ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਦਾਊਦ ਰਾਜਾ ਸ਼ਾਊਲ ਦਾ ਸੇਵਾਦਾਰ ਹੁੰਦਾ ਸੀ। ਤਾਂ ਫਿਰ ਗੋਲੀਅਥ ਨੂੰ ਮਾਰਨ ਤੋਂ ਬਾਅਦ ਦਾਊਦ ਨੂੰ ਰਾਜਾ ਸ਼ਾਊਲ ਨੇ ਕਿਉਂ ਪੁੱਛਿਆ ਕਿ “ਤੂੰ ਕਿਹ ਦਾ ਪੁੱਤ੍ਰ ਹੈਂ?”—1 ਸਮੂਏਲ 16:22; 17:58.
ਇਸ ਦਾ ਸੌਖਾ ਜਿਹਾ ਜਵਾਬ ਹੋ ਸਕਦਾ ਹੈ ਕਿ ਸ਼ਾਊਲ ਭੁੱਲ ਗਿਆ ਸੀ ਕਿ ਦਾਊਦ ਕੌਣ ਸੀ ਕਿਉਂਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਛੋਟੀ ਸੀ। ਪਰ ਇਹ ਨਹੀਂ ਹੋ ਸਕਦਾ ਕਿਉਂਕਿ 1 ਸਮੂਏਲ 16:18-23 ਵਿਚ ਦੱਸਿਆ ਹੈ ਕਿ ਰਾਜਾ ਸ਼ਾਊਲ ਨੇ ਖ਼ਾਸ ਤੌਰ ਤੇ ਦਾਊਦ ਨੂੰ ਆਪਣਾ ਸੇਵਾਦਾਰ ਬਣਾਇਆ ਸੀ ਤੇ ਉਸ ਨੂੰ ਪਿਆਰ ਕਰਨ ਲੱਗ ਪਿਆ ਸੀ। ਦਾਊਦ ਰਾਜਾ ਸ਼ਾਊਲ ਦੇ ਹਥਿਆਰ ਚੁੱਕਦਾ ਸੀ। ਇਸ ਕਰਕੇ ਸ਼ਾਊਲ ਦਾਊਦ ਨੂੰ ਚੰਗੀ ਤਰ੍ਹਾਂ ਜਾਣਦਾ ਸੀ।
ਬਾਈਬਲ ਦੇ ਕੁਝ ਵਿਦਵਾਨ ਕਹਿੰਦੇ ਹਨ ਕਿ 1 ਸਮੂਏਲ 17:12-31 ਅਤੇ 17:55–18:5 ਨੂੰ ਬਾਅਦ ਵਿਚ ਬਾਈਬਲ ਵਿਚ ਸ਼ਾਮਲ ਕੀਤਾ ਗਿਆ ਸੀ ਕਿਉਂਕਿ ਇਹ ਆਇਤਾਂ ਯੂਨਾਨੀ ਸੈਪਟੁਜਿੰਟ (ਦੂਜੀ ਸਦੀ ਈ. ਪੂ. ਵਿਚ ਪੂਰਾ ਕੀਤਾ ਗਿਆ ਉਤਪਤ ਤੋਂ ਮਲਾਕੀ ਤਕ ਦੀਆਂ ਪੋਥੀਆਂ ਦਾ ਇਬਰਾਨੀ ਤੋਂ ਯੂਨਾਨੀ ਅਨੁਵਾਦ) ਦੀਆਂ ਕੁਝ ਕਾਪੀਆਂ ਵਿਚ ਨਹੀਂ ਹਨ। ਪਰ ਸਿਰਫ਼ ਸੈਪਟੁਜਿੰਟ ਦੀਆਂ ਇਨ੍ਹਾਂ ਕਾਪੀਆਂ ਦੇ ਆਧਾਰ ਤੇ ਇਹ ਸਿੱਟਾ ਕੱਢਣਾ ਸਹੀ ਨਹੀਂ ਹੋਵੇਗਾ ਕਿਉਂਕਿ ਇਹ ਆਇਤਾਂ ਦੂਸਰੀਆਂ ਪ੍ਰਮਾਣਕ ਇਬਰਾਨੀ ਹੱਥ-ਲਿਖਤਾਂ ਵਿਚ ਪਾਈਆਂ ਜਾਂਦੀਆਂ ਹਨ।
ਜਦੋਂ ਸ਼ਾਊਲ ਨੇ ਪਹਿਲਾਂ ਅਬਨੇਰ ਨੂੰ ਇਹ ਸਵਾਲ ਕੀਤਾ ਤੇ ਫਿਰ ਦਾਊਦ ਨੂੰ, ਤਾਂ ਉਹ ਸਿਰਫ਼ ਦਾਊਦ ਦੇ ਪਿਤਾ ਦਾ ਨਾਂ ਹੀ ਨਹੀਂ ਜਾਣਨਾ ਚਾਹੁੰਦਾ ਸੀ। ਉਸ ਨੇ ਗੋਲੀਅਥ ਨੂੰ ਹਰਾਉਣ ਵਾਲੇ ਦਾਊਦ ਦੀ ਯਹੋਵਾਹ ਉੱਤੇ ਪੱਕੀ ਨਿਹਚਾ ਅਤੇ ਬਹਾਦਰੀ ਦੇਖੀ ਸੀ। ਇਸ ਲਈ ਸ਼ਾਊਲ ਇੰਨੇ ਬਹਾਦਰ ਮੁੰਡੇ ਦੇ ਪਿਉ ਬਾਰੇ ਹੋਰ ਜ਼ਿਆਦਾ ਜਾਣਨਾ ਚਾਹੁੰਦਾ ਸੀ। ਸ਼ਾਇਦ ਸ਼ਾਊਲ ਦਾਊਦ ਦੇ ਪਿਤਾ ਯੱਸੀ ਨੂੰ ਜਾਂ ਫਿਰ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਫ਼ੌਜ ਵਿਚ ਭਰਤੀ ਕਰਨਾ ਚਾਹੁੰਦਾ ਸੀ, ਇਹ ਸੋਚ ਕੇ ਕਿ ਉਹ ਵੀ ਦਾਊਦ ਵਾਂਗ ਬਹਾਦਰ ਅਤੇ ਯਹੋਵਾਹ ਤੇ ਪੱਕਾ ਭਰੋਸਾ ਕਰਨ ਵਾਲੇ ਹੋਣੇ।
1 ਸਮੂਏਲ 17:58 ਮੁਤਾਬਕ ਦਾਊਦ ਨੇ ਥੋੜ੍ਹੇ ਸ਼ਬਦਾਂ ਵਿਚ ਜਵਾਬ ਦਿੱਤਾ ਕਿ “ਮੈਂ ਤੁਹਾਡੇ ਦਾਸ ਬੈਤਲਹਮੀ ਯੱਸੀ ਦਾ ਪੁੱਤ੍ਰ ਹਾਂ।” ਪਰ ਸ਼ਾਇਦ ਗੱਲ ਇੱਥੇ ਹੀ ਖ਼ਤਮ ਨਹੀਂ ਹੋਈ ਹੋਣੀ। ਇਸ ਬਾਰੇ ਬਾਈਬਲ ਦੇ ਵਿਦਵਾਨ ਸੀ. ਐੱਫ਼. ਕਾਈਲ ਅਤੇ ਐੱਫ਼. ਡੇਲਿਟਸ ਦਾ ਕਹਿਣਾ ਹੈ: “[1 ਸਮੂਏਲ 18:1] ਵਿਚ ਦਰਜ ਸ਼ਬਦਾਂ ‘ਜਦੋਂ ਉਸ ਨੇ ਸ਼ਾਊਲ ਨਾਲ ਗੱਲ ਖ਼ਤਮ ਕਰ ਲਈ’ ਤੋਂ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਸ਼ਾਊਲ ਨੇ ਦਾਊਦ ਨਾਲ ਉਸ ਦੇ ਪਰਿਵਾਰ ਬਾਰੇ ਹੋਰ ਵੀ ਕਈ ਗੱਲਾਂ ਕੀਤੀਆਂ ਹੋਣੀਆਂ।”
ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਸ਼ਾਊਲ ਦੇ ਇਹ ਪੁੱਛਣ ਤੇ ਕਿ “ਤੂੰ ਕਿਹ ਦਾ ਪੁੱਤ੍ਰ ਹੈਂ?,” ਉਹ ਸਿਰਫ਼ ਦਾਊਦ ਦੇ ਪਿਤਾ ਦਾ ਨਾਂ ਹੀ ਨਹੀਂ ਸਗੋਂ ਦਾਊਦ ਦੇ ਪਰਿਵਾਰ ਬਾਰੇ ਸਾਰਾ ਕੁਝ ਜਾਣਨਾ ਚਾਹੁੰਦਾ ਸੀ।
[ਸਫ਼ਾ 31 ਉੱਤੇ ਤਸਵੀਰ]
ਸ਼ਾਊਲ ਨੇ ਦਾਊਦ ਨੂੰ ਕਿਉਂ ਪੁੱਛਿਆ ਸੀ ਕਿ ਉਹ ਕਿਸ ਦਾ ਪੁੱਤਰ ਸੀ?