Skip to content

Skip to table of contents

ਖ਼ੁਸ਼ੀ ਦਾ ਪੈਗਾਮ ਲੈ ਜਾਣ ਲਈ ਚੁਣੌਤੀਆਂ ਪਾਰ ਕਰਨੀਆਂ

ਖ਼ੁਸ਼ੀ ਦਾ ਪੈਗਾਮ ਲੈ ਜਾਣ ਲਈ ਚੁਣੌਤੀਆਂ ਪਾਰ ਕਰਨੀਆਂ

ਖ਼ੁਸ਼ੀ ਦਾ ਪੈਗਾਮ ਲੈ ਜਾਣ ਲਈ ਚੁਣੌਤੀਆਂ ਪਾਰ ਕਰਨੀਆਂ

ਸਾਡਾ ਟਰੱਕ ਨਾਕੇ ਤੇ ਪਹੁੰਚਿਆ। ਇਸ ਨਾਕੇ ਤੇ ਤਕਰੀਬਨ 60 ਹਥਿਆਰਬੰਦ ਆਦਮੀ, ਤੀਵੀਆਂ ਤੇ ਮੁੰਡੇ ਸਨ। ਕਈਆਂ ਨੇ ਵਰਦੀ ਪਾਈ ਹੋਈ ਸੀ ਤੇ ਕਈਆਂ ਨੇ ਸਾਧਾਰਣ ਕੱਪੜੇ। ਕਈਆਂ ਕੋਲ ਆਟੋਮੈਟਿਕ ਹਥਿਆਰ ਸਨ। ਇੱਦਾਂ ਲੱਗਦਾ ਸੀ ਜਿੱਦਾਂ ਉਹ ਸਾਡੀ ਹੀ ਉਡੀਕ ਕਰ ਰਹੇ ਸਨ।

ਅਸੀਂ ਚਾਰ ਦਿਨਾਂ ਤੋਂ ਸਫ਼ਰ ਕਰ ਰਹੇ ਸਾਂ। ਟਰੱਕ ਵਿਚ ਦਸ ਟਨ ਬਾਈਬਲ ਸਾਹਿੱਤ ਸੀ। ਸਾਡੇ ਮਨਾਂ ਵਿਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ। ਕੀ ਉਹ ਸਾਨੂੰ ਨਾਕਾ ਪਾਰ ਕਰਨ ਦੇਣਗੇ? ਕੀ ਉਹ ਸਾਡੇ ਤੋਂ ਪੈਸੇ ਮੰਗਣਗੇ? ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਕਰਾਉਣ ਵਿਚ ਕਿੰਨਾ ਸਮਾਂ ਲੱਗੇਗਾ ਕਿ ਲੜਾਈ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ?

ਇਕ ਆਦਮੀ ਨੇ ਸਾਨੂੰ ਡਰਾਉਣ ਲਈ ਹਵਾ ਵਿਚ ਗੋਲੀਆਂ ਚਲਾਈਆਂ। ਉਸ ਦੀ ਨਜ਼ਰ ਸਾਡੇ ਮੋਬਾਇਲ ਫ਼ੋਨਾਂ ਤੇ ਪਈ ਤੇ ਉਸ ਨੇ ਸਾਨੂੰ ਫ਼ੋਨ ਉਸ ਦੇ ਹਵਾਲੇ ਕਰਨ ਲਈ ਕਿਹਾ। ਜਦੋਂ ਅਸੀਂ ਫ਼ੋਨ ਦੇਣ ਤੋਂ ਹਿਚਕਿਚਾਏ, ਤਾਂ ਉਸ ਨੇ ਆਪਣੇ ਗਲੇ ਤੇ ਉਂਗਲ ਰੱਖ ਕੇ ਇਸ਼ਾਰਾ ਕੀਤਾ ਕਿ ਜੇ ਅਸੀਂ ਫ਼ੋਨ ਨਾ ਦਿੱਤੇ, ਤਾਂ ਸਾਡੇ ਗਲ ਵੱਢ ਦਿੱਤੇ ਜਾਣਗੇ। ਅਸੀਂ ਉਸੇ ਵੇਲੇ ਉਸ ਨੂੰ ਫ਼ੋਨ ਦੇ ਦਿੱਤੇ।

ਅਚਾਨਕ ਇਕ ਤੀਵੀਂ ਆਪਣੀ ਬੰਦੂਕ ਲੈ ਕੇ ਸਾਡੇ ਕੋਲ ਆਈ। ਉਹ “ਸੈਕਟਰੀ” ਸੀ ਤੇ ਚਾਹੁੰਦੀ ਸੀ ਕਿ ਅਸੀਂ ਉਸ ਨੂੰ ਵੀ ਕੁਝ ਦੇਈਏ। ਇਸ ਵੇਲੇ ਘਰੇਲੂ ਜੰਗ ਲੱਗੀ ਹੋਣ ਕਰਕੇ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਲ ਹੈ ਤੇ ਲੋਕ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਹੱਥ ਪਾਉਣ ਲਈ ਤਿਆਰ ਹਨ। ਫਿਰ ਇਕ ਹੋਰ ਫ਼ੌਜੀ ਸਾਡੇ ਟਰੱਕ ਦਾ ਟੈਂਕ ਖੋਲ੍ਹ ਕੇ ਕੈਨ ਵਿਚ ਡੀਜ਼ਲ ਭਰਨ ਲੱਗਾ। ਸਾਡੇ ਇਤਰਾਜ਼ ਕਰਨ ਤੇ ਉਸ ਨੇ ਕਿਹਾ ਕਿ ਉਹ ਤਾਂ ਸਿਰਫ਼ ਸਾਹਬ ਦਾ ਹੁਕਮ ਮੰਨ ਰਿਹਾ ਸੀ। ਅਸੀਂ ਕੁਝ ਨਹੀਂ ਕਰ ਸਕਦੇ ਸਾਂ। ਅਸੀਂ ਇਹੀ ਸੋਚ ਰਹੇ ਸਾਂ ਕਿ ਦੂਜੇ ਵੀ ਨਾ ਡੀਜ਼ਲ ਕੱਢ ਲੈਣ।

ਅਖ਼ੀਰ ਫਾਟਕ ਖੁੱਲ੍ਹਿਆ ਤੇ ਅਸੀਂ ਆਪਣੇ ਰਾਹੇ ਪੈ ਗਏ। ਮੈਂ ਤੇ ਮੇਰੇ ਸਾਥੀਆਂ ਨੇ ਸੁੱਖ ਦਾ ਸਾਹ ਲਿਆ। ਅਸੀਂ ਬਹੁਤ ਡਰੇ ਹੋਏ ਸਾਂ, ਪਰ ਸਾਨੂੰ ਇਹੋ ਜਿਹੇ ਨਾਕਿਆਂ ਰਾਹੀਂ ਵਾਰ-ਵਾਰ ਲੰਘਣਾ ਪੈਂਦਾ ਹੈ। ਅਪ੍ਰੈਲ 2002 ਤੋਂ ਲੈ ਕੇ ਜਨਵਰੀ 2004 ਤਕ ਅਸੀਂ ਕੈਮਰੂਨ ਦੀ ਬੰਦਰਗਾਹ ਡੂਆਲਾ ਤੋਂ ਕੇਂਦਰੀ ਅਫ਼ਰੀਕੀ ਗਣਰਾਜ ਦੀ ਰਾਜਧਾਨੀ ਬਾਂਗੀ 18 ਵਾਰ ਗਏ। ਖ਼ਤਰਿਆਂ ਨਾਲ ਭਰੇ ਇਸ 1,600 ਕਿਲੋਮੀਟਰ ਲੰਬੇ ਸਫ਼ਰ ਤੇ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਕੀ ਹੋ ਜਾਵੇ। *

ਜੋਸਫ਼ ਤੇ ਏਮਾਨਵੈਲ ਨਾਂ ਦੇ ਡ੍ਰਾਈਵਰ ਅਕਸਰ ਟਰੱਕ ਲੈ ਕੇ ਜਾਂਦੇ ਹਨ। ਉਹ ਦੱਸਦੇ ਹਨ: “ਇਹ ਸਫ਼ਰ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਚੁੱਪ ਚਾਪ ਦਿਲ ਵਿਚ ਪ੍ਰਾਰਥਨਾਵਾਂ ਕਰਨੀਆਂ ਤੇ ਸ਼ਾਂਤ ਰਹਿਣਾ ਬਹੁਤ ਜ਼ਰੂਰੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ, ‘ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈ?’ ਅਸੀਂ ਵੀ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ। ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਯਹੋਵਾਹ ਸਾਡੀ ਰਾਖੀ ਕਰੇਗਾ ਕਿਉਂਕਿ ਅਸੀਂ ਖ਼ੁਸ਼ੀ ਦਾ ਪੈਗਾਮ ਦੇਣ ਲਈ ਇਹ ਸਫ਼ਰ ਤੈਅ ਕਰਦੇ ਹਾਂ।”—ਜ਼ਬੂਰਾਂ ਦੀ ਪੋਥੀ 56:11.

ਪਰਮੇਸ਼ੁਰ ਦੇ ਰਾਜ ਦਾ ਗਿਆਨ ਦੇਣ ਦਾ ਅੰਤਰਰਾਸ਼ਟਰੀ ਜਤਨ

ਅਫ਼ਰੀਕਾ ਦੇ ਇਸ ਹਿੱਸੇ ਵਿਚ ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਖ਼ੁਸ਼ ਹੁੰਦੇ ਹਨ। ਅਸੀਂ ਜੋ ਸਾਹਿੱਤ ਲੈ ਕੇ ਜਾਂਦੇ ਹਾਂ, ਉਹ ਲੋਕਾਂ ਦੀ “ਆਤਮਕ ਲੋੜ” ਪੂਰੀ ਕਰਨ ਲਈ ਤਿਆਰ ਕੀਤਾ ਜਾਂਦਾ ਹੈ। (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ; 24:14) ਡੂਆਲਾ ਸ਼ਹਿਰ ਵਿਚ ਸਥਿਤ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਕੈਮਰੂਨ ਅਤੇ ਚਾਰ ਗੁਆਂਢੀ ਦੇਸ਼ਾਂ ਵਿਚ 30,000 ਤੋਂ ਜ਼ਿਆਦਾ ਗਵਾਹਾਂ ਅਤੇ ਦਿਲਚਸਪੀ ਰੱਖਣ ਵਾਲਿਆਂ ਨੂੰ ਬਾਕਾਇਦਾ ਸਾਹਿੱਤ ਸਪਲਾਈ ਕਰਦਾ ਹੈ।

ਇਹ ਸਾਹਿੱਤ ਪਹਿਲਾਂ ਹੀ ਕਾਫ਼ੀ ਲੰਬਾ ਸਫ਼ਰ ਤੈ ਕਰ ਚੁੱਕਾ ਹੁੰਦਾ ਹੈ। ਸਾਹਿੱਤ ਇੰਗਲੈਂਡ, ਇਟਲੀ, ਸਪੇਨ, ਜਰਮਨੀ ਤੇ ਫਿਨਲੈਂਡ ਵਿਚ ਛਾਪਿਆ ਜਾਂਦਾ ਹੈ। ਫਿਰ ਫਰਾਂਸ ਤੋਂ ਇਸ ਨੂੰ ਸਮੁੰਦਰੀ ਜਹਾਜ਼ ਰਾਹੀਂ ਕੈਮਰੂਨ ਪਹੁੰਚਾਇਆ ਜਾਂਦਾ ਹੈ। ਲਗਭਗ ਹਰ ਦੋ ਹਫ਼ਤਿਆਂ ਬਾਅਦ ਡੂਆਲਾ ਦੀ ਬੰਦਰਗਾਹ ਤੇ ਸਾਹਿੱਤ ਨਾਲ ਭਰਿਆ ਇਕ ਕਨਟੇਨਰ ਪਹੁੰਚਦਾ ਹੈ।

ਇਹ ਕਨਟੇਨਰ ਟਰੱਕ ਤੇ ਲੱਦ ਕੇ ਬ੍ਰਾਂਚ ਆਫ਼ਿਸ ਲਿਆਇਆ ਜਾਂਦਾ ਹੈ। ਫਿਰ ਸ਼ਿਪਿੰਗ ਡਿਪਾਰਟਮੈਂਟ ਵਿਚ ਸਾਹਿੱਤ ਨੂੰ ਵੱਖਰੇ-ਵੱਖਰੇ ਇਲਾਕਿਆਂ ਦੇ ਆਰਡਰ ਮੁਤਾਬਕ ਅਲੱਗ ਕੀਤਾ ਜਾਂਦਾ ਹੈ। ਕੈਮਰੂਨ ਤੇ ਗੁਆਂਢੀ ਦੇਸ਼ਾਂ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਤਕ ਸਾਹਿੱਤ ਪਹੁੰਚਾਉਣਾ ਸੌਖਾ ਕੰਮ ਨਹੀਂ ਹੈ। ਪਰ ਇਹ ਕੰਮ ਵੀ “ਧਰਤੀ ਦੇ ਬੰਨੇ ਤੀਕੁਰ” ਖ਼ੁਸ਼ ਖ਼ਬਰੀ ਪਹੁੰਚਾਉਣ ਦੇ ਕੰਮ ਦਾ ਹਿੱਸਾ ਹੈ। (ਰਸੂਲਾਂ ਦੇ ਕਰਤੱਬ 1:8) ਸਾਹਿੱਤ ਪਹੁੰਚਾਉਣ ਦੇ ਇਸ ਕੰਮ ਲਈ ਬ੍ਰਾਂਚ ਵਾਲੰਟੀਅਰਾਂ ਉੱਤੇ ਨਿਰਭਰ ਹੈ ਜੋ ਖ਼ੁਸ਼ੀ-ਖ਼ੁਸ਼ੀ ਦੂਸਰਿਆਂ ਦੀ ਮਦਦ ਕਰਨ ਲਈ ਇਹ ਖ਼ਤਰਨਾਕ ਸਫ਼ਰ ਕਰਦੇ ਹਨ। ਇਸ ਤਰ੍ਹਾਂ ਅਫ਼ਰੀਕਾ ਦੇ ਅੰਦਰੂਨੀ ਇਲਾਕਿਆਂ ਦੇ ਲੱਖਾਂ ਲੋਕਾਂ ਨੂੰ ਬਾਕਾਇਦਾ ਸਾਹਿੱਤ ਮਿਲਦਾ ਹੈ।

ਆਓ ਆਪਾਂ ਸਫ਼ਰ ਤੇ ਚੱਲੀਏ

ਕੈਮਰੂਨ, ਗੈਬਾਨ, ਚਾਡ, ਭੂ-ਮੱਧ ਗਿਨੀ ਅਤੇ ਮੱਧ ਅਫ਼ਰੀਕਨ ਗਣਰਾਜ ਵਾਸਤੇ ਸਾਹਿੱਤ ਟਰੱਕਾਂ ਵਿਚ ਘੱਲਿਆ ਜਾਂਦਾ ਹੈ। ਆਓ ਆਪਾਂ ਸਾਹਿੱਤ ਲੈ ਜਾ ਰਹੇ ਇਕ ਟਰੱਕ ਵਿਚ ਡ੍ਰਾਈਵਰਾਂ ਨਾਲ ਚਲੀਏ। ਕਲਪਨਾ ਕਰੋ ਕਿ ਤੁਸੀਂ ਡ੍ਰਾਈਵਰਾਂ ਨਾਲ ਬੈਠੇ ਹੋ ਤੇ ਇਸ ਔਖੇ ਸਫ਼ਰ ਤੇ ਜਾਣ ਲਈ ਤਿਆਰ ਹੋ। ਸਫ਼ਰ ਤੈਅ ਕਰਨ ਲਈ ਦਸ ਕੁ ਦਿਨ ਲੱਗਣਗੇ।

ਸਫ਼ਰ ਦੌਰਾਨ ਛੇ ਡ੍ਰਾਈਵਰ ਵਾਰੀ-ਵਾਰੀ ਟਰੱਕ ਚਲਾਉਂਦੇ ਹਨ। ਡ੍ਰਾਈਵਰ ਤਕੜੇ, ਕਾਬਲ, ਧੀਰਜਵਾਨ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਦੇ ਕੱਪੜੇ ਵੀ ਸਾਫ਼-ਸੁਥਰੇ ਹੋਣੇ ਚਾਹੀਦੇ ਹਨ। ਉਹ ਜਾਂ ਤਾਂ ਅਫ਼ਰੀਕੀ ਪਹਿਰਾਵਾ ਪਾਉਂਦੇ ਹਨ ਜਾਂ ਫਿਰ ਕਮੀਜ਼ ਤੇ ਟਾਈ। ਕਈ ਕਸਟਮ ਅਧਿਕਾਰੀਆਂ ਨੇ ਕਿਹਾ ਹੈ: “ਇਸ ਸਾਫ਼-ਸੁਥਰੇ ਟਰੱਕ ਤੇ ਡ੍ਰਾਈਵਰਾਂ ਵੱਲ ਦੇਖੋ। ਇਹ ਬਿਲਕੁਲ ਉੱਦਾਂ ਦੇ ਨਜ਼ਰ ਆਉਂਦੇ ਹਨ ਜਿੱਦਾਂ ਦੇ ਇਨ੍ਹਾਂ ਦੇ ਸਾਹਿੱਤ ਵਿਚ ਛਪੀਆਂ ਫ਼ੋਟੋਆਂ ਵਿਚ।” ਇਨ੍ਹਾਂ ਡ੍ਰਾਈਵਰਾਂ ਦੇ ਪਹਿਰਾਵੇ ਨਾਲੋਂ ਵੀ ਜ਼ਿਆਦਾ ਮਹੱਤਵਪੂਰਣ ਹੈ ਦੂਸਰਿਆਂ ਦੀ ਮਦਦ ਕਰਨ ਲਈ ਇਨ੍ਹਾਂ ਡ੍ਰਾਈਵਰਾਂ ਦੀ ਕਿਤੇ ਵੀ ਜਾਣ ਦੀ ਇੱਛਾ।—ਜ਼ਬੂਰਾਂ ਦੀ ਪੋਥੀ 110:3.

ਅਸੀਂ ਡੂਆਲਾ ਤੋਂ ਸਵੇਰੇ ਛੇ ਵਜੇ ਸੂਰਜ ਚੜ੍ਹਨ ਤੋਂ ਪਹਿਲਾਂ ਚੱਲ ਪੈਂਦੇ ਹਾਂ ਤਾਂਕਿ ਇਸ ਵੱਡੇ ਸ਼ਹਿਰ ਦੇ ਭਾਰੀ ਟ੍ਰੈਫਿਕ ਤੋਂ ਬਚਿਆ ਜਾ ਸਕੇ। ਬ੍ਰਾਂਚ ਆਫ਼ਿਸ ਦੇ ਨੇੜੇ ਇਕ ਪੁਲ ਪਾਰ ਕਰਨ ਤੋਂ ਬਾਅਦ ਭੀੜ-ਭੜੱਕੇ ਵਾਲੇ ਸ਼ਹਿਰ ਵਿੱਚੋਂ ਨਿਕਲ ਕੇ ਅਸੀਂ ਗੱਡੀ ਆਪਣੀ ਪਹਿਲੀ ਮੰਜ਼ਲ ਕੈਮਰੂਨ ਦੀ ਰਾਜਧਾਨੀ ਯਾਓਂਡੇ ਵੱਲ ਮੋੜ ਲੈਂਦੇ ਹਾਂ।

ਸਾਰੇ ਛੇ ਡ੍ਰਾਈਵਰ ਤੁਹਾਨੂੰ ਦੱਸਣਗੇ ਕਿ ਦਸ ਟਨ ਕਿਤਾਬਾਂ ਨਾਲ ਭਰੀ ਗੱਡੀ ਚਲਾਉਣੀ ਕਿੰਨੀ ਔਖੀ ਹੁੰਦੀ ਹੈ। ਤਿੰਨ ਦਿਨ ਤਾਂ ਪੱਕੀਆਂ ਸੜਕਾਂ ਤੇ ਕੋਈ ਜ਼ਿਆਦਾ ਸਮੱਸਿਆ ਨਹੀਂ ਆਈ। ਪਰ ਫੇਰ ਵੀ ਧਿਆਨ ਨਾਲ ਗੱਡੀ ਚਲਾਉਣੀ ਪੈਂਦੀ ਹੈ। ਲਓ ਜੀ, ਜ਼ੋਰ-ਜ਼ੋਰ ਨਾਲ ਮੀਂਹ ਪੈਣ ਲੱਗ ਪਿਆ ਹੈ। ਹੁਣ ਕੱਚੀਆਂ ਸੜਕਾਂ ਵੀ ਸ਼ੁਰੂ ਹੋ ਗਈਆਂ ਹਨ। ਮੀਂਹ ਕਰਕੇ ਚੰਗੀ ਤਰ੍ਹਾਂ ਦਿੱਸਦਾ ਨਹੀਂ, ਸੜਕਾਂ ਤੇ ਵੀ ਤਿਲਕਣ ਹੋ ਗਈ ਹੈ ਤੇ ਟੋਏ ਹੋਣ ਕਰਕੇ ਸਾਨੂੰ ਹੌਲੀ-ਹੌਲੀ ਜਾਣਾ ਪੈ ਰਿਹਾ ਹੈ। ਸ਼ਾਮ ਦਾ ਘੁਸਮੁਸਾ ਵੀ ਹੋ ਰਿਹਾ ਹੈ। ਸੋ ਅਸੀਂ ਗੱਡੀ ਰੋਕਦੇ ਹਾਂ ਤੇ ਰੋਟੀ-ਪਾਣੀ ਖਾ ਕੇ ਗੱਡੀ ਵਿਚ ਹੀ ਬੈਠੇ-ਬੈਠੇ ਸੌਂ ਜਾਂਦੇ ਹਾਂ। ਟਰੱਕਾਂ ਵਾਲਿਆਂ ਦੀ ਜ਼ਿੰਦਗੀ ਤਾਂ ਇੱਦਾਂ ਦੀ ਹੁੰਦੀ ਆ!

ਅਗਲੇ ਦਿਨ ਤੜਕੇ ਅਸੀਂ ਗੱਡੀ ਫੇਰ ਤੋਰ ਲਈ ਹੈ। ਇਕ ਜਣਾ ਸੜਕ ਤੇ ਨਿਗਾਹ ਰੱਖਦਾ ਹੈ। ਜੇ ਗੱਡੀ ਕਿਸੇ ਖਾਲ ਦੇ ਨੇੜੇ ਚਲੀ ਜਾਂਦੀ ਹੈ, ਤਾਂ ਉਹ ਝੱਟ ਡ੍ਰਾਈਵਰ ਨੂੰ ਖ਼ਬਰਦਾਰ ਕਰ ਦਿੰਦਾ ਹੈ। ਡ੍ਰਾਈਵਰਾਂ ਨੂੰ ਪਤਾ ਕਿ ਜੇ ਗੱਡੀ ਖਾਲ ਵਿਚ ਚਲੀ ਗਈ, ਫੇਰ ਤਾਂ ਸਮਝੋ ਕਈ ਦਿਨ ਲੱਗਣਗੇ ਗੱਡੀ ਕੱਢਣ ਨੂੰ। ਬਾਰਡਰ ਪਾਰ ਕਰ ਕੇ ਮੱਧ ਅਫ਼ਰੀਕਨ ਗਣਰਾਜ ਵਿਚ ਵੜਨ ਤੋਂ ਬਾਅਦ ਵੀ ਸੜਕਾਂ ਦੀ ਹਾਲਤ ਖ਼ਸਤਾ ਹੀ ਹੈ। ਅਗਲੇ 650 ਕਿਲੋਮੀਟਰ ਤਕ ਅਸੀਂ ਹਰੇ-ਹਰੇ ਪਹਾੜੀ ਇਲਾਕਿਆਂ ਵਿੱਚੋਂ ਦੀ ਲੰਘਦੇ ਹਾਂ। ਸਾਨੂੰ ਦੇਖ ਕੇ ਪਿੰਡਾਂ ਵਿਚ ਬੱਚਿਆਂ, ਬਜ਼ੁਰਗਾਂ ਤੇ ਕੁੱਛੜ ਨਿਆਣੇ ਚੁੱਕੀ ਮਾਵਾਂ ਨੇ ਹੱਥ ਹਿਲਾਏ। ਘਰੇਲੂ ਜੰਗ ਲੱਗੀ ਹੋਣ ਕਰਕੇ ਅੱਜ-ਕੱਲ੍ਹ ਸੜਕਾਂ ਉੱਤੇ ਕਾਰਾਂ ਘੱਟ ਹੀ ਨਜ਼ਰ ਆਉਂਦੀਆਂ ਹਨ, ਇਸ ਲਈ ਲੋਕ ਸਾਨੂੰ ਬੜੀ ਉਤਸੁਕਤਾ ਨਾਲ ਦੇਖਦੇ ਹਨ।

ਮਜ਼ੇਦਾਰ ਤਜਰਬੇ

ਜ਼ਾਨਵੇ ਨਾਂ ਦਾ ਡ੍ਰਾਈਵਰ ਦੱਸਦਾ ਹੈ ਕਿ ਸਫ਼ਰ ਦੌਰਾਨ ਉਨ੍ਹਾਂ ਕੋਲ ਕਿਤੇ ਰੁਕਣ ਦਾ ਜ਼ਿਆਦਾ ਸਮਾਂ ਤਾਂ ਨਹੀਂ ਹੁੰਦਾ, ਫਿਰ ਵੀ ਉਹ ਛੋਟੇ-ਛੋਟੇ ਪਿੰਡਾਂ ਵਿਚ ਆਰਾਮ ਕਰਨ ਤੇ ਬਾਈਬਲ ਸਾਹਿੱਤ ਵੰਡਣ ਲਈ ਰੁਕਦੇ ਹਨ। ਉਹ ਯਾਦ ਕਰਦਿਆਂ ਦੱਸਦਾ ਹੈ: “ਬਾਬੁਆ ਦੇ ਇਕ ਹਸਪਤਾਲ ਵਿਚ ਕੰਮ ਕਰਨ ਵਾਲਾ ਇਕ ਬੰਦਾ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣ ਦਾ ਬਹੁਤ ਚਾਹਵਾਨ ਸੀ। ਸੋ ਬਾਬੁਆ ਪਹੁੰਚਣ ਤੇ ਅਸੀਂ ਹਮੇਸ਼ਾ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਅਤੇ ਉਸ ਨਾਲ ਬਾਈਬਲ ਦਾ ਅਧਿਐਨ ਕਰਦੇ ਸਾਂ। ਇਕ ਦਿਨ ਅਸੀਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਨੂਹ ਬਾਰੇ ਵਿਡਿਓ ਦਿਖਾਇਆ। ਉਸ ਦੇ ਦੋਸਤ ਤੇ ਗੁਆਂਢੀ ਵੀ ਆਏ ਤੇ ਘਰ ਲੋਕਾਂ ਨਾਲ ਭਰ ਗਿਆ। ਸਾਰਿਆਂ ਨੇ ਨੂਹ ਬਾਰੇ ਸੁਣਿਆ ਹੋਇਆ ਸੀ, ਹੁਣ ਉਹ ਉਸ ਦੀ ਕਹਾਣੀ ਟੈਲੀਵਿਯਨ ਤੇ ਦੇਖ ਸਕਦੇ ਸਨ। ਵਿਡਿਓ ਦਿਖਾਉਣ ਲਈ ਉਨ੍ਹਾਂ ਨੇ ਸਾਡਾ ਧੰਨਵਾਦ ਕਰਨ ਵਾਸਤੇ ਦਾਅਵਤ ਦਾ ਇੰਤਜ਼ਾਮ ਕੀਤਾ ਤੇ ਰਾਤ ਉੱਥੇ ਰੁਕਣ ਲਈ ਜ਼ੋਰ ਪਾਇਆ। ਭਾਵੇਂ ਸਾਨੂੰ ਉਸੇ ਰਾਤ ਉੱਥੋਂ ਤੁਰਨਾ ਪਿਆ, ਪਰ ਉਨ੍ਹਾਂ ਦੀ ਕਦਰਦਾਨੀ ਦੇਖ ਕੇ ਸਾਨੂੰ ਬਹੁਤ ਚੰਗਾ ਲੱਗਾ। ਅਸੀਂ ਖ਼ੁਸ਼ ਸਾਂ ਕਿ ਅਸੀਂ ਇਨ੍ਹਾਂ ਹਲੀਮ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੇ।”

ਈਜ਼ਰਾਏਲ ਨਾਂ ਦਾ ਦੂਜਾ ਡ੍ਰਾਈਵਰ ਇਕ ਹੋਰ ਸਫ਼ਰ ਦੇ ਕਿੱਸੇ ਸੁਣਾਉਂਦਾ ਹੈ ਜਦੋਂ ਉਨ੍ਹਾਂ ਨੇ ਬਾਂਗੀ ਸ਼ਹਿਰ ਸਾਹਿੱਤ ਪਹੁੰਚਾਉਣਾ ਸੀ। ਉਹ ਦੱਸਦਾ ਹੈ: “ਜਦੋਂ ਅਸੀਂ ਬਾਂਗੀ ਦੇ ਲਾਗੇ ਪਹੁੰਚੇ, ਤਾਂ ਰਾਹ ਵਿਚ ਜਗ੍ਹਾ-ਜਗ੍ਹਾ ਨਾਕਾਬੰਦੀ ਕੀਤੀ ਹੋਈ ਸੀ। ਖ਼ੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਫ਼ੌਜੀ ਸਾਨੂੰ ਜਾਣਦੇ ਸਨ ਕਿਉਂਕਿ ਅਸੀਂ ਪਹਿਲਾਂ ਵੀ ਉਨ੍ਹਾਂ ਨੂੰ ਮਿਲ ਚੁੱਕੇ ਸਾਂ। ਉਨ੍ਹਾਂ ਨੇ ਸਾਨੂੰ ਬਿਠਾਇਆ ਤੇ ਕਿਤਾਬਾਂ-ਰਸਾਲੇ ਲਏ। ਉਨ੍ਹਾਂ ਲਈ ਕਿਤਾਬ ਬੜੀ ਕੀਮਤੀ ਹੈ, ਇਸ ਲਈ ਉਹ ਇਸ ਉੱਤੇ ਆਪਣਾ ਨਾਂ, ਤਾਰੀਖ਼ ਤੇ ਦੇਣ ਵਾਲੇ ਦਾ ਨਾਂ ਲਿਖ ਲੈਂਦੇ ਹਨ। ਕਈ ਫ਼ੌਜੀਆਂ ਦੇ ਰਿਸ਼ਤੇਦਾਰ ਯਹੋਵਾਹ ਦੇ ਗਵਾਹ ਸਨ, ਸੋ ਇਸ ਕਰਕੇ ਵੀ ਉਹ ਸਾਡੇ ਨਾਲ ਠੀਕ ਤਰ੍ਹਾਂ ਪੇਸ਼ ਆਏ।”

ਸਾਰਿਆਂ ਤੋਂ ਤਜਰਬੇਕਾਰ ਡ੍ਰਾਈਵਰ ਜੋਸਫ਼ ਦੱਸਦਾ ਹੈ ਕਿ ਸਫ਼ਰ ਦੌਰਾਨ ਸਭ ਤੋਂ ਜ਼ਿਆਦਾ ਖ਼ੁਸ਼ੀ ਆਪਣੀ ਮੰਜ਼ਲ ਤੇ ਪਹੁੰਚ ਕੇ ਹੁੰਦੀ ਹੈ। ਜਦੋਂ ਉਹ ਪਹਿਲਾਂ ਬਾਂਗੀ ਆਇਆ ਸੀ, ਉਸ ਬਾਰੇ ਉਹ ਦੱਸਦਾ ਹੈ: “ਬਾਂਗੀ ਤੋਂ ਕੁਝ ਮੀਲ ਪਹਿਲਾਂ ਅਸੀਂ ਭਰਾਵਾਂ ਨੂੰ ਟੈਲੀਫ਼ੋਨ ਕਰ ਕੇ ਦੱਸ ਦਿੱਤਾ ਕਿ ਅਸੀਂ ਜਲਦੀ ਹੀ ਪਹੁੰਚ ਰਹੇ ਸਾਂ। ਉਹ ਸਾਨੂੰ ਲੈਣ ਆਏ ਤੇ ਸਰਕਾਰੀ ਕਾਗਜ਼-ਪੱਤਰ ਤਿਆਰ ਕਰਵਾਏ। ਬ੍ਰਾਂਚ ਆਫ਼ਿਸ ਪਹੁੰਚਣ ਤੇ ਸਾਰੇ ਜਣੇ ਬਾਹਰ ਆਏ ਅਤੇ ਜੱਫੀਆਂ ਪਾ ਕੇ ਸਾਡਾ ਸੁਆਗਤ ਕੀਤਾ। ਨੇੜੇ ਦੀਆਂ ਕਲੀਸਿਯਾਵਾਂ ਦੇ ਭੈਣ-ਭਰਾ ਮਦਦ ਕਰਨ ਵਾਸਤੇ ਆਏ ਤੇ ਉਨ੍ਹਾਂ ਨੇ ਕੁਝ ਹੀ ਘੰਟਿਆਂ ਵਿਚ ਬਾਈਬਲਾਂ, ਕਿਤਾਬਾਂ, ਪੁਸਤਿਕਾਵਾਂ ਤੇ ਰਸਾਲਿਆਂ ਨਾਲ ਭਰੇ ਸੈਂਕੜੇ ਡੱਬੇ ਲਾਹ ਕੇ ਡਿਪੂ ਵਿਚ ਟਿਕਾ ਦਿੱਤੇ।”

ਜੋਸਫ਼ ਅੱਗੇ ਦੱਸਦਾ ਹੈ: “ਕਈ ਵਾਰ ਅਸੀਂ ਕਾਂਗੋ ਲੋਕਤੰਤਰੀ ਗਣਰਾਜ ਦੇ ਭੈਣ-ਭਰਾਵਾਂ ਵਾਸਤੇ ਦਾਨ ਕੀਤੇ ਕੱਪੜੇ, ਜੁੱਤੀਆਂ ਤੇ ਨਿਆਣਿਆਂ ਲਈ ਚੀਜ਼ਾਂ ਲੈ ਕੇ ਆਉਂਦੇ ਹਾਂ। ਭੈਣਾਂ-ਭਰਾਵਾਂ ਦੇ ਚਿਹਰਿਆਂ ਤੇ ਮੁਸਕਾਨ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ!”

ਇਕ ਦਿਨ ਆਰਾਮ ਕਰਨ ਤੋਂ ਬਾਅਦ ਅਸੀਂ ਜਿਸ ਰਾਹੇ ਆਏ ਸੀ, ਉਸੇ ਰਾਹ ਗੱਡੀ ਮੋੜ ਲੈਂਦੇ ਹਾਂ। ਅੱਗੇ ਮੁਸ਼ਕਲਾਂ ਹਨ, ਪਰ ਇਸ ਮਜ਼ੇਦਾਰ ਤਜਰਬੇ ਦੇ ਅੱਗੇ ਇਹ ਸਾਰੀਆਂ ਮੁਸ਼ਕਲਾਂ ਕੁਝ ਵੀ ਨਹੀਂ ਹਨ।

ਮੀਂਹ ਵਿਚ ਖ਼ਸਤਾ ਹਾਲ ਸੜਕਾਂ ਉੱਤੇ ਲੰਬਾ ਸਫ਼ਰ ਕਰਨ ਵਿਚ ਬਹੁਤ ਪਰੇਸ਼ਾਨੀ ਹੁੰਦੀ ਹੈ। ਰਾਹ ਵਿਚ ਕਦੀ-ਕਦੀ ਟਾਇਰ ਪੈਂਚਰ ਹੋ ਜਾਂਦਾ ਹੈ ਜਾਂ ਗੱਡੀ ਖ਼ਰਾਬ ਹੋ ਜਾਂਦੀ ਹੈ। ਅੱਖੜ ਫ਼ੌਜੀ ਵੀ ਘੱਟ ਪਰੇਸ਼ਾਨ ਨਹੀਂ ਕਰਦੇ। ਪਰ ਇਨ੍ਹਾਂ ਡ੍ਰਾਈਵਰਾਂ ਨੂੰ ਹੋਰ ਕਿਸੇ ਚੀਜ਼ ਤੋਂ ਇੰਨੀ ਖ਼ੁਸ਼ੀ ਨਹੀਂ ਹੁੰਦੀ ਜਿੰਨੀ ਅਫ਼ਰੀਕਾ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਖ਼ੁਸ਼ੀ ਦਾ ਪੈਗਾਮ ਪਹੁੰਚਾ ਕੇ ਅਤੇ ਲੋਕਾਂ ਉੱਤੇ ਇਸ ਦੇ ਚੰਗੇ ਅਸਰਾਂ ਨੂੰ ਦੇਖ ਕੇ ਹੁੰਦੀ ਹੈ।

ਉਦਾਹਰਣ ਲਈ, ਇਨ੍ਹਾਂ ਡ੍ਰਾਈਵਰਾਂ ਦੁਆਰਾ ਪਹੁੰਚਾਏ ਸਾਹਿੱਤ ਸਦਕਾ ਮੱਧ ਅਫ਼ਰੀਕਨ ਗਣਰਾਜ ਦੇ ਇਕ ਪਿੰਡ ਵਿਚ ਜੋ ਕਿ ਸੂਡਾਨ ਦੇ ਬਾਰਡਰ ਦੇ ਲਾਗੇ ਹੈ, ਹੁਣ ਇਕ ਆਦਮੀ ਆਪਣੀ ਭਾਸ਼ਾ ਵਿਚ ਸੌਖੇ ਅਨੁਵਾਦ ਵਾਲੀ ਬਾਈਬਲ ਪੜ੍ਹਦਾ ਹੈ। ਉਸ ਦੀ ਪਤਨੀ ਪਹਿਰਾਬੁਰਜ ਦੇ ਨਵੇਂ ਅੰਕ ਪੜ੍ਹਦੀ ਹੈ ਅਤੇ ਉਨ੍ਹਾਂ ਦੇ ਬੱਚੇ ਮਹਾਨ ਸਿੱਖਿਅਕ ਤੋਂ ਸਿੱਖੋ ਕਿਤਾਬ ਤੋਂ ਚੰਗੀਆਂ ਗੱਲਾਂ ਸਿੱਖ ਰਹੇ ਹਨ। * ਪਿੰਡਾਂ ਵਿਚ ਹੋਰ ਬਹੁਤ ਸਾਰੇ ਗਵਾਹਾਂ ਨੂੰ ਵੱਡੇ ਸ਼ਹਿਰਾਂ ਵਿਚ ਰਹਿੰਦੇ ਆਪਣੇ ਭਰਾਵਾਂ ਵਾਂਗ ਅਧਿਆਤਮਿਕ ਭੋਜਨ ਮਿਲਦਾ ਹੈ। ਇਸ ਤੋਂ ਕਿੰਨੀ ਸੰਤੁਸ਼ਟੀ ਮਿਲਦੀ ਹੈ!

[ਫੁਟਨੋਟ]

^ ਪੈਰਾ 6 ਹੁਣ ਡੂਆਲਾ ਅਤੇ ਬਾਂਗੀ ਵਿਚਕਾਰ ਸੜਕਾਂ ਉੱਤੇ ਮੁਸਾਫ਼ਰਾਂ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ।

^ ਪੈਰਾ 25 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 9 ਉੱਤੇ ਨਕਸ਼ਾ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਕੈਮਰੂਨ

ਡੂਆਲਾ

ਮੱਧ ਅਫ਼ਰੀਕਨ ਗਣਰਾਜ

ਬਾਂਗੀ

[ਸਫ਼ਾ 9 ਉੱਤੇ ਤਸਵੀਰ]

ਜੋਸਫ਼

[ਸਫ਼ਾ 9 ਉੱਤੇ ਤਸਵੀਰ]

ਏਮਾਨਵੈਲ

[ਸਫ਼ਾ 10 ਉੱਤੇ ਤਸਵੀਰ]

ਬਾਂਗੀ ਵਿਚ ਮੱਧ ਅਫ਼ਰੀਕਨ ਗਣਰਾਜ ਦਾ ਬ੍ਰਾਂਚ ਆਫ਼ਿਸ

[ਸਫ਼ਾ 10 ਉੱਤੇ ਤਸਵੀਰ]

ਬਾਂਗੀ ਵਿਚ ਟਰੱਕ ਵਿੱਚੋਂ ਸਾਹਿੱਤ ਲਾਹੁੰਦੇ ਭੈਣ-ਭਰਾ