Skip to content

Skip to table of contents

ਤਾਰੀਫ਼ ਕਰਨ ਦੀ ਮਹੱਤਤਾ ਨਾ ਭੁੱਲੋ

ਤਾਰੀਫ਼ ਕਰਨ ਦੀ ਮਹੱਤਤਾ ਨਾ ਭੁੱਲੋ

ਤਾਰੀਫ਼ ਕਰਨ ਦੀ ਮਹੱਤਤਾ ਨਾ ਭੁੱਲੋ

ਕੀ ਤੁਸੀਂ ਕਦੇ ਕਿਸੇ ਨੂੰ ਇਹ ਸ਼ਿਕਾਇਤ ਕਰਦੇ ਸੁਣਿਆ ਹੈ ਕਿ ਉਸ ਦਾ ਮਾਲਕ ਕਦੇ ਉਸ ਦੀ ਤਾਰੀਫ਼ ਨਹੀਂ ਕਰਦਾ? ਸ਼ਾਇਦ ਤੁਹਾਡੀ ਵੀ ਇਹੋ ਸ਼ਿਕਾਇਤ ਹੈ? ਜੇਕਰ ਤੁਸੀਂ ਨੌਜਵਾਨ ਹੋ, ਤਾਂ ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਾਪੇ ਜਾਂ ਅਧਿਆਪਕ ਤੁਹਾਡੇ ਬਾਰੇ ਕਦੇ ਕੁਝ ਚੰਗਾ ਨਹੀਂ ਕਹਿੰਦੇ।

ਹੋ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਸ਼ਿਕਾਇਤਾਂ ਬਿਲਕੁਲ ਜਾਇਜ਼ ਹਨ। ਪਰ ਜਰਮਨੀ ਦੇ ਇਕ ਸਲਾਹਕਾਰ ਅਨੁਸਾਰ, ਜਦ ਕੋਈ ਆਪਣੇ ਬੌਸ ਬਾਰੇ ਅਜਿਹੀ ਸ਼ਿਕਾਇਤ ਕਰਦਾ ਹੈ, ਤਾਂ ਇਸ ਦਾ ਕਾਰਨ ਤਾਰੀਫ਼ ਨਾ ਮਿਲਣੀ ਨਹੀਂ ਬਲਕਿ ਇਹ ਹੁੰਦਾ ਹੈ ਕਿ ਉਨ੍ਹਾਂ ਦਾ ਮਾਲਕ ਉਨ੍ਹਾਂ ਵਿਚ ਕੋਈ ਰੁਚੀ ਨਹੀਂ ਲੈਂਦਾ। ਕਾਰਨ ਜੋ ਵੀ ਹੈ, ਇਕ ਗੱਲ ਸੱਚ ਹੈ ਕਿ ਇਹ ਵਿਅਕਤੀ ਕਿਸੇ ਚੀਜ਼ ਦੀ ਕਮੀ ਮਹਿਸੂਸ ਕਰਦੇ ਹਨ। ਜੇ ਅਸੀਂ ਰਿਸ਼ਤੇ ਮਜ਼ਬੂਤ ਰੱਖਣੇ ਚਾਹੁੰਦੇ ਹਾਂ, ਤਾਂ ਕਿਸੇ ਦੀ ਤਾਰੀਫ਼ ਕਰਨੀ ਤੇ ਹੋਰਨਾਂ ਵਿਚ ਦਿਲਚਸਪੀ ਲੈਣੀ ਬਹੁਤ ਜ਼ਰੂਰੀ ਹੈ।

ਭਗਤੀ ਦੇ ਮਾਮਲੇ ਵਿਚ ਵੀ ਇਹ ਗੱਲ ਸੱਚ ਹੈ। ਮਸੀਹੀ ਕਲੀਸਿਯਾ ਵਿਚ ਸਾਨੂੰ ਇਕ-ਦੂਜੇ ਦੀ ਤਾਰੀਫ਼ ਕਰਨ, ਆਪਸ ਵਿਚ ਸਨੇਹ ਰੱਖਣ ਤੇ ਦੂਜਿਆਂ ਵਿਚ ਦਿਲਚਸਪੀ ਲੈਣ ਦੀ ਲੋੜ ਹੈ। ਭੈਣ-ਭਰਾ ਬਾਈਬਲ ਦੀ ਸਲਾਹ ਲਾਗੂ ਕਰ ਕੇ ਇਹ ਸਭ ਕੁਝ ਕਰਦੇ ਹਨ। ਪਰ ਸਾਡੀ ਕਲੀਸਿਯਾ ਵਿਚ ਚਾਹੇ ਜਿੰਨਾ ਮਰਜ਼ੀ ਪਿਆਰ ਹੋਵੇ, ਫਿਰ ਵੀ ਅਸੀਂ ਪਿਆਰ ਕਰਨ ਦੇ ਹੋਰ ਮੌਕੇ ਭਾਲ ਸਕਦੇ ਹਾਂ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ, ਆਓ ਆਪਾਂ ਤਿੰਨ ਵਿਅਕਤੀਆਂ ਵੱਲ ਧਿਆਨ ਦੇਈਏ ਜਿਨ੍ਹਾਂ ਨੇ ਦੂਸਰਿਆਂ ਦੀ ਤਾਰੀਫ਼ ਕਰਨ ਵਿਚ ਵਧੀਆ ਮਿਸਾਲ ਕਾਇਮ ਕੀਤੀ ਸੀ: ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦਾ ਸੇਵਕ ਅਲੀਹੂ, ਪੌਲੁਸ ਰਸੂਲ ਅਤੇ ਯਿਸੂ ਮਸੀਹ।

ਇੱਜ਼ਤ ਕਰਦਿਆਂ ਅਦਬ ਨਾਲ ਸਲਾਹ ਦਿਓ

ਅਲੀਹੂ ਅਬਰਾਹਾਮ ਦਾ ਦੂਰ ਦਾ ਰਿਸ਼ਤੇਦਾਰ ਸੀ। ਅਲੀਹੂ ਇੱਜ਼ਤ ਤੇ ਅਦਬ ਨਾਲ ਗੱਲ ਕਰਨ ਵਾਲਾ ਬੰਦਾ ਸੀ। ਉਸ ਨੇ ਅੱਯੂਬ ਦੀ ਮਦਦ ਕੀਤੀ ਤਾਂਕਿ ਉਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ ਸਹੀ ਨਜ਼ਰੀਆ ਰੱਖੇ। ਗੱਲ ਕਰਨ ਤੋਂ ਪਹਿਲਾਂ ਅਲੀਹੂ ਧੀਰਜ ਨਾਲ ਅੱਯੂਬ ਦੀ ਗੱਲ ਸੁਣਦਾ ਰਿਹਾ। ਅੱਯੂਬ ਦੇ ਦੂਸਰੇ ਮਿੱਤਰ ਉਸ ਵਿਚ ਨੁਕਸ ਕੱਢਦੇ ਰਹੇ ਅਤੇ ਉਨ੍ਹਾਂ ਨੇ ਅੱਯੂਬ ਨੂੰ ਉਸ ਦੇ ਨਾਂ ਤੋਂ ਬੁਲਾ ਕੇ ਉਸ ਨਾਲ ਗੱਲ ਨਹੀਂ ਕੀਤੀ, ਲੇਕਿਨ ਅਲੀਹੂ ਨੇ ਅੱਯੂਬ ਦੀ ਸੋਚਣੀ ਸੁਧਾਰਨ ਦੇ ਨਾਲ-ਨਾਲ ਉਸ ਦੇ ਨੇਕ ਚਾਲ-ਚਲਣ ਲਈ ਉਸ ਦੀ ਸ਼ਲਾਘਾ ਵੀ ਕੀਤੀ। ਇਕ ਦੋਸਤ ਵਾਂਗ ਉਸ ਨੇ ਅੱਯੂਬ ਵਿਚ ਦਿਲਚਸਪੀ ਲਈ ਅਤੇ ਉਸ ਦਾ ਨਾਂ ਲੈ ਕੇ ਪਿਆਰ ਨਾਲ ਉਸ ਨਾਲ ਗੱਲ ਕੀਤੀ। ਅਲੀਹੂ ਨੇ ਨਿਮਰਤਾ ਨਾਲ ਬੇਨਤੀ ਕੀਤੀ: “ਹੇ ਅੱਯੂਬ ਜ਼ਰਾ ਮੇਰਾ ਬੋਲਣਾ ਸੁਣ ਲੈ, ਅਤੇ ਮੇਰੀਆਂ ਸਾਰੀਆਂ ਗੱਲਾਂ ਉੱਤੇ ਕੰਨ ਲਾ!” ਹਮਦਰਦੀ ਨਾਲ ਅੱਯੂਬ ਦਾ ਦੁੱਖ ਮਹਿਸੂਸ ਕਰਦੇ ਹੋਏ ਅਲੀਹੂ ਨੇ ਕਿਹਾ: “ਵੇਖ, ਮੈਂ ਪਰਮੇਸ਼ੁਰ ਲਈ ਤੇਰੇ ਜਿਹਾਂ ਹਾ, ਮੈਂ ਵੀ ਗਾਰੇ ਦੇ ਇੱਕ ਥੋਬੇ ਦਾ ਬਣਿਆ ਹੋਇਆ ਹਾਂ।” ਫਿਰ ਉਸ ਦੀ ਤਾਰੀਫ਼ ਕਰਦਿਆਂ ਅਲੀਹੂ ਨੇ ਕਿਹਾ: “ਜੇ ਤੈਂ ਕੁਝ ਬੋਲਣਾ ਹੈ ਤਾਂ ਮੈਨੂੰ ਉੱਤਰ ਦੇਹ, ਬੋਲ, ਕਿਉਂ ਜੋ ਮੈਂ ਤੈਨੂੰ ਧਰਮੀ ਠਹਿਰਾਉਣਾ ਚਾਹੁੰਦਾ ਹਾਂ।”—ਅੱਯੂਬ 33:1, 6, 32.

ਕਿਸੇ ਦਾ ਆਦਰ-ਸਤਿਕਾਰ ਕਰਨਾ ਉਸ ਦੀ ਵਡਿਆਈ ਕਰਨ ਦੇ ਬਰਾਬਰ ਹੈ। ਦੂਜਿਆਂ ਨਾਲ ਇਸ ਤਰ੍ਹਾਂ ਕਰਨ ਤੋਂ ਅਸਲ ਵਿਚ ਸਾਡਾ ਭਾਵ ਹੁੰਦਾ ਹੈ ਕਿ ‘ਉਹ ਇੱਜ਼ਤ-ਮਾਣ ਦੇ ਲਾਇਕ ਹਨ।’ ਇਸ ਤਰ੍ਹਾਂ ਹੌਸਲਾ-ਅਫ਼ਜ਼ਾਈ ਕਰਨ ਨਾਲ ਜ਼ਾਹਰ ਹੋਵੇਗਾ ਕਿ ਅਸੀਂ ਉਨ੍ਹਾਂ ਦੀ ਪਰਵਾਹ ਕਰਦੇ ਤੇ ਉਨ੍ਹਾਂ ਵਿਚ ਰੁਚੀ ਰੱਖਦੇ ਹਾਂ।

ਇੱਜ਼ਤ ਤੇ ਅਦਬ ਨਾਲ ਪੇਸ਼ ਆਉਣਾ ਸ਼ਿਸ਼ਟਾਚਾਰ ਦੇ ਅਸੂਲਾਂ ਤੋਂ ਵੱਧ ਮਹੱਤਤਾ ਰੱਖਦਾ ਹੈ। ਜੇ ਅਸੀਂ ਦੂਸਰਿਆਂ ਦੇ ਦਿਲਾਂ ਤੇ ਅਸਰ ਪਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਦਿਖਾਵੇ ਲਈ ਨਹੀਂ ਸਗੋਂ ਦਿਲੋਂ ਉਨ੍ਹਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ। ਜੀ ਹਾਂ, ਦਿਲੋਂ ਪਿਆਰ ਕਰਨਾ ਤੇ ਹੋਰਨਾਂ ਵਿਚ ਰੁਚੀ ਰੱਖਣੀ ਬਹੁਤ ਜ਼ਰੂਰੀ ਹੈ।

ਤਾਰੀਫ਼ ਕਰਨੀ ਸਮਝ ਦਾ ਕੰਮ

ਪੌਲੁਸ ਰਸੂਲ ਦੀ ਉਦਾਹਰਣ ਤੋਂ ਦੇਖਿਆ ਜਾ ਸਕਦਾ ਹੈ ਕਿ ਤਾਰੀਫ਼ ਕਰਨੀ ਸਮਝਦਾਰੀ ਦੀ ਗੱਲ ਹੈ। ਮਿਸਾਲ ਲਈ, ਉਸ ਦੇ ਦੂਸਰੇ ਮਿਸ਼ਨਰੀ ਦੌਰੇ ਦੌਰਾਨ ਜਦ ਉਹ ਅਥੇਨੈ (ਐਥਿਨਜ਼) ਵਿਚ ਪ੍ਰਚਾਰ ਕਰ ਰਿਹਾ ਸੀ, ਤਾਂ ਉਸ ਨੇ ਕੁਝ ਯੂਨਾਨੀ ਫ਼ਿਲਾਸਫ਼ਰਾਂ ਨਾਲ ਗੱਲ ਕਰਦਿਆਂ ਮਸੀਹੀ ਧਰਮ ਦੀ ਵਕਾਲਤ ਕੀਤੀ। ਧਿਆਨ ਦਿਓ ਕਿ ਉਸ ਨੇ ਕਿੰਨੀ ਸਮਝ ਨਾਲ ਇਹ ਮੁਸ਼ਕਲ ਕੰਮ ਕੀਤਾ: “ਅਪਿਕੂਰੀ ਅਰ ਸਤੋਇਕੀ ਪੰਡਤਾਂ ਵਿੱਚੋਂ ਵੀ ਕਈਕੁ ਉਸ ਨਾਲ ਟਕਰਨ ਲੱਗੇ ਅਤੇ ਕਈਆਂ ਨੇ ਆਖਿਆ ਜੋ ਇਹ ਬਕਵਾਦੀ ਕੀ ਕਹਿਣਾ ਚਾਹੁੰਦਾ ਹੈ? ਕਈ ਬੋਲੇ ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਮਲੂਮ ਹੁੰਦਾ ਹੈ।” (ਰਸੂਲਾਂ ਦੇ ਕਰਤੱਬ 17:18) ਇਨ੍ਹਾਂ ਚੁੱਭਵੀਆਂ ਗੱਲਾਂ ਦੇ ਬਾਵਜੂਦ, ਪੌਲੁਸ ਸ਼ਾਂਤ ਰਿਹਾ ਤੇ ਜਵਾਬ ਵਿਚ ਉਸ ਨੇ ਕਿਹਾ: “ਹੇ ਅਥੇਨੀਓ, ਮੈਂ ਤੁਹਾਨੂੰ ਹਰ ਤਰਾਂ ਨਾਲ ਵੱਡੇ ਪੂਜਣ ਵਾਲੇ ਵੇਖਦਾ ਹਾਂ।” ਹਾਂ, ਪੌਲੁਸ ਨੇ ਉਨ੍ਹਾਂ ਮੂਰਤੀ-ਪੂਜਕਾਂ ਦੀ ਨਿੰਦਿਆ ਕਰਨ ਦੀ ਬਜਾਇ, ਉਨ੍ਹਾਂ ਦੀ ਸ਼ਰਧਾ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।—ਰਸੂਲਾਂ ਦੇ ਕਰਤੱਬ 17:22.

ਕੀ ਪੌਲੁਸ ਦਿਖਾਵੇ ਲਈ ਉਨ੍ਹਾਂ ਦੀ ਸ਼ਲਾਘਾ ਕਰ ਰਿਹਾ ਸੀ? ਨਹੀਂ! ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਆਪ ਵੀ ਸੱਚਾਈ ਜਾਣਨ ਤੋਂ ਪਹਿਲਾਂ ਉਨ੍ਹਾਂ ਵਰਗਾ ਹੀ ਸੀ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਉਸ ਨੂੰ ਲੋਕਾਂ ਕੋਲ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ, ਸਗੋਂ ਆਪਣਾ ਸੰਦੇਸ਼ ਸੁਣਾਉਣ ਲਈ ਘੱਲਿਆ ਸੀ। ਕਈ ਭੈਣ-ਭਰਾ ਹਨ ਜੋ ਪੌਲੁਸ ਵਾਂਗ ਆਪਣੇ ਤਜਰਬੇ ਤੋਂ ਜਾਣਦੇ ਹਨ ਕਿ ਝੂਠੇ ਧਰਮ ਦੇ ਕਈ ਕੱਟੜ ਮੈਂਬਰ ਸੱਚਾਈ ਸਿੱਖਣ ਤੋਂ ਬਾਅਦ ਹੋਰ ਦ੍ਰਿੜ੍ਹਤਾ ਨਾਲ ਸੱਚੇ ਧਰਮ ਦਾ ਪੱਖ ਪੂਰਦੇ ਹਨ।

ਪੌਲੁਸ ਰਸੂਲ ਦੇ ਪ੍ਰਚਾਰ ਕਰਨ ਦੇ ਇਸ ਵਧੀਆ ਤਰੀਕੇ ਦੇ ਚੰਗੇ ਨਤੀਜੇ ਨਿਕਲੇ। “ਕਈ ਪੁਰਖਾਂ ਨੇ ਉਹ ਦੇ ਨਾਲ ਰਲ ਕੇ ਪਰਤੀਤ ਕੀਤੀ। ਉਨ੍ਹਾਂ ਵਿੱਚ ਦਿਯਾਨੁਸਿਯੁਸ ਅਰਿਯੁਪਗੀ ਅਤੇ ਦਾਮਰਿਸ ਨਾਮੇ ਇੱਕ ਤੀਵੀਂ ਅਤੇ ਹੋਰ ਕਈ ਉਨ੍ਹਾਂ ਦੇ ਨਾਲ ਸਨ।” (ਰਸੂਲਾਂ ਦੇ ਕਰਤੱਬ 17:34) ਪੌਲੁਸ ਨੇ ਕਿੰਨੀ ਸਮਝਦਾਰੀ ਨਾਲ ਉਨ੍ਹਾਂ ਯੂਨਾਨੀਆਂ ਦੀ ਸ਼ਰਧਾ ਕਾਰਨ ਉਨ੍ਹਾਂ ਦੀ ਸ਼ਲਾਘਾ ਕੀਤੀ! ਭਾਵੇਂ ਕਿ ਉਨ੍ਹਾਂ ਦੇ ਵਿਸ਼ਵਾਸ ਗ਼ਲਤ ਸਨ, ਪੌਲੁਸ ਨੇ ਉਨ੍ਹਾਂ ਦੀ ਨਿੰਦਿਆ ਨਹੀਂ ਕੀਤੀ ਕਿਉਂਕਿ ਉਹ ਸੱਚਾਈ ਤੋਂ ਅਣਜਾਣ ਸਨ। ਝੂਠੀ ਸਿੱਖਿਆ ਦੇ ਕਾਰਨ ਜੋ ਲੋਕ ਕੁਰਾਹੇ ਪਏ ਹੋਏ ਹਨ, ਉਨ੍ਹਾਂ ਦੇ ਇਰਾਦੇ ਅਕਸਰ ਨੇਕ ਹੁੰਦੇ ਹਨ।

ਜਦ ਪੌਲੁਸ ਨੂੰ ਰਾਜਾ ਹੇਰੋਦੇਸ ਅਗ੍ਰਿੱਪਾ ਦੂਜੇ ਸਾਮ੍ਹਣੇ ਆਪਣੀ ਸਫ਼ਾਈ ਪੇਸ਼ ਕਰਨ ਦਾ ਮੌਕਾ ਮਿਲਿਆ, ਤਾਂ ਉਸ ਨੇ ਇਕ ਵਾਰ ਫਿਰ ਸਮਝ ਤੋਂ ਕੰਮ ਲਿਆ। ਲੋਕ ਜਾਣਦੇ ਸਨ ਕਿ ਹੇਰੋਦੇਸ ਦੇ ਆਪਣੀ ਭੈਣ ਬਰਨੀਕੇ ਨਾਲ ਨਾਜਾਇਜ਼ ਸੰਬੰਧ ਸਨ ਜਿਸ ਦੀ ਬਾਈਬਲ ਵਿਚ ਸਾਫ਼ ਨਿੰਦਿਆ ਕੀਤੀ ਗਈ ਹੈ। ਲੇਕਿਨ, ਪੌਲੁਸ ਨੇ ਰਾਜੇ ਨੂੰ ਦੋਸ਼ੀ ਠਹਿਰਾਉਣ ਦੀ ਬਜਾਇ ਇਕ ਜਾਇਜ਼ ਆਧਾਰ ਲੱਭਿਆ ਜਿਸ ਦੇ ਲਈ ਉਸ ਨੇ ਰਾਜੇ ਦੀ ਤਾਰੀਫ਼ ਕੀਤੀ। ਉਸ ਨੇ ਕਿਹਾ: “ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਚੰਗੇ ਭਾਗ ਸਮਝਦਾ ਹਾਂ ਕਿ ਜਿਨ੍ਹਾਂ ਗੱਲਾਂ ਦੀ ਯਹੂਦੀ ਮੇਰੇ ਉੱਤੇ ਨਾਲਸ਼ ਕਰਦੇ ਹਨ ਉਨ੍ਹਾਂ ਸਭਨਾਂ ਦਾ ਅੱਜ ਤੁਹਾਡੇ ਅੱਗੇ ਉਜ਼ਰ ਕਰਾਂ। ਖ਼ਾਸ ਕਰਕੇ ਇਸ ਲਈ ਜੋ ਤੁਸੀਂ ਯਹੂਦੀਆਂ ਦੀਆਂ ਸਾਰੀਆਂ ਚਾਲਾਂ ਅਤੇ ਦੀਨੀ ਝਗੜਿਆਂ ਤੋਂ ਅੱਛੀ ਤਰਾਂ ਮਹਿਰਮ ਹੋ।”—ਰਸੂਲਾਂ ਦੇ ਕਰਤੱਬ 26:1-3.

ਕਿੰਨਾ ਚੰਗਾ ਹੋਵੇਗਾ ਜੇਕਰ ਅਸੀਂ ਵੀ ਦੂਸਰਿਆਂ ਨਾਲ ਗੱਲ ਕਰਦਿਆਂ ਅਜਿਹੇ ਵਧੀਆ ਤਰੀਕੇ ਨਾਲ ਪੇਸ਼ ਆਈਏ। ਆਪਣੇ ਕਿਸੇ ਗੁਆਂਢੀ, ਸਹਿਪਾਠੀ ਜਾਂ ਸਹਿਕਰਮੀ ਦੀ ਤਾਰੀਫ਼ ਕਰਨ ਨਾਲ ਅਸੀਂ ਸ਼ਾਂਤੀ ਬਣਾਈ ਰੱਖਾਂਗੇ ਅਤੇ ਉਨ੍ਹਾਂ ਲਈ ਚੰਗੀ ਮਿਸਾਲ ਕਾਇਮ ਕਰਾਂਗੇ। ਉਨ੍ਹਾਂ ਦੀ ਤਾਰੀਫ਼ ਕਰਨ ਨਾਲ ਸ਼ਾਇਦ ਅਸੀਂ ਉਨ੍ਹਾਂ ਨੂੰ ਝੂਠੀਆਂ ਸਿੱਖਿਆਵਾਂ ਤੇ ਗ਼ਲਤ ਕੰਮਾਂ ਨੂੰ ਛੱਡ ਕੇ ਸੱਚਾ ਧਰਮ ਅਪਣਾਉਣ ਲਈ ਪ੍ਰੇਰਿਤ ਕਰ ਸਕੀਏ।

ਸਿਫ਼ਤ ਕਰਨ ਵਿਚ ਯਿਸੂ ਦੀ ਰੀਸ ਕਰੋ

ਯਿਸੂ ਨੇ ਵੀ ਦੂਸਰਿਆਂ ਦੀ ਸ਼ਲਾਘਾ ਕੀਤੀ ਸੀ। ਮਿਸਾਲ ਲਈ, ਉਸ ਦੇ ਜੀ ਉੱਠਣ ਅਤੇ ਸਵਰਗ ਵਾਪਸ ਜਾਣ ਤੋਂ ਬਾਅਦ, ਪਰਮੇਸ਼ੁਰ ਦੇ ਨਿਰਦੇਸ਼ਨ ਅਧੀਨ ਯਿਸੂ ਨੇ ਯੂਹੰਨਾ ਰਸੂਲ ਦੇ ਜ਼ਰੀਏ ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਨਾਲ ਗੱਲ ਕੀਤੀ। ਉਹ ਉਨ੍ਹਾਂ ਦੀ ਸਿਫ਼ਤ ਕਰਨੀ ਨਹੀਂ ਭੁੱਲਿਆ ਜੋ ਕਾਬਲੇ-ਤਾਰੀਫ਼ ਸਨ। ਅਫ਼ਸੁਸ, ਪਰਗਮੁਮ ਅਤੇ ਥੂਆਤੀਰੇ ਦੀਆਂ ਕਲੀਸਿਯਾਵਾਂ ਨੂੰ ਯਿਸੂ ਨੇ ਇਸ ਤਰ੍ਹਾਂ ਕਿਹਾ: “ਮੈਂ ਤੇਰੇ ਕੰਮਾਂ ਨੂੰ ਅਤੇ ਤੇਰੀ ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਜੋ ਬੁਰਿਆਰਾਂ ਦਾ ਤੈਥੋਂ ਸਹਾਰਾ ਨਹੀਂ ਹੁੰਦਾ,” “ਤੂੰ ਤਕੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹੈਂ . . . ਤੈਂ ਮੇਰੀ ਨਿਹਚਾ ਤੋਂ ਇਨਕਾਰ ਨਹੀਂ ਕੀਤਾ” ਅਤੇ “ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਨਿਹਚਾ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਭਈ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵਧ ਹਨ।” ਭਾਵੇਂ ਸਾਰਦੀਸ ਦੀ ਕਲੀਸਿਯਾ ਨੂੰ ਸਖ਼ਤ ਤਾੜਨਾ ਦੀ ਲੋੜ ਸੀ, ਫਿਰ ਵੀ ਯਿਸੂ ਉਸ ਕਲੀਸਿਯਾ ਵਿਚ ਉਨ੍ਹਾਂ ਭੈਣਾਂ-ਭਰਾਵਾਂ ਨੂੰ ਨਹੀਂ ਭੁੱਲਿਆ ਜੋ ਤਾਰੀਫ਼ ਦੇ ਯੋਗ ਸਨ। ਉਨ੍ਹਾਂ ਬਾਰੇ ਯਿਸੂ ਨੇ ਕਿਹਾ: “ਪਰ ਤੇਰੇ ਕੋਲ ਸਾਰਦੀਸ ਵਿੱਚ ਥੋੜੇ ਜਣੇ ਹਨ ਜਿਨ੍ਹਾਂ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਓਹ ਉੱਜਲੇ ਬਸਤਰ ਪਹਿਨੇ ਮੇਰੇ ਨਾਲ ਫਿਰਨਗੇ ਇਸ ਲਈ ਜੋ ਓਹ ਸੁਜੋਗ ਹਨ।” (ਪਰਕਾਸ਼ ਦੀ ਪੋਥੀ 2:2, 13, 19; 3:4) ਵਾਕਈ, ਯਿਸੂ ਨੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!

ਅਸੀਂ ਯਿਸੂ ਦੇ ਨਕਸ਼ੇ-ਕਦਮਾਂ ਤੇ ਕਿਵੇਂ ਚੱਲ ਸਕਦੇ ਹਾਂ? ਜੇ ਕਿਸੇ ਗਰੁੱਪ ਦੇ ਕੁਝ ਮੈਂਬਰ ਗ਼ਲਤੀ ਕਰਨ, ਤਾਂ ਸਾਨੂੰ ਗਰੁੱਪ ਦੇ ਸਾਰਿਆਂ ਮੈਂਬਰਾਂ ਨੂੰ ਦੋਸ਼ੀ ਨਹੀਂ ਸਮਝਣਾ ਚਾਹੀਦਾ। ਪਰ ਇਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਅਸੀਂ ਸਿਰਫ਼ ਉਦੋਂ ਹੀ ਕਿਸੇ ਦੀ ਤਾਰੀਫ਼ ਕਰਦੇ ਹਾਂ ਜਦ ਸਾਨੂੰ ਉਸ ਨੂੰ ਤਾੜਨਾ ਦੇਣ ਦੀ ਲੋੜ ਪੈਂਦੀ ਹੈ, ਤਾਂ ਉਹ ਸਾਡੀ ਗੱਲ ਨੂੰ ਅਣਸੁਣੀ ਕਰ ਦੇਵੇਗਾ। ਜਦ ਵੀ ਮੌਕਾ ਮਿਲਦਾ ਹੈ, ਸਾਨੂੰ ਦੂਸਰਿਆਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਫਿਰ ਜੇ ਕਿਸੇ ਨੂੰ ਤਾੜਨਾ ਦੇਣੀ ਵੀ ਪਵੇ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਇਸ ਨੂੰ ਕਬੂਲ ਕਰ ਲਵੇਗਾ।

ਸਹੀ ਤਰੀਕੇ ਨਾਲ ਤਾਰੀਫ਼ ਕਰਨ ਵਾਲੇ ਬਜ਼ੁਰਗ

ਕੌਰਨੀਲੀਆ ਨਾਂ ਦੀ ਭੈਣ ਯਹੋਵਾਹ ਦੇ ਗਵਾਹਾਂ ਦੇ ਇਕ ਯੂਰਪੀ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਹੀ ਹੈ। ਉਹ ਦੱਸਦੀ ਹੈ ਕਿ 1970 ਦੇ ਦਹਾਕੇ ਦੇ ਸ਼ੁਰੂ ਵਿਚ ਸਰਕਟ ਨਿਗਾਹਬਾਨ ਨੇ ਉਸ ਨੂੰ ਬਾਈਬਲ ਦਾ ਅਧਿਐਨ ਕਰਨ ਤੇ ਰਸਾਲੇ ਪੜ੍ਹਨ ਦੇ ਪ੍ਰੋਗ੍ਰਾਮ ਬਾਰੇ ਪੁੱਛਿਆ। ਉਸ ਨੇ ਸ਼ਰਮਿੰਦੀ ਹੋ ਕੇ ਭਰਾ ਨੂੰ ਦੱਸਿਆ ਕਿ ਉਹ ਰਸਾਲਿਆਂ ਦੇ ਸਾਰੇ ਲੇਖ ਨਹੀਂ ਪੜ੍ਹ ਪਾਉਂਦੀ। ਇਸ ਦੇ ਲਈ ਭਰਾ ਨੇ ਉਸ ਦੀ ਨੁਕਤਾਚੀਨੀ ਨਹੀਂ ਕੀਤੀ, ਬਲਕਿ ਜਿੰਨਾ ਕੁ ਉਹ ਪੜ੍ਹ ਸਕਦੀ ਸੀ, ਉਸ ਦੇ ਲਈ ਕੌਰਨੀਲੀਆ ਦੀ ਸ਼ਲਾਘਾ ਕੀਤੀ। ਕੌਰਨੀਲੀਆ ਦੱਸਦੀ ਹੈ ਕਿ “ਉਸ ਦੀ ਹੌਸਲਾ-ਅਫ਼ਜ਼ਾਈ ਤੋਂ ਮੈਨੂੰ ਇੰਨਾ ਹੌਸਲਾ ਮਿਲਿਆ ਕਿ ਹੁਣ ਮੈਂ ਹਰ ਲੇਖ ਪੜ੍ਹਨ ਦੀ ਪੂਰੀ ਕੋਸ਼ਿਸ਼ ਕਰਦੀ ਹਾਂ।”

ਰੇ ਨਾਂ ਦਾ ਭਰਾ ਵੀ ਯੂਰਪ ਦੀ ਇਕ ਬ੍ਰਾਂਚ ਵਿਚ ਸੇਵਾ ਕਰ ਰਿਹਾ ਹੈ। ਉਸ ਨੂੰ ਹਾਲੇ ਵੀ ਉਹ ਪਹਿਲਾ ਦਿਨ ਯਾਦ ਹੈ ਜਦ ਉਹ ਪਾਇਨੀਅਰੀ ਕਰਨ ਲੱਗਾ ਸੀ। ਕਲੀਸਿਯਾ ਦਾ ਪ੍ਰਧਾਨ ਨਿਗਾਹਬਾਨ, ਜੋ ਨੌਕਰੀ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਦੇਖ-ਭਾਲ ਤੇ ਕਲੀਸਿਯਾ ਵਿਚ ਕਈ ਜ਼ਿੰਮੇਵਾਰੀਆਂ ਨਿਭਾ ਰਿਹਾ ਸੀ, ਕਿੰਗਡਮ ਹਾਲ ਵਿਚ ਵੜਦਿਆਂ ਹੀ ਸਿੱਧਾ ਰੇ ਕੋਲ ਗਿਆ ਤੇ ਉਸ ਨੂੰ ਪੁੱਛਿਆ: “ਸੁਣਾ, ਪਾਇਨੀਅਰੀ ਦਾ ਤੇਰਾ ਪਹਿਲਾ ਦਿਨ ਕਿੱਦਾਂ ਰਿਹਾ?” ਇਹ ਗੱਲ ਹੋਈ ਨੂੰ ਕੁਝ 60 ਸਾਲ ਹੋ ਚੁੱਕੇ ਹਨ, ਪਰ ਭਰਾ ਰੇ ਨੂੰ ਹਾਲੇ ਵੀ ਯਾਦ ਹੈ ਕਿ ਉਸ ਬਜ਼ੁਰਗ ਨੇ ਉਸ ਲਈ ਸਮਾਂ ਕੱਢਿਆ।

ਇਨ੍ਹਾਂ ਦੋਹਾਂ ਉਦਾਹਰਣਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਦਿਖਾਵੇ ਲਈ ਚਾਪਲੂਸੀ ਕਰਨ ਦੀ ਬਜਾਇ, ਇਕ-ਦੂਜੇ ਦੀ ਦਿਲੋਂ ਕਦਰ ਕਰਨ ਦੇ ਬਹੁਤ ਵਧੀਆ ਨਤੀਜੇ ਨਿਕਲਦੇ ਹਨ। ਕਲੀਸਿਯਾ ਵਿਚ ਭੈਣਾਂ-ਭਰਾਵਾਂ ਦੀ ਸ਼ਲਾਘਾ ਕਰਨ ਦੇ ਬਹੁਤ ਸਾਰੇ ਕਾਰਨ ਹਨ। ਮਿਸਾਲ ਲਈ: ਉਹ ਦਿਲੋਂ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹਨ, ਚੰਗੀ ਤਰ੍ਹਾਂ ਤਿਆਰੀ ਕਰ ਕੇ ਟਿੱਪਣੀਆਂ ਕਰਦੇ ਹਨ, ਆਪਣੀ ਘਬਰਾਹਟ ਨੂੰ ਕਾਬੂ ਕਰ ਕੇ ਭਾਸ਼ਣ ਦਿੰਦੇ ਹਨ, ਜੋਸ਼ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ ਅਤੇ ਚੰਗੇ ਟੀਚੇ ਰੱਖ ਕੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਜਦ ਅਸੀਂ ਦੂਸਰਿਆਂ ਦੀ ਤਾਰੀਫ਼ ਕਰਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਤੇ ਅਸੀਂ ਖ਼ੁਸ਼ ਮਿਜ਼ਾਜ ਵਾਲੇ ਬਣਦੇ ਹਾਂ।—ਰਸੂਲਾਂ ਦੇ ਕਰਤੱਬ 20:35.

ਕਲੀਸਿਯਾ ਦੇ ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਦੇ ਜਤਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਜਦ ਕਿਸੇ ਨੂੰ ਸਲਾਹ ਜਾਂ ਤਾੜਨਾ ਦੇਣ ਦੀ ਲੋੜ ਹੁੰਦੀ ਹੈ, ਤਾਂ ਬਜ਼ੁਰਗ ਇਸ ਨੂੰ ਪਿਆਰ ਨਾਲ ਦੇਣਗੇ। ਉਹ ਇਹ ਨਹੀਂ ਸੋਚਣਗੇ ਕਿ ਕੋਈ ਵੀ ਗੱਲ ਹਰ ਕੀਮਤ ਤੇ ਪੂਰੀ ਤਰ੍ਹਾਂ ਠੀਕ ਹੋਣੀ ਚਾਹੀਦੀ ਹੈ ਤੇ ਜੇ ਇੱਦਾਂ ਨਾ ਹੋਇਆ, ਤਾਂ ਇਹ ਬਹੁਤ ਵੱਡੀ ਕਮਜ਼ੋਰੀ ਸਮਝੀ ਜਾਵੇਗੀ। ਜੀ ਹਾਂ, ਪਿਆਰ ਕਰਨ ਵਾਲੇ ਨਿਗਾਹਬਾਨ ਕਿਸੇ ਤੋਂ ਵੀ ਇਹ ਉਮੀਦ ਨਹੀਂ ਰੱਖਣਗੇ ਕਿ ਉਹ ਕਦੇ ਗ਼ਲਤੀ ਨਾ ਕਰਨ।

ਕਲੀਸਿਯਾ ਦੇ ਬਜ਼ੁਰਗ ਜੋ ਆਦਰ-ਸਤਿਕਾਰ ਕਰਨ ਵਿਚ ਅਲੀਹੂ ਦੀ ਰੀਸ ਕਰਦੇ ਹਨ, ਪੌਲੁਸ ਵਾਂਗ ਸਮਝ ਤੋਂ ਕੰਮ ਲੈਂਦੇ ਹਨ ਅਤੇ ਯਿਸੂ ਦੇ ਨਕਸ਼ੇ-ਕਦਮਾਂ ਤੇ ਚੱਲ ਕੇ ਦੂਜਿਆਂ ਨਾਲ ਪਿਆਰ ਕਰਦੇ ਹਨ, ਉਨ੍ਹਾਂ ਤੋਂ ਭੈਣਾਂ-ਭਰਾਵਾਂ ਨੂੰ ਬਹੁਤ ਹੌਸਲਾ ਮਿਲਦਾ ਹੈ। ਹੌਸਲਾ-ਅਫ਼ਜ਼ਾਈ ਮਿਲਣ ਕਾਰਨ ਭੈਣ-ਭਰਾ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਦੇ ਹਨ ਅਤੇ ਉਨ੍ਹਾਂ ਦਾ ਇਕ-ਦੂਜੇ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਹੈ। ਯਿਸੂ ਨੂੰ ਆਪਣੇ ਬਪਤਿਸਮੇ ਦੇ ਸਮੇਂ ਕਿੰਨੀ ਖ਼ੁਸ਼ੀ ਹੋਈ ਹੋਣੀ ਜਦ ਉਸ ਦੇ ਸਵਰਗੀ ਪਿਤਾ ਨੇ ਉਸ ਨੂੰ ਕਿਹਾ: “ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।” (ਮਰਕੁਸ 1:11) ਆਓ ਆਪਾਂ ਵੀ ਆਪਣੇ ਭੈਣਾਂ-ਭਰਾਵਾਂ ਦੀ ਤਾਰੀਫ਼ ਕਰ ਕੇ ਉਨ੍ਹਾਂ ਦਾ ਦਿਲ ਖ਼ੁਸ਼ ਕਰੀਏ।

[ਸਫ਼ਾ 15 ਉੱਤੇ ਤਸਵੀਰਾਂ]

ਪੌਲੁਸ ਵਾਂਗ ਸਮਝ ਤੋਂ ਕੰਮ ਲੈਣ ਨਾਲ ਸਾਨੂੰ ਵੀ ਚੰਗੇ ਨਤੀਜੇ ਮਿਲਣਗੇ

[ਸਫ਼ਾ 16 ਉੱਤੇ ਤਸਵੀਰ]

ਪਿਆਰ ਨਾਲ ਦਿਲੋਂ ਕੀਤੀ ਗਈ ਤਾਰੀਫ਼ ਦੇ ਵਧੀਆ ਨਤੀਜੇ ਨਿਕਲਦੇ ਹਨ