Skip to content

Skip to table of contents

ਕੀ ਤੁਸੀਂ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਹੈ?

ਕੀ ਤੁਸੀਂ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਹੈ?

ਕੀ ਤੁਸੀਂ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਹੈ?

“ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਹੈ।”—1 ਯੂਹੰਨਾ 5:16.

1, 2. ਸਾਨੂੰ ਕਿੱਦਾਂ ਪਤਾ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਜਾ ਸਕਦਾ ਹੈ?

ਜਰਮਨੀ ਵਿਚ ਰਹਿਣ ਵਾਲੀ ਇਕ ਤੀਵੀਂ ਨੇ ਲਿਖਿਆ: “ਮੇਰੇ ਮਨ ਵਿਚ ਇਹੀ ਵਿਚਾਰ ਘਰ ਕਰੀ ਬੈਠਾ ਹੈ ਕਿ ਮੈਂ ਪਵਿੱਤਰ ਆਤਮਾ ਦੇ ਵਿਰੁੱਧ ਪਾਪ ਕੀਤਾ ਹੈ।” ਭਾਵੇਂ ਇਹ ਤੀਵੀਂ ਪਰਮੇਸ਼ੁਰ ਦੀ ਸੇਵਾ ਕਰ ਰਹੀ ਸੀ, ਫਿਰ ਵੀ ਉਹ ਇਸ ਤਰ੍ਹਾਂ ਮਹਿਸੂਸ ਕਰਦੀ ਸੀ। ਕੀ ਅਸੀਂ ਵਾਕਈ ਪਰਮੇਸ਼ੁਰ ਦੀ ਪਵਿੱਤਰ ਆਤਮਾ ਵਿਰੁੱਧ ਪਾਪ ਕਰ ਸਕਦੇ ਹਾਂ?

2 ਜੀ ਹਾਂ, ਸਾਡੇ ਤੋਂ ਯਹੋਵਾਹ ਦੀ ਪਵਿੱਤਰ ਆਤਮਾ ਵਿਰੁੱਧ ਪਾਪ ਹੋ ਸਕਦਾ ਹੈ। ਯਿਸੂ ਨੇ ਕਿਹਾ ਸੀ: “ਹਰੇਕ ਪਾਪ ਅਤੇ ਕੁਫ਼ਰ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ ਪਰ ਉਹ ਕੁਫ਼ਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮਾਫ਼ ਨਹੀਂ ਕੀਤਾ ਜਾਵੇਗਾ।” (ਮੱਤੀ 12:31) ਸਾਨੂੰ ਚੇਤਾਵਨੀ ਦਿੱਤੀ ਗਈ ਹੈ: “ਜੇ ਅਸੀਂ ਸਤ ਦਾ ਗਿਆਨ ਪਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ। ਪਰ ਨਿਆਉਂ ਦੀ ਭਿਆਣਕ ਉਡੀਕ . . . ਬਾਕੀ ਹੈ।” (ਇਬਰਾਨੀਆਂ 10:26, 27) ਯੂਹੰਨਾ ਰਸੂਲ ਨੇ ਵੀ ਲਿਖਿਆ ਸੀ ਕਿ “ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਹੈ।” (1 ਯੂਹੰਨਾ 5:16) ਪਰ ਕੀ ਗੰਭੀਰ ਪਾਪ ਕਰਨ ਵਾਲਾ ਇਸ ਗੱਲ ਦਾ ਫ਼ੈਸਲਾ ਆਪ ਕਰਦਾ ਹੈ ਕਿ ਉਸ ਨੇ ਅਜਿਹਾ ਪਾਪ ਕੀਤਾ ਹੈ ਜਾਂ ਨਹੀਂ “ਜਿਹੜਾ ਮੌਤ ਦਾ ਕਾਰਨ ਹੈ”?

ਤੋਬਾ ਕਰਨ ਤੇ ਹੀ ਮਾਫ਼ੀ ਮਿਲਦੀ ਹੈ

3. ਆਪਣੇ ਪਾਪ ਕਾਰਨ ਬਹੁਤ ਦੁਖੀ ਹੋਣਾ ਸ਼ਾਇਦ ਕਿਸ ਗੱਲ ਦਾ ਸੰਕੇਤ ਹੈ?

3 ਯਹੋਵਾਹ ਹੀ ਪਾਪੀਆਂ ਦਾ ਨਿਆਉਂ ਕਰੇਗਾ। ਦਰਅਸਲ, ਅਸੀਂ ਸਾਰਿਆਂ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ ਤੇ ਪਰਮੇਸ਼ੁਰ ਕਦੇ ਅਨਿਆਂ ਨਹੀਂ ਕਰਦਾ। (ਉਤਪਤ 18:25; ਰੋਮੀਆਂ 14:12) ਯਹੋਵਾਹ ਹੀ ਇਹ ਫ਼ੈਸਲਾ ਕਰੇਗਾ ਕਿ ਅਸੀਂ ਅਜਿਹਾ ਪਾਪ ਕੀਤਾ ਹੈ ਜਾਂ ਨਹੀਂ ਜੋ ਮਾਫ਼ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਕੀਤਾ ਹੈ, ਤਾਂ ਉਹ ਆਪਣੀ ਆਤਮਾ ਸਾਡੇ ਤੋਂ ਹਟਾ ਸਕਦਾ ਹੈ। (ਜ਼ਬੂਰਾਂ ਦੀ ਪੋਥੀ 51:11) ਪਰ ਜੇ ਅਸੀਂ ਆਪਣੇ ਪਾਪ ਕਾਰਨ ਬਹੁਤ ਦੁਖੀ ਹੁੰਦੇ ਹਾਂ, ਤਾਂ ਸੰਭਵ ਹੈ ਕਿ ਅਸੀਂ ਸੱਚੇ ਦਿਲੋਂ ਪਛਤਾਵਾ ਕੀਤਾ ਹੈ। ਦਿਲੋਂ ਪਛਤਾਵਾ ਕਰਨ ਦਾ ਕੀ ਸਬੂਤ ਹੈ?

4. (ੳ) ਤੋਬਾ ਕਰਨ ਦਾ ਮਤਲਬ ਕੀ ਹੈ? (ਅ) ਸਾਨੂੰ ਜ਼ਬੂਰ 103:10-14 ਤੋਂ ਕਿਵੇਂ ਦਿਲਾਸਾ ਮਿਲਦਾ ਹੈ?

4 ਤੋਬਾ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੇ ਗ਼ਲਤ ਕੰਮਾਂ ਜਾਂ ਜਿਹੜੇ ਗ਼ਲਤ ਕੰਮ ਅਸੀਂ ਕਰਨ ਵਾਲੇ ਸੀ, ਉਨ੍ਹਾਂ ਸੰਬੰਧੀ ਆਪਣੇ ਵਿਚਾਰ ਬਦਲ ਲਈਏ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਗ਼ਲਤ ਕੰਮਾਂ ਦਾ ਅਫ਼ਸੋਸ ਹੈ ਤੇ ਅਸੀਂ ਉਨ੍ਹਾਂ ਤੋਂ ਮੂੰਹ ਮੋੜ ਲਿਆ ਹੈ। ਜੇ ਸਾਡੇ ਤੋਂ ਗੰਭੀਰ ਪਾਪ ਹੋਇਆ ਹੈ, ਪਰ ਅਸੀਂ ਮਾਫ਼ੀ ਲਈ ਜ਼ਰੂਰੀ ਕਦਮ ਚੁੱਕ ਕੇ ਆਪਣੇ ਪਛਤਾਵੇ ਦਾ ਸਬੂਤ ਦਿੱਤਾ ਹੈ, ਤਾਂ ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਤੋਂ ਦਿਲਾਸਾ ਪਾ ਸਕਦੇ ਹਾਂ: “ਉਹ [ਯਹੋਵਾਹ] ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ। ਜਿੰਨਾ ਉੱਚਾ ਅਕਾਸ਼ ਧਰਤੀ ਉੱਤੋਂ ਹੈ, ਇੰਨੀ ਵੱਡੀ ਉਹ ਦੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ! ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ! ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ। ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!”—ਜ਼ਬੂਰਾਂ ਦੀ ਪੋਥੀ 103:10-14.

5, 6. 1 ਯੂਹੰਨਾ 3:19-22 ਦਾ ਸਾਰ ਦਿਓ ਅਤੇ ਯੂਹੰਨਾ ਰਸੂਲ ਦੇ ਇਨ੍ਹਾਂ ਸ਼ਬਦਾਂ ਦਾ ਮਤਲਬ ਸਮਝਾਓ।

5 ਸਾਨੂੰ ਯੂਹੰਨਾ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਵੀ ਬਹੁਤ ਦਿਲਾਸਾ ਮਿਲਦਾ ਹੈ: “ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸਤ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਓਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ। ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ। ਹੇ ਪਿਆਰਿਓ, ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਪਰਮੇਸ਼ੁਰ ਦੇ ਅੱਗੇ ਸਾਨੂੰ ਦਿਲੇਰੀ ਹੈ ਅਤੇ ਜੋ ਕੁਝ ਅਸੀਂ ਮੰਗਦੇ ਹਾਂ ਸੋ ਓਸ ਤੋਂ ਸਾਨੂੰ ਮਿਲਦਾ ਹੈ ਕਿਉਂ ਜੋ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਹੜੇ ਉਹ ਨੂੰ ਭਾਉਂਦੇ ਹਨ।”—1 ਯੂਹੰਨਾ 3:19-22.

6 ਜਦ ਅਸੀਂ ਇਕ-ਦੂਜੇ ਨਾਲ ਪਿਆਰ ਕਰਦੇ ਹਾਂ ਅਤੇ ਪਾਪ ਨੂੰ ਵਾਰ-ਵਾਰ ਨਹੀਂ ਦੁਹਰਾਉਂਦੇ, ਤਾਂ “ਅਸੀਂ ਜਾਣਾਂਗੇ ਜੋ ਅਸੀਂ ਸਤ ਤੋਂ ਹਾਂ।” (ਜ਼ਬੂਰਾਂ ਦੀ ਪੋਥੀ 119:11) ਜੇ ਸਾਡੀਆਂ ਗ਼ਲਤੀਆਂ ਕਰਕੇ ਸਾਡਾ ਮਨ ਸਾਨੂੰ ਲਾਹਨਤਾਂ ਪਾਵੇ, ਤਾਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ “ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।” ਯਹੋਵਾਹ ਪਰਮੇਸ਼ੁਰ ਸਾਡੇ ਤੇ ਦਇਆ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸੱਚਾ ਪਿਆਰ ਕਰਦੇ ਹਾਂ, ਅਸੀਂ ਪਾਪ ਨਾ ਕਰਨ ਲਈ ਕਿੰਨੀ ਜੱਦੋ-ਜਹਿਦ ਕਰਦੇ ਹਾਂ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। (1 ਪਤਰਸ 1:22) ਜੇ ਅਸੀਂ ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਰੱਖਾਂਗੇ, ਭੈਣ-ਭਰਾਵਾਂ ਨਾਲ ਪਿਆਰ ਕਰਾਂਗੇ ਅਤੇ ਜਾਣ-ਬੁੱਝ ਕੇ ਪਾਪ ਨਹੀਂ ਕਰਾਂਗੇ, ਤਾਂ ਸਾਡਾ ਮਨ ਸਾਨੂੰ ‘ਦੋਸ਼ ਨਾ ਲਾਵੇਗਾ।’ ਅਸੀਂ ਦਲੇਰੀ ਨਾਲ ਪ੍ਰਾਰਥਨਾ ਦੇ ਜ਼ਰੀਏ ਪਰਮੇਸ਼ੁਰ ਨਾਲ ਗੱਲ ਕਰ ਸਕਾਂਗੇ ਅਤੇ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ ਕਿਉਂਜੋ ਅਸੀਂ ਉਸ ਦੀ ਆਗਿਆ ਦੀ ਪਾਲਣਾ ਕਰਦੇ ਹਾਂ।

ਜਿਨ੍ਹਾਂ ਨੇ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ

7. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਪਾਪ ਮਾਫ਼ ਕਰਨ ਦੇ ਲਾਇਕ ਹੈ ਜਾਂ ਨਹੀਂ?

7 ਕਿਹੜੇ ਪਾਪ ਮਾਫ਼ ਨਹੀਂ ਕੀਤੇ ਜਾਂਦੇ? ਇਸ ਸਵਾਲ ਦਾ ਜਵਾਬ ਪਾਉਣ ਲਈ ਆਓ ਆਪਾਂ ਬਾਈਬਲ ਵਿੱਚੋਂ ਕੁਝ ਉਦਾਹਰਣਾਂ ਵੱਲ ਧਿਆਨ ਦੇਈਏ। ਜੇ ਅਸੀਂ ਗੰਭੀਰ ਪਾਪ ਕਰਨ ਤੋਂ ਬਾਅਦ ਦਿਲੋਂ ਪਛਤਾਵਾ ਕਰ ਰਹੇ ਹਾਂ, ਤਾਂ ਇਨ੍ਹਾਂ ਉਦਾਹਰਣਾਂ ਤੋਂ ਸਾਨੂੰ ਬਹੁਤ ਦਿਲਾਸਾ ਮਿਲੇਗਾ। ਅਸੀਂ ਦੇਖਾਂਗੇ ਕਿ ਪਾਪ ਮਾਫ਼ ਕਰਨ ਦੇ ਲਾਇਕ ਹੈ ਜਾਂ ਨਹੀਂ, ਸਿਰਫ਼ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਕਿ ਵਿਅਕਤੀ ਨੇ ਕਿਹੋ ਜਿਹਾ ਪਾਪ ਕੀਤਾ ਹੈ, ਪਰ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਇਹ ਪਾਪ ਕਿਉਂ ਕੀਤਾ, ਉਸ ਦੇ ਦਿਲ ਦੀ ਹਾਲਤ ਕਿਹੋ ਜਿਹੀ ਸੀ ਤੇ ਉਸ ਨੇ ਕਿੰਨੇ ਕੁ ਢੀਠਪੁਣੇ ਨਾਲ ਪਾਪ ਕੀਤਾ।

8. ਪਹਿਲੀ ਸਦੀ ਦੇ ਕੁਝ ਯਹੂਦੀ ਆਗੂਆਂ ਨੇ ਪਵਿੱਤਰ ਆਤਮਾ ਵਿਰੁੱਧ ਪਾਪ ਕਿਵੇਂ ਕੀਤਾ ਸੀ?

8 ਪਹਿਲੀ ਸਦੀ ਦੇ ਯਹੂਦੀ ਆਗੂਆਂ ਨੇ ਯਿਸੂ ਮਸੀਹ ਦਾ ਵਿਰੋਧ ਕਰ ਕੇ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਸੀ। ਉਨ੍ਹਾਂ ਨੇ ਆਪਣੀ ਅੱਖੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਯਿਸੂ ਮਸੀਹ ਉੱਤੇ ਕੰਮ ਕਰਦੇ ਹੋਏ ਦੇਖਿਆ ਸੀ ਜਦ ਯਿਸੂ ਨੇ ਚਮਤਕਾਰ ਕਰ ਕੇ ਯਹੋਵਾਹ ਦੀ ਵਡਿਆਈ ਕੀਤੀ। ਲੇਕਿਨ ਯਿਸੂ ਦੇ ਇਨ੍ਹਾਂ ਦੁਸ਼ਮਣਾਂ ਨੇ ਚਮਤਕਾਰ ਕਰਨ ਦੀ ਇਸ ਸ਼ਕਤੀ ਦਾ ਸਿਹਰਾ ਪਰਮੇਸ਼ੁਰ ਨੂੰ ਦੇਣ ਦੀ ਬਜਾਇ ਸ਼ਤਾਨ ਨੂੰ ਦਿੱਤਾ। ਯਿਸੂ ਨੇ ਸਾਫ਼ ਕਿਹਾ ਸੀ ਕਿ ਜੋ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਇਸ ਤਰ੍ਹਾਂ ਨਿੰਦਿਆ ਕਰਦੇ ਹਨ, ਉਹ ਅਜਿਹਾ ਪਾਪ ਕਰਦੇ ਹਨ ਜਿਸ ਲਈ ਉਨ੍ਹਾਂ ਨੂੰ “ਨਾ ਇਸ ਜੁਗ ਵਿੱਚ ਨਾ ਆਉਣ ਵਾਲੇ ਜੁਗ” ਵਿਚ ਮਾਫ਼ ਕੀਤਾ ਜਾਵੇਗਾ।—ਮੱਤੀ 12:22-32.

9. ਕੁਫ਼ਰ ਬੋਲਣ ਦਾ ਕੀ ਮਤਲਬ ਹੈ ਤੇ ਇਸ ਬਾਰੇ ਯਿਸੂ ਨੇ ਕੀ ਕਿਹਾ ਸੀ?

9 ਕੁਫ਼ਰ ਬੋਲਣ ਦਾ ਮਤਲਬ ਹੈ ਕਿਸੇ ਦੀ ਬੇਇੱਜ਼ਤੀ ਕਰਨੀ, ਉਸ ਬਾਰੇ ਬੁਰਾ-ਭਲਾ ਕਹਿਣਾ ਜਾਂ ਉਸ ਨੂੰ ਗਾਲ਼ਾਂ ਕੱਢਣੀਆਂ। ਪਵਿੱਤਰ ਆਤਮਾ ਦਾ ਸੋਮਾ ਪਰਮੇਸ਼ੁਰ ਹੈ, ਇਸ ਲਈ ਇਸ ਆਤਮਾ ਵਿਰੁੱਧ ਕੁਝ ਬੋਲਣਾ ਪਰਮੇਸ਼ੁਰ ਵਿਰੁੱਧ ਬੋਲਣ ਦੇ ਬਰਾਬਰ ਹੈ। ਬਿਨਾਂ ਪਛਤਾਏ ਢੀਠਪੁਣੇ ਨਾਲ ਇਸ ਤਰ੍ਹਾਂ ਦੇ ਪਾਪ ਕਰਨ ਦੀ ਮਾਫ਼ੀ ਨਹੀਂ ਮਿਲੇਗੀ। ਅਜਿਹੇ ਪਾਪ ਸੰਬੰਧੀ ਯਿਸੂ ਦੇ ਸ਼ਬਦਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਉਹ ਉਨ੍ਹਾਂ ਬਾਰੇ ਗੱਲ ਕਰ ਰਿਹਾ ਸੀ ਜੋ ਜਾਣ-ਬੁੱਝ ਕੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਵਿਰੁੱਧ ਪਾਪ ਕਰਦੇ ਹਨ। ਜਦ ਫ਼ਰੀਸੀਆਂ ਨੇ ਯਹੋਵਾਹ ਦੀ ਪਵਿੱਤਰ ਆਤਮਾ ਨੂੰ ਯਿਸੂ ਉੱਤੇ ਕੰਮ ਕਰਦੇ ਦੇਖ ਕੇ ਕਿਹਾ ਕਿ ਇਹ ਸ਼ਕਤੀ ਸ਼ਤਾਨ ਦੀ ਹੈ, ਤਾਂ ਉਨ੍ਹਾਂ ਨੇ ਪਵਿੱਤਰ ਆਤਮਾ ਵਿਰੁੱਧ ਕੁਫ਼ਰ ਬੋਲਿਆ। ਇਸ ਲਈ ਯਿਸੂ ਨੇ ਕਿਹਾ: “ਜੋ ਕੋਈ ਪਵਿੱਤ੍ਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ ਉਹ ਨੂੰ ਕਦੇ ਵੀ ਮਾਫ਼ੀ ਨਹੀਂ ਮਿਲੇਗੀ ਪਰ ਉਹ ਸਦਾ ਦੇ ਪਾਪ ਦੇ ਵੱਸ ਵਿੱਚ ਆ ਗਿਆ।”—ਮਰਕੁਸ 3:20-29.

10. ਯਿਸੂ ਨੇ ਯਹੂਦਾ ਨੂੰ ‘ਨਾਸ ਦਾ ਪੁੱਤ੍ਰ’ ਕਿਉਂ ਕਿਹਾ ਸੀ?

10 ਯਹੂਦਾ ਇਸਕਰਿਯੋਤੀ ਦੀ ਉਦਾਹਰਣ ਉੱਤੇ ਗੌਰ ਕਰੋ। ਪੈਸਿਆਂ ਦੀ ਗੁਥਲੀ ਉਸ ਕੋਲ ਰਹਿੰਦੀ ਸੀ, ਪਰ ਉਹ ਬੇਈਮਾਨੀ ਨਾਲ ਉਸ ਵਿੱਚੋਂ ਪੈਸੇ ਚੋਰੀ ਕਰਨ ਲੱਗ ਪਿਆ ਸੀ। (ਯੂਹੰਨਾ 12:5, 6) ਫਿਰ ਬਾਅਦ ਵਿਚ ਉਸ ਨੇ ਯਹੂਦੀ ਆਗੂਆਂ ਕੋਲ ਜਾ ਕੇ ਯਿਸੂ ਨੂੰ ਚਾਂਦੀ ਦੇ 30 ਸਿੱਕਿਆਂ ਦੇ ਬਦਲੇ ਫੜਵਾਉਣ ਦੀ ਯੋਜਨਾ ਬਣਾਈ। ਯਿਸੂ ਨਾਲ ਦਗ਼ਾ ਕਰਨ ਤੋਂ ਬਾਅਦ ਯਹੂਦਾ ਦੁਖੀ ਜ਼ਰੂਰ ਹੋਇਆ ਸੀ, ਪਰ ਉਸ ਨੇ ਜਾਣ-ਬੁੱਝ ਕੇ ਕੀਤੇ ਗਏ ਇਸ ਪਾਪ ਦੀ ਮਾਫ਼ੀ ਨਹੀਂ ਮੰਗੀ। ਨਤੀਜੇ ਵਜੋਂ, ਯਹੂਦਾ ਦੁਬਾਰਾ ਜੀਵਨ ਪਾਉਣ ਦੇ ਲਾਇਕ ਨਹੀਂ ਰਿਹਾ। ਇਸ ਕਰਕੇ ਯਿਸੂ ਨੇ ਉਸ ਨੂੰ ‘ਨਾਸ ਦਾ ਪੁੱਤ੍ਰ’ ਕਿਹਾ ਸੀ।—ਯੂਹੰਨਾ 17:12; ਮੱਤੀ 26:14-16.

ਜਿਨ੍ਹਾਂ ਨੇ ਪਵਿੱਤਰ ਆਤਮਾ ਵਿਰੁੱਧ ਪਾਪ ਨਹੀਂ ਕੀਤਾ

11-13. ਰਾਜਾ ਦਾਊਦ ਨੇ ਬਥ-ਸ਼ਬਾ ਨਾਲ ਕਿਹੜਾ ਪਾਪ ਕੀਤਾ ਸੀ ਅਤੇ ਯਹੋਵਾਹ ਨੇ ਉਨ੍ਹਾਂ ਨਾਲ ਜੋ ਸਲੂਕ ਕੀਤਾ, ਉਸ ਤੋਂ ਸਾਨੂੰ ਕਿਵੇਂ ਦਿਲਾਸਾ ਮਿਲਦਾ ਹੈ?

11 ਕਦੀ-ਕਦਾਈਂ ਇਵੇਂ ਹੁੰਦਾ ਹੈ ਕਿ ਗੰਭੀਰ ਪਾਪ ਕਰਨ ਤੋਂ ਬਾਅਦ ਭਾਵੇਂ ਕੋਈ ਭੈਣ-ਭਰਾ ਆਪਣੀ ਗ਼ਲਤੀ ਕਬੂਲ ਕਰ ਲੈਂਦਾ ਹੈ ਅਤੇ ਕਲੀਸਿਯਾ ਦੇ ਬਜ਼ੁਰਗ ਉਸ ਦੀ ਮਦਦ ਵੀ ਕਰਦੇ ਹਨ, ਪਰ ਫਿਰ ਵੀ ਉਸ ਦੀ ਜ਼ਮੀਰ ਉਸ ਨੂੰ ਕੋਸਦੀ ਰਹਿੰਦੀ ਹੈ। (ਯਾਕੂਬ 5:14) ਜੇ ਅਸੀਂ ਆਪਣੀ ਜ਼ਮੀਰ ਦੀਆਂ ਲਾਹਨਤਾਂ ਕਾਰਨ ਦੁਖੀ ਹੁੰਦੇ ਹਾਂ, ਤਾਂ ਸਾਨੂੰ ਬਾਈਬਲ ਵਿੱਚੋਂ ਉਨ੍ਹਾਂ ਵਿਅਕਤੀਆਂ ਬਾਰੇ ਪੜ੍ਹ ਕੇ ਬਹੁਤ ਮਦਦ ਮਿਲੇਗੀ ਜਿਨ੍ਹਾਂ ਦੇ ਪਾਪ ਮਾਫ਼ ਕੀਤੇ ਗਏ ਸਨ।

12 ਰਾਜਾ ਦਾਊਦ ਨੇ ਹਿੱਤੀ ਊਰਿੱਯਾਹ ਦੀ ਤੀਵੀਂ ਬਥ-ਸ਼ਬਾ ਨਾਲ ਬਹੁਤ ਵੱਡਾ ਪਾਪ ਕੀਤਾ ਸੀ। ਉਸ ਨੇ ਆਪਣੇ ਮਹਿਲ ਦੀ ਛੱਤ ਤੋਂ ਇਸ ਬਹੁਤ ਸੋਹਣੀ ਔਰਤ ਨੂੰ ਨਹਾਉਂਦਿਆਂ ਦੇਖਿਆ ਅਤੇ ਉਹ ਉਸ ਨੂੰ ਮਹਿਲ ਵਿਚ ਬੁਲਾ ਕੇ ਉਸ ਨਾਲ ਵਿਭਚਾਰ ਕਰ ਬੈਠਾ। ਫਿਰ ਜਦ ਰਾਜੇ ਨੂੰ ਪਤਾ ਲੱਗਾ ਕਿ ਉਹ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ, ਤਾਂ ਉਸ ਨੇ ਆਪਣੇ ਪਾਪ ਤੇ ਪੜਦਾ ਪਾਉਣ ਲਈ ਜੰਗ ਲੜਨ ਗਏ ਬਥ-ਸ਼ਬਾ ਦੇ ਪਤੀ ਨੂੰ ਘਰ ਬੁਲਾ ਲਿਆ। ਦਾਊਦ ਨੇ ਸੋਚਿਆ ਕਿ ਊਰਿੱਯਾਹ ਆਪਣੀ ਪਤਨੀ ਨਾਲ ਰਾਤ ਗੁਜ਼ਾਰੇਗਾ, ਤਾਂ ਸਭ ਕੁਝ ਠੀਕ ਹੋ ਜਾਵੇਗਾ। ਪਰ ਜਦ ਇਸ ਤਰ੍ਹਾਂ ਨਹੀਂ ਹੋਇਆ, ਤਦ ਦਾਊਦ ਨੇ ਇਕ ਸਕੀਮ ਘੜੀ ਜਿਸ ਦੇ ਮੁਤਾਬਕ ਊਰਿੱਯਾਹ ਲੜਾਈ ਦੇ ਮੈਦਾਨ ਵਿਚ ਮਾਰਿਆ ਗਿਆ। ਇਸ ਦੇ ਮਗਰੋਂ ਰਾਜਾ ਦਾਊਦ ਨੇ ਬਥ-ਸ਼ਬਾ ਨਾਲ ਵਿਆਹ ਕਰਵਾ ਲਿਆ ਅਤੇ ਜੋ ਮੁੰਡਾ ਉਸ ਦੇ ਪੈਦਾ ਹੋਇਆ ਸੀ, ਉਹ ਮਰ ਗਿਆ।—2 ਸਮੂਏਲ 11:1-27.

13 ਯਹੋਵਾਹ ਪਰਮੇਸ਼ੁਰ ਨੇ ਰਾਜਾ ਦਾਊਦ ਅਤੇ ਬਥ-ਸ਼ਬਾ ਦੇ ਇਸ ਮਾਮਲੇ ਨੂੰ ਨਜਿੱਠ ਕੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਕਿਉਂ? ਕਿਉਂਕਿ ਪਰਮੇਸ਼ੁਰ ਨੇ ਦੇਖਿਆ ਕਿ ਦਾਊਦ ਨੇ ਦਿਲੋਂ ਪਛਤਾਵਾ ਕੀਤਾ ਸੀ। ਇਸ ਤੋਂ ਇਲਾਵਾ ਪਰਮੇਸ਼ੁਰ ਨੇ ਦਾਊਦ ਨਾਲ ਰਾਜ ਦਾ ਨੇਮ ਬੰਨ੍ਹਿਆ ਸੀ। (2 ਸਮੂਏਲ 7:11-16; 12:7-14) ਸਪੱਸ਼ਟ ਹੈ ਕਿ ਬਥ-ਸ਼ਬਾ ਨੇ ਵੀ ਤੋਬਾ ਕੀਤੀ ਸੀ ਕਿਉਂਜੋ ਉਸ ਨੂੰ ਰਾਜਾ ਸੁਲੇਮਾਨ ਦੀ ਮਾਤਾ ਅਤੇ ਯਿਸੂ ਮਸੀਹ ਦੀ ਪੂਰਵਜ ਬਣਨ ਦਾ ਸਨਮਾਨ ਬਖ਼ਸ਼ਿਆ ਗਿਆ ਸੀ। (ਮੱਤੀ 1:1, 6, 16) ਜੇਕਰ ਅਸੀਂ ਕੋਈ ਪਾਪ ਕੀਤਾ ਹੈ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੇ ਪਸ਼ਚਾਤਾਪੀ ਰਵੱਈਏ ਨੂੰ ਧਿਆਨ ਵਿਚ ਰੱਖਦਾ ਹੈ।

14. ਪਾਤਸ਼ਾਹ ਮਨੱਸ਼ਹ ਦੀ ਉਦਾਹਰਣ ਨੂੰ ਦੇਖਿਆ ਜਾਵੇ, ਤਾਂ ਯਹੋਵਾਹ ਮਾਫ਼ੀ ਦੇਣ ਦੇ ਮਾਮਲੇ ਵਿਚ ਕਿੰਨਾ ਕੁ ਦਿਆਲੂ ਹੈ?

14 ਯਹੂਦਾਹ ਦੇ ਪਾਤਸ਼ਾਹ ਮਨੱਸ਼ਹ ਦੀ ਉਦਾਹਰਣ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਮਾਫ਼ੀ ਦੇਣ ਦੇ ਮਾਮਲੇ ਵਿਚ ਕਿੰਨਾ ਕੁ ਦਿਆਲੂ ਹੈ। ਮਨੱਸ਼ਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਪਾਪ ਸਨ। ਉਸ ਨੇ ਬਆਲ ਦੇਵਤੇ ਲਈ ਜਗਵੇਦੀਆਂ ਬਣਾਈਆਂ ਅਤੇ “ਸਾਰੇ ਸੁਰਗੀ ਲਸ਼ਕਰ ਨੂੰ ਮੱਥਾ ਟੇਕਿਆ।” ਉਸ ਨੇ ਤਾਂ ਯਹੋਵਾਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿਚ ਵੀ ਦੇਵੀ-ਦੇਵਤਿਆਂ ਦੀਆਂ ਜਗਵੇਦੀਆਂ ਬਣਾਈਆਂ ਸਨ। ਮਨੱਸ਼ਹ ਨੇ ਆਪਣੇ ਪੁੱਤਰਾਂ ਨੂੰ ਅੱਗ ਵਿਚ ਬਲੀ ਕੀਤਾ, ਜਾਦੂ-ਟੂਣੇ ਕੀਤੇ ਅਤੇ ਯਹੂਦਾਹ ਤੇ ਯਰੂਸ਼ਲਮ ਦੇ ਵਾਸੀਆਂ ਨੂੰ ਇਸ ਹੱਦ ਤਕ ਕੁਰਾਹੇ ਪਾਇਆ ਕਿ ਉਨ੍ਹਾਂ ਨੇ “ਕੌਮਾਂ ਨਾਲੋਂ ਵੀ ਵਧ ਬੁਰਿਆਈ ਕੀਤੀ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਬਰਬਾਦ ਕਰਵਾਇਆ ਸੀ।” ਉਸ ਨੇ ਪਰਮੇਸ਼ੁਰ ਦੇ ਨਬੀਆਂ ਦੀਆਂ ਚੇਤਾਵਨੀਆਂ ਨੂੰ ਰੱਦ ਕੀਤਾ। ਅਖ਼ੀਰ ਵਿਚ ਅੱਸ਼ੂਰ ਦਾ ਪਾਤਸ਼ਾਹ ਮਨੱਸ਼ਹ ਨੂੰ ਬੰਨ੍ਹ ਕੇ ਲੈ ਗਿਆ। ਕੈਦ ਵਿਚ ਹੁੰਦਿਆਂ ਮਨੱਸ਼ਹ ਨੇ ਨਿਮਰਤਾ ਨਾਲ ਪਰਮੇਸ਼ੁਰ ਨੂੰ ਦੁਆ ਕਰ ਕੇ ਦਿਲੋਂ ਪਛਤਾਵਾ ਕੀਤਾ ਅਤੇ ਪਰਮੇਸ਼ੁਰ ਨੇ ਉਹ ਦੇ ਤਰਲਿਆਂ ਨੂੰ ਸੁਣ ਕੇ ਉਸ ਨੂੰ ਮਾਫ਼ ਕਰ ਦਿੱਤਾ ਅਤੇ ਉਹ ਫਿਰ ਤੋਂ ਯਰੂਸ਼ਲਮ ਵਿਚ ਰਾਜ ਕਰਨ ਲੱਗਾ। ਉੱਥੇ ਉਸ ਨੇ ਯਹੋਵਾਹ ਦੀ ਭਗਤੀ ਨੂੰ ਜੋਸ਼ ਨਾਲ ਅੱਗੇ ਵਧਾਇਆ।—2 ਇਤਹਾਸ 33:2-17.

15. ਪਤਰਸ ਰਸੂਲ ਦੀ ਉਦਾਹਰਣ ਤੋਂ ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਸਾਡਾ “ਅੱਤ ਦਿਆਲੂ” ਪਿਤਾ ਯਹੋਵਾਹ ਮਾਫ਼ੀ ਦੇਣ ਲਈ ਤਿਆਰ ਰਹਿੰਦਾ ਹੈ?

15 ਸਦੀਆਂ ਬਾਅਦ ਪਤਰਸ ਰਸੂਲ ਨੇ ਯਿਸੂ ਦਾ ਇਨਕਾਰ ਕਰ ਕੇ ਗੰਭੀਰ ਪਾਪ ਕੀਤਾ। (ਮਰਕੁਸ 14:30, 66-72) ਲੇਕਿਨ ਸਾਡੇ “ਅੱਤ ਦਿਆਲੂ” ਪਿਤਾ ਯਹੋਵਾਹ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ। (ਯਸਾਯਾਹ 55:7) ਪਤਰਸ ਨੂੰ ਮਾਫ਼ ਕਿਉਂ ਕੀਤਾ ਗਿਆ ਸੀ? ਕਿਉਂਕਿ ਉਸ ਨੇ ਦਿਲੋਂ ਤੋਬਾ ਕੀਤੀ ਸੀ। (ਲੂਕਾ 22:62) ਉਸ ਨੂੰ ਮਾਫ਼ ਕੀਤੇ ਜਾਣ ਦਾ ਸਪੱਸ਼ਟ ਸਬੂਤ 50 ਦਿਨਾਂ ਬਾਅਦ ਮਿਲਿਆ ਜਦ ਪੰਤੇਕੁਸਤ ਦੇ ਦਿਨ ਤੇ ਪਤਰਸ ਨੂੰ ਯਿਸੂ ਬਾਰੇ ਦਲੇਰੀ ਨਾਲ ਗਵਾਹੀ ਦੇਣ ਦਾ ਸਨਮਾਨ ਦਿੱਤਾ ਗਿਆ। (ਰਸੂਲਾਂ ਦੇ ਕਰਤੱਬ 2:14-36) ਤਾਂ ਫਿਰ, ਅਸੀਂ ਵੀ ਯਕੀਨ ਰੱਖ ਸਕਦੇ ਹਾਂ ਕਿ ਦਿਲੋਂ ਪਛਤਾਵਾ ਕਰਨ ਤੇ ਪਰਮੇਸ਼ੁਰ ਸਾਨੂੰ ਵੀ ਜ਼ਰੂਰ ਮਾਫ਼ ਕਰੇਗਾ। ਜ਼ਬੂਰਾਂ ਦੇ ਲਿਖਾਰੀ ਨੇ ਇਕ ਜ਼ਬੂਰ ਵਿਚ ਕਿਹਾ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ? ਪਰ ਤੇਰੇ ਕੋਲ ਤਾਂ ਮਾਫ਼ੀ ਹੈ।”—ਜ਼ਬੂਰਾਂ ਦੀ ਪੋਥੀ 130:3, 4.

ਚਿੰਤਾ ਨਾ ਕਰੋ ਕਿ ਤੁਹਾਡੇ ਪਾਪ ਮਾਫ਼ ਨਹੀਂ ਕੀਤੇ ਗਏ

16. ਯਹੋਵਾਹ ਪਰਮੇਸ਼ੁਰ ਕਿਨ੍ਹਾਂ ਗੱਲਾਂ ਦੇ ਆਧਾਰ ਤੇ ਮਾਫ਼ੀ ਬਖ਼ਸ਼ਦਾ ਹੈ?

16 ਇਨ੍ਹਾਂ ਉਦਾਹਰਣਾਂ ਵੱਲ ਧਿਆਨ ਦੇਣ ਨਾਲ ਸਾਡੀ ਇਹ ਚਿੰਤਾ ਦੂਰ ਹੋਵੇਗੀ ਕਿ ਅਸੀਂ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਹੈ। ਇਨ੍ਹਾਂ ਉਦਾਹਰਣਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਯਹੋਵਾਹ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ। ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰੀਏ। ਜੇ ਅਸੀਂ ਕੋਈ ਪਾਪ ਕੀਤਾ ਹੈ, ਤਾਂ ਅਸੀਂ ਯਿਸੂ ਮਸੀਹ ਦੀ ਕੁਰਬਾਨੀ, ਯਹੋਵਾਹ ਦੀ ਦਇਆ, ਸਾਡੀ ਨਾਮੁਕੰਮਲਤਾ ਅਤੇ ਵਫ਼ਾਦਾਰੀ ਨਾਲ ਕੀਤੀ ਸੇਵਾ ਦੇ ਆਧਾਰ ਤੇ ਮਾਫ਼ੀ ਮੰਗ ਸਕਦੇ ਹਾਂ। ਇਹ ਜਾਣਦੇ ਹੋਏ ਕਿ ਯਹੋਵਾਹ ਅੱਤ ਦਿਆਲੂ ਹੈ, ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਮਾਫ਼ ਕਰੇਗਾ।—ਅਫ਼ਸੀਆਂ 1:7.

17. ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈ ਜਦ ਅਸੀਂ ਪਾਪ ਕੀਤਾ ਹੈ ਅਤੇ ਸਾਨੂੰ ਮਦਦ ਦੀ ਲੋੜ ਹੁੰਦੀ ਹੈ?

17 ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈ ਜਦ ਅਸੀਂ ਸੋਚਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦੇ ਲਾਇਕ ਨਹੀਂ ਹਾਂ ਕਿਉਂਕਿ ਪਾਪ ਦੇ ਕਾਰਨ ਉਸ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋ ਚੁੱਕਾ ਹੈ? ਇਸ ਬਾਰੇ ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ ਕਿ ਅਜਿਹਾ ਵਿਅਕਤੀ “ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਓਹ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੁ ਉਹ ਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ਼ ਕੀਤੇ ਜਾਣਗੇ।”—ਯਾਕੂਬ 5:14, 15.

18. ਜੇ ਪਾਪ ਕਰਨ ਵਾਲੇ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ ਹੈ, ਤਾਂ ਇਸ ਦਾ ਇਹ ਮਤਲਬ ਕਿਉਂ ਨਹੀਂ ਹੈ ਕਿ ਉਸ ਦਾ ਪਾਪ ਮਾਫ਼ ਨਹੀਂ ਕੀਤਾ ਜਾ ਸਕਦਾ?

18 ਜੇ ਪਾਪ ਕਰਨ ਵਾਲੇ ਨੇ ਅਜੇ ਤਕ ਤੋਬਾ ਨਹੀਂ ਕੀਤੀ ਤੇ ਉਸ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸ ਦਾ ਪਾਪ ਮਾਫ਼ ਨਹੀਂ ਕੀਤਾ ਜਾ ਸਕਦਾ। ਪੌਲੁਸ ਰਸੂਲ ਨੇ ਕੁਰਿੰਥੁਸ ਦੀ ਕਲੀਸਿਯਾ ਵਿੱਚੋਂ ਛੇਕੇ ਗਏ ਇਕ ਮਸਹ ਕੀਤੇ ਹੋਏ ਮਸੀਹੀ ਬਾਰੇ ਲਿਖਿਆ: “ਇਹੋ ਜਿਹੇ ਮਨੁੱਖ ਲਈ ਇਹ ਤਾੜਨਾ ਜੋ ਬਹੁਤਿਆਂ ਤੋਂ ਹੋਈ ਸੋ ਬਥੇਰੀ ਹੈ। ਸੋ ਉਲਟਾ ਤੁਹਾਨੂੰ ਚਾਹੀਦਾ ਹੈ ਜੋ ਉਹ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ ਮਤੇ ਬਹੁਤਾ ਗ਼ਮ ਏਹੋ ਜੇਹੇ ਮਨੁੱਖ ਨੂੰ ਖਾ ਜਾਵੇ।” (2 ਕੁਰਿੰਥੀਆਂ 2:6-8; 1 ਕੁਰਿੰਥੀਆਂ 5:1-5) ਪਰਮੇਸ਼ੁਰ ਨਾਲ ਦੁਬਾਰਾ ਰਿਸ਼ਤਾ ਜੋੜਨ ਲਈ ਪਾਪ ਕਰਨ ਵਾਲਿਆਂ ਨੂੰ ਬਾਈਬਲ ਵਿੱਚੋਂ ਪਰਮੇਸ਼ੁਰ ਦੀ ਸਲਾਹ ਉੱਤੇ ਚੱਲ ਕੇ ਅਤੇ ਬਜ਼ੁਰਗਾਂ ਦੀ ਮਦਦ ਸਵੀਕਾਰ ਕਰ ਕੇ ਦਿਲੋਂ ਆਪਣੇ ਪਛਤਾਵੇ ਦਾ ਸਬੂਤ ਦੇਣ ਦੀ ਲੋੜ ਹੈ। ਜੀ ਹਾਂ, ਉਨ੍ਹਾਂ ਨੂੰ “ਤੋਬਾ ਦੇ ਲਾਇਕ ਫਲ” ਦੇਣ ਦੀ ਲੋੜ ਹੈ।—ਲੂਕਾ 3:8.

19. ‘ਨਿਹਚਾ ਵਿੱਚ ਪੱਕੇ’ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

19 ਇਸ ਤਰ੍ਹਾਂ ਮਹਿਸੂਸ ਕਰਨ ਦਾ ਕੀ ਕਾਰਨ ਹੋ ਸਕਦਾ ਹੈ ਕਿ ਅਸੀਂ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਹੈ? ਸ਼ਾਇਦ ਅਸੀਂ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿਚ ਰਹਿੰਦੇ ਹਾਂ ਜਾਂ ਹੋ ਸਕਦਾ ਕਿ ਅਸੀਂ ਕਿਸੇ ਬੀਮਾਰੀ ਦੇ ਕਾਰਨ ਇਹੀ ਸੋਚਦੇ ਰਹਿੰਦੇ ਹਾਂ ਕਿ ਸਾਡੇ ਤੋਂ ਪਵਿੱਤਰ ਆਤਮਾ ਵਿਰੁੱਧ ਪਾਪ ਹੋਇਆ ਹੈ। ਇਨ੍ਹਾਂ ਹਾਲਾਤਾਂ ਵਿਚ ਪ੍ਰਾਰਥਨਾ ਕਰਨ ਅਤੇ ਚੰਗੀ ਤਰ੍ਹਾਂ ਆਰਾਮ ਕਰਨ ਨਾਲ ਸਾਡੀ ਮਦਦ ਹੋ ਸਕਦੀ ਹੈ। ਸਭ ਤੋਂ ਜ਼ਰੂਰੀ ਹੈ ਕਿ ਅਸੀਂ ਸ਼ਤਾਨ ਨੂੰ ਇਹ ਮੌਕਾ ਨਾ ਦੇਈਏ ਕਿ ਉਹ ਸਾਡਾ ਹੌਸਲਾ ਢਾਹੁਣ ਵਿਚ ਕਾਮਯਾਬ ਹੋਵੇ ਅਤੇ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਹਟ ਜਾਈਏ। ਜਦ ਯਹੋਵਾਹ ਪਰਮੇਸ਼ੁਰ ਨੂੰ ਕਿਸੇ ਦੁਸ਼ਟ ਇਨਸਾਨ ਦੀ ਮੌਤ ਤੇ ਖ਼ੁਸ਼ੀ ਨਹੀਂ ਹੁੰਦੀ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਉਹ ਆਪਣੇ ਕਿਸੇ ਵਫ਼ਾਦਾਰ ਸੇਵਕ ਦੀ ਮੌਤ ਵੀ ਨਹੀਂ ਚਾਹੁੰਦਾ। ਇਸ ਲਈ ਜੇ ਸਾਨੂੰ ਇਹ ਚਿੰਤਾ ਲੱਗੀ ਹੈ ਕਿ ਅਸੀਂ ਸ਼ਾਇਦ ਆਤਮਾ ਵਿਰੁੱਧ ਪਾਪ ਕੀਤਾ ਹੈ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਦੇ ਰਹਿਣਾ ਚਾਹੀਦਾ ਹੈ, ਖ਼ਾਸ ਕਰਕੇ ਜ਼ਬੂਰਾਂ ਵਰਗੇ ਕੁਝ ਦਿਲਾਸਾ ਭਰੇ ਹਿੱਸਿਆਂ ਨੂੰ। ਸਾਨੂੰ ਮੀਟਿੰਗਾਂ ਵਿਚ ਜਾਣਾ ਨਹੀਂ ਛੱਡਣਾ ਚਾਹੀਦਾ ਅਤੇ ਪ੍ਰਚਾਰ ਵਿਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ‘ਨਿਹਚਾ ਵਿੱਚ ਪੱਕੇ’ ਰਹਿ ਸਕਾਂਗੇ ਅਤੇ ਇਸ ਚਿੰਤਾ ਤੋਂ ਮੁਕਤ ਹੋਵਾਂਗੇ ਕਿ ਅਸੀਂ ਅਜਿਹਾ ਪਾਪ ਕੀਤਾ ਹੈ ਜੋ ਮਾਫ਼ ਨਹੀਂ ਕੀਤਾ ਜਾ ਸਕਦਾ।—ਤੀਤੁਸ 2:2.

20. ਇਹ ਜਾਣਨ ਲਈ ਕਿ ਤੁਸੀਂ ਪਵਿੱਤਰ ਆਤਮਾ ਵਿਰੁੱਧ ਪਾਪ ਨਹੀਂ ਕੀਤਾ, ਤੁਹਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣ ਦੀ ਲੋੜ ਹੈ?

20 ਜੇ ਤੁਹਾਨੂੰ ਇਹ ਚਿੰਤਾ ਹੈ ਕਿ ਤੁਸੀਂ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਹੈ, ਤਾਂ ਕਿਉਂ ਨਾ ਆਪਣੇ ਆਪ ਤੋਂ ਇਹ ਪੁੱਛੋ: ‘ਕੀ ਮੈਂ ਪਵਿੱਤਰ ਆਤਮਾ ਵਿਰੁੱਧ ਕੁਫ਼ਰ ਬੋਲਿਆ ਹੈ? ਕੀ ਮੈਂ ਆਪਣੇ ਪਾਪ ਤੋਂ ਸੱਚੇ ਦਿਲੋਂ ਤੋਬਾ ਕੀਤੀ ਹੈ? ਕੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਯਹੋਵਾਹ ਪਰਮੇਸ਼ੁਰ ਤੋਂ ਮਾਫ਼ੀ ਮੰਗ ਸਕਦਾ ਹਾਂ? ਕੀ ਮੈਂ ਬਾਈਬਲ ਦੀਆਂ ਸਹੀ ਸਿੱਖਿਆਵਾਂ ਨੂੰ ਠੁਕਰਾ ਕੇ ਸੱਚੇ ਧਰਮ ਨੂੰ ਛੱਡ ਦਿੱਤਾ ਹੈ?’ ਸੰਭਵ ਹੈ ਕਿ ਤੁਹਾਨੂੰ ਅਜਿਹੇ ਸਵਾਲ ਪੁੱਛਣ ਤੋਂ ਬਾਅਦ ਅਹਿਸਾਸ ਹੋਵੇਗਾ ਕਿ ਤੁਸੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਵਿਰੁੱਧ ਪਾਪ ਨਹੀਂ ਕੀਤਾ ਅਤੇ ਨਾ ਹੀ ਤੁਸੀਂ ਸੱਚਾਈ ਤਿਆਗੀ ਹੈ। ਇਸ ਦੀ ਬਜਾਇ, ਤੁਸੀਂ ਦਿਲੋਂ ਪਛਤਾਵਾ ਕੀਤਾ ਹੈ ਅਤੇ ਤੁਹਾਨੂੰ ਪੱਕੀ ਉਮੀਦ ਹੈ ਕਿ ਯਹੋਵਾਹ ਤੁਹਾਨੂੰ ਮਾਫ਼ ਕਰੇਗਾ। ਜੇ ਇਹ ਸੱਚ ਹੈ, ਤਾਂ ਤੁਸੀਂ ਯਹੋਵਾਹ ਦੀ ਆਤਮਾ ਵਿਰੁੱਧ ਵਾਕਈ ਪਾਪ ਨਹੀਂ ਕੀਤਾ।

21. ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

21 ਇਹ ਜਾਣ ਕੇ ਸਾਨੂੰ ਕਿੰਨੀ ਰਾਹਤ ਮਿਲਦੀ ਹੈ ਕਿ ਅਸੀਂ ਪਵਿੱਤਰ ਆਤਮਾ ਵਿਰੁੱਧ ਪਾਪ ਨਹੀਂ ਕੀਤਾ! ਇਸ ਮਾਮਲੇ ਉੱਤੇ ਹੋਰ ਚਰਚਾ ਕਰਦੇ ਹੋਏ, ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ: ‘ਕੀ ਮੈਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਅਧੀਨ ਚੱਲਦਾ ਹਾਂ? ਕੀ ਮੈਂ ਆਪਣੀ ਜ਼ਿੰਦਗੀ ਵਿਚ ਆਤਮਾ ਦੇ ਫਲ ਪੈਦਾ ਕਰ ਰਹਾਂ ਹਾਂ?’

ਤੁਸੀਂ ਕਿਵੇਂ ਜਵਾਬ ਦਿਓਗੇ?

• ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪਵਿੱਤਰ ਆਤਮਾ ਵਿਰੁੱਧ ਪਾਪ ਕਰਨਾ ਮੁਮਕਿਨ ਹੈ?

• ਤੋਬਾ ਕਰਨ ਦਾ ਕੀ ਮਤਲਬ ਹੈ?

• ਯਿਸੂ ਦੇ ਧਰਤੀ ਉੱਤੇ ਹੋਣ ਦੇ ਵੇਲੇ ਕਿਨ੍ਹਾਂ ਨੇ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਸੀ?

• ਇਹ ਚਿੰਤਾ ਕਿਵੇਂ ਦੂਰ ਕੀਤੀ ਜਾ ਸਕਦੀ ਹੈ ਕਿ ਅਸੀਂ ਅਜਿਹਾ ਪਾਪ ਕੀਤਾ ਹੈ ਜੋ ਮਾਫ਼ ਨਹੀਂ ਕੀਤਾ ਜਾ ਸਕਦਾ?

[ਸਵਾਲ]

[ਸਫ਼ਾ 17 ਉੱਤੇ ਤਸਵੀਰ]

ਜਿਨ੍ਹਾਂ ਨੇ ਕਿਹਾ ਸੀ ਕਿ ਯਿਸੂ ਨੇ ਸ਼ਤਾਨ ਦੀ ਸ਼ਕਤੀ ਨਾਲ ਚਮਤਕਾਰ ਕੀਤੇ ਸਨ, ਉਨ੍ਹਾਂ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਵਿਰੁੱਧ ਪਾਪ ਕੀਤਾ ਸੀ

[ਸਫ਼ਾ 18 ਉੱਤੇ ਤਸਵੀਰ]

ਭਾਵੇਂ ਪਤਰਸ ਰਸੂਲ ਨੇ ਯਿਸੂ ਦਾ ਇਨਕਾਰ ਕੀਤਾ ਸੀ, ਫਿਰ ਵੀ ਉਸ ਨੂੰ ਮਾਫ਼ੀ ਬਖ਼ਸ਼ੀ ਗਈ ਸੀ