Skip to content

Skip to table of contents

ਕੀ ਤੁਸੀਂ “ਆਤਮਾ ਦੁਆਰਾ ਚੱਲਦੇ” ਰਹੋਗੇ?

ਕੀ ਤੁਸੀਂ “ਆਤਮਾ ਦੁਆਰਾ ਚੱਲਦੇ” ਰਹੋਗੇ?

ਕੀ ਤੁਸੀਂ “ਆਤਮਾ ਦੁਆਰਾ ਚੱਲਦੇ” ਰਹੋਗੇ?

“ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆਂ ਨਾ ਕਰੋਗੇ।”—ਗਲਾਤੀਆਂ 5:16.

1. ਅਸੀਂ ਇਸ ਚਿੰਤਾ ਤੋਂ ਕਿਵੇਂ ਮੁਕਤ ਹੋ ਸਕਦੇ ਹਾਂ ਕਿ ਅਸੀਂ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਹੈ?

ਅਸੀਂ ਇਸ ਚਿੰਤਾ ਤੋਂ ਕਿਵੇਂ ਮੁਕਤ ਹੋ ਸਕਦੇ ਹਾਂ ਕਿ ਸਾਡੇ ਤੋਂ ਯਹੋਵਾਹ ਦੀ ਪਵਿੱਤਰ ਆਤਮਾ ਵਿਰੁੱਧ ਪਾਪ ਹੋਇਆ ਹੈ? ਇਸ ਚਿੰਤਾ ਤੋਂ ਮੁਕਤ ਹੋਣ ਲਈ ਸਾਨੂੰ ਪੌਲੁਸ ਰਸੂਲ ਦੀ ਸਲਾਹ ਉੱਤੇ ਚੱਲਣ ਦੀ ਲੋੜ ਹੈ ਜਿਸ ਨੇ ਕਿਹਾ: “ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆਂ ਨਾ ਕਰੋਗੇ।” (ਗਲਾਤੀਆਂ 5:16) ਜੇ ਅਸੀਂ ਪਰਮੇਸ਼ੁਰ ਦੀ ਆਤਮਾ ਦੀ ਅਗਵਾਈ ਵਿਚ ਚੱਲਾਂਗੇ, ਤਾਂ ਅਸੀਂ ਆਪਣੇ ਦਿਲ ਵਿੱਚੋਂ ਗ਼ਲਤ ਇੱਛਾਵਾਂ ਨੂੰ ਕੱਢਣ ਵਿਚ ਕਾਮਯਾਬ ਹੋਵਾਂਗੇ।—ਰੋਮੀਆਂ 8:2-10.

2, 3. ਆਤਮਾ ਦੁਆਰਾ ਚੱਲਦੇ ਰਹਿਣ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ?

2 ਜੇ ਅਸੀਂ “ਆਤਮਾ ਦੁਆਰਾ ਚੱਲਦੇ” ਜਾਵਾਂਗੇ, ਤਾਂ ਪਰਮੇਸ਼ੁਰ ਦੀ ਇਹ ਸ਼ਕਤੀ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਵਿਚ ਸਾਡੀ ਮਦਦ ਕਰੇਗੀ। ਅਸੀਂ ਪ੍ਰਚਾਰ ਦੇ ਕੰਮ ਵਿਚ, ਕਲੀਸਿਯਾ ਵਿਚ, ਘਰ ਅਤੇ ਹੋ ਕਿਧਰੇ ਹੁੰਦੇ ਹੋਏ ਵੀ ਪਵਿੱਤਰ ਆਤਮਾ ਦੇ ਗੁਣ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਆਪਣੇ ਜੀਵਨ ਸਾਥੀ, ਆਪਣੇ ਬੱਚਿਆਂ, ਮਸੀਹੀ ਭੈਣਾਂ-ਭਰਾਵਾਂ ਅਤੇ ਹੋਰਨਾਂ ਨਾਲ ਪੇਸ਼ ਆਉਂਦੇ ਵੇਲੇ ਵੀ ਅਸੀਂ ਇਹ ਗੁਣ ਜ਼ਾਹਰ ਕਰਾਂਗੇ।

3 ਪਰਮੇਸ਼ੁਰ ਦੀ ਸੇਵਾ ਨੂੰ ਜ਼ਿੰਦਗੀ ਵਿਚ ਪਹਿਲਾ ਸਥਾਨ ਦਿੰਦੇ ਰਹਿਣ ਨਾਲ ਅਸੀਂ ਪਾਪ ਕਰਨ ਤੋਂ ਦੂਰ ਰਹਾਂਗੇ। (1 ਪਤਰਸ 4:1-6) ਜੇ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲਦੇ ਰਹਾਂਗੇ, ਤਾਂ ਅਸੀਂ ਅਜਿਹਾ ਕੋਈ ਪਾਪ ਨਹੀਂ ਕਰਾਂਗੇ ਜੋ ਮਾਫ਼ ਨਾ ਕੀਤਾ ਜਾ ਸਕੇ। ਪਰ ਆਤਮਾ ਦੀ ਅਗਵਾਈ ਅਧੀਨ ਚੱਲਦੇ ਰਹਿਣ ਨਾਲ ਸਾਡੀ ਜ਼ਿੰਦਗੀ ਉੱਤੇ ਹੋਰ ਵਧੀਆ ਅਸਰ ਕਿਵੇਂ ਪੈ ਸਕਦਾ ਹੈ?

ਪਰਮੇਸ਼ੁਰ ਤੇ ਮਸੀਹ ਦੇ ਨੇੜੇ ਰਹੋ

4, 5. ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲਣ ਨਾਲ ਅਸੀਂ ਯਿਸੂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ?

4 ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲ ਕੇ ਅਸੀਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨਾਲ ਨਿੱਜੀ ਰਿਸ਼ਤਾ ਕਾਇਮ ਰੱਖ ਸਕਦੇ ਹਾਂ। ਪਵਿੱਤਰ ਆਤਮਾ ਰਾਹੀਂ ਮਿਲੇ ਵਰਦਾਨਾਂ ਦੇ ਵਿਖੇ ਲਿਖਦਿਆਂ ਪੌਲੁਸ ਰਸੂਲ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹਾ: “ਮੈਂ ਤੁਹਾਨੂੰ [ਜੋ ਪਹਿਲਾਂ ਮੂਰਤੀ-ਪੂਜਕ ਸਨ] ਇਹ ਦੱਸਦਾ ਹਾਂ ਕਿ ਪਰਮੇਸ਼ੁਰ ਦੇ ਆਤਮਾ ਦੇ ਰਾਹੀਂ ਬੋਲ ਕੇ ਕੋਈ ਨਹੀਂ ਆਖਦਾ ਹੈ, ‘ਯਿਸੂ ਸਰਾਪਤ ਹੈ’, ਨਾ ਕੋਈ ਕਹਿ ਸਕਦਾ ਹੈ, ‘ਯਿਸੂ ਪ੍ਰਭੁ ਹੈ’ ਪਰ ਨਿਰਾ ਪਵਿੱਤਰ ਆਤਮਾ ਦੇ ਰਾਹੀਂ।” (1 ਕੁਰਿੰਥੀਆਂ 12:1-3) ਸਿਰਫ਼ ਸ਼ਤਾਨ ਦੇ ਮਗਰ ਲੱਗ ਕੇ ਹੀ ਕੋਈ ਯਿਸੂ ਨੂੰ ਸਰਾਪੇਗਾ। ਸਾਨੂੰ ਤਾਂ ਪੂਰਾ ਭਰੋਸਾ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉਠਾ ਕੇ ਬਾਕੀ ਸਾਰੀ ਸ੍ਰਿਸ਼ਟੀ ਤੋਂ ਉੱਚਾ ਕੀਤਾ। (ਫ਼ਿਲਿੱਪੀਆਂ 2:5-11) ਸਾਨੂੰ ਯਿਸੂ ਮਸੀਹ ਦੀ ਕੁਰਬਾਨੀ ਵਿਚ ਪੱਕਾ ਵਿਸ਼ਵਾਸ ਹੈ ਅਤੇ ਅਸੀਂ ਮੰਨਦੇ ਹਾਂ ਕਿ ਪਰਮੇਸ਼ੁਰ ਨੇ ਉਸ ਨੂੰ ਸਾਡੇ ਉੱਤੇ ਰਾਜਾ ਨਿਯੁਕਤ ਕੀਤਾ ਹੈ।

5 ਪਹਿਲੀ ਸਦੀ ਵਿਚ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਲੋਕਾਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਯਿਸੂ ਮਸੀਹ ਇਨਸਾਨ ਦੇ ਰੂਪ ਵਿਚ ਆਇਆ ਸੀ। (2 ਯੂਹੰਨਾ 7-11) ਇਸ ਝੂਠੀ ਸਿੱਖਿਆ ਨੂੰ ਅਪਣਾ ਕੇ ਕਈਆਂ ਨੇ ਉਨ੍ਹਾਂ ਗੱਲਾਂ ਵਿਚ ਵਿਸ਼ਵਾਸ ਕਰਨਾ ਛੱਡ ਦਿੱਤਾ ਜੋ ਸਬੂਤ ਸਨ ਕਿ ਯਿਸੂ ਹੀ ਮਸੀਹਾ ਸੀ। (ਮਰਕੁਸ 1:9-11; ਯੂਹੰਨਾ 1:1, 14) ਜੇ ਅਸੀਂ ਆਤਮਾ ਦੁਆਰਾ ਚੱਲਦੇ ਰਹਾਂਗੇ, ਤਾਂ ਅਸੀਂ ਅਜਿਹੀ ਗ਼ਲਤੀ ਕਰਨ ਤੋਂ ਬਚਾਂਗੇ। ਯਹੋਵਾਹ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨ ਅਤੇ “ਸਚਿਆਈ ਉੱਤੇ ਚੱਲਦੇ” ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਸਿਰਫ਼ ਉਨ੍ਹਾਂ ਗੱਲਾਂ ਨੂੰ ਹੀ ਅਪਣਾਈਏ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਸਹੀ ਹਨ। (3 ਯੂਹੰਨਾ 3, 4) ਤਾਂ ਫਿਰ ਆਓ ਆਪਾਂ ਝੂਠੀਆਂ ਸਿੱਖਿਆਵਾਂ ਨੂੰ ਠੁਕਰਾਉਣ ਦਾ ਪੱਕਾ ਇਰਾਦਾ ਕਰੀਏ, ਤਾਂਕਿ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਰੱਖ ਸਕੀਏ।

6. ਪਰਮੇਸ਼ੁਰ ਦੀ ਆਤਮਾ ਉਨ੍ਹਾਂ ਵਿਚ ਕਿਹੋ ਜਿਹੇ ਗੁਣ ਪੈਦਾ ਕਰਦੀ ਹੈ ਜੋ ਇਸ ਆਤਮਾ ਅਨੁਸਾਰ ਚੱਲਦੇ ਹਨ?

6 ਪੌਲੁਸ ਰਸੂਲ ਨੇ ਮੂਰਤੀ ਪੂਜਾ ਅਤੇ ਬਿਦਤਾਂ ਜਾਂ ਧੜੇ ਬਣਾਉਣ ਦਾ ਜ਼ਿਕਰ ਹਰਾਮਕਾਰੀ ਅਤੇ ਲੁੱਚਪੁਣੇ ਵਰਗੇ ‘ਸਰੀਰ ਦੇ ਕੰਮਾਂ’ ਵਿਚ ਕੀਤਾ ਸੀ। ਪਰ ਉਸ ਨੇ ਸਮਝਾਇਆ: “ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਂ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ੍ਹ ਦਿੱਤਾ। ਜੇ ਅਸੀਂ ਆਤਮਾ ਦੁਆਰਾ ਜੀਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ।” (ਗਲਾਤੀਆਂ 5:19-21, 24, 25) ਪਰਮੇਸ਼ੁਰ ਦੀ ਪਵਿੱਤਰ ਆਤਮਾ ਉਨ੍ਹਾਂ ਵਿਚ ਕਿਹੋ ਜਿਹੇ ਗੁਣ ਪੈਦਾ ਕਰਦੀ ਹੈ ਜੋ ਇਸ ਆਤਮਾ ਅਨੁਸਾਰ ਚੱਲਦੇ ਹਨ? ਪੌਲੁਸ ਰਸੂਲ ਨੇ ਲਿਖਿਆ: “ਆਤਮਾ ਦਾ ਫਲ ਇਹ ਹੈ—ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ।” (ਗਲਾਤੀਆਂ 5:22, 23) ਆਓ ਆਪਾਂ ਇਨ੍ਹਾਂ ਗੁਣਾਂ ਵੱਲ ਚੰਗੀ ਤਰ੍ਹਾਂ ਧਿਆਨ ਦੇਈਏ।

‘ਇੱਕ ਦੂਏ ਨਾਲ ਪ੍ਰੇਮ ਰੱਖੋ’

7. ਪਿਆਰ ਕੀ ਹੈ ਅਤੇ ਇਸ ਗੁਣ ਦੀਆਂ ਕੁਝ ਖੂਬੀਆਂ ਕੀ ਹਨ?

7 ਪਿਆਰ ਦਾ ਮਤਲਬ ਹੈ ਦੂਸਰਿਆਂ ਨਾਲ ਮੋਹ ਰੱਖਣਾ, ਉਨ੍ਹਾਂ ਬਾਰੇ ਦਿਲੋਂ ਚਿੰਤਾ ਕਰਨੀ ਅਤੇ ਉਨ੍ਹਾਂ ਨੂੰ ਚਾਹੁਣਾ। ਬਾਈਬਲ ਸਾਨੂੰ ਦੱਸਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” ਹਾਂ, ਪਿਆਰ ਉਸ ਦੀ ਰਗ-ਰਗ ਵਿਚ ਸਮਾਇਆ ਹੋਇਆ ਹੈ। ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨੇ ਮਨੁੱਖਜਾਤੀ ਨਾਲ ਇੰਨਾ ਪਿਆਰ ਕੀਤਾ ਕਿ ਯਿਸੂ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। (1 ਯੂਹੰਨਾ 4:8; ਯੂਹੰਨਾ 3:16; 15:13; ਰੋਮੀਆਂ 5:8) ਯਿਸੂ ਦੇ ਚੇਲੇ ਹੋਣ ਦੇ ਨਾਤੇ ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ ਜਿਸ ਤੋਂ ਸਭ ਦੇਖ ਸਕਦੇ ਹਨ ਕਿ ਅਸੀਂ ਪਰਮੇਸ਼ੁਰ ਦੇ ਸੱਚੇ ਭਗਤ ਹਾਂ। (ਯੂਹੰਨਾ 13:34, 35) ਦਰਅਸਲ ਸਾਨੂੰ ਹੁਕਮ ਦਿੱਤਾ ਗਿਆ ਹੈ ਕਿ ਅਸੀਂ “ਇੱਕ ਦੂਏ ਨਾਲ ਪ੍ਰੇਮ ਰੱਖੀਏ।” (1 ਯੂਹੰਨਾ 3:23) ਪੌਲੁਸ ਰਸੂਲ ਨੇ ਕਿਹਾ ਕਿ ਪਿਆਰ ਧੀਰਜਵਾਨ ਅਤੇ ਕਿਰਪਾਲੂ ਹੈ। ਪਿਆਰ ਖੁਣਸ ਨਹੀਂ ਕਰਦਾ, ਫੁੱਲਦਾ ਨਹੀਂ, ਕੁਚੱਜੇ ਕੰਮ ਨਹੀਂ ਕਰਦਾ ਅਤੇ ਨਾ ਹੀ ਆਪ ਸੁਆਰਥੀ ਹੈ। ਪਿਆਰ ਚਿੜ੍ਹਦਾ ਨਹੀਂ ਅਤੇ ਬੁਰਾ ਨਹੀਂ ਮੰਨਦਾ। ਪਿਆਰ ਕੁਧਰਮ ਨਾਲ ਨਹੀਂ ਸਗੋਂ ਸੱਚਾਈ ਨਾਲ ਆਨੰਦ ਹੁੰਦਾ ਹੈ। ਪਿਆਰ ਸਭ ਕੁਝ ਝੱਲ ਲੈਂਦਾ ਹੈ, ਸਭਨਾਂ ਗੱਲਾਂ ਦੀ ਪਰਤੀਤ ਕਰਦਾ ਹੈ ਅਤੇ ਸਭਨਾਂ ਗੱਲਾਂ ਦੀ ਆਸ ਰੱਖਦਾ ਹੈ। ਹਾਂ, ਪਿਆਰ ਕਦੇ ਟਲਦਾ ਨਹੀਂ।—1 ਕੁਰਿੰਥੀਆਂ 13:4-8.

8. ਸਾਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਪਿਆਰ ਕਿਉਂ ਕਰਨਾ ਚਾਹੀਦਾ ਹੈ?

8 ਜੇ ਅਸੀਂ ਪਰਮੇਸ਼ੁਰ ਦੀ ਆਤਮਾ ਨੂੰ ਸਾਡੇ ਵਿਚ ਪਿਆਰ ਦਾ ਗੁਣ ਪੈਦਾ ਕਰਨ ਦੇਈਏ, ਤਾਂ ਇਹ ਪਿਆਰ ਪਰਮੇਸ਼ੁਰ ਅਤੇ ਦੂਸਰਿਆਂ ਨਾਲ ਸਾਡੇ ਰਿਸ਼ਤੇ ਵਿਚ ਜ਼ਾਹਰ ਹੋਵੇਗਾ। (ਮੱਤੀ 22:37-39) ਯੂਹੰਨਾ ਰਸੂਲ ਨੇ ਲਿਖਿਆ: “ਜਿਹੜਾ ਪ੍ਰੇਮ ਨਹੀਂ ਕਰਦਾ ਉਹ ਮੌਤ ਵਿੱਚ ਰਹਿੰਦਾ ਹੈ। ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ ਅਤੇ ਤੁਸੀਂ ਜਾਣਦੇ ਹੋ ਭਈ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ।” (1 ਯੂਹੰਨਾ 3:14, 15) ਜੇ ਕੋਈ ਇਸਰਾਏਲੀ ਗ਼ਲਤੀ ਨਾਲ ਕਿਸੇ ਦਾ ਖ਼ੂਨ ਕਰ ਬੈਠਦਾ ਸੀ, ਉਹ ਤਦ ਹੀ ਪਨਾਹ ਦੇ ਕਿਸੇ ਨਗਰ ਨੂੰ ਭੱਜ ਸਕਦਾ ਸੀ ਜੇ ਉਹ ਮਾਰੇ ਗਏ ਵਿਅਕਤੀ ਨਾਲ ਵੈਰ ਨਹੀਂ ਸੀ ਕਰਦਾ। (ਬਿਵਸਥਾ ਸਾਰ 19:4, 11-13) ਜੇਕਰ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਅਧੀਨ ਚੱਲਦੇ ਹਾਂ, ਤਾਂ ਅਸੀਂ ਪਰਮੇਸ਼ੁਰ, ਆਪਣੇ ਮਸੀਹੀ ਭੈਣਾਂ-ਭਰਾਵਾਂ ਅਤੇ ਦੂਸਰਿਆਂ ਨਾਲ ਵੀ ਪਿਆਰ ਕਰਾਂਗੇ।

“ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”

9, 10. ਆਨੰਦ ਦਾ ਮਤਲਬ ਕੀ ਹੈ ਅਤੇ ਸਾਡੇ ਕੋਲ ਆਨੰਦ ਕਰਨ ਦੇ ਕਿਹੜੇ ਕਾਰਨ ਹਨ?

9 ਆਨੰਦ ਦਾ ਮਤਲਬ ਹੈ ਨਿਹੈਤ ਖ਼ੁਸ਼ੀ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ ਕਿਉਂਕਿ ਉਹ ਆਪ ਹਮੇਸ਼ਾ ਖ਼ੁਸ਼ ਰਹਿੰਦਾ ਹੈ। (ਜ਼ਬੂਰਾਂ ਦੀ ਪੋਥੀ 104:31) ਉਸ ਦਾ ਪੁੱਤਰ ਵੀ ਆਪਣੇ ਪਿਤਾ ਦੀ ਇੱਛਿਆ ਪੂਰੀ ਕਰ ਕੇ ਬਹੁਤ ਖ਼ੁਸ਼ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 40:8; ਇਬਰਾਨੀਆਂ 10:7-9) ਅਤੇ ‘ਯਹੋਵਾਹ ਦਾ ਅਨੰਦ ਸਾਡਾ ਬਲ ਹੈ।’—ਨਹਮਯਾਹ 8:10.

10 ਪਰਮੇਸ਼ੁਰ ਸਾਨੂੰ ਜੋ ਆਨੰਦ ਦਿੰਦਾ ਹੈ, ਉਸ ਸਦਕਾ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਗਹਿਰੀ ਸੰਤੁਸ਼ਟੀ ਪਾਉਂਦੇ ਹਾਂ, ਉਦੋਂ ਵੀ ਜਦ ਅਸੀਂ ਔਖੀਆਂ ਘੜੀਆਂ, ਦੁੱਖਾਂ ਜਾਂ ਸਤਾਹਟਾਂ ਦੇ ਦੌਰ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ। ਸਾਨੂੰ ਇਸ ਗੱਲ ਦੀ ਕਿੰਨੀ ਖ਼ੁਸ਼ੀ ਹੈ ਕਿ ਅਸੀਂ “ਪਰਮੇਸ਼ੁਰ ਦੇ ਗਿਆਨ” ਨੂੰ ਹਾਸਲ ਕਰ ਸਕੇ ਹਾਂ! (ਕਹਾਉਤਾਂ 2:1-5) ਯਹੋਵਾਹ ਨਾਲ ਸਾਡਾ ਰਿਸ਼ਤਾ ਕਿਵੇਂ ਚੰਗਾ ਬਣ ਸਕਦਾ ਹੈ? ਸਿਰਫ਼ ਉਸ ਬਾਰੇ ਸਹੀ ਗਿਆਨ ਲੈ ਕੇ, ਉਸ ਉੱਤੇ ਭਰੋਸਾ ਕਰ ਕੇ ਅਤੇ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ। (1 ਯੂਹੰਨਾ 2:1, 2) ਇਸ ਗੱਲ ਤੋਂ ਵੀ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਪਿਆਰ ਕਰਨ ਵਾਲੇ ਵਿਸ਼ਵ-ਵਿਆਪੀ ਭਾਈਚਾਰੇ ਦੇ ਮੈਂਬਰ ਹਾਂ। (ਸਫ਼ਨਯਾਹ 3:9; ਹੱਜਈ 2:7) ਸਾਨੂੰ ਪਰਮੇਸ਼ੁਰ ਦੇ ਵਧੀਆ ਰਾਜ ਦੀ ਉਮੀਦ ਮਿਲੀ ਹੈ ਅਤੇ ਅਸੀਂ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਸਨਮਾਨ ਦਾ ਵੀ ਆਨੰਦ ਮਾਣਦੇ ਹਾਂ। (ਮੱਤੀ 6:9, 10; 24:14) ਅਸੀਂ ਇਸ ਲਈ ਵੀ ਖ਼ੁਸ਼ ਹਾਂ ਕਿ ਸਾਨੂੰ ਨਵੀਂ ਦੁਨੀਆਂ ਵਿਚ ਸਦਾ ਦੀ ਜ਼ਿੰਦਗੀ ਮਿਲੇਗੀ। (ਯੂਹੰਨਾ 17:3) ਇਸ ਵਧੀਆ ਉਮੀਦ ਕਾਰਨ ਸਾਨੂੰ “ਪੂਰਾ ਪੂਰਾ ਅਨੰਦ” ਕਰਨਾ ਚਾਹੀਦਾ ਹੈ।—ਬਿਵਸਥਾ ਸਾਰ 16:15.

ਧੀਰਜ ਤੇ ਸ਼ਾਂਤੀ ਬਣਾਈ ਰੱਖੋ

11, 12. (ੳ) ਸ਼ਾਂਤੀ ਦਾ ਮਤਲਬ ਕੀ ਹੈ? (ਅ) ਪਰਮੇਸ਼ੁਰ ਅਤੇ ਯਿਸੂ ਵੱਲੋਂ ਦਿੱਤੀ ਜਾਂਦੀ ਸ਼ਾਂਤੀ ਦਾ ਸਾਡੇ ਉੱਤੇ ਕੀ ਅਸਰ ਹੁੰਦਾ ਹੈ?

11 ਪਵਿੱਤਰ ਆਤਮਾ ਦਾ ਇਕ ਫਲ ਹੈ ਸ਼ਾਂਤੀ ਜਿਸ ਦਾ ਮਤਲਬ ਹੈ ਸਕੂਨ ਮਿਲਣਾ ਅਤੇ ਚਿੰਤਾ ਜਾਂ ਬੇਚੈਨੀ ਤੋਂ ਮੁਕਤੀ। ਸਾਡਾ ਸਵਰਗੀ ਪਿਤਾ ਸ਼ਾਂਤੀ ਦਾ ਪਰਮੇਸ਼ੁਰ ਹੈ, ਇਸ ਲਈ ਸਾਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ “ਯਹੋਵਾਹ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖ਼ਸ਼ੇਗਾ।” (ਜ਼ਬੂਰਾਂ ਦੀ ਪੋਥੀ 29:11; 1 ਕੁਰਿੰਥੀਆਂ 14:33) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ।” (ਯੂਹੰਨਾ 14:27) ਇਸ ਨਾਲ ਉਸ ਦੇ ਚੇਲਿਆਂ ਦੀ ਮਦਦ ਕਿਸ ਤਰ੍ਹਾਂ ਹੋਣੀ ਸੀ?

12 ਯਿਸੂ ਵੱਲੋਂ ਆਪਣੇ ਚੇਲਿਆਂ ਨੂੰ ਦਿੱਤੀ ਸ਼ਾਂਤੀ ਨਾਲ ਉਨ੍ਹਾਂ ਦੇ ਦਿਲਾਂ ਤੇ ਮਨਾਂ ਨੂੰ ਸਕੂਨ ਮਿਲਿਆ ਤੇ ਉਨ੍ਹਾਂ ਦੇ ਡਰ ਦੂਰ ਹੋਏ। ਉਨ੍ਹਾਂ ਨੇ ਖ਼ਾਸ ਤੌਰ ਤੇ ਤਦ ਸ਼ਾਂਤੀ ਮਹਿਸੂਸ ਕੀਤੀ ਜਦ ਉਨ੍ਹਾਂ ਨੂੰ ਪਵਿੱਤਰ ਆਤਮਾ ਮਿਲੀ ਸੀ। (ਯੂਹੰਨਾ 14:26) ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਦੇ ਰਾਹੀਂ ਸਾਨੂੰ ਵੀ ਅਜਿਹੀ “ਸ਼ਾਂਤੀ” ਬਖ਼ਸ਼ਦਾ ਹੈ ਜੋ ਸਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰਦੀ ਹੈ। (ਫ਼ਿਲਿੱਪੀਆਂ 4:6, 7) ਇਸ ਤੋਂ ਇਲਾਵਾ, ਯਹੋਵਾਹ ਦੀ ਪਵਿੱਤਰ ਆਤਮਾ ਸਾਨੂੰ ਆਪਣੇ ਭੈਣਾਂ-ਭਰਾਵਾਂ ਅਤੇ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਵਿਚ ਵੀ ਮਦਦ ਦਿੰਦੀ ਹੈ।—ਰੋਮੀਆਂ 12:18; 1 ਥੱਸਲੁਨੀਕੀਆਂ 5:13.

13, 14. ਧੀਰਜ ਰੱਖਣ ਦਾ ਕੀ ਮਤਲਬ ਹੈ ਅਤੇ ਸਾਨੂੰ ਇਹ ਗੁਣ ਦਿਖਾਉਣ ਦੀ ਕਿਉਂ ਲੋੜ ਹੈ?

13 ਧੀਰਜ ਅਤੇ ਸ਼ਾਂਤੀ ਦਾ ਆਪਸ ਵਿਚ ਗਹਿਰਾ ਸੰਬੰਧ ਹੈ ਕਿਉਂਕਿ ਜੇ ਅਸੀਂ ਗੁੱਸੇ ਹੋਣ ਦੀ ਬਜਾਇ ਧੀਰਜ ਰੱਖਾਂਗੇ, ਤਾਂ ਹੀ ਅਸੀਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖ ਸਕਾਂਗੇ। ਪਰਮੇਸ਼ੁਰ ਧੀਰਜਵਾਨ ਹੈ। (ਰੋਮੀਆਂ 9:22-24) ਅਤੇ ਯਿਸੂ ਨੇ ਵੀ ਇਹ ਗੁਣ ਜ਼ਾਹਰ ਕੀਤਾ ਸੀ। ਸੋ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਯਿਸੂ ਸਾਡੇ ਨਾਲ ਵੀ ਧੀਰਜ ਨਾਲ ਪੇਸ਼ ਆਵੇਗਾ ਕਿਉਂਕਿ ਪੌਲੁਸ ਰਸੂਲ ਨੇ ਲਿਖਿਆ: “ਮੇਰੇ ਉੱਤੇ ਇਸ ਕਾਰਨ ਰਹਮ ਹੋਇਆ ਭਈ ਮੇਰੇ ਸਬੱਬੋਂ ਜਿਹੜਾ ਮਹਾਂ ਪਾਪੀ ਹਾਂ ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਨਿਹਚਾ ਕਰਨਗੇ ਇੱਕ ਨਮੂਨਾ ਹੋਵੇ।”—1 ਤਿਮੋਥਿਉਸ 1:16.

14 ਧੀਰਜ ਰੱਖਣ ਨਾਲ ਸਾਨੂੰ ਉਸ ਵੇਲੇ ਸਹਿਣ ਦੀ ਤਾਕਤ ਮਿਲਦੀ ਹੈ ਜਦ ਦੂਸਰੇ ਕੁਝ ਅਜਿਹਾ ਕਹਿੰਦੇ ਜਾਂ ਕਰਦੇ ਹਨ ਜਿਸ ਨਾਲ ਸਾਨੂੰ ਦੁੱਖ ਪਹੁੰਚਦਾ ਹੈ। ਪੌਲੁਸ ਨੇ ਮਸੀਹੀ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ: “ਸਭਨਾਂ ਨਾਲ ਧੀਰਜ ਕਰੋ।” (1 ਥੱਸਲੁਨੀਕੀਆਂ 5:14) ਅਸੀਂ ਸਾਰੇ ਨਾਮੁਕੰਮਲ ਹੋਣ ਕਰਕੇ ਗ਼ਲਤੀਆਂ ਦੇ ਪੁਤਲੇ ਹਾਂ। ਅਤੇ ਜਦ ਅਸੀਂ ਕੋਈ ਗ਼ਲਤੀ ਕਰਦੇ ਹਾਂ, ਤਾਂ ਅਸੀਂ ਇਹੋ ਚਾਹੁੰਦੇ ਹਾਂ ਕਿ ਦੂਸਰੇ ਧੀਰਜ ਰੱਖ ਕੇ ਸਾਨੂੰ ਮਾਫ਼ ਕਰਨ। ਇਸ ਲਈ ਆਓ ਆਪਾਂ ਵੀ ‘ਅਨੰਦ ਨਾਲ ਧੀਰਜ ਕਰਨ’ ਦਾ ਜਤਨ ਕਰੀਏ।—ਕੁਲੁੱਸੀਆਂ 1:9-12.

ਦਿਆਲੂ ਹੋਵੋ ਤੇ ਭਲਾਈ ਕਰੋ

15. ਦਿਆਲਗੀ ਦਾ ਮਤਲਬ ਸਮਝਾਓ ਅਤੇ ਇਸ ਦੀਆਂ ਕੁਝ ਉਦਾਹਰਣਾਂ ਦਿਓ।

15 ਜਦ ਕੋਈ ਇਨਸਾਨ ਦੂਸਰਿਆਂ ਵਿਚ ਦਿਲਚਸਪੀ ਲੈ ਕੇ ਪਿਆਰ ਭਰੇ ਸ਼ਬਦਾਂ ਨਾਲ ਉਨ੍ਹਾਂ ਦਾ ਹੌਸਲਾ ਵਧਾਉਂਦਾ ਹੈ ਤੇ ਉਨ੍ਹਾਂ ਦੀ ਮਦਦ ਕਰਦਾ ਹੈ, ਤਾਂ ਉਹ ਦਿਆਲਗੀ ਦਾ ਗੁਣ ਦਿਖਾ ਰਿਹਾ ਹੁੰਦਾ ਹੈ। ਯਹੋਵਾਹ ਤੇ ਯਿਸੂ ਦੋਵੇਂ ਹੀ ਬਹੁਤ ਦਿਆਲੂ ਹਨ ਤੇ ਉਹ ਲੋਕਾਂ ਨਾਲ ਧੀਰਜ ਤੇ ਨਿਮਰਤਾ ਨਾਲ ਪੇਸ਼ ਆਉਂਦੇ ਹਨ। (ਰੋਮੀਆਂ 2:4; 2 ਕੁਰਿੰਥੀਆਂ 10:1) ਪਰਮੇਸ਼ੁਰ ਦੇ ਹਰ ਸੇਵਕ ਤੋਂ ਇਹ ਉਮੀਦ ਰੱਖੀ ਜਾਂਦੀ ਹੈ ਕਿ ਉਹ ਦਿਆਲੂ ਹੋਵੇ। (ਮੀਕਾਹ 6:8; ਕੁਲੁੱਸੀਆਂ 3:12) ਜੋ ਲੋਕ ਯਹੋਵਾਹ ਦੇ ਗਵਾਹ ਨਹੀਂ ਵੀ ਹਨ, ਉਨ੍ਹਾਂ ਵਿੱਚੋਂ ਵੀ ਕਈ ਲੋਕ ਦੂਸਰਿਆਂ ਨਾਲ ਬਹੁਤ ‘ਚੰਗਾ ਸਲੂਕ’ ਕਰਦੇ ਹਨ। (ਰਸੂਲਾਂ ਦੇ ਕਰਤੱਬ 27:3; 28:2) ਤਾਂ ਫਿਰ ਅਸੀਂ ਵੀ ਪਰਮੇਸ਼ੁਰ ਦੀ ਆਤਮਾ ਦੀ ਅਗਵਾਈ ਅਧੀਨ ਚੱਲ ਕੇ ਇਹ ਗੁਣ ਜ਼ਰੂਰ ਦਿਖਾ ਸਕਦੇ ਹਾਂ।

16. ਸਾਨੂੰ ਕਿਨ੍ਹਾਂ ਕੁਝ ਹਾਲਾਤਾਂ ਵਿਚ ਦਿਆਲੂ ਹੋਣਾ ਚਾਹੀਦਾ ਹੈ?

16 ਜਦ ਸਾਡੇ ਨਾਲ ਕੋਈ ਬੁਰਾ ਸਲੂਕ ਕਰਦਾ ਹੈ ਤੇ ਸਾਡਾ ਦਿਲ ਦੁਖਾਉਂਦਾ ਹੈ ਜਿਸ ਕਰਕੇ ਸਾਨੂੰ ਗੁੱਸਾ ਚੜ੍ਹਦਾ ਹੈ, ਤਦ ਵੀ ਅਸੀਂ ਦਿਆਲਗੀ ਨਾਲ ਪੇਸ਼ ਆ ਸਕਦੇ ਹਾਂ। ਪੌਲੁਸ ਰਸੂਲ ਨੇ ਸਲਾਹ ਦਿੱਤੀ ਸੀ ਕਿ “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ! ਅਤੇ ਨਾ ਸ਼ਤਾਨ ਨੂੰ ਥਾਂ ਦਿਓ! . . . ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” (ਅਫ਼ਸੀਆਂ 4:26, 27, 32) ਸਾਨੂੰ ਖ਼ਾਸ ਤੌਰ ਤੇ ਉਨ੍ਹਾਂ ਵਿਅਕਤੀਆਂ ਨਾਲ ਦਿਆਲੂ ਹੋਣਾ ਚਾਹੀਦਾ ਹੈ ਜੋ ਮੁਸ਼ਕਲਾਂ ਜਾਂ ਸੰਕਟਾਂ ਵਿੱਚੋਂ ਗੁਜ਼ਰ ਰਹੇ ਹਨ। ਲੇਕਿਨ ਜੇ ਕਲੀਸਿਯਾ ਵਿਚ ਕੋਈ “ਭਲਿਆਈ ਅਤੇ ਧਰਮ ਅਤੇ ਸਚਿਆਈ” ਦੇ ਰਾਹ ਤੋਂ ਭਟਕ ਰਿਹਾ ਹੈ ਫਿਰ ਕੀ? ਇਸ ਸਥਿਤੀ ਵਿਚ ਜੇ ਬਜ਼ੁਰਗ ਉਸ ਨੂੰ ਬਾਈਬਲ ਵਿੱਚੋਂ ਸਲਾਹ ਜਾਂ ਤਾੜਨਾ ਨਾ ਦੇਣ ਕਿਉਂਕਿ ਉਹ ਉਸ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦੇ, ਤਾਂ ਇਹ ਦਿਆਲਗੀ ਦਾ ਸਬੂਤ ਨਹੀਂ ਹੈ।—ਅਫ਼ਸੀਆਂ 5:9.

17, 18. ਭਲਾਈ ਦਾ ਮਤਲਬ ਕੀ ਹੈ ਅਤੇ ਇਹ ਗੁਣ ਜ਼ਾਹਰ ਕਰਨਾ ਕਿਉਂ ਜ਼ਰੂਰੀ ਹੈ?

17 ਭਲਾਈ ਦਾ ਕੀ ਮਤਲਬ ਹੈ? ਭਲਾ ਇਨਸਾਨ ਉਹ ਹੈ ਜੋ ਨੇਕ ਹੈ ਤੇ ਹੋਰਨਾਂ ਨਾਲ ਚੰਗਿਆਈ ਕਰਦਾ ਹੈ। ਯਹੋਵਾਹ ਪਰਮੇਸ਼ੁਰ ਹਰ ਪੱਖੋਂ ਭਲਾ ਹੈ। (ਜ਼ਬੂਰਾਂ ਦੀ ਪੋਥੀ 25:8; ਜ਼ਕਰਯਾਹ 9:17) ਯਿਸੂ ਵੀ ਬਹੁਤ ਨੇਕ ਅਤੇ ਭਲਾ ਇਨਸਾਨ ਸੀ। ਲੇਕਿਨ ਇਕ ਵਾਰ ਜਦ ਉਸ ਨੂੰ ਇਕ ਆਦਮੀ ਨੇ ਭਲਾ “ਗੁਰੂ” ਕਿਹਾ, ਤਾਂ ਯਿਸੂ ਨੇ ਉਸ ਨੂੰ ਇਸ ਤਰ੍ਹਾਂ ਕਹਿਣ ਤੋਂ ਮਨ੍ਹਾ ਕੀਤਾ। (ਮਰਕੁਸ 10:17, 18) ਯਿਸੂ ਜਾਣਦਾ ਸੀ ਕਿ ਭਲਾਈ ਦੀ ਸਭ ਤੋਂ ਉੱਤਮ ਮਿਸਾਲ ਸਿਰਫ਼ ਯਹੋਵਾਹ ਹੀ ਹੈ।

18 ਨਾਮੁਕੰਮਲ ਹੋਣ ਕਰਕੇ ਅਸੀਂ ਪਰਮੇਸ਼ੁਰ ਦੀ ਪੂਰੀ ਤਰ੍ਹਾਂ ਨਕਲ ਨਹੀਂ ਕਰ ਸਕਦੇ। (ਰੋਮੀਆਂ 5:12) ਲੇਕਿਨ ਫਿਰ ਵੀ ਅਸੀਂ ਭਲਾਈ ਦਾ ਗੁਣ ਜ਼ਾਹਰ ਕਰ ਸਕਦੇ ਹਾਂ ਜੇ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੀਏ ਕਿ ਉਹ ਸਾਨੂੰ ਭਲਾ ਕਰਨਾ ਸਿਖਾਵੇ। (ਜ਼ਬੂਰਾਂ ਦੀ ਪੋਥੀ 119:66) ਪੌਲੁਸ ਨੇ ਰੋਮੀਆਂ ਨੂੰ ਕਿਹਾ: “ਹੇ ਮੇਰੇ ਭਰਾਵੋ, ਮੈਂ ਆਪ ਵੀ ਤੁਹਾਡੇ ਵਿਖੇ ਯਕੀਨ ਰੱਖਦਾ ਹਾਂ ਭਈ ਤੁਸੀਂ ਆਪ ਭਲਿਆਈ ਨਾਲ ਪੂਰੇ ਅਤੇ ਸਾਰੇ ਗਿਆਨ ਨਾਲ ਭਰੇ ਹੋਏ ਹੋ।” (ਰੋਮੀਆਂ 15:14) ਕਲੀਸਿਯਾ ਦੇ ਬਜ਼ੁਰਗਾਂ ਨੂੰ ਭਲਾਈ ਜਾਂ ‘ਨੇਕੀ ਦੇ ਪ੍ਰੇਮੀ’ ਹੋਣਾ ਚਾਹੀਦਾ ਹੈ। (ਤੀਤੁਸ 1:7, 8) ਜੇ ਅਸੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਅਧੀਨ ਚੱਲੀਏ, ਤਾਂ ਅਸੀਂ ਭਲੇ ਇਨਸਾਨ ਵਜੋਂ ਜਾਣੇ ਜਾਵਾਂਗੇ ਅਤੇ ਯਹੋਵਾਹ ਪਰਮੇਸ਼ੁਰ ਸਾਨੂੰ ਉਸ ‘ਭਲਿਆਈ ਲਈ ਜਿਹੜੀ ਅਸੀਂ ਕੀਤੀ’ ਹੈ ਚੇਤੇ ਰੱਖੇਗਾ।—ਨਹਮਯਾਹ 5:19; 13:31.

“ਨਿਸ਼ਕਪਟ ਨਿਹਚਾ”

19. ਇਬਰਾਨੀਆਂ 11:1 ਮੁਤਾਬਕ ਨਿਹਚਾ ਕੀ ਹੈ?

19 ਨਿਹਚਾ ਵੀ ਪਵਿੱਤਰ ਆਤਮਾ ਦਾ ਇਕ ਫਲ ਹੈ। “ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਇਬਰਾਨੀਆਂ 11:1) ਜੇ ਅਸੀਂ ਯਹੋਵਾਹ ਉੱਤੇ ਨਿਹਚਾ ਕਰਦੇ ਹਾਂ, ਤਾਂ ਸਾਨੂੰ ਪੂਰਾ ਭਰੋਸਾ ਹੈ ਕਿ ਉਸ ਦੇ ਸਾਰੇ ਵਾਅਦੇ ਪੂਰੇ ਹੋ ਕੇ ਹੀ ਰਹਿਣਗੇ। ਭਵਿੱਖ ਲਈ ਯਹੋਵਾਹ ਨੇ ਜੋ ਕੁਝ ਕਿਹਾ ਹੈ, ਉਹ ਭਾਵੇਂ ਕਿਸੇ ਨੇ ਅਜੇ ਪੂਰਾ ਹੁੰਦਾ ਨਹੀਂ ਦੇਖਿਆ, ਪਰ ਨਿਹਚਾ ਕਰਨ ਵਾਲਿਆਂ ਦਾ ਭਰੋਸਾ ਇੰਨਾ ਪੱਕਾ ਹੁੰਦਾ ਹੈ ਮਾਨੋ ਜਿਵੇਂ ਇਹ ਸਭ ਕੁਝ ਪਹਿਲਾਂ ਹੀ ਪੂਰਾ ਹੋ ਗਿਆ ਹੋਵੇ। ਮਿਸਾਲ ਲਈ, ਸ੍ਰਿਸ਼ਟੀ ਤੋਂ ਸਾਨੂੰ ਪੱਕਾ ਸਬੂਤ ਮਿਲਦਾ ਹੈ ਕਿ ਸਿਰਜਣਹਾਰ ਹੋਂਦ ਵਿਚ ਹੈ। ਜੇ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲਦੇ ਹਾਂ, ਤਾਂ ਸਾਡੀ ਨਿਹਚਾ ਵੀ ਇੰਨੀ ਹੀ ਪੱਕੀ ਹੋਵੇਗੀ।

20. ਉਹ ਪਾਪ ਕੀ ਹੈ “ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ” ਅਤੇ ਇਸ ਤੋਂ ਅਸੀਂ ਕਿਵੇਂ ਦੂਰ ਰਹਿ ਸਕਦੇ ਹਾਂ?

20 ਨਿਹਚਾ ਨਾ ਕਰਨੀ ਉਹ ਪਾਪ ਹੈ “ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ।” (ਇਬਰਾਨੀਆਂ 12:1) ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਨਿਹਚਾ ਕਮਜ਼ੋਰ ਨਾ ਪਵੇ, ਤਾਂ ਸਾਨੂੰ ਸਰੀਰ ਦੇ ਕੰਮਾਂ, ਧਨ-ਦੌਲਤ ਦੇ ਮੋਹ ਅਤੇ ਝੂਠੀਆਂ ਸਿੱਖਿਆਵਾਂ ਤੋਂ ਦੂਰ ਰਹਿਣ ਲਈ ਪਰਮੇਸ਼ੁਰ ਦੀ ਆਤਮਾ ਉੱਤੇ ਭਰੋਸਾ ਰੱਖਣ ਦੀ ਲੋੜ ਹੈ। (ਕੁਲੁੱਸੀਆਂ 2:8; 1 ਤਿਮੋਥਿਉਸ 6:9, 10; 2 ਤਿਮੋਥਿਉਸ 4:3-5) ਬਾਈਬਲ ਵਿਚ ਪਰਮੇਸ਼ੁਰ ਦੇ ਕਈ ਸੇਵਕਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੀ ਨਿਹਚਾ ਪੱਕੀ ਸੀ। (ਇਬਰਾਨੀਆਂ 11:2-40) ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੇ ਵਿਚ ਵੀ ਅਜਿਹੀ ਨਿਹਚਾ ਪੈਦਾ ਕਰ ਸਕਦੀ ਹੈ। ਇਸ ਦੇ ਨਾਲ-ਨਾਲ ਸਾਡੀ “ਨਿਸ਼ਕਪਟ ਨਿਹਚਾ” ਦੂਸਰਿਆਂ ਦੀ ਨਿਹਚਾ ਨੂੰ ਵੀ ਮਜ਼ਬੂਤ ਕਰ ਸਕਦੀ ਹੈ।—1 ਤਿਮੋਥਿਉਸ 1:5; ਇਬਰਾਨੀਆਂ 13:7.

ਨਰਮਾਈ ਤੇ ਸੰਜਮ ਨਾਲ ਪੇਸ਼ ਆਓ

21, 22. ਨਰਮਾਈ ਦਾ ਗੁਣ ਕਿਵੇਂ ਜ਼ਾਹਰ ਕੀਤਾ ਜਾ ਸਕਦਾ ਹੈ ਅਤੇ ਇਹ ਸਾਨੂੰ ਕਿਉਂ ਜ਼ਾਹਰ ਕਰਨਾ ਚਾਹੀਦਾ ਹੈ?

21 ਨਰਮਾਈ ਨਾਲ ਪੇਸ਼ ਆਉਣ ਵਾਲਾ ਇਨਸਾਨ ਕੋਮਲ ਅਤੇ ਸ਼ਾਂਤ ਸੁਭਾਅ ਵਾਲਾ ਹੁੰਦਾ ਹੈ। ਪਰਮੇਸ਼ੁਰ ਨਰਮ ਸੁਭਾਅ ਦਾ ਮਾਲਕ ਹੈ। ਅਸੀਂ ਇਹ ਜਾਣਦੇ ਹਾਂ ਕਿਉਂਕਿ ਯਿਸੂ ਦਾ ਸੁਭਾਅ ਵੀ ਨਰਮ ਸੀ ਅਤੇ ਉਸ ਨੇ ਹੂ-ਬਹੂ ਆਪਣੇ ਪਿਤਾ ਯਹੋਵਾਹ ਦੇ ਗੁਣਾਂ ਨੂੰ ਜ਼ਾਹਰ ਕੀਤਾ ਸੀ। (ਮੱਤੀ 11:28-30; ਯੂਹੰਨਾ 1:18; 5:19) ਤਾਂ ਫਿਰ ਪਰਮੇਸ਼ੁਰ ਦੇ ਸੇਵਕਾਂ ਵਜੋਂ ਸਾਨੂੰ ਕੀ ਕਰਨਾ ਚਾਹੀਦਾ ਹੈ?

22 ਸਾਡੇ ਤੋਂ ਵੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਅਸੀਂ “ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ” ਦੀ ਕੋਸ਼ਿਸ਼ ਕਰੀਏ। (ਤੀਤੁਸ 3:2) ਪ੍ਰਚਾਰ ਕਰਦਿਆਂ ਸਾਨੂੰ ਲੋਕਾਂ ਨਾਲ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ। ਕਲੀਸਿਯਾ ਦੇ ਬਜ਼ੁਰਗਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਗ਼ਲਤੀ ਕਰਨ ਵਾਲਿਆਂ ਨੂੰ “ਨਰਮਾਈ ਦੇ ਸੁਭਾਉ ਨਾਲ” ਸੁਧਾਰਨ। (ਗਲਾਤੀਆਂ 6:1) ਅਸੀਂ ਸਾਰੇ ‘ਅਧੀਨਗੀ ਤੇ ਨਰਮਾਈ’ ਦੇ ਗੁਣ ਜ਼ਾਹਰ ਕਰ ਕੇ ਕਲੀਸਿਯਾ ਦੀ ਏਕਤਾ ਅਤੇ ਸ਼ਾਂਤੀ ਕਾਇਮ ਰੱਖਣ ਵਿਚ ਯੋਗਦਾਨ ਪਾ ਸਕਦੇ ਹਾਂ। (ਅਫ਼ਸੀਆਂ 4:1-3) ਨਰਮਾਈ ਦਾ ਗੁਣ ਜ਼ਾਹਰ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਪਵਿੱਤਰ ਆਤਮਾ ਦੀ ਸੇਧ ਵਿਚ ਚੱਲਦੇ ਰਹੀਏ ਅਤੇ ਸੰਜਮੀ ਬਣੀਏ।

23, 24. ਸੰਜਮ ਕੀ ਹੈ ਅਤੇ ਇਹ ਗੁਣ ਸਾਡੀ ਮਦਦ ਕਿਵੇਂ ਕਰੇਗਾ?

23 ਸੰਜਮ ਰੱਖਣ ਨਾਲ ਅਸੀਂ ਆਪਣੀ ਸੋਚਣੀ, ਬੋਲੀ ਅਤੇ ਕੰਮਾਂ ਨੂੰ ਸਹੀ ਰੱਖ ਸਕਾਂਗੇ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਯਰੂਸ਼ਲਮ ਨੂੰ ਬਰਬਾਦ ਕਰਨ ਵਾਲੇ ਬਾਬਲੀਆਂ ਨਾਲ ਪੇਸ਼ ਆਉਂਦੇ ਵੇਲੇ “ਆਪਣੇ ਜੀ ਨੂੰ ਰੋਕਿਆ” ਸੀ। (ਯਸਾਯਾਹ 42:14) ਉਸ ਦੇ ਪੁੱਤਰ ਨੇ ਦੁੱਖ ਝੱਲਦੇ ਸਮੇਂ ਆਪਣੇ ਆਪ ਉੱਤੇ ਕਾਬੂ ਰੱਖ ਕੇ ਸਾਡੇ ਲਈ ਬਹੁਤ ਹੀ ਵਧੀਆ ‘ਨਮੂਨਾ ਛੱਡਿਆ’ ਹੈ। ਅਤੇ ਪਤਰਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਆਪਣੇ ‘ਗਿਆਨ ਨਾਲ ਸੰਜਮ ਨੂੰ ਵਧਾਈ ਜਾਓ।’—1 ਪਤਰਸ 2:21-23; 2 ਪਤਰਸ 1:5-8.

24 ਬਜ਼ੁਰਗਾਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਸੰਜਮੀ ਬਣਨ। (ਤੀਤੁਸ 1:7, 8) ਦਰਅਸਲ ਆਤਮਾ ਦੁਆਰਾ ਚੱਲਣ ਵਾਲਾ ਹਰ ਵਿਅਕਤੀ ਸੰਜਮ ਵਰਤ ਸਕਦਾ ਹੈ। ਇਸ ਤਰ੍ਹਾਂ ਉਹ ਗੰਦੇ ਕੰਮਾਂ, ਗੰਦੀ ਬੋਲੀ ਅਤੇ ਯਹੋਵਾਹ ਨੂੰ ਨਾਰਾਜ਼ ਕਰਨ ਵਾਲੀ ਕਿਸੇ ਵੀ ਚੀਜ਼ ਤੋਂ ਦੂਰ ਰਹੇਗਾ। ਜੇ ਅਸੀਂ ਪਰਮੇਸ਼ੁਰ ਦੀ ਆਤਮਾ ਨੂੰ ਆਪਣੇ ਵਿਚ ਸੰਜਮ ਪੈਦਾ ਕਰਨ ਦੇਈਏ, ਤਾਂ ਇਸ ਦਾ ਸਬੂਤ ਸਾਡੇ ਚੰਗੇ ਚਾਲ-ਚਲਣ ਅਤੇ ਬੋਲੀ ਤੋਂ ਨਜ਼ਰ ਆਵੇਗਾ।

ਆਤਮਾ ਦੁਆਰਾ ਚੱਲਦੇ ਰਹੋ

25, 26. ਪਵਿੱਤਰ ਆਤਮਾ ਦੁਆਰਾ ਚੱਲਣ ਨਾਲ ਅਸੀਂ ਹੁਣ ਅਤੇ ਭਵਿੱਖ ਵਿਚ ਕਿਹੜੀਆਂ ਬਰਕਤਾਂ ਪਾਵਾਂਗੇ?

25 ਜੇ ਅਸੀਂ ਆਤਮਾ ਦੀ ਸੇਧ ਵਿਚ ਚੱਲਦੇ ਹਾਂ, ਤਾਂ ਅਸੀਂ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਾਂਗੇ। (ਰਸੂਲਾਂ ਦੇ ਕਰਤੱਬ 18:24-26) ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦਾ ਹੌਸਲਾ ਵਧਾਵਾਂਗੇ ਤੇ ਉਹ ਵੀ ਸਾਡੀ ਸੰਗਤ ਦਾ ਆਨੰਦ ਮਾਣਨਗੇ। (ਫ਼ਿਲਿੱਪੀਆਂ 2:1-4) ਕੀ ਅਸੀਂ ਸਾਰੇ ਇਸੇ ਤਰ੍ਹਾਂ ਨਹੀਂ ਕਰਨਾ ਚਾਹੁੰਦੇ?

26 ਸ਼ਤਾਨ ਦੇ ਵੱਸ ਵਿਚ ਪਈ ਇਸ ਦੁਨੀਆਂ ਵਿਚ ਰਹਿੰਦਿਆਂ ਆਤਮਾ ਦੁਆਰਾ ਚੱਲਣਾ ਸੌਖਾ ਨਹੀਂ ਹੈ। (1 ਯੂਹੰਨਾ 5:19) ਲੇਕਿਨ ਫਿਰ ਵੀ ਲੱਖਾਂ ਲੋਕ ਇਸ ਤਰ੍ਹਾਂ ਕਰ ਰਹੇ ਹਨ। ਜੇ ਅਸੀਂ ਯਹੋਵਾਹ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖਾਂਗੇ, ਤਾਂ ਅਸੀਂ ਉਸ ਦੇ ਰਾਹਾਂ ਉੱਤੇ ਚੱਲ ਕੇ ਨਾ ਸਿਰਫ਼ ਹੁਣ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਆਨੰਦ ਮਾਣਾਂਗੇ, ਬਲਕਿ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਜੀਵਾਂਗੇ।—ਜ਼ਬੂਰਾਂ ਦੀ ਪੋਥੀ 128:1; ਕਹਾਉਤਾਂ 3:5, 6.

ਤੁਸੀਂ ਕਿਸ ਤਰ੍ਹਾਂ ਜਵਾਬ ਦੇਵੋਗੇ?

• ‘ਆਤਮਾ ਦੁਆਰਾ ਚੱਲਣ’ ਨਾਲ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨਾਲ ਸਾਡੇ ਰਿਸ਼ਤੇ ਉੱਤੇ ਕੀ ਅਸਰ ਪੈਂਦਾ ਹੈ?

• ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਫਲ ਵਿਚ ਕਿਹੜੇ ਗੁਣ ਸ਼ਾਮਲ ਹਨ?

• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਵਿੱਤਰ ਆਤਮਾ ਦੇ ਫਲ ਜ਼ਾਹਰ ਕਰ ਸਕਦੇ ਹਾਂ?

• ਪਵਿੱਤਰ ਆਤਮਾ ਦੁਆਰਾ ਚੱਲਣ ਨਾਲ ਸਾਡੀ ਹੁਣ ਦੀ ਅਤੇ ਭਵਿੱਖ ਦੀ ਜ਼ਿੰਦਗੀ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਪਵਿੱਤਰ ਆਤਮਾ ਦੀ ਅਗਵਾਈ ਅਧੀਨ ਚੱਲ ਕੇ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਪਿਆਰ ਕਰਾਂਗੇ

[ਸਫ਼ਾ 24 ਉੱਤੇ ਤਸਵੀਰ]

ਦੂਸਰਿਆਂ ਦਾ ਹੌਸਲਾ ਵਧਾ ਕੇ ਤੇ ਉਨ੍ਹਾਂ ਦੀ ਮਦਦ ਕਰ ਕੇ ਦਿਆਲੂ ਬਣੋ