Skip to content

Skip to table of contents

“ਮੈਂ ਉਸ ਦੇ ਦ੍ਰਿੜ੍ਹ ਇਰਾਦੇ ਤੋਂ ਹੈਰਾਨ ਸੀ”

“ਮੈਂ ਉਸ ਦੇ ਦ੍ਰਿੜ੍ਹ ਇਰਾਦੇ ਤੋਂ ਹੈਰਾਨ ਸੀ”

“ਮੈਂ ਉਸ ਦੇ ਦ੍ਰਿੜ੍ਹ ਇਰਾਦੇ ਤੋਂ ਹੈਰਾਨ ਸੀ”

ਜਰਮਨ ਲੇਖਕ ਅਤੇ 1999 ਵਿਚ ਸਾਹਿੱਤ ਦੇ ਨੋਬਲ ਪੁਰਸਕਾਰ ਵਿਜੇਤਾ ਗੁਨਤਰ ਗ੍ਰਾਸ ਨੇ 2006 ਵਿਚ ਆਪਣੇ ਜੀਵਨ ਬਾਰੇ ਇਕ ਕਿਤਾਬ ਲਿਖੀ। ਇਸ ਕਿਤਾਬ ਵਿਚ ਉਹ ਉਸ ਸਮੇਂ ਬਾਰੇ ਦੱਸਦਾ ਹੈ ਜਦ ਉਸ ਨੂੰ ਹਿਟਲਰ ਦੀ ਫ਼ੌਜ ਵਿਚ ਭਰਤੀ ਕੀਤਾ ਗਿਆ ਸੀ। ਇਸ ਕਿਤਾਬ ਵਿਚ ਉਸ ਨੇ ਇਕ ਵਿਅਕਤੀ ਬਾਰੇ ਦੱਸਿਆ ਜੋ ਕਿ 60 ਸਾਲ ਬਾਅਦ ਵੀ ਉਸ ਨੂੰ ਯਾਦ ਹੈ। ਇਸ ਵਿਅਕਤੀ ਨੇ ਕਈ ਜ਼ੁਲਮ ਸਹਿਣ ਦੇ ਬਾਵਜੂਦ ਵੀ ਆਪਣੀ ਨਿਹਚਾ ਨੂੰ ਫੜੀ ਰੱਖਿਆ ਸੀ।

ਇਕ ਅਖ਼ਬਾਰ ਵਿਚ ਇੰਟਰਵਿਊ ਦਿੰਦੇ ਹੋਏ ਗ੍ਰਾਸ ਨੇ ਇਸ ਅਜੀਬ ਇਨਸਾਨ ਬਾਰੇ ਦੱਸਿਆ ਜੋ ਕਿਸੇ ਵਿਰੁੱਧ ਹਥਿਆਰ ਚੁੱਕਣ ਲਈ ਤਿਆਰ ਨਹੀਂ ਸੀ। ਉਹ ਕਹਿੰਦਾ ਹੈ ਕਿ ਲੋਕਾਂ ਦੇ ਪ੍ਰਭਾਵ ਦੇ ਬਾਵਜੂਦ ਵੀ ਉਹ ਨਾ ਨਾਜ਼ੀ, ਨਾ ਕਮਿਊਨਿਸਟ ਤੇ ਨਾ ਹੀ ਸੋਸ਼ਲਿਸ਼ਟ ਬਣਿਆ। ਉਹ ਯਹੋਵਾਹ ਦਾ ਗਵਾਹ ਸੀ। ਗ੍ਰਾਸ ਨੂੰ ਤਾਂ ਉਸ ਗਵਾਹ ਦਾ ਨਾਮ ਚੇਤੇ ਨਹੀਂ, ਲੇਕਿਨ ਯਹੋਵਾਹ ਦੇ ਗਵਾਹਾਂ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਉਸ ਦਾ ਨਾਮ ਯੋਆਕਿਮ ਅਲਫਰਮੈਨ ਸੀ। ਅਲਫਰਮੈਨ ਨੂੰ ਵਾਰ-ਵਾਰ ਕੁੱਟਿਆ ਤੇ ਜ਼ਲੀਲ ਕੀਤਾ ਗਿਆ ਸੀ। ਕਾਲ ਕੋਠੜੀ ਵਿਚ ਬੰਦ ਕੀਤੇ ਜਾਣ ਤੋਂ ਬਾਅਦ ਵੀ ਉਸ ਨੇ ਨਾ ਹਥਿਆਰ ਚੁੱਕਿਆ ਤੇ ਨਾ ਹੀ ਆਪਣਾ ਇਰਾਦਾ ਬਦਲਿਆ।

ਗ੍ਰਾਸ ਕਹਿੰਦਾ ਹੈ: “ਮੈਂ ਉਸ ਦੇ ਦ੍ਰਿੜ੍ਹ ਇਰਾਦਾ ਤੋਂ ਹੈਰਾਨ ਸੀ। ਮੈਂ ਆਪਣੇ ਆਪ ਤੋਂ ਪੁੱਛਿਆ: ਇਹ ਸਭ ਕੁਝ ਕਿਵੇਂ ਸਹਿ ਰਿਹਾ ਹੈ?” ਯਹੋਵਾਹ ਪ੍ਰਤੀ ਭਰਾ ਅਲਫਰਮੈਨ ਦੀ ਈਮਾਨਦਾਰੀ ਨੂੰ ਤੋੜਨ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਉਸ ਨੂੰ ਫਰਵਰੀ 1944 ਵਿਚ ਸਟੁਟਹੋਫ ਨਜ਼ਰਬੰਦੀ-ਕੈਂਪ ਭੇਜਿਆ ਗਿਆ। ਅਪ੍ਰੈਲ 1945 ਵਿਚ ਉਹ ਆਜ਼ਾਦ ਹੋ ਗਿਆ ਅਤੇ ਯੁੱਧ ਵਿੱਚੋਂ ਵੀ ਬਚ ਨਿਕਲਿਆ। 1998 ਵਿਚ ਆਪਣੀ ਮੌਤ ਤਕ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ।

ਜਰਮਨੀ ਤੇ ਹੋਰਨਾਂ ਦੇਸ਼ਾਂ ਵਿਚ ਭਰਾ ਅਲਫਰਮੈਨ ਵਾਂਗ ਤਕਰੀਬਨ 13,400 ਗਵਾਹ ਸਨ ਜਿਨ੍ਹਾਂ ਨੂੰ ਨਾਜ਼ੀਆਂ ਦੇ ਹੱਥੋਂ ਆਪਣੀ ਨਿਹਚਾ ਲਈ ਤਸੀਹੇ ਝੱਲਣੇ ਪਏ। ਇਨ੍ਹਾਂ ਨੇ ਬਾਈਬਲ ਦੀ ਸਲਾਹ ਅਨੁਸਾਰ ਕਿਸੇ ਵਿਰੁੱਧ ਹਥਿਆਰ ਨਹੀਂ ਚੁੱਕੇ ਅਤੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲਿਆ। (ਮੱਤੀ 26:52; ਯੂਹੰਨਾ 18:36) ਤਕਰੀਬਨ 4,200 ਗਵਾਹਾਂ ਨੂੰ ਨਜ਼ਰਬੰਦੀ-ਕੈਂਪਾਂ ਵਿਚ ਸੁੱਟਿਆ ਗਿਆ ਸੀ ਅਤੇ ਇਨ੍ਹਾਂ ਵਿੱਚੋਂ 1,490 ਗਵਾਹਾਂ ਨੇ ਆਪਣੀਆਂ ਜਾਨਾਂ ਗੁਆਈਆਂ। ਅੱਜ ਵੀ ਕਈ ਲੋਕ, ਜੋ ਯਹੋਵਾਹ ਦੇ ਗਵਾਹ ਨਹੀਂ ਹਨ, ਇਨ੍ਹਾਂ ਦੀ ਵਫ਼ਾਦਾਰੀ ਅਤੇ ਦ੍ਰਿੜ੍ਹਤਾ ਦੀ ਦਾਦ ਦਿੰਦੇ ਹਨ।

[ਸਫ਼ਾ 32 ਉੱਤੇ ਤਸਵੀਰ]

ਯੋਆਕਿਮ ਅਲਫਰਮੈਨ