Skip to content

Skip to table of contents

“ਸਾਰੇ ਲੋਭ ਤੋਂ ਬਚੇ ਰਹੋ”

“ਸਾਰੇ ਲੋਭ ਤੋਂ ਬਚੇ ਰਹੋ”

“ਸਾਰੇ ਲੋਭ ਤੋਂ ਬਚੇ ਰਹੋ”

“ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।”—ਲੂਕਾ 12:15.

1, 2. (ੳ) ਅੱਜ ਲੋਕਾਂ ਦਾ ਧਿਆਨ ਕਿਨ੍ਹਾਂ ਚੀਜ਼ਾਂ ਵੱਲ ਲੱਗਾ ਹੋਇਆ ਹੈ? (ਅ) ਦੁਨੀਆਂ ਦੇ ਲੋਕਾਂ ਦੇ ਰਵੱਈਏ ਦਾ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ?

ਧਨ-ਦੌਲਤ, ਜ਼ਮੀਨ-ਜਾਇਦਾਦ, ਸ਼ੁਹਰਤ, ਚੰਗੀ ਨੌਕਰੀ, ਪਰਿਵਾਰ। ਕਈ ਲੋਕਾਂ ਲਈ ਇਹ ਚੀਜ਼ਾਂ ਕਾਮਯਾਬੀ ਦੀ ਨਿਸ਼ਾਨੀ ਹਨ। ਉਹ ਸੋਚਦੇ ਹਨ ਕਿ ਇਹ ਚੀਜ਼ਾਂ ਉਨ੍ਹਾਂ ਨੂੰ ਜ਼ਿੰਦਗੀ ਦਾ ਹਰ ਸੁੱਖ ਦੇ ਸਕਦੀਆਂ ਹਨ। ਦੇਸ਼ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ, ਜ਼ਿਆਦਾਤਰ ਲੋਕਾਂ ਦਾ ਧਿਆਨ ਪੈਸਾ ਕਮਾਉਣ ਅਤੇ ਦੁਨੀਆਂ ਵਿਚ ਕੁਝ ਬਣਨ ਵੱਲ ਲੱਗਾ ਹੋਇਆ ਹੈ। ਦੂਜੇ ਪਾਸੇ, ਧਾਰਮਿਕ ਗੱਲਾਂ ਵਿਚ ਲੋਕਾਂ ਦੀ ਰੁਚੀ ਤੇਜ਼ੀ ਨਾਲ ਖ਼ਤਮ ਹੁੰਦੀ ਜਾ ਰਹੀ ਹੈ।

2 ਬਾਈਬਲ ਵਿਚ ਸਦੀਆਂ ਪਹਿਲਾਂ ਹੀ ਅੱਜ ਦੇ ਲੋਕਾਂ ਦੇ ਰਵੱਈਏ ਬਾਰੇ ਦੱਸ ਦਿੱਤਾ ਗਿਆ ਸੀ ਕਿ “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, . . . ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ, ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ।” (2 ਤਿਮੋਥਿਉਸ 3:1-5) ਸੱਚੇ ਮਸੀਹੀਆਂ ਨੂੰ ਹਰ ਦਿਨ ਇਹੋ ਜਿਹੇ ਲੋਕਾਂ ਨਾਲ ਮਿਲਣਾ-ਵਰਤਣਾ ਪੈਂਦਾ ਹੈ ਜਿਸ ਕਰਕੇ ਉਨ੍ਹਾਂ ਉੱਤੇ ਲਗਾਤਾਰ ਦਬਾਅ ਰਹਿੰਦਾ ਹੈ ਕਿ ਉਹ ਵੀ ਦੁਨੀਆਂ ਦੇ ਲੋਕਾਂ ਵਾਂਗ ਸੋਚਣ ਅਤੇ ਜ਼ਿੰਦਗੀ ਬਤੀਤ ਕਰਨ। ਤਾਂ ਫਿਰ ‘ਇਸ ਦੁਨੀਆਂ ਦੇ ਲੋਕਾਂ ਵਰਗੇ ਨਾ ਬਣਨ’ ਲਈ ਅਸੀਂ ਕੀ ਕਰ ਸਕਦੇ ਹਾਂ?—ਰੋਮੀਆਂ 12:2, ਈਜ਼ੀ ਟੂ ਰੀਡ ਵਰਯਨ।

3. ਅਸੀਂ ਹੁਣ ਯਿਸੂ ਦੀ ਕਿਹੜੀ ਨਸੀਹਤ ਬਾਰੇ ਚਰਚਾ ਕਰਾਂਗੇ?

3 ਇਸ ਮਾਮਲੇ ਵਿਚ ਸਾਡੀ ‘ਨਿਹਚਾ ਦੇ ਸੰਪੂਰਨ ਕਰਨ ਵਾਲੇ’ ਯਿਸੂ ਮਸੀਹ ਨੇ ਸਾਨੂੰ ਕਈ ਵਧੀਆ ਨਸੀਹਤਾਂ ਦਿੱਤੀਆਂ ਹਨ। (ਇਬਰਾਨੀਆਂ 12:2) ਇਕ ਵਾਰ ਜਦੋਂ ਯਿਸੂ ਆਪਣੇ ਚੇਲਿਆਂ ਨੂੰ ਕੁਝ ਜ਼ਰੂਰੀ ਨਸੀਹਤਾਂ ਦੇ ਰਿਹਾ ਸੀ, ਤਾਂ ਅਚਾਨਕ ਇਕ ਆਦਮੀ ਨੇ ਵਿੱਚੋਂ ਟੋਕਦਿਆਂ ਕਿਹਾ: “ਗੁਰੂ ਜੀ ਮੇਰੇ ਭਰਾ ਨੂੰ ਕਹੋ ਜੋ ਉਹ ਵਿਰਸਾ ਮੇਰੇ ਨਾਲ ਵੰਡ ਲਵੇ।” ਜਵਾਬ ਵਿਚ ਯਿਸੂ ਨੇ ਉਸ ਆਦਮੀ ਨੂੰ ਅਤੇ ਬਾਕੀ ਸਰੋਤਿਆਂ ਨੂੰ ਵਧੀਆ ਸਲਾਹ ਦਿੱਤੀ। ਪਹਿਲਾਂ ਤਾਂ ਉਸ ਨੇ ਲੋਭ ਨਾ ਕਰਨ ਬਾਰੇ ਸਖ਼ਤ ਚੇਤਾਵਨੀ ਦਿੱਤੀ ਅਤੇ ਫਿਰ ਉਸ ਨੇ ਲੋਭ ਕਰਨ ਦੇ ਖ਼ਤਰਿਆਂ ਉੱਤੇ ਜ਼ੋਰ ਦੇਣ ਲਈ ਇਕ ਕਹਾਣੀ ਸੁਣਾਈ। ਆਓ ਆਪਾਂ ਦੇਖੀਏ ਕਿ ਯਿਸੂ ਨੇ ਉਸ ਮੌਕੇ ਤੇ ਕੀ ਕਿਹਾ ਸੀ ਅਤੇ ਉਸ ਦੀਆਂ ਨਸੀਹਤਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੇ ਕੀ ਫ਼ਾਇਦੇ ਹੋਣਗੇ।—ਲੂਕਾ 12:13-21.

ਨਾਵਾਜਬ ਬੇਨਤੀ

4. ਉਸ ਆਦਮੀ ਦਾ ਯਿਸੂ ਦੀ ਗੱਲ ਨੂੰ ਵਿਚ-ਵਿਚਾਲੇ ਟੋਕਣਾ ਕਿਉਂ ਗ਼ਲਤ ਸੀ?

4 ਟੋਕੇ ਜਾਣ ਤੋਂ ਪਹਿਲਾਂ ਯਿਸੂ ਆਪਣੇ ਚੇਲਿਆਂ ਤੇ ਹੋਰਨਾਂ ਨੂੰ ਪਖੰਡ ਤੋਂ ਦੂਰ ਰਹਿਣ ਬਾਰੇ, ਹਿੰਮਤ ਨਾਲ ਦੂਸਰਿਆਂ ਅੱਗੇ ਮਨੁੱਖ ਦੇ ਪੁੱਤਰ ਦਾ ਇਕਰਾਰ ਕਰਨ ਬਾਰੇ ਅਤੇ ਪਵਿੱਤਰ ਆਤਮਾ ਦੀ ਮਦਦ ਮੰਗਣ ਬਾਰੇ ਦੱਸ ਰਿਹਾ ਸੀ। (ਲੂਕਾ 12:1-12) ਇਨ੍ਹਾਂ ਅਹਿਮ ਗੱਲਾਂ ਉੱਤੇ ਚੱਲਣਾ ਯਿਸੂ ਦੇ ਚੇਲਿਆਂ ਲਈ ਜ਼ਰੂਰੀ ਸੀ। ਪਰ ਉਪਦੇਸ਼ ਨੂੰ ਵਿਚ-ਵਿਚਾਲੇ ਟੋਕਦੇ ਹੋਏ ਉਸ ਆਦਮੀ ਨੇ ਯਿਸੂ ਨੂੰ ਕਿਹਾ ਕਿ ਉਹ ਜਾਇਦਾਦ ਦੇ ਬਟਵਾਰੇ ਸੰਬੰਧੀ ਉਸ ਦੇ ਘਰੇਲੂ ਮਸਲੇ ਨੂੰ ਹੱਲ ਕਰੇ। ਇਸ ਘਟਨਾ ਤੋਂ ਅਸੀਂ ਇਕ ਅਹਿਮ ਗੱਲ ਸਿੱਖ ਸਕਦੇ ਹਾਂ।

5. ਉਸ ਆਦਮੀ ਦੀ ਬੇਨਤੀ ਤੋਂ ਉਸ ਦੇ ਸੁਭਾਅ ਬਾਰੇ ਕੀ ਪਤਾ ਲੱਗਦਾ ਹੈ?

5 ਕਿਹਾ ਜਾਂਦਾ ਹੈ ਕਿ “ਧਾਰਮਿਕ ਉਪਦੇਸ਼ ਸੁਣਨ ਵੇਲੇ ਕਿਸੇ ਦਾ ਧਿਆਨ ਕਿਨ੍ਹਾਂ ਚੀਜ਼ਾਂ ਤੇ ਲੱਗਾ ਹੁੰਦਾ ਹੈ, ਇਸ ਤੋਂ ਉਸ ਦੇ ਸੁਭਾਅ ਬਾਰੇ ਪਤਾ ਲੱਗਦਾ ਹੈ।” ਜਦੋਂ ਯਿਸੂ ਅਧਿਆਤਮਿਕ ਵਿਸ਼ਿਆਂ ਉੱਤੇ ਜ਼ਰੂਰੀ ਗੱਲਾਂ ਦੱਸ ਰਿਹਾ ਸੀ, ਉਦੋਂ ਉਹ ਆਦਮੀ ਧਨੀ ਬਣਨ ਦੀਆਂ ਸਕੀਮਾਂ ਬਣਾ ਰਿਹਾ ਸੀ। ਬਾਈਬਲ ਵਿਚ ਇਹ ਨਹੀਂ ਕਿਹਾ ਗਿਆ ਕਿ ਉਸ ਦੀ ਸ਼ਿਕਾਇਤ ਜਾਇਜ਼ ਸੀ ਜਾਂ ਨਹੀਂ। ਸ਼ਾਇਦ ਉਹ ਆਦਮੀ ਸੋਚਦਾ ਸੀ ਕਿ ਜੇ ਯਿਸੂ ਵਰਗਾ ਪ੍ਰਸਿੱਧ ਅਤੇ ਸੂਝਵਾਨ ਨਿਆਂਕਾਰ ਉਸ ਦੇ ਪੱਖ ਵਿਚ ਫ਼ੈਸਲਾ ਸੁਣਾਵੇ, ਤਾਂ ਉਸ ਦਾ ਭਰਾ ਜਾਇਦਾਦ ਦਾ ਜ਼ਿਆਦਾ ਹਿੱਸਾ ਉਸ ਨੂੰ ਦੇਣ ਲਈ ਮੰਨ ਜਾਵੇਗਾ। (ਯਸਾਯਾਹ 11:3, 4; ਮੱਤੀ 22:16) ਗੱਲ ਜੋ ਵੀ ਸੀ, ਉਸ ਦੀ ਬੇਨਤੀ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਸ ਨੂੰ ਰੂਹਾਨੀ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਕੀ ਸਾਨੂੰ ਵੀ ਇਸ ਮਾਮਲੇ ਵਿਚ ਆਪਣੀ ਪਰਖ ਨਹੀਂ ਕਰਨੀ ਚਾਹੀਦੀ? ਮਿਸਾਲ ਲਈ, ਮਸੀਹੀ ਸਭਾਵਾਂ ਵਿਚ ਬੈਠਿਆਂ ਸਾਡਾ ਧਿਆਨ ਸੌਖਿਆਂ ਹੀ ਭਟਕ ਸਕਦਾ ਹੈ ਜਾਂ ਅਸੀਂ ਸੋਚਣ ਲੱਗਦੇ ਹਾਂ ਕਿ ਸਭਾ ਤੋਂ ਬਾਅਦ ਅਸੀਂ ਕੀ ਕੁਝ ਕਰਨਾ ਹੈ। ਪਰ ਇਹ ਸਮਾਂ ਸਭਾ ਵਿਚ ਦੱਸੀਆਂ ਜਾ ਰਹੀਆਂ ਗੱਲਾਂ ਉੱਤੇ ਧਿਆਨ ਦੇਣ ਦਾ ਹੁੰਦਾ ਹੈ ਤਾਂਕਿ ਅਸੀਂ ਇਨ੍ਹਾਂ ਨੂੰ ਲਾਗੂ ਕਰ ਕੇ ਯਹੋਵਾਹ ਪਰਮੇਸ਼ੁਰ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕੀਏ।—ਜ਼ਬੂਰਾਂ ਦੀ ਪੋਥੀ 22:22; ਮਰਕੁਸ 4:24.

6. ਯਿਸੂ ਨੇ ਉਸ ਆਦਮੀ ਦੀ ਬੇਨਤੀ ਸਵੀਕਾਰ ਕਿਉਂ ਨਹੀਂ ਕੀਤੀ?

6 ਯਿਸੂ ਨੂੰ ਬੇਨਤੀ ਕਰਨ ਪਿੱਛੇ ਉਸ ਆਦਮੀ ਦੀ ਨੀਅਤ ਜੋ ਵੀ ਸੀ, ਪਰ ਯਿਸੂ ਨੇ ਉਸ ਦੇ ਨਿੱਜੀ ਮਾਮਲੇ ਵਿਚ ਦਖ਼ਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਯਿਸੂ ਨੇ ਕਿਹਾ: “ਮਨੁੱਖਾ, ਕਿਨ ਮੈਨੂੰ ਤੁਹਾਡੇ ਉੱਪਰ ਨਿਆਈ ਯਾ ਵੰਡਣ ਵਾਲਾ ਠਹਿਰਾਇਆ ਹੈ?” (ਲੂਕਾ 12:14) ਯਿਸੂ ਇੱਥੇ ਮੂਸਾ ਦੀ ਬਿਵਸਥਾ ਵਿਚ ਦਿੱਤੇ ਗਏ ਨਿਯਮ ਵੱਲ ਇਸ਼ਾਰਾ ਕਰ ਰਿਹਾ ਸੀ ਜਿਸ ਤੋਂ ਸਾਰੇ ਜਾਣੂ ਸਨ। ਬਿਵਸਥਾ ਦੇ ਅਨੁਸਾਰ ਸਾਰੇ ਸ਼ਹਿਰਾਂ ਵਿਚ ਨਿਆਂਕਾਰ ਠਹਿਰਾਏ ਗਏ ਸਨ ਜੋ ਇਹੋ ਜਿਹੇ ਨਿੱਜੀ ਮਾਮਲਿਆਂ ਦੀ ਸੁਣਵਾਈ ਕਰਦੇ ਸਨ। (ਬਿਵਸਥਾ ਸਾਰ 16:18-20; 21:15-17; ਰੂਥ 4:1, 2) ਪਰ ਯਿਸੂ ਆਪਣਾ ਧਿਆਨ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਦੇਣਾ ਚਾਹੁੰਦਾ ਸੀ। ਉਸ ਦੀ ਮੁੱਖ ਚਿੰਤਾ ਪਰਮੇਸ਼ੁਰ ਦੇ ਰਾਜ ਬਾਰੇ ਸਾਖੀ ਭਰਨੀ ਅਤੇ ਲੋਕਾਂ ਨੂੰ ਯਹੋਵਾਹ ਦੀ ਇੱਛਾ ਬਾਰੇ ਸਿਖਾਉਣਾ ਸੀ। (ਯੂਹੰਨਾ 18:37) ਸੋ ਯਿਸੂ ਦੀ ਰੀਸ ਕਰਦਿਆਂ ਸਾਨੂੰ ਵੀ ਬੇਕਾਰ ਦੀਆਂ ਚੀਜ਼ਾਂ ਉੱਤੇ ਧਿਆਨ ਲਗਾਉਣ ਦੀ ਬਜਾਇ ਆਪਣਾ ਸਮਾਂ ਤੇ ਤਾਕਤ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਅਤੇ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦੇ ਕੰਮ ਵਿਚ ਲਗਾਉਣੀ ਚਾਹੀਦੀ ਹੈ।—ਮੱਤੀ 24:14; 28:19.

ਲੋਭ ਤੋਂ ਬਚੋ

7. ਉਸ ਆਦਮੀ ਦੀ ਨੀਅਤ ਨੂੰ ਸਮਝਦੇ ਹੋਏ ਯਿਸੂ ਨੇ ਕੀ ਕਿਹਾ?

7 ਯਿਸੂ ਵਿਚ ਇਨਸਾਨ ਦੇ ਦਿਲ ਦੀ ਗੱਲ ਜਾਣਨ ਦੀ ਕਾਬਲੀਅਤ ਸੀ। ਸੋ ਉਹ ਉਸ ਆਦਮੀ ਦੀ ਨੀਅਤ ਨੂੰ ਸਮਝ ਗਿਆ ਸੀ। ਉਸ ਦੀ ਬੇਨਤੀ ਠੁਕਰਾਉਣ ਤੋਂ ਬਾਅਦ ਉਸ ਨੇ ਅਸਲੀ ਮਸਲੇ ਬਾਰੇ ਗੱਲ ਕਰਦਿਆਂ ਕਿਹਾ: “ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।”—ਲੂਕਾ 12:15.

8. ਲੋਭ ਕੀ ਹੈ ਅਤੇ ਇਸ ਦਾ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ?

8 ਪੈਸਾ ਕਮਾਉਣ ਜਾਂ ਕਿਸੇ ਚੀਜ਼ ਨੂੰ ਖ਼ਰੀਦਣ ਦੀ ਇੱਛਾ ਨੂੰ ਲੋਭ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਗੱਲਾਂ ਆਪਣੇ ਆਪ ਵਿਚ ਗ਼ਲਤ ਨਹੀਂ ਹਨ। ਇਸ ਦੀ ਬਜਾਇ, ਲੋਭੀ ਇਨਸਾਨ ਉਹ ਹੁੰਦਾ ਹੈ ਜਿਸ ਉੱਤੇ ਧਨ-ਦੌਲਤ ਇਕੱਠੀ ਕਰਨ ਜਾਂ ਦੂਸਰਿਆਂ ਦੀਆਂ ਚੀਜ਼ਾਂ ਹੜੱਪਣ ਦਾ ਭੂਤ ਸਵਾਰ ਹੁੰਦਾ ਹੈ। ਲੋਭੀ ਇਨਸਾਨ ਹਰ ਦੇਖੀ ਚੀਜ਼ ਨੂੰ ਹਾਸਲ ਕਰਨਾ ਚਾਹੁੰਦਾ ਹੈ, ਭਾਵੇਂ ਉਸ ਨੂੰ ਉਸ ਦੀ ਲੋੜ ਨਾ ਵੀ ਹੋਵੇ। ਜਾਂ ਉਹ ਹੋਰਨਾਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੀਆਂ ਚੀਜ਼ਾਂ ਹੜੱਪਣ ਦੀ ਤਾਕ ਵਿਚ ਰਹਿੰਦਾ ਹੈ। ਲੋਭੀ ਇਨਸਾਨ ਜਿਸ ਚੀਜ਼ ਨੂੰ ਲੋਚਦਾ ਹੈ, ਚੌਵੀ ਘੰਟੇ ਉਸੇ ਬਾਰੇ ਸੋਚਦਾ ਰਹਿੰਦਾ ਹੈ। ਇਕ ਤਰੀਕੇ ਨਾਲ ਉਹ ਚੀਜ਼ ਉਸ ਦਾ ਰੱਬ ਬਣ ਜਾਂਦੀ ਹੈ। ਯਾਦ ਕਰੋ ਕਿ ਪੌਲੁਸ ਰਸੂਲ ਨੇ ਕਿਹਾ ਸੀ ਕਿ ਲੋਭੀ ਇਨਸਾਨ ਅਤੇ ਮੂਰਤੀ-ਪੂਜਕ ਵਿਚ ਕੋਈ ਫ਼ਰਕ ਨਹੀਂ ਹੈ। ਇਹੋ ਜਿਹਾ ਵਿਅਕਤੀ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਵੜੇਗਾ।—ਅਫ਼ਸੀਆਂ 5:5; ਕੁਲੁੱਸੀਆਂ 3:5.

9. ਲੋਭ ਦੇ ਕਿਹੜੇ ਕੁਝ ਰੂਪ ਹਨ? ਮਿਸਾਲਾਂ ਦੇ ਕੇ ਸਮਝਾਓ।

9 ਧਿਆਨ ਦਿਓ ਕਿ ਯਿਸੂ ਨੇ ਚੇਲਿਆਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਸੀ ਕਿ “ਸਾਰੇ ਲੋਭ ਤੋਂ ਬਚੇ ਰਹੋ।” ਇਹ ਕਹਿ ਕੇ ਯਿਸੂ ਦਿਖਾ ਰਿਹਾ ਸੀ ਕਿ ਲੋਭ ਦੇ ਕਈ ਰੂਪ ਹੋ ਸਕਦੇ ਹਨ। ਮੂਸਾ ਦੀ ਬਿਵਸਥਾ ਵਿਚ ਦਿੱਤੇ ਦਸ ਹੁਕਮਾਂ ਵਿਚ ਕੁਝ ਰੂਪਾਂ ਬਾਰੇ ਦੱਸਿਆ ਗਿਆ ਹੈ: “ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ। ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ, ਨਾ ਉਸ ਦੇ ਗੋੱਲੇ ਦਾ, ਨਾ ਉਸ ਦੀ ਗੋੱਲੀ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ ਦਾ ਜਿਹੜੀ ਤੇਰੇ ਗਵਾਂਢੀ ਦੀ ਹੈ।” (ਕੂਚ 20:17) ਬਾਈਬਲ ਵਿਚ ਕਈਆਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਲੋਭ ਵਿਚ ਆ ਕੇ ਗੰਭੀਰ ਪਾਪ ਕੀਤੇ। ਸਭ ਤੋਂ ਪਹਿਲੀ ਮਿਸਾਲ ਸ਼ਤਾਨ ਦੀ ਹੈ ਜਿਸ ਨੇ ਉਸ ਮਹਿਮਾ, ਮਾਣ ਅਤੇ ਸਮਰਥਾ ਨੂੰ ਹਾਸਲ ਕਰਨ ਦਾ ਲਾਲਚ ਕੀਤਾ ਜੋ ਸਿਰਫ਼ ਯਹੋਵਾਹ ਨੂੰ ਮਿਲਣੀ ਚਾਹੀਦੀ ਹੈ। (ਪਰਕਾਸ਼ ਦੀ ਪੋਥੀ 4:11) ਹੱਵਾਹ ਨੇ ਸਹੀ-ਗ਼ਲਤ ਦਾ ਆਪ ਫ਼ੈਸਲਾ ਕਰਨ ਦੇ ਲਾਲਚ ਵਿਚ ਆ ਕੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਅਤੇ ਸਾਰੀ ਮਨੁੱਖਜਾਤੀ ਨੂੰ ਪਾਪ ਤੇ ਮੌਤ ਦੇ ਮੂੰਹ ਵਿਚ ਧੱਕ ਦਿੱਤਾ। (ਉਤਪਤ 3:4-7) ਪਰਮੇਸ਼ੁਰ ਦੇ ਕੁਝ ਦੂਤ “ਆਪਣੀ ਪਦਵੀ” ਤੋਂ ਨਾਖ਼ੁਸ਼ ਸਨ। ਨਤੀਜੇ ਵਜੋਂ, ਉਨ੍ਹਾਂ ਨੇ ਸਵਰਗ ਵਿਚ ‘ਆਪਣੇ ਅਸਲੀ ਠਿਕਾਣੇ ਨੂੰ ਛੱਡ ਕੇ’ ਉਸ ਚੀਜ਼ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਉੱਤੇ ਉਨ੍ਹਾਂ ਦਾ ਕੋਈ ਹੱਕ ਨਹੀਂ ਸੀ। (ਯਹੂਦਾਹ 6; ਉਤਪਤ 6:2) ਇਸੇ ਤਰ੍ਹਾਂ, ਬਾਈਬਲ ਵਿਚ ਅਸੀਂ ਬਿਲਆਮ, ਆਕਾਨ, ਗੇਹਾਜੀ ਅਤੇ ਯਹੂਦਾ ਇਸਕਰਿਯੋਤੀ ਦੇ ਲੋਭ ਬਾਰੇ ਵੀ ਪੜ੍ਹਦੇ ਹਾਂ। ਇਨ੍ਹਾਂ ਸਾਰਿਆਂ ਕੋਲ ਜੋ ਸੀ, ਉਸ ਤੋਂ ਸੰਤੁਸ਼ਟ ਨਾ ਹੋ ਕੇ ਉਨ੍ਹਾਂ ਨੇ ਹੋਰ ਜ਼ਿਆਦਾ ਹਾਸਲ ਕਰਨ ਦਾ ਲਾਲਚ ਕੀਤਾ। ਲੋਭ ਨੇ ਉਨ੍ਹਾਂ ਦੀ ਨੀਅਤ ਖ਼ਰਾਬ ਕਰ ਦਿੱਤੀ ਅਤੇ ਉਨ੍ਹਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ।

10. ਯਿਸੂ ਦੀ ਸਲਾਹ ਮੁਤਾਬਕ ਸਾਨੂੰ ਕਿਸ ਗੱਲੋਂ “ਖਬਰਦਾਰ” ਰਹਿਣ ਦੀ ਲੋੜ ਹੈ?

10 ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਲੋਭ ਬਾਰੇ ਚੇਤਾਵਨੀ ਦਿੰਦਿਆਂ ਯਿਸੂ ਨੇ ਕਿਉਂ “ਖਬਰਦਾਰ” ਰਹਿਣ ਲਈ ਕਿਹਾ ਸੀ! ਸਾਨੂੰ ਖਬਰਦਾਰ ਰਹਿਣ ਦੀ ਲੋੜ ਹੈ ਕਿਉਂਕਿ ਦੂਸਰਿਆਂ ਦੇ ਲਾਲਚੀ ਸੁਭਾਅ ਨੂੰ ਤਾਂ ਅਸੀਂ ਝੱਟ ਪਛਾਣ ਲੈਂਦੇ ਹਾਂ, ਪਰ ਆਪਣੇ ਵਿਚਲੇ ਲੋਭ ਨੂੰ ਨਹੀਂ ਦੇਖ ਪਾਉਂਦੇ। ਪੌਲੁਸ ਰਸੂਲ ਨੇ ਕਿਹਾ ਸੀ ਕਿ “ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ।” (1 ਤਿਮੋਥਿਉਸ 6:9, 10) ਯਾਕੂਬ ਨੇ ਵੀ ਕਿਹਾ ਸੀ ਕਿ ਬੁਰੀ ਕਾਮਨਾ ਜਦੋਂ ‘ਗਰਭਣੀ ਹੁੰਦੀ ਹੈ ਤਾਂ ਪਾਪ ਨੂੰ ਜਣਦੀ ਹੈ।’ (ਯਾਕੂਬ 1:15) ਯਿਸੂ ਦੀ ਸਲਾਹ ਮੁਤਾਬਕ ਸਾਨੂੰ ਕਿਸ ਗੱਲੋਂ “ਖਬਰਦਾਰ” ਰਹਿਣ ਦੀ ਲੋੜ ਹੈ? ਦੂਸਰਿਆਂ ਦੇ ਲੋਭ ਨੂੰ ਪਛਾਣਨ ਲਈ ਨਹੀਂ, ਸਗੋਂ ਆਪਣੇ ਦਿਲ ਦੀ ਜਾਂਚ ਕਰਨ ਲਈ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ “ਸਾਰੇ ਲੋਭ ਤੋਂ ਬਚੇ” ਰਹਿ ਸਕੀਏ।

ਐਸ਼ੋ-ਆਰਾਮ ਦੀ ਜ਼ਿੰਦਗੀ

11, 12. (ੳ) ਯਿਸੂ ਨੇ ਲੋਭ ਬਾਰੇ ਕੀ ਚੇਤਾਵਨੀ ਦਿੱਤੀ ਸੀ? (ਅ) ਸਾਨੂੰ ਯਿਸੂ ਦੀ ਚੇਤਾਵਨੀ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?

11 ਲੋਭ ਤੋਂ ਖ਼ਬਰਦਾਰ ਰਹਿਣ ਦਾ ਇਕ ਹੋਰ ਕਾਰਨ ਵੀ ਹੈ। ਗੌਰ ਕਰੋ ਕਿ ਯਿਸੂ ਨੇ ਅੱਗੇ ਕਿਹਾ ਕਿ “ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੂਕਾ 12:15) ਅੱਜ ਖ਼ਾਸ ਕਰਕੇ ਸਾਨੂੰ ਇਨ੍ਹਾਂ ਸ਼ਬਦਾਂ ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਦੁਨੀਆਂ ਪੈਸੇ ਪਿੱਛੇ ਪਾਗਲ ਹੋ ਚੁੱਕੀ ਹੈ। ਕਈ ਲੋਕ ਸੋਚਦੇ ਹਨ ਕਿ ਪੈਸਾ ਹੀ ਖ਼ੁਸ਼ੀਆਂ ਅਤੇ ਕਾਮਯਾਬੀ ਦੀ ਕੁੰਜੀ ਹੈ। ਪਰ ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਮਕਸਦ-ਭਰੀ ਜ਼ਿੰਦਗੀ ਅਤੇ ਸੱਚੀ ਖ਼ੁਸ਼ੀ ਧਨ-ਦੌਲਤ ਨਾਲ ਹਾਸਲ ਨਹੀਂ ਹੁੰਦੀ।

12 ਕੁਝ ਲੋਕ ਸ਼ਾਇਦ ਇਸ ਗੱਲ ਨਾਲ ਸਹਿਮਤ ਨਾ ਹੋਣ। ਉਹ ਕਹਿੰਦੇ ਹਨ ਕਿ ਪੈਸਾ ਤੇ ਸੁਖ-ਸਾਧਨ ਹੋਣ ਨਾਲ ਇਨਸਾਨ ਆਰਾਮ ਦੀ ਜ਼ਿੰਦਗੀ ਮਾਣ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੈਸਿਆਂ ਬਿਨਾਂ ਜ਼ਿੰਦਗੀ ਦਾ ਮਜ਼ਾ ਨਹੀਂ ਲਿਆ ਜਾ ਸਕਦਾ। ਸੋ ਉਹ ਪੂਰੀ ਜ਼ਿੰਦਗੀ ਪੈਸਾ ਕਮਾਉਣ ਵਿਚ ਲਗਾ ਦਿੰਦੇ ਹਨ ਤਾਂਕਿ ਉਹ ਜੋ ਚਾਹੁਣ ਖ਼ਰੀਦ ਸਕਣ। ਪਰ ਇਸ ਤਰ੍ਹਾਂ ਸੋਚਣ ਵਾਲੇ ਲੋਕ ਯਿਸੂ ਦੇ ਉਪਦੇਸ਼ ਦੀ ਮੁੱਖ ਗੱਲ ਨੂੰ ਭੁੱਲ ਰਹੇ ਹਨ।

13. ਜ਼ਿੰਦਗੀ ਅਤੇ ਧਨ-ਦੌਲਤ ਬਾਰੇ ਸਾਨੂੰ ਕਿਹੜਾ ਸਹੀ ਨਜ਼ਰੀਆ ਰੱਖਣਾ ਚਾਹੀਦਾ ਹੈ?

13 ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਅਮੀਰ ਹੋਣਾ ਗ਼ਲਤ ਹੈ। ਉਹ ਤਾਂ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ ਕਿ ਇਨਸਾਨ ਦੀ ਜ਼ਿੰਦਗੀ “ਉਸ ਦੇ ਮਾਲ” ਜਾਂ ਧਨ-ਦੌਲਤ ਉੱਤੇ ਨਿਰਭਰ ਨਹੀਂ ਕਰਦੀ। ਸਾਨੂੰ ਪਤਾ ਹੈ ਕਿ ਜੀਉਂਦੇ ਰਹਿਣ ਲਈ ਬਹੁਤੀਆਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਬਸ ਢਿੱਡ ਭਰਨ ਜੋਗੀ ਰੋਟੀ, ਇਕ-ਦੋ ਜੋੜੀ ਕੱਪੜੇ ਅਤੇ ਸਿਰ ਲੁਕੋਣ ਲਈ ਛੱਤ। ਇਹ ਸੱਚ ਹੈ ਕਿ ਅਮੀਰਾਂ ਕੋਲ ਇਨ੍ਹਾਂ ਚੀਜ਼ਾਂ ਦੀ ਭਰਮਾਰ ਹੈ, ਜਦ ਕਿ ਗ਼ਰੀਬਾਂ ਨੂੰ ਦੋ ਵਕਤ ਦੀ ਰੋਟੀ ਲਈ ਦਿਨ-ਰਾਤ ਇਕ ਕਰਨਾ ਪੈਂਦਾ ਹੈ। ਪਰ ਮੌਤ ਹੋਣ ਤੇ ਦੋਨਾਂ ਦੀ ਹਾਲਤ ਇੱਕੋ ਜਿਹੀ ਹੋ ਜਾਂਦੀ ਹੈ। ਉਸ ਵਕਤ ਪੈਸਾ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਉਂਦਾ। (ਉਪਦੇਸ਼ਕ ਦੀ ਪੋਥੀ 9:5, 6) ਸੋ ਪੈਸਾ ਕਮਾਉਣ ਅਤੇ ਨਵੀਆਂ-ਨਵੀਆਂ ਚੀਜ਼ਾਂ ਖ਼ਰੀਦਣ ਨਾਲ ਸਾਡੀ ਜ਼ਿੰਦਗੀ ਮਕਸਦ-ਭਰੀ ਨਹੀਂ ਬਣ ਜਾਂਦੀ। ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਆਓ ਆਪਾਂ ਦੇਖੀਏ ਕਿ ਯਿਸੂ ਕਿਸ ਜੀਵਨ ਦੀ ਗੱਲ ਕਰ ਰਿਹਾ ਸੀ।

14. ਲੂਕਾ ਦੀ ਇੰਜੀਲ ਵਿਚ “ਜੀਉਣ” ਲਈ ਵਰਤੇ ਗਏ ਯੂਨਾਨੀ ਸ਼ਬਦ ਤੋਂ ਅਸੀਂ ਕੀ ਸਿੱਖਦੇ ਹਾਂ?

14 ਜਦੋਂ ਯਿਸੂ ਨੇ ਕਿਹਾ ਸੀ ਕਿ “ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ,” ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਸਾਡੀ ਜ਼ਿੰਦਗੀ ਦੀ ਲੰਬਾਈ ਸਾਡੇ ਵੱਸ ਵਿਚ ਨਹੀਂ ਹੈ, ਭਾਵੇਂ ਅਸੀਂ ਅਮੀਰ ਹੋਈਏ ਜਾਂ ਗ਼ਰੀਬ। ਅਸੀਂ ਭਾਵੇਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਂਦੇ ਹਾਂ ਜਾਂ ਮਿਹਨਤ-ਮਜ਼ਦੂਰੀ ਕਰਦੇ ਹਾਂ, ਪਰ ਇਸ ਗੱਲ ਦਾ ਕੋਈ ਭਰੋਸਾ ਨਹੀਂ ਕਿ ਕੱਲ੍ਹ ਨੂੰ ਅਸੀਂ ਜੀਉਂਦੇ ਰਹਾਂਗੇ ਜਾਂ ਨਹੀਂ। ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਪੁੱਛਿਆ ਸੀ: “ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸੱਕਦਾ ਹੈ?” (ਮੱਤੀ 6:27) ਬਾਈਬਲ ਸਾਫ਼ ਕਹਿੰਦੀ ਹੈ ਕਿ ਯਹੋਵਾਹ ਹੀ “ਜੀਉਣ ਦਾ ਚਸ਼ਮਾ” ਹੈ। ਕੇਵਲ ਉਹੋ ਆਪਣੇ ਵਫ਼ਾਦਾਰ ਭਗਤਾਂ ਨੂੰ “ਅਸਲ ਜੀਵਨ” ਯਾਨੀ “ਸਦੀਪਕ ਜੀਵਨ” ਦੇ ਸਕਦਾ ਹੈ।—ਜ਼ਬੂਰਾਂ ਦੀ ਪੋਥੀ 36:9; 1 ਤਿਮੋਥਿਉਸ 6:12, 19.

15. ਕਈ ਲੋਕ ਪੈਸੇ ਉੱਤੇ ਭਰੋਸਾ ਕਿਉਂ ਰੱਖਦੇ ਹਨ?

15 ਯਿਸੂ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਕਈ ਲੋਕਾਂ ਦਾ ਜ਼ਿੰਦਗੀ ਬਾਰੇ ਗ਼ਲਤ ਨਜ਼ਰੀਆ ਹੈ। ਇਨਸਾਨ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ, ਸਭ ਦੇ ਸਭ ਪਾਪੀ ਹੋਣ ਕਰਕੇ ਆਖ਼ਰਕਾਰ ਮਰ ਜਾਂਦੇ ਹਨ। ਮੂਸਾ ਨਾਂ ਦੇ ਇਕ ਭਗਤ ਨੇ ਕਿਹਾ ਸੀ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।” (ਜ਼ਬੂਰਾਂ ਦੀ ਪੋਥੀ 90:10; ਅੱਯੂਬ 14:1, 2; 1 ਪਤਰਸ 1:24) ਇਸੇ ਕਰਕੇ ਯਹੋਵਾਹ ਨੂੰ ਨਾ ਮੰਨਣ ਵਾਲੇ ਕਈ ਲੋਕ ਕਹਿੰਦੇ ਹਨ ਕਿ “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।” (1 ਕੁਰਿੰਥੀਆਂ 15:32) ਕਈ ਲੋਕ ਇਹ ਸੋਚ ਕੇ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਵਿਚ ਜੁੱਟ ਜਾਂਦੇ ਹਨ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਧਨ-ਦੌਲਤ ਇਕੱਠੀ ਕਰਨ ਨਾਲ ਉਹ ਦੁੱਖਾਂ ਤੋਂ ਬਚੇ ਰਹਿਣਗੇ। ਉਨ੍ਹਾਂ ਦੇ ਭਾਣੇ ਬਹੁਤ ਸਾਰਾ ਪੈਸਾ ਤੇ ਜਾਇਦਾਦ ਹੋਣ ਦਾ ਮਤਲਬ ਹੈ ਖ਼ੁਸ਼ਹਾਲ ਤੇ ਸੁਰੱਖਿਅਤ ਜ਼ਿੰਦਗੀ।—ਜ਼ਬੂਰਾਂ ਦੀ ਪੋਥੀ 49:6, 11, 12.

ਉੱਜਲ ਭਵਿੱਖ

16. ਕਿਹੜੀਆਂ ਚੀਜ਼ਾਂ ਜ਼ਿੰਦਗੀ ਨੂੰ ਮਕਸਦ-ਭਰੀ ਨਹੀਂ ਬਣਾ ਸਕਦੀਆਂ?

16 ਇਹ ਸੱਚ ਹੈ ਕਿ ਰੋਟੀ, ਕੱਪੜਾ, ਮਕਾਨ ਅਤੇ ਹੋਰ ਕਈ ਚੀਜ਼ਾਂ ਦੀ ਭਰਮਾਰ ਹੋਣ ਕਰਕੇ ਅਮੀਰ ਲੋਕ ਆਰਾਮ ਦੀ ਜ਼ਿੰਦਗੀ ਜੀਉਂਦੇ ਹਨ। ਉਹ ਬੀਮਾਰ ਹੋਣ ਤੇ ਚੰਗੇ ਤੋਂ ਚੰਗਾ ਇਲਾਜ ਕਰਾ ਸਕਦੇ ਹਨ ਜਿਸ ਨਾਲ ਉਹ ਸ਼ਾਇਦ ਕੁਝ ਸਾਲ ਹੋਰ ਜੀ ਲੈਂਦੇ ਹਨ। ਪਰ ਕੀ ਉਨ੍ਹਾਂ ਦੀ ਜ਼ਿੰਦਗੀ ਨੂੰ ਮਕਸਦ-ਭਰੀ ਜ਼ਿੰਦਗੀ ਕਿਹਾ ਜਾ ਸਕਦਾ ਹੈ? ਮਕਸਦ-ਭਰੀ ਜ਼ਿੰਦਗੀ ਦਾ ਮਤਲਬ ਲੰਬੀ ਉਮਰ ਜਾਂ ਐਸ਼ੋ-ਆਰਾਮ ਦੀ ਜ਼ਿੰਦਗੀ ਨਹੀਂ ਹੈ। ਪੌਲੁਸ ਰਸੂਲ ਨੇ ਸਾਵਧਾਨ ਕੀਤਾ ਸੀ ਕਿ ਸਾਨੂੰ ਧਨ-ਦੌਲਤ ਉੱਤੇ ਹੱਦੋਂ ਵੱਧ ਭਰੋਸਾ ਨਹੀਂ ਰੱਖਣਾ ਚਾਹੀਦਾ। ਉਸ ਨੇ ਤਿਮੋਥਿਉਸ ਨੂੰ ਲਿਖਿਆ: “ਜਿਹੜੇ ਇਸ ਜੁੱਗ ਵਿੱਚ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।”—1 ਤਿਮੋਥਿਉਸ 6:17.

17, 18. (ੳ) ਧਨ-ਦੌਲਤ ਬਾਰੇ ਸਹੀ ਨਜ਼ਰੀਆ ਰੱਖਣ ਵਾਲੇ ਕਿਨ੍ਹਾਂ ਮਿਸਾਲੀ ਲੋਕਾਂ ਦੀ ਸਾਨੂੰ ਰੀਸ ਕਰਨੀ ਚਾਹੀਦੀ ਹੈ? (ਅ) ਅਸੀਂ ਅਗਲੇ ਲੇਖ ਵਿਚ ਯਿਸੂ ਦੀ ਕਿਹੜੀ ਕਹਾਣੀ ਉੱਤੇ ਚਰਚਾ ਕਰਾਂਗੇ?

17 “ਬੇਠਿਕਾਣੇ” ਧਨ ਉੱਤੇ ਆਸਾਂ ਲਾਉਣੀਆਂ ਪਾਗਲਪੁਣਾ ਹੈ ਕਿਉਂਕਿ ਇਸ ਦਾ ਕੋਈ ਭਰੋਸਾ ਨਹੀਂ ਹੁੰਦਾ। ਪੁਰਾਣੇ ਸਮਿਆਂ ਵਿਚ ਅੱਯੂਬ ਨਾਂ ਦਾ ਇਕ ਵਫ਼ਾਦਾਰ ਭਗਤ ਬਹੁਤ ਅਮੀਰ ਸੀ। ਪਰ ਜਦੋਂ ਅਚਾਨਕ ਉਸ ਉੱਤੇ ਆਫ਼ਤਾਂ ਦਾ ਪਹਾੜ ਟੁੱਟਿਆ, ਤਾਂ ਉਸ ਦਾ ਧਨ ਕਿਸੇ ਕੰਮ ਨਹੀਂ ਆਇਆ। ਸਾਰਾ ਕੁਝ ਰਾਤੋ-ਰਾਤ ਖ਼ਤਮ ਹੋ ਗਿਆ। ਉਦੋਂ ਕਿਸ ਚੀਜ਼ ਨੇ ਉਸ ਨੂੰ ਸੰਭਾਲੀ ਰੱਖਿਆ? ਪਰਮੇਸ਼ੁਰ ਉੱਤੇ ਪੱਕੀ ਨਿਹਚਾ ਹੋਣ ਕਰਕੇ ਅੱਯੂਬ ਨੇ ਸਾਰੇ ਦੁੱਖਾਂ ਨੂੰ ਬੜੇ ਸਬਰ ਨਾਲ ਝੱਲ ਲਿਆ। (ਅੱਯੂਬ 1:1, 3, 20-22) ਇਸੇ ਤਰ੍ਹਾਂ ਅਬਰਾਹਾਮ ਵੀ ਬਹੁਤ ਅਮੀਰ ਇਨਸਾਨ ਸੀ। ਪਰ ਉਸ ਨੇ ਆਪਣੀ ਅਮੀਰੀ ਦੇ ਬਾਵਜੂਦ ਹਮੇਸ਼ਾ ਯਹੋਵਾਹ ਦਾ ਹੁਕਮ ਮੰਨਿਆ। ਨਤੀਜੇ ਵਜੋਂ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ ਕਿ ਉਹ “ਬਹੁਤੀਆਂ ਕੌਮਾਂ ਦਾ ਪਿਤਾ” ਬਣੇਗਾ। (ਉਤਪਤ 12:1, 4; 17:4-6) ਸਾਨੂੰ ਇਸ ਤਰ੍ਹਾਂ ਦੀਆਂ ਚੰਗੀਆਂ ਮਿਸਾਲਾਂ ਦੀ ਰੀਸ ਕਰਨੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਆਪਣੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕਿਨ੍ਹਾਂ ਚੀਜ਼ਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ ਤੇ ਕਿਨ੍ਹਾਂ ਚੀਜ਼ਾਂ ਉੱਤੇ ਭਰੋਸਾ ਰੱਖਦੇ ਹਾਂ।—ਅਫ਼ਸੀਆਂ 5:10; ਫ਼ਿਲਿੱਪੀਆਂ 1:10.

18 ਲੋਭ ਅਤੇ ਜ਼ਿੰਦਗੀ ਪ੍ਰਤੀ ਸਹੀ ਨਜ਼ਰੀਆ ਰੱਖਣ ਬਾਰੇ ਯਿਸੂ ਨੇ ਜੋ ਕੁਝ ਕਿਹਾ, ਉਸ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ। ਪਰ ਯਿਸੂ ਨੇ ਇੱਥੇ ਹੀ ਬਸ ਨਹੀਂ ਕੀਤੀ, ਸਗੋਂ ਉਸ ਨੇ ਅੱਗੇ ਇਕ ਧਨੀ ਪਰ ਨਾਦਾਨ ਮਨੁੱਖ ਦੀ ਕਹਾਣੀ ਸੁਣਾਈ। ਇਸ ਕਹਾਣੀ ਤੋਂ ਅਸੀਂ ਕੀ ਸਿੱਖਦੇ ਹਾਂ? ਇਸ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।

ਤੁਸੀਂ ਕੀ ਜਵਾਬ ਦਿਓਗੇ?

• ਯਿਸੂ ਦੁਆਰਾ ਇਕ ਆਦਮੀ ਦੀ ਬੇਨਤੀ ਠੁਕਰਾਉਣ ਤੋਂ ਅਸੀਂ ਕੀ ਸਿੱਖਦੇ ਹਾਂ?

• ਸਾਨੂੰ ਲੋਭ ਤੋਂ ਕਿਉਂ ਬਚਣਾ ਚਾਹੀਦਾ ਹੈ ਅਤੇ ਇਹ ਅਸੀਂ ਕਿੱਦਾਂ ਕਰ ਸਕਦੇ ਹਾਂ?

• ਅਸੀਂ ਕਿਉਂ ਕਹਿੰਦੇ ਹਾਂ ਕਿ ਸਾਡੀ ਜ਼ਿੰਦਗੀ ਧਨ-ਦੌਲਤ ਉੱਤੇ ਨਿਰਭਰ ਨਹੀਂ ਕਰਦੀ?

• ਮਕਸਦ-ਭਰੀ ਜ਼ਿੰਦਗੀ ਜੀਣ ਲਈ ਕੀ ਕਰਨਾ ਜ਼ਰੂਰੀ ਹੈ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਯਿਸੂ ਨੇ ਇਕ ਆਦਮੀ ਦੀ ਬੇਨਤੀ ਸਵੀਕਾਰ ਕਿਉਂ ਨਹੀਂ ਕੀਤੀ?

[ਸਫ਼ਾ 23 ਉੱਤੇ ਤਸਵੀਰ]

ਲੋਭ ਇਨਸਾਨ ਨੂੰ ਤਬਾਹ ਕਰ ਸਕਦਾ ਹੈ

[ਸਫ਼ਾ 25 ਉੱਤੇ ਤਸਵੀਰਾਂ]

ਅਬਰਾਹਾਮ ਨੇ ਕਿਵੇਂ ਦਿਖਾਇਆ ਕਿ ਉਹ ਧਨ-ਦੌਲਤ ਪ੍ਰਤੀ ਸਹੀ ਨਜ਼ਰੀਆ ਰੱਖਦਾ ਸੀ?