Skip to content

Skip to table of contents

ਜ਼ਿੰਦਗੀ ਦਾ ਅਸਲੀ ਮਕਸਦ ਭਾਲੋ

ਜ਼ਿੰਦਗੀ ਦਾ ਅਸਲੀ ਮਕਸਦ ਭਾਲੋ

ਜ਼ਿੰਦਗੀ ਦਾ ਅਸਲੀ ਮਕਸਦ ਭਾਲੋ

“ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ!”—ਜ਼ਬੂਰਾਂ ਦੀ ਪੋਥੀ 150:6.

1. ਇਕ ਨੌਜਵਾਨ ਨੇ ਜ਼ਿੰਦਗੀ ਦਾ ਅਸਲੀ ਮਕਸਦ ਭਾਲਣ ਲਈ ਕੀ-ਕੀ ਕੀਤਾ ਸੀ?

ਸੁੰਗ ਜਿਨ ਕੋਰੀਆ ਵਿਚ ਜੰਮਿਆ-ਪਲਿਆ ਸੀ। * ਉਹ ਦੱਸਦਾ ਹੈ: “ਮੈਂ ਡਾਕਟਰੀ ਦੀ ਪੜ੍ਹਾਈ ਕੀਤੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਲੋਕਾਂ ਦੀ ਮਦਦ ਕਰਨ ਵਿਚ ਲਾਉਣੀ ਚਾਹੁੰਦਾ ਸੀ। ਮੈਂ ਸੋਚਦਾ ਸੀ ਕਿ ਡਾਕਟਰ ਹੋਣ ਦੇ ਨਾਤੇ ਮੇਰਾ ਇੱਜ਼ਤ-ਮਾਣ ਵਧੇਗਾ ਤੇ ਮੈਂ ਕਾਫ਼ੀ ਪੈਸਾ ਵੀ ਕਮਾ ਸਕਾਂਗਾ। ਇਸ ਤਰ੍ਹਾਂ ਮੈਂ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਬਸਰ ਕਰਾਂਗਾ। ਪਰ ਜਦ ਮੈਨੂੰ ਅਹਿਸਾਸ ਹੋਣ ਲੱਗਾ ਕਿ ਅਸਲ ਵਿਚ ਇਕ ਡਾਕਟਰ ਲੋਕਾਂ ਦੀ ਬਹੁਤ ਘੱਟ ਮਦਦ ਕਰ ਸਕਦਾ ਹੈ, ਤਾਂ ਮੈਂ ਬਹੁਤ ਹੀ ਨਿਰਾਸ਼ ਹੋ ਗਿਆ। ਫਿਰ ਮੈਂ ਚਿੱਤਰਕਾਰ ਬਣਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਪਰ ਮੈਨੂੰ ਲੱਗਦਾ ਸੀ ਕਿ ਇਹ ਕੰਮ ਮੈਂ ਸਿਰਫ਼ ਆਪਣੇ ਹੀ ਸੁਆਰਥ ਲਈ ਕਰ ਰਿਹਾ ਸੀ ਕਿਉਂਕਿ ਮੇਰੀ ਕਲਾਕਾਰੀ ਤੋਂ ਹੋਰਨਾਂ ਨੂੰ ਕੋਈ ਫ਼ਾਇਦਾ ਨਹੀਂ ਸੀ ਹੋ ਰਿਹਾ। ਸੋ ਮੈਂ ਅਧਿਆਪਕ ਬਣ ਗਿਆ। ਪਰ ਅਧਿਆਪਕ ਦੇ ਤੌਰ ਤੇ ਮੈਂ ਹੋਰਨਾਂ ਨੂੰ ਸਿਰਫ਼ ਜਾਣਕਾਰੀ ਹੀ ਦੇ ਸਕਦਾ ਸੀ, ਉਨ੍ਹਾਂ ਨੂੰ ਅਜਿਹਾ ਨਿਰਦੇਸ਼ਨ ਨਹੀਂ ਦੇ ਸਕਦਾ ਸੀ ਜਿਸ ਸਦਕਾ ਉਹ ਜ਼ਿੰਦਗੀ ਵਿਚ ਅਸਲੀ ਖ਼ੁਸ਼ੀ ਪਾ ਸਕਦੇ ਸਨ।” ਹੋਰਨਾਂ ਕਈ ਇਨਸਾਨਾਂ ਵਾਂਗ ਸੁੰਗ ਜਿਨ ਵੀ ਜ਼ਿੰਦਗੀ ਦਾ ਅਸਲੀ ਮਕਸਦ ਭਾਲ ਰਿਹਾ ਸੀ।

2. (ੳ) ਜ਼ਿੰਦਗੀ ਦਾ ਅਸਲੀ ਮਕਸਦ ਪਾਉਣ ਦਾ ਕੀ ਮਤਲਬ ਹੈ? (ਅ) ਸਾਨੂੰ ਕਿਵੇਂ ਪਤਾ ਹੈ ਕਿ ਸਾਡੇ ਸਿਰਜਣਹਾਰ ਨੇ ਸਾਨੂੰ ਕਿਸੇ ਮਕਸਦ ਲਈ ਬਣਾਇਆ ਹੈ?

2 ਜ਼ਿੰਦਗੀ ਦਾ ਅਸਲੀ ਮਕਸਦ ਪਾਉਣ ਦਾ ਮਤਲਬ ਹੈ ਜੀਣ ਦਾ ਇਕ ਕਾਰਨ ਹੋਣਾ, ਜ਼ਿੰਦਗੀ ਦੀ ਕੋਈ ਮੰਜ਼ਲ ਹੋਣੀ ਤੇ ਫਿਰ ਉਸ ਮੰਜ਼ਲ ਤਕ ਪਹੁੰਚਣ ਲਈ ਜ਼ਰੂਰੀ ਜਤਨ ਕਰਨਾ। ਕੀ ਇਨਸਾਨ ਸੱਚ-ਮੁੱਚ ਅਜਿਹੀ ਮਕਸਦ ਭਰੀ ਜ਼ਿੰਦਗੀ ਜੀ ਸਕਦੇ ਹਨ? ਹਾਂ! ਜਦ ਸਾਡੇ ਸਿਰਜਣਹਾਰ ਨੇ ਸਾਨੂੰ ਸੋਚਣ-ਸਮਝਣ ਦੀ ਸ਼ਕਤੀ ਤੇ ਸਹੀ-ਗ਼ਲਤ ਨੂੰ ਪਛਾਣਨ ਦੀ ਯੋਗਤਾ ਬਖ਼ਸ਼ੀ ਹੈ, ਤਾਂ ਸਾਡੇ ਜੀਣ ਦਾ ਜ਼ਰੂਰ ਕੋਈ ਕਾਰਨ ਜਾਂ ਮਕਸਦ ਹੈ। ਜੇ ਅਸੀਂ ਜ਼ਿੰਦਗੀ ਦਾ ਅਸਲੀ ਮਕਸਦ ਭਾਲਣਾ ਤੇ ਉਸ ਮੁਤਾਬਕ ਜੀਉਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਸਿਰਜਣਹਾਰ ਦੇ ਮਕਸਦ ਅਨੁਸਾਰ ਜੀਣ ਤੇ ਉਸ ਦਾ ਕਹਿਣਾ ਮੰਨਣ ਦੀ ਲੋੜ ਹੈ।

3. ਸਾਡੇ ਲਈ ਰੱਖੇ ਪਰਮੇਸ਼ੁਰ ਦੇ ਮਕਸਦ ਵਿਚ ਕੀ ਕੁਝ ਸ਼ਾਮਲ ਹੈ?

3 ਬਾਈਬਲ ਦੱਸਦੀ ਹੈ ਕਿ ਸਾਡੇ ਲਈ ਰੱਖੇ ਪਰਮੇਸ਼ੁਰ ਦੇ ਮਕਸਦ ਵਿਚ ਕਈ ਕੁਝ ਸ਼ਾਮਲ ਹੈ। ਮਿਸਾਲ ਲਈ, ਉਸ ਨੇ ਸਾਨੂੰ ਬਹੁਤ ਹੀ ਸੋਹਣੇ ਢੰਗ ਨਾਲ ਬਣਾਇਆ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ। (ਜ਼ਬੂਰਾਂ ਦੀ ਪੋਥੀ 40:5; 139:14) ਤਾਂ ਫਿਰ, ਜੇ ਅਸੀਂ ਪਰਮੇਸ਼ੁਰ ਦੇ ਮਕਸਦ ਅਨੁਸਾਰ ਜੀਣਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਪਰਮੇਸ਼ੁਰ ਵਾਂਗ ਦੂਸਰਿਆਂ ਨਾਲ ਦਿਲੋਂ ਪਿਆਰ ਕਰਨਾ ਚਾਹੀਦਾ ਹੈ। (1 ਯੂਹੰਨਾ 4:7-11) ਇਸ ਦੇ ਨਾਲ-ਨਾਲ ਸਾਨੂੰ ਪਰਮੇਸ਼ੁਰ ਦੀ ਸਲਾਹ ਨੂੰ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਉਸ ਦੀ ਸਲਾਹ ਦੀ ਮਦਦ ਨਾਲ ਅਸੀਂ ਉਸ ਦੇ ਮਕਸਦ ਅਨੁਸਾਰ ਚੱਲ ਸਕਾਂਗੇ।—ਉਪਦੇਸ਼ਕ ਦੀ ਪੋਥੀ 12:13; 1 ਯੂਹੰਨਾ 5:3.

4. (ੳ) ਜ਼ਿੰਦਗੀ ਦਾ ਅਸਲੀ ਮਕਸਦ ਪਾਉਣ ਲਈ ਕੀ ਕਰਨਾ ਜ਼ਰੂਰੀ ਹੈ? (ਅ) ਜ਼ਿੰਦਗੀ ਦਾ ਸਭ ਤੋਂ ਉੱਤਮ ਮਕਸਦ ਕੀ ਹੈ?

4 ਸ਼ੁਰੂ ਤੋਂ ਹੀ ਪਰਮੇਸ਼ੁਰ ਦਾ ਇਹੋ ਮਕਸਦ ਸੀ ਕਿ ਇਨਸਾਨ ਖ਼ੁਸ਼ੀ ਤੇ ਸ਼ਾਂਤੀ ਨਾਲ ਇਕ-ਦੂਜੇ ਤੇ ਬਾਕੀ ਦੀ ਸ੍ਰਿਸ਼ਟੀ ਨਾਲ ਵਸਣ। (ਉਤਪਤ 1:26; 2:15) ਪਰ ਸਾਨੂੰ ਕੀ ਕਰਨ ਦੀ ਲੋੜ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮਨ ਦੀ ਸ਼ਾਂਤੀ ਮਿਲੇ ਅਤੇ ਅਸੀਂ ਖ਼ੁਸ਼ ਤੇ ਮਹਿਫੂਜ਼ ਰਹੀਏ? ਜਿਵੇਂ ਇਕ ਬੱਚੇ ਨੂੰ ਖ਼ੁਸ਼ੀ ਤੇ ਸੁਰੱਖਿਆ ਮਹਿਸੂਸ ਕਰਨ ਲਈ ਇਹ ਅਹਿਸਾਸ ਹੋਣ ਦੀ ਲੋੜ ਹੈ ਕਿ ਉਸ ਦੇ ਮਾਂ-ਬਾਪ ਉਸ ਦੇ ਲਾਗੇ ਹਨ, ਉਸੇ ਤਰ੍ਹਾਂ ਸਾਨੂੰ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਪਾਉਣ ਲਈ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਦੀ ਲੋੜ ਹੈ। (ਇਬਰਾਨੀਆਂ 12:9) ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਅਜਿਹਾ ਰਿਸ਼ਤਾ ਕਾਇਮ ਕਰੀਏ। ਇਸੇ ਕਰਕੇ ਉਸ ਨੇ ਸਾਨੂੰ ਆਪਣੇ ਨਜ਼ਦੀਕ ਆਉਣ ਅਤੇ ਪ੍ਰਾਰਥਨਾ ਰਾਹੀਂ ਗੱਲ ਕਰਨ ਦਾ ਸੱਦਾ ਦਿੱਤਾ ਹੈ। (ਯਾਕੂਬ 4:8; 1 ਯੂਹੰਨਾ 5:14, 15) ਜੇ ਅਸੀਂ ਨਿਹਚਾ ਨਾਲ ‘ਪਰਮੇਸ਼ੁਰ ਦੇ ਨਾਲ ਨਾਲ ਚੱਲਦੇ ਹਾਂ’ ਤੇ ਉਸ ਨਾਲ ਰਿਸ਼ਤਾ ਕਾਇਮ ਕਰਦੇ ਹਾਂ, ਤਾਂ ਅਸੀਂ ਉਸ ਦਾ ਨਾਂ ਰੌਸ਼ਨ ਕਰ ਕੇ ਉਸ ਦਾ ਦਿਲ ਖ਼ੁਸ਼ ਕਰਾਂਗੇ। (ਉਤਪਤ 6:9; ਕਹਾਉਤਾਂ 23:15, 16; ਯਾਕੂਬ 2:23) ਜ਼ਿੰਦਗੀ ਵਿਚ ਇਸ ਨਾਲੋਂ ਹੋਰ ਉੱਤਮ ਮਕਸਦ ਹੋ ਹੀ ਨਹੀਂ ਸਕਦਾ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ!”—ਜ਼ਬੂਰਾਂ ਦੀ ਪੋਥੀ 150:6.

ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ?

5. ਧਨ-ਦੌਲਤ ਤੇ ਭੌਤਿਕ ਚੀਜ਼ਾਂ ਪਿੱਛੇ ਭੱਜਣਾ ਸਮਝਦਾਰੀ ਦੀ ਗੱਲ ਕਿਉਂ ਨਹੀਂ?

5 ਪਰਮੇਸ਼ੁਰ ਸਾਡੇ ਤੋਂ ਇਹ ਵੀ ਚਾਹੁੰਦਾ ਹੈ ਕਿ ਅਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰੀਏ। ਇਸ ਦਾ ਮਤਲਬ ਹੈ ਕਿ ਸਾਨੂੰ ਸਰੀਰਕ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਰੂਹਾਨੀ ਲੋੜਾਂ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਪਰ ਸਾਨੂੰ ਖ਼ਿਆਲ ਰੱਖਣ ਦੀ ਲੋੜ ਹੈ ਕਿ ਰੋਜ਼ੀ-ਰੋਟੀ ਕਮਾਉਣ ਤੇ ਨਿੱਜੀ ਲੋੜਾਂ ਪੂਰੀਆਂ ਕਰਦੇ-ਕਰਦੇ ਕਿਤੇ ਅਸੀਂ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣੀ ਨਾ ਭੁੱਲ ਜਾਈਏ। (ਮੱਤੀ 4:4; 6:33) ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਸਿਰਫ਼ ਧਨ-ਦੌਲਤ ਪਿੱਛੇ ਹੀ ਦੌੜ ਰਹੇ ਹਨ। ਪਰ ਸੱਚ ਤਾਂ ਇਹ ਹੈ ਕਿ ਭੌਤਿਕ ਚੀਜ਼ਾਂ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀਆਂ। ਹਾਲ ਹੀ ਦੇ ਸਮੇਂ ਵਿਚ ਏਸ਼ੀਆ ਵਿਚ ਕੀਤੇ ਗਏ ਕਰੋੜਪਤੀਆਂ ਦੇ ਇਕ ਸਰਵੇ ਤੋਂ ਪਤਾ ਚੱਲਿਆ ਹੈ ਕਿ ਭਾਵੇਂ ਉਨ੍ਹਾਂ ਵਿੱਚੋਂ ਕਈਆਂ ਦਾ “ਸਮਾਜ ਵਿਚ ਚੰਗਾ ਰੁਤਬਾ ਹੈ ਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ, ਪਰ ਫਿਰ ਵੀ ਉਹ ਅਸੁਰੱਖਿਅਤ ਮਹਿਸੂਸ ਕਰਦੇ ਹਨ ਤੇ ਪਰੇਸ਼ਾਨ ਹਨ।”—ਉਪਦੇਸ਼ਕ ਦੀ ਪੋਥੀ 5:11.

6. ਧਨ ਇਕੱਠਾ ਕਰਨ ਬਾਰੇ ਯਿਸੂ ਨੇ ਸਾਨੂੰ ਕਿਹੜੀ ਸਲਾਹ ਦਿੱਤੀ?

6 ਯਿਸੂ ਨੇ ‘ਧਨ ਦੇ ਧੋਖੇ’ ਬਾਰੇ ਗੱਲ ਕੀਤੀ ਸੀ। (ਮਰਕੁਸ 4:19) ਧਨ ਜਾਂ ਪੈਸਾ ਸਾਨੂੰ ਧੋਖਾ ਕਿਵੇਂ ਦੇ ਸਕਦਾ ਹੈ? ਲੋਕਾਂ ਨੂੰ ਲੱਗਦਾ ਹੈ ਕਿ ਪੈਸਿਆਂ ਨਾਲ ਖ਼ੁਸ਼ੀਆਂ ਖ਼ਰੀਦੀਆਂ ਜਾ ਸਕਦੀਆਂ ਹਨ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਬੁੱਧੀਮਾਨ ਬਾਦਸ਼ਾਹ ਸੁਲੇਮਾਨ ਨੇ ਕਿਹਾ ਸੀ: “ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।” (ਉਪਦੇਸ਼ਕ ਦੀ ਪੋਥੀ 5:10) ਕੀ ਇਹ ਮੁਮਕਿਨ ਹੈ ਕਿ ਅਸੀਂ ਧਨ-ਦੌਲਤ ਦਾ ਪਿੱਛਾ ਕਰਨ ਦੇ ਨਾਲ-ਨਾਲ ਜੀ-ਜਾਨ ਨਾਲ ਪਰਮੇਸ਼ੁਰ ਦੀ ਸੇਵਾ ਵੀ ਕਰ ਸਕਦੇ ਹਾਂ? ਬਿਲਕੁਲ ਨਹੀਂ! ਯਿਸੂ ਨੇ ਸਮਝਾਇਆ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।” ਯਿਸੂ ਨੇ ਆਪਣੇ ਚੇਲਿਆਂ ਨੂੰ ਤਾਕੀਦ ਕੀਤੀ ਕਿ ਉਹ ਧਰਤੀ ਉੱਤੇ ਧਨ ਜੋੜਨ ਦੀ ਬਜਾਇ, ‘ਸੁਰਗ ਵਿੱਚ ਧਨ’ ਜੋੜਨ ਯਾਨੀ ਪਰਮੇਸ਼ੁਰ ਨਾਲ ਨੇਕਨਾਮੀ ਖੱਟਣ ਜਿਹੜਾ “ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿਨ੍ਹਾਂ ਕਿਨ੍ਹਾਂ ਵਸਤਾਂ ਦੀ ਲੋੜ ਹੈ।”—ਮੱਤੀ 6:8, 19-25.

7. ਅਸੀਂ “ਅਸਲ ਜੀਵਨ” ਨੂੰ ਕਿੱਦਾਂ ਫੜ ਸਕਦੇ ਹਾਂ?

7 ਤਿਮੋਥਿਉਸ ਨੂੰ ਖਤ ਲਿਖਦੇ ਸਮੇਂ ਪੌਲੁਸ ਰਸੂਲ ਨੇ ਇਸ ਬਾਰੇ ਸਖ਼ਤ ਤਾੜਨਾ ਦਿੱਤੀ। ਉਸ ਨੇ ਤਿਮੋਥਿਉਸ ਨੂੰ ਕਿਹਾ: ‘ਜਿਹੜੇ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ। ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣ। ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਨ ਭਈ ਓਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ।’—1 ਤਿਮੋਥਿਉਸ 6:17-19.

“ਅਸਲ ਜੀਵਨ” ਕੀ ਹੈ?

8. (ੳ) ਕਈ ਲੋਕ ਧਨ-ਦੌਲਤ ਤੇ ਉੱਚੀ ਪਦਵੀ ਹਾਸਲ ਕਿਉਂ ਕਰਨੀ ਚਾਹੁੰਦੇ ਹਨ? (ਅ) ਅਜਿਹੇ ਲੋਕ ਕਿਹੜੀ ਗੱਲ ਨਹੀਂ ਸਮਝਦੇ?

8 ਜ਼ਿਆਦਾਤਰ ਲੋਕ ਧਨ-ਦੌਲਤ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ “ਅਸਲ ਜੀਵਨ” ਸਮਝਦੇ ਹਨ। ਇਕ ਏਸ਼ੀਆਈ ਰਸਾਲੇ ਮੁਤਾਬਕ: “ਫ਼ਿਲਮਾਂ ਜਾਂ ਟੀ. ਵੀ. ਪ੍ਰੋਗ੍ਰਾਮਾਂ ਵਿਚ ਨਵੀਆਂ ਤੋਂ ਨਵੀਆਂ ਚੀਜ਼ਾਂ ਦੇਖ ਕੇ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਨੂੰ ਖ਼ਰੀਦਣ ਦੀ ਲਾਲਸਾ ਪੈਦਾ ਹੋ ਜਾਂਦੀ ਹੈ। ਉਹ ਇਨ੍ਹਾਂ ਚੀਜ਼ਾਂ ਦੇ ਸੁਪਨੇ ਦੇਖਦੇ ਰਹਿੰਦੇ ਹਨ।” ਧਨ-ਦੌਲਤ ਤੇ ਉੱਚੀ ਪਦਵੀ ਹਾਸਲ ਕਰਨੀ ਕਈਆਂ ਲੋਕਾਂ ਦੇ ਜੀਵਨ ਦਾ ਮਕਸਦ ਬਣ ਜਾਂਦਾ ਹੈ। ਕਈ ਤਾਂ ਅਜਿਹੀਆਂ ਚੀਜ਼ਾਂ ਦਾ ਪਿੱਛਾ ਕਰਦੇ ਹੋਏ ਆਪਣੀ ਜਵਾਨੀ, ਸਿਹਤ, ਪਰਿਵਾਰ ਤੇ ਪਰਮੇਸ਼ੁਰ ਦੀ ਸੇਵਾ ਦੀ ਬਲੀ ਵੀ ਚੜ੍ਹਾ ਦਿੰਦੇ ਹਨ। ਬਹੁਤ ਘੱਟ ਲੋਕ ਇਵੇਂ ਵਿਚਾਰਦੇ ਹਨ ਕਿ ਜੋ ਐਸ਼ੋ-ਆਰਾਮ ਤੇ ਮੌਜ-ਮਸਤੀ ਟੀ. ਵੀ. ਅਤੇ ਅਖ਼ਬਾਰਾਂ-ਰਸਾਲਿਆਂ ਵਗੈਰਾ ਵਿਚ ਦਿਖਾਈ ਜਾਂਦੀ ਹੈ, ਇਹ ਅਸਲ ਵਿਚ “ਜਗਤ ਦਾ ਆਤਮਾ” ਯਾਨੀ ਦੁਨੀਆਂ ਦੀ ਸੋਚ ਨੂੰ ਜ਼ਾਹਰ ਕਰਦੀ ਹੈ ਅਤੇ ਅਜਿਹੀ ਸੋਚ ਅਰਬਾਂ ਲੋਕਾਂ ਤੇ ਅਸਰ ਕਰਦੀ ਹੈ ਤੇ ਉਨ੍ਹਾਂ ਨੂੰ ਉਹ ਕੰਮ ਕਰਨ ਲਈ ਉਕਸਾਉਂਦੀ ਹੈ ਜੋ ਪਰਮੇਸ਼ੁਰ ਦੇ ਮਕਸਦ ਦੇ ਖ਼ਿਲਾਫ਼ ਹਨ। (1 ਕੁਰਿੰਥੀਆਂ 2:12; ਅਫ਼ਸੀਆਂ 2:2) ਤਾਹੀਓਂ ਅੱਜ ਦੁਨੀਆਂ ਵਿਚ ਇੰਨੇ ਲੋਕ ਉਦਾਸ ਤੇ ਨਿਰਾਸ਼ ਹਨ।—ਕਹਾਉਤਾਂ 18:11; 23:4, 5.

9. ਇਨਸਾਨ ਕਦੇ ਕੀ ਨਹੀਂ ਕਰ ਸਕਦੇ ਅਤੇ ਇਸ ਦਾ ਕਾਰਨ ਕੀ ਹੈ?

9 ਉਨ੍ਹਾਂ ਲੋਕਾਂ ਬਾਰੇ ਕੀ ਜੋ ਆਪਾ ਵਾਰ ਕੇ ਲੋਕ ਸੇਵਾ ਕਰਦੇ ਹਨ ਅਤੇ ਭੁੱਖਮਰੀ, ਬੀਮਾਰੀਆਂ ਤੇ ਬੇਇਨਸਾਫ਼ੀ ਨੂੰ ਮਿਟਾਉਣ ਲਈ ਜੱਦੋ-ਜਹਿਦ ਕਰ ਰਹੇ ਹਨ? ਅਜਿਹੇ ਲੋਕਾਂ ਦੀ ਮਿਹਨਤ ਤੇ ਵਧੀਆ ਕੰਮਾਂ ਕਾਰਨ ਕਈਆਂ ਦਾ ਭਲਾ ਹੋਇਆ ਹੈ। ਲੇਕਿਨ ਆਪਣੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ, ਉਹ ਕਦੇ ਦੁਨੀਆਂ ਨੂੰ ਸੁਧਾਰ ਕੇ ਲੋਕਾਂ ਨੂੰ ਈਮਾਨਦਾਰ ਤੇ ਧਰਮੀ ਨਹੀਂ ਬਣਾ ਸਕਦੇ। ਕਿਉਂ ਨਹੀਂ? ਕਿਉਂਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਹਾਂ, ਇਹ ਦੁਨੀਆਂ ਸ਼ਤਾਨ ਦੇ ਵੱਸ ਵਿਚ ਹੈ ਜੋ ਇਸ ਨੂੰ ਬਦਲਣ ਨਹੀਂ ਦੇਣਾ ਚਾਹੁੰਦਾ।

10. ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਅਜਿਹੇ ਜੀਵਨ ਦਾ ਆਨੰਦ ਕਦੋਂ ਮਾਣਨਗੇ ਜੋ ਪਰਮੇਸ਼ੁਰ ਉਨ੍ਹਾਂ ਲਈ ਚਾਹੁੰਦਾ ਹੈ?

10 ਇਹ ਕਿੰਨੇ ਦੁੱਖ ਦੀ ਗੱਲ ਹੋਵੇਗੀ ਜੇ ਸਾਡੇ ਕੋਲ ਇਸ ਦੁਨੀਆਂ ਵਿਚ ਜੀਣ ਤੋਂ ਸਿਵਾਇ ਹੋਰ ਕੋਈ ਉਮੀਦ ਨਾ ਹੋਵੇ! ਪੌਲੁਸ ਰਸੂਲ ਨੇ ਲਿਖਿਆ: “ਜੇ ਨਿਰੇ ਇਸੇ ਜੀਵਨ ਵਿੱਚ ਅਸਾਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਜੋਗ ਹਾਂ।” ਜੋ ਲੋਕ ਮੰਨਦੇ ਹਨ ਕਿ ਇਹੋ ਜੀਵਨ ਸਭ ਕੁਝ ਹੈ, ਉਨ੍ਹਾਂ ਦਾ ਫ਼ਲਸਫ਼ਾ ਹੈ: “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।” (1 ਕੁਰਿੰਥੀਆਂ 15:19, 32) ਪਰ ਅਸੀਂ ਚੰਗੇ ਭਵਿੱਖ ਦੀ ਆਸ ਰੱਖ ਸਕਦੇ ਹਾਂ ਕਿਉਂਕਿ “[ਪਰਮੇਸ਼ੁਰ] ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) ਉਸ ਸਮੇਂ ਅਸੀਂ ਸਵਰਗ ਵਿਚ ਜਾਂ ਪਰਮੇਸ਼ੁਰ ਦੇ ਸ਼ਾਨਦਾਰ ਰਾਜ ਅਧੀਨ ਇਸ ਧਰਤੀ ਉੱਤੇ “ਸਦੀਪਕ ਜੀਵਨ” ਦਾ ਆਨੰਦ ਮਾਣ ਸਕਾਂਗੇ।—1 ਤਿਮੋਥਿਉਸ 6:12.

11. ਪਰਮੇਸ਼ੁਰ ਦੇ ਰਾਜ ਬਾਰੇ ਹੋਰਨਾਂ ਨੂੰ ਦੱਸਣਾ ਸਭ ਤੋਂ ਵਧੀਆ ਕੰਮ ਕਿਉਂ ਹੈ?

11 ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਮਨੁੱਖਜਾਤੀ ਦੀਆਂ ਮੁਸ਼ਕਲਾਂ ਦਾ ਪੂਰੀ ਤਰ੍ਹਾਂ ਹੱਲ ਕਰ ਸਕਦਾ ਹੈ। ਸਾਡੇ ਲਈ ਇਸ ਤੋਂ ਵਧੀਆ ਹੋਰ ਕੋਈ ਕੰਮ ਨਹੀਂ ਹੋ ਸਕਦਾ ਕਿ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਹੋਰਨਾਂ ਨੂੰ ਦੱਸੀਏ। (ਯੂਹੰਨਾ 4:34) ਇਸ ਕੰਮ ਵਿਚ ਹਿੱਸਾ ਲੈਣ ਨਾਲ ਸਾਡਾ ਆਪਣੇ ਸਵਰਗੀ ਪਿਤਾ ਨਾਲ ਰਿਸ਼ਤਾ ਗੂੜ੍ਹਾ ਹੁੰਦਾ ਹੈ। ਇਸ ਦੇ ਨਾਲ-ਨਾਲ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਮਿਲ ਕੇ ਸੇਵਾ ਕਰਨ ਦਾ ਆਨੰਦ ਮਾਣਦੇ ਹਾਂ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਦਾ ਵੀ ਇਹੋ ਮਕਸਦ ਹੈ।

ਸਹੀ ਕੁਰਬਾਨੀਆਂ ਕਰੋ

12. ਹੁਣ ਦੀ ਜ਼ਿੰਦਗੀ ਦੀ ਤੁਲਨਾ ਪਰਮੇਸ਼ੁਰ ਦੇ ਰਾਜ ਅਧੀਨ ਸਦਾ ਦੇ ਜੀਵਨ ਨਾਲ ਕਰੋ।

12 ਬਾਈਬਲ ਕਹਿੰਦੀ ਹੈ ਕਿ ਇਹ ਦੁਸ਼ਟ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ। ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:15-17) ਇਸ ਦਾ ਮਤਲਬ ਹੈ ਕਿ ਜੋ ਇਨਸਾਨ ਸ਼ਤਾਨ ਦੀ ਦੁਨੀਆਂ, ਉਸ ਦੀ ਧਨ-ਦੌਲਤ ਤੇ ਸ਼ੁਹਰਤ ਤੋਂ ਦੂਰ ਰਹਿੰਦੇ ਹਨ, ਉਹ ਬਚ ਜਾਣਗੇ। ਉਹ ਇਸ ਪਲ ਭਰ ਦੇ ਧਨ, ਸ਼ੁਹਰਤ ਤੇ ਮੌਜ-ਮਸਤੀ ਵਾਲੀ ਜ਼ਿੰਦਗੀ ਦੀ ਬਜਾਇ ਪਰਮੇਸ਼ੁਰ ਦੇ ਰਾਜ ਅਧੀਨ ਸਦਾ ਦਾ ਜੀਵਨ ਪਾਉਣਗੇ। ਇਹ ਜੀਵਨ ਪਾਉਣ ਲਈ ਹੁਣ ਸਾਦੀ ਜ਼ਿੰਦਗੀ ਜੀਉਣੀ ਤੇ ਕੁਝ ਸਹੀ ਕੁਰਬਾਨੀਆਂ ਕਰਨੀਆਂ ਕੋਈ ਵੱਡੀ ਗੱਲ ਨਹੀਂ।

13. ਇਕ ਜੋੜੇ ਨੇ ਕਿਹੜੀਆਂ ਸਹੀ ਕੁਰਬਾਨੀਆਂ ਕੀਤੀਆਂ?

13 ਹੈਨਰੀ ਤੇ ਸੁਜ਼ਾਨ ਦੀ ਉਦਾਹਰਣ ਤੇ ਗੌਰ ਕਰੋ। ਇਨ੍ਹਾਂ ਦੋਵਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਆਪਣੇ ਵਾਅਦੇ ਮੁਤਾਬਕ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਆਪਣੀ ਜ਼ਿੰਦਗੀ ਵਿਚ ਉਸ ਦੇ ਰਾਜ ਨੂੰ ਪਹਿਲ ਦਿੰਦੇ ਹਨ। (ਮੱਤੀ 6:33) ਇਸ ਲਈ ਉਨ੍ਹਾਂ ਨੇ ਇਕ ਸਸਤੇ ਜਿਹੇ ਘਰ ਵਿਚ ਰਹਿਣ ਦਾ ਫ਼ੈਸਲਾ ਕੀਤਾ ਤਾਂਕਿ ਦੋਹਾਂ ਨੂੰ ਨੌਕਰੀ ਨਾ ਕਰਨੀ ਪਵੇ। ਇਸ ਤਰ੍ਹਾਂ ਕਰਨ ਨਾਲ ਉਹ ਆਪਣੀਆਂ ਦੋ ਲੜਕੀਆਂ ਦੇ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਗੁਜ਼ਾਰ ਸਕੇ। (ਇਬਰਾਨੀਆਂ 13:15, 16) ਉਨ੍ਹਾਂ ਦੀ ਇਕ ਦੋਸਤ ਉਨ੍ਹਾਂ ਦਾ ਇਹ ਫ਼ੈਸਲਾ ਸਮਝ ਨਾ ਸਕੀ। ਉਸ ਨੇ ਕਿਹਾ: “ਸੁਜ਼ਾਨ ਜੇ ਤੁਸੀਂ ਸੋਹਣੇ ਘਰ ਵਿਚ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਤਾਂ ਕੁਰਬਾਨੀਆਂ ਕਰਨੀਆਂ ਪੈਣਗੀਆਂ।” ਪਰ ਹੈਨਰੀ ਤੇ ਸੁਜ਼ਾਨ ਜਾਣਦੇ ਸਨ ਕਿ ਜੇ ਉਹ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ, ਤਾਂ ਯਹੋਵਾਹ ਉਨ੍ਹਾਂ ਨੂੰ ‘ਹੁਣ ਦੇ ਅਤੇ ਆਉਣ ਵਾਲੇ ਜੀਵਨ ਦੇ ਵਾਇਦੇ’ ਅਨੁਸਾਰ ਬਰਕਤਾਂ ਦੇਵੇਗਾ। (1 ਤਿਮੋਥਿਉਸ 4:8; ਤੀਤੁਸ 2:12) ਉਨ੍ਹਾਂ ਦੀਆਂ ਲੜਕੀਆਂ ਵੱਡੀਆਂ ਹੋ ਕੇ ਜੋਸ਼ੀਲੀਆਂ ਪਾਇਨੀਅਰ ਬਣੀਆਂ। ਉਨ੍ਹਾਂ ਨੇ ਕਦੇ ਇਕ ਪਰਿਵਾਰ ਵਜੋਂ ਕਿਸੇ ਗੱਲ ਦੀ ਕਮੀ ਮਹਿਸੂਸ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਅਧੀਨ ਸਦਾ ਦਾ ਜੀਵਨ ਪਾਉਣ ਦੀ ਆਪਣੀ ਉਮੀਦ ਪੱਕੀ ਰੱਖ ਕੇ ਬਹੁਤ ਸਾਰੀਆਂ ਬਰਕਤਾਂ ਪਾਈਆਂ ਹਨ।—ਫ਼ਿਲਿੱਪੀਆਂ 3:8; 1 ਤਿਮੋਥਿਉਸ 6:6-8.

‘ਸੰਸਾਰ ਨੂੰ ਹੱਦੋਂ ਵਧਕੇ’ ਨਾ ਵਰਤੋ

14. ਜ਼ਿੰਦਗੀ ਦਾ ਅਸਲੀ ਮਕਸਦ ਭੁੱਲ ਜਾਣ ਦੇ ਕਿਹੜੇ ਬੁਰੇ ਨਤੀਜੇ ਨਿਕਲ ਸਕਦੇ ਹਨ?

14 ਜੇ ਅਸੀਂ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਭੁੱਲ ਜਾਈਏ ਤੇ ਪਰਮੇਸ਼ੁਰ ਦੇ ਰਾਜ ਅਧੀਨ ਸਦਾ ਦਾ ਜੀਵਨ ਪਾਉਣ ਦੀ ਆਪਣੀ ਉਮੀਦ ਨੂੰ ਧੁੰਦਲਾ ਹੋਣ ਦੇਈਏ, ਤਾਂ ਅਸੀਂ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਸਕਦੇ ਹਾਂ। ਅਸੀਂ “ਜੀਉਣ ਦੀਆਂ ਚਿੰਤਾ ਅਰ ਮਾਯਾ ਅਤੇ ਭੋਗ ਬਿਲਾਸ” ਦੇ ਕਾਰਨ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਸਕਦੇ ਹਾਂ। (ਲੂਕਾ 8:14) ਧਨ-ਦੌਲਤ ਦੀ ਲਾਲਸਾ ਤੇ “ਦੁਨਿਆਵੀ ਚੀਜ਼ਾਂ ਬਾਰੇ ਚਿੰਤਾ” ਸਾਨੂੰ ਇਸ ਦੁਸ਼ਟ ਦੁਨੀਆਂ ਵਿਚ ਹੱਦੋਂ ਵਧ ਸਮਾਂ ਗੁਜ਼ਾਰਨ ਲਈ ਮਜਬੂਰ ਕਰ ਸਕਦੀ ਹੈ। (ਲੂਕਾ 21:34, ਈਜ਼ੀ ਟੂ ਰੀਡ ਵਰਯਨ) ਅਫ਼ਸੋਸ ਦੀ ਗੱਲ ਹੈ ਕਿ ਅਨੇਕ ਭੈਣ-ਭਰਾ ਮਾਇਆ ਦੇ ਜਾਲ ਵਿਚ ਫਸ ਕੇ “ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।” ਪਰਮੇਸ਼ੁਰ ਨਾਲੋਂ ਉਨ੍ਹਾਂ ਦਾ ਰਿਸ਼ਤਾ ਵੀ ਟੁੱਟ ਗਿਆ ਹੈ। ‘ਸਦੀਪਕ ਜੀਵਨ ਨੂੰ ਫੜੀ ਨਾ ਰੱਖਣ’ ਦੀ ਕਿੰਨੀ ਵੱਡੀ ਕੀਮਤ!—1 ਤਿਮੋਥਿਉਸ 6:9, 10, 12; ਕਹਾਉਤਾਂ 28:20.

15. ‘ਸੰਸਾਰ ਨੂੰ ਹੱਦੋਂ ਵਧਕੇ ਨਾ ਵਰਤਣ’ ਨਾਲ ਇਕ ਪਰਿਵਾਰ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

15 ਪੌਲੁਸ ਨੇ ਸਲਾਹ ਦਿੱਤੀ ਕਿ ‘ਸੰਸਾਰ ਨੂੰ ਵਰਤਣ ਵਾਲਿਆਂ’ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ‘ਹੱਦੋਂ ਵਧਕੇ ਨਾ ਵਰਤਣ।’ (1 ਕੁਰਿੰਥੀਆਂ 7:31) ਕੀਥ ਤੇ ਬੌਨੀ ਨੇ ਇਹ ਸਲਾਹ ਲਾਗੂ ਕੀਤੀ। ਕੀਥ ਦੱਸਦਾ ਹੈ: “ਮੇਰੀ ਦੰਦਸਾਜ਼ੀ ਦੀ ਪੜ੍ਹਾਈ ਪੂਰੀ ਹੋਣ ਹੀ ਵਾਲੀ ਸੀ ਜਦ ਮੈਂ ਯਹੋਵਾਹ ਦਾ ਗਵਾਹ ਬਣ ਗਿਆ। ਹੁਣ ਮੈਨੂੰ ਫ਼ੈਸਲਾ ਕਰਨ ਦੀ ਲੋੜ ਸੀ। ਮੈਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਕਰ ਕੇ ਜ਼ਿਆਦਾ ਪੈਸਾ ਕਮਾ ਸਕਦਾ ਸੀ, ਪਰ ਇਸ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਮੈਂ ਜ਼ਿਆਦਾ ਕੁਝ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਥੋੜ੍ਹੇ ਮਰੀਜ਼ਾਂ ਦਾ ਇਲਾਜ ਕਰਨ ਦੀ ਸੋਚੀ ਤਾਂਕਿ ਮੈਂ ਆਪਣੀ ਪਤਨੀ ਤੇ ਪੰਜ ਲੜਕੀਆਂ ਦੀਆਂ ਰੂਹਾਨੀ ਤੇ ਭਾਵਾਤਮਕ ਲੋੜਾਂ ਚੰਗੀ ਤਰ੍ਹਾਂ ਪੂਰੀਆਂ ਕਰ ਸਕਾਂ। ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਸਨ, ਇਸ ਲਈ ਅਸੀਂ ਥੋੜ੍ਹੇ ਵਿਚ ਗੁਜ਼ਾਰਾ ਕਰਨਾ ਸਿੱਖਿਆ ਅਤੇ ਅਸੀਂ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਕੀਤੀ। ਸਾਡਾ ਪਰਿਵਾਰ ਸੁਖੀ ਤੇ ਖ਼ੁਸ਼ ਸੀ। ਫਿਰ ਅਸੀਂ ਸਾਰੇ ਪਾਇਨੀਅਰੀ ਕਰਨ ਲੱਗ ਪਏ। ਹੁਣ ਸਾਡੀਆਂ ਲੜਕੀਆਂ ਨੇ ਆਪੋ ਆਪਣੇ ਘਰ ਵਸਾ ਲਏ ਹਨ ਅਤੇ ਉਨ੍ਹਾਂ ਵਿੱਚੋਂ ਤਿੰਨਾਂ ਦੇ ਬੱਚੇ ਵੀ ਹਨ। ਅੱਗੇ ਉਨ੍ਹਾਂ ਦੇ ਪਰਿਵਾਰ ਵੀ ਸੁਖੀ ਹਨ ਕਿਉਂਕਿ ਉਹ ਜ਼ਿੰਦਗੀ ਵਿਚ ਯਹੋਵਾਹ ਦੇ ਮਕਸਦ ਨੂੰ ਪਹਿਲ ਦੇ ਰਹੇ ਹਨ।”

ਪਰਮੇਸ਼ੁਰ ਦੇ ਮਕਸਦ ਨੂੰ ਪਹਿਲ ਦਿਓ

16, 17. ਬਾਈਬਲ ਵਿਚ ਕਿਨ੍ਹਾਂ ਗੁਣਵਾਨ ਵਿਅਕਤੀਆਂ ਦੀਆਂ ਮਿਸਾਲਾਂ ਹਨ ਤੇ ਇਨ੍ਹਾਂ ਨੂੰ ਕਿਵੇਂ ਯਾਦ ਕੀਤਾ ਜਾਂਦਾ ਹੈ?

16 ਬਾਈਬਲ ਵਿਚ ਕਈ ਲੋਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਪਰਮੇਸ਼ੁਰ ਦੇ ਮਕਸਦ ਮੁਤਾਬਕ ਆਪਣੀ ਜ਼ਿੰਦਗੀ ਬਿਤਾਈ ਅਤੇ ਕੁਝ ਸਿਰਫ਼ ਆਪਣੇ ਲਈ ਜੀ ਰਹੇ ਸਨ। ਸੰਸਾਰ ਭਰ ਵਿਚ ਰਹਿੰਦੇ ਹਰ ਕੌਮ ਦੇ ਤੇ ਹਰ ਉਮਰ ਦੇ ਲੋਕ ਆਪਣੇ ਹਾਲਾਤਾਂ ਦੇ ਬਾਵਜੂਦ ਇਨ੍ਹਾਂ ਮਿਸਾਲਾਂ ਤੋਂ ਸਬਕ ਸਿੱਖ ਸਕਦੇ ਹਨ। (ਰੋਮੀਆਂ 15:4; 1 ਕੁਰਿੰਥੀਆਂ 10:6, 11) ਨਿਮਰੋਦ ਦੀ ਮਿਸਾਲ ਲਓ। ਉਸ ਨੇ ਵੱਡੇ-ਵੱਡੇ ਸ਼ਹਿਰ ਬਣਾਏ ਸਨ, ਪਰ ਇਸ ਤਰ੍ਹਾਂ ਕਰ ਕੇ ਉਸ ਨੇ ਯਹੋਵਾਹ ਪਰਮੇਸ਼ੁਰ ਦਾ ਵਿਰੋਧ ਕੀਤਾ। (ਉਤਪਤ 10:8-12) ਲੇਕਿਨ ਕਈਆਂ ਨੇ ਬਹੁਤ ਹੀ ਵਧੀਆ ਮਿਸਾਲਾਂ ਕਾਇਮ ਕੀਤੀਆਂ। ਉਦਾਹਰਣ ਲਈ, ਮੂਸਾ ਨੇ ਮਿਸਰ ਵਿਚ ਆਪਣੀ ਉੱਚੀ ਪਦਵੀ ਤੇ ਰੁਤਬੇ ਨੂੰ ਫੜੀ ਰੱਖਣਾ ਆਪਣੀ ਜ਼ਿੰਦਗੀ ਦਾ ਮਕਸਦ ਨਹੀਂ ਸਮਝਿਆ। ਇਸ ਦੀ ਬਜਾਇ ਉਸ ਨੇ ਪਰਮੇਸ਼ੁਰ ਵੱਲੋਂ ਦਿੱਤੀ ਆਪਣੀ ਜ਼ਿੰਮੇਵਾਰੀ ਨੂੰ “ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ” ਸਮਝਿਆ। (ਇਬਰਾਨੀਆਂ 11:26) ਇਕ ਡਾਕਟਰ ਹੋਣ ਦੇ ਨਾਤੇ ਸੰਭਵ ਹੈ ਕਿ ਲੂਕਾ ਨੇ ਪੌਲੁਸ ਰਸੂਲ ਤੇ ਹੋਰਨਾਂ ਭੈਣਾਂ-ਭਰਾਵਾਂ ਦੇ ਬੀਮਾਰ ਹੋਣ ਤੇ ਉਨ੍ਹਾਂ ਦੀ ਮਦਦ ਕੀਤੀ ਹੋਵੇਗੀ। ਪਰ ਪ੍ਰਚਾਰ ਦਾ ਕੰਮ ਕਰ ਕੇ ਅਤੇ ਬਾਈਬਲ ਲਿਖ ਕੇ ਉਸ ਨੇ ਸਭ ਤੋਂ ਨੇਕ ਕੰਮ ਕੀਤਾ। ਪੌਲੁਸ ਰਸੂਲ ਨੂੰ ਯਹੂਦੀ ਵਿਵਸਥਾ ਦੇ ਇਕ ਮਾਹਰ ਵਜੋਂ ਨਹੀਂ ਜਾਣਿਆ ਜਾਂਦਾ, ਸਗੋਂ ਉਸ ਦੀ ਪਛਾਣ ਇਕ ਮਿਸ਼ਨਰੀ ਤੇ ‘ਪਰਾਈਆਂ ਕੌਮਾਂ ਦੇ ਰਸੂਲ’ ਵਜੋਂ ਕੀਤੀ ਜਾਂਦੀ ਹੈ।—ਰੋਮੀਆਂ 11:13.

17 ਦਾਊਦ ਨੂੰ ਮੁੱਖ ਤੌਰ ਤੇ ਸੈਨਾਪਤੀ ਜਾਂ ਇਕ ਸੰਗੀਤਕਾਰ ਅਤੇ ਕਵੀ ਵਜੋਂ ਨਹੀਂ ਯਾਦ ਕੀਤਾ ਜਾਂਦਾ, ਸਗੋਂ ਇਸ ਲਈ ਯਾਦ ਕੀਤਾ ਜਾਂਦਾ ਹੈ ਕਿ ਉਹ ਪਰਮੇਸ਼ੁਰ ਦਾ ‘ਮਨ ਪਸੰਦ ਆਦਮੀ ਸੀ।’ (1 ਸਮੂਏਲ 13:14, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਸੀਂ ਦਾਨੀਏਲ ਦੀ ਪਛਾਣ ਬਾਬਲ ਦੇ ਇਕ ਸਰਕਾਰੀ ਅਫ਼ਸਰ ਵਜੋਂ ਨਹੀਂ ਕਰਦੇ, ਸਗੋਂ ਯਹੋਵਾਹ ਪਰਮੇਸ਼ੁਰ ਦੇ ਵਫ਼ਾਦਾਰ ਨਬੀ ਵਜੋਂ ਕਰਦੇ ਹਾਂ। ਅਸਤਰ ਨੂੰ ਫ਼ਾਰਸ ਦੀ ਰਾਣੀ ਵਜੋਂ ਨਹੀਂ ਯਾਦ ਕੀਤਾ ਜਾਂਦਾ, ਸਗੋਂ ਹਿੰਮਤ ਤੇ ਨਿਹਚਾ ਦੀ ਇਕ ਵਧੀਆ ਮਿਸਾਲ ਵਜੋਂ ਯਾਦ ਕੀਤਾ ਜਾਂਦਾ ਹੈ। ਅਸੀਂ ਪਤਰਸ, ਅੰਦ੍ਰਿਯਾਸ, ਯਾਕੂਬ ਤੇ ਯੂਹੰਨਾ ਨੂੰ ਕਾਮਯਾਬ ਮਛਿਆਰਿਆਂ ਵਜੋਂ ਨਹੀਂ ਚੇਤੇ ਕਰਦੇ, ਸਗੋਂ ਯਿਸੂ ਦੇ ਰਸੂਲਾਂ ਵਜੋਂ ਕਰਦੇ ਹਾਂ। ਅਤੇ ਸਭ ਤੋਂ ਉੱਤਮ ਮਿਸਾਲ ਯਿਸੂ ਦੀ ਹੈ ਜਿਸ ਨੂੰ ਅਸੀਂ “ਤਰਖਾਣ” ਵਜੋਂ ਨਹੀਂ, ਸਗੋਂ “ਮਸੀਹ” ਵਜੋਂ ਜਾਣਦੇ ਹਾਂ। (ਮਰਕੁਸ 6:3; ਮੱਤੀ 16:16) ਇਹ ਸਭ ਵਿਅਕਤੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਨ੍ਹਾਂ ਦੇ ਜੋ ਮਰਜ਼ੀ ਹੁਨਰ, ਗੁਣ ਜਾਂ ਰੁਤਬੇ ਸਨ, ਉਨ੍ਹਾਂ ਦੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਗੱਲ ਉਨ੍ਹਾਂ ਦਾ ਪੇਸ਼ਾ ਨਹੀਂ ਸੀ, ਸਗੋਂ ਪਰਮੇਸ਼ੁਰ ਦੀ ਸੇਵਾ ਸੀ। ਉਹ ਜਾਣਦੇ ਸਨ ਕਿ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਬਣਨਾ ਹੀ ਸਭ ਤੋਂ ਵਧੀਆ ਮਕਸਦ ਸੀ।

18. ਇਕ ਭਰਾ ਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਿਤਾਉਣ ਦਾ ਫ਼ੈਸਲਾ ਕੀਤਾ ਤੇ ਉਸ ਨੂੰ ਕਿਸ ਗੱਲ ਦਾ ਅਹਿਸਾਸ ਹੋਇਆ?

18 ਸੁੰਗ ਜਿਨ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ। ਉਹ ਦੱਸਦਾ ਹੈ: “ਮੈਂ ਡਾਕਟਰੀ ਕਰਨ, ਚਿੱਤਰਕਾਰ ਜਾਂ ਅਧਿਆਪਕ ਬਣਨ ਲਈ ਖ਼ੂਨ-ਪਸੀਨਾ ਇਕ ਕਰਨ ਦੀ ਬਜਾਇ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਸੇਵਾ ਵਿਚ ਲਗਾਉਣ ਦਾ ਫ਼ੈਸਲਾ ਕੀਤਾ। ਮੈਂ ਹੁਣ ਉਸ ਜਗ੍ਹਾ ਸੇਵਾ ਕਰ ਰਿਹਾ ਹਾਂ ਜਿੱਥੇ ਬਾਈਬਲ ਦਾ ਸੰਦੇਸ਼ ਸੁਣਾਉਣ ਵਾਲਿਆਂ ਦੀ ਜ਼ਿਆਦਾ ਲੋੜ ਹੈ। ਇਸ ਤਰ੍ਹਾਂ ਮੈਂ ਲੋਕਾਂ ਦੀ ਸਦਾ ਦੀ ਜ਼ਿੰਦਗੀ ਦੇ ਰਾਹ ਉੱਤੇ ਚੱਲਣ ਵਿਚ ਮਦਦ ਕਰ ਰਿਹਾ ਹਾਂ। ਮੈਂ ਸੋਚਦਾ ਹੁੰਦਾ ਸੀ ਕਿ ਪਾਇਨੀਅਰੀ ਕਰਨੀ ਇੰਨਾ ਔਖਾ ਕੰਮ ਨਹੀਂ ਹੋ ਸਕਦਾ। ਪਰ ਇਹ ਔਖਾ ਕੰਮ ਕਰ ਕੇ ਮੈਨੂੰ ਜ਼ਿੰਦਗੀ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਾ ਆ ਰਿਹਾ ਹੈ, ਜਿਉਂ-ਜਿਉਂ ਮੈਂ ਆਪਣਾ ਸੁਭਾਅ ਸੁਧਾਰਨ ਅਤੇ ਵੱਖੋ-ਵੱਖਰੇ ਸਭਿਆਚਾਰਾਂ ਦੇ ਲੋਕਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਦੇਖਿਆ ਹੈ ਕਿ ਜੇ ਅਸੀਂ ਯਹੋਵਾਹ ਪਰਮੇਸ਼ੁਰ ਦੇ ਮਕਸਦ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਈਏ, ਤਾਂ ਅਸੀਂ ਸੱਚ-ਮੁੱਚ ਸੁਖੀ ਜੀਵਨ ਜੀ ਸਕਦੇ ਹਾਂ।”

19. ਅਸੀਂ ਮਕਸਦ ਭਰੀ ਜ਼ਿੰਦਗੀ ਦਾ ਆਨੰਦ ਕਿੱਦਾਂ ਮਾਣ ਸਕਦੇ ਹਾਂ?

19 ਸਾਡੇ ਲਈ ਇਹ ਕਿੰਨਾ ਵੱਡਾ ਸਨਮਾਨ ਹੈ ਕਿ ਸਾਨੂੰ ਅਜਿਹਾ ਗਿਆਨ ਮਿਲਿਆ ਹੈ ਜਿਸ ਦੀ ਮਦਦ ਨਾਲ ਅਸੀਂ ਸਦਾ ਦਾ ਜੀਵਨ ਤੇ ਮੁਕਤੀ ਪਾ ਸਕਦੇ ਹਾਂ। (ਯੂਹੰਨਾ 17:3) ਤਾਂ ਫਿਰ, ਆਓ ਆਪਾਂ “ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ” ਸਮਝੀਏ। (2 ਕੁਰਿੰਥੀਆਂ 6:1) ਇਸ ਦੀ ਬਜਾਇ, ਆਓ ਆਪਾਂ ਆਪਣੀ ਜ਼ਿੰਦਗੀ ਦੇ ਹਰ ਦਿਨ ਨੂੰ ਯਹੋਵਾਹ ਦੀ ਵਡਿਆਈ ਕਰਨ ਵਿਚ ਲਾਈਏ। ਆਓ ਆਪਾਂ ਸਾਰੇ ਲੋਕਾਂ ਤਕ ਪਰਮੇਸ਼ੁਰ ਦਾ ਗਿਆਨ ਪਹੁੰਚਾਈਏ ਜਿਸ ਤੋਂ ਨਾ ਸਿਰਫ਼ ਹੁਣ ਅਸਲੀ ਖ਼ੁਸ਼ੀ ਮਿਲਦੀ ਹੈ, ਸਗੋਂ ਭਵਿੱਖ ਵਿਚ ਸਦਾ ਦਾ ਜੀਵਨ ਵੀ ਮਿਲੇਗਾ। ਇਸ ਤਰ੍ਹਾਂ ਕਰਨ ਨਾਲ ਅਸੀਂ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਹਕੀਕਤ ਨੂੰ ਅਨੁਭਵ ਕਰਾਂਗੇ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਜੀ ਹਾਂ, ਅਸੀਂ ਸੱਚ-ਮੁੱਚ ਮਕਸਦ ਭਰੀ ਜ਼ਿੰਦਗੀ ਦਾ ਆਨੰਦ ਮਾਣਾਂਗੇ।

[ਫੁਟਨੋਟ]

^ ਪੈਰਾ 1 ਕੁਝ ਨਾਂ ਬਦਲੇ ਗਏ ਹਨ।

ਕੀ ਤੁਸੀਂ ਸਮਝਾ ਸਕਦੇ ਹੋ?

• ਜ਼ਿੰਦਗੀ ਦਾ ਸਭ ਤੋਂ ਉੱਤਮ ਮਕਸਦ ਕੀ ਹੈ?

• ਧਨ-ਦੌਲਤ ਤੇ ਭੌਤਿਕ ਚੀਜ਼ਾਂ ਪਿੱਛੇ ਭੱਜਣਾ ਸਮਝਦਾਰੀ ਦੀ ਗੱਲ ਕਿਉਂ ਨਹੀਂ?

• “ਅਸਲ ਜੀਵਨ” ਕੀ ਹੈ ਜਿਸ ਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ?

• ਅਸੀਂ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਵਿਚ ਆਪਣੀ ਜ਼ਿੰਦਗੀ ਕਿਵੇਂ ਲਾ ਸਕਦੇ ਹਾਂ?

[ਸਵਾਲ]

[ਸਫ਼ਾ 18 ਉੱਤੇ ਤਸਵੀਰਾਂ]

ਸਾਨੂੰ ਜ਼ਿੰਦਗੀ ਵਿਚ ਸਹੀ ਕੁਰਬਾਨੀਆਂ ਕਰਨ ਦੀ ਲੋੜ ਹੈ