Skip to content

Skip to table of contents

ਧੀਰਜ ਰੱਖ ਕੇ ਯਹੋਵਾਹ ਦੇ ਦਿਨ ਦੀ ਉਡੀਕ ਕਰੋ

ਧੀਰਜ ਰੱਖ ਕੇ ਯਹੋਵਾਹ ਦੇ ਦਿਨ ਦੀ ਉਡੀਕ ਕਰੋ

ਧੀਰਜ ਰੱਖ ਕੇ ਯਹੋਵਾਹ ਦੇ ਦਿਨ ਦੀ ਉਡੀਕ ਕਰੋ

‘ਆਪਣੀ ਨਿਹਚਾ ਨਾਲ ਧੀਰਜ ਨੂੰ ਵਧਾਈ ਜਾਓ।’—2 ਪਤਰਸ 1:5-7.

1, 2. ਧੀਰਜ ਕੀ ਹੈ ਅਤੇ ਇਸ ਗੁਣ ਦੀ ਸਾਨੂੰ ਕਿਉਂ ਲੋੜ ਹੈ?

ਯਹੋਵਾਹ ਦਾ ਮਹਾਨ ਦਿਨ ਬਹੁਤ ਹੀ ਨੇੜੇ ਹੈ। (ਯੋਏਲ 1:15; ਸਫ਼ਨਯਾਹ 1:14) ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਠਾਣੀ ਹੋਈ ਹੈ ਅਤੇ ਬੇਚੈਨੀ ਨਾਲ ਉਸ ਦਿਨ ਦੀ ਉਡੀਕ ਕਰਦੇ ਹਾਂ ਜਦ ਉਸ ਦਾ ਰਾਜ ਕਰਨ ਦਾ ਹੱਕ ਸਹੀ ਸਾਬਤ ਕੀਤਾ ਜਾਵੇਗਾ। ਉਸ ਦਿਨ ਦੇ ਆਉਣ ਤਕ ਸਾਨੂੰ ਆਪਣੀ ਨਿਹਚਾ ਦੀ ਖ਼ਾਤਰ ਨਫ਼ਰਤ, ਤਾਅਨੇ-ਮਿਹਣੇ, ਵਿਰੋਧਤਾ ਅਤੇ ਮੌਤ ਦਾ ਵੀ ਸਾਮ੍ਹਣਾ ਕਰਨਾ ਪਵੇਗਾ। (ਮੱਤੀ 5:10-12; 10:22; ਪਰਕਾਸ਼ ਦੀ ਪੋਥੀ 2:10) ਇਸ ਦੇ ਲਈ ਸਾਨੂੰ ਧੀਰਜ ਦੀ ਲੋੜ ਹੈ। ਧੀਰਜ ਕੀ ਹੈ? ਇਹ ਦੁੱਖਾਂ-ਤਕਲੀਫ਼ਾਂ ਨੂੰ ਸਹਿਣ ਦੀ ਕਾਬਲੀਅਤ ਹੈ। ਪਤਰਸ ਰਸੂਲ ਨੇ ਸਾਨੂੰ ਇਹ ਸਲਾਹ ਦਿੱਤੀ: ‘ਤੁਸੀਂ ਆਪਣੀ ਨਿਹਚਾ ਨਾਲ ਧੀਰਜ ਨੂੰ ਵਧਾਈ ਜਾਓ।’ (2 ਪਤਰਸ 1:5-7) ਸਾਨੂੰ ਧੀਰਜ ਰੱਖਣ ਦੀ ਲੋੜ ਹੈ ਕਿਉਂਕਿ ਯਿਸੂ ਨੇ ਕਿਹਾ ਸੀ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।”—ਮੱਤੀ 24:13.

2 ਅਸੀਂ ਬੀਮਾਰੀਆਂ, ਮੌਤ ਦਾ ਗਮ ਅਤੇ ਹੋਰ ਅਜ਼ਮਾਇਸ਼ਾਂ ਵੀ ਝੱਲਦੇ ਹਾਂ। ਸ਼ਤਾਨ ਤਾਂ ਇਹੋ ਹੀ ਚਾਹੁੰਦਾ ਹੈ ਕਿ ਅਸੀਂ ਹੌਸਲਾ ਹਾਰ ਕੇ ਨਿਹਚਾ ਵਿਚ ਕਮਜ਼ੋਰ ਪੈ ਜਾਈਏ। (ਲੂਕਾ 22:31, 32) ਲੇਕਿਨ ਯਹੋਵਾਹ ਦੀ ਮਦਦ ਨਾਲ ਅਸੀਂ ਭਾਂਤ-ਭਾਂਤ ਦੀਆਂ ਮੁਸੀਬਤਾਂ ਦਾ ਸਾਮ੍ਹਣਾ ਕਰ ਸਕਦੇ ਹਾਂ। (1 ਪਤਰਸ 5:6-11) ਆਓ ਆਪਾਂ ਕੁਝ ਉਦਾਹਰਣਾਂ ਵੱਲ ਧਿਆਨ ਦੇਈਏ ਜੋ ਦਿਖਾਉਂਦੀਆਂ ਹਨ ਕਿ ਧੀਰਜ ਤੇ ਪੱਕੀ ਨਿਹਚਾ ਰੱਖ ਕੇ ਅਸੀਂ ਯਹੋਵਾਹ ਦੇ ਦਿਨ ਦੀ ਉਡੀਕ ਕਰ ਸਕਦੇ ਹਾਂ।

ਬੀਮਾਰੀ ਦੇ ਬਾਵਜੂਦ ਹਿੰਮਤ ਨਹੀਂ ਹਾਰੀ

3, 4. ਇਹ ਦਿਖਾਉਣ ਲਈ ਇਕ ਉਦਾਹਰਣ ਦਿਓ ਕਿ ਅਸੀਂ ਬੀਮਾਰੀ ਦੇ ਬਾਵਜੂਦ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹਾਂ।

3 ਯਹੋਵਾਹ ਚਮਤਕਾਰ ਕਰ ਕੇ ਇਸ ਵੇਲੇ ਸਾਨੂੰ ਠੀਕ ਤਾਂ ਨਹੀਂ ਕਰਦਾ, ਪਰ ਉਹ ਸਾਨੂੰ ਬੀਮਾਰੀ ਸਹਿਣ ਦੀ ਤਾਕਤ ਜ਼ਰੂਰ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 41:1-3) ਸ਼ੈਰਨ ਦੱਸਦੀ ਹੈ: “ਜਦ ਤੋਂ ਮੈਂ ਹੋਸ਼ ਸੰਭਾਲਿਆ ਹੈ, ਤਦ ਤੋਂ ਵੀਲ੍ਹਚੇਅਰ ਮੇਰਾ ਸਾਥ ਦਿੰਦੀ ਆ ਰਹੀ ਹੈ। ਜਨਮ ਤੋਂ ਹੀ ਸੇਰੀਬ੍ਰੇਲ ਪਾਲਿਸੀ (ਦਿਮਾਗ਼ੀ ਨੁਕਸ) ਦੀ ਬੀਮਾਰੀ ਨੇ ਮੇਰੇ ਬਚਪਨ ਦੀਆਂ ਖ਼ੁਸ਼ੀਆਂ ਲੁੱਟ ਲਈਆਂ।” ਯਹੋਵਾਹ ਅਤੇ ਉਸ ਦੇ ਵਾਅਦਿਆਂ ਬਾਰੇ ਜਾਣ ਕੇ ਸ਼ੈਰਨ ਨੂੰ ਉਮੀਦ ਦੀ ਕਿਰਨ ਮਿਲੀ ਹੈ। ਉਹ ਉਸ ਸਮੇਂ ਦੀ ਉਡੀਕ ਕਰਦੀ ਹੈ ਜਦ ਪਰਮੇਸ਼ੁਰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇਗਾ। ਭਾਵੇਂ ਕਿ ਸ਼ੈਰਨ ਨੂੰ ਗੱਲ ਕਰਨ ਅਤੇ ਤੁਰਨ ਵਿਚ ਬਹੁਤ ਮੁਸ਼ਕਲ ਹੁੰਦੀ ਹੈ, ਫਿਰ ਵੀ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਉਸ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਕੁਝ 15 ਸਾਲ ਪਹਿਲਾਂ ਉਸ ਨੇ ਕਿਹਾ ਸੀ: “ਬਿਨਾਂ ਸ਼ੱਕ ਮੇਰੀ ਸਿਹਤ ਖ਼ਰਾਬ ਹੁੰਦੀ ਜਾਵੇਗੀ, ਪਰ ਮੈਂ ਪਰਮੇਸ਼ੁਰ ਉੱਤੇ ਭਰੋਸਾ ਰੱਖਦੀ ਹਾਂ ਅਤੇ ਮੇਰੇ ਲਈ ਉਸ ਨਾਲ ਗੂੜ੍ਹਾ ਰਿਸ਼ਤਾ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਮੈਂ ਕਿੰਨੀ ਖ਼ੁਸ਼ ਹਾਂ ਕਿ ਯਹੋਵਾਹ ਪਰਮੇਸ਼ੁਰ ਨੇ ਕਦੇ ਮੇਰਾ ਸਾਥ ਨਹੀਂ ਛੱਡਿਆ। ਉਸ ਦੇ ਲੋਕਾਂ ਵਿਚਕਾਰ ਰਹਿ ਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ।”

4 ਪੌਲੁਸ ਰਸੂਲ ਨੇ ਥੱਸਲੁਨੀਕੀਆ ਦੇ ਮਸੀਹੀਆਂ ਨੂੰ ਤਾਕੀਦ ਕੀਤੀ: “ਕਮਦਿਲਿਆਂ ਨੂੰ ਦਿਲਾਸਾ ਦਿਓ।” (1 ਥੱਸਲੁਨੀਕੀਆਂ 5:14) ਨਿਰਾਸ਼ਾ ਦੇ ਕਾਰਨ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹਾਂ। 1993 ਵਿਚ ਸ਼ੈਰਨ ਨੇ ਲਿਖਿਆ: ‘ਮੈਂ ਸੋਚਿਆ ਕਰਦੀ ਸੀ ਕਿ ਮੈਂ ਕਿਸੇ ਕੰਮ ਦੀ ਨਹੀਂ ਹਾਂ। ਇਸ ਤਰ੍ਹਾਂ ਮੈਂ ਤਿੰਨ ਸਾਲਾਂ ਤਕ ਡਿਪਰੈਸ਼ਨ ਵਿਚ ਡੁੱਬੀ ਰਹੀ। ਮੈਨੂੰ ਕਲੀਸਿਯਾ ਦੇ ਬਜ਼ੁਰਗਾਂ ਨੇ ਸਲਾਹ ਦੇਣ ਦੇ ਨਾਲ-ਨਾਲ ਬਹੁਤ ਦਿਲਾਸਾ ਵੀ ਦਿੱਤਾ। ਅਤੇ ਯਹੋਵਾਹ ਪਰਮੇਸ਼ੁਰ ਨੇ ਪਿਆਰ ਨਾਲ ਪਹਿਰਾਬੁਰਜ ਰਸਾਲੇ ਵਿਚ ਡਿਪਰੈਸ਼ਨ ਬਾਰੇ ਵਧੀਆ ਜਾਣਕਾਰੀ ਪੇਸ਼ ਕੀਤੀ ਜਿਸ ਤੋਂ ਮੈਨੂੰ ਬਹੁਤ ਮਦਦ ਮਿਲੀ। ਜੀ ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡਾ ਪਿਤਾ ਯਹੋਵਾਹ ਸਾਡੀ ਪਰਵਾਹ ਕਰਦਾ ਹੈ ਅਤੇ ਸਾਡਾ ਦੁੱਖ ਸਮਝਦਾ ਹੈ।’ (1 ਪਤਰਸ 5:6, 7) ਸ਼ੈਰਨ ਹਾਲੇ ਵੀ ਯਹੋਵਾਹ ਦੇ ਮਹਾਨ ਦਿਨ ਦੀ ਉਡੀਕ ਕਰਦੀ ਹੋਈ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰ ਰਹੀ ਹੈ।

5. ਇਸ ਦਾ ਕੀ ਸਬੂਤ ਹੈ ਕਿ ਅਸੀਂ ਤਣਾਅ ਦਾ ਸਾਮ੍ਹਣਾ ਕਰ ਸਕਦੇ ਹਾਂ?

5 ਕੁਝ ਮਸੀਹੀਆਂ ਨੂੰ ਅਤੀਤ ਵਿਚ ਹੋਏ ਜ਼ਿੰਦਗੀ ਦੇ ਕੌੜੇ ਤਜਰਬੇ ਸਤਾਉਂਦੇ ਰਹਿੰਦੇ ਹਨ। ਮਿਸਾਲ ਲਈ, ਹਾਰਲੀ ਨੂੰ ਦੂਜੇ ਮਹਾਂ ਯੁੱਧ ਵਿਚ ਹੋਏ ਖ਼ੂਨ-ਖ਼ਰਾਬੇ ਦੀ ਯਾਦ ਆਉਂਦੀ ਹੈ। ਰਾਤ ਨੂੰ ਲੜਾਈ ਦੇ ਭਿਆਨਕ ਤੇ ਡਰਾਉਣੇ ਸੁਪਨਿਆਂ ਕਾਰਨ ਉਹ ਬਹੁਤ ਤਣਾਅ ਵਿਚ ਰਹਿੰਦਾ ਸੀ। ਉਹ ਸੁੱਤਾ ਪਿਆ ਉੱਚੀ-ਉੱਚੀ ਚਿਲਾਉਂਦਾ ਹੁੰਦਾ ਸੀ: “ਬਚ ਕੇ! ਸਾਵਧਾਨ ਰਹੋ!” ਫਿਰ ਨੀਂਦ ਖੁੱਲ੍ਹਣ ਤੇ ਉਹ ਪਸੀਨੋ-ਪਸੀਨੀ ਹੋਇਆ ਹੁੰਦਾ ਸੀ। ਲੇਕਿਨ, ਸਮਾਂ ਬੀਤਣ ਨਾਲ ਉਹ ਪਰਮੇਸ਼ੁਰ ਦੀ ਸੇਵਾ ਵਿਚ ਰੁੱਝ ਗਿਆ ਅਤੇ ਉਸ ਨੂੰ ਅਜਿਹੇ ਡਰਾਉਣੇ ਸੁਪਨੇ ਆਉਣੇ ਘੱਟ ਗਏ।

6. ਇਕ ਭਰਾ ਨੂੰ ਕਿਹੋ ਜਿਹੀਆਂ ਜਜ਼ਬਾਤੀ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ?

6 ਇਕ ਭਰਾ ਨੂੰ ਬਾਈਪੋਲਰ ਡਿਸਔਰਡਰ ਨਾਂ ਦੀ ਬੀਮਾਰੀ ਸੀ ਜਿਸ ਕਰਕੇ ਉਸ ਦਾ ਮੂਡ ਮੌਸਮ ਵਾਂਗ ਬਦਲਦਾ ਰਹਿੰਦਾ ਸੀ। ਨਤੀਜੇ ਵਜੋਂ ਉਸ ਨੂੰ ਘਰ-ਘਰ ਪ੍ਰਚਾਰ ਕਰਨਾ ਬਹੁਤ ਮੁਸ਼ਕਲ ਲੱਗਦਾ ਸੀ। ਪਰ ਉਸ ਨੇ ਹਿੰਮਤ ਨਹੀਂ ਹਾਰੀ, ਸਗੋਂ ਉਹ ਇਸ ਕੰਮ ਵਿਚ ਲੱਗਾ ਰਿਹਾ, ਕਿਉਂਕਿ ਉਹ ਜਾਣਦਾ ਸੀ ਕਿ ਇਸ ਕੰਮ ਵਿਚ ਹਿੱਸਾ ਲੈਣ ਦੁਆਰਾ ਉਸ ਦਾ ਅਤੇ ਉਸ ਦੇ ਸੁਣਨ ਵਾਲਿਆਂ ਦਾ ਬਚਾ ਹੋ ਸਕਦਾ ਹੈ। (1 ਤਿਮੋਥਿਉਸ 4:16) ਕਈ ਵਾਰ ਇੱਦਾਂ ਹੁੰਦਾ ਸੀ ਕਿ ਉਹ ਕਿਸੇ ਦੇ ਘਰ ਪਹੁੰਚਣ ਤੇ ਦਰਵਾਜ਼ੇ ਦੀ ਘੰਟੀ ਵਜਾਉਣ ਦਾ ਹੌਸਲਾ ਨਹੀਂ ਕਰ ਪਾਉਂਦਾ ਸੀ, ਪਰ ਉਹ ਦੱਸਦਾ ਹੈ: “ਥੋੜ੍ਹੀ ਦੇਰ ਬਾਅਦ ਮੈਂ ਆਪਣੇ ਆਪ ਤੇ ਕਾਬੂ ਪਾ ਕੇ ਅਗਲੇ ਘਰ ਦੇ ਦਰਵਾਜ਼ੇ ਤੇ ਮੁੜ ਕੋਸ਼ਿਸ਼ ਕਰਦਾ ਸੀ। ਸੇਵਕਾਈ ਵਿਚ ਲਗਾਤਾਰ ਹਿੱਸਾ ਲੈਣ ਨਾਲ ਮੈਂ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਈ ਰੱਖਿਆ।” ਇਸ ਭਰਾ ਲਈ ਮੀਟਿੰਗਾਂ ਵਿਚ ਜਾਣਾ ਵੀ ਬਹੁਤ ਮੁਸ਼ਕਲ ਸੀ, ਪਰ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਮਿਲਣ-ਜੁਲਣ ਦੀ ਅਹਿਮੀਅਤ ਨੂੰ ਜਾਣਦਾ ਸੀ। ਇਸ ਲਈ ਉਸ ਨੇ ਮੀਟਿੰਗਾਂ ਵਿਚ ਹਾਜ਼ਰ ਹੋਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ।—ਇਬਰਾਨੀਆਂ 10:24, 25.

7. ਭਾਵੇਂ ਕਿ ਕੁਝ ਭੈਣ-ਭਰਾ ਲੋਕਾਂ ਸਾਮ੍ਹਣੇ ਗੱਲ ਕਰਨ ਜਾਂ ਮੀਟਿੰਗਾਂ ਵਿਚ ਹਾਜ਼ਰ ਹੋਣ ਤੋਂ ਡਰਦੇ ਹਨ, ਫਿਰ ਵੀ ਉਹ ਸਹਿਣਸ਼ੀਲਤਾ ਕਿਵੇਂ ਦਿਖਾਉਂਦੇ ਹਨ?

7 ਕਈ ਮਸੀਹੀ ਭਰਮ-ਰੋਗ ਯਾਨੀ ਫੋਬੀਆ ਦੇ ਸ਼ਿਕਾਰ ਹੁੰਦੇ ਹਨ। ਇਹ ਅਜਿਹਾ ਰੋਗ ਹੈ ਜਿਸ ਕਾਰਨ ਮਰੀਜ਼ ਨੂੰ ਵੱਖੋ-ਵੱਖਰੀਆਂ ਸਥਿਤੀਆਂ ਜਾਂ ਚੀਜ਼ਾਂ ਤੋਂ ਡਰ ਲੱਗਦਾ ਹੈ। ਮਿਸਾਲ ਲਈ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਲੋਕਾਂ ਸਾਮ੍ਹਣੇ ਗੱਲ ਕਰਨ ਜਾਂ ਮੀਟਿੰਗਾਂ ਵਿਚ ਹਾਜ਼ਰ ਹੋਣ ਤੋਂ ਡਰ ਲੱਗਦਾ ਹੋਵੇ। ਜ਼ਰਾ ਕਲਪਨਾ ਕਰੋ ਕਿ ਇਹੋ ਜਿਹੇ ਭਰਾ ਜਾਂ ਭੈਣ ਲਈ ਮੀਟਿੰਗਾਂ ਵਿਚ ਟਿੱਪਣੀ ਕਰਨੀ ਜਾਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਭਾਸ਼ਣ ਦੇਣਾ ਕਿੰਨਾ ਔਖਾ ਹੈ। ਲੇਕਿਨ ਇਹ ਭੈਣ-ਭਰਾ ਹਿੰਮਤ ਨਹੀਂ ਹਾਰਦੇ, ਸਗੋਂ ਸਹਿਣਸ਼ੀਲਤਾ ਦਿਖਾਉਂਦੇ ਹੋਏ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਤੇ ਹਿੱਸਾ ਲੈਂਦੇ ਹਨ ਜਿਸ ਕਰਕੇ ਸਾਨੂੰ ਇਨ੍ਹਾਂ ਤੋਂ ਬਹੁਤ ਹੌਸਲਾ ਮਿਲਦਾ ਹੈ।

8. ਜਜ਼ਬਾਤੀ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਸਾਡੀ ਸਭ ਤੋਂ ਜ਼ਿਆਦਾ ਮਦਦ ਕਰੇਗੀ?

8 ਚੰਗੀ ਤਰ੍ਹਾਂ ਆਰਾਮ ਕਰਨ ਤੇ ਸੌਣ ਨਾਲ ਵੀ ਜਜ਼ਬਾਤੀ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਸਾਨੂੰ ਡਾਕਟਰੀ ਮਦਦ ਦੀ ਲੋੜ ਹੋਵੇ। ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦੇ ਨਾਲ-ਨਾਲ ਉਸ ਉੱਤੇ ਭਰੋਸਾ ਰੱਖੀਏ। ਜ਼ਬੂਰ 55:22 ਕਹਿੰਦਾ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” ਇਸ ਲਈ ਆਓ ਆਪਾਂ ‘ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖੀਏ।’—ਕਹਾਉਤਾਂ 3:5, 6.

ਮੌਤ ਦਾ ਗਮ ਸਹਿਣਾ

9–11. (ੳ) ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਅਸੀਂ ਕਿੱਦਾਂ ਸਹਿ ਸਕਦੇ ਹਾਂ? (ਅ) ਗਮ ਸਹਿਣ ਵਿਚ ਆੱਨਾ ਦੀ ਉਦਾਹਰਣ ਤੋਂ ਸਾਨੂੰ ਕਿਵੇਂ ਮਦਦ ਮਿਲਦੀ ਹੈ?

9 ਕਿਸੇ ਅਜ਼ੀਜ਼ ਦੀ ਮੌਤ ਹੋ ਜਾਣ ਕਰਕੇ ਉਸ ਦਾ ਵਿਛੋੜਾ ਝੱਲਣਾ ਬਹੁਤ ਔਖਾ ਅਤੇ ਦੁੱਖ ਭਰਿਆ ਹੁੰਦਾ ਹੈ। ਜਦ ਅਬਰਾਹਾਮ ਦੀ ਪਤਨੀ ਸਾਰਾਹ ਗੁਜ਼ਰ ਗਈ ਸੀ, ਤਾਂ ਉਹ ਬਹੁਤ ਰੋਇਆ। (ਉਤਪਤ 23:2) ਲਾਜ਼ਰ ਦੀ ਮੌਤ ਹੋਣ ਤੇ ਯਿਸੂ ਵੀ ਬਹੁਤ “ਰੋਇਆ” ਸੀ। (ਯੂਹੰਨਾ 11:35) ਸੋ ਆਪਣੇ ਕਿਸੇ ਅਜ਼ੀਜ਼ ਦੀ ਮੌਤ ਹੋਣ ਤੇ ਦੁਖੀ ਹੋਣਾ ਕੁਦਰਤੀ ਗੱਲ ਹੈ। ਲੇਕਿਨ ਸਾਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾਵੇਗੀ। (ਰਸੂਲਾਂ ਦੇ ਕਰਤੱਬ 24:15) ਇਸ ਲਈ ਅਸੀਂ “ਹੋਰਨਾਂ ਵਾਂਙੁ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੋਗ” ਨਹੀਂ ਕਰਦੇ।—1 ਥੱਸਲੁਨੀਕੀਆਂ 4:13.

10 ਅਸੀਂ ਮੌਤ ਦਾ ਗਮ ਕਿੱਦਾਂ ਸਹਿ ਸਕਦੇ ਹਾਂ? ਸ਼ਾਇਦ ਇਸ ਉਦਾਹਰਣ ਉੱਤੇ ਵਿਚਾਰ ਕਰਨ ਨਾਲ ਸਾਡੀ ਮਦਦ ਹੋ ਸਕਦੀ ਹੈ। ਜਦ ਸਾਡਾ ਕੋਈ ਦੋਸਤ ਸਫ਼ਰ ਤੇ ਜਾਂਦਾ ਹੈ, ਤਾਂ ਅਸੀਂ ਬਹੁਤ ਚਿਰ ਤਕ ਉਦਾਸ ਨਹੀਂ ਰਹਿੰਦੇ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਉਸ ਨੇ ਵਾਪਸ ਆ ਜਾਣਾ ਹੈ। ਜੇ ਅਸੀਂ ਵੀ ਆਪਣੇ ਮਰ ਚੁੱਕੇ ਵਫ਼ਾਦਾਰ ਅਜ਼ੀਜ਼ ਬਾਰੇ ਇਸ ਤਰ੍ਹਾਂ ਸੋਚੀਏ, ਤਾਂ ਸਾਡਾ ਗਮ ਥੋੜ੍ਹਾ ਘੱਟ ਸਕਦਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਸ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ।—ਉਪਦੇਸ਼ਕ ਦੀ ਪੋਥੀ 7:1.

11 ਜੇ ਅਸੀਂ ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਉੱਤੇ ਪੂਰਾ ਭਰੋਸਾ ਰੱਖੀਏ, ਤਾਂ ਮੌਤ ਦਾ ਗਮ ਸਹਿਣ ਵਿਚ ਸਾਡੀ ਜ਼ਰੂਰ ਮਦਦ ਹੋਵੇਗੀ। (2 ਕੁਰਿੰਥੀਆਂ 1:3, 4) ਇਸ ਦੇ ਨਾਲ-ਨਾਲ ਆੱਨਾ ਨਾਂ ਦੀ ਨਬੀਆ ਦੀ ਉਦਾਹਰਣ ਉੱਤੇ ਗੌਰ ਕਰਨ ਨਾਲ ਵੀ ਸਾਡੀ ਮਦਦ ਹੁੰਦੀ ਹੈ। ਆੱਨਾ ਦੇ ਵਿਆਹ ਨੂੰ ਸਿਰਫ਼ ਸੱਤ ਸਾਲ ਹੀ ਹੋਏ ਸਨ ਜਦ ਉਸ ਦਾ ਪਤੀ ਗੁਜ਼ਰ ਗਿਆ। ਪਰ 84 ਸਾਲਾਂ ਦੀ ਉਮਰ ਹੋਣ ਤੇ ਵੀ ਉਹ ਹੈਕਲ ਵਿਚ ਯਹੋਵਾਹ ਦੀ ਭਗਤੀ ਕਰ ਰਹੀ ਸੀ। (ਲੂਕਾ 2:36-38) ਬਿਨਾਂ ਸ਼ੱਕ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਨਾਲ ਆਪਣੇ ਪਤੀ ਦਾ ਵਿਛੋੜਾ ਝੱਲਣ ਅਤੇ ਤਨਹਾਈ ਦਾ ਸਾਮ੍ਹਣਾ ਕਰਨ ਵਿਚ ਆੱਨਾ ਦੀ ਮਦਦ ਹੋਈ ਹੋਵੇਗੀ। ਜੇ ਅਸੀਂ ਵੀ ਬਾਕਾਇਦਾ ਪ੍ਰਚਾਰ ਕਰਦੇ ਰਹਿਣ ਦੇ ਨਾਲ-ਨਾਲ ਪਰਮੇਸ਼ੁਰ ਦੇ ਹੋਰਨਾਂ ਕੰਮਾਂ ਵਿਚ ਲੱਗੇ ਰਹਾਂਗੇ, ਤਾਂ ਮੌਤ ਦਾ ਗਮ ਸਹਿਣ ਵਿਚ ਸਾਡੀ ਵੀ ਮਦਦ ਹੋਵੇਗੀ।

ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਝੱਲਣੀਆਂ

12. ਕੁਝ ਭੈਣਾਂ-ਭਰਾਵਾਂ ਨੇ ਪਰਿਵਾਰਕ ਜੀਵਨ ਵਿਚ ਕਿਸ ਮੁਸ਼ਕਲ ਦਾ ਸਾਮ੍ਹਣਾ ਕੀਤਾ ਹੈ?

12 ਕਈ ਭੈਣਾਂ-ਭਰਾਵਾਂ ਨੂੰ ਪਰਿਵਾਰਕ ਜੀਵਨ ਸੰਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਲਈ, ਜੇ ਕਿਸੇ ਦਾ ਜੀਵਨ ਸਾਥੀ ਵਿਭਚਾਰ ਕਰ ਬੈਠੇ, ਤਾਂ ਉਸ ਦੇ ਪਰਿਵਾਰ ਉੱਤੇ ਇਸ ਦਾ ਬਹੁਤ ਬੁਰਾ ਅਸਰ ਪੈ ਸਕਦਾ ਹੈ। ਹੋ ਸਕਦਾ ਹੈ ਕਿ ਜਿਸ ਜੀਵਨ ਸਾਥੀ ਨਾਲ ਬੇਵਫ਼ਾਈ ਹੋਈ ਹੈ, ਉਸ ਨੂੰ ਇੰਨਾ ਵੱਡਾ ਸਦਮਾ ਪਹੁੰਚੇ ਕਿ ਉਸ ਦੀ ਰਾਤਾਂ ਦੀ ਨੀਂਦ ਉੱਡ ਜਾਵੇ ਅਤੇ ਉਹ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲਵੇ। ਛੋਟੇ-ਮੋਟੇ ਕੰਮ ਕਰਨੇ ਵੀ ਮੁਸ਼ਕਲ ਹੋ ਸਕਦੇ ਹਨ ਅਤੇ ਗ਼ਲਤੀਆਂ ਹੋ ਸਕਦੀਆਂ ਹਨ। ਬੇਕਸੂਰ ਸਾਥੀ ਸ਼ਾਇਦ ਠੀਕ ਤਰ੍ਹਾਂ ਖਾ-ਪੀ ਨਾ ਸਕੇ, ਸ਼ਾਇਦ ਉਸ ਦਾ ਭਾਰ ਘੱਟ ਜਾਵੇ ਅਤੇ ਹੋ ਸਕਦਾ ਹੈ ਕਿ ਉਹ ਮਾਨਸਿਕ ਤਣਾਅ ਵਿਚ ਵੀ ਰਹਿਣ ਲੱਗ ਪਵੇ। ਉਸ ਲਈ ਮੀਟਿੰਗਾਂ ਵਿਚ ਜਾਣਾ ਜਾਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਵੀ ਮੁਸ਼ਕਲ ਹੋ ਸਕਦਾ ਹੈ। ਇਸ ਤੋਂ ਇਲਾਵਾ ਬੱਚਿਆਂ ਉੱਤੇ ਵੀ ਬਹੁਤ ਗਹਿਰਾ ਅਸਰ ਪੈ ਸਕਦਾ ਹੈ।

13, 14. (ੳ) ਯਹੋਵਾਹ ਦੇ ਭਵਨ ਦੇ ਉਦਘਾਟਨ ਵੇਲੇ ਕੀਤੀ ਸੁਲੇਮਾਨ ਦੀ ਪ੍ਰਾਰਥਨਾ ਤੋਂ ਸਾਨੂੰ ਕਿਵੇਂ ਹੌਸਲਾ ਮਿਲਦਾ ਹੈ? (ਅ) ਸਾਨੂੰ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

13 ਜਦ ਸਾਡੇ ਤੇ ਇਹੋ ਜਿਹੀਆਂ ਅਜ਼ਮਾਇਸ਼ਾਂ ਆਉਂਦੀਆਂ ਹਨ, ਤਾਂ ਯਹੋਵਾਹ ਸਾਨੂੰ ਲੋੜੀਂਦੀ ਮਦਦ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 94:19) ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਕਿਉਂਕਿ ਯਹੋਵਾਹ ਦੇ ਭਵਨ ਦੇ ਉਦਘਾਟਨ ਵੇਲੇ ਸੁਲੇਮਾਨ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਸੀ: “ਜੋ ਬੇਨਤੀ ਯਾ ਅਰਦਾਸ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਤੋਂ ਕੀਤੀ ਜਾਵੇ ਜੋ ਆਪਣੇ ਹੀ ਮਨ ਦਾ ਕਸ਼ਟ ਜਾਣੇ ਅਤੇ ਆਪਣੇ ਹੱਥ ਏਸ ਭਵਨ ਵੱਲ ਅੱਡੇ। ਤਦ ਤੂੰ ਆਪਣੇ ਸੁਰਗੀ ਭਵਨ ਤੋਂ ਸੁਣ ਕੇ ਖਿਮਾ ਕਰੀਂ ਅਤੇ ਕੰਮ ਕਰੀਂ ਅਤੇ ਹਰ ਮਨੁੱਖ ਨੂੰ ਉਹ ਦੀਆਂ ਸਾਰੀਆਂ ਚਾਲਾਂ ਅਨੁਸਾਰ ਬਦਲਾ ਦੇਵੀਂ ਜਿਹ ਦੇ ਮਨ ਨੂੰ ਤੂੰ ਜਾਣਦਾ ਹੈਂ ਕਿਉਂ ਜੋ ਤੂੰ, ਹਾਂ, ਤੂੰ ਹੀ ਮਨੁੱਖ ਮਾਤ੍ਰ ਦੇ ਮਨਾਂ ਨੂੰ ਜਾਣਦਾ ਹੈਂ। ਤਾਂ ਜੋ ਓਹ ਆਪਣੇ ਜੀਉਣ ਦੇ ਸਾਰੇ ਦਿਨ ਜਿਹੜੇ ਓਹ ਉਸ ਭੂਮੀ ਉੱਤੇ ਗੁਜਾਰਨ ਜਿਹ ਨੂੰ ਤੈਂ ਸਾਡੇ ਪਿਉ ਦਾਦਿਆਂ ਨੂੰ ਦਿੱਤੀ ਹੈ ਤੇਰੇ ਕੋਲੋਂ ਡਰਨ।”—1 ਰਾਜਿਆਂ 8:38-40.

14 ਪ੍ਰਾਰਥਨਾ ਦੇ ਜ਼ਰੀਏ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮੰਗ ਕਰਦੇ ਰਹਿਣ ਨਾਲ ਵੀ ਸਾਡੀ ਖ਼ਾਸ ਕਰਕੇ ਮਦਦ ਹੋ ਸਕਦੀ ਹੈ। (ਮੱਤੀ 7:7-11) ਪਵਿੱਤਰ ਆਤਮਾ ਦੇ ਫਲ ਵਿਚ ਆਨੰਦ ਅਤੇ ਸ਼ਾਂਤੀ ਵਰਗੇ ਗੁਣ ਸ਼ਾਮਲ ਹਨ। (ਗਲਾਤੀਆਂ 5:22, 23) ਸਾਨੂੰ ਕਿੰਨੀ ਰਾਹਤ ਮਿਲਦੀ ਹੈ ਜਦ ਸਾਡਾ ਸਵਰਗੀ ਪਿਤਾ ਸਾਡੀਆਂ ਦੁਆਵਾਂ ਸੁਣਦਾ ਹੈ ਅਤੇ ਸਾਡਾ ਗਮ ਖ਼ੁਸ਼ੀ ਵਿਚ ਬਦਲ ਜਾਂਦਾ ਹੈ ਤੇ ਚਿੰਤਾ ਦੇ ਬਦਲੇ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ।

15. ਚਿੰਤਾ ਦੂਰ ਕਰਨ ਵਿਚ ਬਾਈਬਲ ਦੇ ਕਿਹੜੇ ਹਵਾਲੇ ਸਾਡੀ ਮਦਦ ਕਰ ਸਕਦੇ ਹਨ?

15 ਜਦ ਅਸੀਂ ਬਹੁਤੇ ਤਣਾਅ ਵਿਚ ਹੁੰਦੇ ਹਾਂ, ਤਾਂ ਸਾਨੂੰ ਥੋੜ੍ਹੀ-ਬਹੁਤੀ ਚਿੰਤਾ ਤਾਂ ਜ਼ਰੂਰ ਹੁੰਦੀ ਹੈ। ਪਰ ਜੇ ਅਸੀਂ ਯਿਸੂ ਦੇ ਸ਼ਬਦਾਂ ਨੂੰ ਯਾਦ ਰੱਖੀਏ, ਤਾਂ ਸਾਡੀ ਇਹ ਚਿੰਤਾ ਘੱਟ ਸਕਦੀ ਹੈ। ਉਸ ਨੇ ਕਿਹਾ: “ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ? . . . ਤੁਸੀਂ ਪਹਿਲਾਂ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:25, 33, 34) ਪਤਰਸ ਰਸੂਲ ਨੇ ਸਲਾਹ ਦਿੱਤੀ ਸੀ ਕਿ ਤੁਸੀਂ ‘ਆਪਣੀ ਸਾਰੀ ਚਿੰਤਾ ਪਰਮੇਸ਼ੁਰ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।’ (1 ਪਤਰਸ 5:6, 7) ਸਾਨੂੰ ਆਪਣੇ ਵੱਲੋਂ ਵੀ ਮਾਮਲੇ ਨੂੰ ਸੁਝਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਪਰ ਆਪਣੀ ਪੂਰੀ ਵਾਹ ਲਾਉਣ ਤੋਂ ਬਾਅਦ ਸਾਨੂੰ ਪ੍ਰਾਰਥਨਾ ਦੀ ਥਾਂ ਚਿੰਤਾ ਨਹੀਂ ਕਰਦੇ ਰਹਿਣਾ ਚਾਹੀਦਾ। ਜ਼ਬੂਰਾਂ ਦੇ ਲਿਖਾਰੀ ਨੇ ਇਕ ਜ਼ਬੂਰ ਵਿਚ ਕਿਹਾ: ‘ਆਪਣੇ ਆਪ ਨੂੰ ਯਹੋਵਾਹ ਨੂੰ ਸੌਂਪ ਦਿਓ, ਉਸ ਤੇ ਭਰੋਸਾ ਰੱਖੋ, ਤਾਂ ਉਹ ਤੁਹਾਡੀ ਮਦਦ ਕਰੇਗਾ।’—ਭਜਨ 37:5, ਪਵਿੱਤਰ ਬਾਈਬਲ ਨਵਾਂ ਅਨੁਵਾਦ।

16, 17. (ੳ) ਅਸੀਂ ਚਿੰਤਾ ਤੋਂ ਪੂਰੀ ਤਰ੍ਹਾਂ ਮੁਕਤ ਕਿਉਂ ਨਹੀਂ ਹਾਂ? (ਅ) ਫ਼ਿਲਿੱਪੀਆਂ 4:6, 7 ਦੀ ਸਲਾਹ ਉੱਤੇ ਚੱਲ ਕੇ ਅਸੀਂ ਕਿਸ ਗੱਲ ਦੀ ਉਮੀਦ ਰੱਖ ਸਕਦੇ ਹਾਂ?

16 ਪੌਲੁਸ ਰਸੂਲ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਇਹ ਠੀਕ ਹੈ ਕਿ ਆਦਮ ਦੀ ਪਾਪੀ ਸੰਤਾਨ ਹੋਣ ਕਰਕੇ ਅਸੀਂ ਪੂਰੀ ਤਰ੍ਹਾਂ ਚਿੰਤਾ ਤੋਂ ਮੁਕਤ ਨਹੀਂ ਹੋ ਸਕਦੇ। (ਰੋਮੀਆਂ 5:12) ਏਸਾਓ ਦੀਆਂ ਹਿੱਤੀ ਤੀਵੀਆਂ ਇਸਹਾਕ ਅਤੇ ਰਿਬਕਾਹ ਦੇ “ਮਨਾਂ ਲਈ ਕੁੜੱਤਣ” ਸਨ। (ਉਤਪਤ 26:34, 35) ਬੀਮਾਰੀ ਦੇ ਕਾਰਨ ਤਿਮੋਥਿਉਸ ਅਤੇ ਤ੍ਰੋਫ਼ਿਮੁਸ ਵਰਗੇ ਸੇਵਕਾਂ ਨੂੰ ਜ਼ਰੂਰ ਚਿੰਤਾ ਹੋਈ ਹੋਣੀ। (1 ਤਿਮੋਥਿਉਸ 5:23; 2 ਤਿਮੋਥਿਉਸ 4:20) ਪੌਲੁਸ ਰਸੂਲ ਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਚਿੰਤਾ ਸੀ। (2 ਕੁਰਿੰਥੀਆਂ 11:28) ਪਰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।—ਜ਼ਬੂਰਾਂ ਦੀ ਪੋਥੀ 65:2.

17 ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਅਸੀਂ “ਸ਼ਾਂਤੀ ਦਾਤਾ ਪਰਮੇਸ਼ੁਰ” ਤੋਂ ਸਹਾਰਾ ਤੇ ਦਿਲਾਸਾ ਪਾਉਂਦੇ ਹਾਂ। (ਫ਼ਿਲਿੱਪੀਆਂ 4:9) ਯਹੋਵਾਹ “ਦਿਆਲੂ ਅਤੇ ਕਿਰਪਾਲੂ” ਹੈ, ਉਹ “ਭਲਾ” ਹੈ ਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ ਕਿਉਂਕਿ “ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਕੂਚ 34:6; ਜ਼ਬੂਰਾਂ ਦੀ ਪੋਥੀ 86:5; 103:13, 14) ਇਸ ਲਈ ਆਓ ਆਪਾਂ ‘ਪਰਮੇਸ਼ੁਰ ਦੇ ਅੱਗੇ ਅਰਦਾਸ’ ਕਰਦੇ ਰਹੀਏ ਕਿਉਂਜੋ ਇਸ ਨਾਲ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲੇਗੀ ਜੋ ਇਨਸਾਨ ਦੀ ਸਮਝ ਤੋਂ ਬਾਹਰ ਹੈ।

18. ਅੱਯੂਬ 42:5 ਦੇ ਮੁਤਾਬਕ ਅਸੀਂ ਪਰਮੇਸ਼ੁਰ ਨੂੰ ਕਿਸ ਤਰ੍ਹਾਂ ‘ਵੇਖ’ ਸਕਦੇ ਹਾਂ?

18 ਜਦ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਮਿਲਦੇ ਹਨ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਪਰਮੇਸ਼ੁਰ ਸਾਡੇ ਨਾਲ ਹੈ। ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਤੋਂ ਬਾਅਦ ਅੱਯੂਬ ਨੇ ਕਿਹਾ: “ਮੈਂ ਤੇਰੇ [ਯਹੋਵਾਹ] ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ।” (ਅੱਯੂਬ 42:5) ਜਦ ਅਸੀਂ ਸਮਝਦਾਰੀ, ਨਿਹਚਾ ਤੇ ਸ਼ੁਕਰਗੁਜ਼ਾਰੀ ਨਾਲ ਸੋਚ-ਵਿਚਾਰ ਕਰਾਂਗੇ ਕਿ ਪਰਮੇਸ਼ੁਰ ਸਾਡੇ ਨਾਲ ਕਿਵੇਂ ਪੇਸ਼ ਆਉਂਦਾ ਹੈ, ਤਾਂ ਅਸੀਂ ਉਸ ਨੂੰ ‘ਵੇਖ’ ਸਕਾਂਗੇ ਯਾਨੀ ਉਸ ਨੂੰ ਚੰਗੀ ਤਰ੍ਹਾਂ ਜਾਣ ਸਕਾਂਗੇ। ਇਸ ਤਰ੍ਹਾਂ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਨਾਲ ਸਾਡੇ ਦਿਲ ਨੂੰ ਸਕੂਨ ਮਿਲਦਾ ਹੈ!

19. ਜੇ ਅਸੀਂ ‘ਆਪਣੀ ਸਾਰੀ ਚਿੰਤਾ ਯਹੋਵਾਹ ਉੱਤੇ ਸੁੱਟੀਏ,’ ਤਾਂ ਕੀ ਹੋਵੇਗਾ?

19 ਜੇ ਅਸੀਂ ‘ਆਪਣੀ ਸਾਰੀ ਚਿੰਤਾ ਯਹੋਵਾਹ ਉੱਤੇ ਸੁੱਟ ਦੇਈਏ,’ ਤਾਂ ਅਸੀਂ ਸ਼ਾਂਤੀ ਨਾਲ ਅਜ਼ਮਾਇਸ਼ਾਂ ਸਹਿ ਸਕਾਂਗੇ ਜੋ ਸਾਡੇ ਦਿਲਾਂ ਤੇ ਮਨਾਂ ਦੀ ਰਾਖੀ ਕਰਦੀ ਹੈ। ਅਜਿਹੀ ਸ਼ਾਂਤੀ ਕਾਰਨ ਸਾਨੂੰ ਕਿਸੇ ਗੱਲ ਦੀ ਪਰੇਸ਼ਾਨੀ ਜਾਂ ਡਰ ਨਹੀਂ ਹੋਵੇਗਾ। ਅਸੀਂ ਚਿੰਤਾ ਦੇ ਕਾਰਨ ਬੇਚੈਨੀ ਮਹਿਸੂਸ ਨਹੀਂ ਕਰਾਂਗੇ।

20, 21. (ੳ) ਸਾਨੂੰ ਕਿਵੇਂ ਪਤਾ ਹੈ ਕਿ ਇਸਤੀਫ਼ਾਨ ਨੇ ਸ਼ਾਂਤੀ ਨਾਲ ਵਿਰੋਧਤਾ ਦਾ ਸਾਮ੍ਹਣਾ ਕੀਤਾ ਸੀ? (ਅ) ਇਕ ਵਿਅਕਤੀ ਦੀ ਉਦਾਹਰਣ ਦਿਓ ਜਿਸ ਨੇ ਆਧੁਨਿਕ ਸਮੇਂ ਵਿਚ ਸ਼ਾਂਤੀ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ।

20 ਇਸਤੀਫ਼ਾਨ ਨੇ ਸ਼ਾਂਤੀ ਨਾਲ ਨਿਹਚਾ ਦੀ ਬਹੁਤ ਵੱਡੀ ਪਰੀਖਿਆ ਦਾ ਸਾਮ੍ਹਣਾ ਕੀਤਾ ਸੀ। ਆਖ਼ਰੀ ਗਵਾਹੀ ਦੇਣ ਤੋਂ ਪਹਿਲਾਂ, ਮਹਾਂ ਸਭਾ ਵਿਚ ਬੈਠੇ ਸਾਰੇ ਲੋਕਾਂ ਨੇ “ਉਹ ਦਾ ਮੂੰਹ ਦੂਤ ਦੇ ਮੂੰਹ ਵਰਗਾ ਡਿੱਠਾ।” (ਰਸੂਲਾਂ ਦੇ ਕਰਤੱਬ 6:15) ਉਸ ਦੇ ਚਿਹਰੇ ਦੇ ਹਾਵ-ਭਾਵ ਕਾਰਨ ਚਿਹਰੇ ਤੋਂ ਅਜਿਹੀ ਸ਼ਾਂਤੀ ਝਲਕ ਰਹੀ ਸੀ ਜਿਵੇਂ ਕਿ ਉਹ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਦੂਤ ਹੋਵੇ। ਜਦ ਇਸਤੀਫ਼ਾਨ ਨੇ ਉਨ੍ਹਾਂ ਨੂੰ ਯਿਸੂ ਦੀ ਮੌਤ ਦੇ ਜ਼ਿੰਮੇਵਾਰ ਠਹਿਰਾਇਆ, ਤਾਂ ਮਹਾਂ ਸਭਾ ਦੇ ਨਿਆਈ “ਮਨ ਵਿੱਚ ਸੜ ਗਏ ਅਤੇ ਉਸ ਉੱਤੇ ਦੰਦ ਪੀਹਣ ਲੱਗੇ।” ਇਸਤੀਫ਼ਾਨ ਨੇ “ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਅਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ੁਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਿਆ।” ਇਸ ਦਰਸ਼ਣ ਤੋਂ ਹੌਸਲਾ ਪਾ ਕੇ ਇਸਤੀਫ਼ਾਨ ਮਰਦੇ ਦਮ ਤਕ ਵਫ਼ਾਦਾਰ ਰਿਹਾ। (ਰਸੂਲਾਂ ਦੇ ਕਰਤੱਬ 7:52-60) ਭਾਵੇਂ ਅੱਜ ਪਰਮੇਸ਼ੁਰ ਸਾਨੂੰ ਦਰਸ਼ਣ ਨਹੀਂ ਦਿਖਾਉਂਦਾ, ਪਰ ਸਤਾਹਟਾਂ ਆਉਣ ਤੇ ਉਹ ਸਾਨੂੰ ਸ਼ਾਂਤੀ ਜ਼ਰੂਰ ਬਖ਼ਸ਼ ਸਕਦਾ ਹੈ।

21 ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਦੇ ਰਾਜ ਅਧੀਨ ਯਹੋਵਾਹ ਦੇ ਕਈ ਗਵਾਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਉਨ੍ਹਾਂ ਵਿੱਚੋਂ ਕੁਝ ਭਰਾਵਾਂ ਦੀਆਂ ਟਿੱਪਣੀਆਂ ਉੱਤੇ ਗੌਰ ਕਰੋ। ਇਕ ਭਰਾ ਨੇ ਦੱਸਿਆ ਕਿ ਅਦਾਲਤ ਵਿਚ ਉਸ ਤੇ ਕੀ ਬੀਤੀ: “ਮੈਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਮੈਂ ਸੁਣਦਾ ਰਿਹਾ, ਫਿਰ ਮੈਂ ਕਿਹਾ ਕਿ ‘ਮੌਤ ਤਕ ਵਫ਼ਾਦਾਰ ਰਹਿ’ ਅਤੇ ਯਿਸੂ ਦੇ ਕੁਝ ਹੋਰ ਸ਼ਬਦ ਯਾਦ ਕੀਤੇ ਜਿਸ ਤੋਂ ਬਾਅਦ ਮੈਂ ਹੋਰ ਕੁਝ ਨਾ ਕਰ ਸਕਿਆ। . . . ਪਰ ਤੁਸੀਂ ਹੁਣ ਇਸ ਗੱਲ ਦੀ ਚਿੰਤਾ ਨਾ ਕਰੋ, ਕਿਉਂਜੋ ਮੈਨੂੰ ਇੰਨੀ ਸ਼ਾਂਤੀ ਬਖ਼ਸ਼ੀ ਗਈ ਹੈ ਕਿ ਮੈਂ ਦੱਸ ਨਹੀਂ ਸਕਦਾ!” ਇਕ ਨੌਜਵਾਨ ਭਰਾ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਸੀ ਤੇ ਇਸ ਸਜ਼ਾ ਵਜੋਂ ਉਸ ਦਾ ਸਿਰ ਵੱਢਿਆ ਜਾਣਾ ਸੀ। ਉਸ ਨੇ ਆਪਣੇ ਮਾਪਿਆਂ ਨੂੰ ਲਿਖਿਆ: “ਹੁਣ ਅੱਧੀ ਰਾਤ ਬੀਤ ਚੁੱਕੀ ਹੈ। ਮੇਰੇ ਕੋਲ ਹਾਲੇ ਵੀ ਆਪਣਾ ਫ਼ੈਸਲਾ ਬਦਲਣ ਦਾ ਸਮਾਂ ਹੈ। ਪਰ ਕੀ ਮੈਂ ਯਿਸੂ ਦਾ ਇਨਕਾਰ ਕਰ ਕੇ ਇਸ ਦੁਨੀਆਂ ਵਿਚ ਖ਼ੁਸ਼ ਰਹਿ ਸਕਾਂਗਾ? ਬਿਲਕੁਲ ਨਹੀਂ! ਮੈਂ ਤੁਹਾਨੂੰ ਇਸ ਗੱਲ ਦਾ ਪੂਰਾ ਯਕੀਨ ਦਿਵਾਉਂਦਾ ਹਾਂ ਕਿ ਮੈਂ ਖ਼ੁਸ਼ੀ ਅਤੇ ਸ਼ਾਂਤੀ ਨਾਲ ਇਸ ਦੁਨੀਆਂ ਨੂੰ ਛੱਡ ਕੇ ਜਾ ਰਿਹਾ ਹਾਂ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਸਹਾਰਾ ਦਿੰਦਾ ਹੈ।

ਤੁਸੀਂ ਸਹਿ ਸਕਦੇ ਹੋ!

22, 23. ਧੀਰਜ ਨਾਲ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਤੁਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹੋ?

22 ਤੁਹਾਨੂੰ ਸ਼ਾਇਦ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਨਾ ਕਰਨਾ ਪਵੇ। ਫਿਰ ਵੀ ਪਰਮੇਸ਼ੁਰ ਦੇ ਭਗਤ ਅੱਯੂਬ ਦੀ ਇਹ ਗੱਲ ਸਹੀ ਸੀ ਕਿ “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਸ਼ਾਇਦ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹੋ ਤਾਂਕਿ ਉਹ ਯਹੋਵਾਹ ਦੇ ਰਾਹਾਂ ਤੇ ਚੱਲਦੇ ਰਹਿਣ। ਇਹ ਸੱਚ ਹੈ ਕਿ ਬੱਚਿਆਂ ਨੂੰ ਸਕੂਲੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਸਹਿਣੀਆਂ ਪੈਂਦੀਆਂ ਹਨ। ਪਰ ਜਦ ਉਹ ਯਹੋਵਾਹ ਦਾ ਪੱਖ ਲੈਂਦੇ ਹਨ ਅਤੇ ਉਸ ਦੇ ਮਿਆਰਾਂ ਉੱਤੇ ਚੱਲਦੇ ਹਨ, ਤਾਂ ਤੁਹਾਡਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ! ਸ਼ਾਇਦ ਕੰਮ ਦੀ ਥਾਂ ਤੇ ਤੁਹਾਡੇ ਉੱਤੇ ਮੁਸੀਬਤਾਂ ਜਾਂ ਪਰੀਖਿਆਵਾਂ ਆ ਰਹੀਆਂ ਹਨ। ਯਾਦ ਰੱਖੋ ਕਿ ਅਸੀਂ ਇਨ੍ਹਾਂ ਅਤੇ ਹੋਰਨਾਂ ਮੁਸ਼ਕਲਾਂ ਨੂੰ ਸਹਿ ਸਕਦੇ ਹਾਂ ਕਿਉਂਕਿ ਯਹੋਵਾਹ ਪਰਮੇਸ਼ੁਰ “ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ।”—ਜ਼ਬੂਰਾਂ ਦੀ ਪੋਥੀ 68:19.

23 ਤੁਸੀਂ ਸ਼ਾਇਦ ਆਪਣੇ ਆਪ ਨੂੰ ਮਾਮੂਲੀ ਜਿਹਾ ਇਨਸਾਨ ਸਮਝਦੇ ਹੋ, ਪਰ ਯਾਦ ਰੱਖੋ ਕਿ ਯਹੋਵਾਹ ਨਾ ਤਾਂ ਤੁਹਾਡੀ ਸੇਵਾ ਨੂੰ ਭੁੱਲੇਗਾ ਅਤੇ ਨਾ ਉਸ ਪਿਆਰ ਨੂੰ ਕਦੇ ਭੁੱਲੇਗਾ ਜੋ ਤੁਸੀਂ ਉਸ ਦੇ ਪਵਿੱਤਰ ਨਾਂ ਲਈ ਜ਼ਾਹਰ ਕਰਦੇ ਹੋ। (ਇਬਰਾਨੀਆਂ 6:10) ਉਸ ਦੀ ਮਦਦ ਨਾਲ ਤੁਸੀਂ ਨਿਹਚਾ ਦੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰ ਸਕਦੇ ਹੋ। ਤਾਂ ਫਿਰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਬਾਰੇ ਸੋਚਦੇ ਰਹੋ ਤੇ ਉਸ ਬਾਰੇ ਪ੍ਰਾਰਥਨਾ ਕਰਦੇ ਰਹੋ। ਫਿਰ ਤੁਸੀਂ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਬਰਕਤਾਂ ਅਤੇ ਮਦਦ ਜ਼ਰੂਰ ਦੇਵੇਗਾ।

ਤੁਸੀਂ ਕਿੱਦਾਂ ਜਵਾਬ ਦੇਵੋਗੇ?

• ਸਾਨੂੰ ਧੀਰਜ ਦੀ ਕਿਉਂ ਲੋੜ ਹੈ?

• ਬੀਮਾਰੀ ਅਤੇ ਮੌਤ ਦਾ ਗਮ ਸਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

• ਪ੍ਰਾਰਥਨਾ ਕਰਨ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਨੂੰ ਕਿੱਦਾਂ ਮਦਦ ਮਿਲਦੀ ਹੈ?

• ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਸੀਂ ਧੀਰਜ ਨਾਲ ਯਹੋਵਾਹ ਦੇ ਦਿਨ ਦੀ ਉਡੀਕ ਕਰ ਸਕਦੇ ਹਾਂ?

[ਸਵਾਲ]

[ਸਫ਼ਾ 29 ਉੱਤੇ ਤਸਵੀਰ]

ਯਹੋਵਾਹ ਉੱਤੇ ਭਰੋਸਾ ਰੱਖਣ ਨਾਲ ਅਸੀਂ ਮੌਤ ਦਾ ਗਮ ਸਹਿ ਸਕਦੇ ਹਾਂ

[ਸਫ਼ਾ 31 ਉੱਤੇ ਤਸਵੀਰ]

ਦਿਲੋਂ ਪ੍ਰਾਰਥਨਾ ਕਰਨ ਨਾਲ ਨਿਹਚਾ ਦੀਆਂ ਪਰੀਖਿਆਵਾਂ ਸਹਿਣ ਵਿਚ ਮਦਦ ਮਿਲਦੀ ਹੈ