Skip to content

Skip to table of contents

ਹੁਣ ਤਕ ਬੁਰਾਈ ਦਾ ਰਾਜ ਕਿਉਂ?

ਹੁਣ ਤਕ ਬੁਰਾਈ ਦਾ ਰਾਜ ਕਿਉਂ?

ਹੁਣ ਤਕ ਬੁਰਾਈ ਦਾ ਰਾਜ ਕਿਉਂ?

ਬਾਈਬਲ ਕਹਿੰਦੀ ਹੈ ਕਿ “ਯਹੋਵਾਹ [ਪਰਮੇਸ਼ੁਰ] ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ।” (ਜ਼ਬੂਰਾਂ ਦੀ ਪੋਥੀ 145:17; ਪਰਕਾਸ਼ ਦੀ ਪੋਥੀ 15:3) ਉਸ ਬਾਰੇ ਮੂਸਾ ਨਬੀ ਨੇ ਕਿਹਾ: “ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:4) ਯਾਕੂਬ 5:11 ਵਿਚ ਦੱਸਿਆ ਹੈ ਕਿ ਯਹੋਵਾਹ “ਵੱਡਾ ਦਰਦੀ ਅਤੇ ਦਿਆਲੂ ਹੈ।” ਰੱਬ ਨਾ ਤਾਂ ਬੁਰਾਈ ਕਰ ਸਕਦਾ ਹੈ ਤੇ ਨਾ ਹੀ ਬੁਰਾਈ ਕਰਦਾ ਹੈ।

ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” (ਯਾਕੂਬ 1:13) ਇਹ ਗੱਲ ਸਾਫ਼ ਹੈ ਕਿ ਬੁਰਾਈ ਪਿੱਛੇ ਯਹੋਵਾਹ ਦਾ ਹੱਥ ਨਹੀਂ ਹੈ ਤੇ ਉਹ ਲੋਕਾਂ ਤੋਂ ਬੁਰੇ ਕੰਮ ਨਹੀਂ ਕਰਵਾਉਂਦਾ। ਤਾਂ ਫਿਰ ਦੁਸ਼ਟਤਾ ਅਤੇ ਦੁੱਖਾਂ ਲਈ ਕੌਣ ਜ਼ਿੰਮੇਵਾਰ ਹੈ?

ਦੋਸ਼ ਕਿਸ ਦਾ ਹੈ?

ਯਾਕੂਬ ਨੇ ਬੁਰਾਈ ਦਾ ਕੁਝ ਦੋਸ਼ ਇਨਸਾਨਾਂ ਦੇ ਸਿਰ ਲਾਇਆ। ਉਸ ਨੇ ਕਿਹਾ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ।” (ਯਾਕੂਬ 1:14, 15) ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਕਈ ਵਾਰ ਲੋਕ ਆਪਣੀਆਂ ਗ਼ਲਤ ਇੱਛਾਵਾਂ ਪੂਰੀਆਂ ਕਰਨ ਲਈ ਬੁਰੇ ਕੰਮਾਂ ਵਿਚ ਪੈ ਜਾਂਦੇ ਹਨ। ਇਹ ਵੀ ਯਾਦ ਰੱਖੋ ਕਿ ਇਨਸਾਨ ਪਾਪੀ ਹਨ। ਪਾਪ ਦੀ ਖਿੱਚ ਕਰਕੇ ਲੋਕ ਅਜਿਹੇ ਕੰਮ ਕਰਦੇ ਹਨ ਜਿਨ੍ਹਾਂ ਦੇ ਨਤੀਜੇ ਬੁਰੇ ਨਿਕਲਦੇ ਹਨ। (ਰੋਮੀਆਂ 7:21-23) ਪਾਪ ਨੇ ਇਨਸਾਨਾਂ ਉੱਤੇ “ਰਾਜ ਕੀਤਾ” ਹੈ ਤੇ ਇਸ ਦੀ ਗ਼ੁਲਾਮੀ ਹੇਠ ਲੋਕਾਂ ਨੇ ਭੈੜੇ ਕੰਮ ਕੀਤੇ ਹਨ। ਇਨ੍ਹਾਂ ਭੈੜੇ ਕੰਮਾਂ ਕਰਕੇ ਇਨਸਾਨਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। (ਰੋਮੀਆਂ 5:21) ਇਸ ਤੋਂ ਇਲਾਵਾ ਬੁਰੇ ਇਨਸਾਨ ਦੂਸਰਿਆਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕਰਦੇ ਹਨ।—ਕਹਾਉਤਾਂ 1:10-16.

ਪਰ ਦੁਸ਼ਟਤਾ ਦੀ ਜੜ੍ਹ ਸ਼ਤਾਨ ਹੈ। ਉਸ ਨੇ ਦੁਨੀਆਂ ਵਿਚ ਬੁਰਾਈ ਲਿਆਂਦੀ ਸੀ। ਯਿਸੂ ਮਸੀਹ ਨੇ ਸ਼ਤਾਨ ਨੂੰ ‘ਬੁਰਾ’ ਅਤੇ “ਜਗਤ ਦਾ ਸਰਦਾਰ” ਕਿਹਾ ਸੀ। ਆਮ ਕਰਕੇ ਇਨਸਾਨ ਨੇ ਯਹੋਵਾਹ ਪਰਮੇਸ਼ੁਰ ਦਾ ਪੱਲਾ ਛੱਡ ਕੇ ਸ਼ਤਾਨ ਦਾ ਫੜ ਲਿਆ ਹੈ। (ਮੱਤੀ 6:13, ਪਵਿੱਤਰ ਬਾਈਬਲ ਨਵਾਂ ਅਨੁਵਾਦ; ਯੂਹੰਨਾ 14:30; 1 ਯੂਹੰਨਾ 2:15-17) ਪਹਿਲਾ ਯੂਹੰਨਾ 5:19 ਕਹਿੰਦਾ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” ਹਕੀਕਤ ਇਹ ਹੈ ਕਿ ਸ਼ਤਾਨ ਅਤੇ ਉਸ ਨਾਲ ਰਲੇ ਬੁਰੇ ਦੂਤ ‘ਸਾਰੇ ਜਗਤ ਨੂੰ ਭਰਮਾ ਰਹੇ ਹਨ’ ਜਿਸ ਕਰਕੇ ਹਰ ਪਾਸੇ ਦੁੱਖ-ਤਕਲੀਫ਼ ਹੈ। (ਪਰਕਾਸ਼ ਦੀ ਪੋਥੀ 12:9, 12) ਇਸ ਲਈ ਬੁਰਾਈ ਦਾ ਵੱਡਾ ਦੋਸ਼ ਸ਼ਤਾਨ ਦੇ ਸਿਰ ਲਾਇਆ ਜਾ ਸਕਦਾ ਹੈ।

ਦੁੱਖਾਂ ਦਾ ਇਕ ਹੋਰ ਕਾਰਨ ਉਪਦੇਸ਼ਕ 9:11 ਵਿਚ ਦੱਸਿਆ ਗਿਆ ਹੈ: “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਨਵਾਂ ਅਨੁਵਾਦ) ਯਿਸੂ ਮਸੀਹ ਨੇ ਉਸ ਦੁਰਘਟਨਾ ਬਾਰੇ ਗੱਲ ਕੀਤੀ ਸੀ ਜਦ ਇਕ ਬੁਰਜ ਦੇ ਡਿੱਗਣ ਕਰਕੇ 18 ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਸਨ। (ਲੂਕਾ 13:4) ਉਨ੍ਹਾਂ ਨਾਲ ਇਸ ਤਰ੍ਹਾਂ ਕਿਉਂ ਹੋਇਆ? ਕਿਉਂਕਿ ਉਹ ਗ਼ਲਤ ਸਮੇਂ ਗ਼ਲਤ ਜਗ੍ਹਾ ਤੇ ਸਨ। ਅਜਿਹਾ ਅੱਜ ਵੀ ਹੁੰਦਾ ਹੈ। ਮਿਸਾਲ ਲਈ, ਉੱਚੀ ਤੇ ਪੁਰਾਣੀ ਇਮਾਰਤ ਤੋਂ ਇੱਟ ਡਿੱਗ ਕੇ ਰਾਹ ਜਾਂਦੇ ਦੇ ਲੱਗ ਸਕਦੀ ਹੈ। ਕੀ ਇਸ ਲਈ ਰੱਬ ਜ਼ਿੰਮੇਵਾਰ ਹੈ? ਨਹੀਂ, ਇਹ ਆਪੇ ਹੀ ਅਚਾਨਕ ਹੋ ਸਕਦਾ ਹੈ। ਇਹ ਗੱਲ ਉਦੋਂ ਵੀ ਸੱਚ ਹੁੰਦੀ ਹੈ ਜਦ ਬੀਮਾਰੀ ਜਾਂ ਮੌਤ ਬਿਨ ਬੁਲਾਏ ਮਹਿਮਾਨ ਬਣ ਕੇ ਆ ਜਾਂਦੇ ਹਨ ਜਿਸ ਕਰਕੇ ਕੋਈ ਤੀਵੀਂ ਵਿਧਵਾ ਬਣ ਜਾਂਦੀ ਹੈ ਜਾਂ ਕੋਈ ਬੱਚਾ ਅਨਾਥ ਹੋ ਜਾਂਦਾ ਹੈ।

ਸੋ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨਾ ਤਾਂ ਬੁਰਾਈ ਲਈ ਜ਼ਿੰਮੇਵਾਰ ਹੈ ਤੇ ਨਾ ਹੀ ਉਹ ਕਿਸੇ ਉੱਤੇ ਦੁੱਖ ਲਿਆਉਂਦਾ ਹੈ। ਅਸਲ ਵਿਚ ਉਹ ਤਾਂ ਦੁਸ਼ਟਤਾ ਤੇ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਵਾਲਾ ਹੈ। (ਕਹਾਉਤਾਂ 2:22) ਪਰ ਇੰਨਾ ਹੀ ਨਹੀਂ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਮਕਸਦ ਹੈ ਕਿ ਯਿਸੂ “ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇ।” (1 ਯੂਹੰਨਾ 3:8) ਯਿਸੂ ਦੇ ਜ਼ਰੀਏ ਯਹੋਵਾਹ ਇਸ ਲਾਲਚੀ, ਨਫ਼ਰਤ ਭਰੀ ਤੇ ਦੁਸ਼ਟ ਦੁਨੀਆਂ ਦਾ ਅੰਤ ਕਰੇਗਾ। ਰੱਬ ਦੁੱਖਾਂ ਨੂੰ ਖ਼ਤਮ ਕਰ ਕੇ ਸਾਰਿਆਂ “ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।” (ਪਰਕਾਸ਼ ਦੀ ਪੋਥੀ 21:4) ਪਰ ਤੁਸੀਂ ਸ਼ਾਇਦ ਪੁੱਛੋ: ‘ਰੱਬ ਨੇ ਪਹਿਲਾਂ ਹੀ ਇਸ ਤਰ੍ਹਾਂ ਕਿਉਂ ਨਹੀਂ ਕੀਤਾ? ਉਸ ਨੇ ਬੁਰਾਈ ਤੇ ਦੁੱਖਾਂ ਨੂੰ ਅੱਜ ਤਕ ਕਿਉਂ ਰਹਿਣ ਦਿੱਤਾ ਹੈ?’ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਸਾਨੂੰ ਬਾਈਬਲ ਵਿਚ ਪਹਿਲੇ ਜੋੜੇ, ਆਦਮ ਤੇ ਹੱਵਾਹ ਬਾਰੇ ਪੜ੍ਹਨ ਦੀ ਲੋੜ ਹੈ।

ਸ਼ਤਾਨ ਨੇ ਸਵਾਲ ਖੜ੍ਹਾ ਕੀਤਾ

ਰੱਬ ਨੇ ਬੁਰਾਈ ਨੂੰ ਹੁਣ ਤਕ ਕਿਉਂ ਰਹਿਣ ਦਿੱਤਾ ਹੈ, ਇਸ ਦਾ ਕਾਰਨ ਉਨ੍ਹਾਂ ਘਟਨਾਵਾਂ ਨਾਲ ਸੰਬੰਧ ਰੱਖਦਾ ਹੈ ਜੋ ਮਨੁੱਖਜਾਤੀ ਦੀ ਸ਼ੁਰੂਆਤ ਵਿਚ ਹੋਈਆਂ ਸਨ। ਉਸ ਸਮੇਂ ਪਰਮੇਸ਼ੁਰ ਬਾਰੇ ਸਵਾਲ ਖੜ੍ਹਾ ਕੀਤਾ ਗਿਆ ਸੀ। ਇਹ ਅਜਿਹਾ ਸਵਾਲ ਸੀ ਜਿਸ ਦਾ ਜਵਾਬ ਸੌਖਿਆਂ ਨਹੀਂ ਦਿੱਤਾ ਜਾ ਸਕਦਾ ਸੀ। ਆਓ ਆਪਾਂ ਦੇਖੀਏ ਕਿ ਉਸ ਸਮੇਂ ਕੀ ਹੋਇਆ।

ਯਹੋਵਾਹ ਪਰਮੇਸ਼ੁਰ ਨੇ ਪਹਿਲੇ ਤੀਵੀਂ-ਆਦਮੀ ਨੂੰ ਮੁਕੰਮਲ ਬਣਾਇਆ ਸੀ ਤੇ ਉਨ੍ਹਾਂ ਨੂੰ ਇਕ ਸੁੰਦਰ ਬਾਗ਼ ਵਿਚ ਰੱਖਿਆ। ਉਹ ਜਾਨਵਰਾਂ ਤੋਂ ਉਲਟ ਸਨ ਕਿਉਂਕਿ ਰੱਬ ਨੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਸੀ। (ਉਤਪਤ 1:28; 2:15, 19) ਆਦਮ ਤੇ ਹੱਵਾਹ ਸਹੀ ਅਤੇ ਗ਼ਲਤ ਦੀ ਪਛਾਣ ਕਰ ਸਕਦੇ ਸਨ। ਉਹ ਰੱਬ ਨੂੰ ਪਿਆਰ ਕਰਨ, ਉਸ ਦੀ ਸੇਵਾ ਕਰਨ ਤੇ ਉਸ ਦੀ ਹਰ ਗੱਲ ਮੰਨਣ ਦਾ ਫ਼ੈਸਲਾ ਕਰ ਸਕਦੇ ਸਨ। ਜਾਂ ਉਹ ਰੱਬ ਤੋਂ ਮੂੰਹ ਮੋੜ ਕੇ ਆਪਣੀ ਮਨ-ਮਰਜ਼ੀ ਕਰ ਸਕਦੇ ਸਨ।

ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਮੌਕਾ ਦਿੱਤਾ ਸੀ ਕਿ ਉਹ ਉਸ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਣ। ਇਸ ਲਈ ਉਸ ਨੇ ਉਨ੍ਹਾਂ ਉੱਤੇ ਇਕ ਪਾਬੰਦੀ ਲਾਈ। ਉਸ ਨੇ ਆਦਮ ਨੂੰ ਹੁਕਮ ਦਿੱਤਾ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:16, 17) ਆਪਣੇ ਤੇ ਆਪਣੀ ਹੋਣ ਵਾਲੀ ਔਲਾਦ ਦੇ ਭਲੇ ਲਈ ਆਦਮ ਤੇ ਹੱਵਾਹ ਨੂੰ ਇਸ ਇਕ ਦਰਖ਼ਤ ਦਾ ਫਲ ਖਾਣ ਤੋਂ ਪਰਹੇਜ਼ ਕਰਨਾ ਪੈਣਾ ਸੀ। ਇਸ ਤਰ੍ਹਾਂ ਉਹ ਰੱਬ ਦੀ ਮਿਹਰ ਵੀ ਪਾ ਸਕਦੇ ਸਨ। ਆਓ ਦੇਖੀਏ ਉਨ੍ਹਾਂ ਨੇ ਕੀ ਕੀਤਾ।

ਬਾਈਬਲ ਸਾਨੂੰ ਦੱਸਦੀ ਹੈ ਕਿ ਸ਼ਤਾਨ ਨੇ ਇਕ ਸੱਪ ਦੇ ਜ਼ਰੀਏ ਹੱਵਾਹ ਨਾਲ ਗੱਲ ਕੀਤੀ। ਉਸ ਨੇ ਕਿਹਾ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਜਦ ਹੱਵਾਹ ਨੇ ਦੱਸਿਆ ਕਿ ਪਰਮੇਸ਼ੁਰ ਦਾ ਕੀ ਹੁਕਮ ਸੀ, ਤਾਂ ਸ਼ਤਾਨ ਨੇ ਉਸ ਨੂੰ ਕਿਹਾ: “ਤੁਸੀਂ ਕਦੀ ਨਾ ਮਰੋਗੇ ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” ਨਤੀਜੇ ਵਜੋਂ ਇਹ ਦਰਖ਼ਤ ਹੱਵਾਹ ਨੂੰ ਇੰਨਾ ਚੰਗਾ ਲੱਗਣ ਲੱਗਾ ਕਿ “ਉਸ ਨੇ ਉਹ ਦੇ ਫਲ ਤੋਂ ਲਿਆ ਤੇ ਆਪ ਖਾਧਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ।” (ਉਤਪਤ 3:1-6) ਆਦਮ ਤੇ ਹੱਵਾਹ ਦੋਹਾਂ ਨੇ ਜਾਣ-ਬੁੱਝ ਕੇ ਗ਼ਲਤੀ ਕੀਤੀ। ਪਰਮੇਸ਼ੁਰ ਦਾ ਹੁਕਮ ਤੋੜ ਕੇ ਉਨ੍ਹਾਂ ਨੇ ਪਾਪ ਕੀਤਾ।

ਕੀ ਤੁਸੀਂ ਸਮਝਦੇ ਹੋ ਕਿ ਇਹ ਗੱਲ ਕਿੰਨੀ ਗੰਭੀਰ ਸੀ? ਸ਼ਤਾਨ ਯਹੋਵਾਹ ਨੂੰ ਝੂਠਾ ਕਹਿ ਰਿਹਾ ਸੀ। ਉਸ ਦੇ ਕਹਿਣ ਦਾ ਭਾਵ ਸੀ ਕਿ ਆਦਮ ਤੇ ਹੱਵਾਹ ਨੂੰ ਯਹੋਵਾਹ ਦੀ ਕੋਈ ਲੋੜ ਨਹੀਂ। ਉਹ ਆਪਣਾ ਚੰਗਾ-ਮਾੜਾ ਖ਼ੁਦ ਸੋਚ ਸਕਦੇ ਸਨ। ਇੱਦਾਂ ਸ਼ਤਾਨ ਨੇ ਯਹੋਵਾਹ ਨੂੰ ਲਲਕਾਰਿਆ ਅਤੇ ਉਸ ਦੇ ਰਾਜ ਕਰਨ ਦੇ ਤਰੀਕੇ ਉੱਤੇ ਸਵਾਲ ਖੜ੍ਹਾ ਕੀਤਾ। ਰੱਬ ਨੇ ਇਸ ਦਾ ਜਵਾਬ ਕਿਵੇਂ ਦਿੱਤਾ?

ਸਮੇਂ ਦੀ ਲੋੜ

ਯਹੋਵਾਹ ਕੋਲ ਇਸ ਬਗਾਵਤ ਲਈ ਸ਼ਤਾਨ, ਆਦਮ ਤੇ ਹੱਵਾਹ ਨੂੰ ਖ਼ਤਮ ਕਰਨ ਦੀ ਸ਼ਕਤੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਉਨ੍ਹਾਂ ਨਾਲੋਂ ਕਿਤੇ ਸ਼ਕਤੀਸ਼ਾਲੀ ਸੀ। ਪਰ ਸ਼ਤਾਨ ਨੇ ਯਹੋਵਾਹ ਦੀ ਸ਼ਕਤੀ ਉੱਤੇ ਸਵਾਲ ਨਹੀਂ ਖੜ੍ਹਾ ਕੀਤਾ ਸੀ। ਇਸ ਦੀ ਬਜਾਇ ਉਸ ਨੇ ਯਹੋਵਾਹ ਦੇ ਰਾਜ ਕਰਨ ਦੇ ਤਰੀਕੇ ਬਾਰੇ ਸਵਾਲ ਕੀਤਾ। ਇਸ ਦਾ ਅਸਰ ਫ਼ਰਿਸ਼ਤਿਆਂ ਅਤੇ ਇਨਸਾਨਾਂ ਉੱਤੇ ਪਿਆ। ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਸੀ ਕਿ ਰੱਬ ਨੇ ਉਨ੍ਹਾਂ ਨੂੰ ਪੂਰੀ ਆਜ਼ਾਦੀ ਨਹੀਂ ਦਿੱਤੀ ਸੀ, ਸਗੋਂ ਉਸ ਨੇ ਉਨ੍ਹਾਂ ਲਈ ਹੱਦਾਂ ਠਹਿਰਾਈਆਂ ਸਨ। ਜੇ ਉਹ ਇਨ੍ਹਾਂ ਨੂੰ ਟੱਪਣ ਦੀ ਕੋਸ਼ਿਸ਼ ਕਰਦੇ, ਤਾਂ ਬੁਰੇ ਨਤੀਜੇ ਨਿਕਲਣੇ ਸਨ। ਉਨ੍ਹਾਂ ਨੂੰ ਰੱਬ ਦੇ ਨਿਯਮਾਂ ਉੱਤੇ ਚੱਲਣ ਦੀ ਲੋੜ ਸੀ। ਮਿਸਾਲ ਲਈ, ਗੁਰੂਤਾ ਖਿੱਚ (ਗ੍ਰੇਵਟੀ) ਦੇ ਨਿਯਮ ਦੀ ਉਲੰਘਣਾ ਕਰ ਕੇ ਜੇ ਬੰਦਾ ਉੱਚੀ ਇਮਾਰਤ ਤੋਂ ਛਾਲ ਮਾਰੇ, ਤਾਂ ਉਸ ਤੇ ਸੱਟਾਂ ਜ਼ਰੂਰ ਲੱਗਣਗੀਆਂ ਜਾਂ ਉਹ ਮਰ ਵੀ ਸਕਦਾ ਹੈ। (ਗਲਾਤੀਆਂ 6:7, 8) ਫ਼ਰਿਸ਼ਤਿਆਂ ਅਤੇ ਇਨਸਾਨਾਂ ਨੂੰ ਇਹ ਦੇਖਣ ਦੀ ਲੋੜ ਸੀ ਕਿ ਰੱਬ ਤੋਂ ਮੂੰਹ ਮੋੜ ਕੇ ਆਪਣੀ ਮਰਜ਼ੀ ਕਰਨ ਦੇ ਨਤੀਜੇ ਹਮੇਸ਼ਾ ਬੁਰੇ ਨਿਕਲਦੇ ਹਨ। ਇਸ ਨੂੰ ਸਾਬਤ ਕਰਨ ਵਾਸਤੇ ਸਮੇਂ ਦੀ ਲੋੜ ਸੀ।

ਮਿਸਾਲ ਲਈ, ਫ਼ਰਜ਼ ਕਰੋ ਕਿ ਇਕ ਪਿਤਾ ਦੂਸਰੇ ਪਿਤਾ ਨਾਲ ਇਹ ਮੁਕਾਬਲਾ ਕਰਨਾ ਚਾਹੁੰਦਾ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾ ਬਲਵਾਨ ਕੌਣ ਹੈ। ਇਸ ਦਾ ਫ਼ੈਸਲਾ ਛੇਤੀ ਹੀ ਕੀਤਾ ਜਾ ਸਕਦਾ ਹੈ। ਉਹ ਵੱਡੇ-ਵੱਡੇ ਪੱਥਰ ਚੁੱਕ ਕੇ ਦੇਖ ਸਕਦੇ ਹਨ ਕਿ ਸਭ ਤੋਂ ਭਾਰਾ ਪੱਥਰ ਕੌਣ ਚੁੱਕ ਸਕਦਾ ਹੈ। ਪਰ ਫ਼ਰਜ਼ ਕਰੋ ਕਿ ਸਵਾਲ ਤਾਕਤ ਦਾ ਨਹੀਂ, ਪਰ ਇਸ ਗੱਲ ਦਾ ਹੈ ਕਿ ਕਿਹੜਾ ਪਿਤਾ ਸੱਚ-ਮੁੱਚ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਤੇ ਕੀ ਉਸ ਦੇ ਬੱਚੇ ਵੀ ਉਸ ਨੂੰ ਪਿਆਰ ਕਰਦੇ ਹਨ? ਜਾਂ ਸਵਾਲ ਇਹ ਹੈ ਕਿ ਇਨ੍ਹਾਂ ਦੋਹਾਂ ਵਿੱਚੋਂ ਕੌਣ ਆਪਣੇ ਪਰਿਵਾਰ ਦੀ ਦੇਖ-ਭਾਲ ਸਭ ਤੋਂ ਚੰਗੀ ਤਰ੍ਹਾਂ ਕਰਦਾ ਹੈ? ਫਿਰ ਤਾਂ ਪੱਥਰ ਚੁੱਕਣ ਨਾਲ ਕੁਝ ਨਹੀਂ ਬਣੇਗਾ ਅਤੇ ਨਾ ਹੀ ਕੇਵਲ ਸ਼ਬਦਾਂ ਰਾਹੀਂ ਜਵਾਬ ਮਿਲੇਗਾ। ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਸਮੇਂ ਦੀ ਜ਼ਰੂਰਤ ਹੋਵੇਗੀ ਤਾਂਕਿ ਲੋਕ ਦੇਖ ਸਕਣ ਕਿ ਇਨ੍ਹਾਂ ਦੋਹਾਂ ਵਿੱਚੋਂ ਸਭ ਤੋਂ ਚੰਗਾ ਪਿਤਾ ਕੌਣ ਹੈ।

ਸਮਾਂ ਬੀਤਣ ਨਾਲ ਕੀ ਪਤਾ ਲੱਗਾ ਹੈ

ਰੱਬ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਕੀਤੇ ਨੂੰ 6,000 ਸਾਲ ਹੋ ਚੁੱਕੇ ਹਨ। ਇਤਿਹਾਸ ਤੋਂ ਕੀ ਪਤਾ ਲੱਗਾ ਹੈ? ਦੋ ਗੱਲਾਂ ਵੱਲ ਧਿਆਨ ਦਿਓ ਜੋ ਸ਼ਤਾਨ ਨੇ ਯਹੋਵਾਹ ਬਾਰੇ ਕਹੀਆਂ ਸਨ। ਸ਼ਤਾਨ ਨੇ ਹੱਵਾਹ ਨੂੰ ਕਿਹਾ: “ਤੁਸੀਂ ਕਦੀ ਨਾ ਮਰੋਗੇ।” (ਉਤਪਤ 3:4) ਇਹ ਕਹਿਣ ਨਾਲ ਕਿ ਆਦਮ ਤੇ ਹੱਵਾਹ ਫਲ ਖਾ ਕੇ ਨਹੀਂ ਮਰਨਗੇ, ਸ਼ਤਾਨ ਯਹੋਵਾਹ ਨੂੰ ਝੂਠਾ ਕਹਿ ਰਿਹਾ ਸੀ। ਇਹ ਵੱਡਾ ਇਲਜ਼ਾਮ ਸੀ! ਜੇ ਰੱਬ ਇਸ ਮਾਮਲੇ ਵਿਚ ਝੂਠ ਬੋਲ ਰਿਹਾ ਸੀ, ਤਾਂ ਉਸ ਦੀ ਕਿਹੜੀ ਗੱਲ ਉੱਤੇ ਭਰੋਸਾ ਕੀਤਾ ਜਾ ਸਕਦਾ ਸੀ? ਪਰ ਸਮੇਂ ਦੇ ਬੀਤਣ ਨਾਲ ਸਾਨੂੰ ਕੀ ਪਤਾ ਲੱਗਾ ਹੈ?

ਆਦਮ ਤੇ ਹੱਵਾਹ ਨੂੰ ਬੀਮਾਰੀ, ਦੁੱਖ, ਬੁਢਾਪੇ ਤੇ ਫਿਰ ਮੌਤ ਦਾ ਸਾਮ੍ਹਣਾ ਕਰਨਾ ਪਿਆ। ਬਾਈਬਲ ਕਹਿੰਦੀ ਹੈ: “ਆਦਮ ਦੇ ਜੀਵਣ ਦੀ ਸਾਰੀ ਉਮਰ ਨੌ ਸੌ ਤੀਹ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।” (ਉਤਪਤ 3:19; 5:5) ਆਦਮ ਤੋਂ ਲੈ ਕੇ ਹਰ ਇਨਸਾਨ ਨੂੰ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ ਹੈ। (ਰੋਮੀਆਂ 5:12) ਸਮੇਂ ਦੇ ਬੀਤਣ ਨਾਲ ਇਹ ਸਾਬਤ ਹੋਇਆ ਹੈ ਕਿ ਸ਼ਤਾਨ “ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ” ਤੇ ਯਹੋਵਾਹ ‘ਸਚਿਆਈ ਦਾ ਪਰਮੇਸ਼ੁਰ’ ਹੈ।—ਯੂਹੰਨਾ 8:44; ਜ਼ਬੂਰਾਂ ਦੀ ਪੋਥੀ 31:5.

ਸ਼ਤਾਨ ਨੇ ਹੱਵਾਹ ਨੂੰ ਇਹ ਵੀ ਕਿਹਾ ਸੀ: “ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” (ਉਤਪਤ 3:5) ਇਨ੍ਹਾਂ ਧੋਖੇ ਭਰੇ ਸ਼ਬਦਾਂ ਨਾਲ ਸ਼ਤਾਨ ਇਨਸਾਨਾਂ ਨੂੰ ਰਾਜ ਕਰਨ ਦਾ ਬਹਾਨਾ ਦੇ ਰਿਹਾ ਸੀ। ਉਹ ਇਹੀ ਕਹਿ ਰਹੀ ਸੀ ਕਿ ਇਨਸਾਨ ਰੱਬ ਤੋਂ ਦੂਰ ਹੋ ਕੇ ਠੀਕ ਰਹਿਣਗੇ। ਕੀ ਉਸ ਦੀ ਗੱਲ ਸੱਚ ਨਿਕਲੀ?

ਇਤਿਹਾਸ ਦੌਰਾਨ ਬਹੁਤ ਸਾਰੀਆਂ ਹਕੂਮਤਾਂ ਆਈਆਂ ਤੇ ਗਈਆਂ। ਇਨਸਾਨਾਂ ਨੇ ਹਰ ਤਰ੍ਹਾਂ ਦੀ ਹਕੂਮਤ ਚਲਾ ਕੇ ਦੇਖੀ ਹੈ। ਪਰ ਹਰ ਹਕੂਮਤ ਅਧੀਨ ਇਨਸਾਨਾਂ ਨੂੰ ਦੁੱਖਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਲਗਭਗ 3,000 ਸਾਲ ਪਹਿਲਾਂ ਬਾਈਬਲ ਦੇ ਇਕ ਲੇਖਕ ਨੇ ਕਿਹਾ: “ਇੱਕ ਵਿਅਕਤੀ ਹੋਰਨਾਂ ਤੇ ਸ਼ਾਸਨ ਕਰਦਾ ਅਤੇ ਉਨ੍ਹਾਂ ਨੂੰ ਕਸ਼ਟ ਦਿੰਦਾ” ਹੈ। (ਉਪਦੇਸ਼ਕ 8:9, ਈਜ਼ੀ ਟੂ ਰੀਡ ਵਰਯਨ) ਯਿਰਮਿਯਾਹ ਨਬੀ ਨੇ ਲਿਖਿਆ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਵਿਗਿਆਨਕ ਤੇ ਤਕਨਾਲੋਜੀਕਲ ਪ੍ਰਾਪਤੀਆਂ ਨੇ ਇਨ੍ਹਾਂ ਗੱਲਾਂ ਦੀ ਸੱਚਾਈ ਨੂੰ ਬਦਲਿਆ ਨਹੀਂ ਹੈ। ਇਹ ਅੱਜ ਵੀ ਸੋਲਾਂ ਆਨੇ ਸੱਚੀਆਂ ਹਨ।

ਤੁਸੀਂ ਕੀ ਕਰੋਗੇ?

ਸਮਾਂ ਬੀਤਣ ਨਾਲ ਇਹੀ ਪਤਾ ਲੱਗਾ ਹੈ ਕਿ ਸ਼ਤਾਨ ਝੂਠਾ ਹੈ ਤੇ ਯਹੋਵਾਹ ਸੱਚਾ। ਯਹੋਵਾਹ ਹੀ ਜਹਾਨ ਦਾ ਮਾਲਕ ਹੈ। ਸ੍ਰਿਸ਼ਟੀ ਉੱਤੇ ਰਾਜ ਕਰਨ ਦਾ ਉਸੇ ਦਾ ਹੱਕ ਬਣਦਾ ਹੈ ਤੇ ਉਸੇ ਦਾ ਤਰੀਕਾ ਸਭ ਤੋਂ ਵਧੀਆ ਹੈ। ਇਸ ਗੱਲ ਨੂੰ ਕਬੂਲ ਕਰਦੇ ਹੋਏ ਸਦੀਆਂ ਤੋਂ ਪਰਮੇਸ਼ੁਰ ਦੇ ਅਧੀਨ ਰਹਿਣ ਵਾਲੇ ਫ਼ਰਿਸ਼ਤਿਆਂ ਨੇ ਕਿਹਾ: “ਹੇ ਸਾਡੇ ਪ੍ਰਭੁ [ਯਹੋਵਾਹ] ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!”—ਪਰਕਾਸ਼ ਦੀ ਪੋਥੀ 4:11.

ਪਰਮੇਸ਼ੁਰ ਦੇ ਰਾਜ ਦੇ ਸੰਬੰਧ ਵਿਚ ਤੁਹਾਡਾ ਕੀ ਫ਼ੈਸਲਾ ਹੈ? ਕੀ ਤੁਸੀਂ ਮੰਨਦੇ ਹੋ ਕਿ ਰੱਬ ਤੁਹਾਡੇ ਉੱਤੇ ਰਾਜ ਕਰਨ ਦੇ ਯੋਗ ਹੈ? ਜੇ ਤੁਸੀਂ ਮੰਨਦੇ ਹੋ, ਤਾਂ ਤੁਹਾਨੂੰ ਉਸ ਨੂੰ ਆਪਣਾ ਰਾਜਾ ਮੰਨਣਾ ਪਵੇਗਾ। ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ? ਜ਼ਿੰਦਗੀ ਦੇ ਹਰ ਪਹਿਲੂ ਵਿਚ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਪਾਈ ਜਾਂਦੀ ਉਸ ਦੀ ਸਲਾਹ ਉੱਤੇ ਅਮਲ ਕਰ ਕੇ। “ਪਰਮੇਸ਼ੁਰ ਪ੍ਰੇਮ ਹੈ” ਤੇ ਉਸ ਦੇ ਹੁਕਮ ਤੇ ਨਿਯਮ ਉਸ ਦੇ ਪਿਆਰ ਦਾ ਸਬੂਤ ਦਿੰਦੇ ਹਨ। (1 ਯੂਹੰਨਾ 4:8) ਯਹੋਵਾਹ ਸਾਡੇ ਭਲੇ ਲਈ ਹਰ ਕੰਮ ਕਰਦਾ ਹੈ। ਇਸ ਲਈ ਅਸੀਂ ਬਾਈਬਲ ਦੀ ਇਹ ਗੱਲ ਮੰਨ ਸਕਦੇ ਹਾਂ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.

[ਸਫ਼ਾ 7 ਉੱਤੇ ਤਸਵੀਰ]

ਬਾਈਬਲ ਦਾ ਅਧਿਐਨ ਤੇ ਸਿੱਖੀਆਂ ਗੱਲਾਂ ਉੱਤੇ ਅਮਲ ਕਰ ਕੇ ਪਰਮੇਸ਼ੁਰ ਦਾ ਰਾਜ ਚੁਣੋ

[ਸਫ਼ਾ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Jeroen Oerlemans/Panos Pictures