Skip to content

Skip to table of contents

ਕੀ ਤੁਸੀਂ “ਪਰਮੇਸ਼ੁਰ ਦੇ ਅੱਗੇ ਧਨਵਾਨ” ਹੋ?

ਕੀ ਤੁਸੀਂ “ਪਰਮੇਸ਼ੁਰ ਦੇ ਅੱਗੇ ਧਨਵਾਨ” ਹੋ?

ਕੀ ਤੁਸੀਂ “ਪਰਮੇਸ਼ੁਰ ਦੇ ਅੱਗੇ ਧਨਵਾਨ” ਹੋ?

“ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।”—ਲੂਕਾ 12:21.

1, 2. (ੳ) ਸਦੀਆਂ ਦੌਰਾਨ ਲੋਕਾਂ ਨੇ ਕਿਸ ਚੀਜ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ? (ਅ) ਮਸੀਹੀ ਕਿਸ ਖ਼ਤਰੇ ਵਿਚ ਪੈ ਸਕਦੇ ਹਨ?

ਪੁਰਾਣੇ ਜ਼ਮਾਨਿਆਂ ਵਿਚ ਲੋਕ ਖ਼ਜ਼ਾਨਿਆਂ ਦੀ ਭਾਲ ਵਿਚ ਨਿਕਲਿਆ ਕਰਦੇ ਸਨ। ਮਿਸਾਲ ਲਈ, 19ਵੀਂ ਸਦੀ ਦੌਰਾਨ ਆਸਟ੍ਰੇਲੀਆ, ਦੱਖਣੀ ਅਫ਼ਰੀਕਾ, ਕੈਨੇਡਾ ਅਤੇ ਅਮਰੀਕਾ ਵਿਚ ਸੋਨੇ ਦੇ ਭੰਡਾਰ ਮਿਲੇ। ਇਸ ਦਾ ਪਤਾ ਲੱਗਦਿਆਂ ਹੀ ਲੋਕ ਆਪਣਾ ਦੇਸ਼ ਤੇ ਘਰ-ਬਾਰ ਛੱਡ ਕੇ ਇੱਥੋਂ ਦੀ ਉਜਾੜ ਤੇ ਬੰਜਰ ਧਰਤੀ ਉੱਤੇ ਸੋਨਾ ਲੱਭਣ ਲਈ ਆਏ ਸਨ। ਉਹ ਲੱਖਪਤੀ ਬਣਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੱਡੇ-ਵੱਡੇ ਖ਼ਤਰਿਆਂ ਤੇ ਮੁਸ਼ਕਲਾਂ ਨੂੰ ਵੀ ਝੱਲਣ ਲਈ ਤਿਆਰ ਸਨ।

2 ਅੱਜ ਪਹਿਲਾਂ ਵਰਗੀਆਂ ਸੋਨੇ ਦੀਆਂ ਖਾਣਾਂ ਨਹੀਂ ਰਹੀਆਂ ਜਿੱਥੋਂ ਲੋਕ ਸੋਨਾ ਇਕੱਠਾ ਕਰ ਸਕਣ। ਪਰ ਰੋਜ਼ੀ-ਰੋਟੀ ਕਮਾਉਣ ਲਈ ਅੱਜ ਵੀ ਲੋਕਾਂ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਗ਼ਰੀਬਾਂ ਨੂੰ ਦੋ ਵਕਤ ਦੀ ਰੋਟੀ ਲਈ ਖ਼ੂਨ-ਪਸੀਨਾ ਇਕ ਕਰਨਾ ਪੈਂਦਾ ਹੈ। ਖ਼ਰਚਾ-ਪਾਣੀ ਚਲਾਉਣ ਦੀ ਚਿੰਤਾ ਵਿਚ ਅਸੀਂ ਇਸ ਹੱਦ ਤਕ ਡੁੱਬ ਜਾਂਦੇ ਹਾਂ ਕਿ ਹੋਰ ਜ਼ਰੂਰੀ ਗੱਲਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ। (ਰੋਮੀਆਂ 14:17) ਇਸ ਖ਼ਤਰੇ ਬਾਰੇ ਦੱਸਦਿਆਂ ਯਿਸੂ ਨੇ ਇਕ ਦ੍ਰਿਸ਼ਟਾਂਤ ਯਾਨੀ ਕਹਾਣੀ ਸੁਣਾਈ ਸੀ। ਇਹ ਕਹਾਣੀ ਤੁਸੀਂ ਲੂਕਾ 12:16-21 ਵਿਚ ਪੜ੍ਹ ਸਕਦੇ ਹੋ।

3. ਯਿਸੂ ਦੁਆਰਾ ਸੁਣਾਈ ਕਹਾਣੀ ਨੂੰ ਥੋੜ੍ਹੇ ਸ਼ਬਦਾਂ ਵਿਚ ਦੱਸੋ ਜੋ ਲੂਕਾ 12:16-21 ਵਿਚ ਦਰਜ ਹੈ।

3 ਯਿਸੂ ਨੇ ਲੋਭ ਤੋਂ ਬਚੇ ਰਹਿਣ ਦੀ ਚੇਤਾਵਨੀ ਦੇਣ ਤੋਂ ਤੁਰੰਤ ਬਾਅਦ ਹੀ ਇਹ ਕਹਾਣੀ ਸੁਣਾਈ ਸੀ। ਲੋਭ ਬਾਰੇ ਅਸੀਂ ਪਿਛਲੇ ਲੇਖ ਵਿਚ ਕਾਫ਼ੀ ਕੁਝ ਸਿੱਖ ਚੁੱਕੇ ਹਾਂ। ਹੁਣ ਯਿਸੂ ਇਕ ਧਨੀ ਆਦਮੀ ਦੀ ਕਹਾਣੀ ਸੁਣਾਉਂਦਾ ਹੈ ਜਿਸ ਦੇ ਖੇਤਾਂ ਵਿਚ ਬਹੁਤ ਫ਼ਸਲ ਹੋਈ। ਉਸ ਦੇ ਸਾਰੇ ਕੋਠੇ ਅਨਾਜ ਨਾਲ ਭਰੇ ਪਏ ਸਨ, ਪਰ ਉਹ ਖ਼ੁਸ਼ ਨਹੀਂ ਸੀ। ਸੋ ਉਸ ਨੇ ਪੁਰਾਣੇ ਕੋਠੇ ਢਾਹ ਕੇ ਹੋਰ ਵੱਡੇ ਕੋਠੇ ਬਣਵਾਏ ਤੇ ਉਨ੍ਹਾਂ ਨੂੰ ਵੀ ਅਨਾਜ ਨਾਲ ਭਰ ਦਿੱਤਾ। ਢੇਰ ਸਾਰਾ ਮਾਲ-ਧਨ ਇਕੱਠਾ ਕਰਨ ਤੋਂ ਬਾਅਦ ਉਸ ਨੇ ਆਰਾਮ ਦੀ ਜ਼ਿੰਦਗੀ ਜੀਣ ਬਾਰੇ ਸੋਚਿਆ। ਪਰ ਉਸੇ ਰਾਤ ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ਉਹ ਮਰ ਜਾਵੇਗਾ ਅਤੇ ਉਸ ਦਾ ਸਾਰਾ ਧਨ ਕਿਸੇ ਹੋਰ ਦਾ ਹੋ ਜਾਵੇਗਾ। ਤਦ ਯਿਸੂ ਨੇ ਕਿਹਾ: “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।” (ਲੂਕਾ 12:21) ਇਸ ਕਹਾਣੀ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਇਸ ਕਹਾਣੀ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ?

ਅਮੀਰ ਬੰਦੇ ਦੀ ਸਮੱਸਿਆ

4. ਯਿਸੂ ਨੇ ਕਿਸ ਤਰ੍ਹਾਂ ਦੇ ਇਨਸਾਨ ਦੀ ਕਹਾਣੀ ਦੱਸੀ ਸੀ?

4 ਕਈ ਲੋਕ ਯਿਸੂ ਦੀ ਇਸ ਕਹਾਣੀ ਤੋਂ ਵਾਕਫ਼ ਹਨ। ਕਹਾਣੀ ਸ਼ੁਰੂ ਕਰਦਿਆਂ ਯਿਸੂ ਨੇ ਕਿਹਾ: “ਕਿਸੇ ਧਨਵਾਨ ਦਾ ਖੇਤ ਬਹੁਤ ਫਲਿਆ।” ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਕਿਹਾ ਕਿ ਇਸ ਧਨਵਾਨ ਨੇ ਧੋਖੇ ਨਾਲ ਜਾਂ ਕੋਈ ਗ਼ੈਰ-ਕਾਨੂੰਨੀ ਕੰਮ ਕਰ ਕੇ ਧਨ ਜੋੜਿਆ ਸੀ। ਕਹਿਣ ਦਾ ਭਾਵ ਹੈ ਕਿ ਉਹ ਬੁਰਾ ਇਨਸਾਨ ਨਹੀਂ ਸੀ, ਸਗੋਂ ਯਿਸੂ ਦੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਧਨ ਜੋੜਨ ਲਈ ਕਾਫ਼ੀ ਮਿਹਨਤ ਕੀਤੀ ਸੀ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਸ ਨੇ ਬਹੁਤ ਸੋਚ-ਸਮਝ ਕੇ ਆਪਣੇ ਪਰਿਵਾਰ ਦੇ ਸੁਖ-ਚੈਨ ਅਤੇ ਆਉਣ ਵਾਲੇ ਕੱਲ੍ਹ ਲਈ ਧਨ ਜੋੜਿਆ ਸੀ। ਸੋ ਦੁਨੀਆਂ ਦੀ ਨਜ਼ਰ ਤੋਂ ਦੇਖਿਆ ਜਾਵੇ, ਤਾਂ ਉਹ ਬਹੁਤ ਹੀ ਮਿਹਨਤੀ ਬੰਦਾ ਸੀ ਜੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਂਦਾ ਸੀ।

5. ਯਿਸੂ ਦੀ ਕਹਾਣੀ ਮੁਤਾਬਕ ਉਸ ਧਨਵਾਨ ਦੀ ਕੀ ਸਮੱਸਿਆ ਸੀ?

5 ਪਰ ਧਿਆਨ ਦਿਓ ਕਿ ਯਿਸੂ ਨੇ ਕਹਾਣੀ ਵਿਚ ਉਸ ਆਦਮੀ ਨੂੰ ਧਨਵਾਨ ਕਿਹਾ ਜਿਸ ਦਾ ਮਤਲਬ ਹੈ ਕਿ ਉਸ ਕੋਲ ਪਹਿਲਾਂ ਹੀ ਕਾਫ਼ੀ ਮਾਲ-ਧਨ ਸੀ। ਲੇਕਿਨ ਇਸ ਆਦਮੀ ਦੀ ਇਕ ਸਮੱਸਿਆ ਸੀ। ਖੇਤਾਂ ਵਿਚ ਫ਼ਸਲ ਲੋੜੋਂ ਵੱਧ ਹੋਣ ਕਰਕੇ ਉਸ ਲਈ ਸਾਂਭਣੀ ਔਖੀ ਸੀ। ਉਸ ਨੂੰ ਕੀ ਕਰਨਾ ਚਾਹੀਦਾ ਸੀ?

6. ਅੱਜ ਯਹੋਵਾਹ ਦੇ ਕਈ ਗਵਾਹਾਂ ਨੂੰ ਕਿਨ੍ਹਾਂ ਮਸਲਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

6 ਅੱਜ ਬਹੁਤ ਸਾਰੇ ਯਹੋਵਾਹ ਦੇ ਗਵਾਹ ਵੀ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਮ੍ਹਣਾ ਕਰਦੇ ਹਨ। ਸੱਚੇ ਮਸੀਹੀ ਈਮਾਨਦਾਰ ਅਤੇ ਮਿਹਨਤੀ ਬਣਨ ਦੀ ਕੋਸ਼ਿਸ਼ ਕਰਦੇ ਹਨ। (ਕੁਲੁੱਸੀਆਂ 3:22, 23) ਉਹ ਭਾਵੇਂ ਨੌਕਰੀ ਕਰਦੇ ਹੋਣ ਜਾਂ ਉਨ੍ਹਾਂ ਦਾ ਆਪਣਾ ਬਿਜ਼ਨਿਸ ਹੋਵੇ, ਉਹ ਆਪਣੀ ਲਗਨ ਤੇ ਮਿਹਨਤ ਸਦਕਾ ਚੰਗਾ ਨਾਂ ਕਮਾਉਂਦੇ ਹਨ। ਪਰ ਜਦੋਂ ਉਨ੍ਹਾਂ ਨੂੰ ਤਰੱਕੀ ਜਾਂ ਹੋਰ ਚੰਗੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਸਾਮ੍ਹਣੇ ਇਕ ਮਸਲਾ ਖੜ੍ਹਾ ਹੋ ਜਾਂਦਾ ਹੈ। ਕੀ ਉਨ੍ਹਾਂ ਨੂੰ ਇਹ ਪੇਸ਼ਕਸ਼ ਸਵੀਕਾਰ ਕਰ ਕੇ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਜਾਣਾ ਚਾਹੀਦਾ ਹੈ ਜਾਂ ਨਹੀਂ? ਇਸੇ ਤਰ੍ਹਾਂ, ਕਈ ਨੌਜਵਾਨ ਗਵਾਹ ਸਕੂਲ ਵਿਚ ਬਹੁਤ ਲਗਨ ਨਾਲ ਪੜ੍ਹਦੇ ਹਨ। ਨਤੀਜੇ ਵਜੋਂ ਉਨ੍ਹਾਂ ਨੂੰ ਇਨਾਮ ਮਿਲਦੇ ਹਨ ਜਾਂ ਮੰਨੀਆਂ-ਪ੍ਰਮੰਨੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਸਕਾਲਰਸ਼ਿਪ ਪੇਸ਼ ਕੀਤੀ ਜਾਂਦੀ ਹੈ। ਕੀ ਉਨ੍ਹਾਂ ਨੂੰ ਇਹ ਪੇਸ਼ਕਸ਼ ਸਵੀਕਾਰ ਕਰ ਲੈਣੀ ਚਾਹੀਦੀ ਹੈ?

7. ਧਨੀ ਮਨੁੱਖ ਨੇ ਵਾਧੂ ਅਨਾਜ ਦੀ ਸਮੱਸਿਆ ਨੂੰ ਕਿਵੇਂ ਹੱਲ ਕੀਤਾ?

7 ਯਿਸੂ ਦੀ ਕਹਾਣੀ ਵਿਚ ਉਸ ਧਨਵਾਨ ਨੇ ਵਾਧੂ ਪੈਦਾਵਾਰ ਦਾ ਕੀ ਕੀਤਾ? ਉਸ ਨੇ ਸਾਰਾ ਅਨਾਜ ਸਾਂਭਣ ਲਈ ਪੁਰਾਣੇ ਕੋਠਿਆਂ ਨੂੰ ਢਾਹ ਕੇ ਹੋਰ ਵੱਡੇ ਕੋਠੇ ਬਣਵਾਏ। ਇੱਦਾਂ ਕਰ ਕੇ ਉਸ ਨੂੰ ਲੱਗਾ ਕਿ ਉਸ ਨੂੰ ਭਵਿੱਖ ਦੀ ਚਿੰਤਾ ਕਰਨ ਦੀ ਲੋੜ ਨਹੀਂ ਸੀ। ਉਸ ਨੇ ਆਪਣੇ ਆਪ ਤੋਂ ਖ਼ੁਸ਼ ਹੋ ਕੇ ਸੋਚਿਆ: “ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ ਬਹੁਤ ਵਰਿਹਾਂ ਦੇ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ। ਸੁਖੀ ਰਹੁ, ਖਾਹ ਪੀ ਅਤੇ ਮੌਜ ਮਾਨ।”—ਲੂਕਾ 12:19.

ਉਹ “ਨਦਾਨ” ਕਿਉਂ ਸੀ?

8. ਧਨਵਾਨ ਕਿਹੜੀ ਗੱਲ ਭੁੱਲ ਗਿਆ ਸੀ?

8 ਪਰ ਯਿਸੂ ਨੇ ਅੱਗੇ ਕਿਹਾ ਕਿ ਉੱਜਲ ਭਵਿੱਖ ਬਾਰੇ ਉਸ ਆਦਮੀ ਦੀ ਸੋਚ ਕੇਵਲ ਇਕ ਧੋਖਾ ਸੀ। ਭਾਵੇਂ ਉਸ ਨੇ ਬੜਾ ਸੋਚ-ਸਮਝ ਕੇ ਯੋਜਨਾ ਬਣਾਈ ਸੀ, ਪਰ ਉਹ ਇਕ ਜ਼ਰੂਰੀ ਗੱਲ ਭੁੱਲ ਗਿਆ ਸੀ। ਉਸ ਨੇ ਪਰਮੇਸ਼ੁਰ ਦੀ ਮਰਜ਼ੀ ਬਾਰੇ ਨਹੀਂ ਸੋਚਿਆ। ਉਹ ਸਿਰਫ਼ ਆਪਣੇ ਬਾਰੇ ਸੋਚ ਰਿਹਾ ਸੀ ਕਿ ਉਹ ਖਾਵੇਗਾ, ਪੀਵੇਗਾ ਤੇ ਜ਼ਿੰਦਗੀ ਦਾ ਲੁਤਫ਼ ਉਠਾਵੇਗਾ। ਉਸ ਨੂੰ ਲੱਗਾ ਕਿ ਉਸ ਕੋਲ “ਧਨ ਬਾਹਲਾ” ਹੋਣ ਕਰਕੇ ਉਹ “ਬਹੁਤ ਵਰਿਹਾਂ” ਤਕ ਜੀਵੇਗਾ। ਪਰ ਅਫ਼ਸੋਸ ਕਿ ਇੱਦਾਂ ਨਹੀਂ ਹੋਇਆ। ਯਿਸੂ ਦੀ ਕਹੀ ਗੱਲ ਸੱਚ ਨਿਕਲੀ: “ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੂਕਾ 12:15) ਜਿਸ ਰਾਤ ਉਸ ਅਮੀਰ ਆਦਮੀ ਨੇ ਯੋਜਨਾ ਬਣਾਈ, ਉਸੇ ਰਾਤ ਉਸ ਦੀ ਜੀਵਨ ਭਰ ਦੀ ਮਿਹਨਤ ਉੱਤੇ ਪਾਣੀ ਫਿਰ ਗਿਆ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜ਼ਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ?”—ਲੂਕਾ 12:20.

9. ਯਿਸੂ ਦੀ ਕਹਾਣੀ ਵਿਚ ਧਨਵਾਨ ਨੂੰ ਨਾਦਾਨ ਕਿਉਂ ਕਿਹਾ ਗਿਆ ਸੀ?

9 ਆਓ ਆਪਾਂ ਹੁਣ ਯਿਸੂ ਦੀ ਕਹਾਣੀ ਦੇ ਮੁੱਖ ਮੁੱਦੇ ਤੇ ਚਰਚਾ ਕਰੀਏ। ਪਰਮੇਸ਼ੁਰ ਨੇ ਉਸ ਧਨੀ ਬੰਦੇ ਨੂੰ ਨਾਦਾਨ ਕਿਹਾ ਸੀ। ਬਾਈਬਲ ਦੇ ਇਕ ਸ਼ਬਦਕੋਸ਼ ਮੁਤਾਬਕ, ਲੂਕਾ ਨੇ ਜੋ ਯੂਨਾਨੀ ਸ਼ਬਦ ਵਰਤਿਆ ਸੀ ਉਹ “ਹਮੇਸ਼ਾ ਸਮਝ ਦੀ ਘਾਟ ਨੂੰ ਦਰਸਾਉਂਦਾ ਹੈ।” ਸ਼ਬਦਕੋਸ਼ ਅੱਗੇ ਕਹਿੰਦਾ ਹੈ ਕਿ ਇਸ ਕਹਾਣੀ ਵਿਚ ਪਰਮੇਸ਼ੁਰ ਨੇ ਨਾਦਾਨ ਸ਼ਬਦ “ਭਵਿੱਖ ਲਈ ਬਣਾਈਆਂ ਅਮੀਰਾਂ ਦੀਆਂ ਯੋਜਨਾਵਾਂ ਦੀ ਵਿਅਰਥਤਾ” ਨੂੰ ਉਜਾਗਰ ਕਰਨ ਲਈ ਵਰਤਿਆ ਸੀ। ਇਹ ਸ਼ਬਦ ਅਕਲ ਦੇ ਮੋਟੇ ਇਨਸਾਨ ਲਈ ਨਹੀਂ, ਸਗੋਂ ਉਸ ਸ਼ਖ਼ਸ ਲਈ ਵਰਤਿਆ ਜਾਂਦਾ ਹੈ ਜੋ “ਪਰਮੇਸ਼ੁਰ ਉੱਤੇ ਨਿਰਭਰ ਰਹਿਣ ਦੀ ਲੋੜ ਨੂੰ ਨਹੀਂ ਪਛਾਣਦਾ।” ਧਨਵਾਨ ਦੀ ਕਹਾਣੀ ਸੁਣ ਕੇ ਸਾਨੂੰ ਯਿਸੂ ਦੇ ਉਹ ਸ਼ਬਦ ਚੇਤੇ ਆਉਂਦੇ ਹਨ ਜੋ ਕਈ ਸਾਲਾਂ ਬਾਅਦ ਉਸ ਨੇ ਏਸ਼ੀਆ ਮਾਈਨਰ ਵਿਚ ਲਾਉਦਿਕੀਏ ਦੀ ਕਲੀਸਿਯਾ ਨੂੰ ਕਹੇ ਸਨ: “ਤੂੰ ਜੋ ਆਖਦਾ ਹੈਂ ਭਈ ਮੈਂ ਧਨਵਾਨ ਹਾਂ ਅਤੇ ਮੈਂ ਮਾਯਾ ਜੋੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਨਹੀਂ ਅਤੇ ਨਹੀਂ ਜਾਣਦਾ ਹੈਂ ਜੋ ਤੂੰ ਦੁਖੀ, ਮੰਦਭਾਗੀ, ਕੰਗਾਲ, ਅੰਨ੍ਹਾਂ ਅਤੇ ਨੰਗਾ ਹੈਂ।”—ਪਰਕਾਸ਼ ਦੀ ਪੋਥੀ 3:17.

10. “ਧਨ ਬਾਹਲਾ” ਹੋਣਾ ਕਿਉਂ “ਬਹੁਤ ਵਰਿਹਾਂ” ਤਕ ਜੀਣ ਦੀ ਗਾਰੰਟੀ ਨਹੀਂ ਹੈ?

10 ਸਾਨੂੰ ਇਸ ਕਹਾਣੀ ਤੋਂ ਸਬਕ ਸਿੱਖਣਾ ਚਾਹੀਦਾ ਹੈ। ਕੀ ਅਸੀਂ ਉਹੋ ਗ਼ਲਤੀ ਤਾਂ ਨਹੀਂ ਕਰ ਰਹੇ ਜੋ ਧਨਵਾਨ ਨੇ ਕੀਤੀ ਸੀ? ਜੇ ਅਸੀਂ ‘ਬਾਹਲਾ ਧਨ’ ਕਮਾਉਣ ਲਈ ਸਖ਼ਤ ਮਿਹਨਤ ਕਰਦੇ ਹਾਂ, ਪਰ “ਬਹੁਤ ਵਰਿਹਾਂ” ਤਕ ਜੀਉਂਦੇ ਰਹਿਣ ਲਈ ਕੁਝ ਨਹੀਂ ਕਰਦੇ, ਤਾਂ ਅਸੀਂ ਵੀ ਨਾਦਾਨ ਹੋਵਾਂਗੇ। (ਯੂਹੰਨਾ 3:16; 17:3) ਬਾਈਬਲ ਕਹਿੰਦੀ ਹੈ: “ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ। ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਵਾਂਙੁ ਲਹਿਲਹਾਉਣਗੇ।” (ਕਹਾਉਤਾਂ 11:4, 28) ਇਸੇ ਲਈ ਯਿਸੂ ਨੇ ਕਹਾਣੀ ਸੁਣਾਉਣ ਤੋਂ ਬਾਅਦ ਕਿਹਾ: “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।”—ਲੂਕਾ 12:21.

11. ਧਨ-ਦੌਲਤ ਉੱਤੇ ਭਰੋਸਾ ਰੱਖਣਾ ਕਿਉਂ ਬੇਵਕੂਫ਼ੀ ਹੈ?

11 ਯਿਸੂ ਨੇ ਕਿਹਾ ਕਿ “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।” ਉਸ ਦੇ ਕਹਿਣ ਦਾ ਮਤਲਬ ਸੀ ਕਿ ਜਿਹੜੇ ਲੋਕ ਧਨ-ਦੌਲਤ ਉੱਤੇ ਭਰੋਸਾ ਰੱਖਦੇ ਹਨ, ਉਨ੍ਹਾਂ ਦਾ ਅੰਤ ਵੀ ਉਸ ਧਨਵਾਨ ਵਰਗਾ ਹੋ ਸਕਦਾ ਹੈ। ਬੁਰਾਈ ‘ਧਨ ਜੋੜਨ’ ਵਿਚ ਨਹੀਂ ਹੈ, ਸਗੋਂ ‘ਪਰਮੇਸ਼ੁਰ ਦੇ ਅੱਗੇ ਧਨਵਾਨ ਨਾ ਹੋਣ’ ਵਿਚ ਹੈ। ਯਾਕੂਬ ਨੇ ਇਸੇ ਤਰ੍ਹਾਂ ਦੀ ਚੇਤਾਵਨੀ ਦਿੰਦਿਆਂ ਲਿਖਿਆ ਸੀ: “ਓਏ ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਯਾ ਭਲਕੇ ਫ਼ਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਰਹਾ ਕੱਟਾਂਗੇ ਅਤੇ ਵਣਜ ਬੁਪਾਰ ਕਰਾਂਗੇ ਅਤੇ ਕੁਝ ਖੱਟਾਂਗੇ। ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ! ਤੁਹਾਡੀ ਜਿੰਦ ਹੈ ਹੀ ਕੀ? ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ। ਸਗੋਂ ਤੁਸਾਂ ਇਹ ਆਖਣਾ ਸੀ ਭਈ ਪ੍ਰਭੁ ਚਾਹੇ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਯਾ ਉਹ ਕੰਮ ਕਰਾਂਗੇ।” (ਯਾਕੂਬ 4:13-15) ਇਨਸਾਨ ਭਾਵੇਂ ਕਿੰਨਾ ਹੀ ਅਮੀਰ ਕਿਉਂ ਨਾ ਹੋਵੇ ਜਾਂ ਉਸ ਕੋਲ ਭਾਵੇਂ ਜ਼ਿੰਦਗੀ ਦਾ ਹਰ ਸੁੱਖ ਹੋਵੇ, ਪਰ ਇਹ ਸਭ ਚੀਜ਼ਾਂ ਬੇਕਾਰ ਹੋਣਗੀਆਂ ਜੇ ਉਹ ਪਰਮੇਸ਼ੁਰ ਅੱਗੇ ਧਨਵਾਨ ਨਹੀਂ ਹੈ। ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਹੋਣ ਦਾ ਕੀ ਮਤਲਬ ਹੈ?

ਪਰਮੇਸ਼ੁਰ ਦੇ ਅੱਗੇ ਧਨਵਾਨ ਬਣੋ

12. ਕੀ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਅੱਗੇ ਧਨਵਾਨ ਬਣਾਂਗੇ?

12 ਯਿਸੂ ਦੇ ਉਪਦੇਸ਼ ਵਿਚ ਆਪਣੇ ਲਈ ਧਨ ਜੋੜਨ ਵਾਲੇ ਇਨਸਾਨ ਅਤੇ ਪਰਮੇਸ਼ੁਰ ਦੇ ਅੱਗੇ ਧਨਵਾਨ ਵਿਅਕਤੀ ਵਿਚ ਸਾਫ਼ ਫ਼ਰਕ ਦਿਖਾਇਆ ਗਿਆ ਹੈ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਪੈਸਾ ਕਮਾਉਣਾ ਅਤੇ ਐਸ਼ ਕਰਨਾ ਹੀ ਸਾਡੇ ਜੀਵਨ ਦਾ ਮੁੱਖ ਉਦੇਸ਼ ਨਹੀਂ ਹੋਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਆਪਣਾ ਧਨ ਇਸ ਤਰੀਕੇ ਨਾਲ ਵਰਤਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਹੋਰ ਵੀ ਪੱਕਾ ਕਰ ਸਕੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਅੱਗੇ ਧਨੀ ਬਣਾਂਗੇ। ਕਿਉਂ? ਕਿਉਂਕਿ ਬਦਲੇ ਵਿਚ ਉਹ ਸਾਨੂੰ ਬਹੁਤ ਸਾਰੀਆਂ ਅਸੀਸਾਂ ਦੇਵੇਗਾ। ਬਾਈਬਲ ਵਿਚ ਲਿਖਿਆ ਹੈ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”—ਕਹਾਉਤਾਂ 10:22.

13. ਯਹੋਵਾਹ ਦੀ ਬਰਕਤ ਕਿਵੇਂ “ਧਨੀ ਬਣਾਉਂਦੀ ਹੈ”?

13 ਯਹੋਵਾਹ ਆਪਣੇ ਭਗਤਾਂ ਨੂੰ ਹਮੇਸ਼ਾ ਵਧੀਆ ਤੋਂ ਵਧੀਆ ਚੀਜ਼ ਦਿੰਦਾ ਹੈ। (ਯਾਕੂਬ 1:17) ਮਿਸਾਲ ਲਈ, ਯਹੋਵਾਹ ਨੇ ਇਸਰਾਏਲੀਆਂ ਨੂੰ ਜਿਹੜੀ ਜ਼ਮੀਨ ਦਿੱਤੀ ਸੀ, ਉਸ ਵਿਚ “ਦੁੱਧ ਅਤੇ ਸ਼ਹਿਤ ਵਗਦਾ ਸੀ।” ਹਾਲਾਂਕਿ ਮਿਸਰ ਦੇਸ਼ ਬਾਰੇ ਵੀ ਇਹ ਗੱਲ ਕਹੀ ਜਾਂਦੀ ਸੀ, ਪਰ ਪਰਮੇਸ਼ੁਰ ਵੱਲੋਂ ਦਿੱਤੇ ਦੇਸ਼ ਬਾਰੇ ਇਕ ਗੱਲ ਨਿਰਾਲੀ ਸੀ। ਜਿਵੇਂ ਮੂਸਾ ਨੇ ਇਸਰਾਏਲੀਆਂ ਨੂੰ ਕਿਹਾ, ਇਹ ਉਹ ਦੇਸ਼ ਸੀ ‘ਜਿਹ ਦਾ ਯਹੋਵਾਹ ਤੁਹਾਡਾ ਪਰਮੇਸ਼ੁਰ ਧਿਆਨ ਰੱਖਦਾ ਸੀ।’ ਇਸ ਦਾ ਮਤਲਬ ਸੀ ਕਿ ਇਸਰਾਏਲੀ ਵਧਣ-ਫੁੱਲਣਗੇ ਕਿਉਂਕਿ ਯਹੋਵਾਹ ਉਨ੍ਹਾਂ ਦਾ ਖ਼ਿਆਲ ਰੱਖੇਗਾ। ਉਹ ਜਿੰਨਾ ਚਿਰ ਯਹੋਵਾਹ ਦੇ ਵਫ਼ਾਦਾਰ ਰਹੇ, ਉੱਨਾ ਚਿਰ ਉਸ ਨੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ। ਹੋਰਨਾਂ ਕੌਮਾਂ ਦੀ ਤੁਲਨਾ ਵਿਚ ਇਸਰਾਏਲੀਆਂ ਨੇ ਚੰਗੀ ਜ਼ਿੰਦਗੀ ਦਾ ਮਜ਼ਾ ਲਿਆ। ਜੀ ਹਾਂ, ਯਹੋਵਾਹ ਦੀ ਬਰਕਤ ਵਾਕਈ “ਧਨੀ ਬਣਾਉਂਦੀ ਹੈ”!—ਗਿਣਤੀ 16:13; ਬਿਵਸਥਾ ਸਾਰ 4:5-8; 11:8-15.

14. ਪਰਮੇਸ਼ੁਰ ਦੇ ਅੱਗੇ ਧਨਵਾਨ ਲੋਕ ਕਿਨ੍ਹਾਂ ਚੀਜ਼ਾਂ ਦਾ ਆਨੰਦ ਮਾਣਦੇ ਹਨ?

14 “ਪਰਮੇਸ਼ੁਰ ਦੇ ਅੱਗੇ ਧਨਵਾਨ” ਸ਼ਬਦਾਂ ਨੂੰ ਹੋਰਨਾਂ ਬਾਈਬਲਾਂ ਵਿਚ “ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਅਮੀਰ” (ਈਜ਼ੀ ਟੂ ਰੀਡ ਵਰਯਨ) ਜਾਂ “ਪਰਮੇਸ਼ਰ ਦੀਆਂ ਨਜ਼ਰਾਂ ਵਿਚ ਧਨੀ” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਨੁਵਾਦ ਕੀਤਾ ਗਿਆ ਹੈ। ਅਮੀਰ ਲੋਕਾਂ ਨੂੰ ਆਮ ਤੌਰ ਤੇ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਦੂਸਰੇ ਉਨ੍ਹਾਂ ਨੂੰ ਕਿਸ ਨਜ਼ਰ ਤੋਂ ਦੇਖਦੇ ਹਨ। ਇਸੇ ਲਈ ਉਹ ਠਾਠ-ਬਾਠ ਦੀ ਜ਼ਿੰਦਗੀ ਜੀਉਂਦੇ ਹਨ। ਉਹ ਆਪਣੀ ਧਨ-ਦੌਲਤ ਦਾ ਦਿਖਾਵਾ ਕਰ ਕੇ ਹੋਰਨਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ। (1 ਯੂਹੰਨਾ 2:16) ਦੂਜੇ ਪਾਸੇ, ਜੋ ਲੋਕ ਪਰਮੇਸ਼ੁਰ ਦੇ ਅੱਗੇ ਧਨਵਾਨ ਹਨ ਉਹ ਉਸ ਦੀ ਕਿਰਪਾ, ਮਿਹਰ ਅਤੇ ਬੇਸ਼ੁਮਾਰ ਬਰਕਤਾਂ ਹਾਸਲ ਕਰਦੇ ਹਨ। ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਹੋਣ ਕਰਕੇ ਉਨ੍ਹਾਂ ਨੂੰ ਜੋ ਸੰਤੁਸ਼ਟੀ ਤੇ ਸੁਰੱਖਿਆ ਮਿਲਦੀ ਹੈ ਉਹ ਪੈਸਾ ਕਦੇ ਨਹੀਂ ਦੇ ਸਕਦਾ। (ਯਸਾਯਾਹ 40:11) ਪਰ ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਨੀ ਬਣਨ ਲਈ ਸਾਨੂੰ ਕੀ ਕਰਨਾ ਪਵੇਗਾ?

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਨੀ

15. ਪਰਮੇਸ਼ੁਰ ਦੇ ਅੱਗੇ ਧਨਵਾਨ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

15 ਯਿਸੂ ਦੀ ਕਹਾਣੀ ਵਿਚ ਧਨਵਾਨ ਨੂੰ ਨਾਦਾਨ ਕਿਹਾ ਗਿਆ ਹੈ ਕਿਉਂਕਿ ਉਸ ਨੇ ਸਿਰਫ਼ ਆਪਣੇ ਆਪ ਨੂੰ ਮਾਲਾਮਾਲ ਕਰਨ ਦੀ ਯੋਜਨਾ ਬਣਾ ਕੇ ਮਿਹਨਤ ਕੀਤੀ ਸੀ। ਉਸ ਦੇ ਉਲਟ, ਸਾਨੂੰ ਪਰਮੇਸ਼ੁਰ ਦੇ ਅੱਗੇ ਧਨਵਾਨ ਬਣਨ ਲਈ ਉਨ੍ਹਾਂ ਕੰਮਾਂ ਵਿਚ ਪੂਰਾ-ਪੂਰਾ ਹਿੱਸਾ ਲੈਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਫ਼ਾਇਦੇਮੰਦ ਹਨ ਅਤੇ ਜਿਨ੍ਹਾਂ ਰਾਹੀਂ ਦੂਸਰਿਆਂ ਨੂੰ ਲਾਭ ਹੁੰਦਾ ਹੈ। ਇਨ੍ਹਾਂ ਵਿੱਚੋਂ ਇਕ ਕੰਮ ਬਾਰੇ ਯਿਸੂ ਨੇ ਦੱਸਿਆ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” (ਮੱਤੀ 28:19) ਆਪਣਾ ਸਮਾਂ, ਤਾਕਤ ਤੇ ਕਾਬਲੀਅਤ ਪੈਸਾ ਕਮਾਉਣ ਵਿਚ ਲਗਾਉਣ ਦੀ ਬਜਾਇ, ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਵਿਚ ਲਗਾਓ। ਇਹ ਪਰਮੇਸ਼ੁਰ ਦੇ ਕੰਮ ਵਿਚ ਪੂੰਜੀ ਲਗਾਉਣ ਦੇ ਬਰਾਬਰ ਹੈ। ਜੋ ਲੋਕ ਇੱਦਾਂ ਕਰਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਵਿਆਜ ਸਮੇਤ ਪੂੰਜੀ ਮੋੜਦਾ ਹੈ, ਜਿਵੇਂ ਅਸੀਂ ਅੱਗੇ ਦਿੱਤੇ ਤਜਰਬਿਆਂ ਤੋਂ ਸਾਫ਼ ਦੇਖ ਸਕਦੇ ਹਾਂ।—ਕਹਾਉਤਾਂ 19:17.

16, 17. ਕੁਝ ਭੈਣਾਂ-ਭਰਾਵਾਂ ਦੇ ਤਜਰਬੇ ਦੱਸੋ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਨੀ ਸਾਬਤ ਹੋਏ ਹਨ।

16 ਇਕ ਪੂਰਬੀ ਦੇਸ਼ ਵਿਚ ਰਹਿਣ ਵਾਲੇ ਇਕ ਮਸੀਹੀ ਭਰਾ ਦੇ ਤਜਰਬੇ ਉੱਤੇ ਗੌਰ ਕਰੋ। ਕੰਪਿਊਟਰ ਟੈਕਨੀਸ਼ੀਅਨ ਹੋਣ ਦੇ ਨਾਤੇ ਉਹ ਚੰਗੀ ਖ਼ਾਸੀ ਤਨਖ਼ਾਹ ਵਾਲੀ ਨੌਕਰੀ ਕਰਦਾ ਸੀ। ਪਰ ਇਹ ਕੰਮ ਉਸ ਦਾ ਇੰਨਾ ਸਮਾਂ ਲੈ ਰਿਹਾ ਸੀ ਕਿ ਉਸ ਕੋਲ ਮਸੀਹੀ ਸਭਾਵਾਂ ਵਿਚ ਜਾਣ ਤੇ ਪ੍ਰਚਾਰ ਕਰਨ ਲਈ ਸਮਾਂ ਹੀ ਨਹੀਂ ਸੀ ਬਚਦਾ। ਅਖ਼ੀਰ ਇਕ ਦਿਨ ਉਸ ਨੇ ਫ਼ੈਸਲਾ ਕੀਤਾ ਕਿ ਉਹ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਦੀ ਬਜਾਇ ਆਈਸ-ਕ੍ਰੀਮ ਬਣਾ ਕੇ ਸੜਕਾਂ ਤੇ ਵੇਚੇਗਾ। ਇਹ ਕੰਮ ਕਰਨ ਕਰਕੇ ਉਹ ਆਪਣੀਆਂ ਅਧਿਆਤਮਿਕ ਲੋੜਾਂ ਅਤੇ ਜ਼ਿੰਮੇਵਾਰੀਆਂ ਨੂੰ ਬਾਖੂਬੀ ਪੂਰਾ ਕਰ ਸਕਿਆ। ਜਿਨ੍ਹਾਂ ਨਾਲ ਉਹ ਪਹਿਲਾਂ ਕੰਮ ਕਰਦਾ ਹੁੰਦਾ ਸੀ, ਉਹ ਉਸ ਨੂੰ ਆਈਸ-ਕ੍ਰੀਮ ਵੇਚਦਿਆਂ ਦੇਖ ਕੇ ਉਸ ਦਾ ਮਜ਼ਾਕ ਉਡਾਉਣ ਲੱਗੇ। ਕੀ ਭਰਾ ਨੂੰ ਆਪਣੇ ਫ਼ੈਸਲੇ ਤੇ ਪਛਤਾਵਾ ਹੋਇਆ? ਉਹ ਦੱਸਦਾ ਹੈ: “ਨਹੀਂ, ਮੈਂ ਬਹੁਤ ਖ਼ੁਸ਼ ਸੀ। ਮੇਰੀ ਮਾਲੀ ਹਾਲਤ ਪਹਿਲਾਂ ਨਾਲੋਂ ਵੀ ਚੰਗੀ ਸੀ। ਕੰਪਿਊਟਰ ਟੈਕਨੀਸ਼ੀਅਨ ਵਜੋਂ ਕੰਮ ਕਰਦਿਆਂ ਮੈਂ ਹਮੇਸ਼ਾ ਤਣਾਅ ਤੇ ਚਿੰਤਾ ਵਿਚ ਰਹਿੰਦਾ ਸੀ, ਪਰ ਹੁਣ ਮੈਨੂੰ ਕੋਈ ਚਿੰਤਾ ਨਹੀਂ ਹੈ। ਸਭ ਤੋਂ ਵੱਡੀ ਬਰਕਤ ਮੈਨੂੰ ਇਹ ਮਿਲੀ ਕਿ ਹੁਣ ਮੈਂ ਯਹੋਵਾਹ ਦੇ ਹੋਰ ਨੇੜੇ ਮਹਿਸੂਸ ਕਰਦਾ ਹਾਂ।” ਕੰਮ ਬਦਲਣ ਨਾਲ ਭਰਾ ਨੂੰ ਪੂਰਾ ਸਮਾਂ ਪ੍ਰਚਾਰ ਕਰਨ ਦਾ ਮੌਕਾ ਮਿਲਿਆ। ਉਹ ਹੁਣ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਵਿਚ ਸੇਵਾ ਕਰਦਾ ਹੈ। ਯਹੋਵਾਹ ਦੀ ਬਰਕਤ ਵਾਕਈ “ਧਨੀ ਬਣਾਉਂਦੀ ਹੈ।”

17 ਇਕ ਹੋਰ ਮਿਸਾਲ ਇਕ ਮਸੀਹੀ ਭੈਣ ਦੀ ਹੈ। ਉਸ ਦੇ ਪਰਿਵਾਰ ਵਿਚ ਉੱਚ ਵਿੱਦਿਆ ਨੂੰ ਹੀ ਸਭ ਕੁਝ ਸਮਝਿਆ ਜਾਂਦਾ ਸੀ। ਉਸ ਨੇ ਫਰਾਂਸ, ਮੈਕਸੀਕੋ ਅਤੇ ਸਵਿਟਜ਼ਰਲੈਂਡ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਈ ਕੀਤੀ ਤੇ ਉਸ ਦਾ ਭਵਿੱਖ ਉੱਜਲ ਨਜ਼ਰ ਆ ਰਿਹਾ ਸੀ। ਭੈਣ ਦੱਸਦੀ ਹੈ: “ਹਰ ਕਦਮ ਤੇ ਸਫ਼ਲਤਾ ਮੇਰੇ ਕਦਮ ਚੁੰਮ ਰਹੀ ਸੀ ਅਤੇ ਮੇਰੀ ਪ੍ਰਸਿੱਧੀ ਵਧਦੀ ਗਈ। ਪਰ ਅੰਦਰੋਂ ਮੈਂ ਖ਼ੁਸ਼ ਨਹੀਂ ਸੀ। ਮੈਨੂੰ ਸਭ ਕੁਝ ਖਾਲੀ-ਖਾਲੀ ਲੱਗਦਾ ਸੀ।” ਫਿਰ ਇਕ ਦਿਨ ਉਸ ਨੇ ਯਹੋਵਾਹ ਬਾਰੇ ਸਿੱਖਿਆ। ਉਸ ਨੇ ਅੱਗੇ ਦੱਸਿਆ: “ਜਦੋਂ ਮੈਂ ਯਹੋਵਾਹ ਬਾਰੇ ਸਿੱਖਿਆ, ਤਾਂ ਮੈਨੂੰ ਅਹਿਸਾਸ ਹੋਇਆ ਕਿ ਉਸ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਹੈ। ਮੇਰੇ ਦਿਲ ਵਿਚ ਯਹੋਵਾਹ ਨੂੰ ਖ਼ੁਸ਼ ਕਰਨ ਦੀ ਇੱਛਾ ਪੈਦਾ ਹੋਈ। ਮੈਂ ਮਨ ਬਣਾ ਲਿਆ ਕਿ ਮੈਂ ਪੂਰਾ ਸਮਾਂ ਉਸ ਦੀ ਸੇਵਾ ਕਰਾਂਗੀ।” ਭੈਣ ਨੇ ਕੰਮ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਬਪਤਿਸਮਾ ਲੈ ਲਿਆ। ਉਹ ਹੁਣ ਪਿਛਲੇ 20 ਸਾਲਾਂ ਤੋਂ ਪੂਰਾ ਸਮਾਂ ਯਹੋਵਾਹ ਦੀ ਸੇਵਾ ਕਰ ਰਹੀ ਹੈ। ਉਹ ਕਹਿੰਦੀ ਹੈ: “ਕਈਆਂ ਨੂੰ ਲੱਗਦਾ ਹੈ ਕਿ ਮੈਂ ਬੇਵਕੂਫ਼ ਹਾਂ, ਪਰ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਮੈਂ ਬਹੁਤ ਖ਼ੁਸ਼ ਹਾਂ। ਉਹ ਮੇਰੇ ਅਸੂਲਾਂ ਦੀ ਵੀ ਤਾਰੀਫ਼ ਕਰਦੇ ਹਨ। ਮੈਂ ਹਰ ਰੋਜ਼ ਯਹੋਵਾਹ ਨੂੰ ਇਹੋ ਦੁਆ ਕਰਦੀ ਹਾਂ ਕਿ ਮੈਂ ਹਲੀਮ ਬਣੀ ਰਹਾਂ ਅਤੇ ਮੇਰੇ ਤੇ ਉਸ ਦੀ ਅਸੀਸ ਰਹੇ।”

18. ਪੌਲੁਸ ਵਾਂਗ ਅਸੀਂ ਵੀ ਪਰਮੇਸ਼ੁਰ ਦੇ ਅੱਗੇ ਧਨਵਾਨ ਕਿਵੇਂ ਬਣ ਸਕਦੇ ਹਾਂ?

18 ਸੌਲੁਸ ਜੋ ਬਾਅਦ ਵਿਚ ਪੌਲੁਸ ਰਸੂਲ ਦੇ ਨਾਂ ਤੋਂ ਜਾਣਿਆ ਜਾਣ ਲੱਗਾ, ਵੱਡਾ ਨਾਂ ਤੇ ਸ਼ੁਹਰਤ ਕਮਾ ਸਕਦਾ ਸੀ। ਪਰ ਮਸੀਹ ਦਾ ਚੇਲਾ ਬਣਨ ਤੋਂ ਬਾਅਦ ਉਸ ਨੇ ਲਿਖਿਆ: “ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ।” (ਫ਼ਿਲਿੱਪੀਆਂ 3:7, 8) ਪੌਲੁਸ ਦੀ ਨਜ਼ਰ ਵਿਚ ਮਸੀਹ ਦੁਆਰਾ ਮਿਲਿਆ ਰੂਹਾਨੀ ਧਨ ਦੁਨੀਆਂ ਦੀ ਹਰ ਚੀਜ਼ ਨਾਲੋਂ ਉੱਤਮ ਸੀ। ਇਸੇ ਤਰ੍ਹਾਂ ਜੇ ਅਸੀਂ ਵੀ ਇਸ ਦੁਨੀਆਂ ਵਿਚ ਨਾਂ ਤੇ ਸ਼ੁਹਰਤ ਕਮਾਉਣ ਦਾ ਲੋਭ ਛੱਡ ਕੇ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਈਏ, ਤਾਂ ਅਸੀਂ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਨੀ ਹੋਵਾਂਗੇ। ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿੰਦਾ ਹੈ: “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।”—ਕਹਾਉਤਾਂ 22:4.

ਕੀ ਤੁਸੀਂ ਦੱਸ ਸਕਦੇ ਹੋ?

• ਯਿਸੂ ਦੀ ਕਹਾਣੀ ਵਿਚ ਧਨਵਾਨ ਦੀ ਕੀ ਸਮੱਸਿਆ ਸੀ?

• ਧਨਵਾਨ ਨੂੰ ਕਿਉਂ ਨਾਦਾਨ ਕਿਹਾ ਗਿਆ ਹੈ?

• ਪਰਮੇਸ਼ੁਰ ਦੇ ਅੱਗੇ ਧਨੀ ਬਣਨ ਦਾ ਕੀ ਮਤਲਬ ਹੈ?

• ਅਸੀਂ ਪਰਮੇਸ਼ੁਰ ਦੇ ਅੱਗੇ ਧਨੀ ਕਿਵੇਂ ਬਣ ਸਕਦੇ ਹਾਂ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਧਨਵਾਨ ਕਿਉਂ ਨਾਦਾਨ ਸੀ?

[ਸਫ਼ਾ 27 ਉੱਤੇ ਤਸਵੀਰ]

ਨਾਂ ਤੇ ਸ਼ੁਹਰਤ ਕਮਾਉਣ ਦੇ ਸੁਨਹਿਰੇ ਮੌਕੇ ਸਾਡੀ ਨਿਹਚਾ ਨੂੰ ਕਿਵੇਂ ਪਰਖ ਸਕਦੇ ਹਨ?

[ਸਫ਼ੇ 28, 29 ਉੱਤੇ ਤਸਵੀਰ]

“ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ”