Skip to content

Skip to table of contents

ਇਕ ਮਾਂ ਦੀ ਨਿਹਚਾ ਅੱਗੇ ਦੁੱਖ ਹਾਰ ਗਿਆ

ਇਕ ਮਾਂ ਦੀ ਨਿਹਚਾ ਅੱਗੇ ਦੁੱਖ ਹਾਰ ਗਿਆ

ਇਕ ਮਾਂ ਦੀ ਨਿਹਚਾ ਅੱਗੇ ਦੁੱਖ ਹਾਰ ਗਿਆ

“ਜੇ ਤੁਸੀਂ ਇਹ ਚਿੱਠੀ ਪੜ੍ਹ ਰਹੀਆਂ ਹੋ, ਤਾਂ ਇਸ ਦਾ ਮਤਲਬ ਹੈ ਕਿ ਮੇਰਾ ਓਪਰੇਸ਼ਨ ਕਾਮਯਾਬ ਨਹੀਂ ਹੋਇਆ ਤੇ ਮੈਂ ਤੁਹਾਡੇ ਤੋਂ ਵਿਛੜ ਕੇ ਮੌਤ ਦੀ ਨੀਂਦ ਸੌਂ ਗਈ ਹਾਂ।”

ਕਾਰਮਨ ਨਾਂ ਦੀ ਇਕ ਮਾਂ ਨੇ ਆਪਣੀਆਂ ਤਿੰਨ ਧੀਆਂ ਨੂੰ ਚਿੱਠੀ ਦੇ ਸ਼ੁਰੂ ਵਿਚ ਇਹ ਸ਼ਬਦ ਲਿਖੇ ਸਨ। ਉਸ ਦੀਆਂ ਧੀਆਂ ਦੀ ਉਮਰ 25, 19 ਤੇ 16 ਸਾਲ ਸੀ। ਅਫ਼ਸੋਸ ਦੀ ਗੱਲ ਹੈ ਕਿ ਓਪਰੇਸ਼ਨ ਨਾਕਾਮਯਾਬ ਹੋਣ ਕਰਕੇ ਕਾਰਮਨ ਦੀ ਮੌਤ ਹੋ ਗਈ।

ਅਜਿਹੇ ਦੁਖਦਾਈ ਹਾਲਾਤਾਂ ਵਿਚ ਆਪਣੀਆਂ ਤਿੰਨਾਂ ਧੀਆਂ ਨੂੰ ਪਿੱਛੇ ਛੱਡਣਾ ਕਿਸੇ ਦਾ ਵੀ ਹੌਸਲਾ ਢਾਹ ਸਕਦਾ ਹੈ। ਪਰ ਯਹੋਵਾਹ ਅਤੇ ਉਸ ਦੇ ਵਾਅਦਿਆਂ ਉੱਤੇ ਇਸ ਮਾਂ ਦੀ ਨਿਹਚਾ ਇੰਨੀ ਪੱਕੀ ਸੀ ਕਿ ਦੁੱਖ ਵੀ ਉਸ ਦੀ ਨਿਹਚਾ ਅੱਗੇ ਹਾਰ ਗਿਆ ਅਤੇ ਉਸ ਨੂੰ ਮਨ ਦੀ ਸ਼ਾਂਤੀ ਮਿਲੀ। ਇਸ ਗੱਲ ਦਾ ਸਬੂਤ ਸਾਨੂੰ ਉਸ ਦੀ ਦਿਲ ਨੂੰ ਛੋਹ ਲੈਣ ਵਾਲੀ ਚਿੱਠੀ ਤੋਂ ਮਿਲਦਾ ਹੈ। ਧਿਆਨ ਦਿਓ ਕਿ ਉਸ ਨੇ ਆਪਣੀਆਂ ਧੀਆਂ ਨੂੰ ਕੀ ਲਿਖਿਆ।

“ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ। . . . ਤੁਸੀਂ ਮੇਰੀਆਂ ਬਹੁਤ ਹੀ ਚੰਗੀਆਂ ਧੀਆਂ ਹੋ ਤੇ ਮੈਨੂੰ ਤੁਹਾਡੇ ਤੇ ਫ਼ਖ਼ਰ ਹੈ।

“ਮੇਰਾ ਵੱਸ ਚੱਲਦਾ ਤਾਂ ਨਵੀਂ ਦੁਨੀਆਂ ਆਉਣ ਤਕ ਮੈਂ ਤੁਹਾਡੇ ਨਾਲ ਹੀ ਰਹਿੰਦੀ . . . ਪਰ ਇਹ ਨਾ ਹੋ ਸਕਿਆ। ਇਸ ਲਈ ਮੈਂ ਪਰਮੇਸ਼ੁਰ ਨੂੰ ਦੁਆ ਕੀਤੀ ਹੈ ਕਿ ਉਹ ਤੁਹਾਡੀ ਮਦਦ ਕਰੇ ਤਾਂਕਿ ਤੁਸੀਂ ਵਫ਼ਾਦਾਰ ਰਹਿ ਸਕੋ ਜਿਵੇਂ ਤੁਸੀਂ ਹੁਣ ਹੋ। ਆਪਾਂ ਇਕੱਠੀਆਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਸਹੀਆਂ ਹਨ ਤੇ ਯਹੋਵਾਹ ਨੇ ਸਾਨੂੰ ਕਦੇ ਨਹੀਂ ਤਿਆਗਿਆ। . . . ਸੋ ਯਹੋਵਾਹ ਆਪਣੇ ਸੰਗਠਨ ਰਾਹੀਂ ਜੋ ਵੀ ਸੇਧ ਦਿੰਦਾ ਹੈ, ਉਸ ਵਿਚ ਚੱਲਦੀਆਂ ਰਹਿਓ ਅਤੇ ਕਲੀਸਿਯਾ ਤੇ ਨਿਗਾਹਬਾਨਾਂ ਦਾ ਸਾਥ ਦਿੰਦੀਆਂ ਰਹਿਓ। ਜਿੰਨੀ ਜ਼ਿਆਦਾ ਵਾਰ ਪ੍ਰਚਾਰ ਕਰ ਸਕਦੀਆਂ ਹੋ ਕਰਿਓ ਤੇ ਆਪਣੇ ਸਾਰੇ ਮਸੀਹੀ ਭੈਣ-ਭਰਾਵਾਂ ਨਾਲ ਪਿਆਰ ਰੱਖਿਓ।

“ਸਾਡਾ ਇਹ ਵਿਛੜਨਾ ਥੋੜ੍ਹੇ ਹੀ ਚਿਰ ਦਾ ਹੈ। . . . ਮੈਂ ਆਪਣੀਆਂ ਸਾਰੀਆਂ ਗ਼ਲਤੀਆਂ ਦੀ ਤੁਹਾਡੇ ਤੋਂ ਮਾਫ਼ੀ ਮੰਗਦੀ ਹਾਂ। ਮੈਂ ਉਨ੍ਹਾਂ ਪਲਾਂ ਲਈ ਵੀ ਤੁਹਾਡੇ ਤੋਂ ਮਾਫ਼ੀ ਚਾਹੁੰਦੀ ਹਾਂ ਜਦ ਮੈਂ ਤੁਹਾਨੂੰ ਸਮਝ ਨਹੀਂ ਸਕੀ ਜਾਂ ਤੁਹਾਨੂੰ ਇਹ ਦੱਸਣਾ ਭੁੱਲ ਗਈ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ। . . . ਮੈਨੂੰ ਪਤਾ ਹੈ ਕਿ ਤੁਹਾਡੀਆਂ ਆਪੋ ਆਪਣੀਆਂ ਲੋੜਾਂ ਹਨ। ਇਸ ਬਾਰੇ ਯਹੋਵਾਹ ਤੁਹਾਡੇ ਨਾਲੋਂ ਜ਼ਿਆਦਾ ਜਾਣਦਾ ਹੈ ਤੇ ਉਹ ਤੁਹਾਡੀ ਹਰ ਲੋੜ ਨੂੰ ਪੂਰੀ ਕਰੇਗਾ ਅਤੇ ਜੋ ਕੁਝ ਤੁਸੀਂ ਸਹਿਆ ਹੈ, ਉਸ ਦੇ ਵੱਟੇ ਤੁਹਾਨੂੰ ਇਨਾਮ ਦੇਵੇਗਾ।

“ਨਵੀਂ ਦੁਨੀਆਂ ਵਿਚ ਜ਼ਿੰਦਗੀ ਪਾਉਣ ਦੇ ਆਪਣੇ ਟੀਚੇ ਨੂੰ ਨਾ ਭੁੱਲਿਓ। ਇਸ ਤਕ ਪਹੁੰਚਣ ਦੀ ਕੋਸ਼ਿਸ਼ ਕਰਦੀਆਂ ਰਹਿਓ। ਮੇਰੀ ਇਹੀ ਦੁਆ ਹੈ ਕਿ ਯਹੋਵਾਹ ਤੁਹਾਡੇ ਤੇ ਮਿਹਰ ਕਰੇ ਅਤੇ ਤੁਹਾਨੂੰ ਤਾਕਤ ਦੇਵੇ ਤਾਂਕਿ ਤੁਸੀਂ ਅੰਤ ਤਕ ਵਫ਼ਾਦਾਰ ਰਹਿ ਸਕੋ। . . . ਉਦਾਸ ਨਾ ਹੋਇਓ ਮੇਰੀਓ ਪਿਆਰੀਓ ਧੀਓ। ਮੇਰਾ ਤੁਹਾਨੂੰ ਬਹੁਤ-ਬਹੁਤ ਪਿਆਰ!”

ਇਹੋ ਜਿਹੇ ਦੁਖਾਂਤ ਕਿਸੇ ਵੀ ਸਮੇਂ ਕਿਸੇ ਨਾਲ ਵੀ ਵਾਪਰ ਸਕਦੇ ਹਨ। ਪੁਰਾਣੇ ਜ਼ਮਾਨੇ ਵਿਚ ਰਾਜਾ ਸੁਲੇਮਾਨ ਨੇ ਲਿਖਿਆ ਸੀ: “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਪਰਮੇਸ਼ੁਰ ਉੱਤੇ ਪੱਕੀ ਨਿਹਚਾ ਕਰਨ ਵਾਲੇ ਲੋਕ ਪੌਲੁਸ ਵਾਂਗ ਇਹ ਭਰੋਸਾ ਰੱਖ ਸਕਦੇ ਹਨ: “ਭਈ ਨਾ ਮੌਤ, ਨਾ ਜੀਵਨ . . . ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।”—ਰੋਮੀਆਂ 8:38, 39; ਇਬਰਾਨੀਆਂ 6:10.