ਬਰਜ਼ਿੱਲਈ ਆਪਣੀਆਂ ਹੱਦਾਂ ਜਾਣਦਾ ਸੀ
ਬਰਜ਼ਿੱਲਈ ਆਪਣੀਆਂ ਹੱਦਾਂ ਜਾਣਦਾ ਸੀ
‘ਮੈਂ ਤੁਹਾਡੇ ਉੱਤੇ ਕਾਹ ਨੂੰ ਭਾਰੂ ਹੋਵਾਂ?’ ਅੱਸੀਆਂ ਸਾਲਾਂ ਦੇ ਬਜ਼ੁਰਗ ਬਰਜ਼ਿੱਲਈ ਨੇ ਇਹ ਗੱਲ ਇਸਰਾਏਲ ਦੇ ਰਾਜਾ ਦਾਊਦ ਨੂੰ ਕਹੀ ਸੀ। ਬਾਈਬਲ ਦੱਸਦੀ ਹੈ ਕਿ ਬੇਹੱਦ ਧਨ-ਦੌਲਤ ਹੋਣ ਕਰਕੇ ਬਰਜ਼ਿੱਲਈ “ਬਹੁਤ ਵੱਡਾ ਮਨੁੱਖ” ਸੀ। (2 ਸਮੂਏਲ 19:32, 35) ਬਰਜ਼ਿੱਲਈ ਯਰਦਨ ਦਰਿਆ ਦੇ ਪੂਰਬ ਵੱਲ ਪਹਾੜਾਂ ਵਿਚ ਵਸੇ ਗਿਲਆਦ ਜ਼ਿਲ੍ਹੇ ਵਿਚ ਰਹਿੰਦਾ ਸੀ।—2 ਸਮੂਏਲ 17:27; 19:31.
ਬਰਜ਼ਿੱਲਈ ਨੇ ਕਿਨ੍ਹਾਂ ਹਾਲਤਾਂ ਵਿਚ ਦਾਊਦ ਨੂੰ ਇਹ ਗੱਲ ਕਹੀ ਸੀ? ਅਤੇ ਕਿਉਂ ਕਹੀ ਸੀ?
ਰਾਜਾ ਦਾਊਦ ਦੇ ਖ਼ਿਲਾਫ਼ ਬਗਾਵਤ
ਰਾਜਾ ਦਾਊਦ ਦੇ ਪੁੱਤਰ ਅਬਸ਼ਾਲੋਮ ਨੇ “ਇਸਰਾਏਲ ਦੇ ਮਨੁੱਖਾਂ ਦੇ ਮਨ ਮੋਹ ਲਏ” ਤੇ ਆਪਣੇ ਪਿਤਾ ਦੀ ਰਾਜ-ਗੱਦੀ ਨੂੰ ਪਲਟਾ ਦਿੱਤਾ। ਇਸ ਕਰਕੇ ਦਾਊਦ ਦੀ ਜਾਨ ਖ਼ਤਰੇ ਵਿਚ ਸੀ। ਸਾਰਿਆਂ ਨੂੰ ਇਹ ਵੀ ਪਤਾ ਸੀ ਕਿ ਅਬਸ਼ਾਲੋਮ ਆਪਣੇ ਪਿਤਾ ਦੇ ਵਫ਼ਾਦਾਰਾਂ ਨੂੰ ਜ਼ਿੰਦਾ ਨਹੀਂ ਛੱਡੇਗਾ। ਇਸ ਲਈ ਦਾਊਦ ਤੇ ਉਸ ਦੇ ਸੇਵਕ ਜਾਨ ਬਚਾ ਕੇ ਯਰੂਸ਼ਲਮ ਤੋਂ ਦੌੜ ਗਏ। (2 ਸਮੂਏਲ 15:6, 13, 14) ਯਰਦਨ ਦਰਿਆ ਦੇ ਪੂਰਬ ਵਿਚ ਮਹਨਇਮ ਨਾਂ ਦੇ ਇਲਾਕੇ ਵਿਚ ਪਹੁੰਚਣ ਤੇ ਬਰਜ਼ਿੱਲਈ ਨੇ ਉਸ ਦੀ ਮਦਦ ਕੀਤੀ।
ਬਰਜ਼ਿੱਲਈ ਤੇ ਦੋ ਹੋਰ ਆਦਮੀਆਂ ਨੇ ਦਿਲ ਖੋਲ੍ਹ ਕੇ ਦਾਊਦ ਨੂੰ ਉਹ ਸਭ ਚੀਜ਼ਾਂ ਦਿੱਤੀਆਂ ਜਿਸ ਦੀ ਉਸ ਨੂੰ ਲੋੜ ਸੀ। ਇਨ੍ਹਾਂ ਤਿੰਨਾਂ ਵਫ਼ਾਦਾਰ ਆਦਮੀਆਂ ਨੂੰ ਪਤਾ ਸੀ ਕਿ ਦਾਊਦ ਤੇ ਉਸ ਦੇ ਸੇਵਕ ‘ਉਜਾੜ ਦੇ ਵਿੱਚ ਭੁੱਖੇ, ਥੱਕੇ ਹੋਏ ਅਤੇ ਤਿਹਾਏ ਸਨ।’ ਬਰਜ਼ਿੱਲਈ, ਸ਼ੋਬੀ ਤੇ ਮਾਕੀਰ ਨੇ ਦਾਊਦ ਤੇ ਉਸ ਦੇ ਬੰਦਿਆਂ ਨੂੰ ਮੰਜੇ-ਬਿਸਤਰੇ, ਕਣਕ, ਜੌਂ, ਆਟਾ, ਭੁੰਨੇ ਹੋਏ ਦਾਣੇ, ਰਵਾਂਹ ਦੀਆਂ ਫਲੀਆਂ, ਦਾਲਾਂ, ਸ਼ਹਿਦ, 2 ਸਮੂਏਲ 17:27-29.
ਮੱਖਣ, ਭੇਡਾਂ ਤੇ ਹੋਰ ਕਈ ਚੀਜ਼ਾਂ ਦਿੱਤੀਆਂ।—ਦਾਊਦ ਦੀ ਮਦਦ ਕਰਨੀ ਖ਼ਤਰੇ ਤੋਂ ਖਾਲੀ ਨਹੀਂ ਸੀ। ਅਬਸ਼ਾਲੋਮ ਦਾਊਦ ਦੀ ਮਦਦ ਕਰਨ ਵਾਲੇ ਕਿਸੇ ਵੀ ਬੰਦੇ ਨੂੰ ਛੱਡਣ ਵਾਲਾ ਨਹੀਂ ਸੀ। ਇਨ੍ਹਾਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਰਜ਼ਿੱਲਈ ਨੇ ਦਾਊਦ ਦਾ ਸਾਥ ਦੇ ਕੇ ਦਲੇਰੀ ਦਿਖਾਈ।
ਪਾਸਾ ਪਲਟ ਗਿਆ
ਜਲਦੀ ਹੀ ਆਪਣੀਆਂ ਬਾਗ਼ੀ ਫ਼ੌਜਾਂ ਲੈ ਕੇ ਅਬਸ਼ਾਲੋਮ ਦਾਊਦ ਦੇ ਫ਼ੌਜੀਆਂ ਨਾਲ ਲੜਿਆ। ਲੜਾਈ ਸ਼ਾਇਦ ਮਹਨਇਮ ਦੇ ਲਾਗੇ ਅਫ਼ਰਾਈਮ ਦੇ ਜੰਗਲਾਂ ਵਿਚ ਹੋਈ ਸੀ। ਅਬਸ਼ਾਲੋਮ ਦੀ ਫ਼ੌਜ ਹਾਰ ਗਈ ਤੇ ‘ਉਸ ਦਿਨ ਮਨੁੱਖਾਂ ਦੀ ਡਾਢੀ ਵਾਢ ਹੋਈ।’ ਅਬਸ਼ਾਲੋਮ ਨੇ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਬਚ ਨਾ ਸਕਿਆ।—2 ਸਮੂਏਲ 18:7-15.
ਇਕ ਵਾਰ ਫਿਰ ਦਾਊਦ ਇਸਰਾਏਲ ਦਾ ਰਾਜਾ ਬਣ ਗਿਆ। ਉਸ ਦੇ ਨਾਲ ਗਏ ਲੋਕ ਬਿਨਾਂ ਕਿਸੇ ਡਰ ਦੇ ਆਪਣੇ ਘਰ ਵਾਪਸ ਜਾ ਸਕਦੇ ਸਨ। ਉਨ੍ਹਾਂ ਦੀ ਵਫ਼ਾਦਾਰੀ ਨੇ ਦਾਊਦ ਦਾ ਦਿਲ ਜਿੱਤ ਲਿਆ ਸੀ ਤੇ ਉਸ ਨੇ ਉਨ੍ਹਾਂ ਦਾ ਅਹਿਸਾਨ ਮੰਨਿਆ।
ਜਦੋਂ ਦਾਊਦ ਯਰੂਸ਼ਲਮ ਵਾਪਸ ਆਉਣ ਵਾਲਾ ਸੀ, ਤਾਂ “ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਲਹਿ ਕੇ ਉਹ ਨੂੰ ਯਰਦਨੋਂ ਪਾਰ ਪਹੁੰਚਾਉਣ ਲਈ ਪਾਤਸ਼ਾਹ ਦੇ ਨਾਲ ਯਰਦਨੋਂ ਪਾਰ ਗਿਆ।” ਉਸ ਵੇਲੇ ਦਾਊਦ ਨੇ ਬਜ਼ੁਰਗ ਬਰਜ਼ਿੱਲਈ ਨੂੰ ਇਹ ਸੱਦਾ ਦਿੱਤਾ: “ਤੂੰ ਮੇਰੇ ਨਾਲ ਪਾਰ ਚੱਲ ਕਿਉਂ ਜੋ ਯਰੂਸ਼ਲਮ ਵਿੱਚ ਮੈਂ ਆਪਣੇ ਨਾਲ ਤੇਰੀ ਪਾਲਣਾ ਕਰਾਂਗਾ।”—2 ਸਮੂਏਲ 19:15, 31, 33.
ਦਾਊਦ ਬਰਜ਼ਿੱਲਈ ਦੀ ਮਦਦ ਲਈ ਬਹੁਤ ਸ਼ੁਕਰਗੁਜ਼ਾਰ ਸੀ। ਪਰ ਦਾਊਦ ਸਿਰਫ਼ ਉਸ ਦੀਆਂ ਭੌਤਿਕ ਲੋੜਾਂ ਪੂਰੀਆਂ ਕਰ ਕੇ ਉਸ ਦਾ ਅਹਿਸਾਨ ਚੁਕਾਉਣਾ ਨਹੀਂ ਚਾਹੁੰਦਾ ਸੀ। ਧਨੀ ਬਰਜ਼ਿੱਲਈ ਨੂੰ ਇਨ੍ਹਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਸੀ। ਦਾਊਦ ਸ਼ਾਇਦ ਉਸ ਨੂੰ ਆਪਣੇ ਦਰਬਾਰ ਵਿਚ ਬਿਠਾਉਣਾ ਚਾਹੁੰਦਾ ਸੀ ਕਿਉਂਕਿ ਉਹ ਗੁਣਾਂ ਦਾ ਧਨੀ ਸੀ। ਰਾਜੇ ਦੇ ਦਰਬਾਰ ਵਿਚ ਬੈਠਣਾ ਬਰਜ਼ਿੱਲਈ ਲਈ ਬੜੇ ਮਾਣ ਦੀ ਗੱਲ ਹੁੰਦੀ ਤੇ ਰਾਜੇ ਦਾ ਮਿੱਤਰ ਹੋਣ ਕਰਕੇ ਸਾਰੇ ਪਾਸੇ ਉਸ ਦੀ ਬੱਲੇ-ਬੱਲੇ ਹੁੰਦੀ।
ਬਰਜ਼ਿੱਲਈ ਦੀ ਹਲੀਮੀ ਅਤੇ ਸਹੀ ਨਜ਼ਰੀਆ
ਰਾਜਾ ਦਾਊਦ ਦਾ ਸੱਦਾ ਸੁਣ ਕੇ ਬਰਜ਼ਿੱਲਈ ਨੇ ਕਿਹਾ: “ਹੁਣ ਮੇਰਾ ਜੀਉਣਾ ਕਿੰਨਾ ਕੁ ਚਿਰ ਹੈ ਜੋ ਪਾਤਸ਼ਾਹ ਨਾਲ ਯਰੂਸ਼ਲਮ ਨੂੰ ਚੜ੍ਹ ਜਾਵਾਂ? ਕਿਉਂ ਜੋ ਅੱਜ ਦੇ ਦਿਨ ਮੈਂ ਅਸੀਹਾਂ ਵਰਿਹਾਂ ਦਾ ਹੋ ਚੁੱਕਾ ਹਾਂ। ਭਲਾ, ਮੈਂ ਚੰਗਾ ਮੰਦਾ ਸਿਆਣ ਸੱਕਦਾ ਹਾਂ? ਭਲਾ, ਤੁਹਾਡਾ ਸੇਵਕ ਜੋ ਕੁਝ ਖਾਂਦਾ ਪੀਂਦਾ ਹੈ ਉਸ ਦਾ ਸੁਆਦ ਵੀ ਚੱਖ ਸੱਕਦਾ ਹੈ? ਅਤੇ ਭਲਾ, ਮੈਂ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਦਾ ਗਾਉਣਾ ਸੁਣ ਸੱਕਦਾ ਹਾਂ?” (2 ਸਮੂਏਲ 19:34, 35) ਇਹ ਕਹਿ ਕੇ ਬਰਜ਼ਿੱਲਈ ਨੇ ਬੜੇ ਆਦਰ ਨਾਲ ਸੱਦੇ ਨੂੰ ਸਵੀਕਾਰ ਨਹੀਂ ਕੀਤਾ। ਪਰ ਕਿਉਂ?
ਇਕ ਕਾਰਨ ਇਹ ਹੋ ਸਕਦਾ ਹੈ ਕਿ ਬਰਜ਼ਿੱਲਈ ਨੇ ਆਪਣੇ ਬੁਢਾਪੇ ਨੂੰ ਤੇ ਇਸ ਕਰਕੇ ਆਈਆਂ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖ ਕੇ ਯਰੂਸ਼ਲਮ ਨਾ ਜਾਣ ਦਾ ਫ਼ੈਸਲਾ ਕੀਤਾ ਹੋਣਾ। ਬਰਜ਼ਿੱਲਈ ਨੂੰ ਇਹ ਅਹਿਸਾਸ ਹੋਣਾ ਕਿ ਉਹ ਬਹੁਤੇ ਦਿਨ ਨਹੀਂ ਜੀਵੇਗਾ। (ਜ਼ਬੂਰਾਂ ਦੀ ਪੋਥੀ 90:10) ਉਹ ਦਾਊਦ ਲਈ ਜਿੰਨਾ ਕਰ ਸਕਦਾ ਸੀ, ਉੱਨਾ ਕੀਤਾ, ਪਰ ਉਹ ਜਾਣਦਾ ਸੀ ਕਿ ਬੁੱਢਾ ਹੋਣ ਕਰਕੇ ਉਸ ਦੀਆਂ ਮਜਬੂਰੀਆਂ ਸਨ। ਸੋ ਭਾਵੇਂ ਕਿ ਦਾਊਦ ਦੇ ਦਰਬਾਰ ਵਿਚ ਉਸ ਨੂੰ ਰੁਤਬਾ ਤੇ ਸ਼ੁਹਰਤ ਦੋਨੋਂ ਮਿਲਦੇ, ਪਰ ਬਰਜ਼ਿੱਲਈ ਨੇ ਆਪਣੇ ਹਾਲਾਤਾਂ ਨੂੰ ਸਹੀ ਢੰਗ ਨਾਲ ਜਾਂਚਦੇ ਹੋਏ ਰਾਜਾ ਦਾਊਦ ਦੇ ਸੱਦੇ ਨੂੰ ਸਵੀਕਾਰ ਨਹੀਂ ਕੀਤਾ। ਅਭਿਲਾਸ਼ੀ ਅਬਸ਼ਾਲੋਮ ਤੋਂ ਉਲਟ ਬਰਜ਼ਿੱਲਈ ਨੇ ਹਲੀਮੀ ਦਿਖਾਈ।—ਕਹਾਉਤਾਂ 11:2.
ਬਰਜ਼ਿੱਲਈ ਦੇ ਫ਼ੈਸਲੇ ਦਾ ਦੂਸਰਾ ਕਾਰਨ ਇਹ ਹੋ ਸਕਦਾ ਹੈ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਹ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਉੱਤੇ ਬੋਝ ਬਣ ਕੇ ਉਸ ਦੇ ਕੰਮ ਵਿਚ ਅੜਚਣਾਂ ਖੜ੍ਹੀਆਂ ਕਰੇ। ਬਰਜ਼ਿੱਲਈ ਨੇ ਪੁੱਛਿਆ: “ਤੁਹਾਡਾ ਸੇਵਕ ਆਪਣੇ ਮਾਹਰਾਜ ਪਾਤਸ਼ਾਹ ਉੱਤੇ ਕਾਹ ਨੂੰ ਭਾਰੂ ਹੋਵੇ?” 2 ਸਮੂਏਲ 19:35) ਭਾਵੇਂ ਉਹ ਅਜੇ ਵੀ ਦਾਊਦ ਦਾ ਹਿਮਾਇਤੀ ਸੀ, ਪਰ ਉਹ ਸੋਚਦਾ ਸੀ ਕਿ ਕੋਈ ਗੱਭਰੂ ਜਵਾਨ ਜ਼ਿਆਦਾ ਵਧੀਆ ਢੰਗ ਨਾਲ ਰਾਜੇ ਦੀ ਸੇਵਾ ਕਰ ਸਕੇਗਾ। ਸ਼ਾਇਦ ਆਪਣੇ ਪੁੱਤਰ ਬਾਰੇ ਗੱਲ ਕਰਦੇ ਹੋਏ ਬਰਜ਼ਿੱਲਈ ਨੇ ਕਿਹਾ: “ਵੇਖੋ, ਤੁਹਾਡਾ ਸੇਵਕ ਕਿਮਹਾਮ ਹੈਗਾ, ਉਹ ਮੇਰੇ ਮਾਹਰਾਜ ਪਾਤਸ਼ਾਹ ਦੇ ਨਾਲ ਪਾਰ ਜਾਵੇ ਅਤੇ ਜੋ ਕੁਝ ਤੁਹਾਨੂੰ ਚੰਗਾ ਦਿੱਸੇ ਸੋ ਉਹ ਦੇ ਨਾਲ ਕਰੋ।” ਨਾਰਾਜ਼ ਹੋਣ ਦੀ ਬਜਾਇ ਦਾਊਦ ਨੇ ਉਸ ਦਾ ਸੁਝਾਅ ਮੰਨ ਲਿਆ। ਯਰਦਨ ਦਰਿਆ ਪਾਰ ਜਾਣ ਤੋਂ ਪਹਿਲਾਂ, ਦਾਊਦ ਨੇ “ਬਰਜ਼ਿੱਲਈ ਨੂੰ ਚੁੰਮਿਆ ਅਤੇ ਉਹ ਨੂੰ ਅਸੀਸ ਦਿੱਤੀ।”—2 ਸਮੂਏਲ 19:37-39.
(ਸੰਤੁਲਨ ਰੱਖਣਾ ਜ਼ਰੂਰੀ ਹੈ
ਬਰਜ਼ਿੱਲਈ ਦੀ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਹਰ ਗੱਲ ਵਿਚ ਸੰਤੁਲਨ ਰੱਖਣ ਦੀ ਲੋੜ ਹੈ। ਇਕ ਪਾਸੇ, ਸਾਨੂੰ ਕੋਈ ਵੀ ਜ਼ਿੰਮੇਵਾਰੀ ਚੁੱਕਣ ਤੋਂ ਇਸ ਕਰਕੇ ਇਨਕਾਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਆਰਾਮ ਦੀ ਜ਼ਿੰਦਗੀ ਜੀਣੀ ਚਾਹੁੰਦੇ ਹਾਂ ਜਾਂ ਅਸੀਂ ਆਪਣੇ ਆਪ ਨੂੰ ਅਯੋਗ ਸਮਝਦੇ ਹਾਂ। ਸਾਡੇ ਵਿਚ ਕਮੀਆਂ ਹੋਣ ਦੇ ਬਾਵਜੂਦ ਯਹੋਵਾਹ ਸਾਨੂੰ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਤਾਕਤ ਤੇ ਬੁੱਧੀ ਦੇ ਸਕਦਾ ਹੈ ਜੇ ਅਸੀਂ ਉਸ ਉੱਤੇ ਭਰੋਸਾ ਰੱਖੀਏ।—ਫ਼ਿਲਿੱਪੀਆਂ 4:13; ਯਾਕੂਬ 4:17; 1 ਪਤਰਸ 4:11.
ਦੂਜੇ ਪਾਸੇ, ਸਾਨੂੰ ਆਪਣੀਆਂ ਹੱਦਾਂ ਨੂੰ ਵੀ ਪਛਾਣਨਾ ਚਾਹੀਦਾ ਹੈ। ਉਦਾਹਰਣ ਲਈ, ਸ਼ਾਇਦ ਅਸੀਂ ਪਹਿਲਾਂ ਹੀ ਕਲੀਸਿਯਾ ਵਿਚ ਰੁੱਝੇ ਹੋਈਏ ਤੇ ਸਾਨੂੰ ਲੱਗੇ ਕਿ ਹੋਰ ਜ਼ਿੰਮੇਵਾਰੀਆਂ ਚੁੱਕਣ ਨਾਲ ਅਸੀਂ ਆਪਣੇ ਪਰਿਵਾਰ ਦੀਆਂ ਅਧਿਆਤਮਿਕ ਤੇ ਭੌਤਿਕ ਲੋੜਾਂ ਪੂਰੀਆਂ ਨਾ ਕਰ ਪਾਈਏ। ਇਸ ਹਾਲਤ ਵਿਚ ਕੀ ਇਹ ਅਕਲਮੰਦੀ ਨਹੀਂ ਹੋਵੇਗੀ ਕਿ ਅਸੀਂ ਹਲੀਮ ਬਣਦੇ ਹੋਏ ਹੋਰ ਜ਼ਿੰਮੇਵਾਰੀਆਂ ਨਾ ਚੁੱਕੀਏ?—1 ਤਿਮੋਥਿਉਸ 5:8.
ਬਰਜ਼ਿੱਲਈ ਸਾਡੇ ਸਾਰਿਆਂ ਲਈ ਇਕ ਮਿਸਾਲ ਹੈ ਤੇ ਸਾਨੂੰ ਇਸ ਮਿਸਾਲ ਤੇ ਮਨਨ ਕਰਨਾ ਚਾਹੀਦਾ ਹੈ। ਉਹ ਵਫ਼ਾਦਾਰ, ਦਲੇਰ, ਖੁੱਲ੍ਹ-ਦਿਲਾ ਤੇ ਹਲੀਮ ਇਨਸਾਨ ਸੀ। ਪਰ ਉਸ ਵਿਚ ਸਭ ਤੋਂ ਵਧੀਆ ਗੁਣ ਇਹ ਸੀ ਕਿ ਉਸ ਨੇ ਆਪਣੇ ਹਿੱਤ ਦੀ ਪਰਵਾਹ ਨਾ ਕਰਦੇ ਹੋਏ ਹਮੇਸ਼ਾ ਪਰਮੇਸ਼ੁਰ ਦੇ ਹਿੱਤਾਂ ਨੂੰ ਪਹਿਲ ਦਿੱਤੀ।—ਮੱਤੀ 6:33.
[ਸਫ਼ਾ 15 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਅੱਸੀਆਂ ਸਾਲਾਂ ਦੇ ਬਰਜ਼ਿੱਲਈ ਨੇ ਦਾਊਦ ਦੀ ਮਦਦ ਕਰਨ ਲਈ ਔਖਾ ਸਫ਼ਰ ਕੀਤਾ
ਗਿਲਆਦ
ਰੋਗਲੀਮ
ਸੁੱਕੋਥ
ਮਹਨਇਮ
ਯਰਦਨ ਦਰਿਆ
ਗਿਲਗਾਲ
ਯਰੀਹੋ
ਯਰੂਸ਼ਲਮ
ਅਫ਼ਰਾਈਮ
[ਸਫ਼ਾ 13 ਉੱਤੇ ਤਸਵੀਰ]
ਬਰਜ਼ਿੱਲਈ ਨੇ ਦਾਊਦ ਦਾ ਸੱਦਾ ਸਵੀਕਾਰ ਕਿਉਂ ਨਹੀਂ ਕੀਤਾ ਸੀ?