Skip to content

Skip to table of contents

“ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ”

“ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ”

“ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ”

ਪੂਰਬੀ ਦੇਸ਼ਾਂ ਵਿਚ ਕਈ ਲੋਕ ਆਪਣੇ ਘਰ ਦੇ ਵਿਹੜਿਆਂ ਵਿਚ ਖਜੂਰ ਦੇ ਦਰਖ਼ਤ ਲਗਾਉਂਦੇ ਹਨ। ਇਹ ਦਰਖ਼ਤ ਦੇਖਣ ਨੂੰ ਸੋਹਣੇ ਲੱਗਦੇ ਹਨ ਤੇ ਆਪਣੇ ਸੁਆਦੀ ਫਲਾਂ ਲਈ ਮਸ਼ਹੂਰ ਹਨ। ਇਸ ਤੋਂ ਇਲਾਵਾ, ਇਹ ਸੌ ਸਾਲਾਂ ਬਾਅਦ ਵੀ ਫਲ ਦਿੰਦੇ ਰਹਿੰਦੇ ਹਨ।

ਪੁਰਾਣੇ ਜ਼ਮਾਨੇ ਵਿਚ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਇਕ ਖੂਬਸੂਰਤ ਪੇਂਡੂ ਮੁਟਿਆਰ ਦੀ ਤਾਰੀਫ਼ ਕਰਦਿਆਂ ਉਸ ਦੇ ਲੰਬੇ ਕੱਦ ਦੀ ਤੁਲਨਾ ਖਜੂਰ ਦੇ ਦਰਖ਼ਤ ਨਾਲ ਕੀਤੀ। (ਸਰੇਸ਼ਟ ਗੀਤ 7:7) ਬਾਈਬਲ ਵਿਚ ਜ਼ਿਕਰ ਕੀਤੇ ਗਏ ਪੇੜ-ਪੌਦਿਆਂ ਦੀ ਇਕ ਕਿਤਾਬ ਨੇ ਕਿਹਾ: “ਇਬਰਾਨੀ ਭਾਸ਼ਾ ਵਿਚ ਖਜੂਰ ਦੇ ਦਰਖ਼ਤ ਨੂੰ ‘ਤਾਮਾਰ’ ਕਿਹਾ ਜਾਂਦਾ ਹੈ। . . . ਯਹੂਦੀ ਇਹ ਸ਼ਬਦ ਹੁਸਨ ਨੂੰ ਦਰਸਾਉਣ ਲਈ ਵਰਤਦੇ ਸਨ ਤੇ ਕੁੜੀਆਂ ਦੇ ਨਾਂ ਵੀ ਤਾਮਾਰ ਰੱਖਿਆ ਕਰਦੇ ਸਨ।” ਮਿਸਾਲ ਲਈ, ਸੁਲੇਮਾਨ ਦੀ ਬਹੁਤ ਹੀ ਸੋਹਣੀ ਭੈਣ ਦਾ ਨਾਂ ਤਾਮਾਰ ਸੀ। (2 ਸਮੂਏਲ 13:1) ਅੱਜ ਵੀ ਕੁਝ ਮਾਪੇ ਆਪਣੀ ਕੁੜੀ ਦਾ ਇਹੋ ਨਾਂ ਰੱਖਦੇ ਹਨ।

ਖੂਬਸੂਰਤ ਔਰਤਾਂ ਤੋਂ ਇਲਾਵਾ ਬਾਈਬਲ ਵਿਚ ਕੁਝ ਹੋਰ ਲੋਕਾਂ ਨੂੰ ਵੀ ਖਜੂਰ ਦੇ ਦਰਖ਼ਤ ਨਾਲ ਦਰਸਾਇਆ ਗਿਆ ਹੈ। ਇਨ੍ਹਾਂ ਲੋਕਾਂ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਧਰਮੀ ਖਜੂਰ ਦੇ ਬਿਰਛ ਵਾਂਙੁ ਫਲਿਆ ਰਹੇਗਾ, ਲਬਾਨੋਨ ਦੇ ਦਿਆਰ ਵਾਂਙੁ ਵਧਦਾ ਜਾਵੇਗਾ। ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ, ਓਹ ਪਰਮੇਸ਼ੁਰ ਦੀਆਂ ਦਰਗਾਹਾਂ ਵਿੱਚ ਲਹਿ ਲਹਾਉਣਗੇ। ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, ਓਹ ਹਰੇ ਤੇ ਰਸ ਭਰੇ ਰਹਿਣਗੇ।”—ਜ਼ਬੂਰਾਂ ਦੀ ਪੋਥੀ 92:12-14.

ਬੁਢਾਪੇ ਵਿਚ ਵੀ ਪਰਮੇਸ਼ੁਰ ਦੀ ਵਫ਼ਾਦਾਰੀ ਨਾਲ ਸੇਵਾ ਕਰਨ ਵਾਲੇ ਲੋਕ ਖਜੂਰ ਦੇ ਦਰਖ਼ਤ ਵਰਗੇ ਹਨ। ਕਿਵੇਂ? ਬਾਈਬਲ ਵਿਚ ਦੱਸਿਆ ਹੈ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾਉਤਾਂ 16:31) ਉਮਰ ਵੱਧਣ ਨਾਲ ਬਜ਼ੁਰਗਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਉਹ ਜ਼ਿਆਦਾ ਕੁਝ ਨਹੀਂ ਕਰ ਪਾਉਂਦੇ। ਪਰ ਉਹ ਪਰਮੇਸ਼ੁਰ ਦਾ ਬਚਨ ਬਾਈਬਲ ਰੋਜ਼ ਪੜ੍ਹ ਕੇ ਉਸ ਤੋਂ ਤਾਕਤ ਪ੍ਰਾਪਤ ਕਰਦੇ ਹਨ। (ਜ਼ਬੂਰਾਂ ਦੀ ਪੋਥੀ 1:1-3; ਯਿਰਮਿਯਾਹ 17:7, 8) ਪਰਮੇਸ਼ੁਰ ਦੇ ਸੱਚੇ ਮਾਰਗਾਂ ਤੇ ਚੱਲ ਕੇ ਉਹ ਦੂਸਰਿਆਂ ਵਾਸਤੇ ਇਕ ਚੰਗੀ ਮਿਸਾਲ ਬਣਦੇ ਹਨ ਤੇ ਆਪਣੀਆਂ ਸੋਹਣੀਆਂ ਗੱਲਾਂ ਦੁਆਰਾ ਦੂਸਰਿਆਂ ਦਾ ਹੌਸਲਾ ਬੁਲੰਦ ਕਰਦੇ ਹਨ। ਹਾਂ, ਖਜੂਰ ਦੇ ਦਰਖ਼ਤ ਵਾਂਗ ਉਹ ਫਲ ਦਿੰਦੇ ਰਹਿੰਦੇ ਹਨ।—ਤੀਤੁਸ 2:2-5; ਇਬਰਾਨੀਆਂ 13:15, 16.