Skip to content

Skip to table of contents

“ਸਚਿਆਈ ਹੁੰਦੀ ਕੀ ਹੈ?”

“ਸਚਿਆਈ ਹੁੰਦੀ ਕੀ ਹੈ?”

“ਸਚਿਆਈ ਹੁੰਦੀ ਕੀ ਹੈ?”

ਇਹ ਸਵਾਲ ਰੋਮੀ ਗਵਰਨਰ ਪੁੰਤਿਯੁਸ ਪਿਲਾਤੁਸ ਨੇ ਯਿਸੂ ਨੂੰ ਪੁੱਛਿਆ ਸੀ। ਯਿਸੂ ਜਾਣਦਾ ਸੀ ਕਿ ਪਿਲਾਤੁਸ ਨੂੰ ਜਵਾਬ ਵਿਚ ਕੋਈ ਦਿਲਚਸਪੀ ਨਹੀਂ ਸੀ, ਇਸ ਲਈ ਉਸ ਨੇ ਪਿਲਾਤੁਸ ਨੂੰ ਜਵਾਬ ਦਿੱਤਾ ਹੀ ਨਹੀਂ। ਸ਼ਾਇਦ ਪਿਲਾਤੁਸ ਸੋਚਦਾ ਸੀ ਕਿ ਪਰਮ ਸੱਚ ਨੂੰ ਜਾਣਿਆ ਹੀ ਨਹੀਂ ਜਾ ਸਕਦਾ।—ਯੂਹੰਨਾ 18:38.

ਅੱਜ ਵੀ ਕਈ ਲੋਕਾਂ ਦਾ ਪਿਲਾਤੁਸ ਵਰਗਾ ਹੀ ਰਵੱਈਆ ਹੈ। ਉਹ ਕਹਿੰਦੇ ਹਨ ਕਿ ਸੱਚ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਸਿਆਸਤਦਾਨ, ਸਿੱਖਿਅਕ ਤੇ ਧਾਰਮਿਕ ਲੀਡਰ ਮੰਨਦੇ ਹਨ ਕਿ ਪਰਮ ਸੱਚ ਅਟੱਲ ਨਹੀਂ, ਸਗੋਂ ਮੌਸਮ ਵਾਂਗ ਬਦਲਦਾ ਰਹਿੰਦਾ ਹੈ। ਇਹੋ ਜਿਹੇ ਰਵੱਈਏ ਕਰਕੇ ਲੋਕ ਖ਼ੁਦ ਤੈਅ ਕਰਦੇ ਹਨ ਕਿ ਉਨ੍ਹਾਂ ਲਈ ਕੀ ਸਹੀ ਹੈ ਤੇ ਕੀ ਗ਼ਲਤ। (ਯਸਾਯਾਹ 5:20, 21) ਨਾਲ ਹੀ ਨੈਤਿਕ ਤੇ ਧਾਰਮਿਕ ਸੰਸਕਾਰਾਂ ਤੇ ਕਦਰਾਂ-ਕੀਮਤਾਂ ਨੂੰ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸਮਝ ਕੇ ਨਕਾਰਿਆ ਜਾ ਰਿਹਾ ਹੈ।

ਜ਼ਰਾ ਗੌਰ ਕਰੋ ਕਿ ਪਿਲਾਤੁਸ ਦੇ ਸਵਾਲ ਪੁੱਛਣ ਤੋਂ ਪਹਿਲਾਂ ਯਿਸੂ ਨੇ ਕੀ ਕਿਹਾ ਸੀ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਯਿਸੂ ਮੰਨਦਾ ਸੀ ਕਿ ਪਰਮ ਸੱਚ ਨੂੰ ਜਾਣਿਆ ਜਾ ਸਕਦਾ ਹੈ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਵਾਅਦਾ ਕੀਤਾ: ‘ਤੁਸੀਂ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।’—ਯੂਹੰਨਾ 8:32.

ਪਰ ਇਹ ਪਰਮ ਸੱਚ ਕਿਵੇਂ ਜਾਣਿਆ ਜਾ ਸਕਦਾ ਹੈ? ਇਕ ਮੌਕੇ ਤੇ ਯਿਸੂ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਿਆਂ ਕਿਹਾ: “ਤੇਰਾ ਬਚਨ ਸਚਿਆਈ ਹੈ।” (ਯੂਹੰਨਾ 17:17) ਪਰਮੇਸ਼ੁਰ ਦਾ ਬਚਨ ਬਾਈਬਲ ਵਿਚ ਪਾਇਆ ਜਾਂਦਾ ਹੈ। ਬਾਈਬਲ ਹੀ ਸੱਚ ਦਾ ਖ਼ਜ਼ਾਨਾ ਹੈ ਜਿਸ ਵਿੱਚੋਂ ਸਾਨੂੰ ਭਰੋਸੇਯੋਗ ਸੇਧ ਅਤੇ ਭਵਿੱਖ ਵਿਚ ਧਰਤੀ ਤੇ ਹਮੇਸ਼ਾ ਦੀ ਜ਼ਿੰਦਗੀ ਜੀਣ ਦੀ ਪੱਕੀ ਉਮੀਦ ਮਿਲਦੀ ਹੈ।—2 ਤਿਮੋਥਿਉਸ 3:15-17.

ਪਿਲਾਤੁਸ ਨੇ ਸੱਚ ਸਿੱਖਣ ਦੇ ਮੌਕੇ ਨੂੰ ਗੁਆ ਕੇ ਨਾਸਮਝੀ ਕੀਤੀ। ਪਰ ਤੁਹਾਡੇ ਬਾਰੇ ਕੀ? ਕਿਉਂ ਨਾ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨੂੰ ਪੁੱਛੋ ਕਿ ਉਹ “ਸਚਿਆਈ” ਹੈ ਕੀ ਜੋ ਯਿਸੂ ਨੇ ਸਿਖਾਈ ਸੀ? ਉਹ ਖ਼ੁਸ਼ੀ-ਖ਼ੁਸ਼ੀ ਤੁਹਾਨੂੰ ਇਸ ਬਾਰੇ ਦੱਸਣਗੇ।