Skip to content

Skip to table of contents

ਪ੍ਰਾਚੀਨ ਇਸਰਾਏਲ ਵਿਚ ਲਿਖਣ ਕਲਾ ਦੀ ਅਹਿਮੀਅਤ

ਪ੍ਰਾਚੀਨ ਇਸਰਾਏਲ ਵਿਚ ਲਿਖਣ ਕਲਾ ਦੀ ਅਹਿਮੀਅਤ

ਪ੍ਰਾਚੀਨ ਇਸਰਾਏਲ ਵਿਚ ਲਿਖਣ ਕਲਾ ਦੀ ਅਹਿਮੀਅਤ

ਪ੍ਰਾਚੀਨ ਯੂਨਾਨ ਦੀਆਂ ਦੋ ਮੰਨੀਆਂ-ਪ੍ਰਮੰਨੀਆਂ ਕਵਿਤਾਵਾਂ ਹਨ ਇਲੀਅਡ ਅਤੇ ਓਡੀਸੀ। ਮੰਨਿਆ ਜਾਂਦਾ ਹੈ ਕਿ ਇਹ ਨੌਵੀਂ ਜਾਂ ਅੱਠਵੀਂ ਸਦੀ ਈ. ਪੂ. ਵਿਚ ਲਿਖੀਆਂ ਗਈਆਂ ਸਨ। ਬਾਈਬਲ ਇਨ੍ਹਾਂ ਤੋਂ ਸਦੀਆਂ ਪਹਿਲਾਂ ਲਿਖਣੀ ਸ਼ੁਰੂ ਹੋਈ ਸੀ। ਇਨ੍ਹਾਂ ਦੋਵਾਂ ਕਵਿਤਾਵਾਂ ਦੀ ਤੁਲਨਾ ਬਾਈਬਲ ਨਾਲ ਕਰਨ ਤੇ ਕੀ ਪਤਾ ਚੱਲਦਾ ਹੈ? ਇਸ ਬਾਰੇ ਇਕ ਕਿਤਾਬ ਦਾ ਕਹਿਣਾ ਹੈ: ‘ਬਾਈਬਲ ਵਿਚ 429 ਵਾਰ ਕਿਸੇ ਗੱਲ ਨੂੰ ਲਿਖਣ ਬਾਰੇ ਕਿਹਾ ਗਿਆ ਹੈ ਜਾਂ ਪਹਿਲਾਂ ਲਿਖੀ ਗਈ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਇਹ ਬਹੁਤ ਮਹੱਤਵਪੂਰਣ ਗੱਲ ਹੈ ਕਿਉਂਕਿ ਇਲੀਅਡ ਵਿਚ ਇਸ ਤਰ੍ਹਾਂ ਦਾ ਜ਼ਿਕਰ ਸਿਰਫ਼ ਇਕ ਵਾਰ ਆਉਂਦਾ ਹੈ ਅਤੇ ਓਡੀਸੀ ਵਿਚ ਇਕ ਵਾਰ ਵੀ ਨਹੀਂ।’—ਦ ਜੂਇਸ਼ ਬਾਈਬਲ ਐਂਡ ਦ ਕ੍ਰਿਸਚਨ ਬਾਈਬਲ।

ਪ੍ਰਾਚੀਨ ਇਸਰਾਏਲ ਬਾਰੇ ਇਕ ਕਿਤਾਬ ਵਿਚ ਦੱਸਿਆ ਗਿਆ ਹੈ ਕਿ “ਪ੍ਰਾਚੀਨ ਇਸਰਾਏਲ ਵਿਚ ਲਿਖਣ ਕਲਾ ਦਾ ਧਰਮ ਨਾਲ ਗਹਿਰਾ ਸੰਬੰਧ ਸੀ।” ਉਦਾਹਰਣ ਲਈ, ਮੂਸਾ ਦੀ ਬਿਵਸਥਾ ਲਿਖੀ ਗਈ ਸੀ ਅਤੇ ਸਾਰੇ ਆਦਮੀਆਂ, ਤੀਵੀਆਂ ਅਤੇ ਬੱਚਿਆਂ ਸਾਮ੍ਹਣੇ ਇਸ ਨੂੰ ਬਾਕਾਇਦਾ ਪੜ੍ਹਿਆ ਜਾਂਦਾ ਸੀ। ਇਸ ਨੂੰ ਲੋਕ ਸੰਗਤਾਂ ਵਿਚ ਤੇ ਆਪ ਇਕੱਲੇ ਬੈਠ ਕੇ ਵੀ ਪੜ੍ਹਦੇ ਸਨ। ਬਿਵਸਥਾ ਦੀਆਂ ਕੁਝ ਖ਼ੂਬੀਆਂ ਉੱਤੇ ਵਿਚਾਰ ਕਰਨ ਤੋਂ ਬਾਅਦ ਲਿਵਰਪੂਲ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਐਲਨ ਮਿਲਰਡ ਨੇ ਕਿਹਾ: “ਬਾਈਬਲ ਦੇ ਲੇਖਕਾਂ ਨੂੰ ਵਿਸ਼ਵਾਸ ਸੀ ਕਿ ਹਰ ਵਰਗ ਦੇ ਲੋਕ ਪੜ੍ਹ-ਲਿਖ ਸਕਦੇ ਸਨ।”—ਬਿਵਸਥਾ ਸਾਰ 31:9-13; ਯਹੋਸ਼ੁਆ 1:8; ਨਹਮਯਾਹ 8:13-15; ਜ਼ਬੂਰਾਂ ਦੀ ਪੋਥੀ 1:2.

ਪੌਲੁਸ ਰਸੂਲ ਨੇ ਦੱਸਿਆ ਕਿ ਮਸੀਹੀਆਂ ਦਾ ਪਵਿੱਤਰ ਲਿਖਤਾਂ ਪ੍ਰਤੀ ਕੀ ਰਵੱਈਆ ਹੋਣਾ ਚਾਹੀਦਾ ਹੈ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” ਕੀ ਅਸੀਂ ਪਵਿੱਤਰ ਲਿਖਤਾਂ ਦੀ ਕਦਰ ਕਰਦੇ ਹੋਏ ਬਾਕਾਇਦਾ ਬਾਈਬਲ ਪੜ੍ਹਦੇ ਹਾਂ?—ਰੋਮੀਆਂ 15:4.