Skip to content

Skip to table of contents

ਪੋਲੈਂਡ ਨੂੰ ਇਕ ਅਨਮੋਲ ਤੋਹਫ਼ਾ

ਪੋਲੈਂਡ ਨੂੰ ਇਕ ਅਨਮੋਲ ਤੋਹਫ਼ਾ

ਪੋਲੈਂਡ ਨੂੰ ਇਕ ਅਨਮੋਲ ਤੋਹਫ਼ਾ

ਛੇ ਜੁਲਾਈ 1525 ਨੂੰ ਪ੍ਰਸ਼ੀਆ ਦੇ ਡਿਊਕ ਆਲਬਰੈਖ਼ਟ ਨੇ ਆਪਣੇ ਸਾਰੇ ਰਾਜ ਵਿਚ ਲੂਥਰਨ ਧਰਮ ਨੂੰ ਕੌਮੀ ਧਰਮ ਬਣਾ ਦਿੱਤਾ। ਇਸ ਤਰ੍ਹਾਂ ਪੋਲੈਂਡ ਦੀ ਹਕੂਮਤ ਅਧੀਨ ਪੂਰੇ ਯੂਰਪ ਵਿਚ ਪ੍ਰਸ਼ੀਆ ਪਹਿਲਾ ਰਾਜ ਸੀ ਜਿਸ ਦੇ ਵਸਨੀਕਾਂ ਨੇ ਮਾਰਟਿਨ ਲੂਥਰ ਦੀਆਂ ਸਿੱਖਿਆਵਾਂ ਅਪਣਾਉਣੀਆਂ ਸ਼ੁਰੂ ਕੀਤੀਆਂ ਸਨ।

ਡਿਊਕ ਆਲਬਰੈਖ਼ਟ ਪੂਰਬੀ ਪ੍ਰਸ਼ੀਆ ਦੀ ਰਾਜਧਾਨੀ ਕਾਲਿਨਿਨਗ੍ਰਾਦ ਨੂੰ ਪ੍ਰੋਟੈਸਟੈਂਟ ਧਰਮ ਦਾ ਕੇਂਦਰ ਬਣਾਉਣਾ ਚਾਹੁੰਦਾ ਸੀ। ਉਸ ਨੇ ਸ਼ਹਿਰ ਵਿਚ ਇਕ ਯੂਨੀਵਰਸਿਟੀ ਸਥਾਪਿਤ ਕੀਤੀ ਅਤੇ ਲੂਥਰਨ ਧਰਮ ਦੀਆਂ ਲਿਖਤਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਛਾਪਣ ਦਾ ਜ਼ਿੰਮਾ ਆਪਣੇ ਸਿਰ ਲਿਆ। 1544 ਵਿਚ ਡਿਊਕ ਆਲਬਰੈਖ਼ਟ ਨੇ ਇਹ ਫ਼ੈਸਲਾ ਸੁਣਾਇਆ ਕਿ ਉਸ ਦੀ ਰਿਆਸਤ ਵਿਚ ਲੋਕਾਂ ਨੂੰ ਆਪਣੀ ਬੋਲੀ ਵਿਚ ਬਾਈਬਲ ਦੇ ਕੁਝ ਹਿੱਸੇ ਪੜ੍ਹ ਕੇ ਸੁਣਾਏ ਜਾਣੇ ਚਾਹੀਦੇ ਹਨ। ਲੇਕਿਨ ਸਮੱਸਿਆ ਇਹ ਸੀ ਕਿ ਉਸ ਸਮੇਂ ਤਕ ਪੋਲਿਸ਼ ਭਾਸ਼ਾ ਵਿਚ ਬਾਈਬਲ ਨਹੀਂ ਸੀ।

ਲੋਕਾਂ ਦੀ ਆਮ ਬੋਲੀ ਵਿਚ ਤਰਜਮਾ

ਇਸ ਸਮੱਸਿਆ ਨੂੰ ਦੂਰ ਕਰਨ ਲਈ ਡਿਊਕ ਆਲਬਰੈਖ਼ਟ ਨੇ ਅਜਿਹੇ ਬੰਦੇ ਦੀ ਖੋਜ ਕਰਨੀ ਸ਼ੁਰੂ ਕੀਤੀ ਜੋ ਬਾਈਬਲ ਦੇ ਯੂਨਾਨੀ ਹਿੱਸੇ (ਨਵੇਂ ਨੇਮ) ਨੂੰ ਪੋਲਿਸ਼ ਭਾਸ਼ਾ ਵਿਚ ਅਨੁਵਾਦ ਕਰ ਸਕੇ। ਲਗਭਗ 1550 ਵਿਚ ਉਸ ਨੇ ਤਰਜਮੇ ਦਾ ਕੰਮ ਮਹਾਨ ਲੇਖਕ ਯਾਨ ਸੇਕਲੁਜ਼ਿਯਾਨ ਨੂੰ ਸੌਂਪਿਆ। ਯਾਨ ਸੇਕਲੁਜ਼ਿਯਾਨ ਕਿਤਾਬਾਂ ਨੂੰ ਛਾਪਣ ਅਤੇ ਵੇਚਣ ਦਾ ਕੰਮ ਵੀ ਕਰਦਾ ਸੀ। ਉਹ ਲੀਪਸਿਗ ਦੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਸੀ ਅਤੇ ਉਸ ਨੇ ਪ੍ਰੋਟੈਸਟੈਂਟ ਧਰਮ ਦੀਆਂ ਸਿੱਖਿਆਵਾਂ ਫੈਲਾ ਕੇ ਕੈਥੋਲਿਕ ਚਰਚ ਦੇ ਨੱਕ ਵਿਚ ਦਮ ਕਰ ਛੱਡਿਆ ਸੀ। ਵੈਸੇ ਉਹ ਉਨ੍ਹਾਂ ਲੋਕਾਂ ਤੋਂ ਆਪਣਾ ਪਿੱਛਾ ਛੁਡਾਉਣ ਲਈ ਪਹਿਲਾਂ ਹੀ ਕਾਲਿਨਿਨਗ੍ਰਾਦ ਨੂੰ ਚਲਾ ਗਿਆ ਸੀ ਕਿਉਂਕਿ ਉਹ ਉਸ ਨੂੰ ਆਪਣੇ ਵਿਸ਼ਵਾਸਾਂ ਦਾ ਪ੍ਰਚਾਰ ਕਰਨ ਤੋਂ ਰੋਕਣ ਲਈ ਉਸ ਤੇ ਮੁਕੱਦਮਾ ਚਲਾਉਣਾ ਚਾਹੁੰਦੇ ਸਨ।

ਯਾਨ ਸੇਕਲੁਜ਼ਿਯਾਨ ਬੜੀ ਖ਼ੁਸ਼ੀ ਨਾਲ ਪੋਲਿਸ਼ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨ ਲਈ ਤਿਆਰ ਹੋ ਗਿਆ। ਇਕ ਸਾਲ ਵਿਚ ਹੀ ਉਸ ਨੇ ਮੱਤੀ ਦੀ ਇੰਜੀਲ ਦਾ ਤਰਜਮਾ ਪੂਰਾ ਕਰ ਕੇ ਛਾਪ ਦਿੱਤਾ ਸੀ। ਇਸ ਐਡੀਸ਼ਨ ਵਿਚ ਆਇਤਾਂ ਨੂੰ ਸਮਝਣ ਲਈ ਵਿਸਤਾਰ ਵਿਚ ਟਿੱਪਣੀਆਂ ਅਤੇ ਹਾਸ਼ੀਏ ਵਿਚ ਕੁਝ ਆਇਤਾਂ ਦੇ ਦੂਸਰੇ ਅਰਥ ਵੀ ਦੱਸੇ ਗਏ ਸਨ ਜਿਨ੍ਹਾਂ ਤੋਂ ਭਾਵ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਸੀ। ਥੋੜ੍ਹੇ ਹੀ ਸਮੇਂ ਵਿਚ ਯਾਨ ਸੇਕਲੁਜ਼ਿਯਾਨ ਦੀ ਨਿਗਰਾਨੀ ਅਧੀਨ ਬਾਈਬਲ ਦੀਆਂ ਚਾਰੇ ਇੰਜੀਲਾਂ ਤਿਆਰ ਕੀਤੀਆਂ ਗਈਆਂ ਸਨ। ਤਿੰਨ ਸਾਲਾਂ ਦੇ ਅੰਦਰ-ਅੰਦਰ ਉਸ ਨੇ ਬਾਈਬਲ ਦੇ ਪੂਰੇ ਯੂਨਾਨੀ ਹਿੱਸੇ ਦਾ ਤਰਜਮਾ ਕਰ ਕੇ ਛਾਪ ਦਿੱਤਾ ਸੀ।

ਸਹੀ ਅਨੁਵਾਦ ਕਰਨ ਲਈ ਉਸ ਨੇ ਯੂਨਾਨੀ ਹੱਥਲਿਖਤਾਂ ਵਰਤੀਆਂ ਸਨ। ਅੱਗੇ 1551 ਦੇ ਐਡੀਸ਼ਨ ਵਿਚ ਉਸ ਨੇ ਦੱਸਿਆ ਕਿ ਯੂਨਾਨੀ ਹੱਥਲਿਖਤਾਂ ਤੋਂ ਇਲਾਵਾ ਉਸ ਨੇ ਲਾਤੀਨੀ ਅਤੇ “ਹੋਰ ਭਾਸ਼ਾਵਾਂ ਦੇ ਤਰਜਮੇ ਵੀ ਪੜ੍ਹੇ” ਸਨ। ਲੇਖਕ ਸਟਾਨਿਸੌਆਫ਼ ਰੋਸਪੋਂਡ ਨੇ 16ਵੀਂ ਸਦੀ ਦੀ ਪੋਲਿਸ਼ ਭਾਸ਼ਾ ਬਾਰੇ ਆਪਣੀ ਕਿਤਾਬ ਵਿਚ ਬਾਈਬਲ ਦੇ ਇਸ ਤਰਜਮੇ ਬਾਰੇ ਕਿਹਾ ਕਿ ਇਹ ਬਾਈਬਲ “ਬਹੁਤ ਹੀ ਸੁੰਦਰ ਬੋਲੀ ਵਿਚ ਲਿਖੀ ਗਈ ਸੀ।” ਅਨੁਵਾਦਕ ਨੇ ਆਪਣੇ ਤਰਜਮੇ ਵਿਚ ਠੇਠ ਭਾਸ਼ਾ ਵਰਤਣ ਦੀ ਬਜਾਇ ਪੋਲਿਸ਼ ਲੋਕਾਂ ਦੀ ਆਮ ਬੋਲੀ ਵਰਤੀ ਸੀ।

ਭਾਵੇਂ ਕਿ ਇਹ ਕੰਮ ਯਾਨ ਸੇਕਲੁਜ਼ਿਯਾਨ ਦੀ ਨਿਗਰਾਨੀ ਅਧੀਨ ਕੀਤਾ ਗਿਆ ਸੀ, ਪਰ ਉਹ ਆਪ ਇਸ ਤਰਜਮੇ ਦਾ ਅਨੁਵਾਦਕ ਨਹੀਂ ਸੀ। ਤਾਂ ਫਿਰ ਕਿਸ ਵਿਦਵਾਨ ਨੇ ਇਸ ਦਾ ਅਨੁਵਾਦ ਕੀਤਾ ਸੀ? ਯਾਨ ਸੇਕਲੁਜ਼ਿਯਾਨ ਨੇ 23 ਕੁ ਸਾਲਾਂ ਦੇ ਸਟਾਨਿਸੌਆਫ਼ ਮੋਜ਼ਨੌਫ਼ਸਕੀ ਨਾਂ ਦੇ ਨੌਜਵਾਨ ਨੂੰ ਇਸ ਔਖੇ ਕੰਮ ਤੇ ਲਾਇਆ ਸੀ।

ਸਟਾਨਿਸੌਆਫ਼ ਮੋਜ਼ਨੌਫ਼ਸਕੀ ਦਾ ਜਨਮ ਇਕ ਪਿੰਡ ਵਿਚ ਹੋਇਆ ਸੀ, ਪਰ ਥੋੜ੍ਹਾ ਵੱਡਾ ਹੋਣ ਤੇ ਉਸ ਦੇ ਪਿਤਾ ਨੇ ਉਸ ਨੂੰ ਯੂਨਾਨੀ ਅਤੇ ਇਬਰਾਨੀ ਭਾਸ਼ਾਵਾਂ ਸਿੱਖਣ ਲਈ ਕਾਲਿਨਿਨਗ੍ਰਾਦ ਭੇਜ ਦਿੱਤਾ। ਬਾਅਦ ਵਿਚ ਉਸ ਨੇ ਜਰਮਨੀ ਦੇ ਵਿਟਨਬਰਗ ਸ਼ਹਿਰ ਦੀ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਲਿਆ ਤੇ ਸੰਭਵ ਹੈ ਕਿ ਉੱਥੇ ਉਸ ਦੀ ਮੁਲਾਕਾਤ ਮਾਰਟਿਨ ਲੂਥਰ ਨਾਲ ਹੋਈ ਸੀ। ਯੂਨੀਵਰਸਿਟੀ ਵਿਚ ਉਸ ਨੌਜਵਾਨ ਨੇ ਫੀਲਿੱਪ ਮਿਲੈਂਕਥਨ ਦੇ ਭਾਸ਼ਣ ਸੁਣੇ ਜਿਸ ਨੇ ਯੂਨਾਨੀ ਅਤੇ ਇਬਰਾਨੀ ਭਾਸ਼ਾਵਾਂ ਦਾ ਮਾਹਰ ਬਣਨ ਵਿਚ ਉਸ ਦੀ ਮਦਦ ਕੀਤੀ ਸੀ। ਬਾਅਦ ਵਿਚ ਇਟਲੀ ਵਿਚ ਹੋਰ ਪੜ੍ਹਾਈ ਕਰਨ ਮਗਰੋਂ ਸਟਾਨਿਸੌਆਫ਼ ਮੋਜ਼ਨੌਫ਼ਸਕੀ ਨੇ ਕਾਲਿਨਿਨਗ੍ਰਾਦ ਵਾਪਸ ਆ ਕੇ ਡਿਊਕ ਆਲਬਰੈਖ਼ਟ ਲਈ ਕੰਮ ਕਰਨਾ ਸ਼ੁਰੂ ਕੀਤਾ।

ਲੇਖਕਾ ਮਰੀਯਾ ਕੌਸੌਵਸਕਾ ਨੇ ਪੋਲਿਸ਼ ਭਾਸ਼ਾ ਵਿਚ ਬਾਈਬਲ ਬਾਰੇ ਆਪਣੀ ਕਿਤਾਬ ਵਿਚ ਲਿਖਿਆ: “ਸਟਾਨਿਸੌਆਫ਼ ਮੋਜ਼ਨੌਫ਼ਸਕੀ ਨੇ ਬਹੁਤ ਮਿਹਨਤ ਕੀਤੀ। ਉਸ ਨੇ ਨਾ ਮਸ਼ਹੂਰੀ ਖੱਟਣ ਦੀ ਕੋਸ਼ਿਸ਼ ਕੀਤੀ ਤੇ ਨਾ ਉੱਚੀ ਪਦਵੀ ਹਾਸਲ ਕਰਨੀ ਚਾਹੀ ਤੇ ਨਾ ਹੀ ਉਸ ਨੇ ਕਿਹਾ ਕਿ ਬਾਈਬਲ ਦੇ ਤਰਜਮੇ ਉੱਤੇ ਉਸ ਦਾ ਨਾਂ ਲਿਖਿਆ ਜਾਵੇ।” ਬੜੀ ਹਲੀਮੀ ਨਾਲ ਉਸ ਨੇ ਆਪਣੇ ਆਪ ਬਾਰੇ ਲਿਖਿਆ: “ਮੈਨੂੰ ਨਾ ਲਾਤੀਨੀ ਚੰਗੀ ਤਰ੍ਹਾਂ ਲਿਖਣੀ ਆਉਂਦੀ ਹੈ ਤੇ ਨਾ ਹੀ ਪੋਲਿਸ਼।” ਭਾਵੇਂ ਉਹ ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝਦਾ ਸੀ, ਫਿਰ ਵੀ ਪੋਲਿਸ਼ ਭਾਸ਼ਾ ਬੋਲਣ ਵਾਲੇ ਲੋਕਾਂ ਲਈ ਉਸ ਨੇ ਬਾਈਬਲ ਦਾ ਤਰਜਮਾ ਕੀਤਾ। ਉਸ ਦੇ ਸਾਥੀ ਯਾਨ ਸੇਕਲੁਜ਼ਿਯਾਨ ਨੇ ਇਸ ਤਰਜਮੇ ਬਾਰੇ ਕਿਹਾ ਕਿ ਉਨ੍ਹਾਂ ਨੇ ਪੋਲੈਂਡ ਲਈ ਇਹ “ਅਨਮੋਲ ਤੋਹਫ਼ਾ” ਤਿਆਰ ਕੀਤਾ ਸੀ।

ਸਭ ਤੋਂ ਵਧੀਆ ਤੋਹਫ਼ਾ

ਪੋਲਿਸ਼ ਭਾਸ਼ਾ ਵਿਚ ਇਸ ਤਰਜਮੇ ਤੋਂ ਬਾਅਦ ਕਈ ਹੋਰ ਤਰਜਮੇ ਵੀ ਕੀਤੇ ਗਏ ਹਨ। 1994 ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਰਿਲੀਜ਼ ਕੀਤੀ ਗਈ ਸੀ ਅਤੇ 1997 ਵਿਚ ਪੋਲਿਸ਼ ਭਾਸ਼ਾ ਵਿਚ ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਰਿਲੀਜ਼ ਕੀਤੀ ਗਈ। ਇਸ ਦੇ ਅਨੁਵਾਦਕਾਂ ਨੇ ਆਪਣਾ ਨਾਂ ਉੱਚਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਸਹੀ-ਸਹੀ ਤਰਜਮਾ ਕਰਨ ਤੋਂ ਇਲਾਵਾ ਆਧੁਨਿਕ ਪੋਲਿਸ਼ ਭਾਸ਼ਾ ਵਰਤੀ ਹੈ ਨਾ ਕਿ 16ਵੀਂ ਸਦੀ ਦੀ ਪੋਲਿਸ਼ ਭਾਸ਼ਾ।

ਹੁਣ ਤਕ ਪੂਰੀ ਬਾਈਬਲ ਜਾਂ ਇਸ ਦੇ ਹਿੱਸੇ ਤਕਰੀਬਨ 2,400 ਬੋਲੀਆਂ ਵਿਚ ਉਪਲਬਧ ਹਨ। ਜੇ ਤੁਹਾਡੀ ਬੋਲੀ ਵਿਚ ਬਾਈਬਲ ਮਿਲ ਸਕਦੀ ਹੈ, ਤਾਂ ਇਹ ਯਹੋਵਾਹ ਪਰਮੇਸ਼ੁਰ ਵੱਲੋਂ ਤੁਹਾਡੇ ਲਈ ਸਭ ਤੋਂ ਵੱਡਾ ਤੋਹਫ਼ਾ ਹੈ। ਹਾਂ, ਇਸ ਦੇ ਜ਼ਰੀਏ ਉਹ ਤੁਹਾਨੂੰ ਸੇਧ ਦਿੰਦਾ ਹੈ।—2 ਤਿਮੋਥਿਉਸ 3:15-17.

[ਸਫ਼ਾ 20 ਉੱਤੇ ਤਸਵੀਰ]

ਪੋਲਿਸ਼ ਭਾਸ਼ਾ ਵਿਚ “ਨਵੇਂ ਨੇਮ” ਦੇ ਅਨੁਵਾਦਕ ਸਟਾਨਿਸੌਆਫ਼ ਮੋਜ਼ਨੌਫ਼ਸਕੀ ਦੀ ਯਾਦ ਦਿਲਾਉਂਦਾ ਇਹ ਯਾਦਗਾਰੀ ਪੱਥਰ

[ਸਫ਼ਾ 21 ਉੱਤੇ ਤਸਵੀਰ]

ਸਟਾਨਿਸੌਆਫ਼ ਮੋਜ਼ਨੌਫ਼ਸਕੀ ਦੁਆਰਾ ਅਨੁਵਾਦ ਕੀਤੀ ਗਈ ਮੱਤੀ ਦੀ ਇੰਜੀਲ ਦਾ ਤੀਜਾ ਅਧਿਆਇ

[ਕ੍ਰੈਡਿਟ ਲਾਈਨ]

Dzięki uprzejmości Towarzystwa Naukowego Płockiego