Skip to content

Skip to table of contents

“ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ”

“ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ”

“ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ”

ਕਹਾਉਤਾਂ 16:16 ਵਿਚ ਲਿਖਿਆ ਹੈ ਕਿ “ਬੁੱਧ ਦੀ ਪ੍ਰਾਪਤੀ ਸੋਨੇ ਨਾਲੋਂ ਕਿੰਨੀ ਵਧੀਕ ਚੰਗੀ ਹੈ! ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ।” ਬੁੱਧ ਇੰਨੀ ਬੇਸ਼ਕੀਮਤੀ ਕਿਉਂ ਹੈ? ਕਿਉਂਕਿ “ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਪਰ ਬੁੱਧ ਸਾਡੀ ਜਾਨ ਦੀ ਰਾਖੀ ਕਿਵੇਂ ਕਰਦੀ ਹੈ?

ਪਰਮੇਸ਼ੁਰੀ ਬੁੱਧ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਦਾ ਸਹੀ ਗਿਆਨ ਲੈ ਕੇ ਇਸ ਅਨੁਸਾਰ ਚੱਲੀਏ। ਇਹ ਪਰਮੇਸ਼ੁਰੀ ਬੁੱਧ ਪਰਮੇਸ਼ੁਰ ਦੇ ਦੱਸੇ ਰਾਹ ਤੇ ਚੱਲਣ ਵਿਚ ਸਾਡੀ ਮਦਦ ਕਰੇਗੀ। (ਕਹਾਉਤਾਂ 2:10-12) ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਕਿਹਾ ਸੀ: “ਬੁਰਿਆਈ ਤੋਂ ਲਾਂਭੇ ਰਹਿਣਾ ਸਚਿਆਰਾਂ ਦਾ ਸ਼ਾਹ ਰਾਹ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ।” (ਕਹਾਉਤਾਂ 16:17) ਜੀ ਹਾਂ, ਬੁੱਧੀ ਸਾਨੂੰ ਗ਼ਲਤ ਰਾਹਾਂ ਤੇ ਚੱਲਣ ਤੋਂ ਰੋਕ ਕੇ ਸਾਡੀ ਜਾਨ ਬਚਾਉਂਦੀ ਹੈ! ਕਹਾਉਤਾਂ 16:16-33 ਵਿਚ ਦੱਸੀਆਂ ਬੁੱਧ ਦੀਆਂ ਗੱਲਾਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰੀ ਬੁੱਧ ਦਾ ਸਾਡੇ ਨਜ਼ਰੀਏ, ਬੋਲੀ ਅਤੇ ਕੰਮਾਂ ਉੱਤੇ ਚੰਗਾ ਅਸਰ ਪੈਂਦਾ ਹੈ। *

ਹਲੀਮ ਬਣੋ

ਕਹਾਉਤਾਂ ਦੇ ਅੱਠਵੇਂ ਅਧਿਆਇ ਵਿਚ ਬੁੱਧ ਨੂੰ ਇਹ ਕਹਿੰਦਿਆਂ ਦਰਸਾਇਆ ਗਿਆ ਹੈ: ‘ਘੁਮੰਡ, ਹੰਕਾਰ ਨਾਲ ਮੈਂ ਵੈਰ ਰੱਖਦੀ ਹਾਂ।’ (ਕਹਾਉਤਾਂ 8:13) ਘਮੰਡ ਤੇ ਬੁੱਧੀ ਦੋਵਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਸਾਨੂੰ ਬੁੱਧ ਤੋਂ ਕੰਮ ਲੈਂਦਿਆਂ ਘਮੰਡੀ ਜਾਂ ਹੰਕਾਰੀ ਨਹੀਂ ਬਣਨਾ ਚਾਹੀਦਾ। ਸਾਨੂੰ ਖ਼ਾਸਕਰ ਉਸ ਵੇਲੇ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਜਦੋਂ ਸਾਨੂੰ ਕਿਸੇ ਕੰਮ ਵਿਚ ਵੱਡੀ ਸਫ਼ਲਤਾ ਮਿਲਦੀ ਹੈ ਜਾਂ ਸਾਨੂੰ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਮਿਲਦੀਆਂ ਹਨ।

ਕਹਾਉਤਾਂ 16:18 ਵਿਚ ਇਹ ਚੇਤਾਵਨੀ ਦਿੱਤੀ ਗਈ ਹੈ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।” ਉੱਚੀ ਪਦਵੀ ਤੋਂ ਡਿੱਗਣ ਦੀ ਸਭ ਤੋਂ ਵੱਡੀ ਮਿਸਾਲ ਪਰਮੇਸ਼ੁਰ ਦੇ ਉਸ ਮੁਕੰਮਲ ਆਤਮਿਕ ਪੁੱਤਰ ਦੀ ਹੈ ਜਿਸ ਨੂੰ ਬਾਅਦ ਵਿਚ ਸ਼ਤਾਨ ਕਿਹਾ ਗਿਆ। (ਉਤਪਤ 3:1-5; ਪਰਕਾਸ਼ ਦੀ ਪੋਥੀ 12:9) ਕੀ ਉਹ ਆਪਣੇ ਹੰਕਾਰ ਕਰਕੇ ਨਹੀਂ ਡਿੱਗਿਆ ਸੀ? ਬਾਈਬਲ ਵਿਚ ਸ਼ਤਾਨ ਦੀ ਮਿਸਾਲ ਦਿੰਦਿਆਂ ਕਿਹਾ ਗਿਆ ਹੈ ਕਿ ਨਵੇਂ ਚੇਲੇ ਨੂੰ ਮਸੀਹੀ ਕਲੀਸਿਯਾ ਵਿਚ ਨਿਗਾਹਬਾਨ ਨਾ ਬਣਾਇਆ ਜਾਵੇ ਤਾਂਕਿ ਉਹ “ਫੁੱਲ ਕੇ ਸ਼ਤਾਨ ਦੀ ਸਜ਼ਾ ਵਿੱਚ ਨਾ ਜਾ ਪਵੇ।” (1 ਤਿਮੋਥਿਉਸ 3:1, 2, 6) ਇਸ ਤੋਂ ਪਤਾ ਲੱਗਦਾ ਹੈ ਕਿ ਦੂਸਰਿਆਂ ਦੇ ਘਮੰਡ ਨੂੰ ਵਧਾਉਣ ਜਾਂ ਆਪਣੇ ਅੰਦਰ ਘਮੰਡ ਪੈਦਾ ਕਰਨ ਤੋਂ ਬਚਣਾ ਕਿੰਨਾ ਜ਼ਰੂਰੀ ਹੈ!

ਕਹਾਉਤਾਂ 16:19 ਵਿਚ ਲਿਖਿਆ ਹੈ: “ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਮਸਕੀਨਾਂ ਦੇ ਸੰਗ ਅੱਝਾ ਹੋ ਕੇ ਰਹਿਣਾ ਚੰਗਾ ਹੈ।” ਪ੍ਰਾਚੀਨ ਬਾਬਲ ਦੇ ਘਮੰਡੀ ਰਾਜੇ ਨਬੂਕਦਨੱਸਰ ਦੀ ਉਦਾਹਰਣ ਤੋਂ ਪਤਾ ਚੱਲਦਾ ਹੈ ਕਿ ਇਹ ਨਸੀਹਤ ਵਾਕਈ ਸਹੀ ਹੈ। ਉਸ ਨੇ ਦੂਰਾ ਦੇ ਮੈਦਾਨ ਵਿਚ ਆਪਣੀ ਸ਼ਾਨ ਵਿਚ ਇਕ ਬਹੁਤ ਵੱਡੀ ਮੂਰਤੀ ਖੜ੍ਹੀ ਕਰਵਾਈ। ਇਹ ਮੂਰਤੀ ਸ਼ਾਇਦ ਇਕ ਉੱਚੇ ਸਾਰੇ ਥੜ੍ਹੇ ਉੱਤੇ ਖੜ੍ਹੀ ਕੀਤੀ ਗਈ ਸੀ ਜਿਸ ਕਰਕੇ ਮੂਰਤੀ ਦੀ ਉੱਚਾਈ 90 ਫੁੱਟ ਸੀ। (ਦਾਨੀਏਲ 3:1) ਇਹ ਮੂਰਤੀ ਨਬੂਕਦਨੱਸਰ ਦੇ ਸਾਮਰਾਜ ਦੀ ਸ਼ਾਨੋ-ਸ਼ੌਕਤ ਨੂੰ ਦਰਸਾਉਂਦੀ ਸੀ। ਵੱਡੀਆਂ-ਵੱਡੀਆਂ ਮੂਰਤੀਆਂ ਅਤੇ ਉੱਚੇ-ਉੱਚੇ ਮੀਨਾਰਾਂ ਤੇ ਇਮਾਰਤਾਂ ਤੋਂ ਇਨਸਾਨ ਪ੍ਰਭਾਵਿਤ ਹੁੰਦਾ ਹੈ, ਪਰਮੇਸ਼ੁਰ ਨਹੀਂ। ਜ਼ਬੂਰਾਂ ਦੇ ਲਿਖਾਰੀ ਨੇ ਭਜਨ ਗਾਉਂਦੇ ਹੋਏ ਕਿਹਾ ਸੀ: “ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ, ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ!” (ਜ਼ਬੂਰਾਂ ਦੀ ਪੋਥੀ 138:6) ਅਸਲ ਵਿਚ, “ਜੋ ਮਨੁੱਖਾਂ ਦੇ ਲੇਖੇ ਉੱਤਮ ਹੈ ਸੋ ਪਰਮੇਸ਼ੁਰ ਦੀ ਦਰਗਾਹੇ ਘਿਣਾਉਣਾ ਹੈ।” (ਲੂਕਾ 16:15) ਇਸ ਲਈ ਜ਼ਰੂਰੀ ਹੈ ਕਿ ਅਸੀਂ ‘ਨੀਵਿਆਂ ਨਾਲ ਮਿਲੇ ਰਹੀਏ’ ਤੇ ‘ਉੱਚੀਆਂ ਗੱਲਾਂ ਉੱਤੇ ਮਨ ਨਾ ਲਾਈਏ।’—ਰੋਮੀਆਂ 12:16.

ਦੂਸਰਿਆਂ ਨੂੰ ਕਾਇਲ ਕਰਨ ਲਈ ਸੋਚ-ਸਮਝ ਕੇ ਗੱਲ ਕਰੋ

ਬੁੱਧੀ ਦਾ ਸਾਡੀ ਬੋਲੀ ਉੱਤੇ ਕੀ ਚੰਗਾ ਅਸਰ ਪੈਂਦਾ ਹੈ? ਰਾਜਾ ਸੁਲੇਮਾਨ ਦੱਸਦਾ ਹੈ: “ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੈ! ਜਿਹੜਾ ਬੁੱਧਵਾਨ ਹੈ ਉਹ ਬਿਬੇਕੀ ਕਹਾਉਂਦਾ ਹੈ, ਅਤੇ ਮਿੱਠੇ ਬੋਲਣ ਨਾਲ ਕਾਇਲ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ। ਬੁੱਧਵਾਨ ਦੇ ਲਈ ਬੁੱਧ ਜੀਉਣ ਦਾ ਸੋਤਾ ਹੈ, ਪਰ ਮੂਰਖਾਂ ਦੀ ਸਿੱਖਿਆ ਮੂਰਖਤਾਈ ਹੀ ਹੈ। ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ।”ਕਹਾਉਤਾਂ 16:20-23.

ਬੁੱਧ ਸਾਨੂੰ ਸੋਚ-ਸਮਝ ਕੇ ਬੋਲਣ ਵਿਚ ਮਦਦ ਕਰਦੀ ਹੈ ਜਿਸ ਕਰਕੇ ਅਸੀਂ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਕਾਇਲ ਕਰ ਸਕਦੇ ਹਾਂ। ਬੁੱਧੀਮਾਨ ਇਨਸਾਨ ਦੂਸਰਿਆਂ ਦੇ ਚੰਗੇ ਗੁਣ ਦੇਖਦਾ ਅਤੇ “ਯਹੋਵਾਹ ਉੱਤੇ ਭਰੋਸਾ” ਰੱਖਦਾ ਹੈ। ਜਦੋਂ ਅਸੀਂ ਦੂਸਰਿਆਂ ਵਿਚ ਚੰਗੇ ਗੁਣ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੀ ਸਿਫ਼ਤ ਕਰਨ ਲਈ ਪ੍ਰੇਰਿਤ ਹੋਵਾਂਗੇ। ਸਾਡੇ ਬੋਲ ਰੁੱਖੇ ਨਹੀਂ ਹੋਣਗੇ, ਸਗੋਂ ਇਨ੍ਹਾਂ ਵਿਚ ਮਿਠਾਸ ਹੋਵੇਗੀ ਜਿਨ੍ਹਾਂ ਨਾਲ ਦੂਸਰੇ ਕਾਇਲ ਹੋਣਗੇ। ਦੂਸਰਿਆਂ ਦੇ ਹਾਲਾਤ ਜਾਣਨ ਨਾਲ ਅਸੀਂ ਸਮਝ ਸਕਾਂਗੇ ਕਿ ਉਹ ਕਿਨ੍ਹਾਂ ਮੁਸ਼ਕਲਾਂ ਵਿੱਚੋਂ ਦੀ ਲੰਘ ਰਹੇ ਹਨ ਅਤੇ ਉਹ ਇਨ੍ਹਾਂ ਦਾ ਕਿਵੇਂ ਸਾਮ੍ਹਣਾ ਕਰ ਰਹੇ ਹਨ।

ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਵੀ ਸੋਚ-ਸਮਝ ਕੇ ਗੱਲ ਕਰਨ ਵਿਚ ਬੁੱਧ ਸਾਡੀ ਮਦਦ ਕਰਦੀ ਹੈ। ਜਦੋਂ ਅਸੀਂ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦੇ ਹਾਂ, ਤਾਂ ਸਾਡਾ ਮਕਸਦ ਸਿਰਫ਼ ਗਿਆਨ ਦੇਣਾ ਹੀ ਨਹੀਂ ਹੁੰਦਾ। ਸਾਡਾ ਟੀਚਾ ਹੁੰਦਾ ਹੈ ਲੋਕਾਂ ਦੇ ਦਿਲ ਤਕ ਪਹੁੰਚਣਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਨੂੰ ਕਾਇਲ ਕਰਨ ਦੀ ਕਾਬਲੀਅਤ ਪੈਦਾ ਕਰੀਏ। ਤਿਮੋਥਿਉਸ ਦੀ ਨਾਨੀ ਅਤੇ ਮਾਂ ਨੇ ਉਸ ਨੂੰ ਪਰਮੇਸ਼ੁਰ ਦਾ ਬਚਨ ਇੰਨੇ ਵਧੀਆ ਢੰਗ ਨਾਲ ਸਿਖਾਇਆ ਕਿ ਉਸ ਨੇ ਕਾਇਲ ਹੋ ਕੇ ਇਸ ਨੂੰ ‘ਸਤ ਮੰਨਿਆ।’ ਪੌਲੁਸ ਰਸੂਲ ਨੇ ਆਪਣੇ ਸਾਥੀ ਤਿਮੋਥਿਉਸ ਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹੇ।—2 ਤਿਮੋਥਿਉਸ 3:14, 15.

ਕਾਇਲ ਕਰਨ ਦਾ ਮਤਲਬ ਹੈ ਦਲੀਲਾਂ ਦੇ ਕੇ ਜਾਂ ਸਹੀ ਤੇ ਗ਼ਲਤ ਵਿਚ ਫ਼ਰਕ ਸਮਝਾ ਕੇ ਕਿਸੇ ਦੇ ਮਨ ਨੂੰ ਬਦਲਣਾ। ਚੰਗੀਆਂ ਦਲੀਲਾਂ ਦੇ ਕੇ ਕਿਸੇ ਦੇ ਮਨ ਨੂੰ ਬਦਲਣ ਲਈ ਸਾਨੂੰ ਪਹਿਲਾਂ ਉਸ ਦੀ ਸੋਚ, ਰੁਚੀਆਂ, ਹਾਲਾਤਾਂ ਤੇ ਪਿਛੋਕੜ ਨੂੰ ਸਮਝਣਾ ਪਵੇਗਾ। ਪਰ ਅਸੀਂ ਇਹ ਸਭ ਕੁਝ ਕਿੱਦਾਂ ਜਾਣ ਸਕਦੇ ਹਾਂ? ਚੇਲੇ ਯਾਕੂਬ ਨੇ ਦੱਸਿਆ: ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਹੋਵੋ।’ (ਯਾਕੂਬ 1:19) ਸੋ ਅਸੀਂ ਦੂਸਰਿਆਂ ਨੂੰ ਸਵਾਲ ਪੁੱਛ ਕੇ ਅਤੇ ਫਿਰ ਉਨ੍ਹਾਂ ਦੇ ਜਵਾਬਾਂ ਨੂੰ ਧਿਆਨ ਨਾਲ ਸੁਣ ਕੇ ਜਾਣ ਸਕਦੇ ਹਾਂ ਕਿ ਉਨ੍ਹਾਂ ਦੇ ਦਿਲ ਵਿਚ ਕੀ ਹੈ।

ਪੌਲੁਸ ਰਸੂਲ ਦੂਜਿਆਂ ਨੂੰ ਕਾਇਲ ਕਰਨ ਵਿਚ ਮਾਹਰ ਸੀ। (ਰਸੂਲਾਂ ਦੇ ਕਰਤੱਬ 18:4) ਪੌਲੁਸ ਦਾ ਵਿਰੋਧ ਕਰਨ ਵਾਲੇ ਦੇਮੇਤ੍ਰਿਯੁਸ ਨਾਂ ਦੇ ਇਕ ਸੁਨਿਆਰ ਨੇ ਵੀ ਇਹ ਗੱਲ ਮੰਨੀ ਕਿ ਪੌਲੁਸ ਨੇ “ਨਿਰਾ ਅਫ਼ਸੁਸ ਵਿੱਚ ਹੀ ਨਹੀਂ ਸਗੋਂ ਸਾਰੇਕੁ ਅਸਿਯਾ ਵਿੱਚ ਬਹੁਤ ਸਾਰਿਆਂ ਲੋਕਾਂ ਨੂੰ ਸਮਝਾ ਸਮਝੂ ਕੇ” ਯਾਨੀ ਕਾਇਲ ਕਰ ਕੇ ਉਨ੍ਹਾਂ ਦਾ ਮਨ ਬਦਲ ਦਿੱਤਾ ਸੀ। (ਰਸੂਲਾਂ ਦੇ ਕਰਤੱਬ 19:26) ਕੀ ਪੌਲੁਸ ਨੇ ਪ੍ਰਚਾਰ ਦੇ ਕੰਮ ਵਿਚ ਮਿਲੀ ਕਾਮਯਾਬੀ ਦਾ ਸਿਹਰਾ ਆਪਣੇ ਸਿਰ ਲਿਆ? ਨਹੀਂ। ਉਹ ਮੰਨਦਾ ਸੀ ਕਿ ਉਸ ਦੇ ਪ੍ਰਚਾਰ ਦਾ ਕੰਮ ਪਰਮੇਸ਼ੁਰ ਦੀ ‘ਆਤਮਾ ਅਤੇ ਸਮਰੱਥਾ ਦਾ ਪਰਮਾਣ’ ਸੀ। (1 ਕੁਰਿੰਥੀਆਂ 2:4, 5) ਯਹੋਵਾਹ ਸਾਨੂੰ ਵੀ ਪਵਿੱਤਰ ਆਤਮਾ ਦਿੰਦਾ ਹੈ। ਕਿਉਂਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ, ਇਸ ਲਈ ਸਾਨੂੰ ਪੂਰਾ ਯਕੀਨ ਹੈ ਕਿ ਉਹ ਪ੍ਰਚਾਰ ਵਿਚ ਸੋਚ-ਸਮਝ ਕੇ ਗੱਲ ਕਰਨ ਵਿਚ ਸਾਡੀ ਮਦਦ ਕਰੇਗਾ ਤਾਂਕਿ ਅਸੀਂ ਦੂਜਿਆਂ ਨੂੰ ਕਾਇਲ ਕਰ ਸਕੀਏ।

ਬੁੱਧੀਮਾਨ ਇਨਸਾਨ ਲਈ ਬੁੱਧ “ਜੀਉਣ” ਦਾ ਸੋਮਾ ਹੈ। ਪਰ ਮੂਰਖਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਉਹ ‘ਬੁੱਧ ਅਤੇ ਸਿੱਖਿਆ ਨੂੰ ਤੁੱਛ ਜਾਣਦੇ ਹਨ।’ (ਕਹਾਉਤਾਂ 1:7) ਉਨ੍ਹਾਂ ਨੂੰ ਯਹੋਵਾਹ ਦੀ ਸਿੱਖਿਆ ਜਾਂ ਅਨੁਸ਼ਾਸਨ ਨੂੰ ਰੱਦ ਕਰਨ ਦੇ ਕਿਹੜੇ ਨਤੀਜੇ ਭੁਗਤਣੇ ਪੈਂਦੇ ਹਨ? ਜਿਵੇਂ ਉੱਪਰ ਦੱਸਿਆ ਗਿਆ ਹੈ, ਸੁਲੇਮਾਨ ਨੇ ਕਿਹਾ: “ਮੂਰਖਾਂ ਦੀ ਸਿੱਖਿਆ ਮੂਰਖਤਾਈ ਹੀ ਹੈ।” (ਕਹਾਉਤਾਂ 16:22) ਉਨ੍ਹਾਂ ਨੂੰ ਹੋਰ ਅਨੁਸ਼ਾਸਨ ਮਿਲਦਾ ਹੈ ਜੋ ਅਕਸਰ ਸਜ਼ਾ ਦੇ ਰੂਪ ਵਿਚ ਹੁੰਦਾ ਹੈ। ਮੂਰਖ ਮੁਸੀਬਤਾਂ, ਨਮੋਸ਼ੀ, ਬੀਮਾਰੀਆਂ, ਇੱਥੋਂ ਤਕ ਕਿ ਅਣਿਆਈ ਮੌਤ ਦਾ ਵੀ ਸ਼ਿਕਾਰ ਹੁੰਦੇ ਹਨ।

ਸਾਡੀ ਬੋਲੀ ਉੱਤੇ ਬੁੱਧ ਦੇ ਚੰਗੇ ਅਸਰ ਬਾਰੇ ਦੱਸਦੇ ਹੋਏ ਰਾਜਾ ਸੁਲੇਮਾਨ ਨੇ ਕਿਹਾ: “ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ, ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।” (ਕਹਾਉਤਾਂ 16:24) ਸ਼ਹਿਦ ਮਿੱਠਾ ਹੁੰਦਾ ਹੈ ਤੇ ਇਸ ਨੂੰ ਖਾ ਕੇ ਤਾਜ਼ਗੀ ਮਿਲਦੀ ਹੈ। ਇਸੇ ਤਰ੍ਹਾਂ ਮਿੱਠੇ ਬੋਲਾਂ ਤੋਂ ਦੂਸਰਿਆਂ ਨੂੰ ਹੌਸਲਾ ਤੇ ਤਾਜ਼ਗੀ ਮਿਲਦੀ ਹੈ। ਸ਼ਹਿਦ ਸਿਹਤ ਲਈ ਵੀ ਚੰਗਾ ਹੁੰਦਾ ਹੈ ਤੇ ਕਈ ਰੋਗਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਚੰਗੇ ਬੋਲ ਸਾਡੀ ਅਧਿਆਤਮਿਕ ਸਿਹਤ ਲਈ ਫ਼ਾਇਦੇਮੰਦ ਸਾਬਤ ਹੁੰਦੇ ਹਨ।—ਕਹਾਉਤਾਂ 24:13, 14.

‘ਸਿੱਧੇ ਜਾਪਦੇ ਰਾਹ’ ਤੋਂ ਖ਼ਬਰਦਾਰ ਰਹੋ

ਸੁਲੇਮਾਨ ਨੇ ਕਿਹਾ: “ਇੱਕ ਅਜਿਹਾ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।” (ਕਹਾਉਤਾਂ 16:25) ਇੱਥੇ ਸਾਨੂੰ ਪਰਮੇਸ਼ੁਰੀ ਕਾਨੂੰਨ ਤੋਂ ਉਲਟ ਚੱਲਣ ਅਤੇ ਗ਼ਲਤ ਦਲੀਲਾਂ ਤੋਂ ਖ਼ਬਰਦਾਰ ਕੀਤਾ ਗਿਆ ਹੈ। ਸ਼ਾਇਦ ਕੋਈ ਗੱਲ ਸਾਨੂੰ ਸਹੀ ਲੱਗੇ, ਪਰ ਇਹ ਪਰਮੇਸ਼ੁਰ ਦੇ ਬਚਨ ਵਿਚ ਦੱਸੇ ਧਰਮੀ ਅਸੂਲਾਂ ਦੇ ਖ਼ਿਲਾਫ਼ ਹੋ ਸਕਦੀ ਹੈ। ਸ਼ਤਾਨ ਵੀ ਗ਼ਲਤ ਰਾਹ ਨੂੰ ਸਹੀ ਦਰਸਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਉਸ ਰਾਹ ਤੇ ਚੱਲਦੇ ਜਾਈਏ ਜੋ ਸਾਨੂੰ ਵਿਨਾਸ਼ ਵੱਲ ਲੈ ਜਾਵੇਗਾ।

ਆਪਣੇ ਆਪ ਨੂੰ ਇਸ ਧੋਖੇ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਅਸੀਂ ਬੁੱਧੀਮਾਨ ਬਣੀਏ ਤੇ ਆਪਣੀ ਜ਼ਮੀਰ ਨੂੰ ਪਰਮੇਸ਼ੁਰ ਦੇ ਬਚਨ ਦੇ ਗਿਆਨ ਅਨੁਸਾਰ ਢਾਲੀਏ। ਨੈਤਿਕ ਅਸੂਲਾਂ, ਭਗਤੀ ਜਾਂ ਹੋਰ ਮਾਮਲਿਆਂ ਸੰਬੰਧੀ ਫ਼ੈਸਲੇ ਕਰਦੇ ਸਮੇਂ ਪਰਮੇਸ਼ੁਰ ਦੇ ਬਚਨ ਵਿਚ ਦੱਸੇ ਸਹੀ-ਗ਼ਲਤ ਦੇ ਮਿਆਰਾਂ ਉੱਤੇ ਚੱਲਣਾ ਜ਼ਰੂਰੀ ਹੈ।

“ਮਜੂਰ ਦੀ ਭੁੱਖ ਉਸ ਤੋਂ ਮਜੂਰੀ ਕਰਾਉਂਦੀ ਹੈ”

ਰਾਜਾ ਸੁਲੇਮਾਨ ਨੇ ਅੱਗੇ ਕਿਹਾ: “ਮਜੂਰ ਦੀ ਭੁੱਖ ਉਸ ਤੋਂ ਮਜੂਰੀ ਕਰਾਉਂਦੀ ਹੈ, ਉਹ ਦਾ ਮੂੰਹ ਜੋ ਉਹ ਨੂੰ ਉਭਾਰਦਾ ਹੈ।” (ਕਹਾਉਤਾਂ 16:26) ਭੁੱਖ ਤੇ ਹੋਰ ਕੁਦਰਤੀ ਇੱਛਾਵਾਂ ਸਾਨੂੰ ਮਿਹਨਤ ਕਰਨ ਲਈ ਪ੍ਰੇਰਦੀਆਂ ਹਨ। ਇਹ ਚੰਗੀ ਗੱਲ ਹੈ। ਪਰ ਜੇ ਸਾਡੀਆਂ ਜਾਇਜ਼ ਇੱਛਾਵਾਂ ਇੰਨੀਆਂ ਵਧ ਜਾਣ ਕਿ ਇਹ ਲਾਲਚ ਦਾ ਰੂਪ ਅਖ਼ਤਿਆਰ ਕਰ ਲੈਣ, ਤਾਂ ਕੀ ਹੋ ਸਕਦਾ ਹੈ? ਜਿਵੇਂ ਰੋਟੀ ਪਕਾਉਣ ਲਈ ਬਾਲੀ ਅੱਗ ਭਾਂਬੜ ਬਣ ਕੇ ਪੂਰੇ ਜੰਗਲ ਨੂੰ ਤਬਾਹ ਕਰ ਦਿੰਦੀ ਹੈ, ਉਸੇ ਤਰ੍ਹਾਂ ਲਾਲਚ ਵੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਇਸ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਬੁੱਧੀਮਾਨ ਇਨਸਾਨ ਆਪਣੀਆਂ ਜਾਇਜ਼ ਇੱਛਾਵਾਂ ਨੂੰ ਵੀ ਕਾਬੂ ਵਿਚ ਰੱਖਦਾ ਹੈ।

“ਭੈੜੇ ਰਾਹ” ਉੱਤੇ ਨਾ ਚੱਲੋ

ਸਾਡੇ ਮੂੰਹੋਂ ਨਿਕਲਦੇ ਸ਼ਬਦ ਲਟ-ਲਟ ਬਲਦੀ ਅੱਗ ਜਿੰਨੇ ਤਬਾਹਕੁਨ ਸਾਬਤ ਹੋ ਸਕਦੇ ਹਨ। ਦੂਜਿਆਂ ਵਿਚ ਨੁਕਸ ਕੱਢਣ ਤੇ ਇਸ ਬਾਰੇ ਸਾਰਿਆਂ ਨੂੰ ਦੱਸਣ ਦੇ ਮਾੜੇ ਨਤੀਜਿਆਂ ਬਾਰੇ ਦੱਸਦੇ ਹੋਏ ਸੁਲੇਮਾਨ ਨੇ ਕਿਹਾ: “ਨਿਕੰਮਾ ਪੁਰਸ਼ ਬੁਰਿਆਈ ਨੂੰ ਪੁੱਟਦਾ ਹੈ, ਤੇ ਉਹ ਦੇ ਬੁੱਲ੍ਹਾਂ ਵਿੱਚ ਜਾਣੋ ਸਾੜਨ ਵਾਲੀ ਅੱਗ ਹੁੰਦੀ ਹੈ। ਟੇਢਾ ਮਨੁੱਖ ਝਗੜੇ ਚੁੱਕਦਾ ਹੈ, ਅਤੇ ਚੁਗਲੀ ਕਰਨ ਵਾਲਾ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।”ਕਹਾਉਤਾਂ 16:27, 28.

ਕਿਸੇ ਦੀ ਬਦਨਾਮੀ ਕਰਨ ਵਾਲਾ ਇਨਸਾਨ “ਨਿਕੰਮਾ” ਹੁੰਦਾ ਹੈ। ਸਾਨੂੰ ਦੂਜਿਆਂ ਦੇ ਚੰਗੇ ਗੁਣ ਦੇਖਣੇ ਚਾਹੀਦੇ ਹਨ ਤੇ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਸ ਨਾਲ ਉਨ੍ਹਾਂ ਦਾ ਹੋਰਾਂ ਦੇ ਦਿਲਾਂ ਵਿਚ ਆਦਰ ਵਧੇ। ਤੇ ਕੀ ਸਾਨੂੰ ਅਫ਼ਵਾਹਾਂ ਫੈਲਾਉਣ ਵਾਲਿਆਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ? ਉਨ੍ਹਾਂ ਦੀਆਂ ਗੱਲਾਂ ਸਾਡੇ ਮਨਾਂ ਵਿਚ ਬਿਨਾਂ ਵਜ੍ਹਾ ਸ਼ੱਕ ਪੈਦਾ ਕਰ ਸਕਦੀਆਂ ਹਨ ਅਤੇ ਦੋਸਤਾਂ ਤੇ ਕਲੀਸਿਯਾ ਵਿਚ ਫੁੱਟਾਂ ਪਾ ਸਕਦੀਆਂ ਹਨ। ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇਣਾ ਬੁੱਧੀਮਾਨੀ ਦੀ ਗੱਲ ਹੋਵੇਗੀ।

ਸੁਲੇਮਾਨ ਨੇ ਅੱਗੇ ਇਕ ਹੋਰ ਗੱਲ ਤੋਂ ਖ਼ਬਰਦਾਰ ਕਰਦਿਆਂ ਕਿਹਾ: “ਅਨ੍ਹੇਰ ਕਰਨ ਵਾਲਾ [“ਹਿੰਸਾਤਮਕ ਸੁਭਾ ਵਾਲਾ ਮਨੁੱਖ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਆਪਣੇ ਗੁਆਂਢੀ ਨੂੰ ਫ਼ੁਸਲਾ ਕੇ, ਭੈੜੇ ਰਾਹ ਵਿੱਚ ਪਾ ਦਿੰਦਾ ਹੈ। ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ, ਬੁੱਲ੍ਹ ਘੁਟਣ ਵਾਲਾ ਬੁਰਿਆਈ ਕਰ ਛੱਡਦਾ ਹੈ।”ਕਹਾਉਤਾਂ 16:29, 30.

ਕੀ ਹਿੰਸਾ ਵਿਚ ਸੱਚੇ ਭਗਤਾਂ ਨੂੰ ਫੁਸਲਾਉਣ ਦੀ ਤਾਕਤ ਹੈ? ਅੱਜ ਬਹੁਤ ਸਾਰੇ ਲੋਕ “ਟੇਢੇ ਕੰਮ” ਕਰਨ ਲਈ ਫੁਸਲਾਏ ਗਏ ਹਨ। ਉਹ ਹਿੰਸਾ ਨੂੰ ਹੱਲਾਸ਼ੇਰੀ ਦਿੰਦੇ ਹਨ ਜਾਂ ਆਪ ਮਾਰ-ਕੁੱਟ ਕਰਦੇ ਹਨ। ਸਾਡੇ ਲਈ ਸ਼ਾਇਦ ਇੱਦਾਂ ਦੇ ਕੰਮ ਕਰਨ ਤੋਂ ਦੂਰ ਰਹਿਣਾ ਔਖਾ ਨਾ ਹੋਵੇ। ਪਰ ਹਿੰਸਾ ਭਰੇ ਕੰਮਾਂ ਵਿਚ ਅਸਿੱਧੇ ਤੌਰ ਤੇ ਹਿੱਸਾ ਲੈਣ ਬਾਰੇ ਕੀ ਕਿਹਾ ਜਾ ਸਕਦਾ ਹੈ? ਕੀ ਅੱਜ ਲੱਖਾਂ ਲੋਕ ਹਿੰਸਾ ਭਰੀਆਂ ਫ਼ਿਲਮਾਂ ਜਾਂ ਖੇਡਾਂ ਦੇਖਣ ਦਾ ਮਜ਼ਾ ਨਹੀਂ ਲੈਂਦੇ? ਬਾਈਬਲ ਸਾਫ਼-ਸਾਫ਼ ਚੇਤਾਵਨੀ ਦਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਪਰਮੇਸ਼ੁਰੀ ਬੁੱਧ ਵਾਕਈ ਸਾਡੀ ਰਾਖੀ ਕਰਦੀ ਹੈ।

ਉਸ ਇਨਸਾਨ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਸ ਨੇ ਸਾਰੀ ਉਮਰ ਬੁੱਧੀਮਾਨ ਲੋਕਾਂ ਨਾਲ ਗੁਜ਼ਾਰੀ ਹੈ ਤੇ ਉਹ “ਭੈੜੇ ਰਾਹ” ਉੱਤੇ ਨਹੀਂ ਚੱਲਿਆ? ਜੋ ਇਨਸਾਨ ਇਸ ਤਰ੍ਹਾਂ ਕਰਦਾ ਹੈ, ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਖ਼ੂਬਸੂਰਤ ਹੈ ਤੇ ਉਸ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ। ਕਹਾਉਤਾਂ 16:31 ਕਹਿੰਦਾ ਹੈ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।”

ਦੂਜੇ ਪਾਸੇ, ਬੇਕਾਬੂ ਗੁੱਸਾ ਕੋਈ ਖੂਬੀ ਨਹੀਂ ਹੈ। ਆਦਮ ਤੇ ਹੱਵਾਹ ਦਾ ਜੇਠਾ ਪੁੱਤਰ ਕਇਨ ਆਪਣੇ ਭਰਾ ਹਾਬਲ ਉੱਤੇ “ਬਹੁਤ ਕਰੋਧਵਾਨ ਹੋਇਆ” ਅਤੇ “ਉਹ ਨੂੰ ਮਾਰ ਸੁੱਟਿਆ।” (ਉਤਪਤ 4:1, 2, 5, 8) ਕਈ ਵਾਰ ਗੁੱਸਾ ਕਰਨਾ ਜਾਇਜ਼ ਹੁੰਦਾ ਹੈ, ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਗੁੱਸਾ ਬੇਕਾਬੂ ਨਾ ਹੋਵੇ। ਕਹਾਉਤਾਂ 16:32 ਵਿਚ ਸਾਫ਼-ਸਾਫ਼ ਦੱਸਿਆ ਹੈ: “ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।” ਗੁੱਸੇ ਵਿਚ ਬੇਕਾਬੂ ਹੋਣਾ ਕੋਈ ਸ਼ਾਨ ਦੀ ਗੱਲ ਨਹੀਂ ਹੈ। ਇਹ ਇਕ ਕਮਜ਼ੋਰੀ ਹੈ ਜਿਸ ਕਰਕੇ ਕੋਈ ਵੀ ‘ਭੈੜੇ ਰਾਹ ਵਿੱਚ ਪੈ’ ਸਕਦਾ ਹੈ।

ਜਦੋਂ “ਫ਼ੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ”

ਰਾਜਾ ਸੁਲੇਮਾਨ ਨੇ ਕਿਹਾ: “ਬੁੱਕਲ ਵਿੱਚ ਗੁਣੇ ਪਾਏ ਜਾਂਦੇ ਹਨ, ਪਰ ਉਨ੍ਹਾਂ ਦਾ ਫ਼ੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ।” (ਕਹਾਉਤਾਂ 16:33) ਪ੍ਰਾਚੀਨ ਇਸਰਾਏਲ ਵਿਚ ਕਈ ਵਾਰ ਯਹੋਵਾਹ ਆਪਣਾ ਫ਼ੈਸਲਾ ਦੱਸਣ ਲਈ ਗੁਣੇ ਇਸਤੇਮਾਲ ਕਰਦਾ ਸੀ। ਗੁਣੇ ਲੱਕੜੀ ਜਾਂ ਪੱਥਰ ਦੇ ਗੀਟੇ ਜਾਂ ਫੱਟੀਆਂ ਹੁੰਦੀਆਂ ਸਨ। ਪਹਿਲਾਂ ਯਹੋਵਾਹ ਨੂੰ ਕਿਸੇ ਮਸਲੇ ਬਾਰੇ ਫ਼ੈਸਲਾ ਕਰਨ ਲਈ ਬੇਨਤੀ ਕੀਤੀ ਜਾਂਦੀ ਸੀ। ਫਿਰ ਪੱਲੇ ਵਿਚ ਗੁਣੇ ਪਾ ਕੇ ਸੁੱਟੇ ਜਾਂਦੇ ਸਨ। ਜੋ ਵੀ ਨਤੀਜਾ ਨਿਕਲਦਾ ਸੀ, ਉਸ ਨੂੰ ਯਹੋਵਾਹ ਦਾ ਫ਼ੈਸਲਾ ਸਮਝ ਕੇ ਪ੍ਰਵਾਨ ਕਰ ਲਿਆ ਜਾਂਦਾ ਸੀ।

ਹੁਣ ਯਹੋਵਾਹ ਆਪਣੀ ਮਰਜ਼ੀ ਦੱਸਣ ਲਈ ਗੁਣੇ ਇਸਤੇਮਾਲ ਨਹੀਂ ਕਰਦਾ। ਉਸ ਨੇ ਆਪਣੇ ਬਚਨ ਬਾਈਬਲ ਵਿਚ ਆਪਣੀ ਮਰਜ਼ੀ ਦੱਸ ਦਿੱਤੀ ਹੈ। ਬਾਈਬਲ ਦਾ ਸਹੀ ਗਿਆਨ ਪ੍ਰਾਪਤ ਕਰ ਕੇ ਹੀ ਪਰਮੇਸ਼ੁਰੀ ਬੁੱਧ ਪਾਈ ਜਾ ਸਕਦੀ ਹੈ। ਇਸ ਲਈ ਸਾਨੂੰ ਕੋਈ ਵੀ ਦਿਨ ਬਿਨਾਂ ਬਾਈਬਲ ਪੜ੍ਹਿਆਂ ਨਹੀਂ ਜਾਣ ਦੇਣਾ ਚਾਹੀਦਾ।—ਜ਼ਬੂਰਾਂ ਦੀ ਪੋਥੀ 1:1, 2; ਮੱਤੀ 4:4.

[ਫੁਟਨੋਟ]

^ ਪੈਰਾ 3 ਕਹਾਉਤਾਂ 16:1-15 ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪਹਿਰਾਬੁਰਜ, 15 ਮਈ 2007 ਦੇ ਸਫ਼ੇ 17-20 ਦੇਖੋ।

[ਸਫ਼ਾ 8 ਉੱਤੇ ਤਸਵੀਰ]

ਬੁੱਧ ਸੋਨੇ ਨਾਲੋਂ ਬੇਸ਼ਕੀਮਤੀ ਕਿਉਂ ਹੈ?

[ਸਫ਼ਾ 9 ਉੱਤੇ ਤਸਵੀਰ]

ਪ੍ਰਚਾਰ ਵਿਚ ਤੁਸੀਂ ਲੋਕਾਂ ਨੂੰ ਕਾਇਲ ਕਿਵੇਂ ਕਰ ਸਕਦੇ ਹੋ?

[ਸਫ਼ਾ 10 ਉੱਤੇ ਤਸਵੀਰ]

“ਨਿਕੰਮਾ ਪੁਰਸ਼ ਬੁਰਿਆਈ ਨੂੰ ਪੁੱਟਦਾ ਹੈ”

[ਸਫ਼ਾ 11 ਉੱਤੇ ਤਸਵੀਰ]

ਬੇਕਾਬੂ ਗੁੱਸਾ ਕਿਸੇ ਨੂੰ ਵੀ “ਭੈੜੇ ਰਾਹ ਵਿੱਚ ਪਾ” ਸਕਦਾ ਹੈ

[ਸਫ਼ਾ 12 ਉੱਤੇ ਤਸਵੀਰ]

ਹਿੰਸਾ ਵਿਚ ਫੁਸਲਾਉਣ ਦੀ ਤਾਕਤ ਹੈ