Skip to content

Skip to table of contents

ਡੀਜ਼ਾਈਨ ਦੀ ਤਾਰੀਫ਼ ਕਰੋ ਡੀਜ਼ਾਈਨਰ ਬਾਰੇ ਸਿੱਖੋ

ਡੀਜ਼ਾਈਨ ਦੀ ਤਾਰੀਫ਼ ਕਰੋ ਡੀਜ਼ਾਈਨਰ ਬਾਰੇ ਸਿੱਖੋ

ਡੀਜ਼ਾਈਨ ਦੀ ਤਾਰੀਫ਼ ਕਰੋ ਡੀਜ਼ਾਈਨਰ ਬਾਰੇ ਸਿੱਖੋ

ਕਈ ਲੋਕਾਂ ਨੇ ਇਟਲੀ ਦੇ ਮਸ਼ਹੂਰ ਤੇ ਪੁਰਾਣੇ ਚਿੱਤਰਕਾਰ ਅਤੇ ਬੁੱਤਕਾਰ ਮਾਇਕਲਐਂਜਲੋ ਬਾਰੇ ਸੁਣਿਆ ਹੈ। ਜੇ ਤੁਹਾਨੂੰ ਕਦੀ ਉਸ ਦੀ ਕਲਾ ਦੇਖਣ ਦਾ ਮੌਕਾ ਮਿਲੇ, ਤਾਂ ਸ਼ਾਇਦ ਤੁਸੀਂ ਉਸ ਇਤਿਹਾਸਕਾਰ ਨਾਲ ਸਹਿਮਤ ਹੋਵੇ ਜਿਸ ਨੇ ਕਿਹਾ ਕਿ ਮਾਇਕਲਐਂਜਲੋ “ਉੱਤਮ ਤੇ ਬੇਮਿਸਾਲ ਕਲਾਕਾਰ” ਸੀ। ਉਸ ਦੀਆਂ ਯੋਗਤਾਵਾਂ ਦਾ ਇਨਕਾਰ ਨਹੀਂ ਕੀਤਾ ਜਾ ਸਕਦਾ। ਕੌਣ ਮਾਇਕਲਐਂਜਲੋ ਦੀ ਕਲਾ ਦੀ ਤਾਰੀਫ਼ ਕਰੇਗਾ, ਪਰ ਇਹ ਨਹੀਂ ਮੰਨੇਗਾ ਕਿ ਉਹ ਇਕ ਵਧੀਆ ਕਲਾਕਾਰ ਸੀ?

ਹੁਣ ਸੋਚੋ ਕਿ ਧਰਤੀ ਉੱਤੇ ਕਿੰਨੀਆਂ ਵੰਨ-ਸੁਵੰਨੀਆਂ ਚੀਜ਼ਾਂ ਹਨ ਤੇ ਜੀਵਨ ਕਿੰਨਾ ਗੁੰਝਲਦਾਰ ਹੈ। ਦ ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਜੀਵ-ਵਿਗਿਆਨ ਦੇ ਇਕ ਪ੍ਰੋਫ਼ੈਸਰ ਦਾ ਹਵਾਲਾ ਦਿੱਤਾ ਜਿਸ ਨੇ ਕਿਹਾ: “ਸਾਨੂੰ ਡੀਜ਼ਾਈਨ ਦਾ ਸਬੂਤ ਜੀਵ-ਵਿਗਿਆਨ ਦੇ ਹਰ ਪਹਿਲੂ ਤੋਂ ਮਿਲਦਾ ਹੈ।” ਉਸ ਨੇ ਅੱਗੇ ਕਿਹਾ: “ਹਰ ਪਾਸੇ ਜੀਉਂਦੀਆਂ ਚੀਜ਼ਾਂ ਵਿਚ ਸਾਨੂੰ ਡੀਜ਼ਾਈਨ ਦਿਖਾਈ ਦਿੰਦਾ ਹੈ।” ਕੀ ਇਹ ਬੁੱਧੀਮਤਾ ਦੀ ਗੱਲ ਹੈ ਕਿ ਅਸੀਂ ਡੀਜ਼ਾਈਨ ਦੀ ਤਾਰੀਫ਼ ਕਰੀਏ, ਪਰ ਡੀਜ਼ਾਈਨਰ ਦਾ ਨਾਂ ਤਕ ਨਾ ਲਈਏ?

ਪੌਲੁਸ ਰਸੂਲ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਵਿਚ ਦਿਲਚਸਪੀ ਲੈਂਦਾ ਸੀ। ਉਸ ਨੇ ਦੇਖਿਆ ਕਿ ਲੋਕ “ਕਰਤਾਰ . . . ਨੂੰ ਛੱਡ ਕੇ ਸਰਿਸ਼ਟੀ ਦੀ ਪੂਜਾ ਅਤੇ ਉਪਾਸਨਾ” ਕਰਦੇ ਸਨ। (ਰੋਮੀਆਂ 1:25) ਵਿਕਾਸਵਾਦ ਨੇ ਕਈ ਲੋਕਾਂ ਤੇ ਇੰਨਾ ਅਸਰ ਪਾਇਆ ਹੋਇਆ ਹੈ ਕਿ ਉਹ ਮੰਨਣਾ ਹੀ ਨਹੀਂ ਚਾਹੁੰਦੇ ਕਿ ਚੀਜ਼ਾਂ ਦੇ ਡੀਜ਼ਾਈਨ ਪਿੱਛਾ ਇਕ ਬੁੱਧੀਮਾਨ ਡੀਜ਼ਾਈਨਰ ਹੈ। ਪਰ ਕੀ ਵਿਕਾਸਵਾਦ ਦੀ ਥਿਊਰੀ ਸੱਚ-ਮੁੱਚ ਵਿਗਿਆਨ ਹੈ? ਇਸ ਦਾ ਜਵਾਬ ਦੇਣ ਲਈ ਧਿਆਨ ਦਿਓ ਕਿ ਦ ਨਿਊਯਾਰਕ ਟਾਈਮਜ਼ ਵਿਚ ਵੀਐਨਾ ਦੇ ਕੈਥੋਲਿਕ ਚਰਚ ਦੇ ਪ੍ਰਮੁੱਖ ਪਾਦਰੀ ਨੇ ਕੀ ਕਿਹਾ: “ਜੋ ਵੀ ਸਿੱਖਿਆ ਜੀਵ-ਵਿਗਿਆਨ ਵਿਚ ਡੀਜ਼ਾਈਨ ਦੇ ਸਬੂਤ ਦਾ ਇਨਕਾਰ ਕਰਦੀ ਹੈ ਜਾਂ ਸਬੂਤ ਤੋਂ ਅੱਖਾਂ ਮੀਟ ਲੈਂਦੀ ਹੈ, ਉਹ ਵਿਗਿਆਨ ਨਹੀਂ, ਸਿਰਫ਼ ਕਿਸੇ ਦੇ ਵਿਚਾਰ ਹਨ।”

ਵਿਗਿਆਨ ਵਿਚ ਰੁਕਾਵਟ?

ਕਈ ਲੋਕਾਂ ਦਾ ਕਹਿਣਾ ਹੈ ਕਿ ਜੇ ਉਹ ਮੰਨ ਲੈਣ ਕਿ ਸਿਰਜਣਹਾਰ ਨੇ ਸਭ ਕੁਝ ਬਣਾਇਆ ਹੈ, ਤਾਂ ਇਹ ਗੱਲ “ਵਿਗਿਆਨੀਆਂ ਦੀ ਖੋਜ ਵਿਚ ਰੁਕਾਵਟ” ਬਣੇਗੀ। ਨਿਊ ਸਾਇੰਟਿਸਟ ਰਸਾਲੇ ਵਿਚ ਅਜਿਹਾ ਹੀ ਡਰ ਪ੍ਰਗਟ ਕੀਤਾ ਗਿਆ ਸੀ: “ਵਿਗਿਆਨੀਆਂ ਦੀ ਖੋਜ ਦੀ ਕੋਈ ਸੀਮਾ ਨਹੀਂ। ਪਰ ਜੇ ਅਸੀਂ ਮੰਨ ਲਈਏ ਕਿ ‘ਇਹ ਡੀਜ਼ਾਈਨਰ ਦਾ ਕੰਮ ਹੈ,’ ਤਾਂ ਫਿਰ ਇਸ ਖੋਜ ਤੇ ਠੱਪਾ ਲੱਗ ਜਾਵੇਗਾ।” ਕੀ ਇਹ ਗੱਲ ਸੱਚ ਹੈ? ਬਿਲਕੁਲ ਨਹੀਂ! ਅਸੀਂ ਇਹ ਕਿਉਂ ਕਹਿ ਸਕਦੇ ਹਾਂ?

ਜੇ ਅਸੀਂ ਮੰਨ ਲਈਏ ਕਿ ਬ੍ਰਹਿਮੰਡ ਅਤੇ ਧਰਤੀ ਉੱਤੇ ਜ਼ਿੰਦਗੀ ਵਿਕਾਸਵਾਦ ਕਾਰਨ ਆਪਣੇ ਆਪ ਸ਼ੁਰੂ ਹੋ ਗਈ, ਤਾਂ ਅਸੀਂ ਹੋਰ ਕੋਈ ਜਵਾਬ ਲੱਭਣ ਦੀ ਕੋਸ਼ਿਸ਼ ਕਰਨੀ ਛੱਡ ਦੇਵਾਂਗੇ। ਦੂਜੇ ਪਾਸੇ, ਜੇ ਅਸੀਂ ਮੰਨ ਲਈਏ ਕਿ ਸਿਰਜਣਹਾਰ ਨੇ ਹੀ ਸਭ ਕੁਝ ਡੀਜ਼ਾਈਨ ਕੀਤਾ ਹੈ, ਤਾਂ ਅਸੀਂ ਬ੍ਰਹਿਮੰਡ ਵਿਚ ਬਣਾਈਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਕੇ ਰੱਬ ਦੀ ਬੁੱਧੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਬਾਰੇ ਸੋਚੋ: ਭਾਵੇਂ ਕਲਾ ਦੇ ਇਤਿਹਾਸਕਾਰ ਜਾਣਦੇ ਹਨ ਕਿ ਕਿਸੇ ਮਸ਼ਹੂਰ ਕਲਾਕਾਰ ਨੇ ਕੋਈ ਚਿੱਤਰ ਬਣਾਇਆ ਹੈ, ਫਿਰ ਵੀ ਉਹ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਉਸ ਨੇ ਇਸ ਚਿੱਤਰ ਨੂੰ ਕਿਵੇਂ ਬਣਾਇਆ ਅਤੇ ਬਣਾਉਣ ਲਈ ਕੀ-ਕੀ ਵਰਤਿਆ। ਇਸੇ ਤਰ੍ਹਾਂ ਡੀਜ਼ਾਈਨਰ ਨੂੰ ਕਬੂਲ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਦੀਆਂ ਬਣਾਈਆਂ ਚੀਜ਼ਾਂ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਨੀ ਛੱਡ ਦੇਵਾਂਗੇ।

ਵਿਗਿਆਨ ਦੀ ਖੋਜ ਵਿਚ ਰੁਕਾਵਟ ਬਣਨ ਦੀ ਬਜਾਇ ਬਾਈਬਲ ਸਾਨੂੰ ਵਿਗਿਆਨ ਅਤੇ ਰੱਬ ਬਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਹੱਲਾਸ਼ੇਰੀ ਦਿੰਦੀ ਹੈ। ਪ੍ਰਾਚੀਨ ਰਾਜਾ ਦਾਊਦ ਨੇ ਆਪਣੇ ਸਰੀਰ ਦੀ ਵਧੀਆ ਬਣਤਰ ਵੱਲ ਧਿਆਨ ਦਿੱਤਾ ਸੀ। ਨਤੀਜੇ ਵਜੋਂ ਉਸ ਨੇ ਕਿਹਾ: “ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!” (ਜ਼ਬੂਰਾਂ ਦੀ ਪੋਥੀ 139:14) ਬਾਈਬਲ ਵਿਚ ਸਿਰਜਣਹਾਰ ਨੇ ਅੱਯੂਬ ਨਾਂ ਦੇ ਬੰਦੇ ਨੂੰ ਪੁੱਛਿਆ: “ਕੀ ਤੈਂ ਧਰਤੀ ਦੇ ਵਿਸਤਾਰ ਨੂੰ ਸਮਝ ਲਿਆ ਹੈ?” (ਅੱਯੂਬ 38:18) ਇੱਥੇ ਸਾਡਾ ਬੁੱਧੀਮਾਨ ਡੀਜ਼ਾਈਨਰ ਅੱਯੂਬ ਨੂੰ ਹੋਰ ਜਾਣਨ ਤੋਂ ਰੋਕ ਨਹੀਂ ਰਿਹਾ ਸੀ, ਸਗੋਂ ਆਪਣੀ ਦਸਤਕਾਰੀ ਦੀ ਹੋਰ ਜਾਂਚ ਕਰਨ ਲਈ ਕਹਿ ਰਿਹਾ ਸੀ। ਯਸਾਯਾਹ ਨਬੀ ਦੇ ਸ਼ਬਦਾਂ ਉੱਤੇ ਗੌਰ ਕਰੋ ਜਿਸ ਨੇ ਸਾਨੂੰ ਦੁਨੀਆਂ ਦੀ ਰਚਨਾ ਕਰਨ ਵਾਲੇ ਨੂੰ ਸਮਝਣ ਲਈ ਕਿਹਾ: “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ।” ਫਿਰ ਯਸਾਯਾਹ 40:26 ਦੀ ਅਗਲੀ ਗੱਲ ਆਇਨਸਟਾਈਨ ਦੇ ਇਸ ਪ੍ਰਸਿੱਧ ਫਾਰਮੂਲੇ E=mc2 ਨਾਲ ਮੇਲ ਖਾਂਦੀ ਹੈ ਕਿ ਬ੍ਰਹਿਮੰਡ ਵੱਡੀ ਸ਼ਕਤੀ ਤੇ ਡਾਢੇ ਬਲ ਨਾਲ ਬਣਾਇਆ ਗਿਆ ਸੀ।

ਸ੍ਰਿਸ਼ਟੀ ਬਾਰੇ ਸਵਾਲ ਤਾਂ ਬਹੁਤ ਹਨ, ਪਰ ਇਨ੍ਹਾਂ ਦੇ ਜਵਾਬ ਲੱਭਣੇ ਹਮੇਸ਼ਾ ਸੌਖੇ ਨਹੀਂ ਹੁੰਦੇ। ਇਸ ਦਾ ਇਕ ਕਾਰਨ ਇਹ ਹੈ ਕਿ ਸਾਡੀ ਸਮਝ ਦੀ ਹੱਦ ਹੈ ਜਿਸ ਕਰਕੇ ਦੁਨੀਆਂ ਬਾਰੇ ਅਸੀਂ ਸਾਰਾ ਕੁਝ ਨਹੀਂ ਸਮਝ ਸਕਦੇ। ਅੱਯੂਬ ਨੂੰ ਵੀ ਇਹ ਗੱਲ ਪਤਾ ਸੀ। ਉਸ ਨੇ ਸਿਰਜਣਹਾਰ ਦੇ ਜਸ ਗਾਏ ਜਿਸ ਦੀ ਬੁੱਧ ਕਰਕੇ ਸਾਡੀ ਧਰਤੀ ਬਿਨਾਂ ਸਹਾਰੇ ਪੁਲਾੜ ਵਿਚ ਲਟਕਦੀ ਹੈ ਅਤੇ ਪਾਣੀ ਨਾਲ ਭਰੇ ਬੱਦਲ ਆਕਾਸ਼ ਵਿਚ ਝੂਮਦੇ ਹਨ। (ਅੱਯੂਬ 26:7-9) ਫਿਰ ਵੀ ਅੱਯੂਬ ਨੂੰ ਅਹਿਸਾਸ ਸੀ ਕਿ ਇਹ ਕਮਾਲ ਤਾਂ ਸਿਰਜਣਹਾਰ “ਦੇ ਰਾਹਾਂ ਦੇ ਕੰਢੇ ਹੀ ਹਨ।” (ਅੱਯੂਬ 26:14) ਅੱਯੂਬ ਸ੍ਰਿਸ਼ਟੀ ਬਾਰੇ ਜ਼ਰੂਰ ਹੋਰ ਜਾਣਨਾ ਚਾਹੁੰਦਾ ਸੀ। ਦਾਊਦ ਨੇ ਵੀ ਸਵੀਕਾਰ ਕੀਤਾ ਕਿ ਉਹ ਸਭ ਕੁਝ ਨਹੀਂ ਸਮਝ ਸਕਦਾ ਸੀ ਜਦ ਉਸ ਨੇ ਲਿਖਿਆ: “ਇਹ ਗਿਆਨ ਮੇਰੇ ਲਈ ਅਚਰਜ ਹੈ, ਉਹ ਉੱਚਾ ਹੈ, ਮੈਂ ਉਹ ਦੇ ਜੋਗ ਨਹੀਂ!”—ਜ਼ਬੂਰਾਂ ਦੀ ਪੋਥੀ 139:6.

ਸਿਰਜਣਹਾਰ ਦੀ ਹੋਂਦ ਨੂੰ ਸਵੀਕਾਰ ਕਰਨ ਨਾਲ ਵਿਗਿਆਨਕ ਤਰੱਕੀ ਵਿਚ ਰੁਕਾਵਟ ਨਹੀਂ ਪੈਂਦੀ। ਸਾਡੇ ਵਿਚ ਰੱਬ ਅਤੇ ਉਸ ਦੀ ਰਚਨਾ ਬਾਰੇ ਹੋਰ ਗਿਆਨ ਲੈਣ ਦੀ ਇੱਛਾ ਹੈ। ਇਹ ਇੱਛਾ ਹਮੇਸ਼ਾ ਰਹੇਗੀ। ਇਕ ਬੁੱਧੀਮਾਨ ਰਾਜੇ ਨੇ ਨਿਮਰਤਾ ਨਾਲ ਰੱਬ ਬਾਰੇ ਲਿਖਿਆ: “ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।”—ਉਪਦੇਸ਼ਕ ਦੀ ਪੋਥੀ 3:11.

ਰੱਬ ਦਾ ਕੰਮ

ਕਈਆਂ ਨੂੰ ਇਸ ਗੱਲ ਦਾ ਗਿਲਾ ਹੈ ਕਿ ਜਦ ਸਾਇੰਸ ਦੇ ਜ਼ਰੀਏ ਕੋਈ ਗੱਲ ਸਮਝਾਈ ਨਹੀਂ ਜਾ ਸਕਦੀ, ਤਾਂ ਲੋਕ ਕਹਿ ਦਿੰਦੇ ਹਨ ਕਿ ‘ਇਹ ਰੱਬ ਦਾ ਕੰਮ ਹੈ,’ ਮਤਲਬ ਉਹੀ ਸਭ ਚੀਜ਼ਾਂ ਦਾ ਡੀਜ਼ਾਈਨਰ ਹੈ ਤੇ ਉਹੀ ਜਾਣਦਾ ਕਿ ਉਸ ਨੇ ਇਹ ਕਿਵੇਂ ਬਣਾਈਆਂ। ਸੋ ਜਦ ਵੀ ਇਨਸਾਨ ਕੋਈ ਗੱਲ ਸਮਝਾ ਨਹੀਂ ਸਕਦੇ, ਉਹ “ਰੱਬ” ਨੂੰ ਇਕ ਮੰਤਰ ਵਜੋਂ ਇਸਤੇਮਾਲ ਕਰਦੇ ਹਨ। ਪਰ ਦੂਜੇ ਪਾਸੇ, ਕਈ ਡਾਰਵਿਨ ਦੀ ਥਿਊਰੀ ਨੂੰ ਫੜੀ ਬੈਠੇ ਹਨ। ਉਸ ਵਿਚ ਵੀ ਵੱਡੀਆਂ-ਵੱਡੀਆਂ ਕਮੀਆਂ ਹਨ ਜਿਸ ਨੂੰ ਸਾਇੰਸਦਾਨ ਸਮਝਾ ਨਹੀਂ ਸਕਦੇ ਜਿਵੇਂ ਕਿ ਜੀਵ-ਵਿਗਿਆਨ ਦੀਆਂ ਬੁਨਿਆਦੀ ਗੱਲਾਂ। ਪਰ ਵਿਕਾਸਵਾਦੀ ਫਿਰ ਵੀ ਹਰ ਸਵਾਲ ਦਾ ਜਵਾਬ ਦੇਣ ਲਈ ਡਾਰਵਿਨ ਦੀ ਥਿਊਰੀ ਨੂੰ ਵਰਤਦੇ ਹਨ।

ਬਾਈਬਲ ਇਹ ਨਹੀਂ ਕਹਿੰਦੀ ਕਿ ਜਦ ਸਾਨੂੰ ਹੋਰ ਕੋਈ ਜਵਾਬ ਨਹੀਂ ਮਿਲਦਾ, ਤਾਂ ਅਸੀਂ ਇਹੀ ਕਹਿ ਦੇਈਏ ਕਿ ਇਹ ਰੱਬ ਦੀ ਕਰਨੀ ਹੈ। ਉਸ ਦੇ ਕੰਮਾਂ ਵਿਚ ਸ੍ਰਿਸ਼ਟੀ ਦੇ ਸਾਰੇ ਪੜਾਅ, ਪਹਿਲੂ ਅਤੇ ਵੇਰਵੇ ਸ਼ਾਮਲ ਹਨ। ਜ਼ਬੂਰਾਂ ਦੀ ਪੋਥੀ ਦੇ ਲਿਖਾਰੀ ਨੇ ਯਹੋਵਾਹ ਪਰਮੇਸ਼ੁਰ ਦੇ ਕੰਮਾਂ ਤੇ ਜ਼ੋਰ ਦਿੰਦੇ ਹੋਏ ਕਿਹਾ: “ਤੂੰ ਜੀਵਨ ਦਾ ਸੋਮਾ ਹੈਂ, ਤੇਰੇ ਪਰਕਾਸ਼ ਤੋਂ ਹੀ ਸਾਨੂੰ ਪਰਕਾਸ਼ ਮਿਲਦਾ ਹੈ।” (ਭਜਨ 36:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਹੀ “ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਰਚਿਆ।” (ਰਸੂਲਾਂ ਦੇ ਕਰਤੱਬ 4:24; 14:15; 17:24) ਤਾਹੀਓਂ ਪਹਿਲੀ ਸਦੀ ਦੇ ਇਕ ਉਪਦੇਸ਼ਕ ਨੇ ਲਿਖਿਆ ਕਿ ਪਰਮੇਸ਼ੁਰ ਨੇ “ਸਭ ਵਸਤਾਂ ਉਤਪਤ ਕੀਤੀਆਂ।”—ਅਫ਼ਸੀਆਂ 3:9.

ਰੱਬ ਨੇ “ਅਕਾਸ਼ ਦੀਆਂ ਬਿਧੀਆਂ” ਨੂੰ ਵੀ ਸਥਾਪਿਤ ਕੀਤਾ ਯਾਨੀ ਉਹ ਨਿਯਮ ਜੋ ਪੁੰਜ ਅਤੇ ਊਰਜਾ ਨੂੰ ਕੰਟ੍ਰੋਲ ਕਰਦੇ ਹਨ ਤੇ ਜਿਨ੍ਹਾਂ ਦਾ ਅਧਿਐਨ ਵਿਗਿਆਨੀ ਅਜੇ ਵੀ ਕਰ ਰਹੇ ਹਨ। (ਅੱਯੂਬ 38:33) ਉਸ ਦੇ ਡੀਜ਼ਾਈਨ ਮੁਕੰਮਲ ਅਤੇ ਲਾਭਦਾਇਕ ਹਨ। ਰੱਬ ਨੇ ਆਪਣੇ ਮਕਸਦ ਅਨੁਸਾਰ ਧਰਤੀ ਨੂੰ ਤਰ੍ਹਾਂ-ਤਰ੍ਹਾਂ ਦੀਆਂ ਜੀਉਂਦੀਆਂ ਚੀਜ਼ਾਂ ਨਾਲ ਭਰਿਆ ਹੈ।

ਡੀਜ਼ਾਈਨ ਅਤੇ ਅਕਲ

ਇਸ ਮਾਮਲੇ ਵਿਚ ਸਾਨੂੰ ਅਕਲਮੰਦੀ ਦੀ ਵੀ ਗੱਲ ਕਰਨ ਦੀ ਲੋੜ ਹੈ। ਵਿਗਿਆਨੀਆਂ ਦੀਆਂ ਥਿਊਰੀਆਂ ਜਾਇਜ਼ ਹਨ ਕਿ ਨਹੀਂ, ਇਸ ਬਾਰੇ ਵਿਗਿਆਨ ਦੇ ਇਕ ਲੇਖਕ ਨੇ ਕਿਹਾ: “ਜਦ ਕਿਸੇ ਗੱਲ ਦਾ ਸਬੂਤ ਪੱਕਾ ਨਹੀਂ ਹੁੰਦਾ, ਤਾਂ ਸਾਨੂੰ ਅਕਲ ਤੋਂ ਕੰਮ ਲੈਣ ਵਿਚ ਸ਼ਰਮਿੰਦੇ ਨਹੀਂ ਹੋਣਾ ਚਾਹੀਦਾ।”

ਕੀ ਇਹ ਦਾਅਵਾ ਕਰਨਾ ਅਕਲਮੰਦੀ ਦੀ ਗੱਲ ਹੈ ਕਿ ਜ਼ਿੰਦਗੀ ਆਪਣੇ ਆਪ ਹੀ ਜਾਂ ਇਤਫ਼ਾਕ ਨਾਲ ਸ਼ੁਰੂ ਹੋਈ ਸੀ? ਭਾਵੇਂ ਵਿਕਾਸਵਾਦ ਦੀ ਥਿਊਰੀ ਬਹੁਤ ਮਸ਼ਹੂਰ ਹੈ, ਪਰ ਵਿਗਿਆਨੀਆਂ ਸਮੇਤ ਕਈ ਹੋਰ ਪੜ੍ਹੇ-ਲਿਖੇ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਇਕ ਬੁੱਧੀਮਾਨ ਸਿਰਜਣਹਾਰ ਹੈ। ਵਿਗਿਆਨ ਦੇ ਇਕ ਪ੍ਰੋਫ਼ੈਸਰ ਨੇ ਕਿਹਾ ਕਿ ਆਮ ਜਨਤਾ “ਅਕਲ ਤੋਂ ਕੰਮ ਲੈ ਕੇ ਇਹੀ ਮੰਨਦੀ ਹੈ ਕਿ ਜ਼ਿੰਦਗੀ ਡੀਜ਼ਾਈਨ ਕੀਤੀ ਗਈ ਸੀ।” ਲੋਕ ਇਸ ਤਰ੍ਹਾਂ ਕਿਉਂ ਮੰਨਦੇ ਹਨ? ਕਿਉਂਕਿ ਉਹ ਪੌਲੁਸ ਰਸੂਲ ਦੀ ਗੱਲ ਨਾਲ ਸਹਿਮਤ ਹਨ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ।” (ਇਬਰਾਨੀਆਂ 3:4) ਪੌਲੁਸ ਨੇ ਅੱਗੇ ਇਹ ਸਿੱਟਾ ਕੱਢਿਆ: “ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” ਬਾਈਬਲ ਮੁਤਾਬਕ ਇਹ ਕਹਿਣਾ ਬੇਵਕੂਫ਼ੀ ਹੈ ਕਿ ਘਰ ਬਣਾਉਣ ਲਈ ਕਿਸੇ ਡੀਜ਼ਾਈਨਰ ਤੇ ਠੇਕੇਦਾਰ ਦੀ ਲੋੜ ਹੁੰਦੀ ਹੈ, ਪਰ ਗੁੰਝਲਦਾਰ ਸੈੱਲ ਆਪਣੇ ਆਪ ਹੀ ਬਣ ਗਿਆ ਹੈ।

ਬਾਈਬਲ ਉਨ੍ਹਾਂ ਬਾਰੇ ਕੀ ਕਹਿੰਦੀ ਹੈ ਜੋ ਡੀਜ਼ਾਈਨਰ ਤੇ ਸਿਰਜਣਹਾਰ ਦੀ ਹੋਂਦ ਨੂੰ ਕਬੂਲ ਨਹੀਂ ਕਰਦੇ? ਉਹ ਕਹਿੰਦੀ ਹੈ: “ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ੁਰ ਹੈ ਹੀ ਨਹੀਂ।” (ਜ਼ਬੂਰਾਂ ਦੀ ਪੋਥੀ 14:1) ਇਸ ਆਇਤ ਵਿਚ ਜ਼ਬੂਰਾਂ ਦੀ ਪੋਥੀ ਦਾ ਲਿਖਾਰੀ ਉਨ੍ਹਾਂ ਲੋਕਾਂ ਨੂੰ ਤਾੜਦਾ ਹੈ ਜੋ ਰੱਬ ਨੂੰ ਨਹੀਂ ਮੰਨਦੇ। ਕੋਈ ਵਿਅਕਤੀ ਸ਼ਾਇਦ ਸੋਚ-ਸਮਝ ਕੇ ਸਹੀ ਸਿੱਟੇ ਤੇ ਪਹੁੰਚਣ ਦੀ ਬਜਾਇ ਆਪਣੀ ਰਾਇ ਤੇ ਅੜਿਆ ਰਹੇ। ਦੂਜੇ ਪਾਸੇ, ਬੁੱਧੀਮਾਨ ਤੇ ਸਮਝਦਾਰ ਇਨਸਾਨ ਨਿਮਰਤਾ ਨਾਲ ਮੰਨ ਲੈਂਦਾ ਹੈ ਕਿ ਸਾਡਾ ਸਿਰਜਣਹਾਰ ਹੈ।—ਯਸਾਯਾਹ 45:18.

ਸਮਝਦਾਰ ਵਿਅਕਤੀਆਂ ਲਈ ਬੁੱਧੀਮਾਨ ਡੀਜ਼ਾਈਨਰ ਹੋਣ ਦਾ ਸਬੂਤ ਸਾਫ਼ ਹੈ ਤੇ ਉਸ ਦਾ ਇਨਕਾਰ ਨਹੀਂ ਕੀਤਾ ਜਾ ਸਕਦਾ।

ਤੁਸੀਂ ਡੀਜ਼ਾਈਨਰ ਨੂੰ ਜਾਣ ਸਕਦੇ ਹੋ

ਜੇ ਅਸੀਂ ਮੰਨਦੇ ਹਾਂ ਕਿ ਸਾਨੂੰ ਡੀਜ਼ਾਈਨ ਕੀਤਾ ਗਿਆ ਹੈ, ਤਾਂ ਸਾਨੂੰ ਇਹ ਵੀ ਪੁੱਛਣ ਦੀ ਲੋੜ ਹੈ ਕਿ ਸਾਨੂੰ ਕਿਸ ਮਕਸਦ ਲਈ ਬਣਾਇਆ ਗਿਆ? ਵਿਗਿਆਨੀ ਅਜਿਹੇ ਸਵਾਲਾਂ ਦੇ ਢੁਕਵੇਂ ਤੇ ਮੰਨਣਯੋਗ ਜਵਾਬ ਨਹੀਂ ਦੇ ਸਕਦੇ। ਫਿਰ ਵੀ, ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਲੋੜ ਹੈ। ਇਸ ਵਿਚ ਬਾਈਬਲ ਸਾਡੀ ਮਦਦ ਕਰ ਸਕਦੀ ਹੈ। ਬਾਈਬਲ ਸਿਰਫ਼ ਇਹੀ ਨਹੀਂ ਦੱਸਦੀ ਕਿ ਯਹੋਵਾਹ ਸਾਡਾ ਸਿਰਜਣਹਾਰ ਹੈ, ਬਲਕਿ ਇਹ ਵੀ ਦੱਸਦੀ ਹੈ ਕਿ ਉਸ ਨੇ ਹਰ ਚੀਜ਼ ਨੂੰ ਕਿਉਂ ਬਣਾਇਆ ਹੈ ਅਤੇ ਇਨਸਾਨਾਂ ਲਈ ਉਸ ਦਾ ਕੀ ਮਕਸਦ ਹੈ। ਇਸ ਦਾ ਅਸਰ ਸਾਡੇ ਭਵਿੱਖ ਉੱਤੇ ਪੈਂਦਾ ਹੈ ਤੇ ਸਾਨੂੰ ਉਮੀਦ ਮਿਲਦੀ ਹੈ।

ਫਿਰ ਵੀ ਅਸੀਂ ਪੁੱਛ ਸਕਦੇ ਹਾਂ ਕਿ ਯਹੋਵਾਹ ਹੈ ਕੌਣ? ਉਹ ਕਿਹੋ ਜਿਹਾ ਪਰਮੇਸ਼ੁਰ ਹੈ? ਯਹੋਵਾਹ ਦੇ ਗਵਾਹ ਤੁਹਾਨੂੰ ਆਪਣੇ ਵਧੀਆ ਡੀਜ਼ਾਈਨਰ ਨੂੰ ਜਾਣਨ ਦਾ ਸੱਦਾ ਦਿੰਦੇ ਹਨ। ਤੁਸੀਂ ਉਸ ਦਾ ਨਾਂ ਜਾਣ ਸਕਦੇ ਹੋ ਤੇ ਉਸ ਦੇ ਗੁਣਾਂ ਬਾਰੇ ਸਿੱਖ ਸਕਦੇ ਹੋ। ਇਸ ਦੇ ਨਾਲ-ਨਾਲ ਤੁਸੀਂ ਇਹ ਵੀ ਸਿੱਖ ਸਕਦੇ ਹੋ ਕਿ ਉਹ ਇਨਸਾਨਾਂ ਨਾਲ ਕਿਵੇਂ ਪੇਸ਼ ਆਉਂਦਾ ਹੈ। ਬਾਈਬਲ ਦੇ ਪੰਨਿਆਂ ਰਾਹੀਂ ਤੁਸੀਂ ਸਮਝ ਜਾਓਗੇ ਕਿ ਸਾਨੂੰ ਸਿਰਫ਼ ਉਸ ਦੇ ਸ਼ਾਨਦਾਰ ਕੰਮਾਂ ਦੀ ਤਾਰੀਫ਼ ਹੀ ਨਹੀਂ ਕਰਨੀ ਚਾਹੀਦੀ, ਬਲਕਿ ਡੀਜ਼ਾਈਨਰ ਵਜੋਂ ਉਸ ਦੀ ਵਡਿਆਈ ਵੀ ਕਰਨੀ ਚਾਹੀਦੀ ਹੈ।—ਜ਼ਬੂਰਾਂ ਦੀ ਪੋਥੀ 86:12; ਪਰਕਾਸ਼ ਦੀ ਪੋਥੀ 4:11.

[ਸਫ਼ਾ 4 ਉੱਤੇ ਤਸਵੀਰ]

ਮਾਇਕਲਐਂਜਲੋ

[ਸਫ਼ਾ 5 ਉੱਤੇ ਤਸਵੀਰਾਂ]

ਡੀਜ਼ਾਈਨਰ ਵਿਚ ਵਿਸ਼ਵਾਸ ਕਰਨਾ ਵਿਗਿਆਨ ਨਾਲ ਮੇਲ ਖਾਂਦਾ ਹੈ

[ਸਫ਼ਾ 6 ਉੱਤੇ ਤਸਵੀਰ]

ਜੀਵ-ਜੰਤੂਆਂ ਦੀਆਂ ਵੱਖ-ਵੱਖ ਕਿਸਮਾਂ ਵਧੀਆ ਡੀਜ਼ਾਈਨ ਦਾ ਸਬੂਤ ਹਨ

[ਸਫ਼ਾ 7 ਉੱਤੇ ਤਸਵੀਰਾਂ]

ਡੀਜ਼ਾਈਨ ਲਈ ਡੀਜ਼ਾਈਨਰ ਜ਼ਰੂਰੀ ਹੈ