Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਇਸਰਾਏਲ ਵਿਚ ਵਾਢੀ ਸ਼ੁਰੂ ਹੋਣ ਵੇਲੇ ਸਾਰੇ ਇਸਰਾਏਲੀ ਆਦਮੀ ਪਤੀਰੀ ਰੋਟੀ ਦੇ ਤਿਉਹਾਰ ਲਈ ਯਰੂਸ਼ਲਮ ਗਏ ਹੁੰਦੇ ਸਨ। ਤਾਂ ਫਿਰ ਜੌਆਂ ਦੀ ਫ਼ਸਲ ਦਾ ਪਹਿਲਾ ਫਲ ਕੌਣ ਵੱਢ ਕੇ ਹੈਕਲ ਵਿਚ ਲਿਆਉਂਦਾ ਸੀ?

ਮੂਸਾ ਦੀ ਬਿਵਸਥਾ ਵਿਚ ਇਸਰਾਏਲੀਆਂ ਨੂੰ ਹਿਦਾਇਤ ਦਿੱਤੀ ਗਈ ਸੀ: “ਵਰ੍ਹੇ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਨਰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਉਹ ਚੁਣੇਗਾ ਹਾਜ਼ਰ ਹੋਣ ਅਰਥਾਤ ਪਤੀਰੀ ਰੋਟੀ ਦੇ ਪਰਬ, ਡੇਰਿਆਂ ਦੇ ਪਰਬ, ਹਫ਼ਤਿਆਂ ਦੇ ਪਰਬ ਉੱਤੇ।” (ਬਿਵਸਥਾ ਸਾਰ 16:16) ਰਾਜਾ ਸੁਲੇਮਾਨ ਦੇ ਜ਼ਮਾਨੇ ਤੋਂ ਪਰਮੇਸ਼ੁਰ ਨੇ ਯਰੂਸ਼ਲਮ ਵਿਚ ਹੈਕਲ ਨੂੰ ਭਗਤੀ ਦਾ ਸਥਾਨ ਬਣਾਇਆ।

ਪਹਿਲਾ ਤਿਉਹਾਰ, ਪਤੀਰੀ ਰੋਟੀ ਦਾ ਪਰਬ ਬਸੰਤ ਰੁੱਤ ਦੀ ਸ਼ੁਰੂਆਤ ਵਿਚ ਮਨਾਇਆ ਜਾਂਦਾ ਸੀ। ਇਹ ਸੱਤ ਦਿਨਾਂ ਦਾ ਤਿਉਹਾਰ ਪਸਾਹ ਮਨਾਉਣ (14 ਨੀਸਾਨ) ਦੇ ਅਗਲੇ ਦਿਨ ਸ਼ੁਰੂ ਹੁੰਦਾ ਸੀ ਤੇ 21 ਨੀਸਾਨ ਤਕ ਮਨਾਇਆ ਜਾਂਦਾ ਸੀ। ਤਿਉਹਾਰ ਦੇ ਦੂਜੇ ਦਿਨ ਯਾਨੀ 16 ਨੀਸਾਨ ਨੂੰ ਇਬਰਾਨੀ ਧਾਰਮਿਕ ਕਲੰਡਰ ਦੇ ਮੁਤਾਬਕ ਸਾਲ ਦੀ ਪਹਿਲੀ ਵਾਢੀ ਸ਼ੁਰੂ ਹੁੰਦੀ ਸੀ। ਉਸ ਦਿਨ ਪ੍ਰਧਾਨ ਜਾਜਕ ਨੇ ਜੌਂਆਂ ਦੀ ਫ਼ਸਲ ਦੇ “ਪਹਿਲੇ ਫਲ ਤੋਂ ਇੱਕ ਪੂਲਾ” ਲੈ ਕੇ ‘ਯਹੋਵਾਹ ਦੇ ਸਾਹਮਣੇ ਹਿਲਾਉਣਾ’ ਹੁੰਦਾ ਸੀ। (ਲੇਵੀਆਂ 23:5-12) ਪਰ ਸਾਰੇ ਆਦਮੀਆਂ ਨੂੰ ਪਤੀਰੀ ਰੋਟੀ ਦੇ ਤਿਉਹਾਰ ਵਿਚ ਸ਼ਾਮਲ ਹੋਣ ਦਾ ਹੁਕਮ ਸੀ, ਤਾਂ ਫਿਰ ਭੇਟ ਚੜ੍ਹਾਉਣ ਲਈ ਕੌਣ ਫ਼ਸਲ ਦਾ ਪੂਲਾ ਵੱਢ ਕੇ ਲਿਆਉਂਦਾ ਸੀ?

ਯਹੋਵਾਹ ਅੱਗੇ ਫ਼ਸਲ ਦਾ ਪਹਿਲਾ ਫਲ ਚੜ੍ਹਾਉਣ ਦਾ ਹੁਕਮ ਪੂਰੀ ਕੌਮ ਨੂੰ ਦਿੱਤਾ ਗਿਆ ਸੀ। ਹਰ ਇਸਰਾਏਲੀ ਲਈ ਇਹ ਜ਼ਰੂਰੀ ਨਹੀਂ ਸੀ ਕਿ ਉਹ ਆਪਣੇ ਖੇਤਾਂ ਵਿਚ ਵਾਢੀ ਸ਼ੁਰੂ ਕਰੇ ਤੇ ਪਹਿਲਾ ਫਲ ਯਹੋਵਾਹ ਦੇ ਅੱਗੇ ਚੜ੍ਹਾਵੇ। ਇਸ ਦੀ ਬਜਾਇ ਪੂਰੀ ਕੌਮ ਨੇ ਰਲ ਕੇ ਇਹ ਹੁਕਮ ਪੂਰਾ ਕਰਨਾ ਸੀ। ਇਸ ਲਈ, ਪਤੀਰੀ ਰੋਟੀ ਦੇ ਤਿਉਹਾਰ ਲਈ ਇਕ ਪੂਲਾ ਲਿਆਉਣ ਵਾਸਤੇ ਕੁਝ ਬੰਦਿਆਂ ਨੂੰ ਲਾਗੇ ਦੇ ਜੌਂ ਦੇ ਖੇਤਾਂ ਵਿਚ ਘੱਲਿਆ ਜਾਂਦਾ ਸੀ। ਇਸ ਉੱਤੇ ਟਿੱਪਣੀ ਕਰਦੇ ਹੋਏ ਐਨਸਾਈਕਲੋਪੀਡੀਆ ਜੁਡੇਈਕਾ ਨੇ ਕਿਹਾ: “ਜੇ ਜੌਂ ਦੀ ਫ਼ਸਲ ਪੱਕੀ ਹੁੰਦੀ ਸੀ, ਤਾਂ ਇਹ ਯਰੂਸ਼ਲਮ ਦੇ ਲਾਗੇ ਦੇ ਖੇਤਾਂ ਵਿੱਚੋਂ ਵੱਢ ਲਈ ਜਾਂਦੀ ਸੀ; ਨਹੀਂ ਤਾਂ ਇਹ ਇਸਰਾਏਲ ਦੇ ਕਿਸੇ ਵੀ ਹਿੱਸੇ ਤੋਂ ਲਿਆਈ ਜਾ ਸਕਦੀ ਸੀ। ਤਿੰਨ ਬੰਦੇ ਫ਼ਸਲ ਦਾ ਪੂਲਾ ਵੱਢਦੇ ਸਨ। ਤਿੰਨਾਂ ਕੋਲ ਆਪਣੀ-ਆਪਣੀ ਦਾਤੀ ਤੇ ਟੋਕਰੀ ਹੁੰਦੀ ਸੀ।” ਫਿਰ ਜੌਂ ਦਾ ਪੂਲਾ ਲਿਆ ਕੇ ਪ੍ਰਧਾਨ ਜਾਜਕ ਨੂੰ ਦਿੱਤਾ ਜਾਂਦਾ ਸੀ ਜਿਸ ਨੂੰ ਉਹ ਯਹੋਵਾਹ ਅੱਗੇ ਚੜ੍ਹਾਉਂਦਾ ਸੀ।

ਫ਼ਸਲ ਦਾ ਪਹਿਲਾ ਫਲ ਚੜ੍ਹਾ ਕੇ ਇਸਰਾਏਲੀ ਯਹੋਵਾਹ ਦਾ ਧੰਨਵਾਦ ਕਰਦੇ ਸਨ ਕਿ ਉਸ ਨੇ ਉਨ੍ਹਾਂ ਦੀਆਂ ਜ਼ਮੀਨਾਂ ਤੇ ਫ਼ਸਲਾਂ ਉੱਤੇ ਬਰਕਤਾਂ ਪਾਈਆਂ। (ਬਿਵਸਥਾ ਸਾਰ 8:6-10) ਪਰ ਇਸਰਾਏਲੀਆਂ ਵੱਲੋਂ ਚੜ੍ਹਾਈ ਇਹ ਭੇਟ “ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ” ਵੀ ਸੀ। (ਇਬਰਾਨੀਆਂ 10:1) ਉਹ ਕਿਵੇਂ? ਇਹ ਗੱਲ ਧਿਆਨ ਦੇਣ ਯੋਗ ਹੈ ਕਿ ਯਹੋਵਾਹ ਸਾਮ੍ਹਣੇ ਪਹਿਲਾ ਫਲ ਚੜ੍ਹਾਏ ਜਾਣ ਵਾਲੇ ਦਿਨ ਯਾਨੀ 16 ਨੀਸਾਨ ਨੂੰ ਯਿਸੂ ਮਸੀਹ ਨੂੰ ਮੁੜ ਜੀਉਂਦਾ ਕੀਤਾ ਗਿਆ ਸੀ। ਯਿਸੂ ਮਸੀਹ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆਂ ਹੋਇਆਂ ਦਾ ਪਹਿਲਾ ਫਲ ਹੈ! . . . ਪਰ ਹਰੇਕ ਆਪੋ ਆਪਣੀ ਵਾਰੀ ਸਿਰ। ਪਹਿਲਾ ਫਲ ਮਸੀਹ, ਫੇਰ ਜਿਹੜੇ ਮਸੀਹ ਦੇ ਹਨ ਉਹ ਦੇ ਆਉਣ ਦੇ ਵੇਲੇ।” (1 ਕੁਰਿੰਥੀਆਂ 15:20-23) ਪ੍ਰਧਾਨ ਜਾਜਕ ਯਹੋਵਾਹ ਅੱਗੇ ਪਹਿਲੇ ਫਲ ਦਾ ਜੋ ਪੂਲਾ ਹਿਲਾਉਂਦਾ ਸੀ, ਉਹ ਮੁੜ ਜ਼ਿੰਦਾ ਕੀਤੇ ਗਏ ਯਿਸੂ ਮਸੀਹ ਨੂੰ ਦਰਸਾਉਂਦਾ ਸੀ ਕਿਉਂਕਿ ਉਹ ਪਹਿਲਾ ਵਿਅਕਤੀ ਸੀ ਜਿਸ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਅਨੰਤ ਜ਼ਿੰਦਗੀ ਦਿੱਤੀ ਗਈ ਸੀ। ਇਸ ਤਰ੍ਹਾਂ ਯਿਸੂ ਨੇ ਮਨੁੱਖਜਾਤੀ ਲਈ ਪਾਪ ਅਤੇ ਮੌਤ ਤੋਂ ਛੁਟਕਾਰਾ ਪਾਉਣ ਦਾ ਰਾਹ ਖੋਲ੍ਹ ਦਿੱਤਾ।

[ਸਫ਼ਾ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© 2003 BiblePlaces.com