Skip to content

Skip to table of contents

ਏਸ਼ੀਆ ਮਾਈਨਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ

ਏਸ਼ੀਆ ਮਾਈਨਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ

ਏਸ਼ੀਆ ਮਾਈਨਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ

ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੇ ਕਈ ਕਲੀਸਿਯਾਵਾਂ ਏਸ਼ੀਆ ਮਾਈਨਰ (ਮੁੱਖ ਤੌਰ ਤੇ ਹੁਣ ਤੁਰਕੀ) ਵਿਚ ਸਥਾਪਿਤ ਕੀਤੀਆਂ। ਯਹੂਦੀ ਤੇ ਗ਼ੈਰ-ਯਹੂਦੀ ਲੋਕਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸੁਣਿਆ ਤੇ ਯਿਸੂ ਦੇ ਚੇਲੇ ਬਣ ਗਏ। ਬਾਈਬਲ ਦੀ ਇਕ ਡਿਕਸ਼ਨਰੀ ਕਹਿੰਦੀ ਹੈ: “ਸੀਰੀਆ-ਫਲਸਤੀਨ ਤੋਂ ਇਲਾਵਾ, ਇੱਥੇ ਏਸ਼ੀਆ ਮਾਈਨਰ ਵਿਚ ਮਸੀਹੀ ਧਰਮ ਨੇ ਜੜ੍ਹ ਫੜ ਲਈ ਤੇ ਕਾਫ਼ੀ ਵਧਣ ਲੱਗ ਪਿਆ।”

ਵੱਖ-ਵੱਖ ਥਾਵਾਂ ਤੋਂ ਜਾਣਕਾਰੀ ਲੈ ਕੇ ਅਸੀਂ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਇਸ ਇਲਾਕੇ ਵਿਚ ਮਸੀਹੀ ਧਰਮ ਕਿਵੇਂ ਵਧਣ-ਫੁੱਲਣ ਲੱਗਾ। ਆਓ ਆਪਾਂ ਦੇਖੀਏ ਕਿ ਇਸ ਜਾਣਕਾਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ।

ਏਸ਼ੀਆ ਮਾਈਨਰ ਵਿਚ ਪਹਿਲੇ ਮਸੀਹੀ

ਏਸ਼ੀਆ ਮਾਈਨਰ ਵਿਚ ਮਸੀਹੀ ਧਰਮ ਫੈਲਣ ਦੇ ਸੰਬੰਧ ਵਿਚ ਪਹਿਲੀ ਅਹਿਮ ਘਟਨਾ ਪੰਤੇਕੁਸਤ 33 ਈ. ਦੇ ਦਿਨ ਹੋਈ ਸੀ ਜਦ ਵੱਖ-ਵੱਖ ਬੋਲੀਆਂ ਬੋਲਣ ਵਾਲੇ ਯਹੂਦੀ ਤੇ ਨਵ-ਯਹੂਦੀ ਯਰੂਸ਼ਲਮ ਵਿਚ ਇਕੱਠੇ ਹੋਏ ਸਨ। ਇਸ ਭੀੜ ਵਿਚ ਕਈ ਯਹੂਦੀ ਫਲਸਤੀਨ ਤੋਂ ਬਾਹਰ ਰਹਿਣ ਵਾਲੇ ਸਨ। ਯਿਸੂ ਦੇ ਰਸੂਲਾਂ ਨੇ ਇਨ੍ਹਾਂ ਸਾਰਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਇਤਿਹਾਸ ਗਵਾਹ ਹੈ ਕਿ ਕਈ ਲੋਕ ਕੱਪਦੋਕਿਯਾ, ਪੁੰਤੁਸ, ਅਸਿਯਾ, ਫ਼ਰੂਗਿਯਾ ਅਤੇ ਪਮਫ਼ੁਲਿਯਾ ਤੋਂ ਆਏ ਸਨ। ਇਹ ਸਾਰੇ ਥਾਂ ਏਸ਼ੀਆ ਮਾਈਨਰ ਵਿਚ ਸਨ। ਉਸ ਦਿਨ ਲਗਭਗ 3,000 ਲੋਕਾਂ ਨੇ ਪ੍ਰਚਾਰ ਸੁਣ ਕੇ ਬਪਤਿਸਮਾ ਲਿਆ। ਆਪੋ-ਆਪਣੇ ਘਰ ਵਾਪਸ ਜਾਂਦੇ ਹੋਏ ਉਹ ਆਪਣਾ ਨਵਾਂ ਧਰਮ ਵੀ ਨਾਲ ਲੈ ਗਏ।—ਰਸੂਲਾਂ ਦੇ ਕਰਤੱਬ 2:5-11, 41.

ਸਾਨੂੰ ਬਾਈਬਲ ਤੋਂ ਹੋਰ ਜਾਣਕਾਰੀ ਏਸ਼ੀਆ ਮਾਈਨਰ ਵਿਚ ਪੌਲੁਸ ਰਸੂਲ ਦੇ ਮਿਸ਼ਨਰੀ ਦੌਰਿਆਂ ਤੋਂ ਮਿਲਦੀ ਹੈ। ਉਸ ਨੇ ਪਹਿਲਾ ਦੌਰਾ ਲਗਭਗ 47/48 ਈ. ਵਿਚ ਕੀਤਾ ਸੀ। ਪੌਲੁਸ ਆਪਣੇ ਸਾਥੀਆਂ ਨਾਲ ਕਿਸ਼ਤੀ ਵਿਚ ਕੁਪਰੁਸ ਤੋਂ ਏਸ਼ੀਆ ਮਾਈਨਰ ਨੂੰ ਗਿਆ ਤੇ ਪਮਫ਼ੁਲਿਯਾ ਦੇ ਪਰਗਾ ਸ਼ਹਿਰ ਪਹੁੰਚਿਆ। ਪਿਸਿਦਿਯਾ ਦੇ ਅੰਤਾਕਿਯਾ ਸ਼ਹਿਰ ਵਿਚ ਇੰਨੇ ਲੋਕਾਂ ਨੇ ਉਨ੍ਹਾਂ ਦਾ ਪ੍ਰਚਾਰ ਸੁਣਿਆ ਕਿ ਯਹੂਦੀ ਖਾਰ ਨਾਲ ਭਰ ਕੇ ਉਨ੍ਹਾਂ ਦਾ ਵਿਰੋਧ ਕਰਨ ਲੱਗ ਪਏ। ਜਦ ਪੌਲੁਸ ਦੱਖਣ ਵੱਲ ਇਕੋਨਿਯੁਮ ਨੂੰ ਗਿਆ, ਤਾਂ ਯਹੂਦੀ ਇਨ੍ਹਾਂ ਮਿਸ਼ਨਰੀਆਂ ਨਾਲ ਆਕੜ ਨਾਲ ਪੇਸ਼ ਆਏ। ਲਾਗੇ ਲੁਸਤ੍ਰਾ ਵਿਚ ਲੋਕ ਪਹਿਲਾਂ ਪੌਲੁਸ ਨੂੰ ਦੇਵਤਾ ਕਹਿਣ ਲੱਗੇ। ਪਰ ਜਦ ਅੰਤਾਕਿਯਾ ਅਤੇ ਇਕੋਨਿਯੁਮ ਤੋਂ ਯਹੂਦੀਆਂ ਨੇ ਆ ਕੇ ਇਨ੍ਹਾਂ ਲੋਕਾਂ ਤੇ ਪ੍ਰਭਾਵ ਪਾਇਆ, ਤਾਂ ਭੀੜ ਨੇ ਪੌਲੁਸ ਨੂੰ ਪੱਥਰ ਮਾਰੇ ਅਤੇ ਉਸ ਨੂੰ ਮੁਰਦਾ ਸਮਝ ਕੇ ਛੱਡ ਗਏ! ਇਸ ਘਟਨਾ ਤੋਂ ਬਾਅਦ ਪੌਲੁਸ ਤੇ ਬਰਨਬਾਸ ਗਲਾਤਿਯਾ ਨਾਂ ਦੇ ਰੋਮੀ ਸੂਬੇ ਵਿਚ ਦਰਬੇ ਨੂੰ ਗਏ। ਇਸ ਇਲਾਕੇ ਵਿਚ ਲੋਕ ਲੁਕਾਉਨਿਯਾਈ ਭਾਸ਼ਾ ਬੋਲਦੇ ਸਨ। ਇੱਥੇ ਕਲੀਸਿਯਾਵਾਂ ਸਥਾਪਿਤ ਕੀਤੀਆਂ ਗਈਆਂ ਅਤੇ ਬਜ਼ੁਰਗ ਨਿਯੁਕਤ ਕੀਤੇ ਗਏ। ਸੋ ਪੰਤੇਕੁਸਤ 33 ਈ. ਤੋਂ ਤਕਰੀਬਨ 15 ਸਾਲ ਬਾਅਦ ਏਸ਼ੀਆ ਮਾਈਨਰ ਵਿਚ ਮਸੀਹੀਆਂ ਦੀ ਗਿਣਤੀ ਕਾਫ਼ੀ ਸੀ।—ਰਸੂਲਾਂ ਦੇ ਕਰਤੱਬ 13:13–14:26.

ਪੌਲੁਸ ਤੇ ਉਸ ਦੇ ਸਾਥੀਆਂ ਨੇ ਆਪਣਾ ਦੂਜਾ ਮਿਸ਼ਨਰੀ ਦੌਰਾ ਲਗਭਗ 49 ਤੋਂ 52 ਈ. ਵਿਚ ਕੀਤਾ। ਉਹ ਪਹਿਲਾਂ ਲੁਸਤ੍ਰਾ ਨੂੰ ਗਏ ਤੇ ਸ਼ਾਇਦ ਉਹ ਕਿਲਿਕਿਯਾ ਵਿਚ ਪੌਲੁਸ ਦੇ ਜੱਦੀ ਸ਼ਹਿਰ ਤਰਸੁਸ ਵਿਚ ਦੀ ਲੰਘੇ। ਲੁਸਤ੍ਰਾ ਵਿਚ ਭਰਾਵਾਂ ਨੂੰ ਦੁਬਾਰਾ ਮਿਲ ਕੇ ਉਹ ਉੱਤਰ ਵੱਲ ਗਏ ਜਿੱਥੇ ਪੌਲੁਸ ਨੇ ਬਿਥੁਨਿਯਾ ਤੇ ਅਸਿਯਾ ਵਿਚ ਪਰਮੇਸ਼ੁਰ ਦਾ “ਬਚਨ ਸੁਣਾਉਣ” ਦੀ ਕੋਸ਼ਿਸ਼ ਕੀਤੀ। ਪਰ ਪਵਿੱਤਰ ਆਤਮਾ ਨੇ ਇਸ ਤਰ੍ਹਾਂ ਹੋਣ ਨਾ ਦਿੱਤਾ। ਇਨ੍ਹਾਂ ਇਲਾਕਿਆਂ ਵਿਚ ਬਾਅਦ ਵਿਚ ਪ੍ਰਚਾਰ ਕੀਤਾ ਜਾਣਾ ਸੀ। ਇਸ ਲਈ ਪਰਮੇਸ਼ੁਰ ਨੇ ਪੌਲੁਸ ਨੂੰ ਏਸ਼ੀਆ ਮਾਈਨਰ ਦੇ ਉੱਤਰ-ਪੱਛਮੀ ਇਲਾਕਿਆਂ ਵਿਚ ਦੀ ਸਮੁੰਦਰ ਦੇ ਕਿਨਾਰੇ ਤੇ ਤ੍ਰੋਆਸ ਤਕ ਜਾਣ ਦੀ ਸੇਧ ਦਿੱਤੀ। ਫਿਰ ਇਕ ਦਰਸ਼ਣ ਵਿਚ ਪੌਲੁਸ ਨੂੰ ਯੂਰਪ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕਿਹਾ ਗਿਆ।—ਰਸੂਲਾਂ ਦੇ ਕਰਤੱਬ 16:1-12; 22:3.

ਪੌਲੁਸ ਨੇ ਆਪਣਾ ਤੀਜਾ ਮਿਸ਼ਨਰੀ ਦੌਰਾ ਲਗਭਗ 52 ਤੋਂ 56 ਈ. ਵਿਚ ਕੀਤਾ। ਉਹ ਫਿਰ ਤੋਂ ਏਸ਼ੀਆ ਮਾਈਨਰ ਵਿਚ ਦੀ ਅਫ਼ਸੁਸ ਨੂੰ ਗਿਆ ਜੋ ਅਸਿਯਾ ਦਾ ਇਕ ਅਹਿਮ ਬੰਦਰਗਾਹ ਸ਼ਹਿਰ ਸੀ। ਆਪਣੇ ਦੂਜੇ ਦੌਰੇ ਦੇ ਅੰਤ ਤੇ ਉਹ ਇੱਥੇ ਪਹਿਲਾਂ ਵੀ ਰੁਕਿਆ ਸੀ। ਇਸ ਸ਼ਹਿਰ ਵਿਚ ਕਈ ਮਸੀਹੀ ਰਹਿੰਦੇ ਸਨ ਅਤੇ ਪੌਲੁਸ ਅਤੇ ਉਸ ਦੇ ਸਾਥੀ ਕੁਝ ਤਿੰਨ ਸਾਲ ਉਨ੍ਹਾਂ ਦੇ ਨਾਲ ਰਹੇ। ਉਸ ਸਮੇਂ ਦੌਰਾਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਤੇ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲ ਲਈ, ਅਫ਼ਸੁਸ ਦੇ ਸੁਨਿਆਰਿਆਂ ਨੇ ਹੰਗਾਮਾ ਖੜ੍ਹਾ ਕੀਤਾ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਪੌਲੁਸ ਦੇ ਪ੍ਰਚਾਰ ਕਰਕੇ ਮੂਰਤੀਆਂ ਬਣਾਉਣ ਦੇ ਉਨ੍ਹਾਂ ਦੇ ਵਪਾਰ ਵਿਚ ਨੁਕਸਾਨ ਹੋਣ ਲੱਗ ਪਵੇਗਾ।—ਰਸੂਲਾਂ ਦੇ ਕਰਤੱਬ 18:19-26; 19:1, 8-41; 20:31.

ਇਸ ਤਰ੍ਹਾਂ ਲੱਗਦਾ ਹੈ ਕਿ ਅਫ਼ਸੁਸ ਵਿਚ ਰਹਿ ਕੇ ਇਸ ਮਿਸ਼ਨਰੀ ਕੰਮ ਦਾ ਦੂਰ ਤਕ ਅਸਰ ਪਿਆ। ਰਸੂਲਾਂ ਦੇ ਕਰਤੱਬ 19:10 ਵਿਚ ਲਿਖਿਆ ਹੈ: “ਅਸਿਯਾ ਦੇ ਵਾਸੀ ਕੀ ਯਹੂਦੀ ਕੀ ਯੂਨਾਨੀ ਸਭਨਾਂ ਨੇ ਪ੍ਰਭੁ ਦਾ ਬਚਨ ਸੁਣਿਆ।”

ਏਸ਼ੀਆ ਮਾਈਨਰ ਵਿਚ ਵਾਧਾ

ਅਫ਼ਸੁਸ ਵਿਚ ਰਹਿੰਦਿਆਂ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਿਆ: “ਅਸਿਯਾ ਦੀਆਂ ਕਲੀਸਿਯਾਂ ਤੁਹਾਡੀ ਸੁਖ ਸਾਂਦ ਪੁੱਛਦੀਆਂ ਹਨ।” (1 ਕੁਰਿੰਥੀਆਂ 16:19) ਪੌਲੁਸ ਕਿਨ੍ਹਾਂ ਕਲੀਸਿਯਾਵਾਂ ਦੀ ਗੱਲ ਕਰ ਰਿਹਾ ਸੀ? ਸ਼ਾਇਦ ਕੁਲੁੱਸੈ, ਲਾਉਦਿਕੀਆ ਤੇ ਹੀਏਰਪੁਲਿਸ ਦੀਆਂ ਕਲੀਸਿਯਾਵਾਂ। (ਕੁਲੁੱਸੀਆਂ 4:12-16) ਪੌਲੁਸ ਬਾਰੇ ਇਕ ਪੁਸਤਕ ਨੇ ਕਿਹਾ: “ਇਸ ਤਰ੍ਹਾਂ ਲੱਗਦਾ ਹੈ ਕਿ ਸਮੁਰਨੇ, ਪਰਗਮੁਮ, ਸਾਰਦੀਸ ਅਤੇ ਫ਼ਿਲਦਲਫ਼ੀਏ ਦੀਆਂ ਕਲੀਸਿਯਾਵਾਂ ਉਦੋਂ ਸਥਾਪਿਤ ਕੀਤੀਆਂ ਗਈਆਂ ਸਨ ਜਦ ਪੌਲੁਸ ਅਫ਼ਸੁਸ ਵਿਚ ਮਿਸ਼ਨਰੀ ਵਜੋਂ ਸੇਵਾ ਕਰ ਰਿਹਾ ਸੀ। . . . ਇਹ ਸਭ ਥਾਵਾਂ ਅਫ਼ਸੁਸ ਤੋਂ 120 ਮੀਲ (192 ਕਿਲੋਮੀਟਰ) ਦੇ ਇਲਾਕੇ ਦੇ ਅੰਦਰ-ਅੰਦਰ ਸਨ ਅਤੇ ਇੱਥੇ ਆਉਣ-ਜਾਣ ਲਈ ਵਧੀਆ ਸੜਕਾਂ ਸਨ।”

ਸੋ ਪੰਤੇਕੁਸਤ 33 ਈ. ਦੇ ਦਿਨ ਤੋਂ ਤਕਰੀਬਨ 20 ਸਾਲ ਬਾਅਦ ਏਸ਼ੀਆ ਮਾਈਨਰ ਦੇ ਦੱਖਣ ਤੇ ਪੱਛਮ ਵਿਚ ਕਈ ਕਲੀਸਿਯਾਵਾਂ ਸਨ।

ਪਤਰਸ ਦੀਆਂ ਚਿੱਠੀਆਂ

ਪਤਰਸ ਰਸੂਲ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਅਧੀਨ ਆਪਣੀ ਪਹਿਲੀ ਚਿੱਠੀ ਲਗਭਗ 62 ਤੋਂ 64 ਈ. ਵਿਚ ਲਿਖੀ ਸੀ। ਉਸ ਨੇ ਇਹ ਚਿੱਠੀ ਪੁੰਤੁਸ, ਗਲਾਤਿਯਾ, ਕੱਪਦੋਕਿਯਾ, ਅਸਿਯਾ ਅਤੇ ਬਿਥੁਨਿਯਾ ਵਿਚ ਰਹਿੰਦੇ ਮਸੀਹੀਆਂ ਲਈ ਲਿਖੀ ਸੀ। ਪਤਰਸ ਦੀ ਚਿੱਠੀ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਕਲੀਸਿਯਾਵਾਂ ਸਨ ਕਿਉਂਕਿ ਉਸ ਨੇ ਬਜ਼ੁਰਗਾਂ ਨੂੰ ‘ਇੱਜੜ ਦੀ ਚਰਵਾਹੀ’ ਕਰਨ ਲਈ ਕਿਹਾ। ਇਹ ਕਲੀਸਿਯਾਵਾਂ ਕਦੋਂ ਸਥਾਪਿਤ ਕੀਤੀਆਂ ਗਈਆਂ ਸਨ?—1 ਪਤਰਸ 1:1; 5:1-3.

ਜਿਨ੍ਹਾਂ ਕੁਝ ਇਲਾਕਿਆਂ ਵਿਚ ਪਤਰਸ ਦੀ ਚਿੱਠੀ ਮਸੀਹੀਆਂ ਨੂੰ ਗਈ ਸੀ, ਉੱਥੇ ਪੌਲੁਸ ਨੇ ਪ੍ਰਚਾਰ ਕੀਤਾ ਸੀ। ਮਿਸਾਲ ਲਈ, ਅਸਿਯਾ ਅਤੇ ਗਲਾਤਿਯਾ ਦੇ ਇਲਾਕਿਆਂ ਵਿਚ। ਪਰ ਪੌਲੁਸ ਨੇ ਕੱਪਦੋਕਿਯਾ ਅਤੇ ਬਿਥੁਨਿਯਾ ਵਿਚ ਪ੍ਰਚਾਰ ਨਹੀਂ ਕੀਤਾ ਸੀ। ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਇਨ੍ਹਾਂ ਇਲਾਕਿਆਂ ਵਿਚ ਮਸੀਹੀ ਧਰਮ ਦੀ ਸ਼ੁਰੂਆਤ ਕਿਵੇਂ ਹੋਈ। ਪਰ ਹੋ ਸਕਦਾ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਰਹਿਣ ਵਾਲੇ ਯਹੂਦੀ ਤੇ ਨਵ-ਯਹੂਦੀ ਪੰਤੇਕੁਸਤ 33 ਈ. ਦੇ ਦਿਨ ਨੂੰ ਯਰੂਸ਼ਲਮ ਵਿਚ ਸਨ ਤੇ ਉਨ੍ਹਾਂ ਨੇ ਘਰ ਵਾਪਸ ਜਾ ਕੇ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਈ ਸੀ। ਜੋ ਵੀ ਸੀ, ਪੰਤੇਕੁਸਤ ਤੋਂ ਤਕਰੀਬਨ 30 ਸਾਲ ਬਾਅਦ ਜਦ ਪਤਰਸ ਨੇ ਆਪਣੀਆਂ ਚਿੱਠੀਆਂ ਲਿਖੀਆਂ, ਉਦੋਂ ਤਕ ਇਕ ਵਿਦਵਾਨ ਅਨੁਸਾਰ ਕਲੀਸਿਯਾਵਾਂ “ਏਸ਼ੀਆ ਮਾਈਨਰ ਦੇ ਹਰ ਪਾਸੇ ਫੈਲੀਆਂ ਹੋਈਆਂ” ਸਨ।

ਪ੍ਰਕਾਸ਼ ਦੀ ਪੋਥੀ ਦੀਆਂ ਸੱਤ ਕਲੀਸਿਯਾਵਾਂ

ਰੋਮ ਖ਼ਿਲਾਫ਼ ਯਹੂਦੀਆਂ ਦੀ ਬਗਾਵਤ ਕਰਕੇ ਯਰੂਸ਼ਲਮ ਦਾ ਨਾਸ਼ 70 ਈ. ਵਿਚ ਹੋਇਆ। ਹੋ ਸਕਦਾ ਹੈ ਕਿ ਯਹੂਦਿਯਾ ਦੇ ਇਲਾਕੇ ਦੇ ਕੁਝ ਮਸੀਹੀ ਏਸ਼ੀਆ ਮਾਈਨਰ ਨੂੰ ਚਲੇ ਗਏ ਸਨ। *

ਪਹਿਲੀ ਸਦੀ ਦੇ ਅਖ਼ੀਰ ਵਿਚ ਯਿਸੂ ਮਸੀਹ ਨੇ ਯੂਹੰਨਾ ਰਸੂਲ ਰਾਹੀਂ ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਨੂੰ ਚਿੱਠੀਆਂ ਭੇਜੀਆਂ। ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਆ ਦੀਆਂ ਕਲੀਸਿਯਾਵਾਂ ਨੂੰ ਇਨ੍ਹਾਂ ਚਿੱਠੀਆਂ ਨੇ ਦਿਖਾਇਆ ਕਿ ਏਸ਼ੀਆ ਮਾਈਨਰ ਵਿਚ ਰਹਿਣ ਵਾਲੇ ਮਸੀਹੀ ਵੱਖ-ਵੱਖ ਖ਼ਤਰਿਆਂ ਦਾ ਸਾਮ੍ਹਣਾ ਕਰ ਰਹੇ ਸਨ ਜਿਵੇਂ ਕਿ ਅਨੈਤਿਕਤਾ, ਫ਼ਿਰਕਾਪ੍ਰਸਤੀ ਅਤੇ ਧਰਮ-ਤਿਆਗ।—ਪਰਕਾਸ਼ ਦੀ ਪੋਥੀ 1:9, 11; 2:14, 15, 20.

ਨਿਮਰਤਾ ਤੇ ਤਨ-ਮਨ ਨਾਲ ਸੇਵਾ

ਪਹਿਲੀ ਸਦੀ ਵਿਚ ਮਸੀਹੀ ਧਰਮ ਕਿਵੇਂ ਫੈਲਿਆ ਇਸ ਬਾਰੇ ਰਸੂਲਾਂ ਦੇ ਕਰਤੱਬ ਵਿਚ ਸਾਰਾ ਕੁਝ ਨਹੀਂ ਲਿਖਿਆ ਗਿਆ। ਬਾਈਬਲ ਦੀ ਇਸ ਪੁਸਤਕ ਤੋਂ ਅਸੀਂ ਪਤਰਸ ਤੇ ਪੌਲੁਸ ਰਸੂਲਾਂ ਦੇ ਕੰਮਾਂ ਬਾਰੇ ਕਾਫ਼ੀ ਕੁਝ ਸਿੱਖਦੇ ਹਾਂ। ਲੇਕਿਨ ਬਹੁਤ ਸਾਰੇ ਹੋਰ ਮਸੀਹੀ ਵੀ ਸਨ ਜੋ ਹੋਰਨਾਂ ਇਲਾਕਿਆਂ ਵਿਚ ਪ੍ਰਚਾਰ ਕਰ ਰਹੇ ਸਨ। ਏਸ਼ੀਆ ਮਾਈਨਰ ਵਿਚ ਮਸੀਹੀਆਂ ਦੀ ਗਿਣਤੀ ਦੇ ਵਾਧੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਯਿਸੂ ਦਾ ਹੁਕਮ ਮੰਨਿਆ ਕਿ “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।”—ਮੱਤੀ 28:19, 20.

ਇਸੇ ਤਰ੍ਹਾਂ ਅੱਜ ਸਿਰਫ਼ ਕੁਝ ਹੀ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਬਾਰੇ ਸੰਸਾਰ ਭਰ ਵਿਚ ਭੈਣਾਂ-ਭਰਾਵਾਂ ਨੂੰ ਪਤਾ ਹੈ। ਪਹਿਲੀ ਸਦੀ ਵਿਚ ਏਸ਼ੀਆ ਮਾਈਨਰ ਦੇ ਜੋਸ਼ੀਲੇ ਤੇ ਵਫ਼ਾਦਾਰ ਪ੍ਰਚਾਰਕਾਂ ਵਾਂਗ ਅੱਜ ਅਸੀਂ ਖ਼ੁਸ਼ ਖ਼ਬਰੀ ਦੇ ਹਰ ਪ੍ਰਚਾਰਕ ਨੂੰ ਨਹੀਂ ਜਾਣਦੇ। ਫਿਰ ਵੀ ਉਹ ਇਸ ਕੰਮ ਵਿਚ ਰੁੱਝੇ ਹੋਏ ਹਨ ਤੇ ਉਨ੍ਹਾਂ ਨੂੰ ਬਰਕਤਾਂ ਵੀ ਮਿਲਦੀਆਂ ਹਨ। ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹ ਦੂਸਰਿਆਂ ਦੀਆਂ ਜਾਨਾਂ ਬਚਾਉਣ ਲਈ ਸੇਵਾ ਕਰ ਰਹੇ ਹਨ।—1 ਤਿਮੋਥਿਉਸ 2:3-6.

[ਫੁਟਨੋਟ]

^ ਪੈਰਾ 17 ਇਤਿਹਾਸਕਾਰ ਯੂਸੀਬੀਅਸ (260-340 ਈ.) ਨੇ ਦੱਸਿਆ ਕਿ 66 ਈ. ਤੋਂ ਕੁਝ ਸਮਾਂ ਪਹਿਲਾਂ “ਯਹੂਦਿਯਾ ਵਿਚ ਰਸੂਲਾਂ ਨੂੰ ਜਾਨ ਦਾ ਖ਼ਤਰਾ ਹੋਣ ਕਰਕੇ ਉਹ ਇਸ ਇਲਾਕੇ ਤੋਂ ਬਾਹਰ ਨਿਕਲ ਗਏ। ਪਰ ਮਸੀਹ ਤੋਂ ਸ਼ਕਤੀ ਪਾ ਕੇ ਉਹ ਹਰ ਜਗ੍ਹਾ ਪ੍ਰਚਾਰ ਕਰਦੇ ਗਏ।”

[ਸਫ਼ਾ 11 ਉੱਤੇ ਡੱਬੀ]

ਬਿਥੁਨਿਯਾ ਤੇ ਪੁੰਤੁਸ ਦੇ ਮੁਢਲੇ ਮਸੀਹੀ

ਬਿਥੁਨਿਯਾ ਅਤੇ ਪੁੰਤੁਸ ਦਾ ਸੂਬਾ ਏਸ਼ੀਆ ਮਾਈਨਰ ਦੇ ਕਾਲੇ ਸਾਗਰ ਦੇ ਕਿਨਾਰੇ ਸੀ। ਇਸ ਸੂਬੇ ਵਿਚ ਮਸੀਹੀਆਂ ਦੀ ਜ਼ਿੰਦਗੀ ਕਿਹੋ ਜਿਹੀ ਸੀ? ਅਸੀਂ ਇਸ ਬਾਰੇ ਇਸ ਦੇ ਇਕ ਅਧਿਕਾਰੀ ਪਲੀਨੀ ਛੋਟੇ ਦੀਆਂ ਚਿੱਠੀਆਂ ਤੋਂ ਜਾਣ ਸਕਦੇ ਹਾਂ ਜੋ ਉਸ ਨੇ ਰੋਮ ਦੇ ਸਮਰਾਟ ਟ੍ਰੇਜਨ ਨੂੰ ਲਿਖੀਆਂ ਸਨ।

ਇਸ ਇਲਾਕੇ ਵਿਚ ਕਲੀਸਿਯਾਵਾਂ ਨੂੰ  ਪਤਰਸ ਦੀਆਂ ਚਿੱਠੀਆਂ ਮਿਲਣ  ਤੋਂ ਤਕਰੀਬਨ 50 ਸਾਲ ਬਾਅਦ ਪਲੀਨੀ  ਨੇ ਟ੍ਰੇਜਨ ਤੋਂ ਸਲਾਹ ਮੰਗੀ ਕਿ ਉਹ ਮਸੀਹੀਆਂ ਨਾਲ ਕਿਵੇਂ ਪੇਸ਼ ਆਵੇ। ਪਲੀਨੀ ਨੇ ਲਿਖਿਆ: “ਮੈਂ ਪਹਿਲਾਂ ਮਸੀਹੀਆਂ ਦੀ ਪਰੀਖਿਆ ਲਈ ਜਾਂਦੀ ਕਦੇ ਨਹੀਂ ਦੇਖੀ। ਮੈਨੂੰ ਪਤਾ ਨਹੀਂ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।” ਉਸ ਨੇ ਅੱਗੇ ਕਿਹਾ: “ਹਰ ਉਮਰ ਅਤੇ ਜਾਤ ਦੇ ਬਹੁਤ ਸਾਰੇ ਲੋਕ ਕੀ ਆਦਮੀ, ਕੀ ਤੀਵੀਆਂ ਦੇ ਖ਼ਿਲਾਫ਼ ਮੁਕੱਦਮੇ ਚਲਾਏ ਜਾ ਰਹੇ ਹਨ ਅਤੇ ਇਸ ਤਰ੍ਹਾਂ ਸ਼ਾਇਦ ਹੁੰਦਾ ਰਹੇ। ਸਿਰਫ਼ ਸ਼ਹਿਰਾਂ ਵਿਚ ਨਹੀਂ, ਸਗੋਂ ਪਿੰਡਾਂ ਵਿਚ ਵੀ ਇਸ ਨੀਚ ਧਰਮ ਦਾ ਅਸਰ ਫੈਲ ਰਿਹਾ ਹੈ।”

[ਸਫ਼ਾ 9 ਉੱਤੇ ਡਾਇਆਗ੍ਰਾਮ/ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਪੌਲੁਸ ਦੇ ਸਫ਼ਰ

ਪਹਿਲਾ ਮਿਸ਼ਨਰੀ ਦੌਰਾ

ਸਾਈਪ੍ਰਸ

ਪਮਫ਼ੁਲਿਯਾ

ਪਰਗਾ

ਅੰਤਾਕਿਯਾ (ਪਿਸਿਦਿਯਾ)

ਇਕੋਨਿਯੁਮ

ਲੁਸਤ੍ਰਾ

ਦਰਬੇ

ਦੂਜਾ ਮਿਸ਼ਨਰੀ ਦੌਰਾ

ਕਿਲਿਕਿਯਾ

ਤਰਸੁਸ

ਦਰਬੇ

ਲੁਸਤ੍ਰਾ

ਇਕੋਨਿਯੁਮ

ਅੰਤਾਕਿਯਾ (ਪਿਸਿਦਿਯਾ)

ਫ਼ਰੂਗਿਯਾ

ਗਲਾਤਿਯਾ

ਤ੍ਰੋਆਸ

ਤੀਜਾ ਮਿਸ਼ਨਰੀ ਦੌਰਾ

ਕਿਲਿਕਿਯਾ

ਤਰਸੁਸ

ਦਰਬੇ

ਲੁਸਤ੍ਰਾ

ਇਕੋਨਿਯੁਮ

ਅੰਤਾਕਿਯਾ (ਪਿਸਿਦਿਯਾ)

ਅਫ਼ਸੁਸ

ਅਸਿਯਾ

ਤ੍ਰੋਆਸ

[ਸੱਤ ਕਲੀਸਿਯਾਵਾਂ]

ਪਰਗਮੁਮ

ਥੂਆਤੀਰੇ

ਸਾਰਦੀਸ

ਸਮੁਰਨੇ

ਅਫ਼ਸੁਸ

ਫ਼ਿਲਦਲਫ਼ੀਏ

ਲਾਉਦਿਕੀਆ

[ਹੋਰ ਥਾਂ]

ਹੀਏਰਪੁਲਿਸ

ਕੁਲੁੱਸੈ

ਲੁਕਿਯਾ

ਬਿਥੁਨਿਯਾ

ਪੁੰਤੁਸ

ਕੱਪਦੋਕਿਯਾ

[ਸਫ਼ਾ 9 ਉੱਤੇ ਤਸਵੀਰ]

ਅੰਤਾਕਿਯਾ

[ਸਫ਼ਾ 9 ਉੱਤੇ ਤਸਵੀਰ]

ਤ੍ਰੋਆਸ

[ਕ੍ਰੈਡਿਟ ਲਾਈਨ]

© 2003 BiblePlaces.com

[ਸਫ਼ਾ 10 ਉੱਤੇ ਤਸਵੀਰ]

ਅਫ਼ਸੁਸ ਵਿਚ ਤਮਾਸ਼ਾ ਘਰ।—ਰਸੂਲਾਂ ਦੇ ਕਰਤੱਬ 19:29

[ਸਫ਼ਾ 10 ਉੱਤੇ ਤਸਵੀਰ]

ਪਰਗਮੁਮ ਵਿਚ ਜ਼ੂਸ ਦੀ ਜਗਵੇਦੀ ਦੀ ਨੀਂਹ। ਇਸ ਸ਼ਹਿਰ ਵਿਚ ਮਸੀਹੀ ਉੱਥੇ ਰਹਿੰਦੇ ਸਨ ਜਿੱਥੇ “ਸ਼ਤਾਨ ਦੀ ਗੱਦੀ” ਸੀ।—ਪਰਕਾਸ਼ ਦੀ ਪੋਥੀ 2:13

[ਕ੍ਰੈਡਿਟ ਲਾਈਨ]

Pictorial Archive (Near Eastern History) Est.