Skip to content

Skip to table of contents

ਯਹੋਵਾਹ ਨਿਆਂ-ਪਸੰਦ ਪਰਮੇਸ਼ੁਰ ਹੈ

ਯਹੋਵਾਹ ਨਿਆਂ-ਪਸੰਦ ਪਰਮੇਸ਼ੁਰ ਹੈ

ਯਹੋਵਾਹ ਨਿਆਂ-ਪਸੰਦ ਪਰਮੇਸ਼ੁਰ ਹੈ

‘ਮੈਂ ਯਹੋਵਾਹ ਇਨਸਾਫ਼ ਨੂੰ ਪਿਆਰ ਕਰਦਾ ਹਾਂ।’—ਯਸਾਯਾਹ 61:8.

1, 2. (ੳ) ਨਿਆਂ ਕਰਨ ਅਤੇ ਅਨਿਆਂ ਕਰਨ ਦਾ ਕੀ ਮਤਲਬ ਹੈ? (ਅ) ਨਿਆਂ ਦੇ ਸੰਬੰਧ ਵਿਚ ਬਾਈਬਲ ਯਹੋਵਾਹ ਬਾਰੇ ਕੀ ਕਹਿੰਦੀ ਹੈ?

ਨਿਆਂ ਕਰਨ ਦਾ ਮਤਲਬ ਹੈ ਪੱਖਪਾਤ ਨਾ ਕਰਨਾ, ਇਨਸਾਫ਼ ਕਰਨਾ, ਨੈਤਿਕ ਅਸੂਲਾਂ ਮੁਤਾਬਕ ਸਹੀ ਕੰਮ ਕਰਨਾ। ਅਨਿਆਂ ਕਰਨ ਦਾ ਮਤਲਬ ਹੈ ਕਿਸੇ ਨਾਲ ਬੇਇਨਸਾਫ਼ੀ ਕਰਨੀ, ਪੱਖਪਾਤ ਕਰਨਾ, ਕਿਸੇ ਨਾਲ ਮਾੜਾ ਕਰਨਾ, ਬੇਕਸੂਰਾਂ ਤੇ ਜ਼ੁਲਮ ਕਰਨਾ।

2 ਅੱਜ ਤੋਂ ਲਗਭਗ 3,500 ਸਾਲ ਪਹਿਲਾਂ ਮੂਸਾ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਬਾਰੇ ਲਿਖਿਆ ਸੀ: “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ।” (ਬਿਵਸਥਾ ਸਾਰ 32:4) ਮੂਸਾ ਤੋਂ ਸੱਤ ਸੌ ਸਾਲ ਬਾਅਦ, ਪਰਮੇਸ਼ੁਰ ਨੇ ਯਸਾਯਾਹ ਨਬੀ ਨੂੰ ਇਹ ਸ਼ਬਦ ਲਿਖਣ ਲਈ ਪ੍ਰੇਰਿਆ: ‘ਮੈਂ ਯਹੋਵਾਹ ਇਨਸਾਫ਼ ਨੂੰ ਪਿਆਰ ਕਰਦਾ ਹਾਂ।’ (ਯਸਾਯਾਹ 61:8) ਫਿਰ ਪਹਿਲੀ ਸਦੀ ਵਿਚ ਪੌਲੁਸ ਨੇ ਕਿਹਾ: “ਭਲਾ, ਪਰਮੇਸ਼ੁਰ ਕੋਲੋਂ ਕੁਨਿਆਉਂ ਹੁੰਦਾ ਹੈ? ਕਦੇ ਨਹੀਂ!” (ਰੋਮੀਆਂ 9:14) ਪਹਿਲੀ ਸਦੀ ਵਿਚ ਹੀ ਪਤਰਸ ਨੇ ਲਿਖਿਆ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ, ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਜੀ ਹਾਂ, “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ।”—ਜ਼ਬੂਰਾਂ ਦੀ ਪੋਥੀ 37:28.

ਹਰ ਪਾਸੇ ਅਨਿਆਂ

3. ਧਰਤੀ ਉੱਤੇ ਅਨਿਆਂ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ?

3 ਅੱਜ ਚਾਰੇ ਪਾਸੇ ਅਨਿਆਂ ਦਾ ਬੋਲਬਾਲਾ ਹੈ। ਥਾਂ-ਥਾਂ ਲੋਕ ਅਨਿਆਂ ਦੇ ਸ਼ਿਕਾਰ ਹੁੰਦੇ ਹਨ। ਲੋਕ ਕੰਮ ਤੇ, ਸਕੂਲਾਂ ਵਿਚ, ਅਫ਼ਸਰਾਂ ਦੇ ਹੱਥੋਂ, ਇੱਥੋਂ ਤਕ ਕਿ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੱਥੋਂ ਵੀ ਅਨਿਆਂ ਸਹਿੰਦੇ ਹਨ। ਪਰ ਇਹ ਕੋਈ ਨਵੀਂ ਗੱਲ ਨਹੀਂ ਹੈ। ਅਨਿਆਂ ਦੀ ਸ਼ੁਰੂਆਤ ਉਦੋਂ ਹੋ ਗਈ ਸੀ ਜਦੋਂ ਸਾਡੇ ਪਹਿਲੇ ਮਾਤਾ-ਪਿਤਾ ਨੇ ਬਾਗ਼ੀ ਦੂਤ ਸ਼ਤਾਨ ਦੀ ਚੁੱਕ ਵਿਚ ਆ ਕੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ। ਯਹੋਵਾਹ ਦੀ ਸੇਧ ਵਿਚ ਚੱਲਣ ਦੀ ਬਜਾਇ, ਸ਼ਤਾਨ ਅਤੇ ਆਦਮ ਤੇ ਹੱਵਾਹ ਨੇ ਖ਼ੁਦ ਫ਼ੈਸਲਾ ਕੀਤਾ ਕਿ ਉਨ੍ਹਾਂ ਵਾਸਤੇ ਚੰਗਾ ਕੀ ਸੀ ਤੇ ਮਾੜਾ ਕੀ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਯਹੋਵਾਹ ਨੂੰ ਠੁਕਰਾਇਆ। ਉਨ੍ਹਾਂ ਦੇ ਇਸ ਕਾਰੇ ਨੇ ਪੂਰੇ ਮਨੁੱਖੀ ਪਰਿਵਾਰ ਨੂੰ ਦੁੱਖਾਂ ਤੇ ਮੌਤ ਦੀ ਦਲਦਲ ਵਿਚ ਧੱਕ ਦਿੱਤਾ।—ਉਤਪਤ 3:1-6; ਰੋਮੀਆਂ 5:12; ਇਬਰਾਨੀਆਂ 2:14.

4. ਇਨਸਾਨ ਕਿੰਨੇ ਸਮੇਂ ਤੋਂ ਅਨਿਆਂ ਸਹਿੰਦਾ ਆਇਆ ਹੈ?

4 ਅਦਨ ਦੇ ਬਾਗ਼ ਵਿਚ ਬਗਾਵਤ ਹੋਈ ਨੂੰ 6,000 ਸਾਲ ਹੋ ਚੁੱਕੇ ਹਨ। ਇਸ ਸਾਰੇ ਸਮੇਂ ਦੌਰਾਨ ਲੋਕਾਂ ਨਾਲ ਅਨਿਆਂ ਹੁੰਦਾ ਰਿਹਾ ਹੈ। ਇਸ ਤਰ੍ਹਾਂ ਤਾਂ ਹੋਣਾ ਹੀ ਸੀ ਕਿਉਂਕਿ ਇਸ ਦੁਨੀਆਂ ਦਾ ਈਸ਼ਵਰ ਸ਼ਤਾਨ ਹੈ। (2 ਕੁਰਿੰਥੀਆਂ 4:4) ਉਹ ਝੂਠਾ ਅਤੇ ਝੂਠ ਦਾ ਪਤੰਦਰ, ਤੁਹਮਤੀ ਤੇ ਯਹੋਵਾਹ ਦਾ ਵਿਰੋਧੀ ਹੈ। (ਯੂਹੰਨਾ 8:44) ਸ਼ੁਰੂ ਤੋਂ ਹੀ ਸ਼ਤਾਨ ਅਨਿਆਂ ਨੂੰ ਹੱਲਾਸ਼ੇਰੀ ਦਿੰਦਾ ਆ ਰਿਹਾ ਹੈ। ਉਦਾਹਰਣ ਲਈ, ਨੂਹ ਦੇ ਜ਼ਮਾਨੇ ਵਿਚ ਆਈ ਜਲ-ਪਰਲੋ ਤੋਂ ਪਹਿਲਾਂ ਪਰਮੇਸ਼ੁਰ ਨੇ ਦੇਖਿਆ ਕਿ ਸ਼ਤਾਨ ਦੇ ਮਾੜੇ ਪ੍ਰਭਾਵ ਕਰਕੇ ‘ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਸੀ।’ (ਉਤਪਤ 6:5) ਯਿਸੂ ਦੇ ਦਿਨਾਂ ਵਿਚ ਵੀ ਹਰ ਪਾਸੇ ਅਨਿਆਂ ਸੀ। ਤਾਹੀਓਂ ਉਸ ਨੇ ਕਿਹਾ: “ਅੱਜ ਦੇ ਲਈ ਅੱਜ ਹੀ ਦਾ ਦੁਖ ਬਥੇਰਾ ਹੈ।” (ਮੱਤੀ 6:34) ਬਾਈਬਲ ਬਿਲਕੁਲ ਸਹੀ ਕਹਿੰਦੀ ਹੈ: “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।”—ਰੋਮੀਆਂ 8:22.

5. ਅੱਜ ਕਿਉਂ ਪਹਿਲਾਂ ਨਾਲੋਂ ਜ਼ਿਆਦਾ ਅਨਿਆਂ ਹੋ ਰਿਹਾ ਹੈ?

5 ਇਸ ਵਿਚ ਕੋਈ ਸ਼ੱਕ ਨਹੀਂ ਕਿ ਇਤਿਹਾਸ ਦੇ ਪੰਨਿਆਂ ਉੱਤੇ ਘੋਰ ਅਨਿਆਂ ਦੀ ਦਾਸਤਾਨ ਲਿਖੀ ਹੋਈ ਹੈ। ਹੁਣ ਤਾਂ ਹਾਲਾਤ ਬਦਤਰ ਹੋ ਗਏ ਹਨ। ਕਿਉਂ? ਕਿਉਂਕਿ ਇਸ ਦੁਸ਼ਟ ਦੁਨੀਆਂ ਦੇ ‘ਅੰਤ ਦੇ ਦਿਨ’ ਚੱਲ ਰਹੇ ਹਨ ਅਤੇ ਜਿਉਂ-ਜਿਉਂ ਅੰਤ ਨੇੜੇ ਆਉਂਦਾ ਜਾ ਰਿਹਾ ਹੈ, ਹਾਲਾਤ ਹੋਰ “ਭੈੜੇ” ਹੁੰਦੇ ਜਾ ਰਹੇ ਹਨ। ਬਾਈਬਲ ਵਿਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਨ੍ਹਾਂ ਸਮਿਆਂ ਵਿਚ ਲੋਕ ‘ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ ਤੇ ਘਮੰਡੀ ਹੋਣਗੇ।’ (2 ਤਿਮੋਥਿਉਸ 3:1-5) ਅਜਿਹੇ ਔਗੁਣ ਅਨਿਆਂ ਦਾ ਕਾਰਨ ਬਣਦੇ ਹਨ।

6, 7. ਅੱਜ ਲੋਕਾਂ ਨਾਲ ਕਿੱਦਾਂ-ਕਿੱਦਾਂ ਘੋਰ ਅਨਿਆਂ ਹੋ ਰਿਹਾ ਹੈ?

6 ਪਿਛਲੇ ਸੌ ਸਾਲਾਂ ਵਿਚ ਲੋਕਾਂ ਨਾਲ ਜਿੰਨਾ ਅਨਿਆਂ ਹੋਇਆ ਹੈ, ਉੱਨਾ ਪਹਿਲਾਂ ਕਦੇ ਨਹੀਂ ਹੋਇਆ। ਇਕ ਤਾਂ ਇਸ ਕਰਕੇ ਕਿ ਇਨ੍ਹਾਂ ਸਾਲਾਂ ਵਿਚ ਬਹੁਤ ਜ਼ਿਆਦਾ ਲੜਾਈਆਂ ਹੋਈਆਂ। ਉਦਾਹਰਣ ਲਈ, ਕੁਝ ਇਤਿਹਾਸਕਾਰ ਅੰਦਾਜ਼ਾ ਲਾਉਂਦੇ ਹਨ ਕਿ ਸਿਰਫ਼ ਦੂਸਰੇ ਵਿਸ਼ਵ ਯੁੱਧ ਵਿਚ ਹੀ 5 ਤੋਂ 6 ਕਰੋੜ ਲੋਕ ਮਾਰੇ ਗਏ ਸਨ ਜਿਨ੍ਹਾਂ ਵਿਚ ਵੱਡੀ ਗਿਣਤੀ ਬੇਕਸੂਰ ਆਦਮੀਆਂ, ਔਰਤਾਂ ਅਤੇ ਬੱਚਿਆਂ ਦੀ ਸੀ। ਉਸ ਲੜਾਈ ਤੋਂ ਬਾਅਦ ਹੋਰ ਕਈ ਲੜਾਈਆਂ ਵਿਚ ਲੱਖਾਂ ਬੇਕਸੂਰ ਲੋਕ ਮਾਰੇ ਗਏ ਹਨ। ਇਸ ਘੋਰ ਅਨਿਆਂ ਦੇ ਪਿੱਛੇ ਸ਼ਤਾਨ ਦਾ ਹੱਥ ਹੈ ਕਿਉਂਕਿ ਉਹ ਇਸ ਵੇਲੇ ਗੁੱਸੇ ਵਿਚ ਪਾਗਲ ਹੋਇਆ ਅੱਤ ਮਚਾ ਰਿਹਾ ਹੈ ਤੇ ਜਾਣਦਾ ਹੈ ਕਿ ਯਹੋਵਾਹ ਜਲਦੀ ਹੀ ਉਸ ਨੂੰ ਖ਼ਤਮ ਕਰ ਦੇਵੇਗਾ। ਬਾਈਬਲ ਉਸ ਬਾਰੇ ਕਹਿੰਦੀ ਹੈ: “ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”—ਪਰਕਾਸ਼ ਦੀ ਪੋਥੀ 12:12.

7 ਦੁਨੀਆਂ ਭਰ ਵਿਚ ਹਰ ਸਾਲ ਫ਼ੌਜ ਉੱਤੇ ਲਗਭਗ 10 ਖਰਬ ਡਾਲਰ (450 ਖਰਬ ਰੁਪਏ) ਖ਼ਰਚ ਕੀਤੇ ਜਾਂਦੇ ਹਨ। ਦੂਜੇ ਪਾਸੇ, ਲੱਖਾਂ ਲੋਕ ਗ਼ਰੀਬੀ ਵਿਚ ਦਿਨ ਕੱਟ ਰਹੇ ਹਨ। ਜ਼ਰਾ ਸੋਚੋ ਕਿ ਜੇ ਇਹੀ ਪੈਸਾ ਲੋਕਾਂ ਦੇ ਭਲੇ ਲਈ ਖ਼ਰਚ ਕੀਤਾ ਜਾਵੇ, ਤਾਂ ਕਿੰਨਾ ਫ਼ਾਇਦਾ ਹੋਵੇਗਾ! ਤਕਰੀਬਨ ਇਕ ਅਰਬ ਲੋਕ ਬੜੇ ਔਖੇ ਹੋ ਕੇ ਆਪਣਾ ਢਿੱਡ ਭਰਦੇ ਹਨ, ਜਦ ਕਿ ਅਮੀਰਾਂ ਦੇ ਘਰ ਸੁੱਖ-ਸਾਧਨਾਂ ਨਾਲ ਭਰੇ ਪਏ ਹਨ। ਯੂ. ਐੱਨ. ਦੇ ਮੁਤਾਬਕ ਹਰ ਸਾਲ ਲਗਭਗ 50 ਲੱਖ ਬੱਚੇ ਰੋਟੀ ਨੂੰ ਤਰਸਦੇ ਜਹਾਨੋਂ ਤੁਰ ਜਾਂਦੇ ਹਨ। ਕਿੰਨਾ ਵੱਡਾ ਅਨਿਆਂ ਹੈ ਮਾਸੂਮਾਂ ਨਾਲ! ਗਰਭਪਾਤ ਰਾਹੀਂ ਕਿੰਨੀਆਂ ਮਾਸੂਮ ਜਾਨਾਂ ਕਤਲ ਕਰ ਦਿੱਤੀਆਂ ਜਾਂਦੀਆਂ ਹਨ। ਹਰ ਸਾਲ ਲਗਭਗ 4 ਤੋਂ 6 ਕਰੋੜ ਗਰਭਪਾਤ ਹੁੰਦੇ ਹਨ! ਕੀ ਇਸ ਤੋਂ ਵੱਡਾ ਹੋਰ ਕੋਈ ਅਨਿਆਂ ਹੋ ਸਕਦਾ ਹੈ?

8. ਦੁਨੀਆਂ ਵਿੱਚੋਂ ਅਨਿਆਂ ਕਿਵੇਂ ਜੜ੍ਹੋਂ ਉਖਾੜਿਆ ਜਾਵੇਗਾ?

8 ਸਰਕਾਰਾਂ ਨੂੰ ਦੁਨੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਜ਼ਰ ਨਹੀਂ ਆ ਰਿਹਾ। ਇਨਸਾਨ ਜੋ ਮਰਜ਼ੀ ਕਰ ਲੈਣ, ਪਰ ਉਨ੍ਹਾਂ ਦੇ ਜਤਨਾਂ ਨਾਲ ਹਾਲਾਤ ਬਿਹਤਰ ਨਹੀਂ ਹੋਣ ਵਾਲੇ। ਪਰਮੇਸ਼ੁਰ ਦੇ ਬਚਨ ਵਿਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਸਾਡੇ ਸਮੇਂ ਵਿਚ “ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋਥਿਉਸ 3:13) ਅਨਿਆਂ ਮਨੁੱਖੀ ਸਮਾਜ ਵਿਚ ਪੂਰੀ ਤਰ੍ਹਾਂ ਜੜ੍ਹ ਫੜ ਚੁੱਕਾ ਹੈ। ਇਸ ਨੂੰ ਜੜ੍ਹੋਂ ਉਖਾੜਨਾ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ। ਸਿਰਫ਼ ਨਿਆਂ ਦਾ ਪਰਮੇਸ਼ੁਰ ਹੀ ਇਹ ਕੰਮ ਕਰ ਸਕਦਾ ਹੈ। ਸਿਰਫ਼ ਉਹੀ ਸ਼ਤਾਨ, ਬਾਗ਼ੀ ਦੂਤਾਂ ਅਤੇ ਦੁਸ਼ਟ ਲੋਕਾਂ ਨੂੰ ਖ਼ਤਮ ਕਰ ਸਕਦਾ ਹੈ।—ਯਿਰਮਿਯਾਹ 10:23, 24.

ਅਨਿਆਂ ਦੇਖ ਕੇ ਪਰੇਸ਼ਾਨ ਹੋਣਾ ਜਾਇਜ਼ ਹੈ

9, 10. ਆਸਾਫ਼ ਕਿਉਂ ਨਿਰਾਸ਼ ਹੋ ਗਿਆ ਸੀ?

9 ਪੁਰਾਣੇ ਜ਼ਮਾਨੇ ਵਿਚ ਬਾਈਬਲ ਦੇ ਕੁਝ ਲਿਖਾਰੀ ਵੀ ਇਹ ਸੋਚਿਆ ਕਰਦੇ ਸਨ ਕਿ ਪਰਮੇਸ਼ੁਰ ਦੁਨੀਆਂ ਵਿਚ ਨਿਆਂ ਅਤੇ ਸੱਚਾਈ ਕਾਇਮ ਕਰਨ ਲਈ ਕੁਝ ਕਰਦਾ ਕਿਉਂ ਨਹੀਂ। ਇਕ ਲਿਖਾਰੀ ਦੀ ਉਦਾਹਰਣ ਲਓ। ਜ਼ਬੂਰ 73 ਦੇ ਸਿਰਲੇਖ ਵਿਚ ਆਸਾਫ਼ ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਆਸਾਫ਼ ਜਾਂ ਤਾਂ ਰਾਜਾ ਦਾਊਦ ਦੇ ਸਮੇਂ ਦੇ ਕਿਸੇ ਪ੍ਰਮੁੱਖ ਲੇਵੀ ਸੰਗੀਤਕਾਰ ਦਾ ਨਾਂ ਸੀ ਜਾਂ ਫਿਰ ਇਹ ਨਾਂ ਆਸਾਫ਼ ਦੇ ਘਰਾਣੇ ਦੇ ਸੰਗੀਤਕਾਰਾਂ ਵੱਲ ਇਸ਼ਾਰਾ ਕਰਦਾ ਸੀ। ਆਸਾਫ਼ ਤੇ ਉਸ ਦੀ ਪੀੜ੍ਹੀ ਦੇ ਲੋਕਾਂ ਨੇ ਕਈ ਜ਼ਬੂਰ ਜਾਂ ਭਜਨ ਲਿਖੇ ਸਨ ਜਿਨ੍ਹਾਂ ਨੂੰ ਹੈਕਲ ਵਿਚ ਗਾਇਆ ਜਾਂਦਾ ਸੀ। ਪਰ ਇਕ ਵਾਰ ਜ਼ਬੂਰ 73 ਦੇ ਲਿਖਾਰੀ ਆਸਾਫ਼ ਦਾ ਮਨ ਯਹੋਵਾਹ ਦੀ ਭਗਤੀ ਤੋਂ ਡਗਮਗਾਉਣ ਲੱਗ ਪਿਆ। ਉਸ ਨੇ ਬੁਰੇ ਲੋਕਾਂ ਦੀ ਅਮੀਰੀ ਦੇਖੀ ਅਤੇ ਉਸ ਨੇ ਦੇਖਿਆ ਕਿ ਉਹ ਆਪਣੀ ਜ਼ਿੰਦਗੀ ਤੋਂ ਖ਼ੁਸ਼ ਸਨ, ਉਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਸੀ।

10 ਆਸਾਫ਼ ਲਿਖਦਾ ਹੈ: “ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ। ਉਨ੍ਹਾਂ ਦੀ ਮੌਤ ਵਿੱਚ ਤਾਂ ਪੀੜ ਨਹੀਂ ਹੁੰਦੀ, ਸਗੋਂ ਉਨ੍ਹਾਂ ਦਾ ਸਰੀਰ ਮੋਟਾ ਹੈ। ਓਹ ਹੋਰਨਾਂ ਮਨੁੱਖਾਂ ਵਾਂਙੁ ਔਖੇ ਨਹੀਂ ਹੁੰਦੇ, ਨਾ ਹੋਰਨਾਂ ਆਦਮੀਆਂ ਵਾਂਙੁ ਉਨ੍ਹਾਂ ਉੱਤੇ ਬਿਪਤਾ ਪੈਂਦੀ ਹੈ।” (ਜ਼ਬੂਰਾਂ ਦੀ ਪੋਥੀ 73:2-8) ਪਰ ਕੁਝ ਸਮੇਂ ਬਾਅਦ ਉਸ ਲਿਖਾਰੀ ਨੂੰ ਅਹਿਸਾਸ ਹੋਇਆ ਕਿ ਉਸ ਦਾ ਇਸ ਤਰ੍ਹਾਂ ਸੋਚਣਾ ਗ਼ਲਤ ਸੀ। (ਜ਼ਬੂਰਾਂ ਦੀ ਪੋਥੀ 73:15, 16) ਉਸ ਨੇ ਆਪਣੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਇਹ ਗੱਲ ਸਮਝਣੀ ਮੁਸ਼ਕਲ ਲੱਗਦੀ ਸੀ ਕਿ ਦੁਸ਼ਟਾਂ ਨੂੰ ਉਨ੍ਹਾਂ ਦੇ ਬੁਰੇ ਕੰਮਾਂ ਦੀ ਸਜ਼ਾ ਕਿਉਂ ਨਹੀਂ ਮਿਲਦੀ ਜਦ ਕਿ ਚੰਗੇ ਬੰਦੇ ਹਮੇਸ਼ਾ ਦੁੱਖਾਂ ਨਾਲ ਘਿਰੇ ਰਹਿੰਦੇ ਸਨ।

11. ਆਸਾਫ਼ ਨੂੰ ਕਿਹੜੀ ਗੱਲ ਸਮਝ ਆ ਗਈ ਸੀ?

11 ਆਖ਼ਰਕਾਰ ਯਹੋਵਾਹ ਦੀ ਮਦਦ ਨਾਲ ਆਸਾਫ਼ ਨੂੰ ਸਮਝ ਆ ਗਈ ਕਿ ਦੁਸ਼ਟ ਲੋਕ ਜੋ ਮਰਜ਼ੀ ਕਰ ਲੈਣ, ਉਹ ਯਹੋਵਾਹ ਦੇ ਹੱਥੋਂ ਨਹੀਂ ਬਚ ਸਕਦੇ। (ਜ਼ਬੂਰਾਂ ਦੀ ਪੋਥੀ 73:17-19) ਦਾਊਦ ਨੇ ਲਿਖਿਆ: “ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ। ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਂਗਾ।”—ਜ਼ਬੂਰਾਂ ਦੀ ਪੋਥੀ 37:9, 11, 34.

12. (ੳ) ਯਹੋਵਾਹ ਦੁਸ਼ਟਤਾ ਅਤੇ ਅਨਿਆਂ ਬਾਰੇ ਕੀ ਕਰਨ ਵਾਲਾ ਹੈ? (ਅ) ਅਨਿਆਂ ਨੂੰ ਖ਼ਤਮ ਕਰਨ ਦੇ ਯਹੋਵਾਹ ਦੇ ਤਰੀਕੇ ਬਾਰੇ ਤੁਹਾਡਾ ਕੀ ਵਿਚਾਰ ਹੈ?

12 ਯਹੋਵਾਹ ਆਪਣੇ ਨਿਯਤ ਸਮੇਂ ਤੇ ਦੁਨੀਆਂ ਵਿੱਚੋਂ ਦੁਸ਼ਟਤਾ ਤੇ ਅਨਿਆਂ ਨੂੰ ਜ਼ਰੂਰ ਖ਼ਤਮ ਕਰ ਦੇਵੇਗਾ। ਇਹ ਗੱਲ ਵਫ਼ਾਦਾਰ ਮਸੀਹੀਆਂ ਨੂੰ ਵੀ ਆਪਣੇ ਆਪ ਨੂੰ ਵਾਰ-ਵਾਰ ਯਾਦ ਕਰਾਉਂਦੇ ਰਹਿਣਾ ਚਾਹੀਦਾ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਖ਼ਤਮ ਕਰਨ ਜਾ ਰਿਹਾ ਹੈ ਜੋ ਉਸ ਦੀ ਇੱਛਾ ਦੇ ਵਿਰੁੱਧ ਜਾਂਦੇ ਹਨ। ਅਤੇ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਜੋ ਉਸ ਦੀ ਇੱਛਾ ਪੂਰੀ ਕਰਦੇ ਹਨ। ਬਾਈਬਲ ਕਹਿੰਦੀ ਹੈ: “ਉਹ ਦੀਆਂ ਅੱਖਾਂ ਤੱਕਦੀਆਂ ਹਨ, ਉਹ ਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਚਦੀਆਂ ਹਨ। ਯਹੋਵਾਹ ਧਰਮੀ ਨੂੰ ਜਾਚਦਾ ਹੈ, ਪਰ ਦੁਸ਼ਟ ਅਰ ਅਨ੍ਹੇਰੇ ਦੇ ਪ੍ਰੇਮੀ ਤੋਂ ਉਹ ਦਾ ਆਤਮਾ ਘਿਣ ਕਰਦਾ ਹੈ। ਉਹ ਦੁਸ਼ਟਾਂ ਦੇ ਉੱਤੇ ਫਾਹੀਆਂ ਵਰ੍ਹਾਵੇਗਾ, ਅੱਗ ਅਤੇ ਗੰਧਕ ਅਤੇ ਅਗਨੀ ਲੂ ਉਨ੍ਹਾਂ ਦੇ ਕਟੋਰੇ ਦਾ ਛਾਂਦਾ ਹੋਵੇਗੀ, ਕਿਉਂ ਜੋ ਯਹੋਵਾਹ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰੱਖਦਾ ਹੈ।”—ਜ਼ਬੂਰਾਂ ਦੀ ਪੋਥੀ 11:4-7.

ਨਵੀਂ ਦੁਨੀਆਂ ਵਿਚ ਨਿਆਂ

13, 14. ਅਸੀਂ ਕਿਉਂ ਕਹਿੰਦੇ ਹਾਂ ਕਿ ਨਵੀਂ ਦੁਨੀਆਂ ਵਿਚ ਨਿਆਂ ਅਤੇ ਸੱਚਾਈ ਹੋਵੇਗੀ?

13 ਸ਼ਤਾਨ ਦੀ ਬੁਰੀ ਦੁਨੀਆਂ ਖ਼ਤਮ ਕਰਨ ਤੋਂ ਬਾਅਦ ਯਹੋਵਾਹ ਨਵੀਂ ਦੁਨੀਆਂ ਵਸਾਵੇਗਾ। ਧਰਤੀ ਉੱਤੇ ਪਰਮੇਸ਼ੁਰ ਦਾ ਰਾਜ ਹੋਵੇਗਾ ਜਿਸ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ। ਬੁਰਾਈ ਅਤੇ ਅਨਿਆਂ ਦੀ ਜਗ੍ਹਾ ਨਿਆਂ ਅਤੇ ਸੱਚਾਈ ਹੋਵੇਗੀ ਕਿਉਂਕਿ ਉਸ ਵੇਲੇ ਇਹ ਪ੍ਰਾਰਥਨਾ ਪੂਰੀ ਹੋਵੇਗੀ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:10.

14 ਬਾਈਬਲ ਦੱਸਦੀ ਹੈ ਕਿ ਇਹ ਹਕੂਮਤ ਨੇਕਦਿਲ ਲੋਕਾਂ ਦੀਆਂ ਆਸਾਂ ਮੁਤਾਬਕ ਹੋਵੇਗੀ। ਉਸ ਵੇਲੇ ਜ਼ਬੂਰ 145:16 ਦੇ ਸ਼ਬਦ ਪੂਰੇ ਹੋਣਗੇ: “ਤੂੰ [ਯਹੋਵਾਹ] ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” ਇਸ ਤੋਂ ਇਲਾਵਾ, ਯਸਾਯਾਹ 32:1 ਵਿਚ ਲਿਖਿਆ ਹੈ: “ਵੇਖੋ, ਇੱਕ ਪਾਤਸ਼ਾਹ [ਸਵਰਗ ਵਿਚ ਬਿਰਾਜਮਾਨ ਯਿਸੂ ਮਸੀਹ] ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ [ਧਰਤੀ ਉੱਤੇ ਮਸੀਹ ਦੇ ਪ੍ਰਤਿਨਿਧ] ਨਿਆਉਂ ਨਾਲ ਸਰਦਾਰੀ ਕਰਨਗੇ।” ਯਸਾਯਾਹ 9:7 ਵਿਚ ਰਾਜਾ ਯਿਸੂ ਮਸੀਹ ਬਾਰੇ ਭਵਿੱਖਬਾਣੀ  ਕੀਤੀ ਗਈ ਸੀ: “ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਦਾਊਦ ਦੀ ਰਾਜ-ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਭਈ ਉਹ ਉਸ ਨੂੰ ਕਾਇਮ ਕਰੇ, ਅਤੇ ਨਿਆਉਂ ਤੇ ਧਰਮ ਨਾਲ ਉਸ ਨੂੰ ਹੁਣ ਤੋਂ ਜੁੱਗੋ ਜੁੱਗ ਸੰਭਾਲੇ। ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।” ਇਹ ਗੱਲ ਪੜ੍ਹ ਕੇ ਮਨ ਨੂੰ ਕਿੰਨੀ ਤਸੱਲੀ ਮਿਲਦੀ  ਹੈ ਕਿ ਪਰਮੇਸ਼ੁਰ ਦੇ ਰਾਜ ਵਿਚ ਸਭ ਨਾਲ ਨਿਆਂ ਹੋਵੇਗਾ।

15. ਨਵੀਂ ਦੁਨੀਆਂ ਵਿਚ ਯਹੋਵਾਹ ਇਨਸਾਨਾਂ ਲਈ ਕੀ ਕਰੇਗਾ?

15 ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸਾਨੂੰ ਮੁੜ ਕੇ ਉਪਦੇਸ਼ਕ ਦੀ ਪੋਥੀ 4:1 ਵਿਚ ਦਰਜ ਸ਼ਬਦ ਕਹਿਣ ਦੀ ਲੋੜ ਨਹੀਂ ਪਵੇਗੀ: “ਮੈਂ ਫੇਰ ਮੁੜ ਕੇ ਸਾਰੀਆਂ ਸਖ਼ਤੀਆਂ ਵੱਲ ਜੋ ਸੂਰਜ ਦੇ ਹੇਠ ਹੁੰਦੀਆਂ ਹਨ ਡਿੱਠਾ ਅਤੇ ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਓਹਨਾਂ ਦੇ ਸਖਤੀ ਕਰਨ ਵਾਲੇ ਬਲਵੰਤ ਸਨ ਪਰ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ।” ਇਹ ਸੱਚ ਹੈ ਕਿ ਅੱਜ ਸਾਡੇ ਲਈ ਇਹ ਕਲਪਨਾ ਕਰਨੀ ਬਹੁਤ ਮੁਸ਼ਕਲ ਹੈ ਕਿ ਨਵੀਂ ਦੁਨੀਆਂ ਕਿੰਨੀ ਖ਼ੁਸ਼ੀਆਂ ਭਰੀ ਹੋਵੇਗੀ। ਬੁਰਾਈ ਦਾ ਨਾਮੋ-ਨਿਸ਼ਾਨ ਨਹੀਂ ਹੋਵੇਗਾ, ਸਗੋਂ ਹਰ ਦਿਨ ਖ਼ੁਸ਼ੀਆਂ ਭਰਿਆ ਹੋਵੇਗਾ। ਜੀ ਹਾਂ, ਯਹੋਵਾਹ ਹਰ ਵਿਗੜੀ ਚੀਜ਼ ਨੂੰ ਸਹੀ ਕਰੇਗਾ। ਜੋ ਵੀ ਉਹ ਕਰੇਗਾ, ਸਾਡੀਆਂ ਆਸਾਂ ਤੋਂ ਕਿਤੇ ਵਧ ਕੇ ਹੋਵੇਗਾ। ਇਸੇ ਗੱਲ ਨੂੰ ਦਰਸਾਉਣ ਲਈ ਯਹੋਵਾਹ ਨੇ ਪਤਰਸ ਰਸੂਲ ਨੂੰ ਇਹ ਲਿਖਣ ਲਈ ਪ੍ਰੇਰਿਆ: “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।”—2 ਪਤਰਸ 3:13.

16. ਕਿਸ ਅਰਥ ਵਿਚ “ਨਵੇਂ ਆਕਾਸ਼” ਦੀ ਨੀਂਹ ਰੱਖੀ ਗਈ ਹੈ ਅਤੇ “ਨਵੀਂ ਧਰਤੀ” ਤਿਆਰ ਕੀਤੀ ਜਾ ਰਹੀ ਹੈ?

16 ਅਸਲ ਵਿਚ, “ਨਵੇਂ ਅਕਾਸ਼” ਦੀ ਸ਼ੁਰੂਆਤ ਹੋ ਚੁੱਕੀ ਹੈ। ਨਵੇਂ ਆਕਾਸ਼ ਦਾ ਮਤਲਬ ਹੈ ਪਰਮੇਸ਼ੁਰ ਦੀ ਸਵਰਗੀ ਸਰਕਾਰ ਜਿਸ ਨੂੰ ਯਿਸੂ ਮਸੀਹ ਚਲਾਉਂਦਾ ਹੈ। ਪਰਮੇਸ਼ੁਰ ਦੇ ਆਗਿਆਕਾਰ ਲੋਕ ਅੱਜ ਇਨ੍ਹਾਂ ਅੰਤ ਦੇ ਦਿਨਾਂ ਵਿਚ ਇਕੱਠੇ ਕੀਤੇ ਜਾ ਰਹੇ ਹਨ। ਉਹ ਨਵੇਂ ਸੰਸਾਰ ਵਿਚ “ਨਵੀਂ ਧਰਤੀ” ਯਾਨੀ ਨਵੀਂ ਮਨੁੱਖੀ ਸਮਾਜ ਦੀ ਨੀਂਹ ਹੋਣਗੇ। ਇਨ੍ਹਾਂ ਦੀ ਗਿਣਤੀ ਲਗਭਗ 70 ਲੱਖ ਹੋ ਚੁੱਕੀ ਹੈ ਅਤੇ ਇਹ ਘੱਟੋ-ਘੱਟ 235 ਦੇਸ਼ਾਂ ਵਿਚ ਵੱਸਦੇ ਹਨ ਅਤੇ ਤਕਰੀਬਨ 1,00,000 ਕਲੀਸਿਯਾਵਾਂ ਦੇ ਮੈਂਬਰ ਹਨ। ਇਹ ਲੱਖਾਂ ਲੋਕ ਯਹੋਵਾਹ ਦੇ ਧਰਮੀ ਅਤੇ ਉੱਚੇ-ਸੁੱਚੇ ਅਸੂਲਾਂ ਬਾਰੇ ਸਿੱਖਦੇ ਹਨ, ਇਸ ਕਰਕੇ ਇਨ੍ਹਾਂ ਵਿਚ ਏਕਤਾ ਅਤੇ ਪਿਆਰ ਹੈ। ਉਨ੍ਹਾਂ ਦੀ ਏਕਤਾ ਨੂੰ ਸਭ ਦੇਖ ਸਕਦੇ ਹਨ ਅਤੇ ਇਸ ਏਕਤਾ ਵਿਚ ਕੋਈ ਫੁੱਟ ਨਹੀਂ ਪਾ ਸਕਦਾ। ਸ਼ਤਾਨ ਦੀ ਦੁਨੀਆਂ ਵਿਚ ਕਦੇ ਇਸ ਤਰ੍ਹਾਂ ਦੀ ਏਕਤਾ ਕਾਇਮ ਨਹੀਂ ਹੋਈ। ਪਿਆਰ ਅਤੇ ਏਕਤਾ ਨਾਲ ਭਰਿਆ ਇਹ ਮਸੀਹੀ ਭਾਈਚਾਰਾ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੀ ਝਲਕ ਹੈ ਜਿਸ ਵਿਚ ਸੱਚਾਈ ਅਤੇ ਨਿਆਂ ਨਾਲ ਹਕੂਮਤ ਕੀਤੀ ਜਾਵੇਗੀ।—ਯਸਾਯਾਹ 2:2-4; ਯੂਹੰਨਾ 13:34, 35; ਕੁਲੁੱਸੀਆਂ 3:14.

ਸ਼ਤਾਨ ਦਾ ਹਮਲਾ ਸਫ਼ਲ ਨਹੀਂ ਹੋਵੇਗਾ

17. ਯਹੋਵਾਹ ਦੇ ਲੋਕਾਂ ਉੱਤੇ ਸ਼ਤਾਨ ਦਾ ਆਖ਼ਰੀ ਹਮਲਾ ਕਾਮਯਾਬ ਕਿਉਂ ਨਹੀਂ ਹੋਵੇਗਾ?

17 ਸ਼ਤਾਨ ਤੇ ਉਸ ਦੇ ਸਾਥੀ ਯਹੋਵਾਹ ਦੇ ਲੋਕਾਂ ਉੱਤੇ ਜਲਦੀ ਹੀ ਹਮਲਾ ਕਰ ਕੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ। (ਹਿਜ਼ਕੀਏਲ 38:14-23) ਇਹ ਹਮਲਾ ‘ਵੱਡੇ ਕਸ਼ਟ’ ਦੌਰਾਨ ਹੋਵੇਗਾ। ਯਿਸੂ ਨੇ ਇਸ ਵੱਡੇ ਕਸ਼ਟ ਬਾਰੇ ਕਿਹਾ ਸੀ ਕਿ ‘ਅਜਿਹਾ ਵੱਡਾ ਕਸ਼ਟ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।’ (ਮੱਤੀ 24:21) ਕੀ ਸ਼ਤਾਨ ਕਾਮਯਾਬ ਹੋਵੇਗਾ? ਨਹੀਂ। ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਭਰੋਸਾ ਦਿੱਤਾ ਗਿਆ ਹੈ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ, ਪਰ ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ। ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:28, 29.

18. (ੳ) ਪਰਮੇਸ਼ੁਰ ਆਪਣੇ ਲੋਕਾਂ ਉੱਤੇ ਸ਼ਤਾਨ ਦਾ ਹਮਲਾ ਹੁੰਦਾ ਦੇਖ ਕੇ ਕੀ ਕਰੇਗਾ? (ਅ) ਨਿਆਂ ਦੀ ਜਿੱਤ ਬਾਰੇ ਪੜ੍ਹ ਕੇ ਸਾਨੂੰ ਕੀ ਲਾਭ ਹੋਇਆ ਹੈ?

18 ਜਦੋਂ ਸ਼ਤਾਨ ਤੇ ਉਸ ਦੀ ਟੋਲੀ ਯਹੋਵਾਹ ਦੇ ਭਗਤਾਂ ਉੱਤੇ ਹਮਲਾ ਕਰੇਗੀ, ਉਦੋਂ ਯਹੋਵਾਹ ਦੇ ਸਬਰ ਦਾ ਪਿਆਲਾ ਛਲਕ ਪਵੇਗਾ। ਯਹੋਵਾਹ ਨੇ ਜ਼ਕਰਯਾਹ ਦੇ ਰਾਹੀਂ ਪਹਿਲਾਂ ਹੀ ਭਵਿੱਖਬਾਣੀ ਕਰਵਾ ਦਿੱਤੀ ਸੀ: ‘ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।’ (ਜ਼ਕਰਯਾਹ 2:8) ਸ਼ਤਾਨ ਦਾ ਹਮਲਾ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਪਰਮੇਸ਼ੁਰ ਦੇ ਅੱਖ ਦੇ ਡੇਲੇ ਵਿਚ ਉਂਗਲ ਮਾਰ ਰਿਹਾ ਹੋਵੇ। ਉਹ ਤੁਰੰਤ ਕਾਰਵਾਈ ਕਰ ਕੇ ਸ਼ਤਾਨ ਤੇ ਉਸ ਦੀ ਟੋਲੀ ਨੂੰ ਖ਼ਤਮ ਕਰੇਗਾ। ਯਹੋਵਾਹ ਦੇ ਸੇਵਕ ਦੁਨੀਆਂ ਦੇ ਸਭ ਤੋਂ ਵੱਧ ਸ਼ਾਂਤੀ-ਪਸੰਦ, ਪਿਆਰ ਕਰਨ ਵਾਲੇ, ਏਕੇ ਵਿਚ ਬੱਝੇ ਹੋਏ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਵਾਲੇ ਲੋਕ ਹਨ। ਇਸ ਕਰਕੇ ਉਨ੍ਹਾਂ ਉੱਤੇ ਇਹ ਹਮਲਾ ਨਾਜਾਇਜ਼ ਅਤੇ ਸਰਾਸਰ ਅਨਿਆਂ ਹੋਵੇਗਾ। “ਨਿਆਉਂ ਨਾਲ ਪ੍ਰੇਮ” ਕਰਨ ਵਾਲਾ ਪਰਮੇਸ਼ੁਰ ਇਹ ਬਰਦਾਸ਼ਤ ਨਹੀਂ ਕਰੇਗਾ। ਉਹ ਨਿਆਂ ਕਰਦਿਆਂ ਆਪਣੇ ਲੋਕਾਂ ਦੇ ਦੁਸ਼ਮਣਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ ਅਤੇ ਉਨ੍ਹਾਂ ਸਾਰਿਆਂ ਨੂੰ ਬਚਾਵੇਗਾ ਜੋ ਸੱਚੇ ਪਰਮੇਸ਼ੁਰ ਦੀ ਭਗਤੀ ਕਰਦੇ ਹਨ। ਆਉਣ ਵਾਲੇ ਸਮੇਂ ਵਿਚ ਕਿੰਨੀਆਂ ਦਿਲਚਸਪ ਘਟਨਾਵਾਂ ਵਾਪਰਨਗੀਆਂ ਜਦੋਂ ਅਸੀਂ ਨਿਆਂ ਦੀ ਜਿੱਤ ਹੁੰਦੇ ਦੇਖਾਂਗੇ!—ਕਹਾਉਤਾਂ 2:21, 22.

ਤੁਸੀਂ ਕੀ ਜਵਾਬ ਦਿਓਗੇ?

• ਅੱਜ ਦੁਨੀਆਂ ਵਿਚ ਇੰਨਾ ਅਨਿਆਂ ਕਿਉਂ ਹੈ?

• ਯਹੋਵਾਹ ਅਨਿਆਂ ਨੂੰ ਕਿਵੇਂ ਖ਼ਤਮ ਕਰੇਗਾ?

• ਇਸ ਲੇਖ ਵਿਚ ਨਿਆਂ ਦੀ ਜਿੱਤ ਬਾਰੇ ਤੁਹਾਨੂੰ ਕਿਹੜੀ ਗੱਲ ਚੰਗੀ ਲੱਗੀ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਜਲ-ਪਰਲੋ ਤੋਂ ਪਹਿਲਾਂ ਦੁਨੀਆਂ ਬੁਰਾਈ ਨਾਲ ਭਰੀ ਹੋਈ ਸੀ ਅਤੇ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਵੀ ਇਸੇ ਤਰ੍ਹਾਂ ਹੈ

[ਸਫ਼ੇ 24, 25 ਉੱਤੇ ਤਸਵੀਰ]

ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਬੁਰਾਈ ਦੀ ਜਗ੍ਹਾ ਨਿਆਂ ਅਤੇ ਸੱਚਾਈ ਹੋਵੇਗੀ