Skip to content

Skip to table of contents

ਕੀ ਪਰਮੇਸ਼ੁਰ ਦੀਆਂ ਨਜ਼ਰਾਂ ਤੁਹਾਡੇ ਉੱਤੇ ਹਨ?

ਕੀ ਪਰਮੇਸ਼ੁਰ ਦੀਆਂ ਨਜ਼ਰਾਂ ਤੁਹਾਡੇ ਉੱਤੇ ਹਨ?

ਕੀ ਪਰਮੇਸ਼ੁਰ ਦੀਆਂ ਨਜ਼ਰਾਂ ਤੁਹਾਡੇ ਉੱਤੇ ਹਨ?

ਕੀ ਮਹਾਨ ਸਿਰਜਣਹਾਰ ਵਿਚ ਦੇਖਣ ਦੀ ਕਾਬਲੀਅਤ ਹੈ? ਹਾਂ, ਬਿਲਕੁਲ ਹੈ। ਬਾਈਬਲ ਦੱਸਦੀ ਹੈ: “ਜਿਸ ਨੇ ਅੱਖ ਰਚੀ, ਭਲਾ, ਉਹ ਨਹੀਂ ਵੇਖੇਗਾ?” (ਜ਼ਬੂਰਾਂ ਦੀ ਪੋਥੀ 94:9) ਯਹੋਵਾਹ ਦੀ ਨਜ਼ਰ ਇਨਸਾਨਾਂ ਦੀ ਨਜ਼ਰ ਨਾਲੋਂ ਬਹੁਤ ਤੇਜ਼ ਹੈ। ਉਹ ਸਿਰਫ਼ ਬਾਹਰੀ ਰੂਪ ਹੀ ਨਹੀਂ ਦੇਖਦਾ, ਸਗੋਂ ਉਹ “ਮਨਾਂ ਦਾ ਪਰਖਣ ਵਾਲਾ” ਹੈ ਅਤੇ “ਦਿਲਾਂ ਨੂੰ ਜਾਚਦਾ” ਹੈ। (ਕਹਾਉਤਾਂ 17:3; 24:12) ਜੀ ਹਾਂ, ਉਹ ਸਾਡੀਆਂ ਸੋਚਾਂ, ਮਨੋਰਥਾਂ ਤੇ ਇੱਛਾਵਾਂ ਬਾਰੇ ਜਾਣਨ ਦੀ ਕਾਬਲੀਅਤ ਰੱਖਦਾ ਹੈ।

ਯਹੋਵਾਹ ਸਾਡੀਆਂ ਮੁਸ਼ਕਲਾਂ ਨੂੰ ਜਾਣਦਾ ਹੈ ਤੇ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ। ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:15, 18) ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਸਾਡੇ ਹਾਲਾਤ ਸਮਝਦਾ ਹੈ ਅਤੇ ਸਾਡੀਆਂ ਦਿਲੋਂ ਕੀਤੀਆਂ ਬੇਨਤੀਆਂ ਸੁਣਦਾ ਹੈ।

ਗੁਪਤ ਵਿਚ ਕੀਤੇ ਜਾਂਦੇ ਕੰਮਾਂ ਨੂੰ ਵੀ ਯਹੋਵਾਹ ਦੇਖ ਸਕਦਾ ਹੈ। ਬਾਈਬਲ ਦੱਸਦੀ ਹੈ ਕਿ “ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬਰਾਨੀਆਂ 4:13) ਸੋ ਸਾਡੇ ਚੰਗੇ-ਮਾੜੇ ਸਾਰੇ ਕੰਮਾਂ ਨੂੰ ਯਹੋਵਾਹ ਦੇਖਦਾ ਹੈ। (ਕਹਾਉਤਾਂ 15:3) ਉਦਾਹਰਣ ਲਈ ਉਤਪਤ 6:8, 9 ਵਿਚ ਕਿਹਾ ਗਿਆ ਹੈ ਕਿ “ਨੂਹ ਉੱਤੇ ਯਹੋਵਾਹ ਦੀ ਕਿਰਪਾ ਦੀ ਨਿਗਾਹ ਹੋਈ” ਅਤੇ ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” ਜੀ ਹਾਂ, ਨੂਹ ਉੱਤੇ ਯਹੋਵਾਹ ਦੀ ਕਿਰਪਾ ਹੋਈ ਕਿਉਂਕਿ ਨੂਹ ਪਰਮੇਸ਼ੁਰ ਦੇ ਧਰਮੀ ਅਸੂਲਾਂ ਤੇ ਚੱਲਿਆ ਅਤੇ ਉਸ ਦੇ ਹੁਕਮ ਮੰਨੇ। (ਉਤਪਤ 6:22) ਪਰ ਨੂਹ ਦੇ ਜ਼ਮਾਨੇ ਦੇ ਲੋਕ ਹਿੰਸਕ ਅਤੇ ਬਦਚਲਣ ਸਨ। ਪਰਮੇਸ਼ੁਰ ਤੋਂ ਉਨ੍ਹਾਂ ਦੇ ਕੰਮ ਲੁਕੇ ਹੋਏ ਨਹੀਂ ਸਨ। ਉਸ ਨੇ “ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।” ਇਸ ਲਈ, ਯਹੋਵਾਹ ਨੇ ਸਾਰੇ ਬੁਰੇ ਲੋਕਾਂ ਨੂੰ ਖ਼ਤਮ ਕਰ ਦਿੱਤਾ, ਪਰ ਨੂਹ ਤੇ ਉਸ ਦੇ ਪਰਿਵਾਰ ਨੂੰ ਬਚਾਇਆ।—ਉਤਪਤ 6:5; 7:23.

ਕੀ ਤੁਹਾਡੇ ਉੱਤੇ ਵੀ ਪਰਮੇਸ਼ੁਰ ਦੀ ਕਿਰਪਾ ਦੀ ਨਿਗਾਹ ਹੋਵੇਗੀ? ਯਹੋਵਾਹ ਦੀਆਂ ਨਜ਼ਰਾਂ ਤਾਂ “ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤਹਾਸ 16:9) ਜਲਦੀ ਹੀ ਉਹ ਸਾਰੀ ਦੁਨੀਆਂ ਵਿੱਚੋਂ ਬੁਰੇ ਲੋਕਾਂ ਨੂੰ ਖ਼ਤਮ ਕਰੇਗਾ ਅਤੇ ਉਸ ਦੇ ਅਸੂਲਾਂ ਤੇ ਚੱਲਣ ਵਾਲੇ ਨਿਮਰ ਲੋਕਾਂ ਨੂੰ ਬਚਾਵੇਗਾ।—ਜ਼ਬੂਰਾਂ ਦੀ ਪੋਥੀ 37:10, 11.