Skip to content

Skip to table of contents

ਯਹੋਵਾਹ ਦੀ ਸੇਵਾ ਕਰਨ ਦੇ ਤੁੱਲ ਹੋਰ ਕੁਝ ਨਹੀਂ

ਯਹੋਵਾਹ ਦੀ ਸੇਵਾ ਕਰਨ ਦੇ ਤੁੱਲ ਹੋਰ ਕੁਝ ਨਹੀਂ

ਜੀਵਨੀ

ਯਹੋਵਾਹ ਦੀ ਸੇਵਾ ਕਰਨ ਦੇ ਤੁੱਲ ਹੋਰ ਕੁਝ ਨਹੀਂ

ਜ਼ੀਰਾ ਸਟਾਇਗਰਸ ਦੀ ਜ਼ਬਾਨੀ

ਮੇਰਾ ਪਤੀ ਪਾਇਨੀਅਰੀ ਸੇਵਾ ਵਿਚ ਮੇਰਾ ਵਫ਼ਾਦਾਰ ਸਾਥੀ ਸੀ ਤੇ 1938 ਵਿਚ ਮੌਤ ਨੇ ਉਸ ਨੂੰ ਮੇਰੇ ਕੋਲੋਂ ਖੋਹ ਲਿਆ। ਉਸ ਵੇਲੇ ਮੇਰਾ ਇਕ ਪੁੱਤਰ ਦਸਾਂ ਸਾਲਾਂ ਦਾ ਸੀ ਤੇ ਦੂਜਾ ਅਜੇ ਮੇਰੀ ਗੋਦ ਵਿਚ ਸੀ। ਮੈਂ ਅਜੇ ਵੀ ਪਾਇਨੀਅਰੀ ਕਰਨੀ ਚਾਹੁੰਦੀ ਸੀ। ਇਹ ਦੱਸਣ ਤੋਂ ਪਹਿਲਾਂ ਕਿ ਮੈਂ ਪਾਇਨੀਅਰੀ ਕਿਵੇਂ ਕਰ ਸਕੀ, ਆਓ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਬਾਰੇ ਥੋੜ੍ਹਾ-ਬਹੁਤ ਦੱਸਾਂ।

ਮੇਰਾ ਜਨਮ ਅਮਰੀਕਾ ਦੇ ਐਲਬਾਮਾ ਰਾਜ ਵਿਚ 27 ਜੁਲਾਈ 1907 ਵਿਚ ਹੋਇਆ ਸੀ। ਉਸ ਤੋਂ ਛੇਤੀ ਹੀ ਬਾਅਦ ਮੇਰੇ ਮਾਤਾ-ਪਿਤਾ ਮੈਨੂੰ ਅਤੇ ਮੇਰੇ ਤਿੰਨ ਛੋਟੇ ਭੈਣ-ਭਰਾਵਾਂ ਨੂੰ ਜਾਰਜੀਆ ਲੈ ਕੇ ਚਲੇ ਗਏ। ਥੋੜ੍ਹੇ ਚਿਰ ਬਾਅਦ ਅਸੀਂ ਟੈਨਿਸੀ ਚਲੇ ਗਏ ਅਤੇ ਫਿਰ ਫਲੋਰਿਡਾ ਦੇ ਟੰਪਾ ਸ਼ਹਿਰ ਚਲੇ ਗਏ। ਉੱਥੇ ਹੁੰਦਿਆਂ 1916 ਵਿਚ ਮੈਂ “ਸ੍ਰਿਸ਼ਟੀ ਦਾ ਫੋਟੋ ਡਰਾਮਾ” ਦੇਖਿਆ। ਉਦੋਂ ਫਿਲਮਾਂ ਨਵੀਆਂ-ਨਵੀਆਂ ਚੱਲਣੀਆਂ ਸ਼ੁਰੂ ਹੋਈਆਂ ਸਨ ਤੇ ਹਰ ਕਿਸੇ ਨੇ “ਫੋਟੋ ਡਰਾਮੇ” ਦਾ ਬੜਾ ਆਨੰਦ ਮਾਣਿਆ!

ਮੇਰੇ ਮਾਤਾ-ਪਿਤਾ ਪਹਿਰਾਬੁਰਜ ਅਤੇ ਦੂਸਰੇ ਬਾਈਬਲ-ਆਧਾਰਿਤ ਪ੍ਰਕਾਸ਼ਨ ਬੜੇ ਸ਼ੌਕ ਨਾਲ ਪੜ੍ਹਦੇ ਸਨ। ਹਾਲਾਂਕਿ ਪਿਤਾ ਜੀ ਨੂੰ ਇਹ ਸਾਹਿੱਤ ਪੜ੍ਹਨਾ ਚੰਗਾ ਲੱਗਦਾ ਸੀ, ਪਰ ਉਹ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਨਹੀਂ ਕਰਦੇ ਸਨ। ਪਰ ਮਾਤਾ ਜੀ ਸਾਨੂੰ ਬੱਚਿਆਂ ਨੂੰ ਮੀਟਿੰਗਾਂ ਵਿਚ ਲੈ ਜਾਂਦੇ ਸਨ। ਮਿਸ਼ੀਗਨ ਦੇ ਨਾਈਲਜ਼ ਪਿੰਡ ਚਲੇ ਜਾਣ ਤੋਂ ਜਲਦੀ ਹੀ ਬਾਅਦ ਅਸੀਂ ਇੰਡੀਆਨਾ ਦੇ ਸਾਉਥ ਬੈੱਨਡ ਸ਼ਹਿਰ ਵਿਚ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਜੋ ਕਿ ਟ੍ਰੇਨ ਦੁਆਰਾ 16 ਤੋਂ ਜ਼ਿਆਦਾ ਕਿਲੋਮੀਟਰ ਦਾ ਸਫ਼ਰ ਸੀ।

ਮੈਂ 22 ਜੁਲਾਈ 1924 ਨੂੰ ਬਪਤਿਸਮਾ ਲੈ ਲਿਆ। ਇਸ ਤੋਂ ਛੇਤੀ ਬਾਅਦ ਮਾਤਾ ਜੀ ਨੇ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਮਾਤਾ ਜੀ ਅਤੇ ਹੋਰਨਾਂ ਪਾਇਨੀਅਰਾਂ ਦੀ ਵਧੀਆ ਉਦਾਹਰਣ ਨੇ ਮੇਰੇ ਵਿਚ ਵੀ ਪਾਇਨੀਅਰ ਬਣਨ ਦੀ ਇੱਛਾ ਪੈਦਾ ਕਰ ਦਿੱਤੀ।

ਮੇਰਾ ਜੀਵਨ ਸਾਥੀ

1925 ਵਿਚ ਇੰਡੀਆਨਾ ਦੇ ਇੰਡੀਆਨਾਪੋਲਿਸ ਸ਼ਹਿਰ ਵਿਚ ਇਕ ਵੱਡੇ ਸੰਮੇਲਨ ਵਿਚ ਮੈਂ ਜੇਮਜ਼ ਸਟਾਇਗਰਸ ਨੂੰ ਮਿਲੀ ਜੋ ਸ਼ਿਕਾਗੋ ਦਾ ਰਹਿਣ ਵਾਲਾ ਸੀ। ਯਹੋਵਾਹ ਦੀ ਸੇਵਾ ਵਿਚ ਜੇਮਜ਼ ਦੇ ਜੋਸ਼ ਨੂੰ ਦੇਖ ਕੇ ਮੈਂ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੀ। ਮੈਂ ਸ਼ਿਕਾਗੋ ਤੋਂ 160 ਕਿਲੋਮੀਟਰ ਦੂਰ ਰਹਿੰਦੀ ਸੀ, ਇਸ ਲਈ ਸਾਡੇ ਲਈ ਇਕ-ਦੂਜੇ ਨੂੰ ਮਿਲਣਾ ਇੰਨਾ ਸੌਖਾ ਨਹੀਂ ਸੀ। ਉਸ ਵੇਲੇ ਸ਼ਿਕਾਗੋ ਵਿਚ ਸਿਰਫ਼ ਇੱਕੋ ਕਲੀਸਿਯਾ ਹੁੰਦੀ ਸੀ ਤੇ ਮੀਟਿੰਗਾਂ ਇਕ ਮਕਾਨ ਦੀ ਦੂਜੀ ਮੰਜ਼ਲ ਤੇ ਕਿਰਾਏ ਦੇ ਕਮਰੇ ਵਿਚ ਹੁੰਦੀਆਂ ਸਨ। ਜੇਮਜ਼ ਅਕਸਰ ਮੈਨੂੰ ਪਰਮੇਸ਼ੁਰ ਦੀ ਸੇਵਾ ਵਿਚ ਲੱਗੀ ਰਹਿਣ ਲਈ ਚਿੱਠੀਆਂ ਲਿਖਦਾ ਸੀ। ਦਸੰਬਰ 1926  ਵਿਚ ਸਾਡਾ ਵਿਆਹ ਹੋ ਗਿਆ ਅਤੇ ਇਕ ਸਾਲ ਬਾਅਦ ਸਾਡਾ ਪਹਿਲਾ ਪੁੱਤਰ ਐਡੀ ਪੈਦਾ ਹੋਇਆ।

ਜਲਦੀ ਹੀ ਮੈਂ ਤੇ ਜੇਮਜ਼ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਅਮਰੀਕਾ ਦੇ ਅੱਠ ਰਾਜਾਂ ਵਿਚ ਸੇਵਾ ਕੀਤੀ—ਮਿਸ਼ੀਗਨ, ਲੁਜ਼ੀਆਨਾ, ਮਿਸੀਸਿਪੀ, ਦੱਖਣੀ ਡਾਕੋਟਾ, ਆਇਓਵਾ, ਨੈਬਰਾਸਕਾ, ਕੈਲੇਫ਼ੋਰਨੀਆ ਅਤੇ ਇਲੀਨਾਇ। ਇਹ ਸਾਡੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਸਾਲ ਸਨ। ਫਿਰ ਜੇਮਜ਼ ਬੀਮਾਰ ਪੈ ਗਿਆ ਤੇ ਪਰਿਵਾਰ ਦੀਆਂ ਖ਼ੁਸ਼ੀਆਂ ਦੀ ਲੜੀ ਟੁੱਟ ਗਈ।

ਜੇਮਜ਼ ਦੀ ਬੀਮਾਰੀ ਦੇ ਖ਼ਰਚੇ ਕਰਕੇ ਸਾਨੂੰ 1936 ਵਿਚ ਸ਼ਿਕਾਗੋ ਵਾਪਸ ਜਾਣਾ ਪਿਆ। ਉੱਥੇ ਅਸੀਂ ਜੇਮਜ਼ ਦੇ ਮਾਤਾ ਜੀ ਕੋਲ ਰਹੇ ਤੇ ਉਹ ਵੀ ਯਹੋਵਾਹ ਦੇ ਗਵਾਹ ਸਨ। ਜੇਮਜ਼ ਦੀ ਬੀਮਾਰੀ ਦੇ ਆਖ਼ਰੀ ਦਿਨਾਂ ਵਿਚ ਮੈਂ ਦੂਜੀ ਵਾਰ ਗਰਭਵਤੀ ਸੀ ਤੇ ਮੈਂ ਇਕ ਕੈਫੇ ਵਿਚ ਕੰਮ ਕਰਦੀ ਸੀ ਜਿਸ ਦੇ ਬਦਲੇ ਮੈਨੂੰ ਇਕ ਦਿਨ ਦਾ ਇਕ ਡਾਲਰ ਮਿਲਦਾ ਸੀ। ਜੇਮਜ਼ ਦੇ ਮਾਤਾ ਜੀ ਨੇ ਸਾਡਾ ਪੂਰਾ ਧਿਆਨ ਰੱਖਿਆ ਤੇ ਬਦਲੇ ਵਿਚ ਸਾਡੇ ਕੋਲੋਂ ਇਕ ਪੈਸਾ ਵੀ ਨਹੀਂ ਲਿਆ।

ਜੇਮਜ਼ ਲਗਭਗ ਦੋ ਸਾਲ ਇਨਸੇੱਫਲਾਈਟਿਸ (ਦਿਮਾਗ਼ੀ ਬੁਖਾਰ) ਨਾਂ ਦੀ ਬੀਮਾਰੀ ਨਾਲ ਪੀੜਿਤ ਰਿਹਾ ਤੇ ਜੁਲਾਈ 1938 ਵਿਚ ਮੌਤ ਦੀ ਨੀਂਦ ਸੌਂ ਗਿਆ। ਬੀਮਾਰੀ ਦੌਰਾਨ ਉਸ ਦੇ ਲਈ ਗੱਡੀ ਚਲਾਉਣੀ ਜਾਂ ਘਰ-ਘਰ ਪ੍ਰਚਾਰ ਕਰਨਾ ਮੁਸ਼ਕਲ ਸੀ, ਪਰ ਫਿਰ ਵੀ ਉਸ ਨੇ ਹੋਰਨਾਂ ਨੂੰ ਗਵਾਹੀ ਦੇਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਗੁਆਇਆ। ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਮੈਂ ਪਾਇਨੀਅਰੀ ਕਰਨੀ ਛੱਡ ਦਿੱਤੀ। ਮੈਨੂੰ ਕਈ ਨੌਕਰੀਆਂ ਮਿਲੀਆਂ ਜੋ ਥੋੜ੍ਹੇ-ਥੋੜ੍ਹੇ ਚਿਰ ਬਾਅਦ ਛੁੱਟ ਗਈਆਂ।

ਸਾਡਾ ਪੁੱਤਰ ਬੌਬੀ 30 ਜੁਲਾਈ 1938 ਨੂੰ ਪੈਦਾ ਹੋਇਆ ਤੇ ਇਸ ਤੋਂ ਬਸ ਅੱਠ ਦਿਨ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ ਹੋਈ ਸੀ। ਜਣੇਪੇ ਲਈ ਜੇਮਜ਼ ਦੇ ਮਾਤਾ ਜੀ ਨੇ ਮੈਨੂੰ ਸਸਤੇ ਹਸਪਤਾਲ ਵਿਚ ਨਹੀਂ ਜਾਣ ਦਿੱਤਾ। ਉਨ੍ਹਾਂ ਨੇ ਮੈਨੂੰ ਵਧੀਆ ਹਸਪਤਾਲ ਵਿਚ ਭੇਜਿਆ ਜਿੱਥੇ ਉਨ੍ਹਾਂ ਦਾ ਡਾਕਟਰ ਮੇਰੀ ਦੇਖ-ਭਾਲ ਕਰ ਸਕਦਾ ਸੀ। ਇਸ ਤੋਂ ਇਲਾਵਾ, ਸਾਰਾ ਖ਼ਰਚਾ ਵੀ ਉਨ੍ਹਾਂ ਨੇ ਹੀ ਕੀਤਾ ਸੀ। ਮੈਂ ਮਾਤਾ ਜੀ ਦੇ ਇਸ ਪਿਆਰ ਲਈ ਤਹਿ ਦਿਲੋਂ ਧੰਨਵਾਦੀ ਹਾਂ।

ਦੁਬਾਰਾ ਪਾਇਨੀਅਰੀ ਕਰਨ ਵਿਚ ਜੁੱਟ ਗਈ

ਬੌਬੀ ਦੀ ਉਮਰ ਦੋ ਸਾਲ ਤੇ ਐਡੀ ਦੀ ਉਮਰ 12 ਸਾਲ ਦੀ ਹੋਣ ਤਕ ਅਸੀਂ ਜੇਮਜ਼ ਦੇ ਮਾਤਾ ਜੀ ਨਾਲ ਹੀ ਰਹੇ। ਹਾਲਾਂਕਿ ਮੈਂ ਹੁਣ ਇਕੱਲੀ ਨੇ ਦੋ ਬੱਚਿਆਂ ਦੀ ਪਰਵਰਿਸ਼ ਕਰਨੀ ਸੀ, ਪਰ ਪਾਇਨੀਅਰੀ ਕਰਨ ਦਾ ਜੋਸ਼ ਅਜੇ ਵੀ ਮੇਰੇ ਅੰਦਰ ਠਾਠਾਂ ਮਾਰ ਰਿਹਾ ਸੀ। 1940 ਵਿਚ ਮਿਸ਼ੀਗਨ ਦੇ ਡੈਟਰਾਇਟ ਸ਼ਹਿਰ ਵਿਚ ਇਕ ਸੰਮੇਲਨ ਹੋਇਆ ਜਿੱਥੇ ਮੈਨੂੰ ਇਕ ਪਾਇਨੀਅਰ ਜੋੜਾ ਮਿਲਿਆ ਜਿਸ ਨੇ ਮੈਨੂੰ ਦੱਖਣੀ ਕੈਰੋਲਾਇਨਾ ਆ ਕੇ ਪਾਇਨੀਅਰੀ ਕਰਨ ਦੀ ਹੱਲਾਸ਼ੇਰੀ ਦਿੱਤੀ। ਇਸ ਲਈ ਮੈਂ 150 ਡਾਲਰਾਂ ਵਿਚ 1935 ਮਾਡਲ ਦੀ ਇਕ ਕਾਰ ਖ਼ਰੀਦ ਲਈ ਅਤੇ ਉੱਥੇ ਜਾਣ ਦੀ ਤਿਆਰੀ ਕਰ ਲਈ। 1941 ਵਿਚ, ਜਦੋਂ ਅਮਰੀਕਾ ਦੂਜੇ ਵਿਸ਼ਵ ਯੁੱਧ ਵਿਚ ਜੁੱਟਿਆ ਸੀ, ਮੈਂ ਆਪਣੇ ਦੋਵਾਂ ਮੁੰਡਿਆਂ ਨੂੰ ਲੈ ਕੇ ਦੱਖਣੀ ਅਮਰੀਕਾ ਚਲੇ ਗਈ ਤੇ ਪਾਇਨੀਅਰੀ ਕਰਨ ਵਿਚ ਜੁੱਟ ਗਈ।

ਦੱਖਣੀ ਕੈਰੋਲਾਇਨਾ ਜਾ ਕੇ ਪਹਿਲਾਂ ਅਸੀਂ ਕੈਮਡਨ ਨਾਂ ਦੇ ਸ਼ਹਿਰ ਗਏ। ਇਸ ਤੋਂ ਬਾਅਦ ਲਿਟਲ ਰੀਵਰ ਕਸਬੇ ਤੇ ਫਿਰ ਕੌਨਵੇ ਨਾਂ ਦੇ ਕਸਬੇ ਵਿਚ ਰਹਿਣ ਲੱਗ ਗਏ। ਕੌਨਵੇ ਵਿਚ ਮੈਂ ਇਕ ਵੈਨ ਖ਼ਰੀਦ ਲਈ ਜਿਸ ਵਿਚ ਰਹਿਣ-ਸਹਿਣ ਦਾ ਪ੍ਰਬੰਧ ਸੀ। ਮੈਂ ਇਕ ਪਟਰੋਲ ਪੰਪ ਦੇ ਮਾਲਕ ਤੋਂ ਵੈਨ ਨੂੰ ਪੰਪ ਦੇ ਨੇੜੇ ਖੜ੍ਹਾ ਕਰਨ ਦੀ ਇਜਾਜ਼ਤ ਲੈ ਲਈ। ਉਸ ਨੇ ਵੈਨ ਨੂੰ ਪਟਰੋਲ ਪੰਪ ਦੇ ਗੈਸ ਪਾਈਪ ਨਾਲ ਜੋੜਨ ਦੇ ਨਾਲ-ਨਾਲ ਸਾਨੂੰ ਬਿਜਲੀ ਅਤੇ ਟਾਇਲਟ ਵਰਤਣ ਦੀ ਵੀ ਇਜਾਜ਼ਤ ਦੇ ਦਿੱਤੀ। ਦੂਜੇ ਵਿਸ਼ਵ ਯੁੱਧ ਦੌਰਾਨ ਮਿਣ-ਮਿਣ ਕੇ ਪਟਰੋਲ ਦਿੱਤਾ ਜਾਂਦਾ ਸੀ, ਪਰ ਮੈਨੂੰ ਪਟਰੋਲ ਨਹੀਂ ਮਿਲਿਆ। ਇਸ ਲਈ ਮੈਂ ਇਕ ਪੁਰਾਣਾ ਸਾਈਕਲ ਖ਼ਰੀਦ ਲਿਆ। ਫਿਰ 1943 ਵਿਚ, ਜਦੋਂ ਮੈਨੂੰ ਲੱਗਦਾ ਸੀ ਕਿ ਪੈਸੇ ਖ਼ਤਮ ਹੋ ਜਾਣ ਕਰਕੇ ਮੈਂ ਪਾਇਨੀਅਰੀ ਨਹੀਂ ਕਰ ਸਕਾਂਗੀ, ਤਾਂ ਮੈਨੂੰ ਸਪੈਸ਼ਲ ਪਾਇਨੀਅਰ ਬਣਨ ਦਾ ਸੱਦਾ ਮਿਲਿਆ ਜਿਸ ਕਰਕੇ ਆਪਣਾ ਖ਼ਰਚ-ਪਾਣੀ ਚਲਾਉਣ ਲਈ ਮੈਨੂੰ ਥੋੜ੍ਹੇ ਜਿਹੇ ਪੈਸੇ ਮਿਲਦੇ ਸਨ। ਇਸ ਤਰ੍ਹਾਂ ਯਹੋਵਾਹ ਨੇ ਸਾਲਾਂ ਬੱਧੀ ਮੇਰੀ ਬਹੁਤ ਮਦਦ ਕੀਤੀ ਹੈ।

ਕੌਨਵੇ ਵਿਚ ਕੋਈ ਗਵਾਹ ਨਾ ਹੋਣ ਕਰਕੇ ਮੈਨੂੰ ਬੱਚਿਆਂ ਨਾਲ ਪ੍ਰਚਾਰ ਤੇ ਜਾਣਾ ਮੁਸ਼ਕਲ ਲੱਗਦਾ ਸੀ। ਇਸ ਲਈ ਮੈਂ ਬ੍ਰਾਂਚ ਨੂੰ ਇਕ ਹੋਰ ਸਪੈਸ਼ਲ ਪਾਇਨੀਅਰ ਭੇਜਣ ਲਈ ਲਿਖਿਆ ਜੋ ਮੇਰੇ ਨਾਲ ਪ੍ਰਚਾਰ ਤੇ ਜਾ ਸਕੇ। 1944 ਵਿਚ ਈਡਥ ਵੌਕਰ ਨਾਂ ਦੀ ਇਕ ਬਹੁਤ ਚੰਗੀ ਪਾਇਨੀਅਰ ਨੂੰ ਭੇਜ ਦਿੱਤਾ ਗਿਆ। ਅਸੀਂ 16 ਸਾਲਾਂ ਤਕ ਕਈ ਥਾਵਾਂ ਤੇ ਇਕੱਠੀਆਂ ਨੇ ਪ੍ਰਚਾਰ ਕੀਤਾ। ਅਫ਼ਸੋਸ ਦੀ ਗੱਲ ਹੈ ਕਿ ਸਿਹਤ ਖ਼ਰਾਬ ਹੋਣ ਕਰਕੇ ਉਸ ਨੂੰ ਓਹੀਓ ਵਾਪਸ ਜਾਣਾ ਪਿਆ।

ਸ਼ਾਨਦਾਰ ਬਰਕਤਾਂ

ਉਨ੍ਹਾਂ ਸਾਲਾਂ ਦੀਆਂ ਕਈ ਮਿੱਠੀਆਂ ਯਾਦਾਂ ਦੇ ਨਾਲ-ਨਾਲ ਮੈਂ 13 ਸਾਲਾਂ ਦੀ ਐਲਬਰਥਾ ਨੂੰ ਕਦੇ ਨਹੀਂ ਭੁੱਲਾਂਗੀ ਜੋ ਕੌਨਵੇ ਵਿਚ ਰਹਿੰਦੀ ਸੀ ਅਤੇ ਆਪਣੀ ਅਪਾਹਜ ਨਾਨੀ ਤੇ ਦੋ ਛੋਟੇ ਭਰਾਵਾਂ ਦੀ ਦੇਖ-ਭਾਲ ਕਰਦੀ ਸੀ। ਮੇਰੇ ਨਾਲ ਬਾਈਬਲ ਸਟੱਡੀ ਕਰ ਕੇ ਜੋ ਗੱਲਾਂ ਉਹ ਸਿੱਖ ਰਹੀ ਸੀ, ਉਹ ਗੱਲਾਂ ਉਸ ਨੂੰ ਬਹੁਤ ਪਸੰਦ ਸਨ ਤੇ ਉਹ ਇਨ੍ਹਾਂ ਨੂੰ ਹੋਰਨਾਂ ਨੂੰ ਵੀ ਦੱਸਣ ਲੱਗੀ। ਉਸ ਵਿਚ ਵੀ ਪਾਇਨੀਅਰੀ ਕਰਨ ਦੀ ਗਹਿਰੀ ਇੱਛਾ ਪੈਦਾ ਹੋ ਗਈ ਤੇ ਉਸ ਨੇ 1950 ਵਿਚ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। 57 ਸਾਲਾਂ ਬਾਅਦ ਵੀ ਉਹ ਪਾਇਨੀਅਰੀ ਕਰ ਰਹੀ ਹੈ!

1951 ਵਿਚ ਥੋੜ੍ਹੇ ਚਿਰ ਲਈ ਮੈਨੂੰ ਤੇ ਈਡਿਥ ਨੂੰ ਦੱਖਣੀ ਕੈਰੋਲਾਇਨਾ ਦੇ ਰਾਕ ਹਿਲ ਸ਼ਹਿਰ ਵਿਚ ਪ੍ਰਚਾਰ  ਕਰਨ ਵਾਸਤੇ ਭੇਜਿਆ ਗਿਆ ਜਿੱਥੇ ਬਹੁਤ ਘੱਟ ਗਵਾਹ ਸਨ। ਫਿਰ ਅਸੀਂ ਤਿੰਨ ਸਾਲਾਂ ਲਈ ਜਾਰਜੀਆ ਦੇ ਐਲਬਰਟਨ ਸ਼ਹਿਰ ਚਲੀਆਂ ਗਈਆਂ। ਇਸ ਤੋਂ ਬਾਅਦ ਅਸੀਂ ਦੱਖਣੀ ਕੈਰੋਲਾਇਨਾ ਵਾਪਸ ਆ ਗਈਆਂ ਜਿੱਥੇ ਮੈਂ 1954 ਤੋਂ 1962 ਤਕ ਰਹੀ। ਵੋਲਹਾਲਾ ਕਸਬੇ ਵਿਚ ਮੈਂ ਨੈਟੀ ਨਾਂ ਦੀ ਇਕ ਬਿਰਧ ਔਰਤ ਨੂੰ ਮਿਲੀ ਜਿਸ ਨੂੰ ਉੱਚਾ ਸੁਣਦਾ ਸੀ। ਉਹ ਇਕ ਪੇਂਡੂ ਇਲਾਕੇ ਵਿਚ ਇਕੱਲੀ ਰਹਿੰਦੀ ਸੀ। ਬਾਈਬਲ ਸਟੱਡੀ ਕਰਦੇ ਸਮੇਂ ਉਹ ਪ੍ਰਕਾਸ਼ਨ ਵਿੱਚੋਂ ਪੈਰਾ ਪੜ੍ਹਦੀ ਸੀ, ਮੈਂ ਉਂਗਲ ਨਾਲ ਪੈਰੇ ਦੇ ਥੱਲੇ ਦਿੱਤੇ ਸਵਾਲ ਵੱਲ ਉਸ ਦਾ ਧਿਆਨ ਖਿੱਚਦੀ ਸੀ ਤੇ ਉਹ ਉਂਗਲ ਨਾਲ ਪੈਰੇ ਵਿਚ ਦਿੱਤਾ ਜਵਾਬ ਦੱਸਦੀ ਸੀ।

ਜਦ ਕੋਈ ਗੱਲ ਉਸ ਨੂੰ ਸਮਝ ਨਹੀਂ ਆਉਂਦੀ ਸੀ, ਤਾਂ ਉਹ ਕਾਗਜ਼ ਉੱਤੇ ਸਵਾਲ ਲਿਖਦੀ ਸੀ ਤੇ ਮੈਂ ਉਸ ਦਾ ਜਵਾਬ ਲਿਖ ਦਿੰਦੀ ਸੀ। ਸਮੇਂ ਦੇ ਬੀਤਣ ਨਾਲ ਬਾਈਬਲ ਵਿਚ ਦੱਸੀ ਸੱਚਾਈ ਲਈ ਨੈਟੀ ਦੀ ਕਦਰ ਇੰਨੀ ਵਧ ਗਈ ਕਿ ਉਸ ਨੇ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਅਤੇ ਉਹ ਘਰ-ਘਰ ਪ੍ਰਚਾਰ ਕਰਨ ਲੱਗ ਪਈ। ਉਹ ਖ਼ੁਦ ਪ੍ਰਚਾਰ ਤੇ ਜਾਂਦੀ ਸੀ। ਮੈਂ ਵੀ ਨੇੜੇ ਹੀ ਸੜਕ ਦੇ ਦੂਜੇ ਪਾਸੇ ਹੁੰਦੀ ਸੀ ਤੇ ਲੋੜ ਪੈਣ ਤੇ ਉਸ ਦੀ ਮਦਦ ਕਰਨ ਲਈ ਤਿਆਰ ਰਹਿੰਦੀ ਸੀ।

ਮੈਂ ਅਜੇ ਵੋਲਹਾਲਾ ਵਿਚ ਹੀ ਸੀ ਜਦ ਮੇਰੀ ਪੁਰਾਣੀ ਕਾਰ ਖ਼ਰਾਬ ਹੋ ਗਈ। ਮੈਨੂੰ 100 ਡਾਲਰਾਂ ਦੀ ਇਕ ਹੋਰ ਕਾਰ ਖ਼ਰੀਦਣ ਦਾ ਮੌਕਾ ਮਿਲਿਆ, ਪਰ ਮੇਰੇ ਕੋਲ ਪੈਸੇ ਨਹੀਂ ਸਨ। ਮੈਂ ਇਕ ਭਰਾ ਨਾਲ ਗੱਲ ਕੀਤੀ ਜਿਸ ਦਾ ਆਪਣਾ ਕਾਰੋਬਾਰ ਸੀ ਤੇ ਉਸ ਨੇ ਮੈਨੂੰ 100 ਡਾਲਰ ਕਰਜ਼ਾ ਦੇ ਦਿੱਤਾ। ਇਸ ਤੋਂ ਜਲਦੀ ਹੀ ਬਾਅਦ ਮੈਨੂੰ ਇਕ ਚਿੱਠੀ ਆਈ ਜਿਸ ਵਿਚ ਮੇਰੇ ਛੋਟੇ ਭੈਣ-ਭਰਾਵਾਂ ਨੇ ਦੱਸਿਆ ਕਿ ਸਾਡੇ ਪਿਤਾ ਜੀ ਦੇ ਮਰਨ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੇ ਬੈਂਕ ਵਿਚ ਕੁਝ ਪੈਸੇ ਰੱਖੇ ਹੋਏ ਸਨ। ਉਨ੍ਹਾਂ ਨੇ ਆਪਸ ਵਿਚ ਗੱਲਬਾਤ ਕਰ ਕੇ ਸਲਾਹ ਕੀਤੀ ਕਿ ਪੈਸੇ ਮੈਨੂੰ ਭੇਜ ਦਿੱਤੇ ਜਾਣ। ਇਹ ਕੁੱਲ 100 ਡਾਲਰ ਸਨ!

ਪੁੱਤਰਾਂ ਨਾਲ ਪਾਇਨੀਅਰੀ

ਐਡੀ ਤੇ ਬੌਬੀ ਛੋਟੇ ਹੁੰਦਿਆਂ ਹਮੇਸ਼ਾ ਮੇਰੇ ਨਾਲ ਘਰ-ਘਰ ਪ੍ਰਚਾਰ ਕਰਨ ਜਾਂਦੇ ਸਨ। ਉਨ੍ਹਾਂ ਦਿਨਾਂ ਵਿਚ ਅੱਜ ਵਾਂਗ ਨਸ਼ੇ ਅਤੇ ਗ਼ਲਤ ਕੰਮ ਕਰਨ ਦਾ ਇੰਨਾ ਦਬਾਅ ਨਹੀਂ ਹੁੰਦਾ ਸੀ। ਆਪਣੀ ਜ਼ਿੰਦਗੀ ਸਾਦੀ ਰੱਖਣ ਅਤੇ ਪ੍ਰਚਾਰ ਦੇ ਕੰਮ ਉੱਤੇ ਧਿਆਨ ਲਾਈ ਰੱਖਣ ਨਾਲ ਮੈਂ ਉਨ੍ਹਾਂ ਕਈ ਸਮੱਸਿਆਵਾਂ ਤੋਂ ਬਚੀ ਰਹੀ ਹਾਂ ਜੋ ਅੱਜ ਯਹੋਵਾਹ ਦੇ ਸੇਵਕਾਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਸੰਬੰਧੀ ਆ ਰਹੀਆਂ ਹਨ।

ਐਡੀ ਨੇ ਕੈਮਡਨ ਦੇ ਸਕੂਲ ਵਿਚ ਅੱਠਵੀਂ ਤਕ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਉਹ ਮੇਰੇ ਨਾਲ ਪਾਇਨੀਅਰੀ ਕਰਨ ਲੱਗ ਪਿਆ। ਕੁਝ ਸਾਲਾਂ ਤਕ ਅਸੀਂ ਇਕੱਠਿਆਂ ਨੇ ਪਾਇਨੀਅਰੀ ਦਾ ਆਨੰਦ ਮਾਣਿਆ। ਫਿਰ ਉਸ ਨੇ ਨਿਊਯਾਰਕ ਵਿਖੇ ਬਰੁਕਲਿਨ ਬੈਥਲ ਜਾਣ ਬਾਰੇ ਸੋਚਿਆ ਜਿੱਥੇ ਉਸ ਨੇ 1947 ਤੋਂ 1957 ਤਕ ਸੇਵਾ ਕੀਤੀ। 1958 ਵਿਚ ਉਸ ਨੇ ਐਲਬਰਥਾ ਨਾਲ ਵਿਆਹ ਕਰਾ ਲਿਆ ਜਿਸ ਨਾਲ ਮੈਂ ਬਾਈਬਲ ਸਟੱਡੀ ਕੀਤੀ ਸੀ ਤੇ ਉਹ ਦੋਵੇਂ ਪਾਇਨੀਅਰੀ ਕਰਨ ਲੱਗ ਪਏ। ਸਾਡੇ ਲਈ ਇਹ ਕਿੰਨੀ ਖ਼ੁਸ਼ੀ ਦੀ ਗੱਲ ਸੀ ਕਿ ਅਸੀਂ ਤਿੰਨੇ ਜਣੇ 2004 ਵਿਚ ਪਾਇਨੀਅਰ ਸੇਵਾ ਸਕੂਲ ਵਿਚ ਜਾ ਸਕੇ!

ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦੋਂ ਬੌਬੀ ਛੋਟਾ ਹੁੰਦਾ ਸੀ, ਉਸ ਨੂੰ ਮੈਂ ਇਕ ਦਿਨ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਹਿੰਦੇ ਸੁਣਿਆ ਕਿ ਯਹੋਵਾਹ ਕਾਰ ਵਾਸਤੇ ਪਟਰੋਲ ਲੈਣ ਵਿਚ ਮੇਰੀ ਮਦਦ ਕਰੇ ਤਾਂਕਿ ਮੈਂ ਆਪਣੀਆਂ ਬਾਈਬਲ ਸਟੱਡੀਆਂ ਤੇ ਜਾ ਸਕਾਂ। ਬੌਬੀ ਨੇ ਸਾਰੀ ਜ਼ਿੰਦਗੀ ਸੇਵਕਾਈ ਨੂੰ ਬਹੁਤ ਅਹਿਮੀਅਤ ਦਿੱਤੀ ਹੈ ਤੇ ਕਈ ਸਾਲਾਂ ਤਕ ਪਾਇਨੀਅਰੀ ਦਾ ਆਨੰਦ ਮਾਣਿਆ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਬੌਬੀ ਦੇ ਵਿਆਹ ਤੋਂ ਸਿਰਫ਼ 22 ਮਹੀਨਿਆਂ ਬਾਅਦ 1970 ਵਿਚ ਜਣੇਪੇ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ ਤੇ ਜੌੜੀਆਂ ਬੱਚੀਆਂ ਵੀ ਮਰ ਗਈਆਂ। ਬੌਬੀ ਅਤੇ ਮੈਂ ਹਮੇਸ਼ਾ ਇਕ-ਦੂਜੇ ਦੇ ਘਰ ਦੇ ਨੇੜੇ-ਤੇੜੇ ਹੀ ਰਹੇ ਹਾਂ ਤੇ ਅਸੀਂ ਇਕ-ਦੂਜੇ ਦੇ ਸਾਥ ਦਾ ਬਹੁਤ ਆਨੰਦ ਮਾਣਿਆ ਹੈ।

ਅਜੇ ਵੀ ਪਾਇਨੀਅਰੀ!

1962 ਵਿਚ ਮੈਨੂੰ ਉੱਤਰੀ ਕੈਰੋਲਾਇਨਾ, ਲਮਬਰਟਨ ਦੀ ਕਲੀਸਿਯਾ ਵਿਚ ਭੇਜਿਆ ਗਿਆ ਤੇ 45 ਸਾਲਾਂ ਬਾਅਦ ਅਜੇ ਵੀ ਮੈਂ ਇਸੇ ਕਲੀਸਿਯਾ ਵਿਚ ਹਾਂ। ਮੈਂ 84 ਸਾਲਾਂ ਦੀ ਉਮਰ ਤਕ ਖ਼ੁਦ ਕਾਰ ਚਲਾਉਂਦੀ ਰਹੀ। ਪਰ ਹੁਣ ਨੇੜੇ ਹੀ ਰਹਿੰਦਾ ਇਕ ਪਰਿਵਾਰ ਮੈਨੂੰ ਮੀਟਿੰਗਾਂ ਵਿਚ ਅਤੇ ਪ੍ਰਚਾਰ ਤੇ ਲੈ ਕੇ ਜਾਂਦਾ ਹੈ।

ਮੇਰੇ ਕੋਲ ਵੌਕਰ ਤੇ ਵੀਲ੍ਹਚੇਅਰ ਹੈ, ਪਰ ਮੈਂ ਇਨ੍ਹਾਂ ਦੋਹਾਂ ਚੀਜ਼ਾਂ ਦਾ ਸਹਾਰਾ ਲਏ ਬਿਨਾਂ ਹੀ ਚੱਲ-ਫਿਰ ਸਕਦੀ ਹਾਂ। ਮੈਂ ਯਹੋਵਾਹ ਦੀ ਧੰਨਵਾਦੀ ਹਾਂ ਕਿ ਮੇਰੀ ਸਿਹਤ ਠੀਕ-ਠਾਕ ਰਹੀ। ਬਸ ਹੁਣੇ ਜਿਹੇ ਮੈਨੂੰ ਅੱਖਾਂ ਦੀ ਥੋੜ੍ਹੀ ਜਿਹੀ ਤਕਲੀਫ਼ ਹੋਈ ਹੈ। ਮੈਂ ਕਦੇ ਵੀ ਮੀਟਿੰਗਾਂ ਤੇ ਜਾਣਾ ਨਹੀਂ ਛੱਡਦੀ, ਬਸ਼ਰਤੇ ਕਿ ਮੈਂ ਬਹੁਤ ਬੀਮਾਰ ਹੋਵਾਂ। ਮੈਂ ਅਜੇ ਵੀ ਰੈਗੂਲਰ ਪਾਇਨੀਅਰ ਵਜੋਂ ਗਿਣੀ ਜਾਂਦੀ ਹਾਂ ਭਾਵੇਂ ਕਿ ਮੈਂ ਉੱਨੇ ਘੰਟੇ ਕਰ ਨਹੀਂ ਪਾਉਂਦੀ।

70 ਤੋਂ ਜ਼ਿਆਦਾ ਸਾਲ ਪਾਇਨੀਅਰੀ ਕਰਨ ਤੋਂ ਬਾਅਦ ਮੈਂ ਕਹਿ ਸਕਦੀ ਹਾਂ ਕਿ ਯਹੋਵਾਹ ਨੇ ਜ਼ਿੰਦਗੀ ਦੇ ਹਰ ਮੋੜ ਤੇ ਮੇਰੀ ਮਦਦ ਕੀਤੀ ਹੈ। * ਭਾਵੇਂ ਕਿ ਮੈਂ ਸ਼ੁਰੂ ਤੋਂ ਹੀ ਇੰਨੀ ਅਕਲਮੰਦ ਜਾਂ ਕੰਮ ਕਰਨ ਵਿਚ ਇੰਨੀ ਤੇਜ਼ ਨਹੀਂ ਹਾਂ, ਪਰ ਯਹੋਵਾਹ ਨੂੰ ਪਤਾ ਹੈ ਕਿ ਮੈਂ ਕੀ ਕਰ ਸਕਦੀ ਹਾਂ ਤੇ ਕੀ ਨਹੀਂ। ਉਸ ਨੂੰ ਪਤਾ ਹੈ ਕਿ ਮੈਂ ਅਜੇ ਵੀ ਉਸ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਉਸ ਦਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਸ ਨੇ ਮੈਨੂੰ ਆਪਣਾ ਕੰਮ ਕਰਨ ਲਈ ਵਰਤਿਆ ਹੈ।

ਮੈਂ ਮਹਿਸੂਸ ਕਰਦੀ ਹਾਂ ਕਿ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਰਾ ਕੁਝ ਉਸ ਨੇ ਹੀ ਸਾਨੂੰ ਦਿੱਤਾ ਹੈ। ਜਦ ਤਕ ਮੇਰੇ ਵਿਚ ਤਾਕਤ ਹੈ, ਤਦ ਤਕ ਮੈਂ ਪਾਇਨੀਅਰੀ ਕਰਨ ਤੋਂ ਸਿਵਾਇ ਹੋਰ ਕੁਝ ਕਰਨ ਬਾਰੇ ਨਹੀਂ ਸੋਚ ਸਕਦੀ। ਮੈਂ ਇਸ ਨੂੰ ਇਕ ਬਹੁਤ ਵੱਡਾ ਸਨਮਾਨ ਮੰਨਦੀ ਹਾਂ! ਮੇਰੀ ਇਹੀ ਦੁਆ ਹੈ ਕਿ ਯਹੋਵਾਹ ਮੈਨੂੰ ਹਮੇਸ਼ਾ-ਹਮੇਸ਼ਾ ਲਈ ਵਰਤਦਾ ਰਹੇ।

[ਫੁਟਨੋਟ]

^ ਪੈਰਾ 30 ਭੈਣ ਸਟਾਇਗਰਸ 20 ਅਪ੍ਰੈਲ 2007 ਨੂੰ ਸਵਰਗਵਾਸ ਹੋ ਗਈ। ਉਸ ਦੀ ਉਮਰ ਤਿੰਨ ਮਹੀਨੇ ਘੱਟ 100 ਸਾਲ ਦੀ ਸੀ। ਉਸ ਨੇ ਕਾਫ਼ੀ ਸਾਲਾਂ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਜਿਸ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ। ਅਸੀਂ ਖ਼ੁਸ਼ ਹਾਂ ਕਿ ਉਸ ਨੂੰ ਉਸ ਦਾ ਸਵਰਗੀ ਇਨਾਮ ਮਿਲ ਚੁੱਕਾ ਹੈ।

[ਸਫ਼ਾ 13 ਉੱਤੇ ਤਸਵੀਰ]

ਮੈਂ ਤੇ ਮੇਰਾ ਪਤੀ ਪਾਇਨੀਅਰੀ ਕਰਦੇ ਸਮੇਂ ਇਹ ਗੱਡੀ ਇਸਤੇਮਾਲ ਕਰਦੇ ਸੀ

[ਸਫ਼ਾ 14 ਉੱਤੇ ਤਸਵੀਰ]

1941 ਵਿਚ ਆਪਣੇ ਪੁੱਤਾਂ ਨਾਲ

[ਸਫ਼ਾ 15 ਉੱਤੇ ਤਸਵੀਰ]

ਹਾਲ ਹੀ ਵਿਚ ਐਡੀ ਤੇ ਬੌਬੀ ਨਾਲ