ਜੀਓ, ਤਾਂ ਪਰਮੇਸ਼ੁਰ ਦੇ ਮਕਸਦ ਲਈ ਜੀਓ
ਜੀਓ, ਤਾਂ ਪਰਮੇਸ਼ੁਰ ਦੇ ਮਕਸਦ ਲਈ ਜੀਓ
‘ਮਸੀਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਾ ਜੀਉਣ।’—2 ਕੁਰਿੰਥੀਆਂ 5:15.
1. ਇਕ ਮਿਸ਼ਨਰੀ ਭਰਾ ਦੇ ਅਨੁਭਵ ਬਾਰੇ ਦੱਸੋ।
ਏਰਨ ਨਾਂ ਦਾ ਮਿਸ਼ਨਰੀ ਭਰਾ ਯਾਦ ਕਰ ਕੇ ਦੱਸਦਾ ਹੈ: “ਸਾਡੀ ਕਾਰ ਪਹਿਲੀ ਗ਼ੈਰ-ਫ਼ੌਜੀ ਗੱਡੀ ਸੀ ਜੋ ਘਰੇਲੂ ਯੁੱਧ ਖ਼ਤਮ ਹੋਣ ਤੋਂ ਬਾਅਦ ਅਫ਼ਰੀਕਾ ਦੇ ਉਸ ਪਿੰਡ ਵਿਚ ਦਾਖ਼ਲ ਹੋਈ ਜਿੱਥੇ ਭਰਾਵਾਂ ਨੂੰ ਮਦਦ ਦੀ ਲੋੜ ਸੀ। * ਯੁੱਧ ਦੌਰਾਨ ਅਸੀਂ ਉੱਥੇ ਦੀ ਕਲੀਸਿਯਾ ਨਾਲ ਸੰਪਰਕ ਨਾ ਕਰ ਸਕੇ ਜਿਸ ਕਰਕੇ ਸਾਨੂੰ ਉੱਥੇ ਜਾਣਾ ਪਿਆ ਤਾਂਕਿ ਅਸੀਂ ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰ ਸਕੀਏ। ਅਸੀਂ ਖਾਣ-ਪੀਣ ਦਾ ਸਮਾਨ, ਕੱਪੜੇ ਅਤੇ ਬਾਈਬਲ ਤੇ ਆਧਾਰਿਤ ਸਾਹਿੱਤ ਦੇ ਨਾਲ-ਨਾਲ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਨਾਂ ਦਾ ਵਿਡਿਓ ਵੀ ਲਿਆਏ ਸੀ। * ਪਿੰਡ ਦੇ ‘ਸਿਨਮੇ’ (ਘਾਹ-ਫੂਸ ਦੀ ਬਣੀ ਵੱਡੀ ਸਾਰੀ ਝੌਂਪੜੀ ਜਿਸ ਵਿਚ ਵੀ. ਸੀ. ਆਰ. ਤੇ ਟੀ. ਵੀ. ਰੱਖੇ ਸਨ) ਵਿਚ ਇੰਨੇ ਲੋਕ ਇਕੱਠੇ ਹੋ ਗਏ ਸਨ ਕਿ ਸਾਨੂੰ ਦੋ ਵਾਰ ਵਿਡਿਓ ਦਿਖਾਉਣਾ ਪਿਆ। ਹਰ ਸ਼ੋਅ ਤੋਂ ਬਾਅਦ ਅਨੇਕ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਗਈਆਂ। ਸੱਚ-ਮੁੱਚ ਸਾਨੂੰ ਸਾਡੀ ਸੇਵਾ ਦਾ ਮੇਵਾ ਮਿਲਿਆ।”
2. (ੳ) ਅਸੀਂ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਸੇਵਾ ਵਿਚ ਲਗਾਉਣ ਦਾ ਫ਼ੈਸਲਾ ਕਿਉਂ ਕਰਦੇ ਹਾਂ? (ਅ) ਹੁਣ ਅਸੀਂ ਕਿਨ੍ਹਾਂ ਸਵਾਲਾਂ ਉੱਤੇ ਚਰਚਾ ਕਰਾਂਗੇ?
2 ਏਰਨ ਤੇ ਉਸ ਦੇ ਸਾਥੀਆਂ ਨੇ ਇਹ ਮੁਸ਼ਕਲ ਕੰਮ ਕਰਨ ਦਾ ਜ਼ਿੰਮਾ ਕਿਉਂ ਲਿਆ? ਕਿਉਂਕਿ ਉਨ੍ਹਾਂ ਨੇ ਯਿਸੂ ਮਸੀਹ ਦੀ ਕੁਰਬਾਨੀ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਲਈ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਿਤ ਕੀਤੀ ਹੈ ਤੇ ਉਹ ਉਸ ਦੇ ਮਕਸਦ ਅਨੁਸਾਰ ਜੀਣਾ ਚਾਹੁੰਦੇ ਹਨ। ਉਨ੍ਹਾਂ ਵਾਂਗ ਅਸੀਂ ਮਸੀਹੀ ਹੋਣ ਦੇ ਨਾਤੇ ਫ਼ੈਸਲਾ ਕਰਦੇ ਹਾਂ ਕਿ ਅਸੀਂ “ਅਗਾਹਾਂ ਨੂੰ ਆਪਣੇ ਲਈ ਨਹੀਂ” ਜੀਉਣਾ, ਸਗੋਂ “ਇੰਜੀਲ ਦੇ ਨਮਿੱਤ” ਸਭ ਕੁਝ ਕਰਨ ਦੀ ਕੋਸ਼ਿਸ਼ ਕਰਨੀ ਹੈ। (2 ਕੁਰਿੰਥੀਆਂ 5:15; 1 ਕੁਰਿੰਥੀਆਂ 9:23) ਉਹ ਜਾਣਦੇ ਹਨ ਕਿ ਜਦ ਇਸ ਦੁਨੀਆਂ ਦਾ ਨਾਸ਼ ਹੋਵੇਗਾ, ਤਾਂ ਦੁਨੀਆਂ ਦੀ ਧਨ-ਦੌਲਤ ਤੇ ਸ਼ੁਹਰਤ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਵੇਗੀ। ਇਸ ਲਈ ਜਦ ਤਕ ਉਹ ਜ਼ਿੰਦਾ ਤੇ ਸਿਹਤਮੰਦ ਹਨ, ਉਹ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਨ। (ਉਪਦੇਸ਼ਕ ਦੀ ਪੋਥੀ 12:1) ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ? ਇਸ ਤਰ੍ਹਾਂ ਕਰਨ ਲਈ ਸਾਨੂੰ ਹਿੰਮਤ ਤੇ ਤਾਕਤ ਕਿੱਥੋਂ ਮਿਲ ਸਕਦੀ ਹੈ? ਅਸੀਂ ਯਹੋਵਾਹ ਦੀ ਕਿਨ੍ਹਾਂ ਵੱਖ-ਵੱਖ ਤਰੀਕਿਆਂ ਨਾਲ ਸੇਵਾ ਕਰ ਸਕਦੇ ਹਾਂ?
ਤਰੱਕੀ ਕਰਦੇ ਰਹੋ
3. ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਕਿਹੜੇ ਬੁਨਿਆਦੀ ਕਦਮ ਚੁੱਕਣੇ ਸ਼ਾਮਲ ਹਨ?
3 ਅਸੀਂ ਉਮਰ ਭਰ ਲਈ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਾਂ। ਸ਼ੁਰੂ-ਸ਼ੁਰੂ ਵਿਚ ਅਸੀਂ ਕਿਹੜੇ ਬੁਨਿਆਦੀ ਕਦਮ ਚੁੱਕੇ ਸਨ? ਅਸੀਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਸਿਖਲਾਈ ਲੈਣ ਲਈ ਆਪਣਾ ਨਾਂ ਦਰਜ ਕਰਵਾਇਆ, ਰੋਜ਼ ਬਾਈਬਲ ਪੜ੍ਹਨੀ ਸ਼ੁਰੂ ਕੀਤੀ, ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲੱਗੇ ਤੇ ਬਪਤਿਸਮਾ ਲਿਆ। ਤਰੱਕੀ ਕਰਦੇ ਹੋਏ ਅਸੀਂ ਪੌਲੁਸ ਰਸੂਲ ਦੇ ਇਹ ਸ਼ਬਦ ਯਾਦ ਰੱਖਦੇ ਹਾਂ: ‘ਇਨ੍ਹਾਂ ਗੱਲਾਂ ਦਾ ਉੱਦਮ ਕਰੋ। ਇਨ੍ਹਾਂ ਵਿੱਚ ਲੱਗੇ ਰਹੋ ਭਈ ਤੁਹਾਡੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।’ (1 ਤਿਮੋਥਿਉਸ 4:15) ਅਸੀਂ ਆਪਣੀ ਵਡਿਆਈ ਕਰਵਾਉਣ ਲਈ ਇਹ ਤਰੱਕੀ ਨਹੀਂ ਕਰਦੇ, ਸਗੋਂ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੇ ਆਪਣੇ ਪੱਕੇ ਇਰਾਦੇ ਨੂੰ ਜ਼ਾਹਰ ਕਰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਨਿਰਦੇਸ਼ਨ ਵਿਚ ਚੱਲਣਾ ਚਾਹੁੰਦੇ ਹਾਂ। ਸਾਡੇ ਨਾਲੋਂ ਬਿਹਤਰ ਉਹੀ ਜਾਣਦਾ ਹੈ ਕਿ ਸਹੀ ਰਾਹ ਕਿਹੜਾ ਹੈ।—ਜ਼ਬੂਰਾਂ ਦੀ ਪੋਥੀ 32:8.
4. ਬੇਵਜ੍ਹਾ ਚਿੰਤਾ ਕਰਨ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?
4 ਜੇ ਅਸੀਂ ਕੋਈ ਕਦਮ ਚੁੱਕਣ ਤੋਂ ਝਿਜਕਦੇ ਰਹੇ ਜਾਂ ਆਪਣੇ ਬਾਰੇ ਹੱਦੋਂ ਵੱਧ ਚਿੰਤਾ ਕਰਦੇ ਰਹੇ, ਤਾਂ ਪਰਮੇਸ਼ੁਰ ਦੀ ਸੇਵਾ ਵਿਚ ਅਸੀਂ ਤਰੱਕੀ ਨਹੀਂ ਕਰ ਪਾਵਾਂਗੇ। (ਉਪਦੇਸ਼ਕ ਦੀ ਪੋਥੀ 11:4) ਤਾਂ ਫਿਰ, ਜੇ ਅਸੀਂ ਪਰਮੇਸ਼ੁਰ ਦੀ ਸੇਵਾ ਤੇ ਦੂਸਰਿਆਂ ਦਾ ਭਲਾ ਕਰਨ ਵਿਚ ਸੱਚੀ ਖ਼ੁਸ਼ੀ ਪਾਉਣੀ ਚਾਹੁੰਦੇ ਹਾਂ, ਤਾਂ ਪਹਿਲਾਂ ਸਾਨੂੰ ਆਪਣੀਆਂ ਪਰੇਸ਼ਾਨੀਆਂ ਜਾਂ ਚਿੰਤਾਵਾਂ ਤੇ ਕਾਬੂ ਪਾਉਣ ਦੀ ਲੋੜ ਹੈ। ਮਿਸਾਲ ਲਈ, ਏਰਿਕ ਨਾਂ ਦਾ ਭਰਾ ਕਿਸੇ ਹੋਰ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ ਕਰਨ ਬਾਰੇ ਸੋਚ ਰਿਹਾ ਸੀ। ਪਰ ਉਸ ਨੂੰ ਚਿੰਤਾ ਸੀ: ‘ਕੀ ਮੈਂ ਉਨ੍ਹਾਂ ਵਿਚ ਘੁਲ-ਮਿਲ ਸਕਾਂਗਾ? ਕੀ ਮੇਰੀ ਭਰਾਵਾਂ ਨਾਲ ਬਣੇਗੀ? ਕੀ ਉਹ ਮੈਨੂੰ ਪਸੰਦ ਕਰਨਗੇ?’ ਏਰਿਕ ਦੱਸਦਾ ਹੈ: “ਆਖ਼ਰਕਾਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ ਬਾਰੇ ਨਹੀਂ ਸਗੋਂ ਭੈਣਾਂ-ਭਰਾਵਾਂ ਬਾਰੇ ਜ਼ਿਆਦਾ ਸੋਚਣ ਦੀ ਲੋੜ ਸੀ। ਫਿਰ ਮੈਂ ਚਿੰਤਾ ਕਰਨ ਦੀ ਬਜਾਇ ਜਿੱਦਾਂ-ਕਿੱਦਾਂ ਵੀ ਉਨ੍ਹਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਮੈਂ ਮਦਦ ਲਈ ਪ੍ਰਾਰਥਨਾ ਕੀਤੀ ਤੇ ਦੂਸਰੀ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ ਕਰਨ ਲੱਗ ਪਿਆ। ਹੁਣ ਮੈਨੂੰ ਸੇਵਕਾਈ ਵਿਚ ਬਹੁਤ ਮਜ਼ਾ ਆਉਣ ਲੱਗਾ ਹੈ।” (ਰੋਮੀਆਂ 4:20) ਜੀ ਹਾਂ, ਜਿਸ ਹੱਦ ਤਕ ਅਸੀਂ ਬਿਨਾਂ ਕਿਸੇ ਸੁਆਰਥ ਦੇ ਪਰਮੇਸ਼ੁਰ ਤੇ ਦੂਸਰਿਆਂ ਦੀ ਸੇਵਾ ਕਰਦੇ ਹਾਂ, ਉਸ ਹੱਦ ਤਕ ਸਾਨੂੰ ਖ਼ੁਸ਼ੀ ਤੇ ਸੰਤੁਸ਼ਟੀ ਮਿਲੇਗੀ।
5. ਸਾਨੂੰ ਪਰਮੇਸ਼ੁਰ ਦੇ ਮਕਸਦ ਮੁਤਾਬਕ ਜੀਣ ਲਈ ਸੋਚ-ਸਮਝ ਕੇ ਫ਼ੈਸਲੇ ਕਰਨ ਦੀ ਕਿਉਂ ਜ਼ਰੂਰਤ ਹੈ? ਉਦਾਹਰਣ ਦਿਓ।
5 ਪਰਮੇਸ਼ੁਰ ਦੇ ਮਕਸਦ ਮੁਤਾਬਕ ਜੀਣ ਲਈ ਜ਼ਰੂਰੀ ਹੈ ਕਿ ਅਸੀਂ ਸੋਚ-ਸਮਝ ਕੇ ਫ਼ੈਸਲੇ ਕਰੀਏ। ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਕਰਜ਼ਿਆਂ ਦੇ ਬੋਝ ਥੱਲੇ ਨਾ ਆਈਏ ਕਿਉਂਕਿ ਕਰਜ਼ਾ ਚੁਕਾਉਣ ਦੇ ਚੱਕਰ ਵਿਚ ਅਸੀਂ ਦੁਨੀਆਂ ਦੇ ਗ਼ੁਲਾਮ ਬਣ ਸਕਦੇ ਹਾਂ ਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਸਾਡੇ ਕੋਲ ਸਮਾਂ ਨਹੀਂ ਬਚੇਗਾ। ਬਾਈਬਲ ਸਾਨੂੰ ਯਾਦ ਦਿਲਾਉਂਦੀ ਹੈ: “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” (ਕਹਾਉਤਾਂ 22:7) ਪਰਮੇਸ਼ੁਰ ਉੱਤੇ ਪੱਕਾ ਭਰੋਸਾ ਰੱਖਣ ਅਤੇ ਉਸ ਦੀ ਸੇਵਾ ਨੂੰ ਪਹਿਲ ਦੇਣ ਨਾਲ ਅਸੀਂ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖਦੇ ਹਾਂ। ਮਿਸਾਲ ਲਈ, ਗਵੌਮਿੰਗ ਤੇ ਉਸ ਦੀਆਂ ਦੋ ਭੈਣਾਂ ਆਪਣੀ ਮਾਂ ਨਾਲ ਅਜਿਹੇ ਇਲਾਕੇ ਵਿਚ ਰਹਿੰਦੇ ਹਨ ਜਿੱਥੇ ਬਹੁਤ ਮਹਿੰਗਾਈ ਹੈ ਤੇ ਨੌਕਰੀ ਵੀ ਔਖੀ ਮਿਲਦੀ ਹੈ। ਲੇਕਿਨ ਇਹ ਪਰਿਵਾਰ ਧਿਆਨ ਨਾਲ ਖ਼ਰਚਾ ਕਰਦਾ ਹੈ ਅਤੇ ਮਿਲ-ਜੁਲ ਕੇ ਆਪਣਾ ਗੁਜ਼ਾਰਾ ਤੋਰਦਾ ਹੈ ਭਾਵੇਂ ਕਿ ਉਨ੍ਹਾਂ ਵਿੱਚੋਂ ਕਦੇ-ਕਦੇ ਇਕ-ਦੋ ਜਣਿਆਂ ਕੋਲ ਕੰਮ ਨਹੀਂ ਹੁੰਦਾ। ਗਵੌਮਿੰਗ ਦੱਸਦਾ ਹੈ: “ਕਦੇ-ਕਦੇ ਸਾਡੇ ਵਿੱਚੋਂ ਸਾਰਿਆਂ ਕੋਲ ਪੈਸੇ ਨਹੀਂ ਹੁੰਦੇ, ਪਰ ਫਿਰ ਵੀ ਅਸੀਂ ਪਾਇਨੀਅਰ ਸੇਵਾ ਵਿਚ ਲੱਗੇ ਰਹਿੰਦੇ ਹਾਂ ਤੇ ਆਪਣੀ ਮਾਂ ਦੀ ਦੇਖ-ਭਾਲ ਚੰਗੀ ਤਰ੍ਹਾਂ ਕਰਦੇ ਹਾਂ। ਅਸੀਂ ਕਿੰਨੇ ਧੰਨਵਾਦੀ ਹਾਂ ਕਿ ਸਾਡੀ ਮਾਂ ਇਹ ਨਹੀਂ ਚਾਹੁੰਦੀ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਛੱਡ ਕੇ ਉਸ ਨੂੰ ਐਸ਼ੋ-ਆਰਾਮ ਦੀਆਂ ਚੀਜ਼ਾਂ ਲੈ ਕੇ ਦੇਈਏ।”—2 ਕੁਰਿੰਥੀਆਂ 12:14; ਇਬਰਾਨੀਆਂ 13:5.
6. ਕਿਹੜੀ ਉਦਾਹਰਣ ਤੋਂ ਦੇਖਿਆ ਜਾ ਸਕਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਮਕਸਦ ਮੁਤਾਬਕ ਜੀਣ ਲਈ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ?
6 ਜੇਕਰ ਤੁਸੀਂ ਆਪਣੇ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਹੋ, ਤਾਂ ਸ਼ਾਇਦ ਤੁਹਾਨੂੰ ਪਰਮੇਸ਼ੁਰ ਦੇ ਮਕਸਦ ਨੂੰ ਪਹਿਲ ਦੇਣ ਲਈ ਕੁਝ ਵੱਡੀਆਂ ਤਬਦੀਲੀਆਂ ਕਰਨੀਆਂ ਪੈਣ। ਅਜਿਹੀਆਂ ਤਬਦੀਲੀਆਂ ਰਾਤੋ-ਰਾਤ ਨਹੀਂ ਕੀਤੀਆਂ ਜਾ ਸਕਦੀਆਂ। ਹੋ ਸਕਦਾ ਹੈ ਕਿ ਤੁਸੀਂ ਪਹਿਲਾਂ-ਪਹਿਲ ਆਪਣੇ ਜਤਨਾਂ ਵਿਚ ਕਾਮਯਾਬ ਨਾ ਹੋਵੋ। ਪਰ ਤੁਹਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਕੋਈਚੀ ਦੀ ਉਦਾਹਰਣ ਲੈ ਲਓ ਜੋ ਜ਼ਿਆਦਾਤਰ ਸਮਾਂ ਮਨੋਰੰਜਨ ਕਰਨ ਵਿਚ ਬਿਤਾਉਂਦਾ ਸੀ। ਕੋਈਚੀ ਨੇ ਨੌਜਵਾਨ ਹੁੰਦੇ ਹੋਏ ਬਾਈਬਲ ਦਾ ਅਧਿਐਨ ਕੀਤਾ ਸੀ, ਪਰ ਫਿਰ ਕਈ ਸਾਲਾਂ ਤੋਂ ਉਹ ਵਿਡਿਓ-ਗੇਮਾਂ ਦਾ ਗ਼ੁਲਾਮ ਬਣਿਆ ਰਿਹਾ। ਇਕ ਦਿਨ ਕੋਈਚੀ ਨੇ ਆਪਣੇ ਆਪ ਤੋਂ ਪੁੱਛਿਆ: ‘ਤੂੰ ਕਰ ਕੀ ਰਿਹਾ ਹੈਂ? ਤੀਹਾਂ ਤੋਂ ਉੱਪਰ ਹੋ ਕੇ ਵੀ ਤੂੰ ਜ਼ਿੰਦਗੀ ਵਿਚ ਕੁਝ ਨਹੀਂ ਕਰ ਰਿਹਾ!’ ਫਿਰ ਕੋਈਚੀ ਦੁਬਾਰਾ ਬਾਈਬਲ ਸਟੱਡੀ ਕਰਨ ਲੱਗ ਪਿਆ ਅਤੇ ਉਸ ਨੇ ਕਲੀਸਿਯਾ ਦੇ ਭਰਾਵਾਂ ਦੀ ਮਦਦ ਸਵੀਕਾਰ ਕੀਤੀ। ਭਾਵੇਂ ਕਿ ਉਸ ਨੇ ਆਪਣੀ ਜ਼ਿੰਦਗੀ ਨੂੰ ਹੌਲੀ-ਹੌਲੀ ਸੁਧਾਰਿਆ, ਪਰ ਉਸ ਨੇ ਹੌਸਲਾ ਨਹੀਂ ਹਾਰਿਆ। ਲਗਾਤਾਰ ਪ੍ਰਾਰਥਨਾ ਕਰਨ ਅਤੇ ਭੈਣਾਂ-ਭਰਾਵਾਂ ਦੀ ਮਦਦ ਨਾਲ ਕੋਈਚੀ ਨੇ ਵਿਡਿਓ-ਗੇਮਾਂ ਖੇਡਣ ਦੀ ਆਦਤ ਛੱਡ ਦਿੱਤੀ। (ਲੂਕਾ 11:9) ਹੁਣ ਕੋਈਚੀ ਖ਼ੁਸ਼ੀ ਨਾਲ ਕਲੀਸਿਯਾ ਵਿਚ ਸਹਾਇਕ ਸੇਵਕ ਵਜੋਂ ਸੇਵਾ ਕਰ ਰਿਹਾ ਹੈ।
ਸੰਤੁਲਨ ਰੱਖਣਾ ਸਿੱਖੋ
7. ਪਰਮੇਸ਼ੁਰ ਦਾ ਕੰਮ ਕਰਦੇ ਹੋਏ ਸਾਨੂੰ ਸੰਤੁਲਨ ਰੱਖਣ ਦੀ ਕਿਉਂ ਲੋੜ ਹੈ?
7 ਪਰਮੇਸ਼ੁਰ ਦੇ ਮਕਸਦ ਅਨੁਸਾਰ ਜੀਣ ਲਈ ਸਾਨੂੰ ਜੀ-ਜਾਨ ਨਾਲ ਸੇਵਾ ਕਰਨ ਦੀ ਲੋੜ ਹੈ ਅਤੇ ਇਸ ਤਰ੍ਹਾਂ ਕਰਨ ਤੋਂ ਸਾਨੂੰ ਕਦੇ ਝਿਜਕਣਾ ਨਹੀਂ ਚਾਹੀਦਾ ਜਾਂ ਆਲਸੀ ਨਹੀਂ ਬਣਨਾ ਚਾਹੀਦਾ। (ਇਬਰਾਨੀਆਂ 6:11, 12) ਲੇਕਿਨ, ਯਹੋਵਾਹ ਇਹ ਵੀ ਨਹੀਂ ਚਾਹੁੰਦਾ ਕਿ ਅਸੀਂ ਇੰਨੀ ਜ਼ਿਆਦਾ ਮਿਹਨਤ ਕਰੀਏ ਕਿ ਅਸੀਂ ਸਰੀਰਕ, ਮਾਨਸਿਕ ਜਾਂ ਜਜ਼ਬਾਤੀ ਤੌਰ ਤੇ ਥੱਕ-ਟੁੱਟ ਜਾਈਏ। ਜਦ ਅਸੀਂ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ ਕਿ ਅਸੀਂ ਪਰਮੇਸ਼ੁਰ ਦਾ ਕੰਮ ਉਸ ਦੀ ਮਦਦ ਤੋਂ ਬਿਨਾਂ ਨਹੀਂ ਕਰ ਸਕਦੇ, ਤਾਂ ਅਸੀਂ ਉਸ ਦੀ ਵਡਿਆਈ ਕਰ ਰਹੇ ਹੋਵਾਂਗੇ। (1 ਪਤਰਸ 4:11) ਇਸ ਦੇ ਨਾਲ-ਨਾਲ ਅਸੀਂ ਦਿਖਾ ਰਹੇ ਹੋਵਾਂਗੇ ਕਿ ਅਸੀਂ ਸੰਤੁਲਨ ਰੱਖਦੇ ਹਾਂ। ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਸਾਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਤਾਕਤ ਦੇਵੇਗਾ, ਪਰ ਸਾਨੂੰ ਆਪਣੀ ਸਮਰਥਾ ਤੋਂ ਜ਼ਿਆਦਾ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜਿਸ ਦੀ ਪਰਮੇਸ਼ੁਰ ਸਾਡੇ ਤੋਂ ਉਮੀਦ ਨਹੀਂ ਰੱਖਦਾ। (2 ਕੁਰਿੰਥੀਆਂ 4:7) ਜੇ ਅਸੀਂ ਪਰਮੇਸ਼ੁਰ ਦੀ ਸੇਵਾ ਕਰਦੇ-ਕਰਦੇ ਥੱਕ ਕੇ ਹਾਰਨਾ ਨਹੀਂ ਚਾਹੁੰਦੇ, ਤਾਂ ਸਾਨੂੰ ਆਪਣੀ ਤਾਕਤ ਨੂੰ ਸਹੀ ਢੰਗ ਨਾਲ ਵਰਤਣਾ ਚਾਹੀਦਾ ਹੈ।
8. ਜਦ ਇਕ ਭੈਣ ਨੇ ਇਸ ਦੁਨੀਆਂ ਤੇ ਯਹੋਵਾਹ ਦੋਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨਾਲ ਕੀ ਹੋਇਆ ਤੇ ਉਸ ਨੇ ਕਿਹੜੀ ਤਬਦੀਲੀ ਕੀਤੀ?
8 ਮਿਸਾਲ ਲਈ, ਪੂਰਬੀ ਏਸ਼ੀਆ ਦੀ ਰਹਿਣ ਵਾਲੀ ਜੀ-ਹੇ ਦੀ ਉਦਾਹਰਣ ਤੇ ਗੌਰ ਕਰੋ। ਉਸ ਨੇ ਪਾਇਨੀਅਰੀ ਕਰਨ ਦੇ ਨਾਲ-ਨਾਲ ਮਰਕੁਸ 12:30) ਉਹ ਕਹਿੰਦੀ ਹੈ: “ਮੇਰੇ ਘਰ ਦੇ ਮੇਰੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦਾ ਦਬਾਅ ਪਾਉਂਦੇ ਸਨ। ਪਰ ਇਸ ਦਬਾਅ ਦੇ ਬਾਵਜੂਦ ਮੈਂ ਪਰਮੇਸ਼ੁਰ ਦੀ ਇੱਛਾ ਨੂੰ ਪਹਿਲ ਦੇਣ ਦਾ ਫ਼ੈਸਲਾ ਕੀਤਾ। ਮੈਂ ਹਾਲੇ ਵੀ ਕਾਫ਼ੀ ਪੈਸਾ ਕਮਾ ਲੈਂਦੀ ਹਾਂ ਜਿਸ ਨਾਲ ਮੇਰਾ ਚੰਗਾ ਗੁਜ਼ਾਰਾ ਚੱਲ ਜਾਂਦਾ ਹੈ। ਅਤੇ ਹੁਣ ਪੂਰੀ ਨੀਂਦ ਲੈਣ ਤੋਂ ਬਾਅਦ ਸਵੇਰ ਨੂੰ ਮੈਂ ਤਰੋਤਾਜ਼ਾ ਮਹਿਸੂਸ ਕਰਦੀ ਹਾਂ। ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਮੈਨੂੰ ਹੁਣ ਬਹੁਤ ਖ਼ੁਸ਼ੀ ਹੁੰਦੀ ਹੈ ਤੇ ਪਰਮੇਸ਼ੁਰ ਨਾਲ ਮੇਰਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ। ਇਹ ਇਸ ਲਈ ਹੈ ਕਿਉਂਕਿ ਹੁਣ ਦੁਨਿਆਵੀ ਚੀਜ਼ਾਂ ਲਈ ਮੇਰੇ ਕੋਲ ਸਮਾਂ ਨਹੀਂ ਜਿਨ੍ਹਾਂ ਦੀ ਚਮਕ-ਦਮਕ ਦੇਖ ਕੇ ਯਹੋਵਾਹ ਦੀ ਸੇਵਾ ਤੋਂ ਮੇਰਾ ਧਿਆਨ ਭਟਕ ਸਕਦਾ ਹੈ।”—ਉਪਦੇਸ਼ਕ ਦੀ ਪੋਥੀ 4:6; ਮੱਤੀ 6:24, 28-30.
ਦੋ ਸਾਲਾਂ ਤਕ ਇਕ ਅਜਿਹੀ ਨੌਕਰੀ ਕੀਤੀ ਜਿੱਥੇ ਉਸ ਨੂੰ ਜ਼ਿਆਦਾ ਘੰਟੇ ਕੰਮ ਕਰਨਾ ਪੈਂਦਾ ਸੀ। ਉਹ ਦੱਸਦੀ ਹੈ: “ਮੈਂ ਆਪਣੇ ਮਾਲਕਾਂ ਤੇ ਯਹੋਵਾਹ ਦੋਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੀ ਸੀ, ਪਰ ਰਾਤ ਨੂੰ ਮੈਂ ਸਿਰਫ਼ ਪੰਜ ਘੰਟੇ ਹੀ ਸੌਂਦੀ ਸੀ। ਆਖ਼ਰਕਾਰ, ਯਹੋਵਾਹ ਦੀ ਸੇਵਾ ਕਰਨ ਲਈ ਮੇਰੇ ਵਿਚ ਤਾਕਤ ਨਹੀਂ ਰਹੀ ਤੇ ਨਾ ਹੀ ਮੈਂ ਇੰਨੀ ਖ਼ੁਸ਼ ਰਹਿੰਦੀ ਸੀ।” ਜੀ-ਹੇ ਨੇ ‘ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ, ਸਾਰੀ ਬੁੱਧ ਅਤੇ ਆਪਣੀ ਸਾਰੀ ਸ਼ਕਤੀ ਨਾਲ’ ਯਹੋਵਾਹ ਦੀ ਸੇਵਾ ਕਰਨ ਲਈ ਕੋਈ ਅਜਿਹੀ ਨੌਕਰੀ ਭਾਲਣੀ ਸ਼ੁਰੂ ਕਰ ਦਿੱਤੀ ਜਿੱਥੇ ਘੱਟ ਘੰਟੇ ਕੰਮ ਕਰਨਾ ਪਵੇ। (9. ਪ੍ਰਚਾਰ ਦੇ ਕੰਮ ਵਿਚ ਸਾਡੇ ਜਤਨਾਂ ਦਾ ਦੂਸਰਿਆਂ ਉੱਤੇ ਕੀ ਅਸਰ ਪੈ ਸਕਦਾ ਹੈ?
9 ਯਹੋਵਾਹ ਦੇ ਸਾਰੇ ਸੇਵਕ ਪਾਇਨੀਅਰੀ ਨਹੀਂ ਕਰ ਸਕਦੇ। ਜੇ ਤੁਹਾਨੂੰ ਬੁਢਾਪੇ, ਮਾੜੀ ਸਿਹਤ ਜਾਂ ਹੋਰ ਕਮੀਆਂ-ਕਮਜ਼ੋਰੀਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਤੁਹਾਡੀ ਵਫ਼ਾਦਾਰੀ ਅਤੇ ਦਿਲੋਂ ਕੀਤੀ ਗਈ ਤੁਹਾਡੀ ਸੇਵਾ ਦੀ ਬਹੁਤ ਕਦਰ ਕਰਦਾ ਹੈ। (ਲੂਕਾ 21:2, 3) ਦਰਅਸਲ ਸਾਡੇ ਵਿੱਚੋਂ ਕਿਸੇ ਨੂੰ ਵੀ ਇਵੇਂ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਦੀ ਸੇਵਾ ਵਿਚ ਅਸੀਂ ਜੋ ਵੀ ਮਿਹਨਤ ਕਰ ਰਹੇ ਹਾਂ, ਉਸ ਨਾਲ ਅਸੀਂ ਦੂਸਰਿਆਂ ਉੱਤੇ ਚੰਗਾ ਅਸਰ ਨਹੀਂ ਪਾ ਸਕਦੇ। ਮਿਸਾਲ ਲਈ, ਫ਼ਰਜ਼ ਕਰੋ ਕਿ ਅਸੀਂ ਘਰ-ਘਰ ਪ੍ਰਚਾਰ ਕਰ ਰਹੇ ਹਾਂ, ਪਰ ਕਿਸੇ ਨੇ ਵੀ ਸਾਡੇ ਸੰਦੇਸ਼ ਵਿਚ ਦਿਲਚਸਪੀ ਨਹੀਂ ਦਿਖਾਈ। ਫਿਰ ਜਦ ਅਸੀਂ ਉੱਥੋਂ ਚਲੇ ਜਾਂਦੇ ਹਾਂ, ਤਾਂ ਹੋ ਸਕਦਾ ਹੈ ਕਿ ਲੋਕ ਸਾਡੀ ਮੁਲਾਕਾਤ ਬਾਰੇ ਕਈ ਘੰਟਿਆਂ ਜਾਂ ਦਿਨਾਂ ਤਕ ਗੱਲਾਂ ਕਰਦੇ ਰਹਿਣ, ਉਹ ਵੀ ਜਿਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਸੀ। ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਸਾਰੇ ਲੋਕ ਸਾਡਾ ਸੰਦੇਸ਼ ਸੁਣਨਗੇ, ਪਰ ਕੁਝ ਲੋਕ ਜ਼ਰੂਰ ਸੁਣਨਗੇ। (ਮੱਤੀ 13:19-23) ਦੂਸਰੇ ਲੋਕ ਸ਼ਾਇਦ ਭਵਿੱਖ ਵਿਚ ਸੁਣਨ ਲਈ ਤਿਆਰ ਹੋ ਜਾਣ, ਜਦ ਦੁਨੀਆਂ ਦੇ ਜਾਂ ਉਨ੍ਹਾਂ ਦੇ ਆਪਣੇ ਹਾਲਾਤ ਬਦਲ ਜਾਣ। ਜੋ ਵੀ ਹੋਵੇ, ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਾਂ। ਯਾਦ ਰੱਖੋ, “ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ।”—1 ਕੁਰਿੰਥੀਆਂ 3:9.
10. ਕਲੀਸਿਯਾ ਵਿਚ ਅਸੀਂ ਸਾਰੇ ਜਣੇ ਕੀ ਕਰ ਸਕਦੇ ਹਾਂ?
10 ਇਸ ਤੋਂ ਇਲਾਵਾ ਅਸੀਂ ਸਾਰੇ ਜਣੇ ਆਪਣੇ ਪਰਿਵਾਰ ਦੇ ਜੀਆਂ ਤੇ ਕਲੀਸਿਯਾ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ। (ਗਲਾਤੀਆਂ 6:10) ਅਸੀਂ ਦੂਸਰਿਆਂ ਉੱਤੇ ਚੰਗਾ ਅਸਰ ਪਾ ਸਕਦੇ ਹਾਂ। (ਉਪਦੇਸ਼ਕ ਦੀ ਪੋਥੀ 11:1, 6) ਜਦ ਕਲੀਸਿਯਾ ਦੇ ਬਜ਼ੁਰਗ ਅਤੇ ਸਹਾਇਕ ਸੇਵਕ ਤਨ-ਮਨ ਲਾ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਤਾਂ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ, ਉਨ੍ਹਾਂ ਦਾ ਇਕ-ਦੂਜੇ ਨਾਲ ਪਿਆਰ ਵਧਦਾ ਹੈ ਤੇ ਸਾਰੇ ਜਣੇ ਵਧ-ਚੜ੍ਹ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਸਾਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਜਦ ਅਸੀਂ “ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ” ਜਾਂਦੇ ਹਾਂ, ਤਾਂ ਸਾਡੀ ਮਿਹਨਤ ‘ਥੋਥੀ ਨਹੀਂ ਜਾਂਦੀ।’—1 ਕੁਰਿੰਥੀਆਂ 15:58.
ਪਰਮੇਸ਼ੁਰ ਦੀ ਸੇਵਾ ਨੂੰ ਆਪਣਾ ਕੈਰੀਅਰ ਬਣਾਓ
11. ਆਪਣੀ ਕਲੀਸਿਯਾ ਵਿਚ ਸੇਵਾ ਕਰਨ ਤੋਂ ਇਲਾਵਾ ਹੋਰ ਕਿਹੜੇ ਤਰੀਕਿਆਂ ਨਾਲ ਸੇਵਾ ਕੀਤੀ ਜਾ ਸਕਦੀ ਹੈ?
11 ਮਸੀਹੀਆਂ ਵਜੋਂ ਅਸੀਂ ਜ਼ਿੰਦਗੀ ਦਾ ਆਨੰਦ ਮਾਣਦੇ ਹਾਂ ਤੇ ਜੋ ਵੀ ਅਸੀਂ ਕਰਦੇ ਹਾਂ, ਉਹ ਪਰਮੇਸ਼ੁਰ ਦੀ ਵਡਿਆਈ ਲਈ ਕਰਦੇ ਹਾਂ। (1 ਕੁਰਿੰਥੀਆਂ 10:31) ਜਦ ਅਸੀਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰ ਕੇ ਲੋਕਾਂ ਨੂੰ ਯਿਸੂ ਦੇ ਹੁਕਮ ਅਨੁਸਾਰ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾਉਂਦੇ ਹਾਂ, ਤਾਂ ਸਾਨੂੰ ਸੇਵਾ ਕਰਨ ਦੇ ਹੋਰ ਬਹੁਤ ਸਾਰੇ ਵੱਖੋ-ਵੱਖਰੇ ਮੌਕੇ ਮਿਲਣਗੇ। (ਮੱਤੀ 24:14; 28:19, 20) ਆਪਣੀ ਕਲੀਸਿਯਾ ਨਾਲ ਸੇਵਾ ਕਰਨ ਤੋਂ ਇਲਾਵਾ, ਅਸੀਂ ਕਿਸੇ ਹੋਰ ਭਾਸ਼ਾ ਵਿਚ ਜਾਂ ਅਜਿਹੇ ਇਲਾਕੇ ਜਾਂ ਦੇਸ਼ ਜਾ ਕੇ ਪ੍ਰਚਾਰ ਕਰ ਸਕਦੇ ਹਾਂ ਜਿੱਥੇ ਪ੍ਰਚਾਰ ਕਰਨ ਵਾਲਿਆਂ ਦੀ ਜ਼ਿਆਦਾ ਲੋੜ ਹੈ। ਅਣਵਿਆਹੇ ਕਾਬਲ ਬਜ਼ੁਰਗ ਤੇ ਸਹਾਇਕ ਸੇਵਕ ਸੇਵਕਾਈ ਸਿਖਲਾਈ ਸਕੂਲ ਵਿਚ ਜਾ ਕੇ ਸਿਖਲਾਈ ਲੈ ਸਕਦੇ ਹਨ। ਫਿਰ ਉਹ ਆਪਣੇ ਦੇਸ਼ ਜਾਂ ਵਿਦੇਸ਼ ਵਿਚ ਜਾ ਕੇ ਉਨ੍ਹਾਂ ਕਲੀਸਿਯਾਵਾਂ ਵਿਚ ਸੇਵਾ ਕਰ ਸਕਦੇ ਹਨ ਜਿੱਥੇ ਕਾਬਲ ਭਰਾਵਾਂ ਦੀ ਮਦਦ ਦੀ ਲੋੜ ਹੈ। ਪਾਇਨੀਅਰੀ ਕਰ ਰਹੇ ਵਿਆਹੁਤਾ ਜੋੜਿਆਂ ਨੂੰ ਮਿਸ਼ਨਰੀ ਸਿਖਲਾਈ ਲਈ ਗਿਲਿਅਡ ਸਕੂਲ ਜਾਣ ਦਾ ਮੌਕਾ ਮਿਲ ਸਕਦਾ ਹੈ ਜਿਸ ਤੋਂ ਬਾਅਦ ਉਹ ਵਿਦੇਸ਼ ਵਿਚ ਸੇਵਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਬੈਥਲ ਵਿਚ ਵੱਖੋ-ਵੱਖਰੇ ਕੰਮ ਕਰਨ ਲਈ ਤੇ ਕਿੰਗਡਮ ਹਾਲਾਂ ਤੇ ਬ੍ਰਾਂਚ ਆਫ਼ਿਸਾਂ ਨੂੰ ਉਸਾਰਨ ਤੇ ਇਨ੍ਹਾਂ ਦੀ ਮੁਰੰਮਤ ਲਈ ਭੈਣ-ਭਰਾਵਾਂ ਦੀ ਸਖ਼ਤ ਲੋੜ ਹੈ।
12, 13. (ੳ) ਤੁਸੀਂ ਕਿਵੇਂ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਦਾ ਕਿਹੜਾ ਤਰੀਕਾ ਚੁਣਨਾ ਚਾਹੀਦਾ ਹੈ? (ਅ) ਉਦਾਹਰਣ ਦੇ ਕੇ ਸਮਝਾਓ ਕਿ ਜੋ ਸਿਖਲਾਈ ਅਸੀਂ ਇਕ ਕੰਮ ਵਿਚ ਹਾਸਲ ਕਰਦੇ ਹਾਂ, ਉਹ ਸਾਨੂੰ ਹੋਰ ਕੰਮ ਕਰਨ ਦੇ ਕਾਬਲ ਕਿਵੇਂ ਬਣਾਉਂਦੀ ਹੈ।
12 ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਦਾ ਕਿਹੜਾ ਤਰੀਕਾ ਚੁਣਨਾ ਚਾਹੀਦਾ ਹੈ? ਯਹੋਵਾਹ ਦੇ ਸੇਵਕ ਵਜੋਂ ਹਮੇਸ਼ਾ ਉਸ ਦੀ ਅਤੇ ਉਸ ਦੇ ਸੰਗਠਨ ਦੀ ਸੇਧ ਲੈਂਦੇ ਰਹੋ। ਪਰਮੇਸ਼ੁਰ ਦੀ “ਨੇਕ ਆਤਮਾ” ਸਹੀ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰੇਗੀ। (ਨਹਮਯਾਹ 9:20) ਸੇਵਾ ਕਰਨ ਦੇ ਇਕ ਮੌਕੇ ਤੋਂ ਬਾਅਦ ਸਾਨੂੰ ਸੇਵਾ ਦੇ ਕਈ ਹੋਰ ਮੌਕੇ ਮਿਲ ਜਾਂਦੇ ਹਨ। ਜੋ ਸਿਖਲਾਈ ਅਸੀਂ ਹਾਸਲ ਕਰਦੇ ਹਾਂ, ਉਹ ਸ਼ਾਇਦ ਸਾਨੂੰ ਬਾਅਦ ਵਿਚ ਕਿਸੇ ਹੋਰ ਤਰੀਕੇ ਨਾਲ ਸੇਵਾ ਕਰਨ ਦੇ ਕਾਬਲ ਬਣਾ ਦੇਵੇ।
13 ਮਿਸਾਲ ਲਈ, ਡੈਿਨੱਸ ਤੇ ਉਸ ਦੀ ਪਤਨੀ ਜੈਨੀ ਦੀ ਉਦਾਹਰਣ ਲਓ ਜੋ ਬਾਕਾਇਦਾ ਕਿੰਗਡਮ ਹਾਲਾਂ ਦੀ ਉਸਾਰੀ ਕਰਨ ਦੇ ਕੰਮ ਵਿਚ ਹਿੱਸਾ ਲੈਂਦੇ ਸਨ। ਜਦ ਅਮਰੀਕਾ ਦੇ ਦੱਖਣ ਵਿਚ ਕਟਰੀਨਾ ਨਾਂ ਦਾ ਤੂਫ਼ਾਨ ਆਇਆ, ਤਾਂ ਉਹ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਅੱਗੇ ਆਏ। ਡੈਿਨੱਸ ਦੱਸਦਾ ਹੈ: “ਜੋ ਹੁਨਰ ਅਸੀਂ ਕਿੰਗਡਮ ਹਾਲਾਂ ਦੀ ਉਸਾਰੀ ਕਰਦੇ ਸਮੇਂ ਸਿੱਖੇ ਸਨ, ਉਹ ਹੁਣ
ਅਸੀਂ ਉਨ੍ਹਾਂ ਭਰਾਵਾਂ ਦੀ ਮਦਦ ਕਰਨ ਲਈ ਵਰਤ ਸਕਦੇ ਸਾਂ ਜਿਨ੍ਹਾਂ ਦੇ ਘਰ ਤੂਫ਼ਾਨ ਕਾਰਨ ਢਹਿ ਗਏ ਸਨ। ਉਨ੍ਹਾਂ ਭਰਾਵਾਂ ਦੀ ਮਦਦ ਕਰਨ ਨਾਲ ਸਾਨੂੰ ਬਹੁਤ ਖ਼ੁਸ਼ੀ ਹੋਈ। ਉਨ੍ਹਾਂ ਨੇ ਜੋ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ, ਉਸ ਤੋਂ ਸਾਨੂੰ ਬਹੁਤ ਹੀ ਹੌਸਲਾ ਮਿਲਿਆ। ਰਾਹਤ ਪਹੁੰਚਾਉਣ ਵਾਲੇ ਹੋਰ ਕਈ ਗਰੁੱਪ ਆਪਣੇ ਕੰਮ ਵਿਚ ਯਹੋਵਾਹ ਦੇ ਗਵਾਹਾਂ ਵਾਂਗ ਇੰਨੇ ਸਫ਼ਲ ਨਹੀਂ ਹੋਏ। ਪਰ ਅਸੀਂ ਹੁਣ ਤਕ 5,300 ਤੋਂ ਜ਼ਿਆਦਾ ਘਰ ਤੇ ਅਨੇਕ ਕਿੰਗਡਮ ਹਾਲ ਦੁਬਾਰਾ ਉਸਾਰੇ ਹਨ। ਇਹ ਸਭ ਕੁਝ ਦੇਖ ਕੇ ਲੋਕ ਸਾਡੇ ਸੰਦੇਸ਼ ਵਿਚ ਹੁਣ ਪਹਿਲਾਂ ਨਾਲੋਂ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ।”14. ਜੇ ਤੁਸੀਂ ਪਾਇਨੀਅਰੀ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ?
14 ਕੀ ਤੁਸੀਂ ਪਰਮੇਸ਼ੁਰ ਦੇ ਮਕਸਦ ਅਨੁਸਾਰ ਪਾਇਨੀਅਰੀ ਨੂੰ ਆਪਣਾ ਕੈਰੀਅਰ ਬਣਾ ਸਕਦੇ ਹੋ? ਜੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ, ਤਾਂ ਪਰਮੇਸ਼ੁਰ ਜ਼ਰੂਰ ਤੁਹਾਡੀ ਝੋਲੀ ਬਰਕਤਾਂ ਨਾਲ ਭਰੇਗਾ। ਜੇ ਤੁਸੀਂ ਆਪਣੇ ਮੌਜੂਦਾ ਹਾਲਾਤਾਂ ਕਾਰਨ ਪਾਇਨੀਅਰੀ ਨਹੀਂ ਕਰ ਪਾ ਰਹੇ ਹੋ, ਤਾਂ ਸ਼ਾਇਦ ਤੁਸੀਂ ਆਪਣੇ ਹਾਲਾਤਾਂ ਵਿਚ ਕੁਝ ਤਬਦੀਲੀਆਂ ਕਰ ਸਕਦੇ ਹੋ। ਨਹਮਯਾਹ ਵਾਂਗ ਪ੍ਰਾਰਥਨਾ ਕਰੋ। ਜਦ ਉਹ ਇਕ ਬਹੁਤ ਹੀ ਜ਼ਰੂਰੀ ਕੰਮ ਕਰਨ ਬਾਰੇ ਸੋਚ ਰਿਹਾ ਸੀ, ਤਾਂ ਉਸ ਨੇ ਦੁਆ ਕੀਤੀ: ‘ਹੇ ਪ੍ਰਭੁ ਯਹੋਵਾਹ, ਅੱਜ ਤੂੰ ਆਪਣੇ ਦਾਸ ਨੂੰ ਸੁਫਲ ਕਰ।’ (ਨਹਮਯਾਹ 1:11) ਫਿਰ ਤੁਹਾਨੂੰ “ਪ੍ਰਾਰਥਨਾ ਦੇ ਸੁਣਨ ਵਾਲੇ” ਉੱਤੇ ਭਰੋਸਾ ਰੱਖ ਕੇ ਆਪਣੀਆਂ ਪ੍ਰਾਰਥਨਾਵਾਂ ਦੇ ਅਨੁਸਾਰ ਚੱਲਣ ਦੀ ਵੀ ਲੋੜ ਹੈ। (ਜ਼ਬੂਰਾਂ ਦੀ ਪੋਥੀ 65:2) ਜੇ ਤੁਸੀਂ ਚਾਹੁੰਦੇ ਹੋ ਕਿ ਯਹੋਵਾਹ ਤੁਹਾਡੇ ਜਤਨਾਂ ਉੱਤੇ ਬਰਕਤ ਪਾਵੇ, ਤਾਂ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਉਹ ਜਤਨ ਕਰੋ। ਪਾਇਨੀਅਰ ਸੇਵਾ ਕਰਨ ਦਾ ਫ਼ੈਸਲਾ ਕਰ ਕੇ ਇਸ ਉੱਤੇ ਡਟੇ ਰਹੋ। ਫਿਰ ਸਮੇਂ ਦੇ ਬੀਤਣ ਨਾਲ ਤੁਹਾਡੇ ਤਜਰਬੇ ਦੇ ਨਾਲ-ਨਾਲ ਤੁਹਾਡੀ ਖ਼ੁਸ਼ੀ ਵੀ ਵਧੇਗੀ।
ਬਿਹਤਰੀਨ ਜ਼ਿੰਦਗੀ
15. (ੳ) ਚਿਰਾਂ ਤੋਂ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨਾਲ ਗੱਲ ਕਰ ਕੇ ਜਾਂ ਉਨ੍ਹਾਂ ਦੀਆਂ ਜੀਵਨੀਆਂ ਪੜ੍ਹ ਕੇ ਸਾਨੂੰ ਕਿਵੇਂ ਲਾਭ ਹੁੰਦਾ ਹੈ? (ਅ) ਇਕ ਜੀਵਨੀ ਬਾਰੇ ਦੱਸੋ ਜਿਸ ਤੋਂ ਤੁਹਾਨੂੰ ਖ਼ਾਸ ਕਰ ਕੇ ਹੌਸਲਾ ਮਿਲਿਆ ਹੈ।
15 ਪਰਮੇਸ਼ੁਰ ਦੇ ਮਕਸਦ ਅਨੁਸਾਰ ਜ਼ਿੰਦਗੀ ਜੀਉਣ ਨਾਲ ਤੁਸੀਂ ਕਿਨ੍ਹਾਂ ਨਤੀਜਿਆਂ ਦੀ ਉਮੀਦ ਰੱਖ ਸਕਦੇ ਹੋ? ਚਿਰਾਂ ਤੋਂ ਸੇਵਾ ਕਰ ਰਹੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨਾਲ ਗੱਲ ਕਰੋ, ਖ਼ਾਸ ਕਰ ਕੇ ਉਨ੍ਹਾਂ ਨਾਲ ਜਿਨ੍ਹਾਂ ਨੇ ਕਈ ਸਾਲਾਂ ਤੋਂ ਪਾਇਨੀਅਰੀ ਕੀਤੀ ਹੈ। ਉਨ੍ਹਾਂ ਦੀਆਂ ਜ਼ਿੰਦਗੀਆਂ ਕਿੰਨੀਆਂ ਮਕਸਦ ਭਰੀਆਂ ਹਨ! (ਕਹਾਉਤਾਂ 10:22) ਉਹ ਤੁਹਾਨੂੰ ਦੱਸਣਗੇ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਦੀ ਮਦਦ ਕਰਨੀ ਕਦੇ ਨਹੀਂ ਭੁੱਲਿਆ। ਉਸ ਨੇ ਮੁਸ਼ਕਲ ਹਾਲਾਤਾਂ ਦੌਰਾਨ ਵੀ ਉਨ੍ਹਾਂ ਦੀਆਂ ਲੋੜਾਂ ਤੋਂ ਵੱਧ ਉਨ੍ਹਾਂ ਨੂੰ ਦਿੱਤਾ। (ਫ਼ਿਲਿੱਪੀਆਂ 4:11-13) ਅਸੀਂ ਅਜਿਹੇ ਵਫ਼ਾਦਾਰ ਭੈਣਾਂ-ਭਰਾਵਾਂ ਦੀਆਂ ਸੈਂਕੜੇ ਜੀਵਨੀਆਂ ਪਹਿਰਾਬੁਰਜ ਰਸਾਲੇ ਵਿਚ ਪੜ੍ਹ ਸਕਦੇ ਹਾਂ। ਹਰ ਭੈਣ ਜਾਂ ਭਰਾ ਦੀ ਜੀਵਨੀ ਤੋਂ ਸਾਨੂੰ ਉਨ੍ਹਾਂ ਦੇ ਜੋਸ਼ ਤੇ ਖ਼ੁਸ਼ੀ ਦਾ ਪਤਾ ਲੱਗਦਾ ਹੈ, ਠੀਕ ਜਿਵੇਂ ਰਸੂਲਾਂ ਦੇ ਕਰਤੱਬ ਵਿਚ ਦਰਜ ਬਿਰਤਾਂਤਾਂ ਤੋਂ ਮਸੀਹੀਆਂ ਦਾ ਜੋਸ਼ ਤੇ ਖ਼ੁਸ਼ੀ ਝਲਕਦੀ ਹੈ। ਇਨ੍ਹਾਂ ਬਿਰਤਾਂਤਾਂ ਨੂੰ ਪੜ੍ਹ ਕੇ ਤੁਹਾਨੂੰ ਵੀ ਉਨ੍ਹਾਂ ਵਾਂਗ ਜ਼ਿੰਦਗੀ ਜੀਉਣ ਦਾ ਹੌਸਲਾ ਮਿਲੇਗਾ।
16. ਕਿਹੜੀ ਗੱਲ ਸਾਡੀ ਜ਼ਿੰਦਗੀ ਨੂੰ ਮਕਸਦ ਤੇ ਖ਼ੁਸ਼ੀ ਭਰੀ ਬਣਾਉਂਦੀ ਹੈ?
16 ਏਰਨ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਯਾਦ ਕਰਦਾ ਹੈ: “ਅਫ਼ਰੀਕਾ ਵਿਚ ਮੇਰੀ ਅਕਸਰ ਉਨ੍ਹਾਂ ਨੌਜਵਾਨਾਂ ਨਾਲ ਮੁਲਾਕਾਤ ਹੁੰਦੀ ਸੀ ਜੋ ਜ਼ਿੰਦਗੀ ਦਾ ਮਕਸਦ ਭਾਲਣ ਲਈ ਇੱਧਰ-ਉੱਧਰ ਭਟਕ ਰਹੇ ਸਨ। ਕਈਆਂ ਨੂੰ ਜ਼ਿੰਦਗੀ ਦਾ ਮਕਸਦ ਕਦੇ ਮਿਲਿਆ ਹੀ ਨਹੀਂ। ਪਰ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਲੋਕਾਂ ਨੂੰ ਸੁਣਾ ਕੇ ਉਸ ਦੇ ਮਕਸਦ ਅਨੁਸਾਰ ਚੱਲ ਰਹੇ ਸਾਂ। ਹਾਂ, ਅਸੀਂ ਮਕਸਦ ਭਰੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਸਾਂ। ਅਸੀਂ ਖ਼ੁਦ ਦੇਖਿਆ ਹੈ ਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂਲਾਂ ਦੇ ਕਰਤੱਬ 20:35.
17. ਸਾਨੂੰ ਹੁਣ ਪਰਮੇਸ਼ੁਰ ਦੇ ਮਕਸਦ ਅਨੁਸਾਰ ਜੀਣ ਦੀ ਕਿਉਂ ਲੋੜ ਹੈ?
17 ਤੁਹਾਡੇ ਬਾਰੇ ਕੀ? ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ? ਜੇਕਰ ਤੁਸੀਂ ਪਰਮੇਸ਼ੁਰ ਦੇ ਮਕਸਦ ਅਨੁਸਾਰ ਜੀਣ ਦੇ ਕੋਈ ਟੀਚੇ ਨਹੀਂ ਰੱਖੇ, ਤਾਂ ਦੂਸਰੇ ਕੰਮ-ਕਾਰ ਤੁਹਾਡਾ ਸਾਰਾ ਸਮਾਂ ਤੇ ਬਲ ਲੈ ਲੈਣਗੇ। ਤੁਸੀਂ ਸ਼ਤਾਨ ਦੀ ਦੁਨੀਆਂ ਦੀਆਂ ਬੇਕਾਰ ਚੀਜ਼ਾਂ ਲਈ ਆਪਣੀ ਕੀਮਤੀ ਜ਼ਿੰਦਗੀ ਬਰਬਾਦ ਕਿਉਂ ਕਰਨੀ ਚਾਹੁੰਦੇ ਹੋ? ਨੇੜਲੇ ਭਵਿੱਖ ਵਿਚ ਜਦ “ਵੱਡਾ ਕਸ਼ਟ” ਆਵੇਗਾ, ਤਾਂ ਧਨ-ਦੌਲਤ ਤੇ ਸ਼ੁਹਰਤ ਵਰਗੀਆਂ ਚੀਜ਼ਾਂ ਸਾਡਾ ਬਚਾਅ ਨਹੀਂ ਕਰ ਸਕਣਗੀਆਂ। ਸਾਡਾ ਬਚਾਅ ਸਿਰਫ਼ ਯਹੋਵਾਹ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਨਿਰਭਰ ਕਰਦਾ ਹੈ। ਉਸ ਸਮੇਂ ਅਸੀਂ ਕਿੰਨੇ ਧੰਨਵਾਦੀ ਹੋਵਾਂਗੇ ਕਿ ਅਸੀਂ ਪਰਮੇਸ਼ੁਰ ਤੇ ਦੂਸਰਿਆਂ ਦੀ ਸੇਵਾ ਕੀਤੀ ਅਤੇ ਪਰਮੇਸ਼ੁਰ ਦਾ ਮਕਸਦ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ!—ਮੱਤੀ 24:21; ਪਰਕਾਸ਼ ਦੀ ਪੋਥੀ 7:14, 15.
[ਫੁਟਨੋਟ]
^ ਪੈਰਾ 1 ਕੁਝ ਨਾਂ ਬਦਲੇ ਗਏ ਹਨ।
^ ਪੈਰਾ 1 ਯਹੋਵਾਹ ਦੇ ਗਵਾਹਾਂ ਦੁਆਰਾ ਬਣਾਇਆ ਗਿਆ।
ਕੀ ਤੁਸੀਂ ਸਮਝਾ ਸਕਦੇ ਹੋ?
• ਯਹੋਵਾਹ ਸਾਡੀ ਸੇਵਾ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
• ਸੰਤੁਲਨ ਰੱਖਣ ਨਾਲ ਪਰਮੇਸ਼ੁਰ ਤੇ ਦੂਸਰਿਆਂ ਦੀ ਸੇਵਾ ਕਰਨ ਵਿਚ ਸਾਡੀ ਕਿਵੇਂ ਮਦਦ ਹੁੰਦੀ ਹੈ?
• ਯਹੋਵਾਹ ਦੀ ਸੇਵਾ ਕਰਨ ਦੇ ਕਿਹੜੇ ਵੱਖੋ-ਵੱਖਰੇ ਤਰੀਕੇ ਹਨ?
• ਅਸੀਂ ਹੁਣ ਮਕਸਦ ਭਰੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ?
[ਸਵਾਲ]
[ਸਫ਼ਾ 23 ਉੱਤੇ ਤਸਵੀਰਾਂ]
ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਸਾਨੂੰ ਸੰਤੁਲਨ ਰੱਖਣ ਦੀ ਲੋੜ ਹੈ
[ਸਫ਼ਾ 24 ਉੱਤੇ ਤਸਵੀਰਾਂ]
ਯਹੋਵਾਹ ਦੀ ਸੇਵਾ ਕਰਨ ਦੇ ਅਨੇਕ ਤਰੀਕੇ ਹਨ