ਚੰਗੇ ਫ਼ੈਸਲੇ ਕਰੋ, ਖ਼ੁਸ਼ੀਆਂ ਨਾਲ ਝੋਲੀ ਭਰੋ
ਚੰਗੇ ਫ਼ੈਸਲੇ ਕਰੋ, ਖ਼ੁਸ਼ੀਆਂ ਨਾਲ ਝੋਲੀ ਭਰੋ
“ਕਾਸ਼ ਮੈਂ ਇੱਦਾਂ ਨਾ ਕੀਤਾ ਹੁੰਦਾ!” ਕੋਈ ਫ਼ੈਸਲਾ ਕਰਨ ਤੋਂ ਬਾਅਦ ਤੁਸੀਂ ਕਿੰਨੀ ਕੁ ਵਾਰੀ ਇੱਦਾਂ ਕਹਿ ਚੁੱਕੇ ਹੋ? ਜੋ ਅਸੀਂ ਅੱਜ ਕਰਦੇ ਹਾਂ, ਉਸ ਦਾ ਅਸਰ ਸਾਡੇ ਆਉਣ ਵਾਲੇ ਕੱਲ੍ਹ ਤੇ ਪੈਂਦਾ ਹੈ। ਇਸ ਲਈ ਅਸੀਂ ਸਾਰੇ ਹੀ ਜ਼ਿੰਦਗੀ ਵਿਚ ਇੱਦਾਂ ਦੇ ਫ਼ੈਸਲੇ ਕਰਨੇ ਚਾਹੁੰਦੇ ਹਾਂ ਜਿਨ੍ਹਾਂ ਤੇ ਸਾਨੂੰ ਬਾਅਦ ਵਿਚ ਪਛਤਾਉਣਾ ਨਾ ਪਵੇ। ਪਰ ਸਾਨੂੰ ਸਹੀ ਫ਼ੈਸਲੇ ਕਰਨ ਲਈ ਕਿੱਥੋਂ ਮਦਦ ਮਿਲ ਸਕਦੀ ਹੈ ਤਾਂਕਿ ਅਸੀਂ ਜ਼ਿੰਦਗੀ ਵਿਚ ਖ਼ੁਸ਼ੀਆਂ ਪਾ ਸਕੀਏ?
ਪਹਿਲੀ ਗੱਲ, ਸਾਡੀ ਜ਼ਿੰਦਗੀ ਵਿਚ ਅਜਿਹੇ ਅਸੂਲ ਹੋਣੇ ਜ਼ਰੂਰੀ ਹਨ ਜਿਨ੍ਹਾਂ ਤੇ ਅਸੀਂ ਪੱਕਾ ਭਰੋਸਾ ਰੱਖ ਸਕੀਏ। ਪਰ ਕੀ ਦੁਨੀਆਂ ਵਿਚ ਇੱਦਾਂ ਦੇ ਅਸੂਲ ਹਨ? ਕਈਆਂ ਦਾ ਕਹਿਣਾ ਹੈ ਕਿ ਨਹੀਂ। ਅਮਰੀਕਾ ਵਿਚ ਕੀਤੇ ਇਕ ਸਰਵੇਖਣ ਤੋਂ ਪਤਾ ਲੱਗਾ ਕਿ ਕਾਲਜ ਦੇ 75 ਫੀ ਸਦੀ ਵਿਦਿਆਰਥੀਆਂ ਦਾ ਇਹ ਮੰਨਣਾ ਹੈ ਕਿ ਉਹ ਸਹੀ-ਗ਼ਲਤ ਅਤੇ ਚੰਗੇ-ਮਾੜੇ ਦਾ ਫ਼ੈਸਲਾ ਖ਼ੁਦ ‘ਆਪਣੀ ਪਰੰਪਰਾ ਅਤੇ ਆਪਣੀ ਸਮਝ ਮੁਤਾਬਕ’ ਕਰ ਸਕਦੇ ਹਨ।
ਕੀ ਇਹ ਮੰਨ ਲੈਣਾ ਸਹੀ ਹੋਵੇਗਾ ਕਿ ਚੰਗਾ ਚਾਲ-ਚਲਣ ਉਹੀ ਹੈ ਜੋ ਸਾਨੂੰ ਠੀਕ ਲੱਗਦਾ ਹੈ ਜਾਂ ਜੋ ਲੋਕ ਆਮ ਕਰਦੇ ਹਨ? ਬਿਲਕੁਲ ਨਹੀਂ। ਜੇ ਲੋਕਾਂ ਨੂੰ ਆਪਣੀ ਮਨ-ਮਰਜ਼ੀ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਜਾਵੇ, ਤਾਂ ਦੁਨੀਆਂ ਵਿਚ ਹਫੜਾ-ਦਫੜੀ ਪੈ ਜਾਵੇਗੀ। ਕੌਣ ਇਹੋ ਜਿਹੀ ਦੁਨੀਆਂ ਵਿਚ ਰਹਿਣਾ ਚਾਹੇਗਾ ਜਿੱਥੇ ਕਾਇਦੇ-ਕਾਨੂੰਨ, ਕੋਟ-ਕਚਹਿਰੀ ਅਤੇ ਪੁਲਸ ਨਾ ਹੋਵੇ? ਨਾਲੇ ਸਾਡੇ ਦਿਲ ਦੀ ਆਵਾਜ਼ ਹਮੇਸ਼ਾ ਸਹੀ ਨਹੀਂ ਹੁੰਦੀ। ਅਸੀਂ ਸਹੀ ਸਮਝ ਕੇ ਕੋਈ ਫ਼ੈਸਲਾ ਕਰ ਤਾਂ ਲੈਂਦਾ ਹਾਂ, ਪਰ ਬਾਅਦ ਵਿਚ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਅਸਲ ਵਿਚ ਸਹੀ ਨਹੀਂ ਸੀ। ਇਤਿਹਾਸ ਗਵਾਹ ਹੈ ਕਿ ਬਾਈਬਲ ਦੀ ਇਹ ਗੱਲ ਸੱਚੀ ਹੈ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ।” (ਯਿਰਮਿਯਾਹ 10:23) ਤਾਂ ਫਿਰ ਜ਼ਿੰਦਗੀ ਦੇ ਅਹਿਮ ਫ਼ੈਸਲੇ ਕਰਨ ਵੇਲੇ ਅਸੀਂ ਕਿੱਥੋਂ ਸਲਾਹ ਲੈ ਸਕਦੇ ਹਾਂ?
ਪਿਛਲੇ ਲੇਖ ਵਿਚ ਜਿਸ ਧਨੀ ਆਦਮੀ ਦੀ ਗੱਲ ਕੀਤੀ ਗਈ ਸੀ ਉਸ ਨੇ ਯਿਸੂ ਕੋਲੋਂ ਸਲਾਹ ਮੰਗ ਕੇ ਸਹੀ ਕਦਮ ਚੁੱਕਿਆ ਸੀ। ਆਪਾਂ ਦੇਖਿਆ ਸੀ ਕਿ ਯਿਸੂ ਨੇ ਧਨੀ ਆਦਮੀ ਨੂੰ ਆਪਣੀ ਯੂਹੰਨਾ 7:16) ਵਾਕਈ ਅਸੀਂ ਪਰਮੇਸ਼ੁਰ ਦੇ ਬਚਨ ਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਇਸ ਦੀ ਸਲਾਹ ਤੇ ਚੱਲ ਕੇ ਅਸੀਂ ਸਹੀ ਫ਼ੈਸਲੇ ਕਰ ਪਾਵਾਂਗੇ। ਆਓ ਆਪਾਂ ਬਾਈਬਲ ਵਿਚ ਪਾਏ ਜਾਂਦੇ ਕੁਝ ਅਸੂਲਾਂ ਉੱਤੇ ਗੌਰ ਕਰੀਏ। ਇਨ੍ਹਾਂ ਤੇ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆ ਸਕਦੇ ਹਾਂ।
ਰਾਇ ਦੇਣ ਦੀ ਬਜਾਇ ਪਰਮੇਸ਼ੁਰ ਦੇ ਬਚਨ ਵਿੱਚੋਂ ਸਲਾਹ ਦਿੱਤੀ ਸੀ। ਯਿਸੂ ਆਪਣੇ ਪੂਰੇ ਦਿਲ ਨਾਲ ਮੰਨਦਾ ਸੀ ਕਿ ਸਹੀ ਗਿਆਨ ਤੇ ਬੁੱਧ ਸਾਨੂੰ ਸਿਰਫ਼ ਯਹੋਵਾਹ ਪਰਮੇਸ਼ੁਰ ਤੋਂ ਹੀ ਮਿਲ ਸਕਦੀ ਹੈ ਕਿਉਂਕਿ ਉਹੀ ਜਾਣਦਾ ਹੈ ਕਿ ਸਾਡੇ ਲਈ ਕੀ ਚੰਗਾ ਤੇ ਕੀ ਮਾੜਾ ਹੈ। ਇਸੇ ਲਈ ਯਿਸੂ ਨੇ ਕਿਹਾ ਸੀ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” (ਦੂਸਰਿਆਂ ਨਾਲ ਕਿਵੇਂ ਪੇਸ਼ ਆਈਏ?
ਯਿਸੂ ਨੇ ਲੋਕਾਂ ਨੂੰ ਅਜਿਹੀ ਸਿੱਖਿਆ ਦਿੱਤੀ ਸੀ ਜਿਸ ਉੱਤੇ ਅਮਲ ਕਰ ਕੇ ਅਸੀਂ ਦੂਸਰਿਆਂ ਨਾਲ ਆਪਣੇ ਰਿਸ਼ਤੇ ਨੂੰ ਬਿਹਤਰ ਬਣਾ ਸਕਦੇ ਹਾਂ। ਉਸ ਨੇ ਕਿਹਾ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”—ਮੱਤੀ 7:12.
ਕੁਝ ਲੋਕਾਂ ਨੇ ਯਿਸੂ ਦੇ ਇਸ ਅਸੂਲ ਨੂੰ ਤੋੜ-ਮਰੋੜ ਦਿੱਤਾ ਹੈ। ਯਿਸੂ ਨੇ ਤਾਂ ਕਿਹਾ ਸੀ ਕਿ ਦੂਸਰਿਆਂ ਦੀ ਮਦਦ ਕਰੋ, ਪਰ ਲੋਕ ਕਹਿੰਦੇ ਹਨ ਕਿ “ਦੂਸਰਿਆਂ ਲਈ ਕੁਝ ਨਾ ਕਰੋ ਜੋ ਤੁਸੀਂ ਚਾਹੁੰਦੇ ਹੋ ਉਹ ਤੁਹਾਡੇ ਲਈ ਨਾ ਕਰਨ।” ਯਿਸੂ ਦੀ ਸਿੱਖਿਆ ਅਤੇ ਲੋਕਾਂ ਦੇ ਬਣਾਏ ਇਸ ਅਸੂਲ ਵਿਚ ਫ਼ਰਕ ਦੇਖਣ ਲਈ ਸਾਮਰੀ ਬੰਦੇ ਬਾਰੇ ਯਿਸੂ ਦੀ ਕਹਾਣੀ ਵੱਲ ਧਿਆਨ ਦਿਓ। ਇਕ ਯਹੂਦੀ ਨੂੰ ਡਾਕੂ ਕੁੱਟ-ਮਾਰ ਕੇ ਅਧਮੋਇਆ ਰਾਹ ਵਿਚ ਛੱਡ ਗਏ। ਫਿਰ ਉੱਥੋਂ ਦੀ ਇਕ ਗ੍ਰੰਥੀ ਤੇ ਬਾਅਦ ਵਿਚ ਇਕ ਲੇਵੀ ਲੰਘਿਆ। ਇਨ੍ਹਾਂ ਦੋਵਾਂ ਨੇ ਜ਼ਖ਼ਮੀ ਬੰਦੇ ਦੀ ਕੋਈ ਮਦਦ ਨਾ ਕੀਤੀ। ਭਾਵੇਂ ਇਨ੍ਹਾਂ ਨੇ ਇਸ ਜ਼ਖ਼ਮੀ ਬੰਦੇ ਦਾ ਕੁਝ ਮਾੜਾ ਨਹੀਂ ਕੀਤਾ, ਪਰ ਉਨ੍ਹਾਂ ਨੇ ਉਸ ਲਈ ਕੁਝ ਚੰਗਾ ਵੀ ਨਹੀਂ ਕੀਤਾ। ਫਿਰ ਉੱਥੋਂ ਦੀ ਇਕ ਸਾਮਰੀ ਗੁਜ਼ਰਿਆ ਤੇ ਜਦ ਉਸ ਨੇ ਇਸ ਬੰਦੇ ਨੂੰ ਦੇਖਿਆ, ਤਾਂ ਉਸ ਨੇ ਉਸ ਦੀ ਮਲ੍ਹਮ-ਪੱਟੀ ਕੀਤੀ ਅਤੇ ਉਸ ਨੂੰ ਅਜਿਹੀ ਜਗ੍ਹਾ ਲੈ ਗਿਆ ਜਿੱਥੇ ਉਸ ਦੀ ਦੇਖ-ਭਾਲ ਕੀਤੀ ਜਾ ਸਕੇ। ਇਸ ਸਾਮਰੀ ਨੇ ਇਸ ਬੰਦੇ ਲਈ ਉਹੀ ਕੀਤਾ ਜੋ ਉਹ ਚਾਹੁੰਦਾ ਸੀ ਕੋਈ ਉਸ ਲਈ ਕਰੇ ਜੇ ਕਿਤੇ ਉਸ ਨੂੰ ਇੱਦਾਂ ਦਾ ਦਿਨ ਦੇਖਣਾ ਪਵੇ। ਸਾਮਰੀ ਨੇ ਯਿਸੂ ਦੀ ਸਿੱਖਿਆ ਤੇ ਚੱਲ ਕੇ ਸਹੀ ਫ਼ੈਸਲਾ ਕੀਤਾ ਸੀ।—ਲੂਕਾ 10:30-37.
ਅਸੀਂ ਵੀ ਯਿਸੂ ਦੀ ਇਸ ਸਿੱਖਿਆ ਉੱਤੇ ਚੱਲ ਕੇ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਪਾ ਸਕਦੇ ਹਾਂ। ਮੰਨ ਲਓ ਕਿ ਤੁਹਾਡੇ ਗੁਆਂਢ ਵਿਚ ਕੋਈ ਹੁਣੇ-ਹੁਣੇ ਰਹਿਣ ਆਇਆ ਹੈ। ਕਿਉਂ ਨਾ ਤੁਸੀਂ ਉਨ੍ਹਾਂ ਨੂੰ ਜਾ ਕੇ ਮਿਲੋ। ਕੀ ਪਤਾ ਇੱਦਾਂ ਕਰਨ ਨਾਲ ਤੁਸੀਂ ਉਨ੍ਹਾਂ ਦੇ ਕਿਸੇ ਕੰਮ ਆ ਸਕੋ। ਸ਼ਾਇਦ ਤੁਸੀਂ ਉਨ੍ਹਾਂ ਦੇ ਕਿਸੇ ਸਵਾਲ ਦਾ ਜਵਾਬ ਦੇ ਸਕੋ ਜਾਂ ਜ਼ਰੂਰਤ ਨੂੰ ਪੂਰਾ ਕਰ ਸਕੋ। ਇੱਦਾਂ ਕਰਨ ਨਾਲ ਤੁਹਾਡੀ ਉਨ੍ਹਾਂ ਨਾਲ ਜਾਣ-ਪਛਾਣ ਵਧੇਗੀ ਅਤੇ ਤੁਸੀਂ ਇਕ-ਦੂਜੇ ਦੇ ਚੰਗੇ ਗੁਆਂਢੀ ਬਣ ਸਕੋਗੇ। ਨਾਲੇ ਪਰਮੇਸ਼ੁਰ ਦੀ ਸਲਾਹ ਤੇ ਚੱਲ ਕੇ ਤੁਹਾਡੇ ਦਿਲ ਨੂੰ ਸਕੂਨ ਮਿਲੇਗਾ। ਇੱਦਾਂ ਕਰਨ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ।
ਲੋਕਾਂ ਲਈ ਪਿਆਰ
ਦੂਸਰਿਆਂ ਦੀ ਮਦਦ ਕਰਨ ਤੋਂ ਇਲਾਵਾ ਯਿਸੂ ਨੇ ਹੋਰ ਵੀ ਸਿੱਖਿਆ ਦਿੱਤੀ ਸੀ ਜਿਹਦੇ ਨਾਲ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਹੋ ਸਕਦੀ ਹੈ। ਜਦ ਯਿਸੂ ਨੂੰ ਪੁੱਛਿਆ ਗਿਆ ਕਿ ਮੂਸਾ ਦੀ ਬਿਵਸਥਾ ਦਾ ਸਭ ਤੋਂ ਅਹਿਮ ਹੁਕਮ ਕਿਹੜਾ ਹੈ, ਤਾਂ ਉਸ ਨੇ ਕਿਹਾ ਸੀ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। ਅਤੇ ਦੂਆ ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।”—ਮੱਤੀ 22:36-40.
ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਇਕ-ਦੂਜੇ ਨੂੰ ਪਿਆਰ ਕਰਨ ਦਾ “ਨਵਾਂ ਹੁਕਮ” ਦਿੱਤਾ ਸੀ। (ਯੂਹੰਨਾ 13:34) ਪਰ ਇਹ ਹੁਕਮ ਕਿਸ ਭਾਵ ਵਿਚ ਨਵਾਂ ਸੀ ਜਦ ਕਿ ਯਿਸੂ ਤਾਂ ਪਹਿਲਾਂ ਹੀ ਕਹਿ ਚੁੱਕਾ ਸੀ ਕਿ ਗੁਆਂਢੀ ਨੂੰ ਪਿਆਰ ਕਰਨਾ ਪਰਮੇਸ਼ੁਰ ਦੇ ਹੁਕਮਾਂ ਵਿੱਚੋਂ ਇਕ ਸੀ? ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਸੀ ਕਿ ‘ਤੁਸੀਂ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੋ।’ (ਲੇਵੀਆਂ 19:18) ਪਰ ਯਿਸੂ ਹੁਣ ਆਪਣੇ ਚੇਲਿਆਂ ਨੂੰ ਇਸ ਤੋਂ ਕੁਝ ਜ਼ਿਆਦਾ ਕਰਨ ਨੂੰ ਕਹਿ ਰਿਹਾ ਸੀ। ਇਹ ਨਵਾਂ ਹੁਕਮ ਦੇਣ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਦੱਸਿਆ ਸੀ ਕਿ ਉਹ ਉਨ੍ਹਾਂ ਲਈ ਆਪਣੀ ਜਾਨ ਦੇਵੇਗਾ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: ‘ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।’ (ਯੂਹੰਨਾ 15:12, 13) ਤਾਂ ਫਿਰ ਯਿਸੂ ਦਾ ਇਹ ਹੁਕਮ ਇਸ ਭਾਵ ਵਿਚ ਨਵਾਂ ਸੀ ਕਿ ਉਹ ਆਪਣੇ ਚੇਲਿਆਂ ਨੂੰ ਕਹਿ ਰਿਹਾ ਸੀ ਕਿ ਉਹ ਆਪਣੀਆਂ ਖ਼ਾਹਸ਼ਾਂ ਦੀ ਬਜਾਇ ਦੂਸਰਿਆਂ ਦੀਆਂ ਖ਼ਾਹਸ਼ਾਂ ਨੂੰ ਪਹਿਲ ਦੇਣ।
ਆਪਣੀਆਂ ਖ਼ਾਹਸ਼ਾਂ ਨੂੰ ਇਕ ਪਾਸੇ ਰੱਖ ਕੇ ਅਸੀਂ ਕਈ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਦੂਸਰਿਆਂ ਨੂੰ ਪਿਆਰ ਕਰਦੇ ਹਾਂ। ਮੰਨ ਲਓ ਕਿ ਤੁਸੀਂ ਆਪਣੇ ਘਰੇ ਉੱਚੀ ਆਵਾਜ਼ ਵਿਚ ਗਾਣੇ ਸੁਣਨਾ ਪਸੰਦ ਕਰਦੇ ਹੋ, ਪਰ ਤੁਹਾਡੇ ਗੁਆਂਢੀ ਨੂੰ ਇਹ
ਜ਼ਰਾ ਵੀ ਪਸੰਦ ਨਹੀਂ। ਕੀ ਤੁਸੀਂ ਆਪਣੇ ਗੁਆਂਢੀ ਦੀ ਖ਼ਾਤਰ ਆਵਾਜ਼ ਘੱਟ ਕਰੋਗੇ, ਤਾਂਕਿ ਉਹ ਨੂੰ ਸ਼ਾਂਤੀ ਮਿਲ ਸਕੇ? ਜਾਂ ਫਿਰ ਕਹਿ ਲਓ ਕਿ ਕੀ ਤੁਸੀਂ ਆਪਣੀ ਇੱਛਾ ਦੀ ਬਜਾਇ ਆਪਣੇ ਗੁਆਂਢੀ ਦੀ ਇੱਛਾ ਨੂੰ ਪਹਿਲ ਦੇਵੋਗੇ?ਇਕ ਹੋਰ ਮਿਸਾਲ ਵੱਲ ਧਿਆਨ ਦਿਓ। ਇਕ ਦਿਨ ਕੈਨੇਡਾ ਵਿਚ ਸਰਦੀਆਂ ਦੇ ਮੌਸਮ ਵਿਚ ਬਰਫ਼ ਪੈ ਰਹੀ ਸੀ ਤੇ ਇਕ ਸਿਆਣੇ ਬੰਦੇ ਦੇ ਘਰ ਯਹੋਵਾਹ ਦੇ ਦੋ ਗਵਾਹ ਆਏ। ਗੱਲਬਾਤ ਦੇ ਦੌਰਾਨ ਇਸ ਬੰਦੇ ਨੇ ਗਵਾਹਾਂ ਨੂੰ ਦੱਸਿਆ ਕਿ ਦਿਲ ਦਾ ਮਰੀਜ਼ ਹੋਣ ਕਾਰਨ ਉਹ ਘਰ ਮੁਹਰਿਓਂ ਬਰਫ਼ ਨਹੀਂ ਸੀ ਹਟਾ ਪਾਇਆ। ਇਸ ਮੁਲਾਕਾਤ ਤੋਂ ਤਕਰੀਬਨ ਘੰਟਾ ਕੁ ਬਾਅਦ ਇਸ ਸਿਆਣੇ ਬੰਦੇ ਨੂੰ ਕੁਝ ਖੁਰਚਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਕੀ ਦੇਖਿਆ ਕਿ ਉਹੀ ਦੋ ਗਵਾਹ ਉਸ ਦੇ ਘਰ ਮੁਹਰਿਓਂ ਬਰਫ਼ ਹਟਾ ਰਹੇ ਸਨ। ਫਿਰ ਉਸ ਨੇ ਕੈਨੇਡਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖੀ। ਇਸ ਵਿਚ ਉਸ ਨੇ ਲਿਖਿਆ: “ਅੱਜ ਮੈਂ ਦੇਖਿਆ ਕਿ ਯਹੋਵਾਹ ਦੇ ਗਵਾਹ ਪ੍ਰਚਾਰ ਹੀ ਨਹੀਂ, ਬਲਕਿ ਲੋਕਾਂ ਦੀ ਮਦਦ ਵੀ ਕਰਦੇ ਹਨ। ਦੁਨੀਆਂ ਦੀ ਹਾਲਤ ਦੇਖ ਕੇ ਮੈਂ ਤਾਂ ਮਨ ਹਾਰ ਹੀ ਚੁੱਕਾ ਸੀ। ਪਰ ਅੱਜ ਮੈਨੂੰ ਉਮੀਦ ਦੀ ਕਿਰਨ ਨਜ਼ਰ ਆਈ ਹੈ। ਮੈਂ ਤਾਂ ਤੁਹਾਡੇ ਕੰਮ ਤੋਂ ਪਹਿਲਾ ਹੀ ਬੜਾ ਖ਼ੁਸ਼ ਸੀ। ਹੁਣ ਤਾਂ ਤੁਸੀਂ ਮੇਰਾ ਦਿਲ ਹੀ ਜਿੱਤ ਲਿਆ ਹੈ।” ਕੰਮ ਕਿੰਨਾ ਹੀ ਛੋਟਾ ਕਿਉਂ ਨਾ ਹੋਵੇ ਇਸ ਨੂੰ ਕਰ ਕੇ ਅਸੀਂ ਦੂਸਰਿਆਂ ਦੀ ਮਦਦ ਅਤੇ ਉਨ੍ਹਾਂ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹਾਂ। ਦੂਸਰਿਆਂ ਦੀ ਮਦਦ ਕਰਨ ਨਾਲ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ।
ਰੱਬ ਲਈ ਪਿਆਰ
ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਨ ਲਈ ਸਾਨੂੰ ਯਿਸੂ ਦੀ ਇਕ ਹੋਰ ਸਿੱਖਿਆ ਵੱਲ ਧਿਆਨ ਦੇਣ ਦੀ ਲੋੜ ਹੈ। ਯਿਸੂ ਯਹੂਦੀ ਲੋਕਾਂ ਨਾਲ ਗੱਲ ਕਰ ਰਿਹਾ ਸੀ ਜਦ ਉਸ ਨੇ ਕਿਹਾ ਕਿ ਪਰਮੇਸ਼ੁਰ ਨੂੰ ਪਿਆਰ ਕਰਨਾ ਸਭ ਤੋਂ ਵੱਡਾ ਹੁਕਮ ਹੈ। ਯਹੂਦੀ ਕੌਮ ਯਹੋਵਾਹ ਦੀ ਆਪਣੀ ਕੌਮ ਸੀ। ਇਨ੍ਹਾਂ ਲੋਕਾਂ ਦਾ ਯਹੋਵਾਹ ਨਾਲ ਇਕ ਰਿਸ਼ਤਾ ਸੀ। ਪਰ ਫਿਰ ਵੀ ਹਰੇਕ ਯਹੂਦੀ ਨੂੰ ਇਹ ਫ਼ੈਸਲਾ ਕਰਨ ਦੀ ਲੋੜ ਸੀ ਕਿ ਕੀ ਉਹ ਯਹੋਵਾਹ ਨੂੰ ਆਪਣੇ ਪੂਰੇ ਦਿਲ ਤੇ ਜਾਨ ਨਾਲ ਪਿਆਰ ਕਰੇਗਾ ਕਿ ਨਹੀਂ।—ਬਿਵਸਥਾ ਸਾਰ 30:15, 16.
ਤੁਹਾਡੇ ਫ਼ੈਸਲਿਆਂ ਤੋਂ ਪਤਾ ਲੱਗੇਗਾ ਕਿ ਤੁਸੀਂ ਯਹੋਵਾਹ ਨੂੰ ਕਿੰਨਾ ਕੁ ਪਿਆਰ ਕਰਦੇ ਹੋ। ਜਿੱਦਾਂ-ਜਿੱਦਾਂ ਤੁਸੀਂ ਬਾਈਬਲ ਦਾ ਗਿਆਨ ਲੈਂਦੇ ਜਾਓਗੇ ਉੱਦਾਂ-ਉੱਦਾਂ ਤੁਹਾਨੂੰ ਵੀ ਇਕ ਫ਼ੈਸਲਾ ਕਰਨਾ ਪਵੇਗਾ। ਕੀ ਤੁਸੀਂ ਯਿਸੂ ਦਾ ਇਕ ਚੇਲਾ ਬਣਨ ਲਈ ਬਾਈਬਲ ਸਟੱਡੀ ਕਰੋਗੇ? ਇੱਦਾਂ ਕਰਨ ਨਾਲ ਤੁਹਾਡੀ ਝੋਲੀ ਖ਼ੁਸ਼ੀਆਂ ਨਾਲ ਭਰ ਜਾਵੇਗੀ। ਯਿਸੂ ਨੇ ਕਿਹਾ ਸੀ ਕਿ “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।”—ਲੂਕਾ 11:28.
ਸਾਨੂੰ ਕੁਝ ਪੱਕਾ ਨਹੀਂ ਪਤਾ ਜੇ ਧਨੀ ਆਦਮੀ ਆਪਣੇ ਫ਼ੈਸਲੇ ਤੇ ਪਛਤਾਇਆ ਸੀ ਜਾਂ ਨਹੀਂ। ਪਰ ਅਸੀਂ ਇਹ ਜਾਣਦੇ ਹਾਂ ਕਿ ਰਸੂਲ ਪਤਰਸ ਯਿਸੂ ਦਾ ਚੇਲਾ ਬਣਨ ਬਾਰੇ ਕੀ ਸੋਚਦਾ ਸੀ। ਤਕਰੀਬਨ 64 ਈ. ਵਿਚ ਜਦ ਪਤਰਸ ਆਪਣੀ ਮੌਤ ਦੇ ਕਰੀਬ ਸੀ ਉਦੋਂ ਉਸ ਨੇ ਯਿਸੂ ਦੇ ਹੋਰਨਾਂ ਚੇਲਿਆਂ ਨੂੰ ਕਿਹਾ: “ਜਤਨ ਕਰੋ ਭਈ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੋ।” (2 ਪਤਰਸ 1:14; 3:14) ਇਸ ਤੋਂ ਸਾਫ਼ ਝਲਕਦਾ ਹੈ ਕਿ ਪਤਰਸ ਨੇ 30 ਸਾਲ ਪਹਿਲਾਂ ਯਿਸੂ ਦਾ ਚੇਲਾ ਬਣਨ ਦਾ ਜੋ ਫ਼ੈਸਲਾ ਕੀਤਾ ਸੀ, ਉਸ ਨੂੰ ਉਸ ਦਾ ਕੋਈ ਪਛਤਾਵਾ ਨਹੀਂ ਸੀ। ਉਸ ਨੇ ਤਾਂ ਦੂਸਰਿਆਂ ਨੂੰ ਵੀ ਯਿਸੂ ਦੇ ਨਾਲ-ਨਾਲ ਚੱਲਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ ਸੀ।
ਜੇ ਅਸੀਂ ਪਤਰਸ ਦੀ ਸਲਾਹ ਤੇ ਚੱਲਾਂਗੇ, ਤਾਂ ਅਸੀਂ ਯਿਸੂ ਦਾ ਇਕ ਚੇਲਾ ਬਣਨ ਦੀਆਂ ਜ਼ਿੰਮੇਵਾਰੀਆਂ ਨਿਭਾਵਾਂਗੇ ਅਤੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਾਂਗੇ। (ਲੂਕਾ 9:23; 1 ਯੂਹੰਨਾ 5:3) ਸ਼ਾਇਦ ਸਾਡੇ ਲਈ ਇੱਦਾਂ ਕਰਨਾ ਮੁਸ਼ਕਲ ਹੋਵੇ, ਪਰ ਯਿਸੂ ਦਾ ਇਹ ਵਾਅਦਾ ਹੈ ਕਿ “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”—ਮੱਤੀ 11:28-30.
ਆਰਥਰ ਦੀ ਮਿਸਾਲ ਉੱਤੇ ਗੌਰ ਕੋਰ। ਆਰਥਰ ਨੇ ਦਸ ਸਾਲ ਦੀ ਉਮਰ ਤੇ ਵਾਇਲਨ ਵਜਾਉਣੀ ਸਿੱਖਣੀ ਸ਼ੁਰੂ ਕੀਤੀ ਸੀ ਤੇ ਉਹ ਇਸ ਨੂੰ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਸੀ। 14 ਸਾਲਾਂ ਦੀ ਉਮਰ ਤੇ ਉਹ ਮੰਨਿਆ-ਪ੍ਰਮੰਨਿਆ ਵਾਇਲਨ ਵਜਾਉਣ ਵਾਲਾ ਸੀ। ਪਰ ਇਸ ਕਾਮਯਾਬੀ ਦੇ ਬਾਵਜੂਦ ਉਹ ਉਦਾਸ ਸੀ। ਉਹ ਦੇ ਘਰ ਵਿਚ ਕਈ ਵਾਰ ਇਸ ਗੱਲ ਤੇ ਚਰਚਾ ਹੁੰਦੀ ਸੀ ਕਿ ਕੀ ਰੱਬ ਹੈ ਅਤੇ ਜੇ ਹੈ, ਤਾਂ ਉਹ ਦੁਨੀਆਂ ਵਿਚ ਬੁਰੇ ਕੰਮ ਕਿਉਂ ਹੋਣ ਦਿੰਦਾ ਹੈ। ਆਰਥਰ ਦੇ ਪਿਤਾ ਦੇ ਦਿਲ ਵਿਚ ਹਮੇਸ਼ਾ ਇੱਕੋ ਹੀ ਗੱਲ ਰਹਿੰਦੀ ਸੀ ਕਿ ਸਾਡੀ ਜ਼ਿੰਦਗੀ ਦਾ ਕੀ ਮਤਲਬ ਹੈ। ਇਸ ਬਾਰੇ ਉਸ ਨੇ ਕਈ ਧਰਮ ਗੁਰੂਆਂ ਨਾਲ ਗੱਲ ਕੀਤੀ ਸੀ, ਪਰ ਉਸ ਨੂੰ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਮਿਲਿਆ। ਫਿਰ ਆਰਥਰ ਦੇ ਪਿਤਾ ਦੀ ਯਹੋਵਾਹ ਦੇ ਗਵਾਹਾਂ ਨਾਲ ਗੱਲ ਹੋਈ। ਜੋ ਗੱਲਾਂ ਗਵਾਹਾਂ ਨੇ ਆਰਥਰ ਦੇ ਪਿਤਾ ਨੂੰ ਦੱਸੀਆਂ, ਉਹ ਉਸ ਨੂੰ ਬਹੁਤ ਹੀ ਪਸੰਦ ਆਈਆਂ। ਇੱਦਾਂ ਸਾਰਾ ਪਰਿਵਾਰ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ।
ਸਟੱਡੀ ਕਰਨ ਪਿੱਛੋਂ ਆਰਥਰ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ ਅਤੇ ਜ਼ਿੰਦਗੀ ਵਿਚ ਉਸ ਨੂੰ ਕੀ ਕਰਨਾ ਚਾਹੀਦਾ ਹੈ। ਆਰਥਰ ਅਤੇ ਉਸ ਦੇ ਪਰਿਵਾਰ ਦੇ ਤਿੰਨ ਹੋਰ ਜੀਆਂ ਨੇ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਫ਼ੈਸਲਾ ਕੀਤਾ ਤੇ ਉਨ੍ਹਾਂ ਨੂੰ ਆਪਣੇ ਇਸ ਫ਼ੈਸਲਾ ਤੇ ਕੋਈ ਪਛਤਾਵਾ ਨਹੀਂ ਹੈ। ਆਰਥਰ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪ ਦਿੱਤੀ ਅਤੇ ਉਹ ਕਹਿੰਦਾ ਹੈ: “ਸੱਚ ਪੁੱਛੋ ਮੈਂ ਬਹੁਤ ਹੀ ਖ਼ੁਸ਼ ਹਾਂ। ਯਹੋਵਾਹ ਨੇ ਮੈਨੂੰ ਸੱਚਾਈ ਸਿਖਾ ਕੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਉਸ ਨੇ ਮੈਨੂੰ ਐਸੀ ਦੁਨੀਆਂ ਤੋਂ ਆਜ਼ਾਦ ਕੀਤਾ ਹੈ ਜਿੱਥੇ ਲੋਕ ਕਾਮਯਾਬੀ ਖ਼ਾਤਰ ਕੁਝ ਵੀ ਕਰਨ ਨੂੰ ਤਿਆਰ ਹਨ।”
ਆਰਥਰ ਅੱਜ ਵੀ ਵਾਇਲਨ ਵਜਾਉਣੀ ਪਸੰਦ ਕਰਦਾ ਹੈ ਤੇ ਆਪਣੇ ਦੋਸਤਾਂ ਦੀ ਖ਼ੁਸ਼ੀ ਲਈ ਵਜਾਉਂਦਾ ਹੈ। ਪਰ ਹੁਣ ਉਸ ਦੀ ਜ਼ਿੰਦਗੀ ਵਿਚ ਵਾਇਲਨ ਹੀ ਸਾਰਾ ਕੁਝ ਨਹੀਂ ਹੈ, ਸਗੋਂ ਉਹ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੰਦਾ ਹੈ। ਉਹ ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਿਹਾ ਹੈ। ਤੁਸੀਂ ਵੀ ਆਰਥਰ ਅਤੇ ਲੱਖਾਂ ਹੀ ਹੋਰ ਗਵਾਹਾਂ ਦੀ ਤਰ੍ਹਾਂ ਇਕ ਫ਼ੈਸਲਾ ਕਰ ਸਕਦੇ ਹੋ। ਇਹ ਫ਼ੈਸਲਾ ਤੁਹਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਲਿਆ ਸਕਦਾ ਹੈ। ਇਹ ਫ਼ੈਸਲਾ ਹੈ: ਕੀ ਤੁਸੀਂ ਯਿਸੂ ਦੇ ਚੇਲੇ ਬਣਨ ਦੇ ਸੱਦੇ ਨੂੰ ਕਬੂਲ ਕਰੋਗੇ?
[ਸਫ਼ਾ 6 ਉੱਤੇ ਤਸਵੀਰ]
ਤੁਸੀਂ ਆਪਣੇ ਕੰਮਾਂ ਰਾਹੀਂ ਦੂਸਰਿਆਂ ਦੀ ਜ਼ਿੰਦਗੀ ਵਿਚ ਖ਼ੁਸ਼ੀ ਲਿਆ ਸਕਦੇ ਹੋ
[ਸਫ਼ਾ 7 ਉੱਤੇ ਤਸਵੀਰ]
ਕੀ ਤੁਸੀਂ ਬਾਈਬਲ ਦੀ ਸਟੱਡੀ ਕਰ ਕੇ ਯਿਸੂ ਦੇ ਚੇਲੇ ਬਣੋਗੇ?