Skip to content

Skip to table of contents

ਦਇਆ ਦੇ ਕੰਮ ਕਿਵੇਂ ਕਰੀਏ?

ਦਇਆ ਦੇ ਕੰਮ ਕਿਵੇਂ ਕਰੀਏ?

ਦਇਆ ਦੇ ਕੰਮ ਕਿਵੇਂ ਕਰੀਏ?

“ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।”—ਗਲਾਤੀਆਂ 6:10.

1, 2. ਸਾਮਰੀ ਬੰਦੇ ਦੀ ਕਹਾਣੀ ਤੋਂ ਅਸੀਂ ਦਇਆ ਬਾਰੇ ਕੀ ਸਿੱਖਦੇ ਹਾਂ?

ਯਿਸੂ ਨਾਲ ਗੱਲ ਕਰਦੇ ਹੋਏ ਮੂਸਾ ਦੀ ਬਿਵਸਥਾ ਦੇ ਇਕ ਗਿਆਨੀ ਬੰਦੇ ਨੇ ਉਸ ਤੋਂ ਪੁੱਛਿਆ: “ਕੌਣ ਹੈ ਮੇਰਾ ਗੁਆਂਢੀ?” ਜਵਾਬ ਵਿਚ ਯਿਸੂ ਨੇ ਉਸ ਨੂੰ ਇਕ ਕਹਾਣੀ ਸੁਣਾਈ: “ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀ ਅਤੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਰ ਅਧਮੋਇਆ ਛੱਡ ਕੇ ਚੱਲੇ ਗਏ। ਸਬੱਬ ਨਾਲ ਇੱਕ ਜਾਜਕ ਉਸ ਰਸਤੇ ਉਤਰਿਆ ਜਾਂਦਾ ਸੀ ਅਤੇ ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ। ਇਸੇ ਤਰਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ। ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਆਇਆ। ਅਤੇ ਜਾਂ ਉਹ ਨੂੰ ਵੇਖਿਆ ਤਾਂ ਤਰਸ ਖਾ ਕੇ ਉਹ ਦੇ ਕੋਲ ਗਿਆ ਅਤੇ ਤੇਲ ਅਰ ਮੈ ਲਾਕੇ ਉਹ ਦੇ ਘਾਵਾਂ ਨੂੰ ਬੰਨ੍ਹਿਆ ਅਰ ਆਪਣੀ ਅਸਵਾਰੀ ਤੇ ਉਹ ਨੂੰ ਚੜ੍ਹਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਹ ਦੀ ਟਹਿਲ ਟਕੋਰ ਕੀਤੀ। ਫੇਰ ਸਵੇਰ ਨੂੰ ਦੋ ਅੱਠਿਆਨੀਆਂ ਕੱਢ ਕੇ ਭਠਿਆਰੇ ਨੂੰ ਦਿੱਤੀਆਂ ਅਤੇ ਆਖਿਆ ਭਈ ਇਹ ਦੀ ਟਹਿਲ ਟਕੋਰ ਕਰਦਾ ਰਹੀਂ, ਅਰ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਾਂ ਮੁੜ ਆਵਾਂ ਤੇਰਾ ਭਰ ਦਿਆਂਗਾ।” ਫਿਰ ਯਿਸੂ ਨੇ ਉਸ ਨੂੰ ਪੁੱਛਿਆ: “ਉਨ੍ਹਾਂ ਤੇਹਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਮਲੂਮ ਹੁੰਦਾ ਹੈ?” ਉਸ ਨੇ ਜਵਾਬ ਦਿੱਤਾ: “ਜਿਹ ਨੇ ਉਸ ਉੱਤੇ ਦਯਾ ਕੀਤੀ।”—ਲੂਕਾ 10:25, 29-37ੳ.

2 ਜਿਸ ਤਰ੍ਹਾਂ ਉਸ ਸਾਮਰੀ ਨੇ ਜ਼ਖ਼ਮੀ ਬੰਦੇ ਦੀ ਦੇਖ-ਭਾਲ ਕੀਤੀ ਇਸ ਤੋਂ ਪਤਾ ਲੱਗਦਾ ਹੈ ਕਿ ਦਇਆ ਅਸਲ ਵਿਚ ਕੀ ਹੁੰਦੀ ਹੈ। ਸਾਮਰੀ ਬੰਦੇ ਨੇ ਤਰਸ ਖਾ ਕੇ ਉਸ ਜ਼ਖ਼ਮੀ ਬੰਦੇ ਦਾ ਦਵਾ-ਦਾਰੂ ਕੀਤਾ। ਨਾਲੇ ਧਿਆਨ ਦਿਓ ਕਿ ਜ਼ਖ਼ਮੀ ਬੰਦਾ ਸਾਮਰੀ ਲਈ ਅਜਨਬੀ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਦਇਆ ਕਰਨ ਵੇਲੇ ਕਿਸੇ ਦੀ ਕੌਮ, ਧਰਮ ਜਾਂ ਸਭਿਆਚਾਰ ਨਹੀਂ ਦੇਖਿਆ ਜਾਂਦਾ। ਸਾਮਰੀ ਬੰਦੇ ਦੀ ਉਦਾਹਰਣ ਦੇਣ ਤੋਂ ਬਾਅਦ ਯਿਸੂ ਨੇ ਉਸ ਗਿਆਨੀ ਨੂੰ ਸਲਾਹ ਦਿੱਤੀ: “ਤੂੰ ਵੀ ਜਾ ਕੇ ਏਵੇਂ ਹੀ ਕਰ।” (ਲੂਕਾ 10:37ਅ) ਸਾਨੂੰ ਵੀ ਇਹ ਨਸੀਹਤ ਯਾਦ ਰੱਖ ਕੇ ਦੂਸਰਿਆਂ ਉੱਤੇ ਦਇਆ ਕਰਨੀ ਚਾਹੀਦੀ ਹੈ। ਪਰ ਕਿਵੇਂ? ਅਸੀਂ ਹਰ ਰੋਜ਼ ਕਿਨ੍ਹਾਂ ਤਰੀਕਿਆਂ ਨਾਲ ਦੂਸਰਿਆਂ ਉੱਤੇ ਦਇਆ ਕਰ ਸਕਦੇ ਹਾਂ?

‘ਜੇ ਕੋਈ ਭਾਈ ਨੰਗਾ ਹੋਵੇ’

3, 4. ਆਪਣੇ ਮਸੀਹੀ ਭੈਣਾਂ-ਭਰਾਵਾਂ ਉੱਤੇ ਦਇਆ ਕਰਨੀ ਸਾਡੇ ਲਈ ਕਿਉਂ ਜ਼ਰੂਰੀ ਹੈ?

3 ਪੌਲੁਸ ਰਸੂਲ ਨੇ ਕਿਹਾ: “ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਇਸ ਲਈ ਆਓ ਆਪਾਂ ਪਹਿਲਾਂ ਦੇਖੀਏ ਕਿ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਉੱਤੇ ਕਿਵੇਂ ਦਇਆ ਕਰ ਸਕਦੇ ਹਾਂ।

4 ਇਕ-ਦੂਜੇ ਉੱਤੇ ਦਇਆ ਕਰਨ ਦੀ ਨਸੀਹਤ ਦਿੰਦੇ ਹੋਏ ਚੇਲੇ ਯਾਕੂਬ ਨੇ ਲਿਖਿਆ: “ਜਿਹ ਨੇ ਦਯਾ ਨਾ ਕੀਤੀ ਉਹ ਦਾ ਨਿਆਉਂ ਦਯਾ ਤੋਂ ਬਿਨਾ ਕੀਤਾ ਜਾਵੇਗਾ।” (ਯਾਕੂਬ 2:13) ਇਸ ਆਇਤ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦੂਸਰਿਆਂ ਉੱਤੇ ਦਇਆ ਕਰ ਸਕਦੇ ਹਾਂ। ਉਦਾਹਰਣ ਲਈ, ਯਾਕੂਬ 1:27 ਵਿਚ ਅਸੀਂ ਪੜ੍ਹਦੇ ਹਾਂ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।” ਯਾਕੂਬ 2:15, 16 ਵਿਚ ਲਿਖਿਆ ਹੈ: “ਜੇ ਕੋਈ ਭਾਈ ਯਾ ਭੈਣ ਨੰਗਾ ਅਤੇ ਰੱਜਵੀ ਰੋਟੀ ਤੋਂ ਥੁੜਿਆ ਹੋਵੇ ਅਤੇ ਤੁਸਾਂ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਭਈ ਸੁਖ ਸਾਂਦ ਨਾਲ ਜਾਓ। ਨਿੱਘੇ

ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਂਦੀਆਂ ਹਨ ਓਹ ਤੁਸਾਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ?”

5, 6. ਅਸੀਂ ਆਪਣੇ ਮਸੀਹੀ ਭੈਣ-ਭਰਾਵਾਂ ਉੱਤੇ ਕਿਨ੍ਹਾਂ ਤਰੀਕਿਆਂ ਨਾਲ ਦਇਆ ਕਰ ਸਕਦੇ ਹਾਂ?

5 ਦੂਸਰਿਆਂ ਦੀ ਪਰਵਾਹ ਕਰਨੀ ਤੇ ਲੋੜਵੰਦਾਂ ਦੀ ਮਦਦ ਕਰਨੀ ਸੱਚੀ ਭਗਤੀ ਦਾ ਹਿੱਸਾ ਹੈ। ਅਸੀਂ ਸਿਰਫ਼ ਮੂੰਹੋਂ ਹੀ ਨਹੀਂ ਕਹਿੰਦੇ ਕਿ ਸਾਡੇ ਲੋੜਵੰਦ ਭੈਣ-ਭਰਾ ਠੀਕ ਰਹਿਣ, ਸਗੋਂ ਹਮਦਰਦੀ ਸਾਨੂੰ ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰੇਗੀ। (1 ਯੂਹੰਨਾ 3:17, 18) ਜੀ ਹਾਂ, ਦਇਆ ਤੋਂ ਕੰਮ ਲੈਂਦੇ ਹੋਏ ਅਸੀਂ ਕਿਸੇ ਬੀਮਾਰ ਭੈਣ-ਭਰਾ ਲਈ ਰੋਟੀ ਬਣਾਵਾਂਗੇ, ਬਿਰਧ ਭੈਣ-ਭਰਾਵਾਂ ਦੇ ਘਰ ਦੇ ਕੰਮਾਂ ਵਿਚ ਹੱਥ ਵਟਾਵਾਂਗੇ, ਲੋੜ ਪੈਣ ਤੇ ਉਨ੍ਹਾਂ ਨੂੰ ਮੀਟਿੰਗਾਂ ਵਿਚ ਲੈ ਕੇ ਆਉਣ ਦਾ ਪ੍ਰਬੰਧ ਕਰਾਂਗੇ ਅਤੇ ਮਦਦ ਕਰਨ ਲੱਗਿਆ ਕੰਜੂਸੀ ਨਹੀਂ ਕਰਾਂਗੇ।—ਬਿਵਸਥਾ ਸਾਰ 15:7-10.

6 ਮਸੀਹੀ ਭੈਣ-ਭਰਾਵਾਂ ਦੀ ਇਨ੍ਹਾਂ ਤਰੀਕਿਆਂ ਨਾਲ ਮਦਦ ਕਰਨੀ ਚੰਗੀ ਗੱਲ ਹੈ, ਪਰ ਇਸ ਤੋਂ ਜ਼ਰੂਰੀ ਹੈ ਉਨ੍ਹਾਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਨੀ। ਸਾਨੂੰ ‘ਕਮਦਿਲਿਆਂ ਨੂੰ ਦਿਲਾਸਾ ਦੇਣ ਤੇ ਨਿਤਾਣਿਆਂ ਨੂੰ ਸਮ੍ਹਾਲਣ’ ਦੀ ਤਾਕੀਦ ਕੀਤੀ ਗਈ ਹੈ। (1 ਥੱਸਲੁਨੀਕੀਆਂ 5:14) “ਬੁੱਢੀਆਂ ਇਸਤ੍ਰੀਆਂ” ਨੂੰ “ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ” ਦਾ ਉਤਸ਼ਾਹ ਦਿੱਤਾ ਗਿਆ ਹੈ। (ਤੀਤੁਸ 2:3) ਮਸੀਹੀ ਨਿਗਾਹਬਾਨਾਂ ਬਾਰੇ ਬਾਈਬਲ ਕਹਿੰਦੀ ਹੈ: “ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।”—ਯਸਾਯਾਹ 32:2.

7. ਅੰਤਾਕਿਯਾ ਦੇ ਮਸੀਹੀਆਂ ਤੋਂ ਅਸੀਂ ਦਇਆ ਦੇ ਸੰਬੰਧ ਵਿਚ ਕੀ ਸਿੱਖਦੇ ਹਾਂ?

7 ਪਹਿਲੀ ਸਦੀ ਵਿਚ ਮਸੀਹੀਆਂ ਨੇ ਆਪਣੀਆਂ ਕਲੀਸਿਯਾਵਾਂ ਦੀਆਂ ਵਿਧਵਾਵਾਂ, ਯਤੀਮਾਂ, ਲੋੜਵੰਦਾਂ ਅਤੇ ਨਿਰਾਸ਼ ਭੈਣਾਂ-ਭਰਾਵਾਂ ਦੀ ਮਦਦ ਕਰਨ ਤੋਂ ਇਲਾਵਾ ਕਈ ਵਾਰ ਹੋਰ ਕਲੀਸਿਯਾਵਾਂ ਦੀ ਮਦਦ ਕਰਨ ਦਾ ਪ੍ਰਬੰਧ ਵੀ ਕੀਤਾ ਸੀ। ਉਦਾਹਰਣ ਲਈ, ਜਦੋਂ ਨਬੀ ਆਗਬੁਸ ਨੇ ਭਵਿੱਖਬਾਣੀ ਕੀਤੀ ਸੀ ਕਿ “ਸਾਰੀ ਦੁਨੀਆ ਵਿੱਚ ਵੱਡਾ ਕਾਲ ਪਏਗਾ,” ਤਾਂ ਸੀਰੀਆ ਦੇ ਸ਼ਹਿਰ ਅੰਤਾਕਿਯਾ ਦੇ ਚੇਲਿਆਂ ਨੇ “ਆਪੋ ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਾਈਆਂ ਦੀ ਮੱਦਤ ਲਈ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ ਕੁਝ ਘੱਲਣ ਦੀ ਦਲੀਲ ਕੀਤੀ।” ਉਨ੍ਹਾਂ ਨੇ ਸਾਰਾ ਸਾਮਾਨ “ਬਰਨਬਾਸ ਅਰ ਸੌਲੁਸ ਦੇ ਹੱਥੀਂ” ਯਹੂਦਿਯਾ ਦੇ ਬਜ਼ੁਰਗਾਂ ਦੇ ਕੋਲ ਘੱਲਿਆ। (ਰਸੂਲਾਂ ਦੇ ਕਰਤੱਬ 11:28-30) ਕੀ ਅੱਜ ਵੀ ਇੱਦਾਂ ਹੁੰਦਾ ਹੈ? ਜਦੋਂ ਤੂਫ਼ਾਨਾਂ, ਭੁਚਾਲਾਂ ਜਾਂ ਸੁਨਾਮੀ ਕਰਕੇ ਸਾਡੇ ਭੈਣ-ਭਰਾਵਾਂ ਦਾ ਨੁਕਸਾਨ ਹੁੰਦਾ ਹੈ, ਤਾਂ “ਮਾਤਬਰ ਅਤੇ ਬੁੱਧਵਾਨ ਨੌਕਰ” ਉਨ੍ਹਾਂ ਦੀ ਮਦਦ ਕਰਨ ਵਾਸਤੇ ਰਾਹਤ ਕਮੇਟੀਆਂ ਰਾਹੀਂ ਲੋੜੀਂਦਾ ਸਾਮਾਨ ਉਨ੍ਹਾਂ ਕੋਲ ਪਹੁੰਚਾਉਂਦਾ ਹੈ। (ਮੱਤੀ 24:45) ਬੁੱਧਵਾਨ ਨੌਕਰ ਨੂੰ ਇਸ ਕੰਮ ਵਿਚ ਵੱਖ-ਵੱਖ ਤਰੀਕਿਆਂ ਨਾਲ ਸਹਿਯੋਗ ਦੇ ਕੇ ਅਸੀਂ ਦਇਆ ਭਰਿਆ ਕੰਮ ਕਰਦੇ ਹਾਂ।

“ਜੇ ਤੁਸੀਂ ਪੱਖ ਕਰਦੇ ਹੋ”

8. ਪੱਖਪਾਤ ਕਰਨਾ ਦਇਆ ਦੇ ਉਲਟ ਕਿਉਂ ਹੈ?

8 ਪੱਖਪਾਤ ਕਰਨਾ ਦਇਆ ਅਤੇ ਪਿਆਰ ਦੇ “ਸ਼ਾਹੀ ਹੁਕਮ” ਦੇ ਉਲਟ ਹੈ। ਪੱਖਪਾਤ ਤੋਂ ਖ਼ਬਰਦਾਰ ਕਰਦਿਆਂ ਯਾਕੂਬ ਨੇ ਲਿਖਿਆ: “ਜੇ ਤੁਸੀਂ ਪੱਖ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਸ਼ਰਾ ਤੋਂ ਦੋਸ਼ੀ ਠਹਿਰਾਏ ਜਾਂਦੇ ਹੋ।” (ਯਾਕੂਬ 2:8, 9) ਅਮੀਰਾਂ ਜਾਂ ਮੰਨੇ-ਪ੍ਰਮੰਨੇ ਲੋਕਾਂ ਦੀ ਤਰਫ਼ਦਾਰੀ ਕਰਨ ਕਰਕੇ ਅਸੀਂ ਸ਼ਾਇਦ “ਗਰੀਬ ਦੀ ਦੁਹਾਈ” ਨੂੰ ਅਣਗੌਲਿਆਂ ਕਰ ਦੇਈਏ। (ਕਹਾਉਤਾਂ 21:13) ਪੱਖਪਾਤ ਕਰਨ ਵਾਲਾ ਇਨਸਾਨ ਦਇਆਵਾਨ ਨਹੀਂ ਹੁੰਦਾ। ਦੂਸਰਿਆਂ ਨਾਲ ਪੱਖਪਾਤ ਨਾ ਕਰ ਕੇ ਅਸੀਂ ਦਇਆ ਕਰਦੇ ਹਾਂ।

9. ਕਿਸੇ ਵੱਲ ਖ਼ਾਸ ਤਵੱਜੋ ਦੇਣੀ ਤਰਫ਼ਦਾਰੀ ਕਿਉਂ ਨਹੀਂ ਹੈ?

9 ਕੀ ਪੱਖਪਾਤ ਨਾ ਕਰਨ ਦਾ ਇਹ ਮਤਲਬ ਹੈ ਕਿ ਅਸੀਂ ਕਦੇ ਕਿਸੇ ਵੱਲ ਖ਼ਾਸ ਤਵੱਜੋ ਨਹੀਂ ਦੇਵਾਂਗੇ? ਨਹੀਂ, ਇਸ ਤਰ੍ਹਾਂ ਨਹੀਂ ਹੈ। ਆਪਣੇ ਸਾਥੀ ਇਪਾਫ਼ਰੋਦੀਤੁਸ ਬਾਰੇ ਪੌਲੁਸ ਰਸੂਲ ਨੇ ਫ਼ਿਲਿੱਪੈ ਦੀ ਕਲੀਸਿਯਾ ਨੂੰ ਲਿਖਿਆ: “ਏਹੋ ਜੇਹਿਆਂ ਦਾ ਆਦਰ ਕਰੋ।” ਕਿਉਂ? “ਇਸ ਕਰਕੇ ਜੋ ਉਹ ਮਸੀਹ ਦੇ ਕੰਮ ਲਈ ਮੌਤ ਦੇ ਮੂੰਹ ਵਿੱਚ ਆਇਆ ਕਿਉਂ ਜੋ ਮੇਰੀ ਟਹਿਲ ਕਰਨ ਵਿੱਚ ਜੋ ਤੁਹਾਡੀ ਵੱਲੋਂ ਥੁੜ ਸੀ ਉਹ ਨੂੰ ਪੂਰਿਆਂ ਕਰਨ ਲਈ ਓਨ ਆਪਣੀ ਜਾਨ ਤਲੀ ਉੱਤੇ ਧਰੀ।” (ਫ਼ਿਲਿੱਪੀਆਂ 2:25, 29, 30) ਇਪਾਫ਼ਰੋਦੀਤੁਸ ਦੀ ਸੇਵਾ ਤਾਰੀਫ਼ ਦੇ ਕਾਬਲ ਸੀ। ਇਸ ਤੋਂ ਇਲਾਵਾ, 1 ਤਿਮੋਥਿਉਸ 5:17 ਵਿਚ ਅਸੀਂ ਪੜ੍ਹਦੇ ਹਾਂ: “ਓਹ ਬਜ਼ੁਰਗ ਜਿਹੜੇ ਚੰਗਾ ਪਰਬੰਧ ਕਰਦੇ ਹਨ ਦੂਣੇ ਆਦਰ ਦੇ ਜੋਗ ਸਮਝੇ ਜਾਣ ਪਰ ਖਾਸ ਕਰਕੇ ਓਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ।” ਚੰਗੇ ਅਧਿਆਤਮਿਕ ਗੁਣਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਕਿਸੇ ਵੱਲ ਤਵੱਜੋ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਤਰਫ਼ਦਾਰੀ ਕਰ ਰਹੇ ਹਾਂ।

‘ਜਿਹੜੀ ਬੁੱਧ ਉੱਪਰੋਂ ਹੈ ਦਯਾ ਨਾਲ ਭਰਪੂਰ ਹੈ’

10. ਸਾਨੂੰ ਆਪਣੀ ਜੀਭ ਨੂੰ ਕਾਬੂ ਵਿਚ ਕਿਉਂ ਰੱਖਣਾ ਚਾਹੀਦਾ ਹੈ?

10 ਜੀਭ ਦੇ ਬਾਰੇ ਯਾਕੂਬ ਨੇ ਲਿਖਿਆ: “ਉਹ ਇੱਕ ਚੰਚਲ ਬਲਾ ਹੈ, ਉਹ ਨਾਸ ਕਰਨ ਵਾਲੀ ਵਿੱਸ ਨਾਲ ਭਰੀ ਹੋਈ ਹੈ। ਓਸੇ ਨਾਲ ਅਸੀਂ ਪ੍ਰਭੁ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਓਸੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ ਫਿਟਕਾਰ ਦਿੰਦੇ ਹਾਂ। ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਿਟਕਾਰ ਨਿੱਕਲਦੀ ਹੈ!” ਫਿਰ ਅੱਗੇ ਯਾਕੂਬ ਕਹਿੰਦਾ ਹੈ: “ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ ਅਤੇ ਧੜੇਬਾਜ਼ੀ ਕਰਦੇ ਹੋ ਤਾਂ ਸਚਿਆਈ ਦੇ ਵਿਰੁੱਧ ਨਾ ਘੁਮੰਡ ਕਰੋ, ਨਾ ਝੂਠ ਮਾਰੋ। ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉਤਰ ਆਉਂਦੀ ਹੈ ਸਗੋਂ ਸੰਸਾਰੀ, ਪ੍ਰਾਣਕ, ਸ਼ਤਾਨੀ ਹੈ। ਕਿਉਂਕਿ ਜਿੱਥੇ ਈਰਖਾ ਅਤੇ ਧੜੇਬਾਜ਼ੀ ਹੁੰਦੀ ਹੈ ਉੱਥੇ ਘਮਸਾਣ ਅਤੇ ਹਰ ਭਾਂਤ ਦਾ ਮੰਦਾ ਕੰਮ ਹੁੰਦਾ ਹੈ। ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।”—ਯਾਕੂਬ 3:8-10ੳ, 14-17.

11. ਅਸੀਂ ਜੀਭ ਨੂੰ ਕਾਬੂ ਵਿਚ ਰੱਖ ਕੇ ਦੂਸਰਿਆਂ ਉੱਤੇ ਦਇਆ ਕਿਵੇਂ ਕਰ ਸਕਦੇ ਹਾਂ?

11 ਅਸੀਂ ਜੋ ਕਹਿੰਦੇ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਕੋਲ ‘ਦਯਾ ਨਾਲ ਭਰਪੂਰ’ ਬੁੱਧ ਹੈ ਜਾਂ ਨਹੀਂ। ਜੇ ਅਸੀਂ ਈਰਖਾ ਕਰਕੇ ਫੜਾਂ ਮਾਰਦੇ ਹਾਂ, ਝੂਠ ਬੋਲਦੇ ਹਾਂ ਜਾਂ ਚੁਗ਼ਲੀਆਂ ਕਰਦੇ ਹਾਂ, ਤਾਂ ਇਸ ਤੋਂ ਸਾਡੇ ਬਾਰੇ ਕੀ ਪਤਾ ਲੱਗੇਗਾ? ਫੜ੍ਹਾਂ ਮਾਰਨ ਵਾਲੇ ਲੋਕਾਂ ਨੂੰ ਜ਼ਬੂਰ 94:4 ਵਿਚ “ਬਦਕਾਰ” ਕਿਹਾ ਗਿਆ ਹੈ। ਕਿਸੇ ਬੇਕਸੂਰ ਦੀ ਚੁਗ਼ਲੀ ਕਰਨ ਨਾਲ ਉਸ ਦਾ ਨਾਂ ਖ਼ਰਾਬ ਹੋ ਸਕਦਾ ਹੈ। (ਜ਼ਬੂਰਾਂ ਦੀ ਪੋਥੀ 64:2-4) ਇਸ ਤੋਂ ਇਲਾਵਾ, ‘ਝੂਠੇ ਗਵਾਹ ਦੇ ਝੂਠ ਮਾਰਨ’ ਨਾਲ ਕਿੰਨਾ ਨੁਕਸਾਨ ਹੋ ਸਕਦਾ ਹੈ! (ਕਹਾਉਤਾਂ 14:5; 1 ਰਾਜਿਆਂ 21:7-13) ਜੀਭ ਦੇ ਬਾਰੇ ਗੱਲ ਕਰਨ ਤੋਂ ਬਾਅਦ, ਯਾਕੂਬ ਕਹਿੰਦਾ ਹੈ: “ਹੇ ਮੇਰੇ ਭਰਾਵੋ, ਏਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ ਹਨ!” (ਯਾਕੂਬ 3:10ਅ) ਸੱਚੇ ਦਿੱਲੋਂ ਦਇਆ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਚੰਗੀਆਂ ਗੱਲਾਂ ਕਰੀਏ ਤੇ ਫੁੱਟਾਂ ਨਾ ਪਾਈਏ। ਯਿਸੂ ਨੇ ਕਿਹਾ: “ਮੈਂ ਤੁਹਾਨੂੰ ਆਖਦਾ ਹਾਂ ਭਈ ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਣ ਨਿਆਉਂ ਦੇ ਦਿਨ ਉਹ ਦਾ ਹਿਸਾਬ ਦੇਣਗੇ।” (ਮੱਤੀ 12:36) ਸੋ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੀ ਜੀਭ ਨੂੰ ਕਾਬੂ ਵਿਚ ਰੱਖ ਕੇ ਦੂਸਰਿਆਂ ਤੇ ਦਇਆ ਕਰੀਏ!

‘ਮਨੁੱਖਾਂ ਦੇ ਅਪਰਾਧ ਮਾਫ਼ ਕਰ ਦਿਓ’

12, 13. (ੳ) ਅਸੀਂ ਉਸ ਗ਼ੁਲਾਮ ਦੀ ਕਹਾਣੀ ਤੋਂ ਦਇਆ ਬਾਰੇ ਕੀ ਸਿੱਖਦੇ ਹਾਂ ਜਿਸ ਦੇ ਸਿਰ ਉੱਤੇ ਬਹੁਤ ਵੱਡਾ ਕਰਜ਼ਾ ਸੀ? (ਅ) ਆਪਣੇ ਭਰਾ ਨੂੰ “ਸੱਤਰ ਦੇ ਸੱਤ ਗੁਣਾ ਤੀਕਰ” ਮਾਫ਼ ਕਰਨ ਦਾ ਕੀ ਮਤਲਬ ਹੈ?

12 ਦਇਆ ਕਰਨ ਦਾ ਇਕ ਹੋਰ ਤਰੀਕਾ ਦੱਸਣ ਲਈ ਯਿਸੂ ਨੇ ਇਕ ਰਾਜੇ ਦੀ ਕਹਾਣੀ ਸੁਣਾਈ। ਇਸ ਰਾਜੇ ਦੇ ਗ਼ੁਲਾਮ ਨੇ ਉਸ ਦੇ ਛੇ ਕਰੋੜ ਦਿਨਾਰ ਦੇਣੇ ਸਨ। ਪਰ ਗ਼ੁਲਾਮ ਲਈ ਇੰਨਾ ਵੱਡਾ ਕਰਜ਼ਾ ਚੁਕਾਉਣਾ ਸੰਭਵ ਨਹੀਂ ਸੀ, ਇਸ ਲਈ ਉਸ ਨੇ ਦਇਆ ਲਈ ਬੇਨਤੀ ਕੀਤੀ। “ਤਰਸ ਖਾ ਕੇ” ਰਾਜੇ ਨੇ ਉਸ ਗ਼ੁਲਾਮ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਪਰ ਜਦ ਇਹ ਗ਼ੁਲਾਮ ਬਾਹਰ ਗਿਆ, ਤਾਂ ਉਸ ਨੂੰ ਇਕ ਹੋਰ ਗ਼ੁਲਾਮ ਮਿਲਿਆ ਜਿਸ ਨੇ ਪਹਿਲੇ ਗ਼ੁਲਾਮ ਨੂੰ ਸਿਰਫ਼ 100 ਦਿਨਾਰ ਦੇਣੇ ਸਨ। ਪਹਿਲੇ ਗ਼ੁਲਾਮ ਨੇ ਉਸ ਉੱਤੇ ਜ਼ਰਾ ਵੀ ਤਰਸ ਨਹੀਂ ਕੀਤਾ ਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਸ ਨੇ ਪਹਿਲੇ ਗ਼ੁਲਾਮ ਨੂੰ ਬੁਲਾਇਆ ਤੇ ਪੁੱਛਿਆ: “ਓਏ ਦੁਸ਼ਟ ਨੌਕਰ! ਮੈਂ ਤੈਨੂੰ ਉਹ ਸਾਰਾ ਕਰਜ ਛੱਡ ਦਿੱਤਾ ਇਸ ਲਈ ਜੋ ਤੈਂ ਮੇਰੀ ਮਿੰਨਤ ਕੀਤੀ। ਫੇਰ ਜਿਹੀ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਤਿਹੀ ਦਯਾ ਕਰਨੀ ਨਹੀਂ ਸੀ ਚਾਹੀਦੀ?” ਇਸ ਤੋਂ ਬਾਅਦ ਉਸ ਨੇ ਇਸ ਗ਼ੁਲਾਮ ਨੂੰ ਜੇਲ੍ਹ ਵਿਚ ਸੁਟਵਾ ਦਿੱਤਾ। ਯਿਸੂ ਨੇ ਕਹਾਣੀ ਦੇ ਅਖ਼ੀਰ ਵਿਚ ਕਿਹਾ: “ਇਸੇ ਤਰਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ।”—ਮੱਤੀ 18:23-35.

13 ਇਹ ਕਹਾਣੀ ਕਿੰਨੇ ਵਧੀਆ ਤਰੀਕੇ ਨਾਲ ਸਾਨੂੰ ਦੱਸਦੀ ਹੈ ਕਿ ਦਇਆਵਾਨ ਇਨਸਾਨ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ! ਯਹੋਵਾਹ ਨੇ ਸਾਡੇ ਪਾਪਾਂ ਦੇ ਬਹੁਤ ਵੱਡੇ ਕਰਜ਼ੇ ਨੂੰ ਮਾਫ਼ ਕੀਤਾ ਹੈ। ਕੀ ਸਾਨੂੰ ਵੀ ‘ਮਨੁੱਖਾਂ ਦੇ ਅਪਰਾਧ ਮਾਫ਼ ਨਹੀਂ ਕਰਨੇ’ ਚਾਹੀਦੇ? (ਮੱਤੀ 6:14, 15) ਯਿਸੂ ਦੁਆਰਾ ਬੇਰਹਿਮ ਗ਼ੁਲਾਮ ਦੀ ਕਹਾਣੀ ਸੁਣਾਉਣ ਤੋਂ ਪਹਿਲਾਂ ਪਤਰਸ ਨੇ ਉਸ ਨੂੰ ਪੁੱਛਿਆ ਸੀ: “ਪ੍ਰਭੁ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹ ਨੂੰ ਮਾਫ਼ ਕਰਾਂ? ਕੀ ਸੱਤ ਵਾਰ ਤੀਕਰ?” ਯਿਸੂ ਨੇ ਜਵਾਬ ਦਿੱਤਾ: “ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ ਸੱਤਰ ਦੇ ਸੱਤ ਗੁਣਾ ਤੀਕਰ।” (ਮੱਤੀ 18:21, 22) ਜੀ ਹਾਂ, ਦਇਆਵਾਨ ਇਨਸਾਨ “ਸੱਤਰ ਦੇ ਸੱਤ ਗੁਣਾ ਤੀਕਰ” ਮਾਫ਼ ਕਰਦਾ ਹੈ ਯਾਨੀ ਉਹ ਹਿਸਾਬ ਨਹੀਂ ਰੱਖਦਾ ਕਿ ਉਹ ਕਿੰਨੀ ਕੁ ਵਾਰ ਦੂਸਰਿਆਂ ਨੂੰ ਮਾਫ਼ ਕਰਦਾ ਹੈ।

14. ਮੱਤੀ 7:1-4 ਅਨੁਸਾਰ ਅਸੀਂ ਹਰ ਰੋਜ਼ ਦਇਆ ਕਿਵੇਂ ਕਰ ਸਕਦੇ ਹਾਂ?

14 ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਦਇਆ ਕਰਨ ਦਾ ਇਕ ਹੋਰ ਤਰੀਕਾ ਦੱਸਿਆ। ਉਸ ਨੇ ਕਿਹਾ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ। ਕਿਉਂਕਿ ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ . . . ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ? ਅਥਵਾ ਕਿੱਕੁਰ ਤੂੰ ਆਪਣੇ ਭਾਈ ਨੂੰ ਆਖੇਂਗਾ, ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਸੁੱਟਾਂ ਅਤੇ ਵੇਖ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ!” (ਮੱਤੀ 7:1-4) ਯਿਸੂ ਦੀ ਨਸੀਹਤ ਤੋਂ ਪਤਾ ਚੱਲਦਾ ਹੈ ਕਿ ਦੂਸਰਿਆਂ ਦੀ ਨੁਕਤਾਚੀਨੀ ਨਾ ਕਰ ਕੇ ਅਤੇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸਹਿ ਕੇ ਅਸੀਂ ਹਰ ਰੋਜ਼ ਉਨ੍ਹਾਂ ਉੱਤੇ ਦਇਆ ਕਰ ਸਕਦੇ ਹਾਂ।

‘ਸਭਨਾਂ ਨਾਲ ਭਲਾ ਕਰੋ’

15. ਸਾਨੂੰ ਸਿਰਫ਼ ਆਪਣੇ ਮਸੀਹੀ ਭੈਣ-ਭਰਾਵਾਂ ਦਾ ਹੀ ਭਲਾ ਕਿਉਂ ਨਹੀਂ ਕਰਨਾ ਚਾਹੀਦਾ?

15 ਯਾਕੂਬ ਦੀ ਕਿਤਾਬ ਵਿਚ ਆਪਣੇ ਮਸੀਹੀ ਭੈਣ-ਭਰਾਵਾਂ ਤੇ ਦਇਆ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਦੁਨੀਆਂ ਦੇ ਲੋਕਾਂ ਦੀ ਪਰਵਾਹ ਹੀ ਨਾ ਕਰੀਏ। ਜ਼ਬੂਰ 145:9 ਵਿਚ ਕਿਹਾ ਗਿਆ ਹੈ ਕਿ “ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।” ਸਾਨੂੰ “ਪਰਮੇਸ਼ੁਰ ਦੀ ਰੀਸ” ਕਰਨ ਅਤੇ ‘ਸਭਨਾਂ ਨਾਲ ਭਲਾ ਕਰਨ’ ਦੀ ਤਾਕੀਦ ਕੀਤੀ ਗਈ ਹੈ। (ਅਫ਼ਸੀਆਂ 5:1; ਗਲਾਤੀਆਂ 6:10) ਭਾਵੇਂ ਅਸੀਂ ‘ਸੰਸਾਰ ਨਾਲ ਮੋਹ ਨਹੀਂ ਰੱਖਦੇ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ,’ ਪਰ ਅਸੀਂ ਦੁਨੀਆਂ ਵਿਚ ਲੋੜਵੰਦ ਲੋਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ।—1 ਯੂਹੰਨਾ 2:15.

16. ਦੂਸਰਿਆਂ ਉੱਤੇ ਦਇਆ ਕਰਨ ਵੇਲੇ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਪੈਂਦੀਆਂ ਹਨ?

16 ਅੱਜ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ,” ਇਸ ਲਈ ਮਸੀਹੀ ਹੋਣ ਦੇ ਨਾਤੇ ਅਸੀਂ ਮੁਸ਼ਕਲਾਂ ਵਿਚ ਫਸੇ ਲੋਕਾਂ ਦੀ ਮਦਦ ਕਰਨ ਤੋਂ ਨਹੀਂ ਕਤਰਾਉਂਦੇ। (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਅਸੀਂ ਆਪਣੇ ਹਾਲਾਤ ਦੇਖ ਕੇ ਫ਼ੈਸਲਾ ਕਰਦੇ ਹਾਂ ਕਿ ਕਿੱਦਾਂ ਮਦਦ ਕਰਨੀ ਹੈ ਤੇ ਕਿੰਨੀ ਕੁ ਮਦਦ ਕਰਨੀ ਹੈ। (ਕਹਾਉਤਾਂ 3:27) ਦੂਸਰਿਆਂ ਦੀ ਮਦਦ ਕਰਦੇ ਵੇਲੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਦੀ ਅਸੀਂ ਮਦਦ ਕਰ ਰਹੇ ਹਾਂ, ਉਹ ਸਾਡੀ ਦਇਆ ਦਾ ਫ਼ਾਇਦਾ ਉਠਾ ਕੇ ਆਲਸੀ ਨਾ ਬਣ ਜਾਵੇ। (ਕਹਾਉਤਾਂ 20:1, 4; 2 ਥੱਸਲੁਨੀਕੀਆਂ 3:10-12) ਇਸ ਲਈ ਸੱਚੀ ਦਇਆ ਕਰਨ ਲਈ ਸਾਨੂੰ ਦਿਲ ਦੇ ਨਾਲ-ਨਾਲ ਦਿਮਾਗ਼ ਤੋਂ ਵੀ ਕੰਮ ਲੈਣਾ ਚਾਹੀਦਾ ਹੈ।

17. ਲੋਕਾਂ ਉੱਤੇ ਦਇਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?

17 ਲੋਕਾਂ ਉੱਤੇ ਦਇਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਨੂੰ ਬਾਈਬਲ ਦੀਆਂ ਸੱਚਾਈਆਂ ਦੱਸਣੀਆਂ। ਕਿਉਂ? ਕਿਉਂਕਿ ਦੁਨੀਆਂ ਦੇ ਜ਼ਿਆਦਾਤਰ ਲੋਕ ਅਧਿਆਤਮਿਕ ਹਨੇਰੇ ਵਿਚ ਭਟਕ ਰਹੇ ਹਨ। ਉਨ੍ਹਾਂ ਨੂੰ ਪਤਾ ਨਹੀਂ ਕਿ ਸਮੱਸਿਆਵਾਂ ਦਾ ਸਾਮ੍ਹਣਾ ਕਿੱਦਾਂ ਕਰਨਾ ਹੈ ਅਤੇ ਨਾ ਹੀ ਚੰਗੇ ਭਵਿੱਖ ਦੀ ਆਸ ਹੈ। ਇਸ ਲਈ ਜ਼ਿਆਦਾਤਰ ਲੋਕ ‘ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਹਨ।’ (ਮੱਤੀ 9:36) ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ‘ਉਨ੍ਹਾਂ ਦੇ ਪੈਰਾਂ ਲਈ ਦੀਪਕ’ ਸਾਬਤ ਹੋ ਸਕਦਾ ਹੈ ਤੇ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰਦਾ ਹੈ। ਬਾਈਬਲ ‘ਉਨ੍ਹਾਂ ਦੇ ਰਾਹਾਂ ਲਈ ਚਾਨਣ’ ਸਾਬਤ ਹੋ ਸਕਦੀ ਹੈ ਕਿਉਂਕਿ ਇਹ ਦੱਸਦੀ ਹੈ ਕਿ ਭਵਿੱਖ ਵਿਚ ਪਰਮੇਸ਼ੁਰ ਕੀ ਕਰੇਗਾ। ਇਸ ਤੋਂ ਉਨ੍ਹਾਂ ਨੂੰ ਰੌਸ਼ਨ ਭਵਿੱਖ ਦੀ ਉਮੀਦ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 119:105) ਨਿਰਾਸ਼ ਲੋਕਾਂ ਕੋਲ ਸੱਚਾਈ ਦਾ ਸੰਦੇਸ਼ ਲੈ ਕੇ ਜਾਣਾ ਕਿੰਨੇ ਸਨਮਾਨ ਦੀ ਗੱਲ ਹੈ! “ਵੱਡਾ ਕਸ਼ਟ” ਜਲਦੀ ਆਉਣ ਵਾਲਾ ਹੈ, ਇਸ ਲਈ ਹੁਣ ਸਮਾਂ ਹੈ ਕਿ ਅਸੀਂ ਜ਼ੋਰਾਂ-ਸ਼ੋਰਾਂ ਨਾਲ ਰਾਜ ਦਾ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਕਰੀਏ। (ਮੱਤੀ 24:3-8, 21, 22, 36-41; 28:19, 20) ਇਸ ਤੋਂ ਵਧੀਆ ਹੋਰ ਕੋਈ ਦਇਆ ਦਾ ਕੰਮ ਹੋ ਹੀ ਨਹੀਂ ਸਕਦਾ।

“ਅੰਦਰਲੀਆਂ ਚੀਜ਼ਾਂ” ਦਿਓ

18, 19. ਸਾਨੂੰ ਦਇਆਵਾਨ ਬਣੇ ਰਹਿਣ ਦਾ ਜਤਨ ਕਿਉਂ ਕਰਦੇ ਰਹਿਣਾ ਚਾਹੀਦਾ ਹੈ?

18 ਯਿਸੂ ਨੇ ਕਿਹਾ ਸੀ: “ਅੰਦਰਲੀਆਂ ਚੀਜ਼ਾਂ ਨੂੰ ਦਾਨ ਕਰੋ।” (ਲੂਕਾ 11:41) ਜੇ ਅਸੀਂ ਕਿਸੇ ਉੱਤੇ ਦਇਆ ਕਰਦੇ ਹਾਂ, ਤਾਂ ਇਹ ਦਿਲੋਂ ਹੋਣੀ ਚਾਹੀਦੀ ਹੈ। (2 ਕੁਰਿੰਥੀਆਂ 9:7) ਜਦੋਂ ਅਸੀਂ ਸੱਚੇ ਦਿਲੋਂ ਦੂਸਰਿਆਂ ਤੇ ਦਇਆ ਕਰਦੇ ਹਾਂ, ਤਾਂ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ ਕਿਉਂਕਿ ਇਹ ਦੁਨੀਆਂ ਕਠੋਰ, ਸੁਆਰਥੀ ਅਤੇ ਬੇਰਹਿਮ ਲੋਕਾਂ ਨਾਲ ਭਰੀ ਹੋਈ ਹੈ!

19 ਇਸ ਲਈ ਆਓ ਆਪਾਂ ਦਇਆਵਾਨ ਬਣੇ ਰਹਿਣ ਦਾ ਜਤਨ ਕਰਦੇ ਰਹੀਏ। ਅਸੀਂ ਜਿੰਨੇ ਜ਼ਿਆਦਾ ਦਇਆਵਾਨ ਹੋਵਾਂਗੇ, ਉੱਨੇ ਹੀ ਅਸੀਂ ਪਰਮੇਸ਼ੁਰ ਵਰਗੇ ਬਣਾਂਗੇ। ਇਸ ਤਰ੍ਹਾਂ ਅਸੀਂ ਮਕਸਦ ਭਰੀ ਜ਼ਿੰਦਗੀ ਜੀ ਕੇ ਸੱਚੀ ਖ਼ੁਸ਼ੀ ਪਾਵਾਂਗੇ।—ਮੱਤੀ 5:7.

ਤੁਸੀਂ ਕੀ ਸਿੱਖਿਆ?

• ਆਪਣੇ ਮਸੀਹੀ ਭੈਣਾਂ-ਭਰਾਵਾਂ ਉੱਤੇ ਦਇਆ ਕਰਨੀ ਕਿਉਂ ਜ਼ਰੂਰੀ ਹੈ?

• ਅਸੀਂ ਆਪਣੇ ਭੈਣ-ਭਰਾਵਾਂ ਉੱਤੇ ਕਿਹੜੇ ਤਰੀਕਿਆਂ ਨਾਲ ਦਇਆ ਕਰ ਸਕਦੇ ਹਾਂ?

• ਅਸੀਂ ਲੋਕਾਂ ਦਾ ਭਲਾ ਕਿਵੇਂ ਕਰ ਸਕਦੇ ਹਾਂ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਸਾਮਰੀ ਆਦਮੀ ਨੇ ਦਇਆ ਕਰ ਕੇ ਜ਼ਖ਼ਮੀ ਮੁਸਾਫ਼ਰ ਦੀ ਮਦਦ ਕੀਤੀ

[ਸਫ਼ਾ 27 ਉੱਤੇ ਤਸਵੀਰਾਂ]

ਦਇਆਵਾਨ ਮਸੀਹੀ ਦੂਸਰਿਆਂ ਦੀ ਮਦਦ ਕਰਦੇ ਹਨ

[ਸਫ਼ਾ 30 ਉੱਤੇ ਤਸਵੀਰ]

ਲੋਕਾਂ ਉੱਤੇ ਦਇਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਨੂੰ ਬਾਈਬਲ ਦਾ ਗਿਆਨ ਦੇਣਾ