Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਮੂਸਾ ਦੀ ਬਿਵਸਥਾ ਦੇ ਅਨੁਸਾਰ, ਪਰਮੇਸ਼ੁਰ ਨੇ ਯਹੂਦੀਆਂ ਨੂੰ ਪਸਾਹ ਦੇ ਤਿਉਹਾਰ ਦੌਰਾਨ “ਕੋਈ ਖ਼ਮੀਰੀ ਵਸਤ” ਨਾ ਖਾਣ ਦਾ ਹੁਕਮ ਦਿੱਤਾ ਸੀ। ਤਾਂ ਫਿਰ ਆਪਣੀ ਮੌਤ ਦੀ ਯਾਦਗਾਰ ਮਨਾਉਣ ਦੀ ਰੀਤ ਸ਼ੁਰੂ ਕਰਦੇ ਸਮੇਂ ਯਿਸੂ ਨੇ ਮੈ ਕਿਉਂ ਵਰਤੀ ਸੀ ਜੋ ਕਿ ਖ਼ਮੀਰ ਉਠਾਉਣ ਨਾਲ ਬਣਾਈ ਜਾਂਦੀ ਹੈ?—ਕੂਚ 12:20; ਲੂਕਾ 22:7, 8, 14-20.

ਯਹੂਦੀਆਂ ਨੇ ਪਸਾਹ ਦਾ ਤਿਉਹਾਰ 1513 ਈ. ਪੂ. ਵਿਚ ਮਨਾਉਣਾ ਸ਼ੁਰੂ ਕੀਤਾ ਸੀ। ਯਹੂਦੀ ਮਿਸਰ ਦੀ ਗ਼ੁਲਾਮੀ ਤੋਂ ਆਪਣੇ ਛੁਟਕਾਰੇ ਦੀ ਯਾਦ ਵਿਚ ਇਹ ਤਿਉਹਾਰ ਮਨਾਉਂਦੇ ਸਨ। ਇਹ ਤਿਉਹਾਰ ਮਨਾਉਣ ਦੇ ਸੰਬੰਧ ਵਿਚ ਯਹੂਦੀਆਂ ਨੂੰ ਕੁਝ ਖ਼ਾਸ ਹੁਕਮ ਦਿੰਦਿਆਂ ਯਹੋਵਾਹ ਨੇ ਕਿਹਾ: “ਤੁਸੀਂ ਕੋਈ ਖ਼ਮੀਰੀ ਵਸਤ ਨਾ ਖਾਓ ਅਰ ਤੁਸੀਂ ਆਪਣਿਆਂ ਸਾਰਿਆਂ ਟਿਕਾਣਿਆਂ ਵਿੱਚ ਪਤੀਰੀ ਰੋਟੀ ਖਾਇਓ।” (ਕੂਚ 12:11, 20) ਧਿਆਨ ਦਿਓ ਕਿ ਯਹੋਵਾਹ ਨੇ ਯਹੂਦੀਆਂ ਨੂੰ ਪਸਾਹ ਦੌਰਾਨ ਸਿਰਫ਼ ਖ਼ਮੀਰੀ ਰੋਟੀ ਖਾਣ ਤੋਂ ਮਨ੍ਹਾ ਕੀਤਾ ਸੀ। ਇਸ ਹੁਕਮ ਵਿਚ ਯਹੋਵਾਹ ਨੇ ਮੈ ਦਾ ਕੋਈ ਜ਼ਿਕਰ ਨਹੀਂ ਕੀਤਾ।

ਯਹੂਦੀਆਂ ਲਈ ਖ਼ਮੀਰੀ ਰੋਟੀ ਨਾ ਖਾਣ ਦਾ ਮੁੱਖ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਮਿਸਰ ਵਿੱਚੋਂ ਛੇਤੀ-ਛੇਤੀ ਨਿਕਲਣਾ ਪਿਆ ਸੀ। ਕੂਚ 12:34 ਵਿਚ ਅਸੀਂ ਪੜ੍ਹਦੇ ਹਾਂ: “ਉਨ੍ਹਾਂ ਲੋਕਾਂ ਨੇ ਗੁੰਨ੍ਹਿਆ ਹੋਇਆ ਆਟਾ ਖ਼ਮੀਰ ਹੋਣ ਤੋਂ ਪਹਿਲਾਂ ਹੀ ਪਰਾਤੜਿਆਂ ਸਣੇ ਆਪਣਿਆਂ ਲੀੜਿਆਂ ਵਿੱਚ ਬੰਨ੍ਹ ਕੇ ਆਪਣੇ ਮੋਢਿਆਂ ਉੱਤੇ ਚੁੱਕ ਲਿਆ।” ਸੋ ਪਸਾਹ ਦੇ ਤਿਉਹਾਰ ਦੌਰਾਨ ਅਖ਼ਮੀਰੀ ਰੋਟੀ ਖਾਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੇਤੇ ਰਹਿਣਾ ਸੀ ਕਿ ਫਟਾਫਟ ਮਿਸਰ ਵਿੱਚੋਂ ਨਿਕਲਣ ਕਰਕੇ ਇਸਰਾਏਲੀਆਂ ਕੋਲ ਆਟੇ ਵਿਚ ਖ਼ਮੀਰ ਰਲਾਉਣ ਦਾ ਸਮਾਂ ਨਹੀਂ ਸੀ।

ਸਮੇਂ ਦੇ ਬੀਤਣ ਨਾਲ ਖ਼ਮੀਰ ਪਾਪ ਜਾਂ ਭ੍ਰਿਸ਼ਟਾਚਾਰ ਦਾ ਪ੍ਰਤੀਕ ਬਣ ਗਿਆ। ਮਿਸਾਲ ਲਈ, ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਇਕ ਬਦਚਲਣ ਵਿਅਕਤੀ ਬਾਰੇ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ: “ਕੀ ਤੁਸੀਂ ਨਹੀਂ ਜਾਣਦੇ ਜੋ ਥੋੜਾ ਜਿਹਾ ਖਮੀਰ ਸਾਰੀ ਤੌਣ ਨੂੰ ਖਮੀਰਿਆਂ ਕਰ ਦਿੰਦਾ ਹੈ?” ਫਿਰ ਉਸ ਨੇ ਕਿਹਾ: “ਪੁਰਾਣੇ ਖਮੀਰ ਨੂੰ ਕੱਢ ਸੁੱਟੋ ਭਈ ਜਿਵੇਂ ਤੁਸੀਂ ਪਤੀਰੇ ਹੋਏ ਹੋ ਤਿਵੇਂ ਤੁਸੀਂ ਸੱਜਰੀ ਤੌਣ ਬਣੋ ਕਿਉਂ ਜੋ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ। ਸੋ ਆਓ, ਅਸੀਂ ਤਿਉਹਾਰ ਮਨਾਈਏ, ਪੁਰਾਣੇ ਖਮੀਰ ਨਾਲ ਨਹੀਂ, ਨਾ ਬੁਰਿਆਈ ਅਰ ਦੁਸ਼ਟਪੁਣੇ ਦੇ ਖਮੀਰ ਨਾਲ ਸਗੋਂ ਨਿਸ਼ਕਪਟਤਾ ਅਤੇ ਸਚਿਆਈ ਦੀ ਪਤੀਰੀ ਰੋਟੀ ਨਾਲ।” (1 ਕੁਰਿੰਥੀਆਂ 5:6-8) ਪੌਲੁਸ ਨੇ ਇਹ ਗੱਲ ਚੰਗੀ ਤਰ੍ਹਾਂ ਸਮਝਾਈ ਕਿ ਸਿਰਫ਼ ਅਖ਼ਮੀਰੀ ਰੋਟੀ ਹੀ ਯਿਸੂ ਦੇ ਪਾਪ-ਰਹਿਤ ਸਰੀਰ ਨੂੰ ਦਰਸਾ ਸਕਦੀ ਹੈ।—ਇਬਰਾਨੀਆਂ 7:26.

ਯਹੂਦੀਆਂ ਨੇ ਮਿਸਰ ਛੱਡਣ ਤੋਂ ਸਦੀਆਂ ਬਾਅਦ ਪਸਾਹ ਦੌਰਾਨ ਮੈ ਵਰਤਣੀ ਸ਼ੁਰੂ ਕੀਤੀ। ਲੱਗਦਾ ਹੈ ਕਿ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਵਾਪਸ ਆਪਣੇ ਵਤਨ ਆਏ ਯਹੂਦੀਆਂ ਨੇ ਮੈ ਵਰਤਣੀ ਸ਼ੁਰੂ ਕੀਤੀ ਸੀ। ਬਾਈਬਲ ਵਿਚ ਕਿਤੇ ਇਸ ਗੱਲ ਦਾ ਜ਼ਿਕਰ ਨਹੀਂ ਪਾਇਆ ਜਾਂਦਾ ਕਿ ਯਹੋਵਾਹ ਨੂੰ ਇਸ ਤੇ ਇਤਰਾਜ਼ ਸੀ। ਇਸ ਕਰਕੇ ਪਸਾਹ ਦੇ ਭੋਜਨ ਵਿਚ ਯਿਸੂ ਮੈ ਦੀ ਵਰਤੋਂ ਕਰ ਸਕਦਾ ਸੀ। ਪੁਰਾਣੇ ਜ਼ਮਾਨੇ ਵਿਚ ਮੈ ਅਤੇ ਰੋਟੀ ਵਿਚ ਵੱਖੋ-ਵੱਖ ਤਰੀਕਿਆਂ ਨਾਲ ਖ਼ਮੀਰ ਉਠਾਇਆ ਜਾਂਦਾ ਸੀ। ਖ਼ਮੀਰੀ ਰੋਟੀ ਬਣਾਉਣ ਵਾਸਤੇ ਗੁੰਨੇ ਹੋਏ ਆਟੇ ਵਿਚ ਖ਼ਮੀਰ ਮਿਲਾਇਆ ਜਾਂਦਾ ਸੀ। ਪਰ ਮੈ ਬਣਾਉਣ ਲਈ ਅੰਗੂਰਾਂ ਵਿਚ ਕੋਈ ਖ਼ਮੀਰ ਮਿਲਾਉਣ ਦੀ ਲੋੜ ਨਹੀਂ ਸੀ ਕਿਉਂਕਿ ਉਸ ਵਿਚ ਕੁਦਰਤੀ ਤੌਰ ਤੇ ਪਹਿਲਾਂ ਹੀ ਖ਼ਮੀਰ ਬਣਾਉਣ ਦੇ ਤੱਤ ਹੁੰਦੇ ਸਨ। ਯਹੂਦੀਆਂ ਨੂੰ ਅੰਗੂਰਾਂ ਦਾ ਰਸ ਪਸਾਹ ਦੇ ਸਮੇਂ ਕਿਤਿਓਂ ਵੀ ਨਹੀਂ ਮਿਲਣਾ ਸੀ ਕਿਉਂਕਿ ਅੰਗੂਰ ਪਤਝੜ ਦੀ ਰੁੱਤ ਵਿਚ ਤੋੜੇ ਜਾਂਦੇ ਸਨ ਪਰ ਪਸਾਹ ਦਾ ਤਿਉਹਾਰ ਬਸੰਤ ਰੁੱਤੇ ਮਨਾਇਆ ਜਾਂਦਾ ਸੀ। ਇਸ ਕਰਕੇ ਅੰਗੂਰਾਂ ਦਾ ਰਸ ਪਸਾਹ ਦੇ ਸਮੇਂ ਤਕ ਖ਼ਮੀਰਾ ਹੋ ਚੁੱਕਾ ਹੁੰਦਾ ਸੀ।

ਇਸ ਲਈ ਲਹੂ ਦੇ ਪ੍ਰਤੀਕ ਵਜੋਂ ਮੈ ਦੀ ਵਰਤੋਂ ਕਰ ਕੇ ਯਿਸੂ ਨੇ ਪਸਾਹ ਦੌਰਾਨ ਖ਼ਮੀਰ ਉੱਤੇ ਲਾਈ ਪਾਬੰਦੀ ਦੀ ਉਲੰਘਣਾ ਨਹੀਂ ਕੀਤੀ ਸੀ। ਕੋਈ ਵੀ ਲਾਲ ਵਾਈਨ, ਜਿਸ ਵਿਚ ਖੰਡ, ਅਲਕੋਹਲ ਜਾਂ ਕੋਈ ਮਸਾਲਾ ਨਾ ਰਲਾਇਆ ਹੋਵੇ, ਯਿਸੂ ਦੇ “ਅਮੋਲਕ ਲਹੂ” ਨੂੰ ਦਰਸਾਉਣ ਲਈ ਵਰਤੀ ਜਾ ਸਕਦੀ ਹੈ।—1 ਪਤਰਸ 1:19.