Skip to content

Skip to table of contents

“ਤੁਹਾਡਾ ਪਿਤਾ ਦਿਆਲੂ ਹੈ”

“ਤੁਹਾਡਾ ਪਿਤਾ ਦਿਆਲੂ ਹੈ”

“ਤੁਹਾਡਾ ਪਿਤਾ ਦਿਆਲੂ ਹੈ”

“ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ।”—ਲੂਕਾ 6:36.

1, 2. ਫ਼ਰੀਸੀਆਂ, ਗ੍ਰੰਥੀਆਂ ਅਤੇ ਆਪਣੇ ਚੇਲਿਆਂ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਦਇਆਵਾਨ ਬਣਨਾ ਜ਼ਰੂਰੀ ਹੈ?

ਪਰਮੇਸ਼ੁਰ ਨੇ ਮੂਸਾ ਰਾਹੀਂ ਇਸਰਾਏਲੀਆਂ ਨੂੰ ਜੋ ਬਿਵਸਥਾ ਦਿੱਤੀ ਸੀ, ਉਸ ਵਿਚ ਲਗਭਗ 600 ਨਿਯਮ ਸਨ। ਇਨ੍ਹਾਂ ਨੂੰ ਮੰਨਣਾ ਲਾਜ਼ਮੀ ਸੀ। ਪਰ ਇਸ ਦੇ ਨਾਲ-ਨਾਲ ਦੂਸਰਿਆਂ ਉੱਤੇ ਦਇਆ ਕਰਨੀ ਵੀ ਜ਼ਰੂਰੀ ਸੀ। ਧਿਆਨ ਦਿਓ ਕਿ ਨਿਰਦਈ ਫ਼ਰੀਸੀਆਂ ਨੂੰ ਯਿਸੂ ਨੇ ਕੀ ਕਿਹਾ ਸੀ। ਉਸ ਨੇ ਦੋ ਵਾਰ ਉਨ੍ਹਾਂ ਨੂੰ ਝਿੜਕਦੇ ਹੋਏ ਪਰਮੇਸ਼ੁਰ ਦੇ ਇਸ ਹੁਕਮ ਦਾ ਹਵਾਲਾ ਦਿੱਤਾ: “ਮੈਂ [ਯਹੋਵਾਹ] ਬਲੀਦਾਨ ਨੂੰ ਨਹੀਂ ਪਰ ਦਯਾ ਨੂੰ ਚਾਹੁੰਦਾ ਹਾਂ।” (ਮੱਤੀ 9:10-13; 12:1-7; ਹੋਸ਼ੇਆ 6:6) ਆਪਣੀ ਸੇਵਕਾਈ ਦੇ ਅਖ਼ੀਰ ਵਿਚ ਯਿਸੂ ਨੇ ਕਿਹਾ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਪੂਦੀਨੇ ਅਤੇ ਸੌਂਫ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ।”—ਮੱਤੀ 23:23.

2 ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਨੇ ਦਇਆ ਨੂੰ ਬਹੁਤ ਅਹਿਮੀਅਤ ਦਿੱਤੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ।” (ਲੂਕਾ 6:36) ਇਸ ਮਾਮਲੇ ਵਿਚ “ਪਰਮੇਸ਼ੁਰ ਦੀ ਰੀਸ” ਕਰਨ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਅਸਲ ਵਿਚ ਦਇਆ ਹੈ ਕੀ। (ਅਫ਼ਸੀਆਂ 5:1) ਇਸ ਤੋਂ ਇਲਾਵਾ, ਦੂਸਰਿਆਂ ਤੇ ਦਇਆ ਕਰਨ ਦੇ ਫ਼ਾਇਦਿਆਂ ਬਾਰੇ ਜਾਣ ਕੇ ਅਸੀਂ ਦਇਆਵਾਨ ਬਣਨ ਦੀ ਪੂਰੀ ਕੋਸ਼ਿਸ਼ ਕਰਾਂਗੇ।

ਲੋੜਵੰਦਾਂ ਉੱਤੇ ਦਇਆ

3. ਦਇਆਵਾਨ ਬਣਨ ਲਈ ਸਾਨੂੰ ਯਹੋਵਾਹ ਦੀ ਮਿਸਾਲ ਉੱਤੇ ਕਿਉਂ ਗੌਰ ਕਰਨਾ ਚਾਹੀਦਾ ਹੈ?

3 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਇਕ ਗੀਤ ਵਿਚ ਕਿਹਾ: “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਵਿੱਚ ਮਹਾਨ। ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।” (ਜ਼ਬੂਰਾਂ ਦੀ ਪੋਥੀ 145:8, 9) ਯਹੋਵਾਹ “ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ।” (2 ਕੁਰਿੰਥੀਆਂ 1:3) ਦਇਆ ਕਰਨ ਦਾ ਮਤਲਬ ਹੈ ਦੂਸਰਿਆਂ ਨਾਲ ਹਮਦਰਦੀ ਨਾਲ ਪੇਸ਼ ਆਉਣਾ। ਦਇਆ ਪਰਮੇਸ਼ੁਰ ਦੀ ਸ਼ਖ਼ਸੀਅਤ ਦਾ ਇਕ ਖ਼ਾਸ ਗੁਣ ਹੈ। ਉਸ ਦੀ ਮਿਸਾਲ ਅਤੇ ਹੁਕਮ ਦਇਆਵਾਨ ਬਣਨ ਵਿਚ ਸਾਡੀ ਮਦਦ ਕਰ ਸਕਦੇ ਹਨ।

4. ਯਸਾਯਾਹ 49:15 ਤੋਂ ਅਸੀਂ ਦਇਆ ਬਾਰੇ ਕੀ ਸਿੱਖਦੇ ਹਾਂ?

4ਯਸਾਯਾਹ 49:15 ਵਿਚ ਯਹੋਵਾਹ ਕਹਿੰਦਾ ਹੈ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ?” ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਦਇਆ ਬਿਲਕੁਲ ਇਕ ਮਾਂ ਦੀ ਮਮਤਾ ਵਰਗੀ ਹੈ। ਬੱਚਾ ਜਦੋਂ ਭੁੱਖਾ ਹੁੰਦਾ ਹੈ ਜਾਂ ਹੋਰ ਕੁਝ ਚਾਹੁੰਦਾ ਹੈ, ਤਾਂ ਪਿਆਰ ਅਤੇ ਹਮਦਰਦੀ ਨਾਲ ਭਰੀ ਮਾਂ ਝੱਟ ਆਪਣੇ ਬੱਚੇ ਦੀ ਲੋੜ ਪੂਰੀ ਕਰਦੀ ਹੈ। ਯਹੋਵਾਹ ਦਾ ਦਿਲ ਵੀ ਆਪਣੇ ਲੋਕਾਂ ਲਈ ਪਿਆਰ ਤੇ ਹਮਦਰਦੀ ਨਾਲ ਭਰਿਆ ਹੋਇਆ ਹੈ।

5. ਯਹੋਵਾਹ ਨੇ ਪੁਰਾਣੇ ਜ਼ਮਾਨੇ ਵਿਚ ਕਿਵੇਂ ਦਿਖਾਇਆ ਕਿ ਉਹ “ਦਯਾ ਦਾ ਧਨੀ” ਹੈ?

5 ਲੋੜਵੰਦਾਂ ਲਈ ਦਿਲ ਵਿਚ ਦਇਆ ਹੋਣੀ ਤਾਂ ਠੀਕ ਹੈ, ਪਰ ਜੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਝ ਨਹੀਂ ਕੀਤਾ ਜਾਂਦਾ, ਤਾਂ ਇਸ ਦਾ ਕੋਈ ਫ਼ਾਇਦਾ ਨਹੀਂ। ਧਿਆਨ ਦਿਓ ਕਿ ਜਦੋਂ ਯਹੋਵਾਹ ਦੇ ਭਗਤ 3,500 ਸਾਲ ਪਹਿਲਾਂ ਮਿਸਰ ਵਿਚ ਗ਼ੁਲਾਮ ਸਨ, ਤਾਂ ਉਸ ਵੇਲੇ ਯਹੋਵਾਹ ਨੇ ਕੀ ਕੀਤਾ ਸੀ। ਉਸ ਨੇ ਮੂਸਾ ਨੂੰ ਕਿਹਾ: “ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ। ਅਤੇ ਮੈਂ ਉੱਤਰਿਆ ਹਾਂ ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਅੱਛੀ ਅਤੇ ਮੋਕਲੀ ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ . . . ਲਿਆਵਾਂ।” (ਕੂਚ 3:7, 8) ਮਿਸਰ ਦੀ ਗ਼ੁਲਾਮੀ ਤੋਂ ਛੁੱਟਣ ਤੋਂ ਲਗਭਗ 500 ਸਾਲ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਚੇਤੇ ਕਰਾਇਆ: “ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਤੇ ਸਭਨਾਂ ਰਜਵਾੜਿਆਂ ਦੇ ਹੱਥੋਂ ਜਿਹੜੇ ਤੁਹਾਡੇ ਉੱਤੇ ਅਨ੍ਹੇਰ ਕਰਦੇ ਸਨ ਛੁਡਾ ਦਿੱਤਾ।” (1 ਸਮੂਏਲ 10:18) ਯਹੋਵਾਹ ਦੇ ਅਸੂਲਾਂ ਉੱਤੇ ਨਾ ਚੱਲਣ ਕਰਕੇ ਇਸਰਾਏਲੀ ਆਪਣੇ ਦੁਸ਼ਮਣਾਂ ਦੇ ਹੱਥੋਂ ਦੁਖੀ ਰਹੇ। ਪਰ ਯਹੋਵਾਹ ਉਨ੍ਹਾਂ ਉੱਤੇ ਤਰਸ ਖਾਂਦਾ ਰਿਹਾ ਤੇ ਉਨ੍ਹਾਂ ਨੂੰ ਬਚਾਉਂਦਾ ਰਿਹਾ। (ਨਿਆਈਆਂ 2:11-16; 2 ਇਤਹਾਸ 36:15) ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਪਰਮੇਸ਼ੁਰ ਉਨ੍ਹਾਂ ਲੋਕਾਂ ਲਈ ਕੀ ਕਰਦਾ ਹੈ ਜੋ ਲੋੜਵੰਦ ਹਨ ਤੇ ਖ਼ਤਰੇ ਜਾਂ ਕਿਸੇ ਸਮੱਸਿਆ ਨਾਲ ਘਿਰੇ ਹੋਏ ਹਨ। ਵਾਕਈ, ਯਹੋਵਾਹ “ਦਯਾ ਦਾ ਧਨੀ ਹੈ।”—ਅਫ਼ਸੀਆਂ 2:4.

6. ਆਪਣੇ ਪਿਤਾ ਵਾਂਗ ਯਿਸੂ ਨੇ ਕਿਵੇਂ ਲੋਕਾਂ ਉੱਤੇ ਦਇਆ ਕੀਤੀ ਸੀ?

6 ਧਰਤੀ ਉੱਤੇ ਰਹਿੰਦਿਆਂ ਯਿਸੂ ਮਸੀਹ ਨੇ ਦਿਖਾਇਆ ਕਿ ਉਹ ਵੀ ਆਪਣੇ ਪਿਤਾ ਵਾਂਗ ਦਇਆਵਾਨ ਸੀ। ਮਿਸਾਲ ਲਈ, ਇਕ ਵਾਰ ਦੋ ਅੰਨ੍ਹੇ ਆਦਮੀਆਂ ਨੇ ਯਿਸੂ ਅੱਗੇ ਤਰਲੇ ਕੀਤੇ: “ਪ੍ਰਭੁ, ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ!” ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਚਮਤਕਾਰ ਕਰ ਕੇ ਉਨ੍ਹਾਂ ਨੂੰ ਸੁਜਾਖਾ ਕਰ ਦੇਵੇ। ਕੀ ਯਿਸੂ ਦੇ ਦਿਲ ਵਿਚ ਉਨ੍ਹਾਂ ਲਈ ਹਮਦਰਦੀ ਸੀ? ਬਾਈਬਲ ਕਹਿੰਦੀ ਹੈ: ‘ਯਿਸੂ ਨੂੰ ਉਹਨਾਂ ਤੇ ਤਰਸ ਆਇਆ। ਇਸ ਲਈ ਉਹ ਨੇ ਦੋਹਾਂ ਅੰਨ੍ਹਿਆਂ ਨੂੰ ਛੂਹਿਆ, ਅਤੇ ਉਹ ਦੋਵੇਂ ਉਸੇ ਵੇਲੇ ਦੇਖਣ ਲਗ ਪਏ।’ (ਮੱਤੀ 20:30-34, ਪਵਿੱਤਰ ਬਾਈਬਲ ਨਵਾਂ ਅਨੁਵਾਦ) ਰਹਿਮਦਿਲ ਹੋਣ ਕਰਕੇ ਹੀ ਯਿਸੂ ਨੇ ਚਮਤਕਾਰ ਕਰ ਕੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ, ਲੋਕਾਂ ਨੂੰ ਬਦਰੂਹਾਂ ਤੋਂ ਛੁਟਕਾਰਾ ਦਿਵਾਇਆ, ਕੋੜ੍ਹੀਆਂ ਨੂੰ ਚੰਗਾ ਕੀਤਾ ਤੇ ਬੀਮਾਰ ਬੱਚਿਆਂ ਨੂੰ ਰਾਜ਼ੀ ਕੀਤਾ।—ਮੱਤੀ 9:27; 15:22; 17:15; ਮਰਕੁਸ 5:18, 19; ਲੂਕਾ 17:12, 13.

7. ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੀਆਂ ਮਿਸਾਲਾਂ ਤੋਂ ਸਾਨੂੰ ਦਇਆ ਬਾਰੇ ਕੀ ਪਤਾ ਲੱਗਦਾ ਹੈ?

7 ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਦਇਆ ਦੇ ਦੋ ਪਹਿਲੂ ਹਨ—ਲੋੜਵੰਦਾਂ ਲਈ ਦਿਲ ਵਿਚ ਹਮਦਰਦੀ ਜਾਂ ਰਹਿਮ ਹੋਣਾ ਅਤੇ ਉਨ੍ਹਾਂ ਨੂੰ ਰਾਹਤ ਦੇਣ ਲਈ ਕੁਝ ਕਰਨਾ। ਦਇਆਵਾਨ ਬਣਨ ਲਈ ਇਹ ਦੋਵੇਂ ਪਹਿਲੂ ਜ਼ਰੂਰੀ ਹਨ। ਬਾਈਬਲ ਵਿਚ ਆਮ ਤੌਰ ਤੇ ਲੋੜਵੰਦ ਲੋਕਾਂ ਉੱਤੇ ਦਇਆ ਕਰਨ ਬਾਰੇ ਗੱਲ ਕੀਤੀ ਗਈ ਹੈ। ਪਰ ਗ਼ਲਤੀ ਕਰਨ ਵਾਲਿਆਂ ਤੇ ਦਇਆ ਕਿਵੇਂ ਕੀਤੀ ਜਾਂਦੀ ਹੈ? ਕੀ ਦੋਸ਼ੀਆਂ ਉੱਤੇ ਦਇਆ ਕਰਨ ਦਾ ਇਹ ਮਤਲਬ ਹੈ ਕਿ ਉਨ੍ਹਾਂ ਨੂੰ ਸਜ਼ਾ ਨਾ ਦਿੱਤੀ ਜਾਵੇ?

ਗ਼ਲਤੀ ਕਰਨ ਵਾਲਿਆਂ ਉੱਤੇ ਦਇਆ

8, 9. ਬਥ-ਸ਼ਬਾ ਨਾਲ ਵਿਭਚਾਰ ਕਰਨ ਤੋਂ ਬਾਅਦ ਦਾਊਦ ਉੱਤੇ ਦਇਆ ਕਿਵੇਂ ਕੀਤੀ ਗਈ?

8 ਧਿਆਨ ਦਿਓ ਕਿ ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਦੁਆਰਾ ਬਥ-ਸ਼ਬਾ ਨਾਲ ਵਿਭਚਾਰ ਕਰਨ ਤੋਂ ਬਾਅਦ ਕੀ ਹੋਇਆ। ਜਦੋਂ ਨਾਥਾਨ ਨਬੀ ਨੇ ਦਾਊਦ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਾਇਆ, ਤਾਂ ਪਸ਼ਚਾਤਾਪ ਕਰ ਕੇ ਦਾਊਦ ਨੇ ਪ੍ਰਾਰਥਨਾ ਕੀਤੀ: “ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਮਤਾਂ ਦੀ ਰੇਲ ਪੇਲ ਅਨੁਸਾਰ ਮੇਰੇ ਅਪਰਾਧ ਮਿਟਾ ਦੇਹ! ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਏਹ ਬੁਰਿਆਈ ਕੀਤੀ।”—ਜ਼ਬੂਰਾਂ ਦੀ ਪੋਥੀ 51:1-4.

9 ਦਾਊਦ ਨੂੰ ਆਪਣੀ ਗ਼ਲਤੀ ਤੇ ਬਹੁਤ ਪਛਤਾਵਾ ਹੋਇਆ। ਯਹੋਵਾਹ ਨੇ ਉਸ ਦਾ ਪਾਪ ਮਾਫ਼ ਕਰ ਦਿੱਤਾ ਅਤੇ ਉਸ ਦੀ ਤੇ ਬਥ-ਸ਼ਬਾ ਦੀ ਸਜ਼ਾ ਨੂੰ ਘਟਾ ਦਿੱਤਾ। ਮੂਸਾ ਦੀ ਬਿਵਸਥਾ ਅਨੁਸਾਰ, ਦਾਊਦ ਅਤੇ ਬਥ-ਸ਼ਬਾ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ। (ਬਿਵਸਥਾ ਸਾਰ 22:22) ਭਾਵੇਂ ਕਿ ਉਨ੍ਹਾਂ ਨੂੰ ਆਪਣੇ ਪਾਪ ਦੇ ਨਤੀਜੇ ਭੁਗਤਣੇ ਪਏ, ਪਰ ਉਨ੍ਹਾਂ ਨੂੰ ਜਾਨੋਂ ਨਹੀਂ ਮਾਰਿਆ ਗਿਆ। (2 ਸਮੂਏਲ 12:13) ਪਰਮੇਸ਼ੁਰ ਨੇ ਉਨ੍ਹਾਂ ਉੱਤੇ ਦਇਆ ਕਰ ਕੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਪਰ ਉਸ ਨੇ ਉਨ੍ਹਾਂ ਨੂੰ ਯੋਗ ਸਜ਼ਾ ਦਿੱਤੀ।

10. ਭਾਵੇਂ ਯਹੋਵਾਹ ਸਾਡੇ ਤੇ ਦਇਆ ਕਰ ਕੇ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਪਰ ਸਾਨੂੰ ਉਸ ਦੀ ਦਇਆ ਦਾ ਫ਼ਾਇਦਾ ਕਿਉਂ ਨਹੀਂ ਉਠਾਉਣਾ ਚਾਹੀਦਾ?

10 ਕਿਉਂਕਿ “ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ” ਅਤੇ “ਪਾਪ ਦੀ ਮਜੂਰੀ ਤਾਂ ਮੌਤ ਹੈ,” ਇਸ ਲਈ ਸਾਰੇ ਇਨਸਾਨ ਮੌਤ ਦੀ ਸਜ਼ਾ ਦੇ ਲਾਇਕ ਹਨ। (ਰੋਮੀਆਂ 5:12; 6:23) ਸਾਨੂੰ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹ ਸਾਡੇ ਤੇ ਦਇਆ ਕਰ ਕੇ ਸਾਡੇ ਪਾਪ ਮਾਫ਼ ਕਰ ਦਿੰਦਾ ਹੈ! ਪਰ ਸਾਨੂੰ ਯਹੋਵਾਹ ਦੀ ਦਇਆ ਦਾ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ। ਬਿਵਸਥਾ ਸਾਰ 32:4 ਵਿਚ ਲਿਖਿਆ ਹੈ: “[ਯਹੋਵਾਹ] ਦੇ ਸਾਰੇ ਮਾਰਗ ਨਿਆਉਂ ਦੇ ਹਨ।” ਦਇਆ ਕਰਦੇ ਵੇਲੇ ਯਹੋਵਾਹ ਆਪਣੇ ਨਿਆਂ ਦੇ ਉੱਚੇ ਮਿਆਰਾਂ ਨੂੰ ਨਹੀਂ ਭੁੱਲਦਾ।

11. ਯਹੋਵਾਹ ਨੇ ਪਾਪੀ ਦਾਊਦ ਅਤੇ ਬਥ-ਸ਼ਬਾ ਦਾ ਨਿਆਂ ਕਿਵੇਂ ਕੀਤਾ ਸੀ?

11 ਮੌਤ ਦੀ ਸਜ਼ਾ ਮਾਫ਼ ਕਰਨ ਤੋਂ ਪਹਿਲਾਂ ਜ਼ਰੂਰੀ ਸੀ ਕਿ ਦਾਊਦ ਅਤੇ ਬਥ-ਸ਼ਬਾ ਦਾ ਪਾਪ ਮਾਫ਼ ਕੀਤਾ ਜਾਵੇ। ਇਸਰਾਏਲ ਦੇ ਨਿਆਈਆਂ ਨੂੰ ਪਾਪ ਮਾਫ਼ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ। ਜੇ ਉਹ ਇਸ ਕੇਸ ਦਾ ਫ਼ੈਸਲਾ ਕਰਦੇ, ਤਾਂ ਉਨ੍ਹਾਂ ਕੋਲ ਮੂਸਾ ਦੀ ਬਿਵਸਥਾ ਅਨੁਸਾਰ ਮੌਤ ਦੀ ਸਜ਼ਾ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਹੋਣਾ। ਪਰ ਯਹੋਵਾਹ ਨੇ ਦਾਊਦ ਨਾਲ ਬੰਨ੍ਹੇ ਨੇਮ ਨੂੰ ਧਿਆਨ ਵਿਚ ਰੱਖਦੇ ਹੋਏ ਆਪ ਇਸ ਕੇਸ ਦਾ ਫ਼ੈਸਲਾ ਕੀਤਾ। (2 ਸਮੂਏਲ 7:12-16) ‘ਸਾਰੀ ਧਰਤੀ ਦੇ ਨਿਆਈ’ ਅਤੇ ‘ਮਨ ਦੀ ਪਰੀਖਿਆ ਕਰਨ’ ਵਾਲੇ ਯਹੋਵਾਹ ਪਰਮੇਸ਼ੁਰ ਨੇ ਦੇਖਿਆ ਕਿ ਦਾਊਦ ਨੇ ਦਿਲੋਂ ਪਸ਼ਚਾਤਾਪ ਕੀਤਾ ਸੀ। ਇਸ ਲਈ ਉਸ ਨੇ ਦਾਊਦ ਨੂੰ ਮਾਫ਼ ਕਰ ਦਿੱਤਾ।—ਉਤਪਤ 18:26; 1 ਇਤਹਾਸ 29:17.

12. ਯਹੋਵਾਹ ਦੀ ਦਇਆ ਪਾਉਣ ਲਈ ਪਾਪੀ ਇਨਸਾਨਾਂ ਨੂੰ ਕੀ ਕਰਨ ਦੀ ਲੋੜ ਹੈ?

12 ਇਸੇ ਤਰ੍ਹਾਂ, ਪਾਪੀ ਇਨਸਾਨਾਂ ਨੂੰ ਮੌਤ ਦੀ ਸਜ਼ਾ ਤੋਂ ਮੁਕਤ ਕਰਨ ਦਾ ਇੰਤਜ਼ਾਮ ਕਰ ਕੇ ਯਹੋਵਾਹ ਨੇ ਜੋ ਦਇਆ ਕੀਤੀ ਹੈ, ਉਹ ਉਸ ਦੇ ਨਿਆਂ ਦੇ ਮਿਆਰ ਮੁਤਾਬਕ ਹੈ। ਆਪਣੇ ਨਿਆਂ ਦੇ ਮਿਆਰ ਨਾ ਤੋੜਦੇ ਹੋਏ ਸਾਡੇ ਪਾਪ ਮਾਫ਼ ਕਰਨ ਲਈ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ। ਇਹ ਕੁਰਬਾਨੀ ਉਸ ਦੀ ਦਇਆ ਦਾ ਸਭ ਤੋਂ ਵੱਡਾ ਸਬੂਤ ਸੀ। (ਮੱਤੀ 20:28; ਰੋਮੀਆਂ 6:22, 23) ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦਇਆ ਕਰ ਕੇ ਸਾਡੇ ਪਾਪ ਮਾਫ਼ ਕਰੇ, ਤਾਂ ਸਾਨੂੰ ‘ਪੁੱਤ੍ਰ ਉੱਤੇ ਨਿਹਚਾ ਕਰਨ’ ਦੀ ਲੋੜ ਹੈ।—ਯੂਹੰਨਾ 3:16, 36.

ਦਇਆਵਾਨ ਅਤੇ ਨਿਆਂ-ਪਸੰਦ ਪਰਮੇਸ਼ੁਰ

13, 14. ਯਹੋਵਾਹ ਦੇ ਨਿਆਂ ਨੂੰ ਨਰਮ ਕਰਨ ਦੀ ਲੋੜ ਕਿਉਂ ਨਹੀਂ ਹੈ?

13 ਯਹੋਵਾਹ ਦੀ ਦਇਆ ਉਸ ਦੇ ਨਿਆਂ ਦੇ ਮਿਆਰ ਦੀ ਉਲੰਘਣਾ ਨਹੀਂ ਹੈ। ਪਰ ਕੀ ਉਸ ਦੇ ਨਿਆਂ ਦੇ ਮਿਆਰ ਇੰਨੇ ਸਖ਼ਤ ਹਨ ਕਿ ਇਨ੍ਹਾਂ ਨੂੰ ਨਰਮ ਕਰਨ ਦੀ ਲੋੜ ਪੈਂਦੀ ਹੈ? ਕੀ ਦਇਆ ਯਹੋਵਾਹ ਦੇ ਨਿਆਂ ਨੂੰ ਨਰਮ ਕਰਦੀ ਹੈ? ਨਹੀਂ।

14 ਹੋਸ਼ੇਆ ਨਬੀ ਰਾਹੀਂ ਯਹੋਵਾਹ ਨੇ ਇਸਰਾਏਲੀਆਂ ਨੂੰ ਦੱਸਿਆ: “ਮੈਂ ਤੈਨੂੰ ਸਦਾ ਲਈ ਆਪਣੀ ਮੰਗੇਤਰ ਬਣਾਵਾਂਗਾ, ਹਾਂ, ਧਰਮ, ਇਨਸਾਫ਼, ਦਯਾ ਅਤੇ ਰਹਮ ਨਾਲ ਮੈਂ ਤੈਨੂੰ ਆਪਣੀ ਮੰਗੇਤਰ ਬਣਾਵਾਂਗਾ।” (ਹੋਸ਼ੇਆ 2:19) ਇਹ ਸ਼ਬਦ ਸਪੱਸ਼ਟ ਤੌਰ ਤੇ ਦਿਖਾਉਂਦੇ ਹਨ ਕਿ ਯਹੋਵਾਹ ਦੇ ਹਰ ਕੰਮ ਵਿਚ ਨਿਆਂ, ਦਇਆ ਅਤੇ ਹੋਰ ਗੁਣਾਂ ਦਾ ਮੁਕੰਮਲ ਤਾਲਮੇਲ ਹੁੰਦਾ ਹੈ। ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ . . . ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਕੂਚ 34:6, 7) ਯਹੋਵਾਹ ਦਇਆਵਾਨ ਅਤੇ ਨਿਆਂ-ਪਸੰਦ ਪਰਮੇਸ਼ੁਰ ਹੈ। ਉਸ ਬਾਰੇ ਬਾਈਬਲ ਕਹਿੰਦੀ ਹੈ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।” (ਬਿਵਸਥਾ ਸਾਰ 32:4) ਯਹੋਵਾਹ ਦਾ ਨਿਆਂ ਅਤੇ ਦਇਆ ਮੁਕੰਮਲ ਹੈ। ਇਨ੍ਹਾਂ ਵਿੱਚੋਂ ਕੋਈ ਵੀ ਗੁਣ ਨਾ ਤਾਂ ਦੂਜੇ ਤੋਂ ਵੱਡਾ ਹੈ ਤੇ ਨਾ ਹੀ ਛੋਟਾ। ਇਸ ਦੀ ਬਜਾਇ ਦੋਵਾਂ ਵਿਚ ਮੁਕੰਮਲ ਤਾਲਮੇਲ ਹੈ।

15, 16. (ੳ) ਇਹ ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਨਿਆਂ ਕਠੋਰ ਨਹੀਂ ਹੈ? (ਅ) ਜਦੋਂ ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਅੰਤ ਕਰੇਗਾ, ਉਦੋਂ ਉਸ ਦੇ ਉਪਾਸਕ ਕੀ ਭਰੋਸਾ ਰੱਖ ਸਕਦੇ ਹਨ?

15 ਯਹੋਵਾਹ ਦਾ ਨਿਆਂ ਕਠੋਰ ਨਹੀਂ ਹੈ। ਇਨਸਾਨਾਂ ਦੀ ਨਜ਼ਰ ਵਿਚ ਆਮ ਤੌਰ ਤੇ ਨਿਆਂ ਕਰਨ ਦਾ ਇਹੋ ਮਤਲਬ ਹੁੰਦਾ ਹੈ ਕਿ ਕਾਨੂੰਨ ਮੁਤਾਬਕ ਦੋਸ਼ੀਆਂ ਨੂੰ ਯੋਗ ਸਜ਼ਾ ਦਿੱਤੀ ਜਾਵੇ। ਪਰ ਯਹੋਵਾਹ ਦੇ ਨਿਆਂ ਦਾ ਇਕ ਪਹਿਲੂ ਇਹ ਵੀ ਹੈ ਕਿ ਚੰਗੇ ਲੋਕਾਂ ਨੂੰ ਬਚਾਇਆ ਜਾਵੇ। ਉਦਾਹਰਣ ਲਈ, ਜਦੋਂ ਪਰਮੇਸ਼ੁਰ ਨੇ ਸਦੋਮ ਅਤੇ ਅਮੂਰਾਹ ਦੇ ਦੁਸ਼ਟ ਵਾਸੀਆਂ ਦਾ ਨਾਸ਼ ਕੀਤਾ, ਤਾਂ ਉਸ ਵੇਲੇ ਉਸ ਨੇ ਲੂਤ ਅਤੇ ਉਸ ਦੀਆਂ ਦੋ ਧੀਆਂ ਨੂੰ ਬਚਾਇਆ।—ਉਤਪਤ 19:12-26.

16 ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਅੰਤ ਕਰੇਗਾ, ਤਾਂ ਉਦੋਂ ਉਹ ਆਪਣੇ ਸੱਚੇ ਉਪਾਸਕਾਂ ਦੀ “ਵੱਡੀ ਭੀੜ” ਨੂੰ, ਜਿਨ੍ਹਾਂ ਨੇ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ” ਹੈ ਬਚਾਵੇਗਾ। ਇਹ ਲੋਕ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣਗੇ।—ਪਰਕਾਸ਼ ਦੀ ਪੋਥੀ 7:9-14.

ਦਇਆਵਾਨ ਕਿਉਂ ਬਣੀਏ?

17. ਦਇਆਵਾਨ ਬਣਨ ਦਾ ਇਕ ਮੁੱਖ ਕਾਰਨ ਕੀ ਹੈ?

17 ਯਹੋਵਾਹ ਅਤੇ ਯਿਸੂ ਮਸੀਹ ਦੀਆਂ ਮਿਸਾਲਾਂ ਸਾਨੂੰ ਦਇਆ ਬਾਰੇ ਬਹੁਤ ਕੁਝ ਸਿਖਾਉਂਦੀਆਂ ਹਨ। ਕਹਾਉਤਾਂ 19:17 ਵਿਚ ਦਇਆਵਾਨ ਬਣਨ ਦਾ ਇਕ ਮੁੱਖ ਕਾਰਨ ਦਿੱਤਾ ਗਿਆ ਹੈ: “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।” ਜਦੋਂ ਅਸੀਂ ਯਹੋਵਾਹ ਅਤੇ ਯਿਸੂ ਦੀ ਰੀਸ ਕਰ ਕੇ ਦੂਸਰਿਆਂ ਨਾਲ ਦਇਆ ਨਾਲ ਪੇਸ਼ ਆਉਂਦੇ ਹਾਂ, ਤਾਂ ਇਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। (1 ਕੁਰਿੰਥੀਆਂ 10:33) ਜਦੋਂ ਅਸੀਂ ਦਇਆਵਾਨ ਹੁੰਦੇ ਹਾਂ, ਤਾਂ ਦੂਸਰੇ ਵੀ ਸਾਡੇ ਤੇ ਦਇਆ ਕਰਨਗੇ।—ਲੂਕਾ 6:38.

18. ਸਾਨੂੰ ਦਇਆਵਾਨ ਬਣਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?

18 ਦਇਆ ਕਈ ਚੰਗੇ ਗੁਣਾਂ ਦਾ ਮੇਲ ਹੈ, ਜਿਵੇਂ ਕਿ ਮਿਹਰਬਾਨੀ, ਪਿਆਰ ਅਤੇ ਰਹਿਮਦਿਲੀ। ਹਮਦਰਦ ਜਾਂ ਰਹਿਮਦਿਲ ਸ਼ਖ਼ਸ ਦੂਜਿਆਂ ਉੱਤੇ ਦਇਆ ਕਰਦਾ ਹੈ। ਯਹੋਵਾਹ ਆਪਣੇ ਨਿਆਂ ਦੇ ਮਿਆਰ ਨੂੰ ਕਦੇ ਨਹੀਂ ਤੋੜਦਾ, ਨਾ ਹੀ ਉਹ ਛੇਤੀ ਗੁੱਸੇ ਹੁੰਦਾ ਹੈ। ਉਹ ਗ਼ਲਤੀ ਕਰਨ ਵਾਲਿਆਂ ਨੂੰ ਤੋਬਾ ਕਰਨ ਲਈ ਕਾਫ਼ੀ ਸਮਾਂ ਦਿੰਦਾ ਹੈ। (2 ਪਤਰਸ 3:9, 10) ਦਇਆਵਾਨ ਸ਼ਖ਼ਸ ਧੀਰਜਵਾਨ ਅਤੇ ਸਬਰ ਕਰਨ ਵਾਲਾ ਹੁੰਦਾ ਹੈ। ਦਇਆ ਪਰਮੇਸ਼ੁਰ ਦੀ ਆਤਮਾ ਦੇ ਹੋਰ ਫਲ ਜਾਂ ਗੁਣ ਆਪਣੇ ਅੰਦਰ ਪੈਦਾ ਕਰਨ ਵਿਚ ਸਾਡੀ ਮਦਦ ਕਰਦੀ ਹੈ। (ਗਲਾਤੀਆਂ 5:22, 23) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਦਇਆਵਾਨ ਬਣੀਏ!

“ਧੰਨ ਓਹ ਜਿਹੜੇ ਦਯਾਵਾਨ ਹਨ”

19, 20. ਦਇਆ ਨਿਆਂ ਉੱਤੇ ਫਤਹਿ ਕਿਵੇਂ ਪਾਉਂਦੀ ਹੈ?

19 ਚੇਲਾ ਯਾਕੂਬ ਦੱਸਦਾ ਹੈ ਕਿ ਸਾਨੂੰ ਦਇਆਵਾਨ ਕਿਉਂ ਬਣਨਾ ਚਾਹੀਦਾ ਹੈ। ਉਸ ਨੇ ਲਿਖਿਆ: “ਦਯਾ ਨਿਆਉਂ ਦੇ ਉੱਤੇ ਫ਼ਤਹ ਪਾਉਂਦੀ ਹੈ।” (ਯਾਕੂਬ 2:13ਅ) ਯਾਕੂਬ ਇੱਥੇ ਉਸ ਦਇਆ ਦੀ ਗੱਲ ਕਰ ਰਿਹਾ ਸੀ ਜੋ ਯਹੋਵਾਹ ਦੇ ਭਗਤ ਦੂਸਰਿਆਂ ਉੱਤੇ ਕਰਦੇ ਹਨ। ਦਇਆ ਇਸ ਭਾਵ ਵਿਚ ਨਿਆਂ ਉੱਤੇ ਫਤਹਿ ਪਾਉਂਦੀ ਹੈ ਕਿ ਜਦੋਂ “ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ” ਦੇਣ ਦਾ ਸਮਾਂ ਆਵੇਗਾ, ਤਾਂ ਯਹੋਵਾਹ ਉਸ ਵੇਲੇ ਸਾਡੇ ਦਇਆ ਭਰੇ ਕੰਮਾਂ ਉੱਤੇ ਵਿਚਾਰ ਕਰੇਗਾ ਅਤੇ ਆਪਣੇ ਪੁੱਤਰ ਦੀ ਕੁਰਬਾਨੀ ਦੇ ਆਧਾਰ ਤੇ ਸਾਡੇ ਪਾਪ ਮਾਫ਼ ਕਰੇਗਾ। (ਰੋਮੀਆਂ 14:12) ਬਿਨਾਂ ਸ਼ੱਕ, ਬਥ-ਸ਼ਬਾ ਨਾਲ ਵਿਭਚਾਰ ਕਰਨ ਤੋਂ ਬਾਅਦ ਦਾਊਦ ਉੱਤੇ ਪਰਮੇਸ਼ੁਰ ਵੱਲੋਂ ਦਇਆ ਕਰਨ ਦਾ ਇਕ ਕਾਰਨ ਇਹ ਸੀ ਕਿ ਦਾਊਦ ਆਪ ਇਕ ਦਇਆਵਾਨ ਇਨਸਾਨ ਸੀ। (1 ਸਮੂਏਲ 24:4-7) ਦੂਜੇ ਪਾਸੇ, “ਜਿਹ ਨੇ ਦਯਾ ਨਾ ਕੀਤੀ ਉਹ ਦਾ ਨਿਆਉਂ ਦਯਾ ਤੋਂ ਬਿਨਾ ਕੀਤਾ ਜਾਵੇਗਾ।” (ਯਾਕੂਬ 2:13ੳ) ਇਸੇ ਲਈ ਬਾਈਬਲ ਕਹਿੰਦੀ ਹੈ ਕਿ “ਨਿਰਦਈ” ਲੋਕ “ਮਰਨ ਦੇ ਜੋਗ ਹਨ।”—ਰੋਮੀਆਂ 1:31, 32.

20 ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹਾ: “ਧੰਨ ਓਹ ਜਿਹੜੇ ਦਯਾਵਾਨ ਹਨ ਕਿਉਂ ਜੋ ਉਨ੍ਹਾਂ ਉੱਤੇ ਦਯਾ ਕੀਤੀ ਜਾਵੇਗੀ।” (ਮੱਤੀ 5:7) ਇਹ ਆਇਤ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਉੱਤੇ ਦਇਆ ਕਰੇ, ਤਾਂ ਸਾਨੂੰ ਵੀ ਦਇਆਵਾਨ ਬਣਨ ਦੀ ਲੋੜ ਹੈ। ਅਗਲਾ ਲੇਖ ਦੱਸੇਗਾ ਕਿ ਅਸੀਂ ਹਰ ਰੋਜ਼ ਦੂਸਰਿਆਂ ਉੱਤੇ ਦਇਆ ਕਿਵੇਂ ਕਰ ਸਕਦੇ ਹਾਂ।

ਤੁਸੀਂ ਕੀ ਸਿੱਖਿਆ?

• ਦਇਆ ਕੀ ਹੈ?

• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦੂਸਰਿਆਂ ਉੱਤੇ ਦਇਆ ਕਰ ਸਕਦੇ ਹਾਂ?

• ਯਹੋਵਾਹ ਕਿਵੇਂ ਦਇਆਵਾਨ ਅਤੇ ਨਿਆਂ-ਪਸੰਦ ਪਰਮੇਸ਼ੁਰ ਹੈ?

• ਸਾਨੂੰ ਦਇਆਵਾਨ ਬਣਨ ਦੀ ਕਿਉਂ ਲੋੜ ਹੈ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਯਹੋਵਾਹ ਦੀ ਦਇਆ ਬਿਲਕੁਲ ਇਕ ਮਾਂ ਦੀ ਮਮਤਾ ਵਰਗੀ ਹੈ

[ਸਫ਼ਾ 23 ਉੱਤੇ ਤਸਵੀਰ]

ਅਸੀਂ ਯਿਸੂ ਦੇ ਚਮਤਕਾਰਾਂ ਤੋਂ ਦਇਆ ਬਾਰੇ ਕੀ ਸਿੱਖਦੇ ਹਾਂ?

[ਸਫ਼ਾ 24 ਉੱਤੇ ਤਸਵੀਰ]

ਕੀ ਯਹੋਵਾਹ ਨੇ ਦਾਊਦ ਉੱਤੇ ਦਇਆ ਕਰ ਕੇ ਆਪਣੇ ਨਿਆਂ ਦੇ ਮਿਆਰ ਨੂੰ ਤੋੜਿਆ?

[ਸਫ਼ਾ 25 ਉੱਤੇ ਤਸਵੀਰ]

ਪਰਮੇਸ਼ੁਰ ਨੇ ਪਾਪੀ ਇਨਸਾਨਾਂ ਉੱਤੇ ਆਪਣੇ ਨਿਆਂ ਦੇ ਮਿਆਰ ਅਨੁਸਾਰ ਦਇਆ ਕੀਤੀ