀਪਸਿਗ ਵਿਚ ਚੀਨੀ, ਪੋਲਿਸ਼ ਤੇ ਤੁਰਕੀ ਭਾਸ਼ਾਵਾਂ ਵਿਚ ਭਾਸ਼ਣ ਦਿੱਤੇ ਗਏ ਅਤੇ ਮਿਊਨਿਖ ਵਿਚ ਯੂਨਾਨੀ, ਇਤਾਲਵੀ ਤੇ ਜਰਮਨ ਸੈਨਤ ਭਾਸ਼ਾ ਵਿਚ ਪ੍ਰੋਗ੍ਰਾਮ ਕੀਤਾ ਗਿਆ। ਪ੍ਰਾਗ ਦੇ ਸੰਮੇਲਨ ਵਿਚ ਸਾਰੇ ਭਾਸ਼ਣ ਚੈੱਕ, ਅੰਗ੍ਰੇਜ਼ੀ ਤੇ ਰੂਸੀ ਵਿਚ ਦਿੱਤੇ ਗਏ। ਬ੍ਰਾਟਿਸਲਾਵਾ ਵਿਚ ਪ੍ਰੋਗ੍ਰਾਮ ਅੰਗ੍ਰੇਜ਼ੀ, ਹੰਗਰੀਆਈ, ਸਲੋਵਾਕ ਅਤੇ ਸਲੋਵਾਕ ਸੈਨਤ ਭਾਸ਼ਾ ਵਿਚ ਸੀ। ਹੌਰਸ਼ੂ ਵਿਚ ਪੋਲਿਸ਼, ਰੂਸੀ, ਯੂਕਰੇਨੀ ਤੇ ਪੋਲਿਸ਼ ਸੈਨਤ ਭਾਸ਼ਾ ਵਿਚ ਭਾਸ਼ਣ ਦਿੱਤੇ ਗਏ ਅਤੇ ਪਾਜ਼ਨਾਨ ਵਿਚ ਪੋਲਿਸ਼ ਤੇ ਫਿਨੀ ਭਾਸ਼ਾ ਵਿਚ।

ਕੁੱਲ ਮਿਲਾ ਕੇ 26 ਬੋਲੀਆਂ! ਵਾਕਈ ਵੱਖ-ਵੱਖ ਬੋਲੀਆਂ ਦੇ ਲੋਕਾਂ ਨੂੰ ਪਿਆਰ ਨੇ ਕੀਤਾ ਇਕ।

[ਸਫ਼ਾ 9 ਉੱਤੇ ਤਸਵੀਰ]

ਫ੍ਰੈਂਕਫਰਟ ਵਿਚ ਕ੍ਰੋਏਸ਼ੀਅਨ ਭੈਣ-ਭਰਾ ਬਹੁਤ ਖ਼ੁਸ਼ ਹੋਏ ਜਦ ਉਨ੍ਹਾਂ ਨੂੰ ਆਪਣੀ ਭਾਸ਼ਾ ਵਿਚ “ਨਿਊ ਵਰਲਡ ਟ੍ਰਾਂਸਲੇਸ਼ਨ” ਮਿਲੀ