Skip to content

Skip to table of contents

ਆਪਣੇ ਬੱਚਿਆਂ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਬਿਠਾਓ

ਆਪਣੇ ਬੱਚਿਆਂ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਬਿਠਾਓ

ਆਪਣੇ ਬੱਚਿਆਂ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਬਿਠਾਓ

ਅੱਜ ਦੀ ਦੁਨੀਆਂ ਵਿਚ ਯਹੋਵਾਹ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਕਾਇਮ ਕਰਨਾ ਬਹੁਤ ਮੁਸ਼ਕਲ ਹੈ। (ਜ਼ਬੂਰਾਂ ਦੀ ਪੋਥੀ 16:8) ਜਿਵੇਂ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਭੈੜੇ ਸਮੇਂ” ਆ ਜਾਣਗੇ ਤੇ ਅੱਜ ਅਸੀਂ ਇਨ੍ਹਾਂ ਸਮਿਆਂ ਵਿਚ ਰਹਿ ਰਹੇ ਹਾਂ ਜਿੱਥੇ ਜ਼ਿਆਦਾਤਰ ਲੋਕ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਹਨ। (2 ਤਿਮੋਥਿਉਸ 3:1-5) ਜੀ ਹਾਂ, ਦੁਨੀਆਂ ਵਿਚ ਪਰਮੇਸ਼ੁਰ ਲਈ ਸੱਚਾ ਪਿਆਰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।

ਆਪਣੇ ਬੱਚਿਆਂ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਬਿਠਾਉਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਵਾਸਤੇ ਸਾਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ। ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?

ਦਿਲ ਖੋਲ੍ਹ ਕੇ ਗੱਲ ਕਰੋ

ਅਸੀਂ ਤਾਂ ਹੀ ਆਪਣੇ ਬੱਚਿਆਂ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਬਿਠਾ ਸਕਦੇ ਹਾਂ ਜੇ ਪਹਿਲਾਂ ਸਾਡੇ ਆਪਣੇ ਦਿਲ ਵਿਚ ਉਸ ਲਈ ਪਿਆਰ ਹੋਵੇ। (ਲੂਕਾ 6:40) ਬਾਈਬਲ ਵੀ ਇਸ ਗੱਲ ਨਾਲ ਸਹਿਮਤ ਹੈ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ ਅਤੇ ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ।”—ਬਿਵਸਥਾ ਸਾਰ 6:4-7.

ਅਸੀਂ ਆਪਣੇ ਬੱਚਿਆਂ ਦੇ ਦਿਲ ਵਿਚ ਪਿਆਰ ਕਿਵੇਂ ਬਿਠਾ ਸਕਦੇ ਹਾਂ? ਪਹਿਲਾਂ ਸਾਨੂੰ ਜਾਣਨ ਦੀ ਲੋੜ ਹੈ ਕਿ ਉਨ੍ਹਾਂ ਦੇ ਦਿਲ ਵਿਚ ਕੀ ਹੈ। ਫਿਰ ਸਾਨੂੰ ਉਨ੍ਹਾਂ ਨੂੰ ਦੱਸਣ ਦੀ ਲੋੜ ਹੈ ਕਿ ਸਾਡੇ ਦਿਲ ਵਿਚ ਕੀ ਹੈ।

ਇੰਮਊਸ ਨੂੰ ਜਾਂਦੀ ਸੜਕ ਤੇ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਉਤਸ਼ਾਹ ਦਿੱਤਾ ਸੀ। ਦੋਹਾਂ ਨੇ ਆਪਣੀਆਂ ਉਮੀਦਾਂ ਅਤੇ ਚਿੰਤਾਵਾਂ ਦੱਸੀਆਂ। ਬਾਅਦ ਵਿਚ ਉਨ੍ਹਾਂ ਨੇ ਕਿਹਾ: ‘ਜਾਂ ਉਹ ਸਾਡੇ ਨਾਲ ਗੱਲਾਂ ਕਰਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?’ ਇਹ ਦਿਲ ਖੋਲ੍ਹ ਕੇ ਗੱਲ ਕਰਨ ਦੀ ਵਧੀਆ ਮਿਸਾਲ ਹੈ। (ਲੂਕਾ 24:15-32) ਅਸੀਂ ਆਪਣੇ ਬੱਚਿਆਂ ਦੇ ਦਿਲ ਦੀ ਗੱਲ ਕਿਵੇਂ ਜਾਣ ਸਕਦੇ ਹਾਂ?

ਹਾਲ ਹੀ ਵਿਚ ਉਨ੍ਹਾਂ ਮਾਪਿਆਂ ਨੂੰ ਦਿਲ ਖੋਲ੍ਹ ਕੇ ਗੱਲ ਕਰਨ ਬਾਰੇ ਪੁੱਛਿਆ ਗਿਆ ਜਿਨ੍ਹਾਂ ਦੇ ਬੱਚੇ ਨੌਜਵਾਨ ਜਾਂ ਵੱਡੇ ਹੋ ਚੁੱਕੇ ਹਨ ਅਤੇ ਯਹੋਵਾਹ ਦੀ ਸੇਵਾ ਕਰ ਰਹੇ ਹਨ। ਮਿਸਾਲ ਲਈ, ਮੈਕਸੀਕੋ ਵਿਚ ਗਲੈੱਨ ਦੇ ਚਾਰੇ ਬੱਚੇ ਵੱਡੇ ਹੋ ਚੁੱਕੇ ਹਨ। * ਉਸ ਨੇ ਕਿਹਾ: “ਮਾਪਿਆਂ ਤੇ ਬੱਚਿਆਂ ਵਿਚ ਖੁੱਲ੍ਹੀ ਗੱਲਬਾਤ ਆਪਣੇ ਆਪ ਹੀ ਨਹੀਂ ਹੋ ਜਾਂਦੀ। ਇਸ ਲਈ ਮੈਂ ਤੇ ਮੇਰੀ ਪਤਨੀ ਨੇ ਫ਼ਜ਼ੂਲ ਕੰਮਾਂ ਵਿਚ ਸਮਾਂ ਬਰਬਾਦ ਕਰਨ ਦੀ ਬਜਾਇ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕੀਤੀ। ਜਦ ਸਾਡੇ ਨਿਆਣੇ ਕਿਸ਼ੋਰ ਉਮਰ ਵਿਚ ਸਨ ਉਦੋਂ ਵੀ ਅਸੀਂ ਉਨ੍ਹਾਂ ਨਾਲ ਕਈ ਵਾਰ ਬੈਠੇ ਦੇਰ ਸ਼ਾਮ ਤਕ ਗੱਲਾਂ ਕਰਦੇ ਰਹਿੰਦੇ ਸੀ। ਰੋਟੀ ਵੇਲੇ ਵੀ ਅਸੀਂ ਇੱਦਾਂ ਹੀ ਗੱਲਾਂ ਦਾ ਸਿਲਸਿਲਾ ਤੋਰ ਲੈਂਦੇ ਸੀ। ਕਈ ਕੁ ਵਾਰ ਸਾਨੂੰ ਇੱਦਾਂ ਉਨ੍ਹਾਂ ਦੀ ਕਿਸੇ ਮੁਸ਼ਕਲ ਬਾਰੇ ਪਤਾ ਲੱਗ ਜਾਂਦਾ ਸੀ ਤੇ ਉਨ੍ਹਾਂ ਨੂੰ ਅਹਿਸਾਸ ਹੋਣ ਤੋਂ ਬਿਨਾਂ ਹੀ ਅਸੀਂ ਉਨ੍ਹਾਂ ਦੇ ਗ਼ਲਤ ਖ਼ਿਆਲਾਂ ਨੂੰ ਸੁਧਾਰ ਦਿੰਦੇ ਸੀ।”

ਆਪਣੇ ਬੱਚਿਆਂ ਦੇ ਦਿਲ ਦੀ ਗੱਲ ਜਾਣਨ ਲਈ ਕਈ ਵਾਰ ਸਾਨੂੰ ਆਪਣੇ ਦਿਲ ਦੀ ਗੱਲ ਕਹਿਣੀ ਪੈਂਦੀ ਹੈ। ਯਿਸੂ ਨੇ ਕਿਹਾ: “ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ . . . ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਦੇ ਮੂੰਹ ਉੱਤੇ ਉਹੋ ਆਉਂਦਾ ਹੈ।” (ਲੂਕਾ 6:45) ਜਪਾਨ ਵਿਚ ਟੋਸ਼ੀਕੀ ਤਿੰਨ ਬੱਚਿਆਂ ਦਾ ਬਾਪ ਹੈ ਤੇ ਉਸ ਦੇ ਸਾਰੇ ਬੱਚੇ ਪਾਇਨੀਅਰ ਹਨ। ਉਹ ਦੱਸਦਾ ਹੈ: “ਮੈਂ ਉਨ੍ਹਾਂ ਨੂੰ ਕਈ ਵਾਰੀ ਦੱਸਿਆ ਕਿ ਮੈਂ ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਵਿਸ਼ਵਾਸ ਕਿਉਂ ਕਰਨ ਲੱਗਾ ਸੀ। ਮੈਂ ਸਮਝਾਇਆ ਕਿ ਮੈਨੂੰ ਕਿਉਂ ਯਕੀਨ ਹੈ ਕਿ ਬਾਈਬਲ ਦੀਆਂ ਗੱਲਾਂ ਸੱਚੀਆਂ ਹਨ ਤੇ ਸਾਡੇ ਲਈ ਇਸ ਦੀ ਸਲਾਹ ਸਭ ਤੋਂ ਵਧੀਆ ਹੈ।” ਮੈਕਸੀਕੋ ਵਿਚ ਸਿੰਡੀ ਦੱਸਦੀ ਹੈ: “ਮੇਰੇ ਪਤੀ ਹਮੇਸ਼ਾ ਬੱਚਿਆਂ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਸਨ। ਜਦ ਬੱਚਿਆਂ ਨੇ ਉਸ ਦੀਆਂ ਦਿਲੋਂ ਕਹੀਆਂ ਪ੍ਰਾਰਥਨਾਵਾਂ ਸੁਣੀਆਂ, ਤਾਂ ਉਨ੍ਹਾਂ ਨੂੰ ਵੀ ਯਕੀਨ ਹੋ ਗਿਆ ਕਿ ਯਹੋਵਾਹ ਹੈ।”

ਚੰਗੀ ਮਿਸਾਲ ਬਣੋ

ਸਾਡੀ ਕਹਿਣੀ ਤੋਂ ਜ਼ਿਆਦਾ ਸਾਡੀ ਕਰਨੀ ਤੋਂ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਨਾਲ ਕਿੰਨਾ ਕੁ ਪਿਆਰ ਕਰਦੇ ਹਾਂ। ਯਿਸੂ ਮਸੀਹ ਹਮੇਸ਼ਾ ਯਹੋਵਾਹ ਦੇ ਕਹਿਣੇ ਵਿਚ ਰਿਹਾ ਸੀ। ਇਸ ਤੋਂ ਲੋਕ ਦੇਖ ਸਕਦੇ ਸਨ ਕਿ ਉਹ ਪਰਮੇਸ਼ੁਰ ਨੂੰ ਕਿੰਨਾ ਪਿਆਰ ਕਰਦਾ ਸੀ। ਯਿਸੂ ਨੇ ਕਿਹਾ: “ਇਸ ਲਈ ਜੋ ਜਗਤ ਨੂੰ ਮਲੂਮ ਹੋਵੇ ਭਈ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਤਾਂ ਜਿਵੇਂ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ ਮੈਂ ਤਿਵੇਂ ਕਰਦਾ ਹਾਂ।”—ਯੂਹੰਨਾ 14:31.

ਗੇਰਥ ਨਾਂ ਦਾ ਪਿਤਾ ਵੇਲਜ਼ ਵਿਚ ਰਹਿਣ ਵਾਲਾ ਯਹੋਵਾਹ ਦਾ ਗਵਾਹ ਹੈ। ਉਸ ਨੇ ਕਿਹਾ: “ਸਾਨੂੰ ਆਪਣੀ ਮਿਸਾਲ ਰਾਹੀਂ ਆਪਣੇ ਬੱਚਿਆਂ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ ਤੇ ਇਹ ਵੀ ਕਿ ਅਸੀਂ ਉਸ ਦੇ ਰਾਹਾਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਮਿਸਾਲ ਲਈ, ਅਸੀਂ ਬਾਈਬਲ ਤੋਂ ਸਿੱਖਦੇ ਹਾਂ ਕਿ ਸਾਨੂੰ ਆਪਣੀਆਂ ਗ਼ਲਤੀਆਂ ਕਬੂਲ ਕਰਨੀਆਂ ਚਾਹੀਦੀਆਂ ਹਨ ਤੇ ਮੈਂ ਇੱਦਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹੁਣ ਮੇਰੇ ਨਿਆਣੇ ਵੀ ਇੱਦਾਂ ਹੀ ਕਰਨਾ ਚਾਹੁੰਦੇ ਹਨ।”

ਆਸਟ੍ਰੇਲੀਆ ਵਿਚ ਰਹਿਣ ਵਾਲਾ ਗ੍ਰੈਗ ਕਹਿੰਦਾ ਹੈ: “ਅਸੀਂ ਚਾਹੁੰਦੇ ਸੀ ਕਿ ਸਾਡੇ ਬੱਚੇ ਇਹ ਜਾਣਨ ਕਿ ਯਹੋਵਾਹ ਦੀ ਸੇਵਾ ਸਾਡੀ ਲਈ ਕਿੰਨੀ ਅਨਮੋਲ ਹੈ। ਤਾਹੀਓਂ ਕੋਈ ਵੀ ਕੰਮ ਜਾਂ ਮਨੋਰੰਜਨ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਇਹ ਦੇਖਦੇ ਸੀ ਕਿ ਮਸੀਹੀ ਹੋਣ ਦੇ ਨਾਤੇ ਸਾਡੀਆਂ ਜ਼ਿੰਮੇਵਾਰੀਆਂ ਉੱਤੇ ਇਸ ਦਾ ਕੀ ਅਸਰ ਪਵੇਗਾ। ਅਸੀਂ ਬਹੁਤ ਖ਼ੁਸ਼ ਹਾਂ ਕਿ ਹੁਣ ਸਾਡੀ 19 ਸਾਲਾਂ ਦੀ ਧੀ ਵੀ ਇਸੇ ਤਰ੍ਹਾਂ ਕਰਦੀ ਹੈ ਅਤੇ ਔਗਜ਼ੀਲਰੀ ਪਾਇਨੀਅਰੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਰਹੀ ਹੈ।”

ਬੱਚਿਆਂ ਨੂੰ ਪਰਮੇਸ਼ੁਰ ਦਾ ਗਿਆਨ ਦਿਓ

ਜਿਸ ਨੂੰ ਅਸੀਂ ਜਾਣਦੇ ਨਹੀਂ, ਉਸ ਨਾਲ ਅਸੀਂ ਪਿਆਰ ਜਾਂ ਉਸ ਉੱਤੇ ਭਰੋਸਾ ਕਿਵੇਂ ਰੱਖ ਸਕਦੇ ਹਾਂ? ਜਦ ਪੌਲੁਸ ਰਸੂਲ ਚਾਹੁੰਦਾ ਸੀ ਕਿ ਫ਼ਿਲਿੱਪੈ ਵਿਚ ਰਹਿੰਦੇ ਮਸੀਹੀਆਂ ਦਾ ਪਿਆਰ ਯਹੋਵਾਹ ਲਈ ਵਧੇ, ਤਾਂ ਉਸ ਨੇ ਲਿਖਿਆ: “ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ।” (ਫ਼ਿਲਿੱਪੀਆਂ 1:9) ਫਲਕੋਨੇਰਯੋ ਪੀਰੂ ਵਿਚ ਚਾਰ ਬੱਚਿਆਂ ਦਾ ਬਾਪ ਹੈ। ਉਹ ਕਹਿੰਦਾ ਹੈ: “ਨਿਆਣਿਆਂ ਦੀ ਨਿਹਚਾ ਪੱਕੀ ਕਰਨ ਲਈ ਉਨ੍ਹਾਂ ਨਾਲ ਬਾਈਬਲ ਪੜ੍ਹਨੀ ਤੇ ਸਟੱਡੀ ਕਰਨੀ ਬਹੁਤ ਜ਼ਰੂਰੀ ਹੈ। ਜਦ ਕਦੇ ਮੈਂ ਇੱਦਾਂ ਨਹੀਂ ਕਰਦਾ ਸੀ, ਤਾਂ ਪਰਮੇਸ਼ੁਰ ਲਈ ਉਨ੍ਹਾਂ ਦਾ ਪਿਆਰ ਠੰਢਾ ਪੈ ਜਾਂਦਾ ਸੀ।” ਆਸਟ੍ਰੇਲੀਆ ਤੋਂ ਗੈਰੀ ਕਹਿੰਦਾ ਹੈ: “ਮੈਂ ਅਕਸਰ ਆਪਣੇ ਬੱਚਿਆਂ ਨੂੰ ਦਿਖਾਉਂਦਾ ਹਾਂ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋ ਰਹੀਆਂ ਹਨ। ਮੈਂ ਉਨ੍ਹਾਂ ਨੂੰ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਦੇ ਫ਼ਾਇਦੇ ਵੀ ਦੱਸਦਾ ਹਾਂ। ਹਰ ਹਫ਼ਤੇ ਇਕੱਠੇ ਬਾਈਬਲ ਸਟੱਡੀ ਕਰਨ ਨਾਲ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ ਹੈ।”

ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਗਿਆਨ ਬਿਠਾਉਣ ਲਈ ਸ਼ਾਂਤ ਮਾਹੌਲ ਵਿਚ ਆਰਾਮ ਨਾਲ ਬੈਠ ਕੇ ਸਟੱਡੀ ਕਰਨੀ ਬੇਹੱਦ ਜ਼ਰੂਰੀ ਹੈ। ਇਸ ਤਰ੍ਹਾਂ ਉਹ ਸਟੱਡੀ ਦਾ ਮਜ਼ਾ ਲੈ ਸਕਣਗੇ। (ਯਾਕੂਬ 3:18) ਇੰਗਲੈਂਡ ਤੋਂ ਚਾਰ ਬੱਚਿਆਂ ਦੇ ਮਾਂ-ਬਾਪ ਪੌਲੀਨ ਤੇ ਸ਼ੌਨ ਦੱਸਦੇ ਹਨ: “ਬਾਈਬਲ ਸਟੱਡੀ ਦੌਰਾਨ ਅਸੀਂ ਕੋਸ਼ਿਸ਼ ਕੀਤੀ ਕਿ ਨਿਆਣਿਆਂ ਨੂੰ ਨਾ ਡਾਂਟੀਏ, ਉਦੋਂ ਵੀ ਜਦ ਉਹ ਥੋੜ੍ਹਾ-ਬਹੁਤਾ ਰੌਲਾ ਪਾਉਣ ਲੱਗ ਪੈਂਦੇ ਸਨ। ਅਸੀਂ ਵੱਖ-ਵੱਖ ਤਰੀਕਿਆਂ ਨਾਲ ਸਟੱਡੀ ਕਰਨ ਦੀ ਕੋਸ਼ਿਸ਼ ਕਰਦੇ ਸੀ। ਕਈ ਵਾਰ ਤਾਂ ਅਸੀਂ ਇਹ ਗੱਲ ਨਿਆਣਿਆਂ ਤੇ ਛੱਡ ਦਿੰਦੇ ਸੀ ਕਿ ਸਟੱਡੀ ਕਾਹਦੇ ਬਾਰੇ ਕਰੀਏ। ਕਈ ਵਾਰ ਅਸੀਂ ਉਹ ਵਿਡਿਓ ਵੀ ਦੇਖੇ ਜੋ ਯਹੋਵਾਹ ਦੇ ਸੰਗਠਨ ਨੇ ਬਣਾਏ ਹਨ। ਕਦੀ-ਕਦੀ ਅਸੀਂ ਵਿਚ-ਵਿਚ ਵਿਡਿਓ ਰੋਕ ਕੇ ਉਸ ਤੇ ਗੱਲਬਾਤ ਕਰਦੇ ਸੀ।” ਇੰਗਲੈਂਡ ਤੋਂ ਕਿਮ ਨਾਂ ਦੀ ਮਾਂ ਕਹਿੰਦੀ ਹੈ: “ਬੱਚਿਆਂ ਨਾਲ ਸਟੱਡੀ ਕਰਨ ਤੋਂ ਪਹਿਲਾਂ ਮੈਂ ਖ਼ੁਦ ਚੰਗੀ ਤਰ੍ਹਾਂ ਤਿਆਰੀ ਕਰਦੀ ਹਾਂ। ਇੱਦਾਂ ਮੈਂ ਉਨ੍ਹਾਂ ਨੂੰ ਅਜਿਹੇ ਸਵਾਲ ਕਰ ਪਾਉਂਦੀ ਹਾਂ ਜਿਨ੍ਹਾਂ ਦੇ ਉਨ੍ਹਾਂ ਨੂੰ ਜਵਾਬ ਸੋਚ-ਸਮਝ ਕੇ ਦੇਣੇ ਪੈਂਦੇ ਹਨ। ਇਕੱਠੇ ਸਟੱਡੀ ਕਰਨ ਨਾਲ ਸਾਨੂੰ ਬਹੁਤ ਮਜ਼ਾ ਆਉਂਦਾ ਹੈ। ਕਈ ਵਾਰੀ ਤਾਂ ਅਸੀਂ ਹੱਸ-ਹੱਸ ਦੋਹਰੇ ਹੋ ਜਾਂਦੇ ਹਾਂ।”

ਚੰਗੇ ਦੋਸਤਾਂ ਦੀ ਲੋੜ

ਸਾਡੇ ਬੱਚੇ ਯਹੋਵਾਹ ਨੂੰ ਪਿਆਰ ਅਤੇ ਉਸ ਦੀ ਭਗਤੀ ਤਾਂ ਹੀ ਕਰਨਗੇ ਜੇ ਉਹ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ। ਬੱਚਿਆਂ ਲਈ ਅਜਿਹੇ ਚੰਗੇ ਦੋਸਤ-ਮਿੱਤਰ ਲੱਭਣੇ, ਜਿਨ੍ਹਾਂ ਨਾਲ ਉਹ ਗੱਲਬਾਤ ਕਰ ਸਕਣ ਤੇ ਖੇਡ ਸਕਣ, ਸ਼ਾਇਦ ਸੌਖਾ ਨਾ ਹੋਵੇ। ਪਰ ਉਨ੍ਹਾਂ ਦੇ ਭਲੇ ਲਈ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ। ਸਾਨੂੰ ਉਨ੍ਹਾਂ ਨੂੰ ਹੋਰਨਾਂ ਯਹੋਵਾਹ ਦੇ ਗਵਾਹਾਂ ਨਾਲ ਮਿਲਾਉਣ ਦੇ ਮੌਕੇ ਭਾਲਣੇ ਚਾਹੀਦੇ ਹਨ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲਾਂ ਰੱਖਿਆ ਹੈ। ਪਰਮੇਸ਼ੁਰ ਦੇ ਅਜਿਹੇ ਜੋਸ਼ੀਲੇ ਸੇਵਕਾਂ ਨਾਲ ਉੱਠਣ-ਬੈਠਣ ਕਰਕੇ ਕਈ ਬੱਚਿਆਂ ਨੇ ਉਨ੍ਹਾਂ ਦੀ ਰੀਸ ਕੀਤੀ ਹੈ। ਇਕ ਮਿਸ਼ਨਰੀ ਭੈਣ ਨੇ ਕਿਹਾ: “ਮੇਰੇ ਮਾਪੇ ਕਈ ਵਾਰ ਪਾਇਨੀਅਰਾਂ ਨੂੰ ਰੋਟੀ ਤੇ ਘਰ ਬੁਲਾਉਂਦੇ ਸਨ। ਇਨ੍ਹਾਂ ਪਾਇਨੀਅਰਾਂ ਦੇ ਮੂੰਹਾਂ ਤੇ ਝਲਕਦਾ ਸੀ ਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਕਿੰਨੇ ਖ਼ੁਸ਼ ਸਨ ਤੇ ਮੈਂ ਵੀ ਉਨ੍ਹਾਂ ਵਾਂਗ ਖ਼ੁਸ਼ ਹੋਣਾ ਚਾਹੁੰਦੀ ਸੀ।”

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਬੱਚਿਆਂ ਉੱਤੇ ਚੰਗਾ ਹੀ ਨਹੀਂ ਬਲਕਿ ਮਾੜਾ ਅਸਰ ਵੀ ਪੈ ਸਕਦਾ ਹੈ। ਬੱਚਿਆਂ ਨੂੰ ਬੁਰੀ ਸੰਗਤ ਤੋਂ ਦੂਰ ਰੱਖਣਾ ਮਾਪਿਆਂ ਲਈ ਬਹੁਤ ਮੁਸ਼ਕਲ ਹੋ ਸਕਦਾ ਹੈ। (1 ਕੁਰਿੰਥੀਆਂ 15:33) ਨੌਜਵਾਨਾਂ ਨੂੰ ਸਿਖਾਉਣਾ ਕਿ ਉਹ ਉਨ੍ਹਾਂ ਲੋਕਾਂ ਤੋਂ ਦੂਰ ਰਹਿਣ ਜੋ ਨਾ ਤਾਂ ਯਹੋਵਾਹ ਨੂੰ ਪਿਆਰ ਕਰਦੇ ਹਨ ਤੇ ਨਾ ਹੀ ਉਸ ਨੂੰ ਜਾਣਦੇ ਹਨ, ਇਕ ਕਲਾ ਹੈ। (ਕਹਾਉਤਾਂ 13:20) ਸ਼ੌਨ ਦਾ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਸੀ। ਉਸ ਨੇ ਕਿਹਾ: “ਅਸੀਂ ਆਪਣੇ ਬੱਚਿਆਂ ਨੂੰ ਸਿਖਾਇਆ ਕਿ ਸਕੂਲੇ ਦੂਸਰੇ ਬੱਚਿਆਂ ਨਾਲ ਦੋਸਤੀ ਕਰਨੀ ਗ਼ਲਤ ਨਹੀਂ ਹੈ, ਪਰ ਇਸ ਦੋਸਤੀ ਨੂੰ ਸਕੂਲ ਤਕ ਹੀ ਰੱਖਣਾ ਚੰਗਾ ਹੋਵੇਗਾ। ਸਾਡੇ ਬੱਚੇ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਸਨ ਕਿ ਉਹ ਸਕੂਲ ਤੋਂ ਬਾਅਦ ਖੇਡਾਂ ਜਾਂ ਹੋਰਨਾਂ ਕੰਮਾਂ ਵਿਚ ਹਿੱਸਾ ਕਿਉਂ ਨਹੀਂ ਲੈ ਸਕਦੇ।”

ਸਿੱਖਿਆ ਦੇਣ ਦੇ ਲਾਭ

ਜੇ ਅਸੀਂ ਬੱਚਿਆਂ ਨੂੰ ਆਪਣੀ ਨਿਹਚਾ ਬਾਰੇ ਗੱਲ ਕਰਨੀ ਸਿਖਾਵਾਂਗੇ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਲਈ ਆਪਣਾ ਪਿਆਰ ਜ਼ਾਹਰ ਕਰਨ ਤੋਂ ਖ਼ੁਸ਼ੀ ਮਿਲੇਗੀ। ਅਮਰੀਕਾ ਵਿਚ ਰਹਿਣ ਵਾਲੇ ਮਾਰਕ ਨੇ ਕਿਹਾ: “ਅਸੀਂ ਚਾਹੁੰਦੇ ਸੀ ਕਿ ਸਾਡੇ ਮੁੰਡੇ ਸਿਰਫ਼ ਘਰ-ਘਰ ਪ੍ਰਚਾਰ ਕਰਨ ਵੇਲੇ ਹੀ ਨਹੀਂ, ਸਗੋਂ ਜਦ ਜੀਅ ਚਾਹੇ ਦੂਸਰਿਆਂ ਨਾਲ ਪਰਮੇਸ਼ੁਰ ਬਾਰੇ ਗੱਲਾਂ ਕਰਨ। ਸੋ ਜਦ ਅਸੀਂ ਕਿਤੇ ਘੁੰਮਣ-ਫਿਰਨ ਜਾਂਦੇ ਹਾਂ, ਤਾਂ ਅਸੀਂ ਆਪਣੇ ਨਾਲ ਬਾਈਬਲਾਂ ਤੇ ਹੋਰ ਪ੍ਰਕਾਸ਼ਨ ਲੈ ਜਾਂਦੇ ਹਾਂ ਅਤੇ ਲੋਕਾਂ ਨਾਲ ਪਰਮੇਸ਼ੁਰ ਬਾਰੇ ਗੱਲਾਂ ਕਰਦੇ ਹਾਂ। ਸਾਡੇ ਮੁੰਡੇ ਵੀ ਲੋਕਾਂ ਨਾਲ ਗੱਲਾਂ-ਬਾਤਾਂ ਕਰਦੇ ਹਨ ਤੇ ਉਨ੍ਹਾਂ ਨੂੰ ਇਸ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ।”

ਯੂਹੰਨਾ ਰਸੂਲ ਨੇ ਪਰਮੇਸ਼ੁਰ ਲਈ ਪਿਆਰ ਵਧਾਉਣ ਵਿਚ ਕਈਆਂ ਲੋਕਾਂ ਦੀ ਮਦਦ ਕੀਤੀ। ਉਹ ਇਨ੍ਹਾਂ ਨੂੰ ਆਪਣੇ ਬੱਚੇ ਮੰਨਦਾ ਸੀ। ਇਨ੍ਹਾਂ ਬਾਰੇ ਉਸ ਨੇ ਲਿਖਿਆ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।” (3 ਯੂਹੰਨਾ 4) ਜੇ ਅਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਪਿਆਰ ਬਿਠਾਈਏ, ਤਾਂ ਸਾਨੂੰ ਵੀ ਵੱਡਾ ਆਨੰਦ ਮਿਲੇਗਾ।

[ਫੁਟਨੋਟ]

^ ਪੈਰਾ 8 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 9 ਉੱਤੇ ਤਸਵੀਰਾਂ]

ਮਾਪਿਆਂ ਤੇ ਬੱਚਿਆਂ ਵਿਚ ਖੁੱਲ੍ਹੀ ਗੱਲਬਾਤ ਆਪਣੇ ਆਪ ਹੀ ਨਹੀਂ ਹੋ ਜਾਂਦੀ

[ਸਫ਼ਾ 10 ਉੱਤੇ ਤਸਵੀਰ]

ਬੱਚਿਆਂ ਨੂੰ ਪਰਮੇਸ਼ੁਰ ਲਈ ਆਪਣਾ ਪਿਆਰ ਜ਼ਾਹਰ ਕਰਨਾ ਸਿਖਾਓ

[ਕ੍ਰੈਡਿਟ ਲਾਈਨ]

Courtesy of Green Chimneys Farm