“ਗਗਣ ਦੀ ਸੱਚੀ ਸਾਖੀ”
“ਗਗਣ ਦੀ ਸੱਚੀ ਸਾਖੀ”
ਸਦੀਆਂ ਤੋਂ ਚੰਦ ਦੀ ਖ਼ੂਬਸੂਰਤੀ ਨੇ ਕਵੀਆਂ ਤੇ ਗੀਤਕਾਰਾਂ ਨੂੰ ਉਸ ਦੀ ਪ੍ਰਸ਼ੰਸਾ ਕਰਨ ਲਈ ਪ੍ਰੇਰਿਆ ਹੈ। ਮਿਸਾਲ ਲਈ, ਬਾਈਬਲ ਵਿਚ ਰਾਜਾ ਸੁਲੇਮਾਨ ਨੇ ਇਕ ਗੀਤ ਵਿਚ ਇਕ ਔਰਤ ਦੀ ਸੁੰਦਰਤਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ “ਚੰਦ ਵਾਂਙੁ ਰੂਪਵੰਤ” ਸੀ। (ਸਰੇਸ਼ਟ ਗੀਤ 6:10) ਜ਼ਬੂਰਾਂ ਦੇ ਇਕ ਲਿਖਾਰੀ ਨੇ ਸ਼ਾਇਰਾਨਾ ਅੰਦਾਜ਼ ਵਿਚ ਚੰਦ ਨੂੰ “ਗਗਣ ਦੀ ਸੱਚੀ ਸਾਖੀ” ਆਖਿਆ। (ਜ਼ਬੂਰਾਂ ਦੀ ਪੋਥੀ 89:37) ਉਸ ਨੇ ਚੰਦ ਬਾਰੇ ਇਸ ਤਰ੍ਹਾਂ ਕਿਉਂ ਕਿਹਾ?
ਚੰਦ ਪੱਕੇ ਤੌਰ ਤੇ 27.3 ਦਿਨਾਂ ਵਿਚ ਧਰਤੀ ਦੇ ਦੁਆਲੇ ਇਕ ਚੱਕਰ ਕੱਟਦਾ ਹੈ। ਚੰਦ ਹਮੇਸ਼ਾ ਇੱਦਾਂ ਕਰਦਾ ਆਇਆ ਹੈ ਤੇ ਕਰਦਾ ਰਹੇਗਾ। ਸੋ ਚੰਦ ਨੂੰ ਇਸ ਅਰਥ ਵਿਚ “ਸੱਚੀ ਸਾਖੀ” ਕਿਹਾ ਜਾ ਸਕਦਾ ਹੈ। ਪਰ ਜ਼ਬੂਰਾਂ ਦਾ ਲਿਖਾਰੀ ਇੱਥੇ ਸਿਰਫ਼ ਚੰਦ ਦੇ ਗੁਣ ਹੀ ਨਹੀਂ ਗਾ ਰਿਹਾ ਸੀ। ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਇਕ ਗਾਣੇ ਵਿਚ ਚੰਦ ਨੂੰ ਸੱਚੀ ਸਾਖੀ ਕਿਹਾ ਸੀ। ਇਹ ਉਹੋ ਰਾਜ ਹੈ ਜਿਸ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ।—ਮੱਤੀ 6:9, 10.
ਯਹੋਵਾਹ ਪਰਮੇਸ਼ੁਰ ਨੇ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨਾਲ ਇਕ ਰਾਜ ਦਾ ਨੇਮ ਬੰਨ੍ਹਿਆ ਸੀ। (2 ਸਮੂਏਲ 7:12-16) ਇਹ ਨੇਮ ਇਸ ਲਈ ਬੰਨ੍ਹਿਆ ਗਿਆ ਸੀ ਤਾਂਕਿ ਯਿਸੂ ਮਸੀਹ ਦਾਊਦ ਦੇ ਸ਼ਾਹੀ ਘਰਾਣੇ ਵਿਚ ਪੈਦਾ ਹੋਵੇ ਤੇ ਉਸ ਨੂੰ ਵਿਰਾਸਤ ਵਿਚ ਦਾਊਦ ਦੀ ਰਾਜ-ਗੱਦੀ ਤੇ ਬੈਠਣ ਅਤੇ ਹਮੇਸ਼ਾ-ਹਮੇਸ਼ਾ ਰਾਜ ਕਰਨ ਦਾ ਕਾਨੂੰਨੀ ਹੱਕ ਮਿਲੇ। (ਯਸਾਯਾਹ 9:7; ਲੂਕਾ 1:32, 33) ਜ਼ਬੂਰਾਂ ਦੇ ਲਿਖਾਰੀ ਨੇ ਇਕ ਭਜਨ ਵਿਚ ਦਾਊਦ ਦੇ “ਵੰਸ” ਯਾਨੀ ਯਿਸੂ ਮਸੀਹ ਦੀ ਰਾਜ-ਗੱਦੀ ਬਾਰੇ ਕਿਹਾ: “ਉਹ ਚੰਦਰਮਾ ਜਿਹੀ ਕਾਇਮ ਰਹੇਗੀ, ਅਤੇ ਗਗਣ ਦੀ ਸੱਚੀ ਸਾਖੀ ਜਿਹੀ।”—ਜ਼ਬੂਰਾਂ ਦੀ ਪੋਥੀ 89:36, 37.
ਰਾਤ ਵੇਲੇ ਚਾਰੇ ਪਾਸੇ ਰੌਸ਼ਨੀ ਬਿਖੇਰਦਾ ਚੰਦ ਸਾਨੂੰ ਇਹ ਗੱਲ ਯਾਦ ਕਰਾਉਂਦਾ ਹੈ ਕਿ ਮਸੀਹ ਦਾ ਰਾਜ ਹਮੇਸ਼ਾ ਲਈ ਰਹੇਗਾ। (ਉਤਪਤ 1:16) ਦਾਨੀਏਲ 7:14 ਵਿਚ ਇਸ ਰਾਜ ਬਾਰੇ ਲਿਖਿਆ ਹੈ: “ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।” ਚੰਦ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਪਰਮੇਸ਼ੁਰ ਦਾ ਰਾਜ ਬਹੁਤ ਜਲਦ ਮਨੁੱਖਜਾਤੀ ਤੇ ਬਰਕਤਾਂ ਵਰਸਾਵੇਗਾ।
[ਸਫ਼ਾ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Moon: NASA photo