Skip to content

Skip to table of contents

ਜਾਰਜੀਆ ਦੇ ਇਕ ਸੰਮੇਲਨ ਵਿਚ ਦੋ-ਦੋ “ਕ੍ਰਿਸ਼ਮੇ”

ਜਾਰਜੀਆ ਦੇ ਇਕ ਸੰਮੇਲਨ ਵਿਚ ਦੋ-ਦੋ “ਕ੍ਰਿਸ਼ਮੇ”

ਜਾਰਜੀਆ ਦੇ ਇਕ ਸੰਮੇਲਨ ਵਿਚ ਦੋ-ਦੋ “ਕ੍ਰਿਸ਼ਮੇ”

ਜਾਰਜੀਆ ਵਿਚ 2006 ਨੂੰ ਇਕ ਯਾਦਗਾਰ ਮੌਕੇ ਤੇ ਦੋ-ਦੋ “ਕ੍ਰਿਸ਼ਮੇ” ਹੋਏ। ਜਾਰਜੀਆ ਵਿਚ 7-9 ਜੁਲਾਈ ਨੂੰ ਛੇ ਥਾਵਾਂ ਤੇ ਤਿੰਨ-ਦਿਨਾ ਸੰਮੇਲਨ ਹੋਏ। ਸੰਮੇਲਨ ਦਾ ਵਿਸ਼ਾ ਸੀ “ਸਾਡਾ ਛੁਟਕਾਰਾ ਨੇੜੇ ਹੈ!” ਇਸ ਰੂਹਾਨੀ ਦਾਅਵਤ ਵਿਚ 17,000 ਤੋਂ ਵੀ ਜ਼ਿਆਦਾ ਲੋਕ ਹਾਜ਼ਰ ਹੋਏ।

ਇਹ ਸੰਮੇਲਨ ਜਾਰਜੀਆ ਦੀ ਰਾਜਧਾਨੀ ਤਬਿਲਿਸੀ ਵਿਚ ਕੀਤਾ ਜਾਣਾ ਸੀ ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਣ ਵਾਲੇ ਸਨ। ਇਸ ਲਈ ਜਨਵਰੀ 2006 ਤੋਂ ਹੀ ਸੰਮੇਲਨ ਵਾਸਤੇ ਥਾਂ ਦੀ ਭਾਲ ਸ਼ੁਰੂ ਹੋ ਗਈ। ਇਸ ਦੇ ਨਾਲ-ਨਾਲ ਜਾਰਜੀਆ ਦੀਆਂ ਬਾਕੀ ਥਾਵਾਂ ਤੇ ਹੋਣ ਵਾਲੇ ਸੰਮੇਲਨਾਂ ਵਿਚ ਆਉਣ ਵਾਲੇ ਲੋਕਾਂ ਲਈ ਤਬਿਲਿਸੀ ਤੋਂ ਟੈਲੀਫ਼ੋਨ ਦੇ ਜ਼ਰੀਏ ਪ੍ਰੋਗ੍ਰਾਮ ਨੂੰ ਸੁਣਨ ਦਾ ਪ੍ਰਬੰਧ ਕੀਤਾ ਜਾਣਾ ਸੀ।

ਜਾਰਜੀਆ ਵਿਚ ਪਿਛਲੇ ਕਈ ਸਾਲਾਂ ਤੋਂ ਗਵਾਹਾਂ ਨੂੰ ਭਗਤੀ ਕਰਨ ਦੀ ਆਜ਼ਾਦੀ ਹੌਲੀ-ਹੌਲੀ ਮਿਲੀ ਹੈ। ਅਤੀਤ ਵਿਚ ਬੇਸ਼ੁਮਾਰ ਸਤਾਹਟਾਂ ਸਹਿਣ ਦੇ ਬਾਵਜੂਦ ਗਵਾਹ ਇਸ ਭਰੋਸੇ ਨਾਲ ਅੱਗੇ ਵਧੇ ਕਿ ਉਨ੍ਹਾਂ ਨੂੰ ਰਾਜਧਾਨੀ ਵਿਚ ਸੰਮੇਲਨ ਕਰਨ ਲਈ ਥਾਂ ਜ਼ਰੂਰ ਮਿਲ ਜਾਵੇਗੀ। ਜਾਰਜੀਆ ਦੇ ਲੋਕ ਨਿੱਘੇ

ਸੁਭਾਅ ਦੇ ਤੇ ਪਰਾਹੁਣਚਾਰੀ ਹਨ। ਪਰ ਕੁਝ ਅਧਿਕਾਰੀਆਂ ਨੂੰ ਦੂਜੇ ਧਰਮਾਂ ਦੇ ਲੋਕ ਪਸੰਦ ਨਹੀਂ। ਕੀ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਨੂੰ ਇਕ ਪਾਸੇ ਰੱਖ ਕੇ ਗਵਾਹਾਂ ਨੂੰ ਕਿਰਾਏ ਤੇ ਥਾਂ ਲੈਣ ਦਿੱਤੀ?

ਸੰਮੇਲਨ ਕਮੇਟੀ ਦੇ ਭਰਾ ਵੱਖ-ਵੱਖ ਸਟੇਡੀਅਮਾਂ ਤੇ ਵੱਡੇ-ਵੱਡੇ ਸਪੋਰਟਸ ਹਾਲਾਂ ਨੂੰ ਦੇਖਣ ਗਏ। ਮੈਨੇਜਰ ਇਹ ਥਾਵਾਂ ਕਿਰਾਏ ਤੇ ਦੇਣ ਲਈ ਰਾਜ਼ੀ ਹੋ ਗਏ, ਪਰ ਜਦ ਉਨ੍ਹਾਂ ਨੂੰ ਸੰਮੇਲਨ ਦੀਆਂ ਤਾਰੀਖ਼ਾਂ ਦੱਸੀਆਂ, ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਸੰਮੇਲਨ ਕਮੇਟੀ ਹੱਕੀ-ਬੱਕੀ ਰਹਿ ਗਈ ਜਦ ਤਬਿਲਿਸੀ ਆਰਕੈਸਟਰਾ ਵਾਲੇ ਆਪਣਾ ਮਿਊਜ਼ਿਕ ਹਾਲ ਯਹੋਵਾਹ ਦੇ ਗਵਾਹਾਂ ਨੂੰ ਕਿਰਾਏ ਤੇ ਦੇਣ ਲਈ ਮੰਨ ਗਏ। ਇਹ ਹਾਲ ਸ਼ਹਿਰ ਦੇ ਵਿਚਕਾਰ ਸਥਿਤ ਹੈ ਜਿੱਥੇ ਕਈ ਵੱਡੇ-ਵੱਡੇ ਪ੍ਰੋਗ੍ਰਾਮ ਹੁੰਦੇ ਹਨ।

ਆਪਣੇ ਜਤਨਾਂ ਨੂੰ ਸਫ਼ਲ ਹੁੰਦੇ ਦੇਖ ਕੇ ਕਮੇਟੀ ਨੇ ਤਬਿਲਿਸੀ ਦੇ ਸੰਮੇਲਨ ਦੀਆਂ ਤਿਆਰੀਆਂ ਕਰਨ ਦੇ ਨਾਲ-ਨਾਲ ਟਸਨੌਰੀ, ਕੂਟਾਈਸੀ, ਜ਼ੁਗਡੀਡੀ, ਕਾਸਪੀ ਤੇ ਗੌਰੀ ਵਿਚ ਹੋਣ ਵਾਲੇ ਸੰਮੇਲਨਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਥਾਵਾਂ ਨੂੰ ਟੈਲੀਫ਼ੋਨ ਨਾਲ ਜੋੜਨ ਲਈ ਬਹੁਤ ਸਾਰਾ ਕੰਮ ਕੀਤਾ ਗਿਆ ਤਾਂਕਿ ਇਨ੍ਹਾਂ ਥਾਵਾਂ ਤੇ ਹਾਜ਼ਰ ਹੋਣ ਵਾਲੇ ਲੋਕ ਤਬਿਲਿਸੀ ਤੋਂ ਸਾਰਾ ਪ੍ਰੋਗ੍ਰਾਮ ਸੁਣ ਸਕਣ। ਸੰਮੇਲਨ ਦਾ ਸਾਰਾ ਇੰਤਜ਼ਾਮ ਹੋ ਚੁੱਕਾ ਸੀ। ਫਿਰ ਅਚਾਨਕ ਸੰਮੇਲਨ ਤੋਂ ਇਕ ਹਫ਼ਤਾ ਪਹਿਲਾਂ ਤਬਿਲਿਸੀ ਆਰਕੈਸਟਰਾ ਵਾਲਿਆਂ  ਨੇ  ਬਿਨਾਂ ਕਿਸੇ ਵਜ੍ਹਾ ਦੇ ਹਾਲ ਦੀ ਬੁਕਿੰਗ ਰੱਦ ਕਰ ਦਿੱਤੀ।

ਪਹਿਲਾ “ਕਰਿਸ਼ਮਾ”

ਇਸ ਆਖ਼ਰੀ ਘੜੀ ਵਿਚ ਕਮੇਟੀ ਦੇ ਭਰਾ ਕੀ ਕਰ ਸਕਦੇ ਸਨ? ਹੁਣ ਉਨ੍ਹਾਂ ਲਈ ਇੱਕੋ ਜਗ੍ਹਾ ਬਚੀ ਸੀ। ਉਹ ਸੀ ਤਬਿਲਿਸੀ ਤੋਂ 40 ਕਿਲੋਮੀਟਰ ਦੂਰ ਮਾਰਨੁਲੀ ਦਾ ਖੇਤੀਬਾੜੀ ਇਲਾਕਾ। ਇਹ ਜਗ੍ਹਾ ਯਹੋਵਾਹ ਦੇ ਗਵਾਹਾਂ ਦੇ ਇਕ ਪਰਿਵਾਰ ਦੀ ਹੈ ਤੇ ਇੱਥੇ ਪਹਿਲਾਂ ਵੀ ਕਈ ਸੰਮੇਲਨ ਕੀਤੇ ਗਏ ਹਨ। ਇੱਥੇ ਪਹਿਲਾਂ ਇਕ ਵੱਡਾ ਸਾਰਾ ਬਾਗ਼ ਹੁੰਦਾ ਸੀ। ਪਿਛਲੇ ਦਸਾਂ ਸਾਲਾਂ ਤੋਂ ਤਬਿਲਿਸੀ ਦੀਆਂ ਕਲੀਸਿਯਾਵਾਂ ਇਸ ਥਾਂ ਤੇ ਹੀ ਸੰਮੇਲਨ ਕਰਦੀਆਂ ਆਈਆਂ ਹਨ। ਪਰ ਮਾਰਨੁਲੀ ਅਜਿਹੀ ਥਾਂ ਵੀ ਹੈ ਜਿੱਥੇ ਗੁੱਸੇ ਵਿਚ ਪਾਗਲ ਹੋਈ ਭੀੜ ਨੇ ਕਈ ਵਾਰ ਯਹੋਵਾਹ ਦੇ ਗਵਾਹਾਂ ਉੱਤੇ ਹਮਲਾ ਕੀਤਾ ਹੈ।

ਇਕ ਹਮਲਾ 16 ਸਤੰਬਰ 2000 ਨੂੰ ਹੋਇਆ ਸੀ। ਗਵਾਹਾਂ ਨੂੰ ਸੰਮੇਲਨ ਵਿਚ ਜਾਣ ਤੋਂ ਰੋਕਣ ਲਈ ਮਾਰਨੁਲੀ ਦੀ ਪੁਲਸ ਨੇ ਨਾਕਾਬੰਦੀ ਲਗਾ ਰੱਖੀ ਸੀ। ਫਿਰ ਵਾਸੀਲੀ ਮਕਾਲਾਵੀਸ਼ਵੀਲੀ ਨਾਂ ਦੇ ਪਾਦਰੀ ਦੇ ਇਸ਼ਾਰੇ ਤੇ ਗੁੰਡਿਆਂ ਨਾਲ ਭਰੀਆਂ ਬੱਸਾਂ ਆ ਗਈਆਂ। ਉਨ੍ਹਾਂ ਨੇ ਮਾਰਨੁਲੀ ਸੰਮੇਲਨ ਵਿਚ ਜਾਣ ਵਾਲੀਆਂ ਬੱਸਾਂ-ਕਾਰਾਂ ਨੂੰ ਰੋਕਿਆ ਅਤੇ ਕਈ ਭੈਣਾਂ-ਭਰਾਵਾਂ ਨੂੰ ਖਿੱਚ-ਧੂਹ ਕੇ ਬਾਹਰ ਕੱਢਿਆ ਤੇ ਬੇਰਹਿਮੀ ਨਾਲ ਮਾਰਿਆ-ਕੁੱਟਿਆ। ਕਈਆਂ ਦੀਆਂ ਚੀਜ਼ਾਂ ਖੋਹਣ ਦੇ ਨਾਲ-ਨਾਲ ਉਨ੍ਹਾਂ ਨੇ ਬਾਈਬਲਾਂ ਅਤੇ ਪ੍ਰਕਾਸ਼ਨ ਵੀ ਖੋਹ ਲਏ।

ਮਾਰਨੁਲੀ ਵਿਚ ਸੰਮੇਲਨ ਦੀ ਥਾਂ ਤੇ ਵੀ 60 ਲੋਕਾਂ ਨੇ ਆ ਕੇ ਹਮਲਾ ਕੀਤਾ। ਕੁਝ 40 ਗਵਾਹ ਜ਼ਖ਼ਮੀ ਹੋ ਗਏ। ਇਕ ਭਰਾ ਦੀ ਛਾਤੀ ਵਿਚ ਚਾਕੂ ਮਾਰ ਦਿੱਤਾ ਗਿਆ। ਕੁਝ ਹਮਲਾਵਰਾਂ ਕੋਲ ਛੋਟੀਆਂ-ਛੋਟੀਆਂ ਬੰਦੂਕਾਂ ਸਨ ਜਿਨ੍ਹਾਂ ਨਾਲ ਉਨ੍ਹਾਂ ਨੇ ਹਵਾ ਵਿਚ ਅੰਧਾ-ਧੁੰਦ ਫਾਇਰਿੰਗ ਕੀਤੀ। ਇਕ ਜਣੇ ਨੇ ਬੰਦੂਕ ਦੀ ਨੋਕ ਤੇ ਜਗ੍ਹਾ ਦੀ ਮਾਲਕਣ ਕੋਲੋਂ ਪੈਸੇ ਅਤੇ ਗਹਿਣੇ ਮੰਗੇ। ਹਮਲਾਵਰਾਂ ਨੇ ਉਸ ਦੇ ਘਰ ਦੀ ਫਰੋਲਾ-ਫਰਾਲੀ ਕਰ ਕੇ ਉਸ ਦੀਆਂ ਕੀਮਤੀ ਚੀਜ਼ਾਂ ਚੁਰਾ ਲਈਆਂ। ਘਰ ਦੀਆਂ ਸਾਰੀਆਂ ਖਿੜਕੀਆਂ ਦੀ ਭੰਨ-ਤੋੜ ਕਰਨ ਤੋਂ ਬਾਅਦ, ਉਨ੍ਹਾਂ ਨੇ ਬਾਈਬਲ-ਆਧਾਰਿਤ ਕਿਤਾਬਾਂ-ਰਸਾਲੇ ਅਤੇ ਸੰਮੇਲਨ ਵਿਚ ਬੈਠਣ ਲਈ ਬਣਾਏ ਬੈਂਚਾਂ ਨੂੰ ਸਾੜ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਡੇਢ ਟਨ ਸਾਹਿੱਤ ਤਬਾਹ ਕਰ ਦਿੱਤਾ। ਇਸ ਅਪਰਾਧ ਨੂੰ ਰੋਕਣ ਦੀ ਬਜਾਇ ਪੁਲਸ ਨੇ ਵੀ ਗਵਾਹਾਂ ਖ਼ਿਲਾਫ਼ ਹਮਲਾਵਰਾਂ ਦਾ ਸਾਥ ਦਿੱਤਾ। *

ਹੁਣ ਮਾਰਨੁਲੀ ਵਿਚ ਸੰਮੇਲਨ ਕਮੇਟੀ ਨੂੰ ਨਾ ਸਿਰਫ਼ ਗੁੰਡਿਆਂ ਦਾ ਡਰ ਸੀ, ਬਲਕਿ ਉਨ੍ਹਾਂ ਅੱਗੇ ਇਹ ਵੀ ਸਮੱਸਿਆ ਸੀ ਕਿ 2,500 ਲੋਕਾਂ ਦੇ ਬੈਠਣ ਦੀ ਜਗ੍ਹਾ ਤੇ 5,000 ਲੋਕਾਂ ਨੂੰ ਕਿਵੇਂ ਬਿਠਾਇਆ ਜਾਵੇ। ਇੰਨੇ ਘੱਟ ਸਮੇਂ ਵਿਚ ਇਸ ਸਮੱਸਿਆ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਸੀ? ਫਿਰ ਜਿਵੇਂ ਇਕ ਕ੍ਰਿਸ਼ਮਾ ਹੋਇਆ। ਸੰਮੇਲਨ ਦੀ ਥਾਂ ਨਾਲ ਲੱਗਦੀ ਜ਼ਮੀਨ ਦੇ ਦੋ ਮਾਲਕਾਂ ਨੇ ਕਿਰਾਏ ਤੇ ਆਪਣੇ ਦੋ ਖੇਤ ਦੇਣੇ ਚਾਹੇ।

ਇਨ੍ਹਾਂ ਦੋਹਾਂ ਖੇਤਾਂ ਨੂੰ ਸੰਮੇਲਨ ਲਈ ਢੁਕਵਾਂ ਬਣਾਉਣਾ ਬੜਾ ਔਖਾ ਕੰਮ ਸੀ। ਮੌਸਮ ਨੇ ਸਥਿਤੀ ਹੋਰ ਵਿਗਾੜ ਦਿੱਤੀ ਕਿਉਂਕਿ ਸੰਮੇਲਨ ਤੋਂ ਪੂਰਾ ਇਕ ਹਫ਼ਤਾ ਪਹਿਲਾਂ ਮੀਂਹ ਪੈਂਦਾ ਰਿਹਾ। ਗੁਆਂਢੀਆਂ ਦੇ ਖੇਤਾਂ ਵਿਚ ਆਲੂ ਬੀਜੇ ਹੋਏ ਸਨ ਜਿਨ੍ਹਾਂ ਨੂੰ ਪੁੱਟਣਾ ਜ਼ਰੂਰੀ ਸੀ। ਇਸ ਲਈ ਪਹਿਲਾਂ ਵਲੰਟੀਅਰਾਂ ਨੇ ਮੀਂਹ ਵਿਚ ਆਲੂ ਪੁੱਟੇ। ਫਿਰ ਵਾੜਾਂ ਨੂੰ ਹਟਾ ਕੇ ਥੰਮ੍ਹੀਆਂ ਖੜ੍ਹੀਆਂ ਕੀਤੀਆਂ ਜਿਨ੍ਹਾਂ ਉੱਤੇ ਤਰਪਾਲਾਂ ਪਾ ਦਿੱਤੀਆਂ ਗਈਆਂ ਤਾਂਕਿ ਹਾਜ਼ਰ ਹੋਣ ਵਾਲੇ ਲੋਕਾਂ ਦਾ ਮੀਂਹ-ਧੁੱਪ ਤੋਂ ਬਚਾ ਹੋ ਸਕੇ। ਇਸ ਤੋਂ ਇਲਾਵਾ, ਲੱਕੜ ਦੇ ਹੋਰ ਬੈਂਚ ਬਣਾਉਣ ਅਤੇ ਲਾਊਡ ਸਪੀਕਰ ਵਗੈਰਾ ਲਾਉਣ ਦੀ ਲੋੜ ਸੀ। ਵਲੰਟੀਅਰ ਦਿਨ-ਰਾਤ ਇਕ ਕਰ ਕੇ ਲੱਕੜਾਂ ਨੂੰ ਚੀਰਨ, ਉਨ੍ਹਾਂ ਨੂੰ ਮੇਖਾਂ ਨਾਲ ਜੋੜਨ ਦੇ ਨਾਲ-ਨਾਲ ਹੋਰ ਜ਼ਰੂਰੀ ਕੰਮ ਕਰਦੇ ਰਹੇ। ਕੁਝ ਨੇ ਤਾਂ ਆਪਣੀ ਰਾਤਾਂ ਦੀ ਨੀਂਦ ਕੁਰਬਾਨ ਕਰ ਦਿੱਤੀ।

ਹਰ ਕੋਈ ਸੋਚ ਰਿਹਾ ਸੀ ਕਿ “ਜੇ ਸੰਮੇਲਨ ਦੌਰਾਨ ਮੀਂਹ ਪੈਂਦਾ ਰਿਹਾ, ਤਾਂ ਕੀ ਹੋਵੇਗਾ? ਲੋਕ ਕਿਤੇ ਗਾਰੇ ਵਿਚ ਤਾਂ ਨਹੀਂ ਧੁੱਸ ਜਾਣਗੇ?” ਚਿੱਕੜ ਨੂੰ ਢਕਣ ਲਈ ਘਾਹ-ਫੂਸ ਖ਼ਰੀਦਿਆ ਗਿਆ। ਖ਼ੁਸ਼ੀ ਦੀ ਗੱਲ ਹੈ ਕਿ ਸੰਮੇਲਨ ਦੇ ਤਿੰਨੇ ਦਿਨ ਧੁੱਪ ਨਿਕਲੀ ਰਹੀ!

ਸੰਮੇਲਨ ਵਿਚ ਪਹੁੰਚੇ ਭੈਣ-ਭਰਾਵਾਂ ਦਾ ਖੂਬਸੂਰਤ ਨਜ਼ਾਰੇ ਨੇ ਸੁਆਗਤ ਕੀਤਾ। ਹਰਿਆ-ਭਰਿਆ ਇਹ ਸ਼ਾਂਤ ਪੇਂਡੂ ਇਲਾਕਾ ਨਵੀਂ ਦੁਨੀਆਂ ਦੀ ਝਲਕ ਲੱਗ ਰਿਹਾ ਸੀ। ਆਰਾਮ ਨਾਲ ਬੈਠੇ ਭੈਣ-ਭਰਾ ਅੰਜ਼ੀਰਾਂ ਤੇ ਹੋਰ ਫਲਾਂ ਦੇ ਦਰਖ਼ਤਾਂ, ਮੱਕੀ ਅਤੇ ਟਮਾਟਰਾਂ ਦੇ ਖੇਤਾਂ ਨਾਲ ਘਿਰੇ ਹੋਏ ਸਨ। ਸਟੇਜ ਦਾ ਪਿਛਲਾ ਪਾਸਾ ਅੰਗੂਰਾਂ ਦੀਆਂ ਵੇਲਾਂ ਨਾਲ ਸਜਿਆ ਹੋਇਆ ਸੀ। ਪ੍ਰੋਗ੍ਰਾਮ ਦੇ ਵਿਚ-ਵਿਚਾਲੇ ਹਾਜ਼ਰੀਨ ਮੁਰਗੇ-ਮੁਰਗੀਆਂ ਦੀਆਂ ਆਵਾਜ਼ਾਂ ਸੁਣਦੇ ਸਨ। ਹੋਰ ਵੀ ਕਈ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਜਿਨ੍ਹਾਂ ਨੂੰ ਸੁਣ ਕੇ ਸੰਮੇਲਨ ਵਿਚ ਹਾਜ਼ਰ ਲੋਕਾਂ ਨੂੰ ਹਾਸਾ ਆ ਜਾਂਦਾ ਸੀ। ਪਰ ਉਨ੍ਹਾਂ ਨੇ ਆਪਣਾ ਧਿਆਨ ਨਹੀਂ ਭਟਕਣ ਦਿੱਤਾ ਕਿਉਂਕਿ ਉਨ੍ਹਾਂ ਨੇ ਬਾਈਬਲ ਤੇ ਆਧਾਰਿਤ ਵਧੀਆ ਪ੍ਰੋਗ੍ਰਾਮ ਸੁਣਨ ਦਾ ਮਨ ਬਣਾਇਆ ਹੋਇਆ ਸੀ। ਪਰ ਇਸ ਸੰਮੇਲਨ ਦੇ ਸਿਰਫ਼ ਇਹੀ ਪਲ ਯਾਦ ਰੱਖਣ ਯੋਗ ਨਹੀਂ ਸਨ।

ਦੂਜਾ “ਕਰਿਸ਼ਮਾ”

ਸ਼ੁੱਕਰਵਾਰ ਸਵੇਰ ਦਾ ਸੈਸ਼ਨ ਖ਼ਤਮ ਹੋਣ ਵੇਲੇ ਸਾਰੇ ਭੈਣ-ਭਰਾ ਹੱਕੇ-ਬੱਕੇ ਰਹਿ ਗਏ ਜਦ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਜੈਫਰੀ ਜੈਕਸਨ ਨੇ ਜੌਰਜੀਅਨ ਭਾਸ਼ਾ ਵਿਚ ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਆਫ ਦ ਹੋਲੀ ਸਕ੍ਰਿਪਚਰਸ ਰਿਲੀਜ਼ ਕੀਤੀ। * ਸਾਰਿਆਂ ਦੀਆਂ ਅੱਖਾਂ ਮੱਲੋ-ਮੱਲੀ ਹੰਝੂਆਂ ਨਾਲ ਭਰ ਆਈਆਂ। ਇਕ ਪਰਿਵਾਰ ਨੇ ਖ਼ੁਸ਼ੀ ਦੇ ਮਾਰੇ ਕਿਹਾ: “ਯਹੋਵਾਹ ਦੇ ਇਸ ਕ੍ਰਿਸ਼ਮੇ ਲਈ ਅਸੀਂ ਉਸ ਦਾ ਧੰਨਵਾਦ ਕੀਤੇ ਬਿਨਾਂ ਨਹੀਂ ਰਹਿ ਸਕਦੇ। ਇੰਨੇ ਘੱਟ ਸਮੇਂ ਵਿਚ ਇੰਨਾ ਵੱਡਾ ਕੰਮ!”

ਟਾਲਨਜੀਹਾ ਕਸਬੇ ਦੀ ਇਕ ਭੈਣ ਨੇ ਟੈਲੀਫ਼ੋਨ ਦੇ ਜ਼ਰੀਏ ਪ੍ਰੋਗ੍ਰਾਮ ਸੁਣਿਆ ਸੀ। ਉਸ ਨੇ ਕਿਹਾ: “ਇਹ ਪੂਰੀ ਬਾਈਬਲ ਮਿਲਣ ਤੇ ਮੈਂ ਇੰਨੀ ਖ਼ੁਸ਼ ਹੋਈ ਕਿ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਇਸ ਤਿੰਨ-ਦਿਨਾ ਸੰਮੇਲਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹ ਸੰਮੇਲਨ ਸੱਚ-ਮੁੱਚ ਇਕ ਯਾਦਗਾਰ ਮੌਕਾ ਸਾਬਤ ਹੋਇਆ।” ਕਾਲੇ ਸਾਗਰ ਦੀ ਸਰਹੱਦ ਤੇ ਸਥਿਤ ਪੱਛਮੀ ਜਾਰਜੀਆ ਦੀ ਕਲੀਸਿਯਾ ਵਿਚ ਜਾਂਦੇ ਇਕ ਪਰਿਵਾਰ ਨੇ ਕਿਹਾ: “ਹੁਣ ਤਕ ਸਾਡੇ ਸਾਰੇ ਪਰਿਵਾਰ ਕੋਲ ਸਿਰਫ਼ ਇਕ ਬਾਈਬਲ ਸੀ, ਪਰ ਹੁਣ ਸਾਡੇ ਚਾਰਾਂ ਕੋਲ ਆਪੋ ਆਪਣੀ ਨਿਊ ਵਰਲਡ ਟ੍ਰਾਂਸਲੇਸ਼ਨ ਹੈ।  ਹੁਣ  ਅਸੀਂ ਸਾਰੇ ਆਪੋ-ਆਪਣੀ ਬਾਈਬਲ ਪੜ੍ਹ ਸਕਦੇ ਹਾਂ।”

ਪਰ ਹਾਜ਼ਰੀਨ ਦੀਆਂ ਅੱਖਾਂ ਤੋਂ ਓਹਲੇ ਸਭ ਕੁਝ ਠੀਕ-ਠਾਕ ਨਹੀਂ ਹੋਇਆ ਸੀ। ਮਿਸਾਲ ਲਈ, ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਸਮੇਂ ਸਿਰ ਛਾਪ ਕੇ ਸੰਮੇਲਨ ਵਾਸਤੇ ਭੇਜ ਦਿੱਤੀ ਗਈ ਸੀ, ਪਰ ਕਸਟਮ-ਵਿਭਾਗ ਦੇ ਅਧਿਕਾਰੀਆਂ ਨੇ ਇਹ ਬਾਈਬਲਾਂ ਸਰਹੱਦ ਪਾਰ ਨਹੀਂ ਲੰਘਣ ਦਿੱਤੀਆਂ। ਇਸ ਲਈ ਭਰਾ ਇਕ ਅਫ਼ਸਰ ਕੋਲ ਗਏ ਜੋ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦੀ ਜਾਂਚ-ਪੜਤਾਲ ਕਰਦਾ ਹੈ। ਉਸ ਅਫ਼ਸਰ ਨੇ ਬਾਈਬਲਾਂ ਸਰਹੱਦੋਂ ਪਾਰ ਲੰਘਾ ਦਿੱਤੀਆਂ ਜੋ ਐਨ ਸਹੀ ਵਕਤ ਤੇ ਪਹੁੰਚ ਗਈਆਂ। ਉਸ ਨੇ ਮਾਰਨੁਲੀ ਸੰਮੇਲਨ ਵਿਚ ਆਪਣਾ ਇਕ ਬੰਦਾ ਵੀ ਭੇਜਿਆ ਤਾਂਕਿ ਉਹ  ਆਪਣੇ  ਦਫ਼ਤਰ ਲਈ ਨਵੀਆਂ ਬਾਈਬਲਾਂ ਲਿਆ ਸਕੇ।

ਜਾਰਜੀਆ ਦੀ ਰਵਾਇਤ ਅਨੁਸਾਰ ਨਿੱਘਾ ਸੁਆਗਤ

ਮਾਰਨੁਲੀ ਸੰਮੇਲਨ ਇਕ ਹੋਰ ਵਜ੍ਹਾ ਕਰਕੇ ਵੀ ਜਾਰਜੀਆ ਦੇ ਭੈਣਾਂ-ਭਰਾਵਾਂ ਲਈ ਅਹਿਮ ਮੌਕਾ ਸੀ। ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਇਕ ਮੈਂਬਰ ਪ੍ਰੋਗ੍ਰਾਮ ਵਿਚ ਸ਼ਾਮਲ ਹੋਇਆ ਸੀ। ਉੱਥੇ ਹਾਜ਼ਰ ਭੈਣ-ਭਰਾ ਇੰਨੇ ਖ਼ੁਸ਼ ਸਨ ਕਿ ਉਹ ਖ਼ੁਦ ਇਸ ਭਰਾ ਨੂੰ ਮਿਲ ਕੇ ਆਪਣੀ ਰਵਾਇਤ ਅਨੁਸਾਰ ਉਸ ਦਾ ਸੁਆਗਤ ਕਰਨਾ ਚਾਹੁੰਦੇ ਸਨ। ਇਸ ਦੇ ਲਈ ਭਰਾ ਜੈਕਸਨ ਸੰਮੇਲਨ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿਚ ਵੀ ਘੰਟਿਆ ਬੱਧੀ ਖੜ੍ਹਾ ਰਹਿ ਕੇ ਉਨ੍ਹਾਂ ਨੂੰ ਮਿਲਦਾ ਰਿਹਾ, ਪਰ ਇਸ ਤੋਂ ਉਹ ਖ਼ੁਸ਼ ਸੀ।

1903 ਵਿਚ ਹੋਏ ਇਕ ਜ਼ਿਲ੍ਹਾ ਸੰਮੇਲਨ ਦੇ ਖ਼ਤਮ ਹੋਣ ਤੇ ਇਕ ਭਰਾ ਨੇ ਕਿਹਾ ਸੀ: “ਇਸ ਸੰਮੇਲਨ ਵਿਚ ਹਾਜ਼ਰ ਹੋ ਕੇ ਮੈਨੂੰ ਜੋ ਫ਼ਾਇਦਾ ਹੋਇਆ, ਉਸ ਦੇ ਬਦਲੇ ਜੇ ਕੋਈ ਮੈਨੂੰ ਹਜ਼ਾਰ ਡਾਲਰ ਵੀ ਦੇਵੇ, ਤਾਂ ਮੈਂ ਨਹੀਂ ਲਵਾਂਗਾ ਭਾਵੇਂ ਕਿ ਮੈਂ ਗ਼ਰੀਬ ਹਾਂ।” ਇਕ ਸਦੀ ਤੋਂ ਬਾਅਦ ਵੀ ਜਾਰਜੀਆ ਵਿਚ 2006 ਦੀਆਂ ਗਰਮੀਆਂ ਵਿਚ ਹੋਏ ਸੰਮੇਲਨਾਂ ਵਿਚ ਹਾਜ਼ਰ ਭੈਣ-ਭਰਾ ਇਸੇ ਤਰ੍ਹਾਂ ਸੋਚਦੇ ਸਨ।

[ਫੁਟਨੋਟ]

^ ਪੈਰਾ 11 ਜਾਰਜੀਆ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਆਈਆਂ ਸਤਾਹਟਾਂ ਸੰਬੰਧੀ ਜ਼ਿਆਦਾ ਜਾਣਕਾਰੀ ਲਈ 22 ਜਨਵਰੀ 2002 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਦੇ ਸਫ਼ੇ 18-24 ਦੇਖੋ।

^ ਪੈਰਾ 17 ਜੌਰਜੀਅਨ ਭਾਸ਼ਾ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ ਦ ਗ੍ਰੀਕ ਸਕ੍ਰਿਪਚਰਸ 2004 ਵਿਚ ਰਿਲੀਜ਼ ਕੀਤੀ ਗਈ ਸੀ।

[ਸਫ਼ਾ 19 ਉੱਤੇ ਡੱਬੀ]

‘ਨਿੱਕਾ ਜਿਹਾ ਹਜ਼ਾਰ ਹੋ ਗਿਆ’

ਜਾਰਜੀਆ ਵਿਚ ਯਸਾਯਾਹ 60:22 ਦੇ ਸ਼ਬਦ ਸੱਚ ਸਾਬਤ ਹੋਏ ਹਨ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।” 20 ਸਾਲਾਂ ਦੇ ਅੰਦਰ-ਅੰਦਰ ਜਾਰਜੀਆ ਵਿਚ ਭੈਣਾਂ-ਭਰਾਵਾਂ ਦੀ ਗਿਣਤੀ 100 ਤੋਂ ਵੱਧ ਕੇ 16,000 ਹੋ ਗਈ ਹੈ। ਇਹ ਜੋਸ਼ੀਲੇ ਭੈਣ-ਭਰਾ ਹਰ ਹਫ਼ਤੇ 8,000 ਬਾਈਬਲ ਸਟੱਡੀਆਂ ਕਰਾਉਂਦੇ ਹਨ ਜੋ ਇਸ ਗੱਲ ਦਾ ਸੰਕੇਤ ਹੈ ਕਿ ਜਾਰਜੀਆ ਵਿਚ ਹੋਰ ਸ਼ਾਨਦਾਰ ਵਾਧਾ ਹੋਵੇਗਾ।

[ਸਫ਼ਾ 16 ਉੱਤੇ ਡਾਇਆਗ੍ਰਾਮ/ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਰਸ਼ੀਅਨ ਫੇਡਰੇਸ਼ਨ (ਰੂਸ)

ਜਾਰਜੀਆ

ਜ਼ੁਗਡੀਡੀ

ਕੂਟਾਈਸੀ

ਮਾਰਨੁਲੀ ਗੌਰੀ

ਕਾਸਪੀ

ਟਸਨੌਰੀ

ਤਬਿਲਿਸੀ

ਤੁਰਕੀ

ਆਰਮੀਨੀਆ

ਅਜ਼ਰਬਾਈਜਨ

[ਕ੍ਰੈਡਿਟ ਲਾਈਨ]

Globe: Based on NASA/Visible Earth imagery

[ਸਫ਼ੇ 16 ਉੱਤੇ ਤਸਵੀਰ]

ਤਬਿਲਿਸੀ ਵਿਚ ਬੁੱਤ

[ਸਫ਼ੇ 17 ਉੱਤੇ ਤਸਵੀਰਾਂ]

ਮਾਰਨੁਲੀ ਤੋਂ ਮੋਬਾਈਲ ਫ਼ੋਨ ਦੇ ਜ਼ਰੀਏ ਹੋਰਨਾਂ ਪੰਜ ਥਾਵਾਂ ਦੇ ਸੰਮੇਲਨਾਂ ਵਿਚ ਪ੍ਰੋਗ੍ਰਾਮ ਸੁਣਾਇਆ ਜਾ ਰਿਹਾ ਸੀ

[ਸਫ਼ੇ 18 ਉੱਤੇ ਤਸਵੀਰਾਂ]

ਜਾਰਜੀਆ ਵਿਚ ਪੂਰੀ “ਨਿਊ ਵਰਲਡ ਟ੍ਰਾਂਸਲੇਸ਼ਨ” ਰਿਲੀਜ਼ ਹੋਣ ਤੇ ਸਾਰੇ ਭੈਣ-ਭਰਾ ਬਹੁਤ ਖ਼ੁਸ਼ ਹੋਏ