Skip to content

Skip to table of contents

ਇਕ ਧਨੀ ਆਦਮੀ ਨੇ ਨਾਸਮਝੀ ਨਾਲ ਫ਼ੈਸਲਾ ਕੀਤਾ

ਇਕ ਧਨੀ ਆਦਮੀ ਨੇ ਨਾਸਮਝੀ ਨਾਲ ਫ਼ੈਸਲਾ ਕੀਤਾ

ਇਕ ਧਨੀ ਆਦਮੀ ਨੇ ਨਾਸਮਝੀ ਨਾਲ ਫ਼ੈਸਲਾ ਕੀਤਾ

ਇਕ ਧਨੀ ਆਦਮੀ ਆਉਂਦਿਆਂ ਹੀ ਯਿਸੂ ਦੇ ਪੈਰਾਂ ਤੇ ਡਿੱਗਦਾ ਹੋਇਆ ਪੁੱਛਦਾ ਹੈ: “ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਉਣ ਮਿਲੇ?” ਇਹ ਧਨੀ ਆਦਮੀ ਭਲਾ ਅਤੇ ਧਰਮੀ ਇਨਸਾਨ ਸੀ।

ਯਿਸੂ ਨੇ ਉਸ ਨੂੰ ਜਵਾਬ ਦਿੱਤਾ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਉਸ ਨੂੰ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ। ਫਿਰ ਅੱਗੇ ਇਸ ਆਦਮੀ ਨੇ ਯਿਸੂ ਨੂੰ ਪੁੱਛਿਆ ਕਿ ਉਸ ਨੂੰ ਪਰਮੇਸ਼ੁਰ ਦੇ ਕਿਹੜੇ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ। ਯਿਸੂ ਨੇ ਕਿਹਾ: “ਏਹ ਜੋ ਖੂਨ ਨਾ ਕਰ, ਜ਼ਨਾਹ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦਿਹ, ਆਪਣੇ ਮਾਂ ਪਿਉ ਦਾ ਆਦਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” ਇਹ ਹੁਕਮ ਉਨ੍ਹਾਂ ਵਿੱਚੋਂ ਸਨ ਜੋ ਪਰਮੇਸ਼ੁਰ ਨੇ ਮੂਸਾ ਰਾਹੀਂ ਇਸਰਾਏਲੀਆਂ ਨੂੰ ਦਿੱਤੇ ਸਨ। ਫਿਰ ਉਸ ਨੇ ਪੁੱਛਿਆ: “ਮੈਂ ਤਾਂ ਇਨ੍ਹਾਂ ਸਭਨਾਂ ਨੂੰ ਮੰਨਿਆ ਹੈ। ਹੁਣ ਮੇਰੇ ਵਿੱਚ ਕੀ ਘਾਟਾ ਹੈ?”—ਮੱਤੀ 19:16-20.

ਰਹਿਮ ਭਰੀਆਂ ਅੱਖਾਂ ਨਾਲ ਉਸ ਵੱਲ ਵੇਖਦੇ ਹੋਏ ਯਿਸੂ ਨੇ ਕਿਹਾ: “ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜਾਹ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦਿਹ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ।”—ਮਰਕੁਸ 10:17-21.

ਇਹ ਸੁਣ ਕੇ ਧਨੀ ਆਦਮੀ ਘਬਰਾ ਗਿਆ ਕਿਉਂਕਿ ਉਸ ਨੂੰ ਦੋ ਚੀਜ਼ਾਂ ਵਿੱਚੋਂ ਇਕ ਨੂੰ ਚੁਣਨਾ ਪੈਣਾ ਸੀ। ਉਹ ਧਰਮੀ ਤਾਂ ਜ਼ਰੂਰ ਸੀ ਕਿਉਂਕਿ ਉਹ ਛੋਟੀ ਉਮਰ ਤੋਂ ਹੀ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦਾ ਆਇਆ ਸੀ। ਨਾਲੇ ਹੁਣ ਵੀ ਤਾਂ ਉਹ ਯਿਸੂ ਨੂੰ ਇਹੀ ਪੁੱਛ ਰਿਹਾ ਸੀ ਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਕੀ ਕਰ ਸਕਦਾ ਹੈ। ਪਰ ਕੀ ਉਹ ਯਿਸੂ ਦੇ ਕਹੇ ਮੁਤਾਬਕ ਆਪਣੀ ਧਨ-ਦੌਲਤ ਛੱਡ ਕੇ ਉਸ ਦੇ ਪਿੱਛੇ ਚੱਲਣ ਲਈ ਤਿਆਰ ਸੀ? ਜਾਂ ਫਿਰ ਕੀ ਉਹ ਆਪਣੀ ਧਨ-ਦੌਲਤ ਨੂੰ ਫੜੀ ਰੱਖਣਾ ਚਾਹੁੰਦਾ ਸੀ? ਉਹ ਆਪਣੀ ਜ਼ਿੰਦਗੀ ਵਿਚ ਪਹਿਲਾ ਦਰਜਾ ਕਿਸ ਨੂੰ ਦੇਣਾ ਚਾਹੁੰਦਾ ਸੀ, ਧਨ-ਦੌਲਤ ਨੂੰ ਜਾਂ ਪਰਮੇਸ਼ੁਰ ਨੂੰ? ਪਰਮੇਸ਼ੁਰ ਜਾਂ ਧਨ-ਦੌਲਤ ਵਿੱਚੋਂ ਇਕ ਨੂੰ ਚੁਣਨਾ ਉਸ ਲਈ ਮੁਸ਼ਕਲ ਸੀ ਕਿਉਂਕਿ ਉਹ ਬਹੁਤ ਪੈਸੇ ਵਾਲਾ ਸੀ। ਇਸੇ ਲਈ ਉਹ ਯਿਸੂ ਦੀ ਗੱਲ ਸੁਣ ਕੇ “ਉਦਾਸ ਹੋ ਕੇ ਚੱਲਿਆ ਗਿਆ।”—ਮਰਕੁਸ 10:22.

ਧਨ-ਦੌਲਤ ਨੂੰ ਪਹਿਲ ਦੇ ਕੇ ਇਸ ਆਦਮੀ ਨੇ ਨਾਸਮਝੀ ਨਾਲ ਫ਼ੈਸਲਾ ਕੀਤਾ ਸੀ। ਜੇ ਉਹ ਯਿਸੂ ਦਾ ਚੇਲਾ ਬਣ ਜਾਂਦਾ, ਤਾਂ ਉਸ ਨੂੰ ਉਹ ਚੀਜ਼ ਮਿਲ ਜਾਣੀ ਸੀ ਜਿਸ ਦੀ ਉਹ ਭਾਲ ਵਿਚ ਸੀ ਯਾਨੀ ਹਮੇਸ਼ਾ ਦੀ ਜ਼ਿੰਦਗੀ। ਸਾਨੂੰ ਨਹੀਂ ਪਤਾ ਕਿ ਇਸ ਦੇ ਫ਼ੈਸਲੇ ਦਾ ਕੀ ਅੰਜਾਮ ਨਿਕਲਿਆ। ਪਰ ਇਕ ਗੱਲ ਜ਼ਰੂਰ ਹੈ ਕਿ 40 ਕੁ ਸਾਲਾਂ ਬਾਅਦ ਰੋਮੀ ਫ਼ੌਜਾਂ ਨੇ ਯਰੂਸ਼ਲਮ ਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਕਈ ਯਹੂਦੀ ਆਪਣੀ ਧਨ-ਦੌਲਤ ਤੋਂ ਹੀ ਨਹੀਂ, ਸਗੋਂ ਆਪਣੀਆਂ ਜਾਨਾਂ ਤੋਂ ਵੀ ਹੱਥ ਧੋ ਬੈਠੇ ਸਨ।

ਇਸ ਧਨੀ ਆਦਮੀ ਦੇ ਉਲਟ ਪਤਰਸ ਅਤੇ ਯਿਸੂ ਦੇ ਹੋਰਨਾਂ ਚੇਲਿਆਂ ਨੇ ਸਹੀ ਫ਼ੈਸਲਾ ਕੀਤਾ ਸੀ। ਉਹ “ਸੱਭੋ ਕੁਝ ਛੱਡ ਕੇ” ਯਿਸੂ ਦੇ ਚੇਲੇ ਬਣੇ ਸਨ। ਨਤੀਜੇ ਵਜੋਂ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ ਸਨ! ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਸ ਦੀ ਖ਼ਾਤਰ ਜੋ ਕੁਝ ਉਹ ਪਿੱਛੇ ਛੱਡ ਕੇ ਆਏ ਸਨ, ਉਸ ਦੇ ਬਦਲੇ ਉਨ੍ਹਾਂ ਨੂੰ ਢੇਰ ਸਾਰੀਆਂ ਬਰਕਤਾਂ ਮਿਲਣਗੀਆਂ। ਹੋਰ ਤਾਂ ਹੋਰ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਵੀ ਮਿਲਣੀ ਸੀ। ਯਿਸੂ ਦੇ ਚੇਲੇ ਬਣ ਕੇ ਉਨ੍ਹਾਂ ਨੂੰ ਪਛਤਾਉਣਾ ਨਹੀਂ ਸੀ ਪਿਆ।—ਮੱਤੀ 19:27-29.

ਸਾਨੂੰ ਸਾਰਿਆਂ ਨੂੰ ਹੀ ਜ਼ਿੰਦਗੀ ਵਿਚ ਵੱਡੇ-ਛੋਟੇ ਫ਼ੈਸਲੇ ਕਰਨੇ ਪੈਂਦੇ ਹਨ। ਇਹ ਸਭ ਫ਼ੈਸਲੇ ਕਰਨ ਵਿਚ ਯਿਸੂ ਸਾਡੀ ਮਦਦ ਕਿਵੇਂ ਕਰ ਸਕਦਾ ਹੈ? ਕੀ ਤੁਸੀਂ ਉਸ ਦੀ ਸਲਾਹ ਨੂੰ ਕਬੂਲ ਕਰੋਗੇ? ਜੇ ਤੁਸੀਂ ਉਸ ਦੀ ਸਲਾਹ ਤੇ ਚੱਲਣ ਦਾ ਫ਼ੈਸਲਾ ਕਰੋਗੇ, ਤਾਂ ਤੁਹਾਨੂੰ ਵੀ ਬੇਸ਼ੁਮਾਰ ਬਰਕਤਾਂ ਮਿਲਣਗੀਆਂ। ਚਲੋ ਆਪਾਂ ਅਗਲੇ ਲੇਖ ਵਿਚ ਦੇਖੀਏ ਕਿ ਅਸੀਂ ਯਿਸੂ ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ ਅਤੇ ਇੱਦਾਂ ਕਰਨ ਦੇ ਸਾਨੂੰ ਕਿਹੜੇ ਫ਼ਾਇਦੇ ਹੋਣਗੇ।