Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਬਾਈਬਲ ਦੇ ਯੂਨਾਨੀ ਪੋਥੀਆਂ ਵਿਚ “ਕਲੀਸਿਯਾ” ਸ਼ਬਦ ਨੂੰ ਕਿਨ੍ਹਾਂ ਚਾਰ ਤਰੀਕਿਆਂ ਨਾਲ ਵਰਤਿਆ ਗਿਆ ਹੈ?

ਇਸ ਨੂੰ ਮੁੱਖ ਤੌਰ ਤੇ ਮਸਹ ਕੀਤੇ ਹੋਏ ਮਸੀਹੀਆਂ ਦੇ ਸਮੂਹ ਲਈ ਵਰਤਿਆ ਗਿਆ ਹੈ (ਕਈ ਆਇਤਾਂ ਵਿਚ ਮਸੀਹ ਨੂੰ ਵੀ ਇਸ ਸਮੂਹ ਵਿਚ ਸ਼ਾਮਲ ਕੀਤਾ ਗਿਆ ਹੈ)। ਕਈ ਥਾਵਾਂ ਤੇ “ਪਰਮੇਸ਼ੁਰ ਦੀ ਕਲੀਸਿਯਾ” ਦਾ ਮਤਲਬ ਹੈ ਇੱਕੋ ਸਮੇਂ ਵਿਚ ਰਹਿੰਦੇ ਸਾਰੇ ਮਸੀਹੀ। ਤੀਸਰਾ ਮਤਲਬ ਹੈ ਕਿਸੇ ਇਕ ਇਲਾਕੇ ਦੇ ਸਾਰੇ ਮਸੀਹੀ। ਚੌਥਾ  ਮਤਲਬ ਹੈ ਕਿਸੇ ਇਕ ਕਲੀਸਿਯਾ ਦੇ ਮਸੀਹੀ।—4/15, ਸਫ਼ੇ 21-3.

ਮਸੀਹੀਆਂ ਨੂੰ ਸਵਰਗ ਜਾਣ ਦਾ ਸੱਦਾ ਮਿਲਣਾ ਕਦੋਂ ਬੰਦ ਹੋਇਆ ਸੀ?

ਬਾਈਬਲ ਇਸ ਸਵਾਲ ਦਾ ਕੋਈ ਪੱਕਾ ਜਵਾਬ ਨਹੀਂ ਦਿੰਦੀ। ਇਹ ਸੱਦਾ 33 ਈ. ਵਿਚ ਮਿਲਣਾ ਸ਼ੁਰੂ ਹੋਇਆ ਸੀ ਤੇ ਸਾਡੇ ਸਮਿਆਂ ਤਕ ਇਹ ਸਿਲਸਿਲਾ ਜਾਰੀ ਰਿਹਾ। 1935 ਤੋਂ ਬਾਅਦ ਵੱਡੀ ਭੀੜ ਨੂੰ ਇਕੱਠਾ ਕਰਨ ਵੱਲ ਧਿਆਨ ਦਿੱਤਾ ਗਿਆ। 1935 ਤੋਂ ਬਾਅਦ ਬਪਤਿਸਮਾ ਲੈਣ ਵਾਲੇ ਕੁਝ ਮਸੀਹੀਆਂ ਨੂੰ ਪਵਿੱਤਰ ਆਤਮਾ ਰਾਹੀਂ ਗਵਾਹੀ ਦਿੱਤੀ ਗਈ ਕਿ ਉਨ੍ਹਾਂ ਨੂੰ ਸਵਰਗ ਜਾਣ ਦਾ ਸੱਦਾ ਮਿਲਿਆ ਹੈ। ਇਸ ਕਰਕੇ ਅਸੀਂ ਕੋਈ ਪੱਕੀ ਤਾਰੀਖ਼ ਨਹੀਂ ਦੱਸ ਸਕਦੇ ਕਿ ਕਦੋਂ ਇਹ ਸੱਦਾ ਮਿਲਣਾ ਬੰਦ ਹੋਇਆ ਸੀ। ਮਸਹ ਕੀਤੇ ਹੋਏ ਮਸੀਹੀਆਂ ਨੂੰ ਵੱਡੀ ਭੀੜ ਦੇ ਮਸੀਹੀਆਂ ਨਾਲੋਂ ਜ਼ਿਆਦਾ ਪਵਿੱਤਰ ਆਤਮਾ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਉਹ ਆਸ ਰੱਖਦੇ ਹਨ ਕਿ ਉਨ੍ਹਾਂ ਵੱਲ ਖ਼ਾਸ ਧਿਆਨ ਦਿੱਤਾ ਜਾਵੇ। ਹਰ ਮਸੀਹੀ ਨੂੰ ਵਫ਼ਾਦਾਰ ਰਹਿੰਦਿਆਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਲੋੜ ਹੈ, ਭਾਵੇਂ ਉਸ ਦੀ ਉਮੀਦ ਸਵਰਗ  ਜਾਣ ਦੀ ਹੈ ਜਾਂ ਫਿਰ ਧਰਤੀ ਉੱਤੇ ਰਹਿਣ ਦੀ।—5/1, ਸਫ਼ੇ 30-1.

ਕੀ ਯਿਫ਼ਤਾਹ ਨੇ ਆਪਣੀ ਧੀ ਦੀ ਬਲੀ ਚੜ੍ਹਾਉਣ ਦੀ ਸੁੱਖਣਾ ਸੁੱਖੀ ਸੀ?

ਨਹੀਂ। ਯਿਫ਼ਤਾਹ ਨੇ ਵਾਅਦਾ ਕੀਤਾ ਸੀ ਕਿ ਉਹ ਜਿਸ ਨੂੰ ਵੀ ਪਹਿਲਾਂ ਮਿਲੇਗਾ, ਉਸ ਨੂੰ ਉਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਦੇ ਦੇਵੇਗਾ। ਮੂਸਾ ਦੀ ਬਿਵਸਥਾ ਵਿਚ ਇਸ ਤਰ੍ਹਾਂ ਕਰਨ ਦਾ ਇੰਤਜ਼ਾਮ ਕੀਤਾ ਗਿਆ ਸੀ। (1 ਸਮੂਏਲ 2:22) ਆਪਣੀ ਸੁੱਖਣਾ ਪੂਰੀ ਕਰਦੇ ਹੋਏ ਯਿਫ਼ਤਾਹ ਨੇ ਆਪਣੀ ਧੀ ਨੂੰ ਪਰਮੇਸ਼ੁਰ ਦੇ ਡੇਰੇ ਵਿਚ ਸੇਵਾ ਕਰਨ ਲਈ ਘੱਲ ਦਿੱਤਾ। ਇਹ ਬਹੁਤ ਵੱਡੀ ਕੁਰਬਾਨੀ ਸੀ ਕਿਉਂਕਿ ਉੱਥੇ ਰਹਿੰਦਿਆਂ  ਉਹ ਕਦੀ ਵਿਆਹ ਨਹੀਂ ਕਰਾ ਸਕਦੀ ਸੀ।—5/15, ਸਫ਼ੇ 9-10.

ਪਹਿਲੀ ਸਦੀ ਵਿਚ ਮਸੀਹੀਆਂ ਨੇ ਕੋਡੈਕਸ ਦੀ ਵਰਤੋਂ ਵਿਚ ਕਿਹੜੀ ਅਹਿਮ ਭੂਮਿਕਾ ਨਿਭਾਈ?

ਇਸ ਤਰ੍ਹਾਂ ਲੱਗਦਾ ਹੈ ਕਿ ਪਹਿਲੀ ਸਦੀ ਦੇ ਅਖ਼ੀਰ ਤਕ ਮਸੀਹੀ ਆਮ ਤੌਰ ਤੇ ਲਪੇਟੀਆਂ ਹੋਈਆਂ ਲਿਖਤਾਂ ਇਸਤੇਮਾਲ ਕਰ ਰਹੇ ਸਨ। ਅਗਲੀ ਸਦੀ ਦੌਰਾਨ ਇਸ ਗੱਲ ਤੇ ਬਹਿਸ ਹੁੰਦੀ ਰਹੀ ਕਿ ਕੋਡੈਕਸ ਇਸਤੇਮਾਲ ਕੀਤਾ ਜਾਵੇ ਜਾਂ ਫਿਰ ਲਪੇਟੀਆਂ ਹੋਈਆਂ ਪੱਤਰੀਆਂ। ਮਾਹਰਾਂ ਦਾ ਕਹਿਣਾ ਹੈ ਕਿ ਮਸੀਹੀਆਂ ਦੁਆਰਾ ਕੋਡੈਕਸ ਦੀ ਵਰਤੋਂ ਨੇ ਇਸ ਨੂੰ ਆਮ ਲੋਕਾਂ ਵਿਚ ਪ੍ਰਚਲਿਤ ਕੀਤਾ।—6/1, ਸਫ਼ੇ 14-15.

ਗਜ਼ਰ ਕਲੰਡਰ ਕੀ ਹੈ?

ਇਹ ਚੂਨੇ ਦੇ ਪੱਥਰ ਦੀ ਇਕ ਫੱਟੀ ਹੈ ਜੋ 1908 ਵਿਚ ਗਜ਼ਰ ਸ਼ਹਿਰ ਦੇ ਖੰਡਰਾਤ ਵਿੱਚੋਂ ਮਿਲੀ ਸੀ। ਕਈ ਵਿਦਵਾਨ ਮੰਨਦੇ ਹਨ ਕਿ ਇਹ ਕਿਸੇ ਮੁੰਡੇ ਦਾ ਸਕੂਲੀ ਸਬਕ ਸੀ। ਇਸ ਵਿਚ ਸਾਲ ਭਰ ਹੁੰਦੇ ਖੇਤੀਬਾੜੀ ਦੇ ਕੰਮ-ਧੰਦਿਆਂ ਦਾ ਸੌਖੇ ਸ਼ਬਦਾਂ ਵਿਚ ਜ਼ਿਕਰ ਕੀਤਾ ਗਿਆ ਹੈ। ਇਸ ਦੇ ਸ਼ੁਰੂ ਵਿਚ ਫ਼ਸਲ ਸਾਂਭਣ ਦੇ ਮਹੀਨੇ ਦਾ ਜ਼ਿਕਰ ਕੀਤਾ ਗਿਆ ਹੈ ਜੋ ਕਿ ਸਾਡੇ ਕਲੰਡਰ ਮੁਤਾਬਕ ਸਤੰਬਰ/ਅਕਤੂਬਰ ਵਿਚ ਆਉਂਦਾ ਹੈ।—6/15, ਸਫ਼ਾ 8.

ਪਵਿੱਤਰ ਆਤਮਾ ਦੇ ਖ਼ਿਲਾਫ਼ ਪਾਪ ਕਰਨ ਦਾ ਕੀ ਮਤਲਬ ਹੈ?

ਯਹੋਵਾਹ ਦੀ ਪਵਿੱਤਰ ਆਤਮਾ ਦੇ ਖ਼ਿਲਾਫ਼ ਕੀਤਾ ਪਾਪ ਮਾਫ਼ ਨਹੀਂ ਕੀਤਾ ਜਾਵੇਗਾ। (ਮੱਤੀ 12:31) ਪਰਮੇਸ਼ੁਰ ਫ਼ੈਸਲਾ ਕਰਦਾ ਹੈ ਕਿ ਅਸੀਂ ਜੋ ਪਾਪ ਕੀਤਾ ਹੈ ਉਹ ਮਾਫ਼ ਕੀਤਾ ਜਾ ਸਕਦਾ ਹੈ ਜਾਂ ਨਹੀਂ। ਜੇ ਅਸੀਂ ਪਵਿੱਤਰ ਆਤਮਾ ਦੇ ਖ਼ਿਲਾਫ਼ ਪਾਪ ਕੀਤਾ ਹੈ, ਤਾਂ ਯਹੋਵਾਹ ਸਾਡੇ ਤੋਂ ਆਪਣੀ ਪਵਿੱਤਰ ਆਤਮਾ ਹਟਾ ਲਵੇਗਾ। (ਜ਼ਬੂਰਾਂ ਦੀ ਪੋਥੀ 51:11) ਜੇ ਅਸੀਂ ਪਾਪ ਕਰਨ ਤੋਂ ਬਾਅਦ ਦਿਲੋਂ ਦੁਖੀ ਹੁੰਦੇ ਹਾਂ, ਤਾਂ ਇਸ ਤੋਂ ਸਬੂਤ ਮਿਲਦਾ ਹੈ ਕਿ ਅਸੀਂ ਸੱਚ-ਮੁੱਚ ਤੋਬਾ ਕੀਤੀ ਹੈ ਅਤੇ ਪਵਿੱਤਰ ਆਤਮਾ ਦੇ ਖ਼ਿਲਾਫ਼ ਪਾਪ ਨਹੀਂ ਕੀਤਾ ਹੈ।—7/15, ਸਫ਼ੇ 16-17.

ਰਾਜਾ ਸ਼ਾਊਲ ਦਾਊਦ ਨੂੰ ਜਾਣਦਾ ਸੀ, ਤਾਂ ਫਿਰ ਉਸ ਨੇ ਕਿਉਂ ਪੁੱਛਿਆ ਕਿ ਦਾਊਦ ਕਿਸ ਦਾ ਪੁੱਤਰ ਸੀ? (1 ਸਮੂਏਲ 16:22; 17:58)

ਸ਼ਾਊਲ ਸਿਰਫ਼ ਦਾਊਦ ਦੇ ਪਿਤਾ ਦਾ ਨਾਂ ਹੀ ਨਹੀਂ ਜਾਣਨਾ ਚਾਹੁੰਦਾ ਸੀ। ਉਸ ਨੇ ਗੋਲੀਅਥ ਨੂੰ ਹਰਾਉਣ ਵਾਲੇ ਦਾਊਦ ਦੀ ਯਹੋਵਾਹ ਉੱਤੇ ਪੱਕੀ ਨਿਹਚਾ ਅਤੇ ਬਹਾਦਰੀ ਦੇਖੀ ਸੀ। ਇਸ ਲਈ ਸ਼ਾਊਲ ਇੰਨੇ ਬਹਾਦਰ ਮੁੰਡੇ ਦੇ ਪਿਉ ਬਾਰੇ ਹੋਰ ਜ਼ਿਆਦਾ ਜਾਣਨਾ ਚਾਹੁੰਦਾ ਸੀ। ਸ਼ਾਇਦ ਸ਼ਾਊਲ ਦਾਊਦ ਦੇ ਪਿਤਾ ਯੱਸੀ ਨੂੰ ਜਾਂ ਫਿਰ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਫ਼ੌਜ ਵਿਚ ਭਰਤੀ ਕਰਨਾ ਚਾਹੁੰਦਾ ਸੀ।—8/1, ਸਫ਼ਾ 31.