Skip to content

Skip to table of contents

ਆਉਣ ਵਾਲੇ ਕੱਲ੍ਹ ਬਾਰੇ ਸੋਚੋ

ਆਉਣ ਵਾਲੇ ਕੱਲ੍ਹ ਬਾਰੇ ਸੋਚੋ

ਆਉਣ ਵਾਲੇ ਕੱਲ੍ਹ ਬਾਰੇ ਸੋਚੋ

“ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ।” ਯਿਸੂ ਮਸੀਹ ਨੇ ਗਲੀਲ ਦੀ ਇਕ ਪਹਾੜੀ ਉੱਤੇ ਬੈਠੇ ਲੋਕਾਂ ਨੂੰ ਇਹ ਸਲਾਹ ਦਿੱਤੀ ਸੀ। ਫਿਰ ਉਸ ਨੇ ਅੱਗੇ ਕਿਹਾ: “ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ।”—ਮੱਤੀ 6:34.

ਤੁਹਾਡੇ ਖ਼ਿਆਲ ਵਿਚ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ ਕਿ “ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ”? ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਕੱਲ੍ਹ ਬਾਰੇ ਨਹੀਂ, ਸਗੋਂ ਸਿਰਫ਼ ਅੱਜ ਬਾਰੇ ਸੋਚਣ ਦੀ ਲੋੜ ਹੈ? ਯਿਸੂ ਦੇ ਸ਼ਬਦਾਂ ਦਾ ਕੀ ਭਾਵ ਸੀ ਅਤੇ ਉਸ ਦੇ ਚੇਲੇ ਕੀ ਮੰਨਦੇ ਸਨ?

“ਚਿੰਤਾ ਨਾ ਕਰੋ”

ਤੁਸੀਂ ਯਿਸੂ ਦੀ ਪੂਰੀ ਗੱਲ ਮੱਤੀ 6:25-32 ਵਿਚ ਪੜ੍ਹ ਸਕਦੇ ਹੋ। ਉਸ ਨੇ ਕਿਹਾ: “ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ? . . . ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ। . . . ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸੱਕਦਾ ਹੈ? ਅਤੇ ਬਸਤ੍ਰ ਲਈ ਕਾਹਨੂੰ ਚਿੰਤਾ ਕਰਦੇ ਹੋ? ਜੰਗਲੀ ਸੋਸਨਾਂ ਨੂੰ ਵੇਖੋ ਜੋ ਓਹ ਕਿੱਕੁਰ ਵਧਦੇ ਹਨ। ਓਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ। . . . ਸੋ ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ।”

ਅਖ਼ੀਰ ਵਿਚ ਯਿਸੂ ਨੇ ਦੋ ਗੱਲਾਂ ਉੱਤੇ ਜ਼ੋਰ ਦਿੱਤਾ। ਪਹਿਲੀ ਸੀ: “ਤੁਸੀਂ ਪਹਿਲਾਂ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” ਦੂਜੀ ਗੱਲ ਸੀ: “ਸੋ ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਹੀ ਦਾ ਦੁਖ ਬਥੇਰਾ ਹੈ।”—ਮੱਤੀ 6:33, 34.

ਰੱਬ ਜਾਣਦਾ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ

ਯਾਦ ਰੱਖੋ ਕਿ ਯਿਸੂ ਦੇ ਕਈ ਚੇਲੇ ਕਿਸਾਨ ਸਨ। ਕੀ ਤੁਹਾਨੂੰ ਲੱਗਦਾ ਹੈ ਕਿ ਯਿਸੂ ਉਨ੍ਹਾਂ ਨੂੰ ‘ਬੀਜਣ, ਵੱਢਣ ਜਾਂ ਭੜਲਿਆਂ ਵਿਚ ਇਕੱਠਾ ਕਰਨ’ ਤੋਂ ਰੋਕ ਰਿਹਾ ਸੀ? ਕੀ ਉਹ ਕਹਿ ਰਿਹਾ ਸੀ ਕਿ ਉਸ ਦੇ ਚੇਲਿਆਂ ਨੂੰ ਕੱਪੜੇ ਲੈਣ ਵਾਸਤੇ ‘ਮਿਹਨਤ ਕਰਨ ਤੇ ਕੱਤਣ’ ਦੀ ਲੋੜ ਨਹੀਂ? (ਕਹਾਉਤਾਂ 21:5; 24:30-34; ਉਪਦੇਸ਼ਕ ਦੀ ਪੋਥੀ 11:4) ਉਹ ਦਾ ਇਹ ਮਤਲਬ ਨਹੀਂ ਸੀ। ਜੇ ਉਸ ਦੇ ਚੇਲੇ ਕੰਮ ਨਾ ਕਰਦੇ, ਤਾਂ ਉਨ੍ਹਾਂ ਨੂੰ ‘ਵਾਢੀਆਂ ਦੇ ਦਿਨੀਂ ਮੰਗਣਾ’ ਪੈਣਾ ਸੀ ਤੇ ਉਨ੍ਹਾਂ ਕੋਲ ਨਾ ਕੁਝ  ਖਾਣ ਤੇ ਨਾ ਕੁਝ ਪਹਿਨਣ ਲਈ ਹੋਣਾ ਸੀ।—ਕਹਾਉਤਾਂ 20:4.

ਚਿੰਤਾ ਕਰਨ ਬਾਰੇ ਕੀ? ਕੀ ਯਿਸੂ ਕਹਿ ਰਿਹਾ ਸੀ ਕਿ ਉਸ ਦੇ ਸੁਣਨ ਵਾਲਿਆਂ ਨੂੰ ਕਦੀ ਕੋਈ ਚਿੰਤਾ ਨਹੀਂ ਕਰਨੀ ਪਾਵੇਗੀ? ਨਹੀਂ, ਇਹ ਗੱਲ ਨਹੀਂ ਸੀ। ਯਿਸੂ ਤਾਂ ਖ਼ੁਦ ਆਪਣੀ ਗਿਰਫ਼ਤਾਰੀ ਦੀ ਰਾਤ ਬਹੁਤ ਦੁਖੀ  ਹੋਇਆ ਸੀ ਤੇ ਉਸ ਨੇ ਚਿੰਤਾ ਵੀ ਕੀਤੀ ਸੀ।—ਲੂਕਾ 22:44.

ਯਿਸੂ ਇਹੀ ਕਹਿ ਰਿਹਾ ਸੀ ਕਿ ਵਾਧੂ ਚਿੰਤਾ ਕਰਨ ਨਾਲ ਤੁਹਾਡੀਆਂ ਮੁਸ਼ਕਲਾਂ ਖ਼ਤਮ ਨਹੀਂ ਹੋਣਗੀਆਂ। ਮਿਸਾਲ ਲਈ, ਚਿੰਤਾ ਤੁਹਾਡੀ ਉਮਰ ਨਹੀਂ ਵਧਾ ਸਕਦੀ। ਤਾਹੀਓਂ ਯਿਸੂ ਨੇ ਪੁੱਛਿਆ ਸੀ: “ਉਹ ਕਿਹੜਾ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸੱਕਦਾ ਹੈ?” (ਮੱਤੀ 6:27) ਅਸਲ ਵਿਚ ਜੇ ਕਿਸੇ ਗੱਲ ਦੀ ਚਿੰਤਾ ਸਾਨੂੰ ਖਾਈ ਜਾਵੇ, ਤਾਂ ਸਾਡੇ ਲਈ ਇਹ ਜਾਨਲੇਵਾ ਵੀ ਹੋ ਸਕਦੀ ਹੈ।

ਯਿਸੂ ਦੀ ਸਲਾਹ ਬਹੁਤ ਵਧੀਆ ਹੈ। ਕਈ ਵਾਰ ਜਿਨ੍ਹਾਂ ਗੱਲਾਂ ਦੀ ਚਿੰਤਾ ਸਾਨੂੰ ਸਤਾਉਂਦੀ ਰਹਿੰਦੀ ਹੈ, ਉਹ ਕਦੀ ਹੁੰਦੀਆਂ ਹੀ ਨਹੀਂ। ਇੰਗਲੈਂਡ ਦੇ ਨੇਤਾ ਵਿੰਸਟਨ ਚਰਚਿਲ ਨੂੰ ਦੂਜੇ ਵਿਸ਼ਵ ਯੁੱਧ ਦੇ ਦੁੱਖਦਾਈ ਸਮੇਂ ਦੌਰਾਨ ਇਸ ਗੱਲ ਦਾ ਅਹਿਸਾਸ ਹੋਇਆ ਸੀ। ਉਸ ਸਮੇਂ ਬਾਰੇ ਉਸ ਨੇ ਲਿਖਿਆ: “ਜਦ ਮੈਂ ਪਿੱਛੇ ਝਾਤੀ ਮਾਰਦਾ ਹਾਂ, ਤਾਂ ਮੈਨੂੰ ਯਾਦ ਹੈ ਕਿ ਮੈਂ ਕਈ ਗੱਲਾਂ ਦੀ ਚਿੰਤਾ ਕਰਦਾ ਹੁੰਦਾ ਸੀ। ਪਰ ਮੈਨੂੰ ਇਕ ਆਦਮੀ ਦੀ ਕਹਾਣੀ ਨਹੀਂ ਭੁੱਲਦੀ ਜਿਸ ਨੇ ਆਪਣੀ ਮੌਤ ਤੋਂ ਪਹਿਲਾਂ ਦੱਸਿਆ ਕਿ ਉਸ ਨੇ ਕਈ ਗੱਲਾਂ ਦੀ ਚਿੰਤਾ ਕੀਤੀ  ਜੋ ਕਦੀ ਹੋਈਆਂ ਹੀ ਨਹੀਂ।” ਤਾਂ ਫਿਰ ਬੁੱਧੀਮਤਾ ਦੀ ਗੱਲ  ਹੋਵੇਗੀ ਜੇ ਅਸੀਂ ਅੱਜ ਦੀ ਚਿੰਤਾ ਹੀ ਕਰੀਏ, ਖ਼ਾਸ ਕਰ ਕੇ ਜਦ ਸਾਡੇ ਸਾਮ੍ਹਣੇ ਮੁਸ਼ਕਲਾਂ ਦਾ ਪਹਾੜ ਖੜ੍ਹਾ ਹੁੰਦਾ ਹੈ। ਇਸ  ਤਰ੍ਹਾਂ ਅਸੀਂ ਬਿਨਾਂ ਵਜ੍ਹਾ ਕੱਲ੍ਹ ਬਾਰੇ ਚਿੰਤਾ ਨਹੀਂ ਕਰਾਂਗੇ।

‘ਪਹਿਲਾਂ ਪਰਮੇਸ਼ੁਰ ਦੇ ਰਾਜ ਨੂੰ ਭਾਲੋ’

ਯਿਸੂ ਬੇਵਜ੍ਹਾ ਚਿੰਤਾ ਕਰਨ ਨਾਲ ਆਉਣ ਵਾਲੀਆਂ ਮੁਸ਼ਕਲਾਂ ਦੀ ਗੱਲ ਨਹੀਂ ਕਰ ਰਿਹਾ ਸੀ। ਉਹ ਜਾਣਦਾ ਸੀ ਕਿ ਘਰ ਦਾ ਗੁਜ਼ਾਰਾ ਤੋਰਨ ਦੀ ਚਿੰਤਾ ਅਤੇ ਵੱਧ ਤੋਂ ਵੱਧ ਚੀਜ਼ਾਂ ਇਕੱਠੀਆਂ ਕਰਨ ਤੇ ਐਸ਼ ਦੀ ਜ਼ਿੰਦਗੀ ਜੀਣ ਦੀ ਇੱਛਾ ਕਰਕੇ ਜ਼ਰੂਰੀ ਕੰਮਾਂ ਤੋਂ ਸਾਡਾ ਧਿਆਨ ਭਟਕ ਸਕਦਾ ਹੈ। (ਫ਼ਿਲਿੱਪੀਆਂ 1:10) ਤੁਸੀਂ ਸ਼ਾਇਦ ਕਹੋ ਕਿ ‘ਘਰ ਦਾ ਗੁਜ਼ਾਰਾ ਤੋਰਨ ਨਾਲੋਂ ਹੋਰ ਕਿਹੜੀ ਚੀਜ਼ ਜ਼ਰੂਰੀ ਹੋ ਸਕਦੀ ਹੈ?’ ਇਕ ਅਜਿਹੀ ਚੀਜ਼ ਹੈ। ਉਹ ਹੈ ਰੱਬ ਦੀ ਭਗਤੀ। ਯਿਸੂ ਨੇ ਕਿਹਾ ਸੀ ਕਿ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ‘ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੀਏ।’—ਮੱਤੀ 6:33.

ਯਿਸੂ ਦੇ ਜ਼ਮਾਨੇ ਵਿਚ ਕਈ ਲੋਕ ਧਨ-ਦੌਲਤ ਜੋੜਨ ਵਿਚ ਲੱਗੇ ਹੋਏ ਸਨ ਤੇ ਇਹੀ ਉਨ੍ਹਾਂ ਲਈ ਸਭ ਕੁਝ ਸੀ। ਪਰ ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕੁਝ ਹੋਰ ਕਰਨ ਲਈ ਕਿਹਾ ਸੀ। ਯਹੂਦੀ ਲੋਕਾਂ ਨੇ ਪਰਮੇਸ਼ੁਰ ਨੂੰ ਆਪਣਾ ਸਾਰਾ ਕੁਝ ਅਰਪਣ ਕੀਤਾ ਹੋਇਆ ਸੀ। ਇਸ ਕਰਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ‘ਪਰਮੇਸ਼ੁਰ ਕੋਲੋਂ ਡਰਨਾ ਅਤੇ ਉਹ ਦੀਆਂ ਆਗਿਆਂ ਨੂੰ ਮੰਨਣਾ’ ਸਭ ਤੋਂ ਜ਼ਰੂਰੀ ਹੋਣਾ ਚਾਹੀਦਾ ਸੀ।—ਉਪਦੇਸ਼ਕ ਦੀ ਪੋਥੀ 12:13.

ਜੇ ਲੋਕ ਧਨ-ਦੌਲਤ ਦੇ ਮਗਰ ਲੱਗੇ ਰਹਿੰਦੇ, ਤਾਂ ਉਹ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਨਹੀਂ ਦੇ ਸਕਦੇ ਸਨ। “ਇਸ ਜੁਗ ਦੀ ਚਿੰਤਾ ਅਤੇ ਧਨ ਦਾ ਧੋਖਾ” ਉਨ੍ਹਾਂ ਦੀ ਨਿਹਚਾ ਨੂੰ ਨਸ਼ਟ ਕਰ ਸਕਦੇ ਸਨ। (ਮੱਤੀ 13:22) ਪੌਲੁਸ ਰਸੂਲ ਨੇ ਲਿਖਿਆ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।” (1 ਤਿਮੋਥਿਉਸ 6:9) ਇਸ “ਫਾਹੀ” ਤੋਂ ਬਚਣ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਯਾਦ ਕਰਾਇਆ ਕਿ ਰੱਬ ਜਾਣਦਾ ਹੈ ਕਿ ਉਨ੍ਹਾਂ ਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਸੀ। ਉਹ ਉਨ੍ਹਾਂ ਦੀ ਦੇਖ-ਭਾਲ ਕਰੇਗਾ ਜਿਵੇਂ ਉਹ “ਅਕਾਸ਼ ਦੇ ਪੰਛੀਆਂ” ਦੀ ਦੇਖ-ਭਾਲ ਕਰਦਾ ਹੈ। (ਮੱਤੀ 6:26, 32) ਫ਼ਿਕਰਾਂ ਵਿਚ ਡੁੱਬਣ ਦੀ ਬਜਾਇ ਉਨ੍ਹਾਂ ਨੂੰ ਉਹ ਕਰਨਾ ਚਾਹੀਦਾ ਸੀ ਜੋ ਉਹ ਕਰ ਸਕਦੇ ਸਨ ਤੇ ਬਾਕੀ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਣਾ ਚਾਹੀਦਾ ਸੀ।—ਫ਼ਿਲਿੱਪੀਆਂ 4:6, 7.

ਜਦ ਯਿਸੂ ਨੇ ਕਿਹਾ ਸੀ ਕਿ “ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ,” ਤਾਂ ਇਸ ਦਾ ਮਤਲਬ ਸੀ ਕਿ ਸਾਨੂੰ ਕੱਲ੍ਹ ਬਾਰੇ ਵਾਧੂ ਚਿੰਤਾ ਨਹੀਂ ਕਰਨੀ ਚਾਹੀਦੀ। ਬਾਈਬਲ ਦਾ ਇਕ ਹੋਰ ਤਰਜਮਾ ਕਹਿੰਦਾ ਹੈ: “ਇਸ ਲਈ ਕੱਲ ਦੀ ਚਿੰਤਾ ਨਾ ਕਰੋ, ਕਲ ਆਪ ਆਪਣੀ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਦਾ ਦੁੱਖ ਹੀ ਬਹੁਤ ਹੈ।”—ਮੱਤੀ 6:34, ਪਵਿੱਤਰ ਬਾਈਬਲ ਨਵਾਂ ਅਨੁਵਾਦ।

“ਤੇਰਾ ਰਾਜ ਆਵੇ”

ਕੱਲ੍ਹ ਬਾਰੇ ਜ਼ਿਆਦਾ ਚਿੰਤਾ ਨਾ ਕਰਨ ਤੇ ਇਸ ਬਾਰੇ ਬਿਲਕੁਲ ਨਾ ਸੋਚਣ ਵਿਚ ਬਹੁਤ ਫ਼ਰਕ ਹੈ। ਯਿਸੂ ਆਪਣੇ ਚੇਲਿਆਂ ਨੂੰ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਕੱਲ੍ਹ ਬਾਰੇ ਬਿਲਕੁਲ ਨਾ ਸੋਚਣ। ਇਸ ਦੀ ਬਜਾਇ ਉਸ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਭਵਿੱਖ ਵਿਚ ਦਿਲਚਸਪੀ ਲੈਣ। ਉਹ ਆਪਣੀਆਂ ਅੱਜ ਦੀਆਂ ਲੋੜਾਂ ਬਾਰੇ ਪ੍ਰਾਰਥਨਾ ਤਾਂ ਕਰ ਸਕਦੇ ਸਨ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਆਉਣ ਬਾਰੇ ਤੇ ਧਰਤੀ ਉੱਤੇ ਉਸ ਦੀ ਮਰਜ਼ੀ ਪੂਰੀ ਹੋਣ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਸੀ।—ਮੱਤੀ 6:9-11.

ਸਾਨੂੰ ਨੂਹ ਦੇ ਜ਼ਮਾਨੇ ਦੇ ਲੋਕਾਂ ਵਰਗੇ ਨਹੀਂ ਬਣਨਾ ਚਾਹੀਦਾ। ਬਾਈਬਲ ਕਹਿੰਦੀ ਹੈ ਕਿ ਉਸ ਜ਼ਮਾਨੇ ਦੇ “ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ।” ਉਹ ਆਪਣੇ ਹੀ ਕੰਮਾਂ ਵਿਚ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਨੇ ਧਿਆਨ ਨਾ ਦਿੱਤਾ ਕਿ ਕੀ ਹੋਣ ਵਾਲਾ ਸੀ। ਇਸ ਦਾ ਨਤੀਜਾ ਕੀ ਨਿਕਲਿਆ? ‘ਪਰਲੋ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਗਈ।’ (ਮੱਤੀ 24:36-42) ਪਤਰਸ ਰਸੂਲ ਨੇ ਵੀ ਇਸ ਘਟਨਾ ਦੀ ਮਿਸਾਲ ਦੇ ਕੇ ਸਾਨੂੰ ਯਾਦ ਦਿਲਾਇਆ ਕਿ ਸਾਨੂੰ ਕੱਲ੍ਹ ਬਾਰੇ ਸੋਚਣਾ ਚਾਹੀਦਾ ਹੈ। ਉਸ ਨੇ ਲਿਖਿਆ: “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।”—2 ਪਤਰਸ 3:5-7, 11, 12.

ਸਵਰਗ ਵਿਚ ਧਨ ਜੋੜੋ

ਆਓ ਆਪਾਂ ਪਰਮੇਸ਼ੁਰ ਦੇ ਦਿਨ ਨੂੰ “ਲੋਚਦੇ” ਰਹੀਏ। ਇਹ ਇਸ ਗੱਲ ਤੇ ਅਸਰ ਪਾਵੇਗਾ ਕਿ ਅਸੀਂ ਆਪਣਾ ਸਮਾਂ ਕਿਸ ਤਰ੍ਹਾਂ ਵਰਤਦੇ ਹਾਂ ਤੇ ਅਸੀਂ ਕਿਨ੍ਹਾਂ ਕੰਮਾਂ ਵਿਚ ਆਪਣਾ ਤਨ-ਮਨ-ਧਨ ਲਾਉਂਦੇ ਹਾਂ। ਸਾਨੂੰ ਸਿਰਫ਼ ਰੋਜ਼ੀ-ਰੋਟੀ ਕਮਾਉਣ ਜਾਂ ਜ਼ਿੰਦਗੀ ਦਾ ਮਜ਼ਾ ਲੈਣ ਵਿਚ ਇੰਨੇ ਰੁੱਝੇ ਨਹੀਂ ਹੋਣਾ ਚਾਹੀਦਾ ਕਿ ਸਾਡੇ ਕੋਲ ਪਰਮੇਸ਼ੁਰ ਦੀ ਭਗਤੀ ਕਰਨ ਦਾ ਸਮਾਂ ਹੀ ਨਾ ਰਹੇ। ਸਿਰਫ਼ ਅੱਜ ਉੱਤੇ ਜ਼ੋਰ ਦੇਣ ਨਾਲ ਸਾਨੂੰ ਸ਼ਾਇਦ ਕੁਝ ਫ਼ਾਇਦਾ ਤਾਂ ਹੋਵੇ, ਪਰ ਇਹ ਸਿਰਫ਼ ਅੱਜ ਲਈ ਹੀ ਹੋਵੇਗਾ। ਯਿਸੂ ਦੇ ਕਹੇ ਅਨੁਸਾਰ ਚੰਗਾ ਹੋਵੇਗਾ ਜੇ ਅਸੀਂ ਧਰਤੀ ਉੱਤੇ ਨਹੀਂ, ਸਗੋਂ “ਸੁਰਗ ਵਿੱਚ ਆਪਣੇ ਲਈ ਧਨ” ਜੋੜੀਏ।—ਮੱਤੀ 6:19, 20.

ਇਸ ਦੇ ਸੰਬੰਧ ਵਿਚ ਯਿਸੂ ਨੇ ਇਕ ਅਜਿਹੇ ਆਦਮੀ ਦੀ ਕਹਾਣੀ ਦੱਸੀ ਜੋ ਭਵਿੱਖ ਲਈ ਤਿਆਰੀਆਂ ਕਰ ਰਿਹਾ ਸੀ। ਪਰ ਇਨ੍ਹਾਂ ਤਿਆਰੀਆਂ ਵਿਚ ਉਹ ਰੱਬ ਨੂੰ ਭੁੱਲ ਬੈਠਾ ਸੀ। ਇਸ ਆਦਮੀ ਦੀ ਜ਼ਮੀਨ ਬਹੁਤ ਉਪਜਾਊ ਸੀ। ਇਸ ਲਈ ਉਸ ਨੇ ਆਪਣੇ ਪੁਰਾਣੇ ਕੋਠੇ ਢਾਹ ਕੇ ਹੋਰ ਵੱਡੇ ਕੋਠੇ ਬਣਵਾਏ ਤਾਂਕਿ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਸਕੇ। ਇਸ ਵਿਚ ਕੀ ਖ਼ਰਾਬੀ ਸੀ? ਆਪਣੀ ਮਿਹਨਤ ਦਾ ਫਲ ਪਾਉਣ ਤੋਂ ਪਹਿਲਾਂ ਹੀ ਉਹ ਮਰ ਗਿਆ। ਪਰ ਇਸ ਤੋਂ ਵੀ ਮਾੜੀ ਗੱਲ ਇਹ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਨਾਲ ਰਿਸ਼ਤਾ ਨਹੀਂ ਕਾਇਮ ਕੀਤਾ ਸੀ। ਯਿਸੂ ਨੇ ਅਖ਼ੀਰ ਵਿਚ ਕਿਹਾ: “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।”—ਲੂਕਾ 12:15-21; ਕਹਾਉਤਾਂ 19:21.

ਤੁਸੀਂ ਕੀ ਕਰ ਸਕਦੇ ਹੋ?

ਤੁਸੀਂ ਇਸ ਆਦਮੀ ਵਾਂਗ ਗ਼ਲਤੀ ਨਾ ਕਰਿਓ। ਪਤਾ ਕਰੋ ਕਿ ਕੱਲ੍ਹ ਲਈ ਰੱਬ ਦਾ ਕੀ ਮਕਸਦ ਹੈ ਤੇ ਉਸ ਨਾਲ ਰਿਸ਼ਤਾ ਕਾਇਮ ਕਰੋ। ਰੱਬ ਨੇ ਇਨਸਾਨਾਂ ਨੂੰ ਹਨੇਰੇ ਵਿਚ ਨਹੀਂ ਰੱਖਿਆ, ਉਹ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਲਈ ਕੀ ਕਰਨ ਵਾਲਾ ਹੈ। ਪੁਰਾਣੇ ਜ਼ਮਾਨੇ ਦੇ ਆਮੋਸ ਨਬੀ ਨੇ ਲਿਖਿਆ: “ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।” (ਆਮੋਸ 3:7) ਜੋ ਕੁਝ ਯਹੋਵਾਹ ਨੇ ਆਪਣੇ ਨਬੀਆਂ ਨੂੰ ਦੱਸਿਆ ਉਹ ਸਭ ਉਸ ਨੇ ਆਪਣੇ ਬਚਨ ਬਾਈਬਲ ਵਿਚ ਲਿਖਵਾਇਆ ਹੈ।—2 ਤਿਮੋਥਿਉਸ 3:16, 17.

ਬਾਈਬਲ ਸਾਨੂੰ ਦੱਸਦੀ ਹੈ ਕਿ ਨੇੜਲੇ ਭਵਿੱਖ ਵਿਚ ਅਜਿਹੀ ਘਟਨਾ ਹੋਣ ਵਾਲੀ ਹੈ ਜਿਸ ਦਾ ਅਸਰ ਸਾਰੀ ਧਰਤੀ ਉੱਤੇ ਪਵੇਗਾ। ਯਿਸੂ ਨੇ ਕਿਹਾ ਸੀ: “ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਕੋਈ ਵੀ ਇਨਸਾਨ ਇਸ ਘਟਨਾ ਨੂੰ ਰੋਕ ਨਹੀਂ ਸਕਦਾ। ਦਰਅਸਲ ਪਰਮੇਸ਼ੁਰ ਦੇ ਭਗਤ ਇਸ ਨੂੰ ਰੋਕਣਾ ਵੀ ਨਹੀਂ ਚਾਹੁੰਦੇ। ਕਿਉਂ? ਕਿਉਂਕਿ ਇਸ ਘਟਨਾ ਰਾਹੀਂ ਧਰਤੀ ਉੱਤੋਂ ਸਾਰੀ ਬੁਰਾਈ ਖ਼ਤਮ ਕੀਤੀ ਜਾਵੇਗੀ ਤੇ “ਨਵਾਂ ਅਕਾਸ਼ ਅਤੇ ਨਵੀਂ ਧਰਤੀ” ਸਥਾਪਿਤ ਕੀਤੀ ਜਾਵੇਗੀ। ਕਹਿਣ ਦਾ ਮਤਲਬ ਕਿ ਪਰਮੇਸ਼ੁਰ ਦੀ ਸਵਰਗੀ ਹਕੂਮਤ ਧਰਤੀ ਤੇ ਬਰਕਤਾਂ ਲਿਆਵੇਗੀ। ਉਸ ਨਵੇਂ ਸੰਸਾਰ ਵਿਚ ਰੱਬ ਲੋਕਾਂ ਦੀਆਂ “ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।”—ਪਰਕਾਸ਼ ਦੀ ਪੋਥੀ 21:1-4.

ਤਾਂ ਫਿਰ ਕੀ ਸਾਨੂੰ ਸਮਾਂ ਕੱਢ ਕੇ ਇਹ ਨਹੀਂ ਦੇਖਣਾ ਚਾਹੀਦਾ ਕਿ ਬਾਈਬਲ ਸਾਡੇ ਭਵਿੱਖ ਬਾਰੇ ਕੀ-ਕੀ ਕਹਿੰਦੀ ਹੈ? ਕੀ ਤੁਹਾਨੂੰ ਇਸ ਤਰ੍ਹਾਂ ਕਰਨ ਲਈ ਮਦਦ ਚਾਹੀਦੀ ਹੈ? ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰਨ ਲਈ ਤਿਆਰ ਹਨ। ਤੁਸੀਂ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖ ਸਕਦੇ ਹੋ। ਸਾਡੀ ਉਮੀਦ ਹੈ ਕਿ ਤੁਸੀਂ ਸਿਰਫ਼ ਅੱਜ ਲਈ ਨਹੀਂ, ਸਗੋਂ ਉਸ ਕੱਲ੍ਹ ਲਈ ਵੀ ਜੀਓ ਜਦ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਵੇਗੀ।

[ਸਫ਼ਾ 7 ਉੱਤੇ ਤਸਵੀਰਾਂ]

“ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ”