Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਕਿ ਉਸ ਦਾ ਮਾਤਬਰ ਨੌਕਰ “ਬੁੱਧਵਾਨ” ਹੋਵੇਗਾ?

ਯਿਸੂ ਨੇ ਇਹ ਸਵਾਲ ਪੁੱਛਿਆ: “ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਨੌਕਰਾਂ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ?” (ਮੱਤੀ 24:45) “ਨੌਕਰ” ਵਰਗ, ਜੋ “ਰਸਤ” ਦਿੰਦਾ ਹੈ, ਮਸਹ ਕੀਤੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ। ਯਿਸੂ ਨੇ ਇਨ੍ਹਾਂ ਨੂੰ ਬੁੱਧਵਾਨ ਕਿਉਂ ਕਿਹਾ ਸੀ? *

ਅਸੀਂ ਯਿਸੂ ਦੁਆਰਾ ਵਰਤੇ ਗਏ “ਬੁੱਧਵਾਨ” ਸ਼ਬਦ ਦਾ ਮਤਲਬ ਉਸ ਦੀਆਂ ਸਿੱਖਿਆਵਾਂ ਤੋਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਮਿਸਾਲ ਲਈ, “ਮਾਤਬਰ ਅਤੇ ਬੁੱਧਵਾਨ ਨੌਕਰ” ਬਾਰੇ ਗੱਲ ਕਰਨ ਵੇਲੇ ਯਿਸੂ ਨੇ ਦਸਾਂ ਕੁਆਰੀਆਂ ਦਾ ਦ੍ਰਿਸ਼ਟਾਂਤ ਦਿੱਤਾ ਸੀ ਜੋ ਰਾਤ ਤਕ ਲਾੜੇ ਦੇ ਆਉਣ ਦੀ ਉਡੀਕ ਕਰਦੀਆਂ ਰਹੀਆਂ। ਕੁਆਰੀਆਂ ਸਾਨੂੰ 1914 ਤੋਂ ਪਹਿਲਾਂ ਦੇ ਮਸਹ ਕੀਤੇ ਹੋਏ ਉਨ੍ਹਾਂ ਮਸੀਹੀਆਂ ਦੀ ਯਾਦ ਦਿਲਾਉਂਦੀਆਂ ਹਨ ਜੋ ਲਾੜੇ ਯਿਸੂ ਮਸੀਹ ਦੇ ਪਹੁੰਚਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਦਸਾਂ ਕੁਆਰੀਆਂ ਵਿੱਚੋਂ ਪੰਜਾਂ ਨੇ ਆਪਣੇ ਨਾਲ ਚੋਖੀ ਮਾਤਰਾ ਵਿਚ ਤੇਲ ਨਹੀਂ ਲਿਆਂਦਾ। ਇਸ ਲਈ ਜਦ ਲਾੜਾ ਪਹੁੰਚਿਆ, ਉਹ ਕੁਆਰੀਆਂ ਵਿਆਹ ਦੀ ਦਾਅਵਤ ਵਿਚ ਸ਼ਾਮਲ ਨਾ ਹੋ ਸਕੀਆਂ। ਪਰ ਪੰਜ ਬੁੱਧੀਮਾਨ ਸਨ। ਉਹ ਆਪਣੀਆਂ ਤੇਲ ਦੀਆਂ ਕੁੱਪੀਆਂ ਭਰ ਕੇ ਲਿਆਈਆਂ ਸਨ। ਇਸ ਲਈ ਜਦ ਲਾੜਾ ਪਹੁੰਚਿਆ, ਤਾਂ ਉਨ੍ਹਾਂ ਦੀਆਂ ਮਸ਼ਾਲਾਂ ਹਾਲੇ ਵੀ ਬਲ਼ ਰਹੀਆਂ ਸਨ ਅਤੇ ਉਨ੍ਹਾਂ ਨੂੰ ਵਿਆਹ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ।—ਮੱਤੀ 25:10-12.

ਜਦ 1914 ਵਿਚ ਯਿਸੂ ਰਾਜਾ ਬਣਿਆ, ਤਾਂ ਮਸਹ ਕੀਤੇ ਹੋਏ ਮਸੀਹੀਆਂ ਵਿੱਚੋਂ ਕਈਆਂ ਨੇ ਆਸ ਲਾ ਰੱਖੀ ਸੀ ਕਿ ਉਹ ਫ਼ੌਰਨ ਸਵਰਗ ਵਿਚ ਜਾ ਕੇ ਯਿਸੂ ਨੂੰ ਮਿਲਣਗੇ। ਲੇਕਿਨ ਧਰਤੀ ਉੱਤੇ ਹਾਲੇ ਬਹੁਤ ਕੰਮ ਕਰਨਾ ਬਾਕੀ ਸੀ। ਕੁਝ ਮਸੀਹੀ ਉਨ੍ਹਾਂ ਪੰਜ ਮੂਰਖ ਕੁਆਰੀਆਂ ਵਾਂਗ ਇਸ ਤਰ੍ਹਾਂ ਕਰਨ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਆਪਣੀ ਨਿਹਚਾ ਨੂੰ ਮਜ਼ਬੂਤ ਨਹੀਂ ਸੀ ਕੀਤਾ, ਇਸ ਲਈ ਉਹ ਇਸ ਹਨੇਰ ਭਰੀ ਦੁਨੀਆਂ ਵਿਚ ਰੌਸ਼ਨੀ ਨਹੀਂ ਫੈਲਾ ਰਹੇ ਸਨ। ਪਰ ਕਈ ਬੁੱਧਵਾਨ ਸਾਬਤ ਹੋਏ। ਉਨ੍ਹਾਂ ਦੀ ਨਿਹਚਾ ਮਜ਼ਬੂਤ ਸੀ ਤੇ ਉਨ੍ਹਾਂ ਨੇ ਸਮਝਦਾਰੀ ਤੋਂ ਕੰਮ ਲਿਆ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਹਾਲੇ ਹੋਰ ਕੰਮ ਕਰਨਾ ਬਾਕੀ ਸੀ, ਤਾਂ ਉਹ ਖ਼ੁਸ਼ੀ ਨਾਲ ਇਸ ਕੰਮ ਨੂੰ ਪੂਰਾ ਕਰਨ ਵਿਚ ਲੱਗ ਗਏ। ਇਸ ਲਈ ਉਹ “ਮਾਤਬਰ ਅਤੇ ਬੁੱਧਵਾਨ ਨੌਕਰ” ਸਾਬਤ ਹੋਏ।

ਯਿਸੂ ਨੇ ਮੱਤੀ 7:24 ਵਿਚ ਵੀ “ਬੁੱਧਵਾਨ” ਸ਼ਬਦ ਵਰਤਿਆ ਸੀ। ਯਿਸੂ ਨੇ ਕਿਹਾ: “ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ।” ਬੁੱਧਵਾਨ ਆਦਮੀ ਨੇ ਪੱਥਰ ਦੀ ਨੀਂਹ ਉੱਤੇ ਆਪਣਾ ਘਰ ਬਣਾਇਆ ਤਾਂਕਿ ਤੂਫ਼ਾਨ ਆਉਣ ਤੇ ਘਰ ਡਿਗੇ ਨਾ। ਪਰ ਮੂਰਖ ਨੇ ਆਪਣਾ ਘਰ ਰੇਤ ਤੇ ਬਣਾਇਆ ਅਤੇ ਉਸ ਦਾ ਘਰ ਡਿੱਗ ਪਿਆ। ਯਿਸੂ ਦੇ ਚੇਲਿਆਂ ਵਜੋਂ ਸਾਨੂੰ ਬੁੱਧਵਾਨ ਬਣਨ ਦੀ ਲੋੜ ਹੈ। ਸਾਨੂੰ ਇਨਸਾਨਾਂ ਦੇ ਬਦਲਦੇ ਵਿਚਾਰਾਂ ਉੱਤੇ ਭਰੋਸਾ ਰੱਖਣ ਦੇ ਬੁਰੇ ਨਤੀਜਿਆਂ ਨੂੰ ਪਹਿਲਾਂ ਤੋਂ ਹੀ ਜਾਣਨ ਦੀ ਲੋੜ ਹੈ। ਸਾਨੂੰ ਸਮਝਦਾਰੀ ਨਾਲ ਯਿਸੂ ਦੀਆਂ ਸਿੱਖਿਆਵਾਂ ਦੇ ਆਧਾਰ ਤੇ ਆਪਣੀ ਨਿਹਚਾ, ਆਪਣੇ ਕੰਮਾਂ ਤੇ ਵਿਸ਼ਵਾਸਾਂ ਦੀ ਨੀਂਹ ਧਰਨੀ ਚਾਹੀਦੀ ਹੈ। “ਮਾਤਬਰ ਅਤੇ ਬੁੱਧਵਾਨ ਨੌਕਰ” ਵਰਗ ਇਵੇਂ ਹੀ ਕਰਦਾ ਹੈ।

ਕਈ ਬਾਈਬਲਾਂ ਦੇ ਇਬਰਾਨੀ ਹਿੱਸਿਆਂ ਵਿਚ ਵੀ “ਬੁੱਧਵਾਨ” ਸ਼ਬਦ ਵਰਤਿਆ ਗਿਆ ਹੈ। ਮਿਸਾਲ ਲਈ, ਫ਼ਿਰਊਨ ਨੇ ਮਿਸਰ ਦੇਸ਼ ਦੇ ਅਨਾਜ ਦੀ ਸਾਂਭ-ਸੰਭਾਲ ਕਰਨ ਲਈ ਯੂਸੁਫ਼ ਨੂੰ ਮੰਤਰੀ ਬਣਾਇਆ। ਇਹ ਯਹੋਵਾਹ ਪਰਮੇਸ਼ੁਰ ਦਾ ਆਪਣੇ ਲੋਕਾਂ ਲਈ ਖਾਣੇ ਦਾ ਪ੍ਰਬੰਧ ਕਰਨ ਦਾ ਇੰਤਜ਼ਾਮ ਸੀ। ਪਰ ਇਹ ਜ਼ਿੰਮੇਵਾਰੀ ਯੂਸੁਫ਼ ਨੂੰ ਕਿਉਂ ਦਿੱਤੀ ਗਈ ਸੀ? ਫ਼ਿਰਊਨ ਨੇ ਉਸ ਨੂੰ ਕਿਹਾ: “ਤੇਰੇ ਜਿਹਾ ਸਿਆਣਾ ਅਰ ਬੁੱਧੀਮਾਨ ਕੋਈ ਨਹੀਂ।” (ਉਤਪਤ 41:33-39; 45:5) ਬਾਈਬਲ ਵਿਚ ਅਬੀਗੈਲ ਬਾਰੇ ਵੀ ਕਿਹਾ ਗਿਆ ਹੈ ਕਿ ਉਹ “ਵੱਡੀ ਸਿਆਣੀ” ਸੀ। ਉਸ ਨੇ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕ ਦਾਊਦ ਤੇ ਉਸ ਦੇ ਆਦਮੀਆਂ ਲਈ ਖਾਣਾ ਲਿਆਂਦਾ ਸੀ। (1 ਸਮੂਏਲ 25:3, 11, 18) ਯੂਸੁਫ਼ ਤੇ ਅਬੀਗੈਲ ਦੋਵੇਂ ਬੁੱਧਵਾਨ ਸਨ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਮਰਜ਼ੀ ਪਛਾਣਦੇ ਹੋਏ ਸਮਝਦਾਰੀ ਵਰਤ ਕੇ ਚੰਗੇ ਫ਼ੈਸਲੇ ਕੀਤੇ।

ਤਾਂ ਫਿਰ ਜਦ ਯਿਸੂ ਨੇ ਨੌਕਰ ਵਰਗ ਨੂੰ ਬੁੱਧਵਾਨ ਕਿਹਾ ਸੀ, ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਨੌਕਰ ਵਰਗ ਦੇ ਮੈਂਬਰ ਹੋਣ ਵਾਲੀਆਂ ਗੱਲਾਂ ਦੀ ਸਮਝ ਪਾ ਕੇ ਸਿਆਣਪ ਅਤੇ ਸੂਝ-ਬੂਝ ਤੋਂ ਕੰਮ ਲੈਣਗੇ ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਦੇ ਆਧਾਰ ਤੇ ਆਪਣੀ ਨਿਹਚਾ, ਆਪਣੇ ਕੰਮਾਂ ਤੇ ਵਿਸ਼ਵਾਸਾਂ ਦੀ ਨੀਂਹ ਧਰਦੇ ਹਨ।

[ਫੁਟਨੋਟ]

^ ਪੈਰਾ 3 “ਬੁੱਧਵਾਨ” ਯੂਨਾਨੀ ਸ਼ਬਦ ਫ਼੍ਰੋਨਿਮੋਸ ਦਾ ਤਰਜਮਾ ਹੈ। ਕੋਸ਼ਕਾਰ ਮਾਰਵਿਨ ਆਰ. ਵਿਨਸੰਟ ਨੇ ਆਪਣੀ ਕਿਤਾਬ ਦ ਵਰਡ ਸਟੱਡੀਜ਼ ਇਨ ਦ ਨਿਊ ਟੈਸਟਾਮੈਂਟ ਵਿਚ ਕਿਹਾ ਕਿ ਆਮ ਤੌਰ ਤੇ ਇਸ ਸ਼ਬਦ ਦਾ ਮਤਲਬ ਸਮਝਦਾਰੀ, ਅਕਲ ਅਤੇ ਹੁਸ਼ਿਆਰੀ ਹੁੰਦਾ ਹੈ।