Skip to content

Skip to table of contents

ਪਰਮੇਸ਼ੁਰ ਨਾਲ ਰਿਸ਼ਤਾ ਕਿਵੇਂ ਕਾਇਮ ਕੀਤਾ ਜਾ ਸਕਦਾ ਹੈ?

ਪਰਮੇਸ਼ੁਰ ਨਾਲ ਰਿਸ਼ਤਾ ਕਿਵੇਂ ਕਾਇਮ ਕੀਤਾ ਜਾ ਸਕਦਾ ਹੈ?

ਪਰਮੇਸ਼ੁਰ ਨਾਲ ਰਿਸ਼ਤਾ ਕਿਵੇਂ ਕਾਇਮ ਕੀਤਾ ਜਾ ਸਕਦਾ ਹੈ?

ਪੌਲੁਸ ਰਸੂਲ ਨੇ ਲਿਖਿਆ: “ਸਰੀਰਕ ਸੁਭਾਉ ਦਾ ਅਰਥ ਹੈ: ਮੌਤ। ਆਤਮਕ ਹੋਣ ਦਾ ਅਰਥ ਹੈ: ਜੀਵਣ ਅਤੇ ਸ਼ਾਂਤੀ।” (ਰੋਮੀਆਂ 8:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਨ੍ਹਾਂ ਸ਼ਬਦਾਂ ਨਾਲ ਪੌਲੁਸ ਕਹਿ ਰਿਹਾ ਸੀ ਕਿ ਪਰਮੇਸ਼ੁਰ ਨਾਲ ਰਿਸ਼ਤਾ ਹੋਣਾ ਜਾਂ ਨਾ ਹੋਣਾ ਸਿਰਫ਼ ਮਰਜ਼ੀ ਦੀ ਗੱਲ ਨਹੀਂ ਹੈ, ਸਗੋਂ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਪਰ ਆਤਮਿਕ ਹੋਣ ਨਾਲ ਇਨਸਾਨ ਨੂੰ “ਜੀਵਣ ਅਤੇ ਸ਼ਾਂਤੀ” ਕਿਵੇਂ ਮਿਲਦੀ ਹੈ? ਬਾਈਬਲ ਤੋਂ ਪਤਾ ਲੱਗਦਾ ਹੈ ਕਿ ਅਜਿਹੇ ਇਨਸਾਨ ਨੂੰ ਹੁਣ ਮਨ ਦੀ ਸ਼ਾਂਤੀ ਤੇ ਰੱਬ ਨਾਲ ਸ਼ਾਂਤੀ ਮਿਲਦੀ ਹੈ ਅਤੇ ਅਗਾਹਾਂ ਨੂੰ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਰੋਮੀਆਂ 6:23; ਫ਼ਿਲਿੱਪੀਆਂ 4:7) ਤਾਹੀਓਂ ਯਿਸੂ ਨੇ ਕਿਹਾ ਸੀ: “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।”—ਮੱਤੀ 5:3, ਨਵਾਂ ਅਨੁਵਾਦ।

ਤੁਸੀਂ ਇਸ ਰਸਾਲੇ ਨੂੰ ਪੜ੍ਹ ਰਹੇ ਹੋ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਰੱਬ ਨੂੰ ਜਾਣਨਾ ਚਾਹੁੰਦੇ ਹੋ। ਇਹ ਬਹੁਤ ਚੰਗੀ ਗੱਲ ਹੈ। ਪਰ ਰੱਬ ਨਾਲ ਰਿਸ਼ਤਾ ਕਾਇਮ ਕਰਨ ਬਾਰੇ ਲੋਕਾਂ ਦੇ ਵਿਚਾਰ ਵੱਖੋ-ਵੱਖਰੇ ਹਨ। ਇਸ ਲਈ ਤੁਸੀਂ ਸ਼ਾਇਦ ਪੁੱਛੋ: ‘ਮੇਰੀ ਆਤਮਿਕ ਲੋੜ ਕੀ ਹੈ ਤੇ ਮੈਂ ਇਸ ਨੂੰ ਪੂਰਾ ਕਿਵੇਂ ਕਰ ਸਕਦਾ ਹਾਂ?’

“ਮਸੀਹ ਦੀ ਬੁੱਧੀ”

ਆਤਮਿਕ ਹੋਣ ਦੀ ਅਹਿਮੀਅਤ ਅਤੇ ਇਸ ਦੇ ਫ਼ਾਇਦਿਆਂ ਬਾਰੇ ਦੱਸਣ ਦੇ ਨਾਲ-ਨਾਲ ਪੌਲੁਸ ਰਸੂਲ ਨੇ ਇਸ ਦਾ ਅਸਲੀ ਅਰਥ ਵੀ ਦੱਸਿਆ। ਕੁਰਿੰਥੁਸ ਦੇ ਪੁਰਾਣੇ ਸ਼ਹਿਰ ਵਿਚ ਰਹਿਣ ਵਾਲੇ ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਨੇ ਸਮਝਾਇਆ ਕਿ ਪ੍ਰਾਣਿਕ ਇਨਸਾਨ ਅਤੇ ਆਤਮਿਕ ਇਨਸਾਨ ਵਿਚ ਕੀ ਫ਼ਰਕ ਹੈ। ਇਕ ਸਿਰਫ਼ ਸਰੀਰ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਅਤੇ ਦੂਜਾ ਪਰਮੇਸ਼ੁਰ ਨਾਲ ਰਿਸ਼ਤਾ ਚਾਹੁੰਦਾ ਹੈ। ਉਸ ਨੇ ਲਿਖਿਆ: “ਪ੍ਰਾਣਿਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂ ਜੋ ਓਹ ਉਸ ਦੇ ਲੇਖੇ ਮੂਰਖਤਾਈ ਹਨ।” ਦੂਜੇ ਪਾਸੇ, ਪੌਲੁਸ ਨੇ ਕਿਹਾ ਕਿ ਜਿਹੜਾ ਆਤਮਿਕ ਹੈ, ਉਸ ਵਿਚ “ਮਸੀਹ ਦੀ ਬੁੱਧੀ” ਹੈ।—1 ਕੁਰਿੰਥੀਆਂ 2:14-16.

“ਮਸੀਹ ਦੀ ਬੁੱਧੀ” ਹੋਣ ਦਾ ਮਤਲਬ ਇਹੀ ਹੈ ਕਿ “ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ।” (ਰੋਮੀਆਂ 15:5; ਫ਼ਿਲਿੱਪੀਆਂ 2:5) ਕਹਿਣ ਦਾ ਭਾਵ ਕਿ ਅਸੀਂ ਯਿਸੂ ਮਸੀਹ ਵਰਗੇ ਬਣਾਂਗੇ, ਉਸ ਵਾਂਗ ਸੋਚਾਂਗੇ ਅਤੇ ਉਸ ਦੇ ਕਦਮਾਂ ਉੱਤੇ ਚੱਲਾਂਗੇ। (1 ਪਤਰਸ 2:21; 4:1) ਅਸੀਂ ਜਿੰਨਾ ਜ਼ਿਆਦਾ ਯਿਸੂ ਵਰਗੇ ਬਣਾਂਗੇ, ਉੱਨਾ ਹੀ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਸਾਨੂੰ “ਜੀਵਣ ਅਤੇ ਸ਼ਾਂਤੀ” ਮਿਲੇਗੀ।—ਰੋਮੀਆਂ 13:14.

ਯਿਸੂ ਵਰਗੇ ਬਣਨਾ

ਯਿਸੂ ਵਰਗੇ ਬਣਨ ਤੋਂ ਪਹਿਲਾਂ ਸਾਨੂੰ ਉਸ ਨੂੰ ਜਾਣਨਾ ਪਵੇਗਾ। ਇਸ ਲਈ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਦਾ ਪਹਿਲਾ ਕਦਮ ਹੈ ਯਿਸੂ ਦੇ ਸੋਚਣ ਦੇ ਢੰਗ ਨੂੰ ਜਾਣਨਾ। ਪਰ ਅਸੀਂ ਇਹ ਕਿਵੇਂ ਜਾਣ ਸਕਦੇ ਹਾਂ ਕਿਉਂਕਿ ਉਹ ਤਾਂ 2,000 ਸਾਲ ਪਹਿਲਾਂ ਧਰਤੀ ਉੱਤੇ ਆਇਆ ਸੀ? ਜ਼ਰਾ ਸੋਚੋ: ਤੁਸੀਂ ਇਤਿਹਾਸ ਦੀਆਂ ਮਹਾਨ ਹਸਤੀਆਂ ਬਾਰੇ ਕਿਵੇਂ ਗਿਆਨ ਲਿਆ ਸੀ? ਤੁਸੀਂ ਉਨ੍ਹਾਂ ਬਾਰੇ ਪੜ੍ਹਿਆ ਸੀ। ਤਾਂ ਫਿਰ ਯਿਸੂ ਨੂੰ ਜਾਣਨ ਦਾ ਵਧੀਆ ਤਰੀਕਾ ਹੈ ਉਸ ਬਾਰੇ ਪੜ੍ਹਨਾ।—ਯੂਹੰਨਾ 17:3.

ਯਿਸੂ ਬਾਰੇ ਚਾਰ ਇੰਜੀਲ ਲਿਖੇ ਗਏ ਹਨ। ਇਨ੍ਹਾਂ ਦੇ ਲੇਖਕ ਹਨ ਮੱਤੀ, ਮਰਕੁਸ, ਲੂਕਾ ਤੇ ਯੂਹੰਨਾ। ਬਾਈਬਲ ਵਿਚ ਇਨ੍ਹਾਂ ਦੇ ਲਿਖੇ ਬਿਰਤਾਂਤ ਪੜ੍ਹ ਕੇ ਤੁਸੀਂ ਜਾਣ ਸਕੋਗੇ ਕਿ ਯਿਸੂ ਕਿਵੇਂ ਸੋਚਦਾ ਸੀ, ਉਹ ਲੋਕਾਂ ਨੂੰ ਕਿੰਨਾ ਪਿਆਰ ਕਰਦਾ ਸੀ ਤੇ ਕੋਈ ਕੰਮ ਕਰਨ ਲਈ ਕਿਹੜੀ ਚੀਜ਼ ਉਸ ਨੂੰ ਪ੍ਰੇਰਦੀ ਸੀ। ਜਦ ਤੁਸੀਂ ਸਮਾਂ ਕੱਢ ਕੇ ਇਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰੋਗੇ, ਤਾਂ ਤੁਸੀਂ ਜਾਣ ਜਾਵੋਗੇ ਕਿ ਯਿਸੂ ਕਿਹੋ ਜਿਹਾ ਵਿਅਕਤੀ ਸੀ। ਜੇ ਤੁਸੀਂ ਪਹਿਲਾਂ ਹੀ ਯਿਸੂ ਦੇ ਇਕ ਚੇਲੇ ਹੋ, ਤਾਂ ਇੰਜੀਲ ਪੜ੍ਹਨ ਤੇ ਇਨ੍ਹਾਂ ਤੇ ਮਨਨ ਕਰਨ ਨਾਲ ਤੁਸੀਂ “ਸਾਡੇ ਪ੍ਰਭੁ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ” ਜਾਓਗੇ।—2 ਪਤਰਸ 3:18.

ਇਹ ਸਭ ਕੁਝ ਮਨ ਵਿਚ ਰੱਖਦੇ ਹੋਏ, ਆਓ ਆਪਾਂ ਇੰਜੀਲਾਂ ਵਿੱਚੋਂ ਕੁਝ ਗੱਲਾਂ ਵੱਲ ਧਿਆਨ ਦੇਈਏ। ਇਸ ਤਰ੍ਹਾਂ ਕਰਨ ਨਾਲ ਅਸੀਂ ਸਿੱਖਾਂਗੇ ਕਿ ਪਰਮੇਸ਼ੁਰ ਨਾਲ ਯਿਸੂ ਦਾ ਰਿਸ਼ਤਾ ਇੰਨਾ ਮਜ਼ਬੂਤ ਕਿਉਂ ਸੀ। ਫਿਰ ਅਸੀਂ ਦੇਖ ਸਕਾਂਗੇ ਕਿ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।—ਯੂਹੰਨਾ 13:15.

“ਆਤਮਾ ਦਾ ਫਲ” ਪੈਦਾ ਕਰਨਾ ਜ਼ਰੂਰੀ

ਲੂਕਾ ਨੇ ਲਿਖਿਆ ਕਿ ਯਿਸੂ ਦੇ ਬਪਤਿਸਮੇ ਤੇ ਪਰਮੇਸ਼ੁਰ ਨੇ ਉਸ ਉੱਤੇ ਆਪਣੀ ਪਵਿੱਤਰ ਆਤਮਾ ਪਾਈ ਜਿਸ ਕਰਕੇ ਯਿਸੂ “ਪਵਿੱਤ੍ਰ ਆਤਮਾ ਨਾਲ ਭਰਪੂਰ” ਹੋ ਗਿਆ। (ਲੂਕਾ 3:21, 22; 4:1) ਯਿਸੂ ਨੇ ਆਪਣੇ ਚੇਲਿਆਂ ਨੂੰ ਵੀ ਇਸ ਗੱਲ ਦੀ ਮਹੱਤਤਾ ਸਮਝਾਈ ਸੀ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਜਾਂ ਸ਼ਕਤੀ ਦੀ ਲੋੜ ਸੀ। (ਉਤਪਤ 1:2; ਲੂਕਾ 11:9-13) ਉਨ੍ਹਾਂ ਨੂੰ ਇਸ ਦੀ ਲੋੜ ਕਿਉਂ ਸੀ? ਕਿਉਂਕਿ ਪਰਮੇਸ਼ੁਰ ਦੀ ਆਤਮਾ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਇਨਸਾਨ ਦੇ ਮਨ ਨੂੰ ਬਦਲ ਸਕਦੀ ਹੈ ਤਾਂਕਿ ਉਹ ਯਿਸੂ ਵਰਗਾ ਬਣ ਸਕੇ। (ਰੋਮੀਆਂ 12:1, 2) ਪਵਿੱਤਰ ਆਤਮਾ ਇਨਸਾਨ ਵਿਚ ‘ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ’ ਵਰਗੇ ਗੁਣ ਪੈਦਾ ਕਰ ਸਕਦੀ ਹੈ। ਬਾਈਬਲ ਵਿਚ ਇਨ੍ਹਾਂ ਗੁਣਾਂ ਨੂੰ “ਆਤਮਾ ਦਾ ਫਲ” ਕਿਹਾ ਗਿਆ ਹੈ। (ਗਲਾਤੀਆਂ 5:22, 23) ਸੋ ਜੇ ਕੋਈ ਇਨਸਾਨ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਸੇਧ ਵਿਚ ਚੱਲਣ ਦੀ ਲੋੜ ਹੈ।

ਯਿਸੂ ਨੇ ਆਪਣੀ ਸੇਵਕਾਈ ਦੌਰਾਨ ਆਤਮਾ ਦਾ ਫਲ ਪੈਦਾ ਕੀਤਾ ਸੀ। ਉਹ ਉਨ੍ਹਾਂ ਲੋਕਾਂ ਨਾਲ ਵੀ ਦਿਆਲਤਾ, ਪਿਆਰ ਤੇ ਭਲਾਈ ਨਾਲ ਪੇਸ਼ ਆਉਂਦਾ ਸੀ ਜੋ ਗ਼ਰੀਬ ਅਤੇ ਸਮਾਜ ਵਿਚ ਨੀਚ ਸਮਝੇ ਜਾਂਦੇ ਸਨ। (ਮੱਤੀ 9:36) ਆਓ ਆਪਾਂ ਇਕ ਮਿਸਾਲ ਉੱਤੇ ਗੌਰ ਕਰੀਏ। ਯੂਹੰਨਾ ਨੇ ਇਕ ਘਟਨਾ ਬਾਰੇ ਲਿਖਿਆ: “ਜਾਂ [ਯਿਸੂ] ਚੱਲਿਆ ਜਾਂਦਾ ਸੀ ਤਾਂ ਉਸ ਨੇ ਇੱਕ ਮਨੁੱਖ ਵੇਖਿਆ ਜਿਹੜਾ ਜਮਾਂਦਰੂ ਅੰਨ੍ਹਾ ਸੀ।” ਯਿਸੂ ਦੇ ਚੇਲਿਆਂ ਨੇ ਵੀ ਇਹ ਬੰਦਾ ਦੇਖਿਆ, ਪਰ ਉਨ੍ਹਾਂ ਦੀਆਂ ਨਜ਼ਰਾਂ ਵਿਚ ਉਹ ਸਿਰਫ਼ ਇਕ ਪਾਪੀ ਸੀ। ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: “ਕਿਹ ਨੇ ਪਾਪ ਕੀਤਾ ਇਸ ਨੇ ਯਾ ਇਹ ਦੇ ਮਾਪਿਆਂ ਨੇ”? ਇਸ ਬੰਦੇ ਦੇ ਗੁਆਂਢੀਆਂ ਨੇ ਵੀ ਉਸ ਨੂੰ ਦੇਖਿਆ, ਪਰ ਉਨ੍ਹਾਂ ਦੀਆਂ ਨਜ਼ਰਾਂ ਵਿਚ ਉਹ ਸਿਰਫ਼ ਇਕ ਭਿਖਾਰੀ ਸੀ। ਉਨ੍ਹਾਂ ਨੇ ਕਿਹਾ: “ਕੀ ਇਹ ਉਹੋ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀ?” ਪਰ ਯਿਸੂ ਨੇ ਇਕ ਅੰਨ੍ਹਾ ਇਨਸਾਨ ਦੇਖਿਆ ਜਿਸ ਨੂੰ ਮਦਦ ਦੀ ਜ਼ਰੂਰਤ ਸੀ। ਉਸ ਨੇ ਇਸ ਬੰਦੇ ਨਾਲ ਗੱਲ ਕੀਤੀ ਅਤੇ ਉਸ ਨੂੰ ਸੁਜਾਖਾ ਕੀਤਾ।—ਯੂਹੰਨਾ 9:1-8.

ਇਸ ਘਟਨਾ ਤੋਂ ਅਸੀਂ ਯਿਸੂ ਬਾਰੇ ਕੀ ਸਿੱਖਦੇ ਹਾਂ? ਇਹ ਕਿ ਉਸ ਨੇ ਗ਼ਰੀਬਾਂ ਵੱਲ ਧਿਆਨ ਦਿੱਤਾ ਤੇ ਉਨ੍ਹਾਂ ਉੱਤੇ ਤਰਸ ਖਾਧਾ। ਇਸ ਦੇ ਨਾਲ-ਨਾਲ ਉਸ ਨੇ ਦੂਸਰਿਆਂ ਦੀ ਮਦਦ ਕਰਨ ਵਿਚ ਪਹਿਲ ਕੀਤੀ। ਕੀ ਤੁਸੀਂ ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋ? ਕੀ ਤੁਸੀਂ ਯਿਸੂ ਦੀਆਂ ਨਜ਼ਰਾਂ ਤੋਂ ਲੋਕਾਂ ਨੂੰ ਦੇਖਦੇ ਹੋ? ਕੀ ਤੁਸੀਂ ਉਨ੍ਹਾਂ ਦੀ ਜ਼ਿੰਦਗੀ ਸੁਧਾਰਨ ਵਿਚ ਮਦਦ ਕਰਦੇ ਹੋ ਤੇ ਉਨ੍ਹਾਂ ਨੂੰ ਬਿਹਤਰ ਜ਼ਿੰਦਗੀ ਦੀ ਉਮੀਦ ਦਿੰਦੇ ਹੋ? ਜਾਂ ਕੀ ਤੁਸੀਂ ਸਿਰਫ਼ ਉਨ੍ਹਾਂ ਲੋਕਾਂ ਨੂੰ ਪਸੰਦ ਕਰਦੇ ਹੋ ਜੋ ਅਮੀਰ ਜਾਂ ਮੰਨੇ-ਪ੍ਰਮੰਨੇ ਹਨ? ਇਸ ਬਾਰੇ ਸੋਚ ਕੇ ਤੁਸੀਂ ਖ਼ੁਦ ਦੇਖ ਸਕੋਗੇ ਕਿ ਤੁਸੀਂ ਯਿਸੂ ਦੀ ਰੀਸ ਕਰ ਰਹੇ ਹੋ ਜਾਂ ਨਹੀਂ।—ਜ਼ਬੂਰਾਂ ਦੀ ਪੋਥੀ 72:12-14.

ਪ੍ਰਾਰਥਨਾ ਕਰਨੀ ਜ਼ਰੂਰੀ

ਇੰਜੀਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਅਕਸਰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹੁੰਦਾ ਸੀ। (ਮਰਕੁਸ 1:35; ਲੂਕਾ 5:16; 22:41) ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਪ੍ਰਾਰਥਨਾ ਕਰਨ ਲਈ ਹਮੇਸ਼ਾ ਸਮਾਂ ਕੱਢਿਆ ਸੀ। ਮੱਤੀ ਨੇ ਲਿਖਿਆ: “[ਯਿਸੂ] ਭੀੜ ਨੂੰ ਵਿਦਿਆ ਕਰ ਕੇ ਪ੍ਰਾਰਥਨਾ ਕਰਨ ਲਈ ਨਿਰਾਲੇ ਵਿੱਚ ਪਹਾੜ ਤੇ ਚੜ੍ਹ ਗਿਆ।” (ਮੱਤੀ 14:23) ਇਸ ਤਰ੍ਹਾਂ ਇਕੱਲੇ ਹੋ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਤੋਂ ਯਿਸੂ ਨੂੰ ਤਾਕਤ ਮਿਲੀ। (ਮੱਤੀ 26:36-44) ਅੱਜ ਵੀ ਜਿਹੜੇ ਲੋਕ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਹਨ, ਉਹ ਪਰਮੇਸ਼ੁਰ ਨਾਲ ਗੱਲ ਕਰਨ ਦੇ ਮੌਕੇ ਭਾਲਦੇ ਹਨ। ਉਹ ਜਾਣਦੇ ਹਨ ਕਿ ਇਸ ਤਰ੍ਹਾਂ ਕਰ ਕੇ ਸਿਰਜਣਹਾਰ ਨਾਲ ਉਨ੍ਹਾਂ ਦਾ ਰਿਸ਼ਤਾ ਪੱਕਾ ਹੋਵੇਗਾ ਅਤੇ ਯਿਸੂ ਵਰਗੇ ਬਣਨ ਵਿਚ ਉਨ੍ਹਾਂ ਦੀ ਮਦਦ ਹੋਵੇਗੀ।

ਯਿਸੂ ਕਈ ਵਾਰ ਲੰਬੇ ਸਮੇਂ ਲਈ ਪ੍ਰਾਰਥਨਾ ਕਰਦਾ ਹੁੰਦਾ ਸੀ। (ਯੂਹੰਨਾ 17:1-26) ਮਿਸਾਲ ਲਈ, ਆਪਣੇ 12 ਰਸੂਲ ਚੁਣਨ ਤੋਂ ਪਹਿਲਾਂ ਯਿਸੂ ‘ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਅਰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਕੱਟੀ।’ (ਲੂਕਾ 6:12) ਭਾਵੇਂ ਇਹ ਜ਼ਰੂਰੀ ਨਹੀਂ ਕਿ ਅਸੀਂ ਸਾਰੀ ਰਾਤ ਪ੍ਰਾਰਥਨਾ ਵਿਚ ਲਾਈਏ, ਪਰ ਪ੍ਰਾਰਥਨਾ ਦੇ ਸੰਬੰਧ ਵਿਚ ਅਸੀਂ ਜ਼ਰੂਰ ਯਿਸੂ ਦੀ ਰੀਸ ਕਰਾਂਗੇ। ਜ਼ਿੰਦਗੀ ਵਿਚ ਵੱਡੇ-ਵੱਡੇ ਫ਼ੈਸਲੇ ਕਰਨ ਤੋਂ ਪਹਿਲਾਂ ਅਸੀਂ ਕਾਫ਼ੀ ਸਮਾਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਾਂਗੇ। ਅਸੀਂ ਪਵਿੱਤਰ ਆਤਮਾ ਦੀ ਮਦਦ ਨਾਲ ਅਜਿਹੇ ਫ਼ੈਸਲੇ ਕਰਾਂਗੇ ਜੋ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਨਗੇ।

ਪ੍ਰਾਰਥਨਾ ਕਰਦੇ ਵਕਤ ਯਿਸੂ ਦਿਲ ਖੋਲ੍ਹ ਕੇ ਗੱਲ ਕਰਦਾ ਸੀ ਤੇ ਸਾਨੂੰ ਵੀ ਇਸ ਵਿਚ ਉਸ ਦੀ ਰੀਸ ਕਰਨੀ ਚਾਹੀਦੀ ਹੈ। ਧਿਆਨ ਦਿਓ ਕਿ ਲੂਕਾ ਨੇ ਕੀ ਲਿਖਿਆ ਸੀ ਜਦ ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਸੀ। ‘ਉਹ ਮਹਾਂ ਕਸ਼ਟ ਵਿੱਚ ਪੈ ਕੇ ਮਨੋਂ ਤਨੋਂ ਪ੍ਰਾਰਥਨਾ ਕਰਨ ਲੱਗਾ ਅਰ ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ।’ (ਲੂਕਾ 22:44) ਯਿਸੂ ਨੇ ਪਹਿਲਾਂ ਵੀ ਦਿਲੋਂ ਪ੍ਰਾਰਥਨਾ ਕੀਤੀ ਸੀ, ਪਰ ਇਸ ਵਾਰ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪਰੀਖਿਆ ਲਈ ਜਾ ਰਹੀ ਸੀ। ਇਸ ਕਰਕੇ ਉਸ ਨੇ ‘ਮਨੋਂ ਤਨੋਂ’ ਪ੍ਰਾਰਥਨਾ ਕੀਤੀ ਤੇ ਉਸ ਦੀ ਪ੍ਰਾਰਥਨਾ ਸੁਣੀ ਗਈ। (ਇਬਰਾਨੀਆਂ 5:7) ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਲਈ ਸਾਨੂੰ ਵੀ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਜਦ ਸਾਡੇ ਉੱਤੇ ਵੱਡੀਆਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਸਾਨੂੰ “ਮਨੋਂ ਤਨੋਂ” ਪ੍ਰਾਰਥਨਾ ਕਰ ਕੇ ਪਰਮੇਸ਼ੁਰ ਤੋਂ ਉਸ ਦੀ ਪਵਿੱਤਰ ਆਤਮਾ, ਸਹਾਰਾ ਤੇ ਮਦਦ ਮੰਗਣੀ ਚਾਹੀਦੀ ਹੈ।

ਇਹ ਗੱਲ ਸਾਫ਼ ਹੈ ਕਿ ਯਿਸੂ ਦੀ ਜ਼ਿੰਦਗੀ ਵਿਚ ਪ੍ਰਾਰਥਨਾ ਕਰਨੀ ਅਹਿਮ ਗੱਲ ਸੀ। ਤਾਂ ਫਿਰ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਉਸ ਦੇ ਚੇਲੇ ਵੀ ਉਸ ਦੀ ਰੀਸ ਕਰਨੀ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਉਸ ਨੂੰ ਕਿਹਾ: “ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ।” (ਲੂਕਾ 11:1) ਅੱਜ ਜਿਹੜੇ ਲੋਕ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨਾ ਅਤੇ ਉਸ ਦੀ ਪਵਿੱਤਰ ਆਤਮਾ ਦੀ ਸੇਧ ਵਿਚ ਚੱਲਣਾ ਚਾਹੁੰਦੇ ਹਨ, ਉਹ ਯਿਸੂ ਤੋਂ ਪ੍ਰਾਰਥਨਾ ਕਰਨੀ ਸਿੱਖਦੇ ਹਨ। ਆਪਣੀ ਆਤਮਿਕ ਲੋੜ ਪੂਰੀ ਕਰਨ ਲਈ ਪ੍ਰਾਰਥਨਾ ਕਰਨੀ ਲਾਜ਼ਮੀ ਹੈ।

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਜ਼ਰੂਰੀ

ਮਰਕੁਸ ਦੀ ਇੰਜੀਲ ਵਿਚ ਅਸੀਂ ਪੜ੍ਹਦੇ ਹਾਂ ਕਿ ਇਕ ਵਾਰ ਯਿਸੂ ਨੇ ਰਾਤ ਤਕ ਕਈ ਬੀਮਾਰ ਲੋਕਾਂ ਨੂੰ ਠੀਕ ਕੀਤਾ ਸੀ। ਅਗਲੀ ਸਵੇਰ ਜਦ ਉਹ ਇਕੱਲਾ ਪ੍ਰਾਰਥਨਾ ਕਰ ਰਿਹਾ ਸੀ, ਤਾਂ ਉਸ ਦੇ ਰਸੂਲ ਉਸ ਕੋਲ ਆਣ ਕੇ ਕਹਿਣ ਲੱਗੇ ਕਿ ਲੋਕ ਉਸ ਨੂੰ ਲੱਭ ਰਹੇ ਸਨ, ਸ਼ਾਇਦ ਇਸ ਲਈ ਕਿਉਂਕਿ ਉਹ ਕਿਸੇ ਰੋਗ ਤੋਂ ਠੀਕ ਕੀਤੇ ਜਾਣਾ ਚਾਹੁੰਦੇ ਸਨ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਆਓ, ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚਲੀਏ ਜੋ ਮੈਂ ਉੱਥੇ ਭੀ ਪਰਚਾਰ ਕਰਾਂ।’ ਉਸ ਨੇ ਅੱਗੇ ਸਮਝਾਇਆ ਕਿ ਉਹ ਇਸ ਤਰ੍ਹਾਂ ਕਿਉਂ ਕਰਨਾ ਚਾਹੁੰਦਾ ਸੀ: “ਕਿਉਂਕਿ ਮੈਂ ਇਸੇ ਲਈ ਨਿੱਕਲਿਆ ਹਾਂ।” (ਮਰਕੁਸ 1:32-38; ਲੂਕਾ 4:43) ਭਾਵੇਂ ਯਿਸੂ ਨੇ ਕਈ ਲੋਕਾਂ ਨੂੰ ਠੀਕ ਕੀਤਾ, ਪਰ ਫਿਰ ਵੀ ਯਿਸੂ ਖ਼ਾਸ ਕਰਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਆਇਆ ਸੀ।—ਮਰਕੁਸ 1:14, 15.

ਅੱਜ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣਾ ਯਿਸੂ ਦੇ ਚੇਲਿਆਂ ਦੀ ਪਛਾਣ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੱਤਾ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਇਸ ਤੋਂ ਇਲਾਵਾ ਯਿਸੂ ਨੇ ਇਹ ਭਵਿੱਖਬਾਣੀ ਕੀਤੀ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਪ੍ਰਚਾਰ ਦਾ ਕੰਮ ਪਰਮੇਸ਼ੁਰ ਦੀ ਸ਼ਕਤੀ ਨਾਲ ਕੀਤਾ ਜਾ ਰਿਹਾ ਹੈ। ਇਸ ਲਈ ਇਸ ਕੰਮ ਵਿਚ ਹਿੱਸਾ ਲੈਣ ਨਾਲ ਅਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਕਾਇਮ ਕਰਦੇ ਹਾਂ।—ਰਸੂਲਾਂ ਦੇ ਕਰਤੱਬ 1:8.

ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲਈ ਲੱਖਾਂ ਲੋਕ ਏਕਤਾ ਨਾਲ ਮਿਹਨਤ ਕਰਦੇ ਹਨ। (ਯੂਹੰਨਾ 17:20, 21) ਇਸ ਤਰ੍ਹਾਂ ਕਰਨ ਨਾਲ ਉਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਯਿਸੂ ਦੀ ਰੀਸ ਕਰ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕੌਣ ਕਰ ਰਹੇ ਹਨ?

ਤੁਹਾਡੇ ਬਾਰੇ ਕੀ?

ਹੋਰ ਵੀ ਕਈ ਗੱਲਾਂ ਹਨ ਜਿਨ੍ਹਾਂ ਤੋਂ ਪਤਾ ਲੱਗ ਸਕਦਾ ਹੈ ਕਿ ਕੋਈ ਆਤਮਿਕ ਹੈ ਜਾਂ ਨਹੀਂ। ਪਰ ਜਿਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਜਾ ਚੁੱਕਾ ਹੈ, ਉਨ੍ਹਾਂ ਬਾਰੇ ਕੀ? ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਪਰਮੇਸ਼ੁਰ ਦਾ ਬਚਨ ਹਰ ਰੋਜ਼ ਪੜ੍ਹਦਾ ਹਾਂ ਤੇ ਉਸ ਉੱਤੇ ਸੋਚ-ਵਿਚਾਰ ਕਰਦਾ ਹਾਂ? ਕੀ ਮੈਂ ਆਪਣੀ ਜ਼ਿੰਦਗੀ ਵਿਚ ਆਤਮਾ ਦਾ ਫਲ ਪੈਦਾ ਕਰਦਾ ਹਾਂ? ਕੀ ਮੈਂ ਹਰ ਮੌਕੇ ਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ? ਕੀ ਮੈਂ ਉਨ੍ਹਾਂ ਲੋਕਾਂ ਨਾਲ ਸੰਗਤ ਕਰਨੀ ਚਾਹੁੰਦਾ ਹਾਂ ਜੋ ਦੁਨੀਆਂ ਭਰ ਵਿਚ  ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ?’

ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਲਈ ਤੁਹਾਨੂੰ ਦਿਲੋਂ ਆਪਣੀ ਜਾਂਚ ਕਰਨੀ ਚਾਹੀਦੀ ਹੈ। ਅਸੀਂ ਤੁਹਾਨੂੰ ਹੁਣ ਇਹ ਕਦਮ ਚੁੱਕਣ ਦੀ ਤਾਕੀਦ ਕਰਦੇ ਹਾਂ ਤਾਂਕਿ ਤੁਹਾਨੂੰ “ਜੀਵਨ ਅਤੇ ਸ਼ਾਂਤੀ” ਮਿਲ ਸਕੇ।—ਰੋਮੀਆਂ 8:6; ਮੱਤੀ 7:13, 14; 2 ਪਤਰਸ 1:5-11.

[ਸਫ਼ਾ 7 ਉੱਤੇ ਡੱਬੀ/ਤਸਵੀਰਾਂ]

ਆਤਮਿਕ ਹੋਣ ਦਾ ਸਬੂਤ

◆ ਲਗਨ ਨਾਲ ਪਰਮੇਸ਼ੁਰ ਦਾ ਬਚਨ ਪੜ੍ਹਨਾ

◆ ਆਤਮਾ ਦਾ ਫਲ ਪੈਦਾ ਕਰਨਾ

◆ ਹਰ ਮੌਕੇ ਤੇ ਦਿਲੋਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ

◆ ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ

[ਸਫ਼ਾ 5 ਉੱਤੇ ਤਸਵੀਰ]

ਬਾਈਬਲ ਪੜ੍ਹ ਕੇ ਅਸੀਂ ਮਸੀਹ ਬਾਰੇ ਜਾਣ ਸਕਦੇ ਹਾਂ