Skip to content

Skip to table of contents

“ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ”

“ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ”

“ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ”

“ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ।” (ਉਪਦੇਸ਼ਕ ਦੀ ਪੋਥੀ 12:12) ਇਹ ਸ਼ਬਦ ਅੱਜ ਉੱਨੇ ਹੀ ਸੱਚ ਹਨ ਜਿੰਨੇ ਇਹ ਉਦੋਂ ਸਨ ਜਦ ਇਹ ਲਿਖੇ ਗਏ ਸਨ। ਕਿਉਂ? ਕਿਉਂਕਿ ਅੱਜ ਵੀ ਕਿਤਾਬਾਂ ਦਾ ਕੋਈ ਅੰਤ ਨਹੀਂ। ਪਰ ਕੀ ਇਨ੍ਹਾਂ ਕਿਤਾਬਾਂ ਵਿੱਚੋਂ ਕੋਈ ਪੜ੍ਹਨ ਦੇ ਲਾਇਕ ਵੀ ਹੈ?

ਕਈ ਲੋਕ ਕਿਤਾਬ ਪੜ੍ਹਨ ਤੋਂ ਪਹਿਲਾਂ ਕਿਤਾਬ ਦੇ ਲੇਖਕ ਬਾਰੇ ਕੁਝ ਜਾਣਨਾ ਚਾਹੁੰਦੇ ਹਨ। ਇਸੇ ਲਈ ਕਈ ਵਾਰ ਕਿਤਾਬ ਦੇ ਸ਼ੁਰੂ ਵਿਚ ਲੇਖਕ ਬਾਰੇ ਚੰਨ ਗੱਲਾਂ ਦੱਸੀਆਂ ਗਈਆਂ ਹੁੰਦੀਆਂ ਹਨ। ਜਿਵੇਂ ਉਸ ਦਾ ਨਾਮ ਕੀ ਹੈ, ਉਹ ਕਿੱਥੋਂ ਦਾ ਹੈ, ਉਸ ਨੇ ਕਿੰਨੀ ਕੁ ਪੜ੍ਹਾਈ-ਲਿਖਾਈ ਕੀਤੀ ਹੈ ਅਤੇ ਉਸ ਦੀਆਂ ਪਹਿਲਾਂ ਕਿਹੜੀਆਂ ਕਿਤਾਬਾਂ ਛੱਪ ਚੁੱਕੀਆਂ ਹਨ। ਇਹ ਜਾਣਕਾਰੀ ਕਿਤਾਬ ਦੀ ਵਿੱਕਰੀ ਲਈ ਜ਼ਰੂਰੀ ਹੈ। ਪਹਿਲੇ ਸਮਿਆਂ ਵਿਚ ਜਦ ਕਿਤਾਬ ਕੋਈ ਔਰਤ ਲਿਖਦੀ ਸੀ, ਤਾਂ ਉਹ ਇਸ ਨੂੰ ਆਪਣੇ ਨਾਮ ਤੇ ਛਾਪਣ ਦੀ ਬਜਾਇ ਕਿਸੇ ਆਦਮੀ ਦੇ ਨਾਮ ਹੇਠ ਛਪਵਾਉਂਦੀ ਸੀ। ਇੱਦਾਂ ਇਸ ਲਈ ਕੀਤਾ ਜਾਂਦਾ ਸੀ ਤਾਂਕਿ ਪੜ੍ਹਨ ਵਾਲਾ ਕਿਤਾਬ ਨੂੰ ਸਿਰਫ਼ ਇਸੇ ਕਰਕੇ ਨਾ ਠੁਕਰਾਏ ਕਿਉਂਕਿ ਇਹ ਇਕ ਔਰਤ ਦੁਆਰਾ ਲਿਖੀ ਗਈ ਸੀ।

ਆਪਾਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਕਈ ਲੋਕ ਅੱਜ ਬਾਈਬਲ ਦੇ ਇਬਰਾਨੀ ਹਿੱਸੇ ਨੂੰ ਇਸ ਲਈ ਠੁਕਰਾ ਦਿੰਦੇ ਹਨ ਕਿਉਂਕਿ ਉਨ੍ਹਾਂ ਦੇ ਭਾਣੇ ਜਿਸ ਰੱਬ ਦੀ ਇਸ ਹਿੱਸੇ ਵਿਚ ਗੱਲ ਕੀਤੀ ਗਈ ਹੈ ਉਹ ਬੇਰਹਿਮ ਹੈ ਅਤੇ ਉਹ ਆਪਣੇ ਦੁਸ਼ਮਣਾਂ ਤੇ ਕੋਈ ਤਰਸ ਨਹੀਂ ਖਾਂਦਾ। * ਚੱਲੋ ਆਓ ਦੇਖੀਏ ਕਿ ਬਾਈਬਲ ਦੇ ਇਬਰਾਨੀ ਅਤੇ ਯੂਨਾਨੀ ਹਿੱਸੇ ਤੋਂ ਅਸੀਂ ਇਸ ਦੇ ਲੇਖਕ ਬਾਰੇ ਕੀ ਸਿੱਖਦੇ ਹਾਂ।

ਲੇਖਕ ਬਾਰੇ ਕੁਝ ਗੱਲਾਂ

ਇਬਰਾਨੀ ਪੋਥੀਆਂ ਵਿਚ ਪਰਮੇਸ਼ੁਰ ਨੇ ਇਸਰਾਏਲ ਕੌਮ ਨੂੰ ਕਿਹਾ ਸੀ: “ਮੈਂ ਯਹੋਵਾਹ ਹਾਂ, ਮੈਂ ਬਦਲਿਆ ਨਹੀਂ ਹਾਂ।” (ਮਲਾਕੀ 3:6, ਈਜ਼ੀ ਟੂ ਰੀਡ ਵਰਯਨ) ਇਸ ਤੋਂ ਕੁਝ 500 ਸਾਲ ਬਾਅਦ ਯਾਕੂਬ ਨੇ ਲਿਖਿਆ: “[ਪਰਮੇਸ਼ੁਰ] ਦੇ ਵਿੱਚ ਨਾ ਬਦਲ ਅਤੇ ਨਾ ਉਹ ਪਰਛਾਵਾਂ ਹੋ ਸੱਕਦਾ ਜਿਹੜਾ ਘੁੰਮਣ ਨਾਲ ਪੈਂਦਾ ਹੈ।” (ਯਾਕੂਬ 1:17) ਪਰਮੇਸ਼ੁਰ ਜੇ ਬਦਲਦਾ ਨਹੀਂ ਹੈ, ਤਾਂ ਫਿਰ ਕਈ ਲੋਕ ਇਹ ਕਿਉਂ ਕਹਿੰਦੇ ਹਨ ਕਿ ਬਾਈਬਲ ਦੀਆਂ ਇਬਰਾਨੀ ਪੋਥੀਆਂ ਵਿਚ ਜਿਸ ਰੱਬ ਦੀ ਗੱਲ ਕੀਤੀ ਗਈ ਹੈ ਉਹ ਯੂਨਾਨੀ ਪੋਥੀਆਂ ਵਾਲੇ ਰੱਬ ਤੋਂ ਵੱਖਰਾ ਹੈ?

ਅਸਲ ਗੱਲ ਇਹ ਹੈ ਕਿ ਬਾਈਬਲ ਦੇ ਵੱਖ-ਵੱਖ ਹਿੱਸੇ ਪਰਮੇਸ਼ੁਰ ਦੇ ਵੱਖ-ਵੱਖ ਗੁਣਾਂ ਨੂੰ ਜ਼ਾਹਰ ਕਰਦੇ ਹਨ। ਉਤਪਤ ਦੀ ਪੋਥੀ ਦੀ ਹੀ ਮਿਸਾਲ ਲੈ ਲਓ। ਇਸ ਵਿਚ ਪਰਮੇਸ਼ੁਰ ਦੇ ਕਈ ਗੁਣ ਜ਼ਾਹਰ ਕੀਤੇ ਗਏ ਹਨ। ਇਸ ਵਿਚ ਪਰਮੇਸ਼ੁਰ ਬਾਰੇ ਲਿਖਿਆ ਹੈ: “ਉਹ ਮਨ ਵਿੱਚ ਦੁਖੀ ਹੋਇਆ,” ਉਹ ‘ਅਕਾਸ਼ ਅਰ ਧਰਤੀ ਦਾ ਮਾਲਕ’ ਹੈ ਅਤੇ “ਸਾਰੀ ਧਰਤੀ ਦਾ ਨਿਆਈ” ਉਹੀ ਹੈ। (ਉਤਪਤ 6:6; 14:22; 18:26) ਕੀ ਇਹ ਸਭ ਗੱਲਾਂ ਇੱਕੋ ਪਰਮੇਸ਼ੁਰ ਵੱਲ ਇਸ਼ਾਰਾ ਕਰਦੀਆਂ ਹਨ? ਹਾਂ।

ਮਿਸਾਲ ਲਈ: ਕਚਹਿਰੀ ਵਿਚ ਇਕ ਜੱਜ ਨੂੰ ਮਿਲਣ ਵਾਲੇ ਲੋਕ ਸ਼ਾਇਦ ਉਸ ਨੂੰ ਸਿਰਫ਼ ਅਸੂਲਾਂ ਦੇ ਪੱਕੇ ਇਨਸਾਨ ਵਜੋਂ ਜਾਣਦੇ ਹਨ। ਲੇਕਿਨ ਉਸ ਦੇ ਨਿਆਣੇ ਉਸ ਨੂੰ ਖੁੱਲ੍ਹੇ ਦਿਲ ਅਤੇ ਪਿਆਰੇ ਪਿਤਾ ਵਜੋਂ ਜਾਣਦੇ ਹਨ ਤੇ ਉਸ ਦੇ ਦੋਸਤ ਉਸ ਨੂੰ ਉਸ ਦੇ ਦੋਸਤਾਨਾ ਅਤੇ ਮਜ਼ਾਕੀਆ ਸੁਭਾਅ ਤੋਂ ਜਾਣਦੇ ਹਨ। ਪਰ ਜੱਜ, ਪਿਤਾ ਅਤੇ ਦੋਸਤ ਇਹ ਸਾਰੇ ਇੱਕੋ ਹੀ ਇਨਸਾਨ ਹਨ। ਗੱਲ ਸਿਰਫ਼ ਇੰਨੀ ਹੈ ਕਿ ਵੱਖ-ਵੱਖ ਹਾਲਾਤਾਂ ਵਿਚ ਉਸ ਦੇ ਵੱਖ-ਵੱਖ ਗੁਣ ਮੁਹਰੇ ਆਉਂਦੇ ਹਨ।

ਇੱਦਾਂ ਹੀ ਬਾਈਬਲ ਦਾ ਇਬਰਾਨੀ ਹਿੱਸਾ ਯਹੋਵਾਹ ਦੇ ਤਰ੍ਹਾਂ-ਤਰ੍ਹਾਂ ਦੇ ਗੁਣਾਂ ਨੂੰ ਜ਼ਾਹਰ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” ਇਸ ਹਿੱਸੇ ਵਿਚ ਅਸੀਂ ਇਹ ਵੀ ਸਿੱਖਦੇ ਹਾਂ ਕਿ ਉਹ “ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਕੂਚ 34:6, 7) ਯਹੋਵਾਹ ਦੇ ਇਹ ਗੁਣ ਉਸ ਦੇ ਨਾਮ ਦੇ ਅਰਥ ਤੇ ਰੌਸ਼ਨੀ ਪਾਉਂਦੇ ਹਨ। ਉਸ ਦੇ ਨਾਮ ਦਾ ਅਰਥ ਹੈ: “ਉਹ ਕਰਨ ਅਤੇ ਕਰਾਉਣ ਵਾਲਾ ਬਣਦਾ ਹੈ।” ਉਹ ਜੋ ਵੀ ਵਾਅਦਾ ਕਰਦਾ ਹੈ, ਉਸ ਨੂੰ ਉਹ ਪੂਰਾ ਕਰ ਕੇ ਹੀ ਰਹਿੰਦਾ ਹੈ। (ਕੂਚ 3:13-15) ਉਹ ਕਦੇ ਬਦਲਦਾ ਨਹੀਂ। ਯਿਸੂ ਨੇ ਕਿਹਾ ਸੀ: “[ਯਹੋਵਾਹ] ਸਾਡਾ ਪਰਮੇਸ਼ੁਰ ਇੱਕੋ [ਯਹੋਵਾਹ] ਹੈ।”—ਮਰਕੁਸ 12:29.

ਕੀ ਇਬਰਾਨੀ ਪੋਥੀਆਂ ਦੀ ਜਗ੍ਹਾ ਕਿਸੇ ਹੋਰ ਪੋਥੀਆਂ ਨੇ ਲੈ ਲਈ ਹੈ?

ਕਿਤਾਬਾਂ ਵਿਚ ਇਨਸਾਨਾਂ ਦੀ ਰਾਇ ਅਤੇ ਵਿਚਾਰ ਪਾਏ ਜਾਂਦੇ ਹਨ ਜੋ ਮੌਸਮ ਵਾਂਗ ਬਦਲਦੇ ਰਹਿੰਦੇ ਹਨ। ਇਸ ਲਈ ਇਕ ਕਿਤਾਬ ਦੀ ਜਗ੍ਹਾ ਕਿਸੇ ਹੋਰ ਕਿਤਾਬ ਨੇ ਲੈ ਲੈਣੀ ਕੋਈ ਅਨੋਖੀ ਗੱਲ ਨਹੀਂ ਹੈ। ਪਰ ਕੀ ਇਹ ਗੱਲ ਇਬਰਾਨੀ ਅਤੇ ਯੂਨਾਨੀ ਪੋਥੀਆਂ ਬਾਰੇ ਵੀ ਕਹੀ ਜਾ ਸਕਦੀ ਹੈ? ਹਰਗਿਜ਼ ਨਹੀਂ।

ਜੇ ਇਬਰਾਨੀ ਪੋਥੀਆਂ ਦੀ ਜਗ੍ਹਾ ਯੂਨਾਨੀ ਪੋਥੀਆਂ ਨੇ ਲੈਣੀ ਸੀ, ਤਾਂ ਇਸ ਬਾਰੇ ਯਿਸੂ ਨੇ ਜ਼ਰੂਰ ਕੁਝ ਕਹਿਣਾ ਸੀ। ਯਿਸੂ ਦੇ ਸਵਰਗ ਜਾਣ ਤੋਂ ਥੋੜ੍ਹਾ ਕੁ ਸਮਾਂ ਪਹਿਲਾਂ ਲੂਕਾ ਨੇ ਉਸ ਬਾਰੇ ਲਿਖਿਆ: “ਮੂਸਾ ਅਰ [ਇਬਰਾਨੀ ਪੋਥੀਆਂ ਦੇ] ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਸ ਨੇ [ਆਪਣੇ ਦੋ ਚੇਲਿਆਂ] ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।” ਫਿਰ ਜਦ ਯਿਸੂ ਨੇ ਆਪਣੇ ਚੇਲਿਆਂ ਅਤੇ ਕੁਝ ਹੋਰ ਲੋਕਾਂ ਨੂੰ ਦਰਸ਼ਣ ਦਿੱਤਾ “ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਏਹ ਮੇਰੀਆਂ ਓਹੋ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆਂ ਤੁਹਾਨੂੰ ਆਖੀਆਂ ਭਈ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੇ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ।” (ਲੂਕਾ 24:27, 44) ਭਲਾ, ਜੇ ਇਬਰਾਨੀ ਪੋਥੀਆਂ ਦੀ ਕੋਈ ਲੋੜ ਨਹੀਂ ਰਹੀ ਸੀ, ਤਾਂ ਯਿਸੂ ਇਨ੍ਹਾਂ ਪੋਥੀਆਂ ਵਿੱਚੋਂ ਆਪਣੀ ਸੇਵਕਾਈ ਦੇ ਅੰਤ ਤਕ ਹਵਾਲੇ ਕਿਉਂ ਦਿੰਦਾ ਰਿਹਾ?

ਮਸੀਹੀ ਕਲੀਸਿਯਾ ਸਥਾਪਿਤ ਹੋਣ ਤੋਂ ਬਾਅਦ ਵੀ ਯਿਸੂ ਦੇ ਚੇਲੇ ਇਬਰਾਨੀ ਪੋਥੀਆਂ ਵਰਤਦੇ ਰਹੇ। ਉਨ੍ਹਾਂ ਨੇ ਇਨ੍ਹਾਂ ਪੋਥੀਆਂ ਵਿੱਚੋਂ ਭਵਿੱਖ ਵਿਚ ਪੂਰੀਆਂ ਹੋਣ ਵਾਲੀਆਂ ਗੱਲਾਂ ਬਾਰੇ ਲੋਕਾਂ ਨੂੰ ਸਮਝਾਇਆ। ਉਨ੍ਹਾਂ ਨੇ ਮੂਸਾ ਦੀ ਬਿਵਸਥਾ ਵਿਚ ਪਾਏ ਜਾਂਦੇ ਅਸੂਲਾਂ ਦੀ ਅਹਿਮੀਅਤ ਨੂੰ ਸਮਝਾਇਆ। ਉਨ੍ਹਾਂ ਨੇ ਮਸੀਹੀਆਂ ਦੀ ਨਿਹਚਾ ਪੱਕੀ ਕਰਨ ਲਈ ਇਬਰਾਨੀ ਪੋਥੀਆਂ ਵਿੱਚੋਂ ਪਰਮੇਸ਼ੁਰ ਦੇ ਸੇਵਕਾਂ ਦੇ ਹਵਾਲੇ ਦਿੱਤੇ। (ਰਸੂਲਾਂ ਦੇ ਕਰਤੱਬ 2:16-21; 1 ਕੁਰਿੰਥੀਆਂ 9:9, 10; ਇਬਰਾਨੀਆਂ 11:1–12:1) ਪੌਲੁਸ ਰਸੂਲ ਨੇ ਲਿਖਿਆ, ‘ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਗੁਣਕਾਰ ਹੈ।’ * (2 ਤਿਮੋਥਿਉਸ 3:16) ਅੱਜ ਅਸੀਂ ਇਬਰਾਨੀ ਪੋਥੀਆਂ ਤੋਂ ਕਿਵੇਂ ਲਾਭ ਉਠਾ ਸਕਦੇ ਹਾਂ?

ਚੰਗੀ ਸਲਾਹ

ਪੱਖਪਾਤ ਅੱਜ ਇਕ ਗੁੰਝਲਦਾਰ ਸਮੱਸਿਆ ਹੈ। ਇਥੋਪੀਆ ਤੋਂ 21 ਸਾਲਾਂ ਦਾ ਬੰਦਾ ਹੁਣ ਪੂਰਬੀ ਯੂਰਪ ਦੇ ਇਕ ਸ਼ਹਿਰ ਵਿਚ ਰਹਿੰਦਾ ਹੈ। ਉੱਥੇ ਇਥੋਪੀਆ ਦੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਉਹ ਕਹਿੰਦਾ ਹੈ: “ਸਾਡੇ ਵਿੱਚੋਂ ਜੇ ਕੋਈ ਬਾਹਰ ਕਿਸੇ ਕੰਮ ਲਈ ਜਾਣਾ ਚਾਹੁੰਦਾ ਹੈ, ਤਾਂ ਉਹ ਇਕੱਲਾ ਨਹੀਂ ਜਾਂਦਾ, ਸਗੋਂ ਇਕ ਟੋਲੇ ਵਿਚ ਜਾਂਦੇ ਹੈ ਤਾਂਕਿ ਕੋਈ ਉਸ ਤੇ ਹਮਲਾ ਨਾ ਕਰ ਸਕੇ।” ਅੱਗੇ ਉਸ ਨੇ ਕਿਹਾ: “ਛੇ ਵਜੇ ਤੋਂ ਬਾਅਦ ਮੈਟਰੋ ਤਾਂ ਇਕ ਪਾਸੇ, ਅਸੀਂ ਘਰ ਦੇ ਬਾਹਰ ਤਕ ਨਹੀਂ ਜਾ ਸਕਦੇ। ਜਦ ਵੀ ਕੋਈ ਸਾਡੇ ਵੱਲ ਦੇਖਦਾ ਹੈ, ਤਾਂ ਉਸ ਨੂੰ ਸਾਡੇ ਰੰਗ ਤੋਂ ਅੱਗੇ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ।” ਕੀ ਇਬਰਾਨੀ ਪੋਥੀਆਂ ਇਸ ਸਮੱਸਿਆ ਦਾ ਕੋਈ ਹੱਲ ਦੱਸਦੀਆਂ ਹਨ?

ਇਸਰਾਏਲੀਆਂ ਨੂੰ ਪਰਮੇਸ਼ੁਰ ਨੇ ਕਿਹਾ ਸੀ ਕਿ “ਜੇ ਕਦੀ ਓਪਰਾ ਤੇਰੇ ਨਾਲ ਤੁਹਾਡੇ ਦੇਸ ਵਿੱਚ ਵੱਸੇ ਤਾਂ ਤੁਸਾਂ ਉਸ ਨੂੰ ਦੁਖ ਨਾ ਦੇਣਾ। ਪਰ ਜਿਹੜਾ ਓਪਰਾ ਤੁਹਾਡੇ ਵਿੱਚ ਵੱਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ।” (ਲੇਵੀਆਂ 19:33, 34) ਪਰਮੇਸ਼ੁਰ ਨੇ ਜੋ ਹੁਕਮ ਇਸਰਾਏਲੀਆਂ ਨੂੰ ਦਿੱਤੇ ਸਨ ਉਨ੍ਹਾਂ ਵਿੱਚੋਂ ਇਕ ਸੀ ਕਿ ਉਹ ‘ਓਪਰਿਆਂ’ ਜਾਂ ਵਿਦੇਸ਼ੀਆਂ ਨੂੰ ਆਪਣੇ ਜਿਹਾ ਪਿਆਰ ਕਰਨ। ਇਹ ਹੁਕਮ ਇਬਰਾਨੀ ਪੋਥੀਆਂ ਵਿਚ ਪਾਇਆ ਜਾਂਦਾ ਹੈ। ਇਸ ਹੁਕਮ ਵਿਚ ਪਾਏ ਜਾਂਦੇ ਅਸੂਲ ਤੇ ਚੱਲ ਕੇ ਅਸੀਂ ਪੱਖਪਾਤ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।

ਇਬਰਾਨੀ ਪੋਥੀਆਂ ਪੈਸੇ ਸੰਬੰਧੀ ਬਹੁਤਾ ਕੁਝ ਤਾਂ ਨਹੀਂ ਕਹਿੰਦੀਆਂ, ਪਰ ਇਨ੍ਹਾਂ ਤੋਂ ਅਸੀਂ ਪੈਸੇ ਨੂੰ ਸਮਝਦਾਰੀ ਨਾਲ ਵਰਤਣ ਬਾਰੇ ਕੁਝ ਸਿੱਖ ਸਕਦੇ ਹਾਂ। ਮਿਸਾਲ ਲਈ, ਕਹਾਉਤਾਂ 22:7 ਵਿਚ ਲਿਖਿਆ ਹੈ: “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” ਪੈਸੇ ਬਾਰੇ ਸਲਾਹ ਦੇਣ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਉਧਾਰ ਪੈਸੇ ਲੈ ਕੇ ਫ਼ਜ਼ੂਲ ਖ਼ਰਚ ਕਰਨ ਨਾਲ ਇਨਸਾਨ ਕੰਗਾਲ ਹੋ ਜਾਂਦਾ ਹੈ।

ਅੱਜ ਇਹ ਦੁਨੀਆਂ ਪੈਸੇ ਦੀ ਪੂਜਾਰਣ ਹੈ ਅਤੇ ਲੋਕ ਹਰ ਕੀਮਤ ਤੇ ਅਮੀਰ ਹੋਣਾ ਚਾਹੁੰਦੇ ਹਨ। ਉਨ੍ਹਾਂ ਬਾਰੇ ਸੁਲੇਮਾਨ ਨਾਂ ਦੇ ਬੇਹੱਦ ਅਮੀਰ ਰਾਜੇ ਨੇ ਕਿਹਾ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ, ਇਹ ਵੀ ਵਿਅਰਥ ਹੈ।” (ਉਪਦੇਸ਼ਕ ਦੀ ਪੋਥੀ 5:10) ਇਸ ਆਇਤ ਤੋਂ ਸਾਨੂੰ ਕਿੰਨਾ ਲਾਭ ਹੋ ਸਕਦਾ ਹੈ!

ਭਵਿੱਖ ਲਈ ਆਸ

ਸਾਰੀ ਬਾਈਬਲ ਇੱਕੋ ਲੜੀ ਵਿਚ ਪਰੋਈਂ ਹੋਈ ਹੈ। ਇਹ ਲੜੀ ਹੈ ਪਰਮੇਸ਼ੁਰ ਦਾ ਰਾਜ। ਇਸ ਦਾ ਰਾਜਾ ਯਿਸੂ ਮਸੀਹ ਹੈ ਅਤੇ ਇਸ ਰਾਜ ਦੇ ਜ਼ਰੀਏ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਤੇ ਖੜ੍ਹੇ ਕੀਤੇ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਅਤੇ ਪਰਮੇਸ਼ੁਰ ਦੇ ਨਾਮ ਨੂੰ ਉੱਚਾ ਕੀਤਾ ਜਾਵੇਗਾ।—ਦਾਨੀਏਲ 2:44; ਪਰਕਾਸ਼ ਦੀ ਪੋਥੀ 11:15.

ਬਾਈਬਲ ਦੇ ਇਬਰਾਨੀ ਹਿੱਸੇ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਰਾਜ ਅਧੀਨ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਮਿਸਾਲ ਲਈ, ਯਸਾਯਾਹ ਨਬੀ ਨੇ ਦੱਸਿਆ ਕਿ ਪਰਮੇਸ਼ੁਰ ਦੇ ਰਾਜ ਅਧੀਨ ਇਨਸਾਨ ਅਤੇ ਜਾਨਵਰ ਆਪਸ ਵਿਚ ਸ਼ਾਂਤੀ ਨਾਲ ਰਹਿਣਗੇ। ਉਸ ਨੇ ਲਿਖਿਆ: “ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ।” (ਯਸਾਯਾਹ 11:6-8) ਇਹੋ ਜਿਹੀਆਂ ਗੱਲਾਂ ਤੋਂ ਸਾਨੂੰ ਦਿਲਾਸਾ ਮਿਲਦਾ ਹੈ। ਇਹ ਦਿਲਾਸਾ ਦੇਣ ਵਾਲਾ ਕੋਈ ਹੋਰ ਨਹੀਂ, ਸਗੋਂ ਯਹੋਵਾਹ ਪਰਮੇਸ਼ੁਰ ਹੈ ਜਿਸ ਕਰਕੇ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਉਹੀ ਸਾਨੂੰ ਇਸ ਸੋਹਣੇ ਭਵਿੱਖ ਦੀ ਆਸ ਦਿੰਦਾ ਹੈ।

ਇਬਰਾਨੀ ਪੋਥੀਆਂ ਤੋਂ ਉਨ੍ਹਾਂ ਨੂੰ ਕੀ ਆਸ ਮਿਲਦੀ ਹੈ ਜੋ ਪੱਖਪਾਤ ਦਾ ਸਾਮ੍ਹਣਾ ਕਰਦੇ ਹਨ, ਬੀਮਾਰੀ ਦਾ ਦੁੱਖ ਸਹਿੰਦੇ ਹਨ ਅਤੇ ਕਰਜ਼ਿਆਂ ਹੇਠ ਦੱਬੇ ਹੋਏ ਹਨ? ਇਬਰਾਨੀ ਪੋਥੀਆਂ ਵਿਚ ਯਿਸੂ ਮਸੀਹ ਬਾਰੇ ਕਿਹਾ ਗਿਆ ਹੈ ਕਿ ਉਹ “ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗ਼ਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।” (ਜ਼ਬੂਰਾਂ ਦੀ ਪੋਥੀ 72:12, 13) ਇਹ ਕੋਈ ਖ਼ਿਆਲੀ ਗੱਲਾਂ ਨਹੀਂ ਹਨ, ਬਲਕਿ ਇਹ ਪਰਮੇਸ਼ੁਰ ਦੇ ਵਾਅਦੇ ਹਨ ਜੋ ਪੂਰੇ ਹੋ ਕੇ ਹੀ ਰਹਿਣਗੇ। ਇਨ੍ਹਾਂ ਤੇ ਭਰੋਸਾ ਰੱਖਣ ਵਾਲਿਆਂ ਨੂੰ ਭਵਿੱਖ ਲਈ ਪੱਕੀ ਆਸ ਮਿਲਦੀ ਹੈ।—ਇਬਰਾਨੀਆਂ 11:6.

ਤਾਹੀਓਂ ਪੌਲੁਸ ਰਸੂਲ ਨੇ ਕਿਹਾ ਸੀ ਕਿ “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਇਬਰਾਨੀ ਪੋਥੀਆਂ ਬਾਈਬਲ ਦਾ ਅਟੁੱਟ ਹਿੱਸਾ ਹਨ। ਇਨ੍ਹਾਂ ਤੋਂ ਅਸੀਂ ਅੱਜ ਵੀ ਲਾਭ ਉਠਾ ਸਕਦੇ ਹਾਂ। ਸਾਡੀ ਇਹ ਦਿਲੀ ਇੱਛਾ ਹੈ ਕਿ ਤੁਸੀਂ ਪੂਰੀ ਦੀ ਪੂਰੀ ਬਾਈਬਲ ਦਾ ਗਿਆਨ ਲੈਂਦੇ ਰਹੋਗੇ ਅਤੇ ਇਸ ਦੇ ਲੇਖਕ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਦੇ ਰਹੋਗੇ।—ਜ਼ਬੂਰਾਂ ਦੀ ਪੋਥੀ 119:111, 112.

[ਫੁਟਨੋਟ]

^ ਪੈਰਾ 4 ਇਸ ਲੇਖ ਵਿਚ ਪੁਰਾਣੇ ਨੇਮ ਦਾ ਭਾਵ ਹੈ ਬਾਈਬਲ ਦਾ ਇਬਰਾਨੀ ਹਿੱਸਾ। (ਸਫ਼ੇ 6 ਉੱਤੇ “ਪੁਰਾਣਾ ਨੇਮ ਜਾਂ ਇਬਰਾਨੀ ਪੋਥੀਆਂ?” ਨਾਮ ਦੀ ਡੱਬੀ ਦੇਖੋ।) ਯਹੋਵਾਹ ਦੇ ਗਵਾਹ ਬਾਈਬਲ ਦੇ ਨਵੇਂ ਨੇਮ ਨੂੰ ਯੂਨਾਨੀ ਪੋਥੀਆਂ ਕਹਿੰਦੇ ਹਨ।

^ ਪੈਰਾ 13 ਇਬਰਾਨੀ ਪੋਥੀਆਂ ਵਿਚ ਪਾਏ ਜਾਂਦੇ ਕਈ ਅਸੂਲਾਂ ਤੋਂ ਅਸੀਂ ਅੱਜ ਵੀ ਲਾਭ ਉਠਾ ਸਕਦੇ ਹਾਂ। ਪਰ ਮਸੀਹੀਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਅੱਜ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਾਂ ਜੋ ਪਰਮੇਸ਼ੁਰ ਨੇ ਇਸਰਾਏਲ ਕੌਮ ਨੂੰ ਦਿੱਤੀ ਸੀ।

[ਸਫ਼ਾ 6 ਉੱਤੇ ਡੱਬੀ]

ਪੁਰਾਣਾ ਨੇਮ ਜਾਂ ਇਬਰਾਨੀ ਪੋਥੀਆਂ?

ਆਮ ਕਰਕੇ ਬਾਈਬਲ ਦੀਆਂ ਪਹਿਲੀਆਂ 39 ਪੋਥੀਆਂ ਨੂੰ ‘ਪੁਰਾਣਾ ਨੇਮ’ ਕਿਹਾ ਜਾਂਦਾ ਹੈ। ਇਹ ਸ਼ਬਦ 2 ਕੁਰਿੰਥੀਆਂ 3:14 ਵਿਚ ਪਾਏ ਜਾਂਦੇ ਹਨ। ਇੱਥੇ “ਨੇਮ” ਸ਼ਬਦ ਇਬਰਾਨੀ ਸ਼ਬਦ ਡਿਅਥਕੀ ਦਾ ਤਰਜਮਾ ਹੈ। ਪੌਲੁਸ ਇਸ ਆਇਤ ਵਿਚ ਬਾਈਬਲ ਦੀਆਂ ਸਾਰੀਆਂ ਇਬਰਾਨੀ ਪੋਥੀਆਂ ਬਾਰੇ ਗੱਲ ਨਹੀਂ ਕਰ ਰਿਹਾ ਸੀ। ਚਲੋ ਆਓ ਦੇਖੀਏ ਕਿ “ਨੇਮ” ਸ਼ਬਦ ਨਾਲ ਉਸ ਦਾ ਕੀ ਭਾਵ ਸੀ।

ਕੋਸ਼ਕਾਰ ਐਡਵਰਡ ਰਾਬਿਨਸਨ ਨੇ ਕਿਹਾ: ‘ਪੁਰਾਣਾ ਨੇਮ ਮੂਸਾ ਦੀਆਂ ਲਿਖੀਆਂ ਬਾਈਬਲ ਦੀਆਂ ਪਹਿਲੀਆਂ ਪੰਜ ਪੋਥੀਆਂ ਵਿਚ ਪਾਇਆ ਜਾਂਦਾ ਹੈ। ਡਿਅਥਕੀ ਦਾ ਮਤਲਬ ਨੇਮ ਹੈ ਜੋ ਮੂਸਾ ਦੀ ਬਿਵਸਥਾ ਵਿਚ ਹੈ।’ 2 ਕੁਰਿੰਥੀਆਂ 3:14 ਵਿਚ ਪੌਲੁਸ ਰਸੂਲ ਮੂਸਾ ਦੀ ਬਿਵਸਥਾ ਦੀ ਗੱਲ ਕਰ ਰਿਹਾ ਸੀ ਜੋ ਇਬਰਾਨੀ ਪੋਥੀਆਂ ਦਾ ਸਿਰਫ਼ ਇਕ ਹਿੱਸਾ ਹੈ।

ਤਾਂ ਫਿਰ ਸਵਾਲ ਉੱਠਦਾ ਹੈ ਕਿ ਬਾਈਬਲ ਦੀਆਂ ਪਹਿਲੀਆਂ 39 ਪੋਥੀਆਂ ਨੂੰ ਕੀ ਨਾਮ ਦਿੱਤਾ ਜਾਣਾ ਚਾਹੀਦਾ ਹੈ? ਇੱਦਾਂ ਕਹਿਣ ਦੀ ਬਜਾਇ ਕਿ ਬਾਈਬਲ ਦੀਆਂ ਇਹ ਪੋਥੀਆਂ ਪੁਰਾਣੀਆਂ ਹਨ ਜਿਨ੍ਹਾਂ ਨੂੰ ਪੜ੍ਹਨਾ ਬੇਮਤਲਬ ਹੈ, ਯਿਸੂ ਤੇ ਉਸ ਦੇ ਚੇਲਿਆਂ ਨੇ ਇਸ ਹਿੱਸੇ ਨੂੰ ਪਰਮੇਸ਼ੁਰ ਦੀਆਂ “ਲਿਖਤਾਂ” ਅਤੇ “ਧਰਮ ਪੁਸਤਕ” ਕਿਹਾ ਸੀ। (ਮੱਤੀ 21:42; ਰੋਮੀਆਂ 1:2) ਇਹ ਗੱਲਾਂ ਧਿਆਨ ਵਿਚ ਰੱਖਦੇ ਹੋਏ ਯਹੋਵਾਹ ਦੇ ਗਵਾਹ ਇਨ੍ਹਾਂ ਪੋਥੀਆਂ ਨੂੰ ਪੁਰਾਣਾ ਨੇਮ ਕਹਿਣ ਦੀ ਬਜਾਇ ਇਬਰਾਨੀ ਪੋਥੀਆਂ ਕਹਿੰਦੇ ਹਨ ਕਿਉਂਕਿ ਬਾਈਬਲ ਦਾ ਇਹ ਹਿੱਸਾ ਜ਼ਿਆਦਾਤਰ ਇਬਰਾਨੀ ਭਾਸ਼ਾ ਵਿਚ ਲਿਖਿਆ ਗਿਆ ਸੀ। ਇਸੇ ਤਰ੍ਹਾਂ ਯਹੋਵਾਹ ਦੇ ਗਵਾਹ ਬਾਈਬਲ ਦੇ ਯੂਨਾਨੀ ਹਿੱਸੇ ਨੂੰ ਨਵਾਂ ਨੇਮ ਕਹਿਣ ਦੀ ਬਜਾਇ ਯੂਨਾਨੀ ਪੋਥੀਆਂ ਕਹਿੰਦੇ ਹਨ। ਇਹ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਨੇ ਬਾਈਬਲ ਦਾ ਇਹ ਹਿੱਸਾ ਯੂਨਾਨੀ ਭਾਸ਼ਾ ਵਿਚ ਲਿਖਵਾਇਆ ਸੀ।

[ਸਫ਼ਾ 4 ਉੱਤੇ ਤਸਵੀਰਾਂ]

ਇੱਕੋ ਆਦਮੀ ਅਸੂਲਾਂ ਦਾ ਪੱਕਾ ਜੱਜ, ਪਿਆਰਾ ਪਿਤਾ ਅਤੇ ਇਕ ਦੋਸਤ ਵਜੋਂ ਜਾਣਿਆ ਜਾ ਸਕਦਾ ਹੈ

[ਸਫ਼ਾ 5 ਉੱਤੇ ਤਸਵੀਰ]

ਯਿਸੂ ਨੇ ਆਪਣੀ ਸੇਵਕਾਈ ਦੌਰਾਨ ਇਬਰਾਨੀ ਪੋਥੀਆਂ ਵਿੱਚੋਂ ਹਵਾਲੇ ਦਿੱਤੇ ਸਨ

[ਸਫ਼ਾ 7 ਉੱਤੇ ਤਸਵੀਰਾਂ]

ਬਾਈਬਲ ਦੇ ਕਿਹੜੇ ਅਸੂਲ ਚੰਗੇ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ?