Skip to content

Skip to table of contents

ਸਮੁੰਦਰੀ ਸਫ਼ਰ ਤੈ ਕਰਦੇ “ਕਿੱਤੀਆਂ ਦੇ ਜਹਾਜ਼”

ਸਮੁੰਦਰੀ ਸਫ਼ਰ ਤੈ ਕਰਦੇ “ਕਿੱਤੀਆਂ ਦੇ ਜਹਾਜ਼”

ਸਮੁੰਦਰੀ ਸਫ਼ਰ ਤੈ ਕਰਦੇ “ਕਿੱਤੀਆਂ ਦੇ ਜਹਾਜ਼”

ਪੂਰਬੀ ਭੂਮੱਧ ਸਾਗਰ ਵਿਚ ਕਈ ਜਹਾਜ਼ੀ ਜੰਗਾਂ ਲੜੀਆਂ ਗਈਆਂ ਹਨ। ਕਲਪਨਾ ਕਰੋ ਕਿ ਯਿਸੂ ਦੇ ਜ਼ਮਾਨੇ ਤੋਂ ਪੰਜ ਸਦੀਆਂ ਪਹਿਲਾਂ ਅਜਿਹੀ ਇਕ ਜੰਗ ਲੜੀ ਜਾ ਰਹੀ ਹੈ। ਤਿੰਨ ਪਾਲੀ ਚੱਪੂਆਂ ਵਾਲਾ ਯੂਨਾਨੀ ਜੰਗੀ ਜਹਾਜ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜਹਾਜ਼ ਦੇ ਦੋਵੇਂ ਪਾਸੇ ਲਗਭਗ 170 ਚੱਪੂ ਚਾਲਕ ਤਿੰਨ-ਤਿੰਨ ਪਾਲਾਂ ਵਿਚ ਚਮੜੇ ਦੀਆਂ ਗੱਦੀਆਂ ਤੇ ਬੈਠੇ ਹਨ। ਉਹ ਜ਼ੋਰ ਲਾ ਕੇ ਅੱਗੇ-ਪਿੱਛੇ ਚੱਪੂ ਚਲਾ ਰਹੇ ਹਨ।

ਇਹ ਜਹਾਜ਼ 13-17 ਕਿਲੋਮੀਟਰ ਦੀ ਰਫ਼ਤਾਰ ਨਾਲ ਪਾਣੀ ਨੂੰ ਚੀਰਦਾ ਹੋਇਆ ਇਕ ਦੁਸ਼ਮਣ ਕਿਸ਼ਤੀ ਵੱਲ ਵਧ ਰਿਹਾ ਹੈ! ਦੁਸ਼ਮਣਾਂ ਦੀ ਕਿਸ਼ਤੀ ਬਚਣ ਦੀ ਕੋਸ਼ਿਸ਼ ਕਰਦੀ ਹੈ। ਪਰ ਡਿੱਕੇ-ਡੋਲੇ ਖਾਂਦੀ ਹੋਈ ਉਹ ਖ਼ਤਰੇ ਵਿਚ ਪੈ ਜਾਂਦੀ ਹੈ। ਜੰਗੀ ਜਹਾਜ਼ ਦੀ ਕਾਂਸੀ ਦੀ ਨੋਕ ਇਸ ਕਿਸ਼ਤੀ ਦੇ ਪਾਸੇ ਵਿਚ ਠਾਹ ਵੱਜਦੀ ਹੈ! ਪਾਣੀ ਅੰਦਰ ਵਹਿਣ ਲੱਗਦਾ ਹੈ। ਇਹ ਦੇਖ ਕੇ ਚੱਪੂ ਚਾਲਕ ਡਰ ਨਾਲ ਕੰਬ ਉੱਠਦੇ ਹਨ। ਜੰਗੀ ਜਹਾਜ਼ ਤੋਂ ਹਥਿਆਰਬੰਦ ਸੈਨਿਕ ਕਿਸ਼ਤੀ ਉੱਤੇ ਚੜ੍ਹ ਕੇ ਦੁਸ਼ਮਣਾਂ ਤੇ ਵਰ੍ਹ ਪੈਂਦੇ ਹਨ। ਜੀ ਹਾਂ, ਕੁਝ ਪੁਰਾਣੇ ਜ਼ਮਾਨੇ ਦੇ ਜਹਾਜ਼ ਕਮਾਲ ਦੇ ਸਨ!

ਬਾਈਬਲ ਵਿਚ “ਕਿੱਤੀਮ” ਤੇ ‘ਕਿੱਤੀਆਂ ਦੇ ਜਹਾਜ਼ਾਂ’ ਬਾਰੇ ਗੱਲ ਕੀਤੀ ਗਈ ਹੈ ਤੇ ਬਾਈਬਲ ਪੜ੍ਹਨ ਵਾਲੇ ਇਨ੍ਹਾਂ ਗੱਲਾਂ ਵਿਚ ਬਹੁਤ ਦਿਲਚਸਪੀ ਲੈਂਦੇ ਹਨ। (ਗਿਣਤੀ 24:24; ਦਾਨੀਏਲ 11:30; ਯਸਾਯਾਹ 23:1) ਕਿੱਤੀਮ ਕਿੱਥੇ ਸੀ? ਅਸੀਂ ਇਨ੍ਹਾਂ ਜਹਾਜ਼ਾਂ ਬਾਰੇ ਕੀ ਜਾਣਦੇ ਹਾਂ? ਤੁਹਾਨੂੰ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਕਿੱਤੀਮ ਨੂੰ “ਹੇਥੀਮੋਸ” ਕਿਹਾ ਸੀ ਤੇ ਉਸ ਨੇ ਇਸ ਦਾ ਸੰਬੰਧ ਸਾਈਪ੍ਰਸ ਨਾਲ ਜੋੜਿਆ। ਇਸ ਟਾਪੂ ਦੇ ਦੱਖਣ-ਪੂਰਬ ਵੱਲ ਕੀਟੀਓਨ (ਜਾਂ ਸਿਸ਼ਮ) ਸ਼ਹਿਰ ਸੀ। ਇਹ ਸ਼ਹਿਰ ਕਿੱਤੀਮ ਨਾਲ ਸਾਈਪ੍ਰਸ ਦਾ ਸੰਬੰਧ ਹੋਰ ਵੀ ਪੱਕਾ ਕਰਦਾ ਹੈ। ਸਾਈਪ੍ਰਸ ਪ੍ਰਾਚੀਨ ਵਪਾਰੀ ਰਸਤਿਆਂ ਦੇ ਵਿਚਕਾਰ ਸੀ ਅਤੇ ਭੂਮੱਧ ਸਾਗਰ ਦੇ ਪੂਰਬੀ ਪਾਸੇ ਪੈਂਦੇ ਬੰਦਰਗਾਹਾਂ ਦੇ ਨਜ਼ਦੀਕ ਸੀ। ਇਸ ਕਰਕੇ ਕਈ ਵਾਰ ਸਾਈਪ੍ਰਸ ਨੂੰ ਜੰਗ ਕਰ ਰਹੀਆਂ ਦੋ ਕੌਮਾਂ ਵਿੱਚੋਂ ਇਕ ਦਾ ਪੱਖ ਪੂਰਨਾ ਪੈਂਦਾ ਸੀ। ਇਸ ਲਈ ਰਾਜਨੀਤੀ ਪੱਖੋਂ ਸਾਈਪ੍ਰਸ ਜਾਂ ਤਾਂ ਕਿਸੇ ਕੌਮ ਦਾ ਸ਼ਕਤੀਸ਼ਾਲੀ ਮਿੱਤਰ ਬਣ ਸਕਦਾ ਸੀ ਜਾਂ ਫਿਰ ਵੱਡਾ ਦੁਸ਼ਮਣ।

ਸਾਈਪ੍ਰਸ ਦੇ ਵਾਸੀ ਅਤੇ ਸਮੁੰਦਰ

ਕਈ ਪੁਰਾਣੀਆਂ ਲੱਭਤਾਂ ਤੋਂ ਸਾਨੂੰ ਸਾਈਪ੍ਰਸ ਦੇ ਜਹਾਜ਼ਾਂ ਬਾਰੇ ਕੁਝ ਪਤਾ ਲੱਗਦਾ ਹੈ। ਮਿਸਾਲ ਲਈ, ਸਮੁੰਦਰ ਅਤੇ ਕਬਰਾਂ ਦੇ ਖੋਦਣ ਤੋਂ ਅਤੇ ਪੁਰਾਣੀਆਂ ਲਿਖਤਾਂ ਤੇ ਮਿੱਟੀ ਦੇ ਭਾਂਡਿਆਂ ਦੇ ਡੀਜ਼ਾਈਨਾਂ ਤੋਂ ਅਸੀਂ ਸਮਝ ਸਕਦੇ ਹਾਂ ਕਿ ਸਾਈਪ੍ਰਸ ਦੇ ਜਹਾਜ਼ ਦੇਖਣ ਨੂੰ ਕਿਹੋ ਜਿਹੇ ਸਨ। ਸਾਈਪ੍ਰਸ ਦੇ ਪ੍ਰਾਚੀਨ ਵਾਸੀ ਜਹਾਜ਼ ਬਣਾਉਣ ਵਿਚ ਮਾਹਰ ਸਨ। ਉਨ੍ਹਾਂ ਦੇ ਟਾਪੂ ਤੇ ਜੰਗਲ ਸਨ ਅਤੇ ਸੁਰੱਖਿਆ ਦੇਣ ਲਈ ਕਈ ਖਾੜੀਆਂ ਸਨ ਜੋ ਬੰਦਰਗਾਹਾਂ ਵਜੋਂ ਕੰਮ ਆਉਂਦੀਆਂ ਸਨ। ਦਰਖ਼ਤ ਸਿਰਫ਼ ਜਹਾਜ਼ ਬਣਾਉਣ ਲਈ ਨਹੀਂ, ਪਰ ਤਾਂਬਾ ਤਾਉਣ ਲਈ ਵੀ ਕੱਟੇ ਜਾਂਦੇ ਸਨ। ਤਾਂਬਾ ਸਾਈਪ੍ਰਸ ਵਿਚ ਆਮ ਮਿਲਦੀ ਅਜਿਹੀ ਧਾਤ ਸੀ ਜਿਸ ਨੇ ਇਸ ਟਾਪੂ ਨੂੰ ਮਸ਼ਹੂਰ ਬਣਾਇਆ ਸੀ।

ਸਾਈਪ੍ਰਸ ਦੇ ਲੋਕ ਕਾਫ਼ੀ ਵਪਾਰ ਕਰਦੇ ਸਨ ਤੇ ਇਹ ਗੱਲ ਕਨਾਨੀ ਲੋਕਾਂ ਤੋਂ ਲੁਕੀ ਨਹੀਂ ਸੀ। ਇਨ੍ਹਾਂ ਕਨਾਨੀ ਲੋਕਾਂ ਨੇ ਵਪਾਰੀ ਰਸਤਿਆਂ ਵਿਚ ਆਉਣ ਵਾਲੀਆਂ ਕਈ ਥਾਵਾਂ ਤੇ ਬਸਤੀਆਂ ਬਣਾਈਆਂ ਹੋਈਆਂ ਸਨ। ਇਕ ਬਸਤੀ ਸਾਈਪ੍ਰਸ ਵਿਚ ਕੀਟੀਓਨ ਸੀ।—ਯਸਾਯਾਹ 23:10-12.

ਇਸ ਤਰ੍ਹਾਂ ਲੱਗਦਾ ਹੈ ਕਿ ਸੂਰ ਸ਼ਹਿਰ ਦੇ ਨਾਸ਼ ਤੋਂ ਬਾਅਦ ਕਈ ਲੋਕਾਂ ਨੇ ਕਿੱਤੀਮ ਵਿਚ ਪਨਾਹ ਲਈ। ਇਹ ਕਨਾਨੀ ਲੋਕ ਕੀਟੀਓਨ ਵਿਚ ਰਹਿਣ ਲੱਗ ਪਏ। ਇਨ੍ਹਾਂ ਕੋਲ ਸਮੁੰਦਰੀ ਸਫ਼ਰ ਕਰਨ ਦਾ ਕਾਫ਼ੀ ਤਜਰਬਾ ਸੀ ਤੇ ਸ਼ਾਇਦ ਉਨ੍ਹਾਂ ਨੇ ਜਹਾਜ਼ ਬਣਾਉਣ ਵਿਚ ਸਾਈਪ੍ਰਸ ਦੇ ਲੋਕਾਂ ਦੀ ਬਹੁਤ ਸਹਾਇਤਾ ਕੀਤੀ। ਕੀਟੀਓਨ ਵਿਚ ਕਨਾਨੀ ਕਿਸ਼ਤੀਆਂ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਾ ਸਕਦਾ ਸੀ।

ਦੂਰ-ਦੂਰ ਤਕ ਵਪਾਰ

ਪੁਰਾਣੇ ਜ਼ਮਾਨੇ ਵਿਚ ਪੂਰਬੀ ਭੂਮੱਧ ਸਾਗਰ ਵੱਲ ਵਪਾਰ ਕਰਨਾ ਸੌਖਾ ਨਹੀਂ ਸੀ। ਸਾਈਪ੍ਰਸ ਤੋਂ ਕੀਮਤੀ ਚੀਜ਼ਾਂ ਜਹਾਜ਼ਾਂ ਵਿਚ ਕ੍ਰੀਟ, ਸਾਰਡੀਨੀਆ, ਸਿਸਲੀ ਤੇ ਏਜੀਅਨ ਸਾਗਰ ਨੂੰ ਲਿਜਾਈਆਂ ਜਾਂਦੀਆਂ ਸਨ। ਇਨ੍ਹਾਂ ਥਾਵਾਂ ਵਿਚ ਸਾਈਪ੍ਰਸ ਤੋਂ ਲਿਆਂਦੇ ਮਰਤਬਾਨ ਅਤੇ ਸਜਾਵਟੀ ਬਰਤਨ ਲੱਭੇ ਗਏ ਹਨ ਅਤੇ ਯੂਨਾਨ ਤੋਂ ਲਿਆਂਦੇ ਬਹੁਤ ਸਾਰੇ ਵਧੀਆ ਮਿੱਟੀ ਦੇ ਭਾਂਡੇ ਸਾਈਪ੍ਰਸ ਵਿਚ ਲੱਭੇ ਗਏ ਹਨ। ਸਾਰਡੀਨੀਆ ਵਿਚ ਲੱਭੀਆਂ ਤਾਂਬੇ ਦੀਆਂ ਇੱਟਾਂ ਦੀ ਜਾਂਚ ਕਰਨ ਤੋਂ ਬਾਅਦ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਵੀ ਸਾਈਪ੍ਰਸ ਤੋਂ ਹੀ ਆਈਆਂ ਸਨ।

1982 ਵਿਚ ਤਬਾਹ ਹੋਏ ਜਹਾਜ਼ ਦਾ ਮਲਬਾ ਤੁਰਕੀ ਦੇ ਦੱਖਣੀ ਕਿਨਾਰੇ ਦੇ ਨਜ਼ਦੀਕ ਲੱਭਿਆ ਗਿਆ। ਇਹ 14ਵੀਂ ਸਦੀ ਈ.ਪੂ. ਤੋਂ ਹੈ। ਪਾਣੀ ਦੇ ਹੇਠ ਖੁਦਾਈ ਕਰਨ ਤੋਂ ਬਾਅਦ ਕਈ ਕੀਮਤੀ ਚੀਜ਼ਾਂ ਲੱਭੀਆਂ ਗਈਆਂ। ਮਿਸਾਲ ਲਈ, ਐਂਬਰ ਪੱਥਰ, ਕਨਾਨੀ ਮਰਤਬਾਨ, ਆਬਨੂਸ ਲੱਕੜ, ਹਾਥੀ ਦੰਦ, ਸੋਨੇ ਤੇ ਚਾਂਦੀ ਦੇ ਕਨਾਨੀ ਜਵਾਹਰ ਤੇ ਮਿਸਰ ਤੋਂ ਲਿਆਂਦੀਆਂ ਕਈ ਹੋਰ ਚੀਜ਼ਾਂ। ਇਸ ਜਹਾਜ਼ ਵਿਚ ਮਿੱਟੀ ਦੇ ਭਾਂਡੇ ਵੀ ਸਨ ਤੇ ਇਸ ਮਿੱਟੀ ਦੀ ਜਾਂਚ ਕਰਨ ਤੋਂ ਇਵੇਂ ਲੱਗਦਾ ਹੈ ਜਿਵੇਂ ਇਹ ਸਾਈਪ੍ਰਸ ਦਾ ਇਕ ਜਹਾਜ਼ ਸੀ।

ਦਿਲਚਸਪੀ ਦੀ ਗੱਲ ਹੈ ਕਿ ਜਿਸ ਸਮੇਂ ਇਹ ਜਹਾਜ਼ ਤਬਾਹ ਹੋ ਕੇ ਡੁੱਬਿਆ ਸੀ, ਉਸ ਸਮੇਂ ਬਿਲਆਮ ਨੇ ਆਪਣੇ “ਅਗੰਮ ਵਾਕ” ਵਿਚ ਕਿੱਤੀਮ ਤੋਂ ਬੇੜੀਆਂ ਜਾਂ ਜਹਾਜ਼ਾਂ ਦੀ ਗੱਲ ਕੀਤੀ ਸੀ। (ਗਿਣਤੀ 24:15, 24) ਇਸ ਤਰ੍ਹਾਂ ਲੱਗਦਾ ਹੈ ਕਿ ਸਾਈਪ੍ਰਸ ਦੇ ਜਹਾਜ਼ ਮੱਧ ਪੂਰਬੀ ਦੇਸ਼ਾਂ ਵਿਚ ਕਾਫ਼ੀ ਮਸ਼ਹੂਰ ਸਨ। ਇਹ ਜਹਾਜ਼ ਕਿਹੋ ਜਿਹੇ ਸਨ?

ਵਪਾਰੀ ਜਹਾਜ਼

ਮਿੱਟੀ ਦੇ ਬਣੇ ਜਹਾਜ਼ ਤੇ ਬੇੜੀਆਂ ਦੇ ਕਈ ਛੋਟੇ ਨਮੂਨੇ ਸਾਈਪ੍ਰਸ ਵਿਚ ਐਮੇਥਸ ਨਾਂ ਦੇ ਪੁਰਾਣੇ ਸ਼ਹਿਰ ਦੀਆਂ ਕਬਰਾਂ ਵਿਚ ਲੱਭੇ ਗਏ ਹਨ। ਅੱਜ ਕਈ ਮਿਊਜ਼ੀਅਮਾਂ ਵਿਚ ਵੀ ਇਹ ਦੇਖੇ ਜਾ ਸਕਦੇ ਹਨ। ਇਨ੍ਹਾਂ ਤੋਂ ਸਾਨੂੰ ਪਤਾ ਲੱਗ ਸਕਦੇ ਹੈ ਕਿ ਇਹ ਜਹਾਜ਼ ਕਿਹੋ ਜਿਹੇ ਸਨ।

ਇਨ੍ਹਾਂ ਨਮੂਨਿਆਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਮੁਢਲੇ ਜਹਾਜ਼ ਸਿਰਫ਼ ਵਪਾਰ ਕਰਨ ਲਈ ਵਰਤੇ ਜਾਂਦੇ ਸਨ। ਛੋਟੀਆਂ ਕਿਸ਼ਤੀਆਂ ਨੂੰ 20 ਚੱਪੂ ਚਾਲਕ ਚਲਾਉਂਦੇ ਸਨ। ਇਹ ਕਿਸ਼ਤੀਆਂ ਚੌੜੀਆਂ ਤੇ ਡੂੰਘੀਆਂ ਸਨ ਤਾਂਕਿ ਉਨ੍ਹਾਂ ਵਿਚ ਕਾਫ਼ੀ ਸਾਮਾਨ ਰੱਖਿਆ ਜਾ ਸਕੇ। ਸਾਮਾਨ ਤੋਂ ਇਲਾਵਾ ਸਵਾਰੀਆਂ ਨੂੰ ਵੀ ਸਾਈਪ੍ਰਸ ਦੇ ਕਿਨਾਰੇ ਦੇ ਨਾਲ-ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤਕ ਲਿਜਾਇਆ ਜਾ ਸਕਦਾ ਸੀ। ਇਕ ਰੋਮੀ ਵਿਦਵਾਨ ਅਨੁਸਾਰ ਸਾਈਪ੍ਰਸ ਦੇ ਲੋਕਾਂ ਨੇ ਇਕ ਛੋਟੀ ਤੇ ਹਲਕੀ ਕਿਸ਼ਤੀ ਡੀਜ਼ਾਈਨ ਕੀਤੀ ਸੀ ਜੋ ਪ੍ਰੋਪੈਲਰ ਨਾਲ ਚਲਾਈ ਜਾਂਦੀ ਸੀ ਤੇ ਜਿਸ ਵਿਚ 90 ਟਨ ਭਾਰ ਰੱਖਿਆ ਜਾ ਸਕਦਾ ਸੀ।

ਫਿਰ ਵਪਾਰ ਕਰਨ ਲਈ ਤੁਰਕੀ ਨੇੜੇ ਲੱਭੇ ਗਏ ਜਹਾਜ਼ ਵਰਗੇ ਵੱਡੇ-ਵੱਡੇ ਜਹਾਜ਼ ਵੀ ਸਨ। ਇਨ੍ਹਾਂ ਵਿਚ 450 ਟਨ ਸਾਮਾਨ ਰੱਖਿਆ ਜਾ ਸਕਦਾ ਸੀ ਤੇ ਇਹ ਦੂਰ-ਦੂਰ ਤਕ ਸਮੁੰਦਰੀ ਯਾਤਰਾ ਕਰ ਸਕਦੇ ਸਨ। ਵੱਡੇ ਜਹਾਜ਼ 30 ਮੀਟਰ ਲੰਬੇ ਤੇ ਉਨ੍ਹਾਂ ਦੇ ਬਾਦਬਾਨ ਦੇ ਖੰਭੇ 10 ਮੀਟਰ ਉੱਚੇ ਹੋ ਸਕਦੇ ਸਨ। ਅਜਿਹੇ ਜਹਾਜ਼ਾਂ ਦੇ ਦੋਵੇਂ ਪਾਸੇ 25-25 ਚੱਪੂ ਚਾਲਕ ਹੋ ਸਕਦੇ ਸਨ।

“ਕਿੱਤੀਮ” ਦੇ ਜੰਗੀ ਜਹਾਜ਼ਾਂ ਬਾਰੇ ਬਾਈਬਲ ਦੀਆਂ ਭਵਿੱਖਬਾਣੀਆਂ

ਯਹੋਵਾਹ ਨੇ ਇਹ ਗੱਲ ਲਿਖਵਾਈ ਸੀ ਕਿ “ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ, ਅਤੇ ਅੱਸ਼ੂਰ ਨੂੰ ਦੁਖ ਦੇਣਗੇ।” (ਗਿਣਤੀ 24:2, 24) ਕੀ ਇਹ ਭਵਿੱਖਬਾਣੀ ਪੂਰੀ ਹੋਈ ਸੀ? ਇਸ ਦਾ ਸਾਈਪ੍ਰਸ ਨਾਲ ਕੀ ਤਅੱਲਕ ਸੀ? “ਕਿੱਤੀਮ ਦੇ ਕੰਢਿਆਂ ਤੋਂ ਬੇੜੇ” ਭੂਮੱਧ ਸਾਗਰ ਵਿਚ ਵਪਾਰ ਕਰਨ ਵਾਲੇ ਨਹੀਂ ਸਨ। ਇਹ ਲੋਕਾਂ ਉੱਤੇ ਦੁੱਖ ਲਿਆਉਣ ਵਾਲੇ ਜੰਗੀ ਜਹਾਜ਼ ਸਨ।

ਸਮੇਂ ਦੇ ਬੀਤਣ ਨਾਲ ਜੰਗੀ ਜਹਾਜ਼ਾਂ ਦਾ ਡੀਜ਼ਾਈਨ ਵੀ ਬਦਲਦਾ ਗਿਆ ਤੇ ਉਹ ਜ਼ਿਆਦਾ ਵੱਡੇ ਤੇ ਤੇਜ਼ ਬਣਦੇ ਗਏ। ਸਾਈਪ੍ਰਸ ਦੇ ਮੁਢਲੀ ਜੰਗੀ ਜਹਾਜ਼ ਸ਼ਾਇਦ ਉਸ ਤਸਵੀਰ ਵਿਚ ਦਿਖਾਏ ਗਏ ਜਹਾਜ਼ਾਂ ਵਰਗੇ ਸਨ ਜੋ ਐਮੇਥਸ ਸ਼ਹਿਰ ਵਿਚ ਲੱਭੀ ਗਈ ਸੀ। ਇਸ ਤਸਵੀਰ ਵਿਚ ਕਨਾਨੀ ਜੰਗੀ ਜਹਾਜ਼ ਵਰਗਾ ਇਕ ਲੰਬਾ ਤੇ ਪਤਲਾ ਜਹਾਜ਼ ਹੈ ਜਿਸ ਦਾ ਪਿਛਲਾ ਪਾਸਾ ਉੱਪਰ ਨੂੰ ਤੇ ਅੰਦਰ ਨੂੰ ਮੁੜਦਾ ਹੈ। ਇਸ ਜਹਾਜ਼ ਦੀ ਇਕ ਨੋਕ ਹੈ ਤੇ ਇਸ ਦੇ ਦੋਵੇਂ ਪਾਸੇ ਗੋਲ ਢਾਲ ਲੱਗੇ ਹੋਏ ਹਨ।

ਅੱਠਵੀਂ ਸਦੀ ਈ.ਪੂ. ਵਿਚ ਪਹਿਲੀ ਵਾਰ ਯੂਨਾਨ ਵਿਚ ਦੋ ਪਾਲੀ ਚੱਪੂਆਂ ਵਾਲੇ ਜਹਾਜ਼ ਦੇਖੇ ਗਏ। ਇਹ ਜਹਾਜ਼ ਲਗਭਗ 24 ਮੀਟਰ ਲੰਬੇ ਤੇ 3 ਮੀਟਰ ਚੌੜੇ ਸਨ। ਪਹਿਲਾਂ-ਪਹਿਲ ਇਨ੍ਹਾਂ ਜਹਾਜ਼ਾਂ ਵਿਚ ਸੈਨਿਕਾਂ ਨੂੰ ਉਸ ਥਾਂ ਲਿਜਾਇਆ ਜਾਂਦਾ ਸੀ ਜਿੱਥੇ ਜੰਗ ਲੜੀ ਜਾਣੀ ਸੀ। ਪਰ ਜਲਦੀ ਹੀ ਦੋ ਦੀ ਥਾਂ ਤਿੰਨ ਪਾਲੀ ਚੱਪੂਆਂ ਵਾਲੇ ਜਹਾਜ਼ਾਂ ਨੂੰ ਬਣਾਇਆ ਜਾਣ ਲੱਗਾ ਜਿਨ੍ਹਾਂ ਤੇ ਕਾਂਸੀ ਦੀ ਨੋਕ ਨੂੰ ਮੋਹਰਲੇ ਸਿਰੇ ਤੇ ਲਾਇਆ ਜਾਂਦਾ ਸੀ। ਇਹ ਨਵੇਂ ਕਿਸਮ ਦਾ ਜਹਾਜ਼ ਸਲਾਮਿਸ ਦੀ ਲੜਾਈ ਵਿਚ (480 ਈ.ਪੂ.) ਮਸ਼ਹੂਰ ਹੋਇਆ ਜਦ ਯੂਨਾਨੀ ਲੋਕਾਂ ਨੇ ਫ਼ਾਰਸ ਦੀ ਜਲ-ਸੈਨਾ ਨੂੰ ਹਰਾਇਆ ਸੀ।

ਬਾਅਦ ਵਿਚ ਸਿਕੰਦਰ ਮਹਾਨ ਦੁਨੀਆਂ ਉੱਤੇ ਜਿੱਤ ਪ੍ਰਾਪਤ ਕਰਨ ਦੇ ਆਪਣੇ ਸੁਪਨੇ ਨਾਲ ਤਿੰਨ ਪਾਲੀ ਜਹਾਜ਼ਾਂ ਨੂੰ ਲੈ ਕੇ ਪੂਰਬ ਵੱਲ ਨਿਕਲਿਆ। ਅਜਿਹੇ ਜਹਾਜ਼ ਦੂਰ ਸਫ਼ਰ ਕਰਨ ਲਈ ਨਹੀਂ, ਸਗੋਂ ਜੰਗ ਲਈ ਬਣਾਏ ਗਏ ਸਨ ਅਤੇ ਇਨ੍ਹਾਂ ਵਿਚ ਬਹੁਤਾ ਸਾਮਾਨ ਨਹੀਂ ਰੱਖਿਆ ਜਾ ਸਕਦਾ ਸੀ। ਇਸ ਲਈ ਸਿਕੰਦਰ ਦੀ ਸੈਨਾ ਨੂੰ ਏਜੀਅਨ ਸਾਗਰ ਦੇ ਟਾਪੂਆਂ ਤੇ ਖਾਣ-ਪੀਣ ਦਾ ਸਾਮਾਨ ਲੈਣ ਤੋਂ ਇਲਾਵਾ ਜਹਾਜ਼ਾਂ ਦੀ ਮੁਰੰਮਤ ਕਰਨ ਲਈ ਵੀ ਰੁਕਣਾ ਪਿਆ। ਸਿਕੰਦਰ ਫ਼ਾਰਸ ਦੇ ਜਹਾਜ਼ਾਂ ਨੂੰ ਤਬਾਹ ਕਰਨਾ ਚਾਹੁੰਦਾ ਸੀ। ਪਰ ਇੱਦਾਂ ਕਰਨ ਲਈ ਉਸ ਨੂੰ ਪਹਿਲਾਂ ਟਾਪੂ ਉੱਤੇ ਬਣੇ ਸੂਰ ਸ਼ਹਿਰ ਉੱਤੇ ਜਿੱਤ ਪ੍ਰਾਪਤ ਕਰਨ ਦੀ ਲੋੜ ਸੀ ਜੋ ਕੋਈ ਆਸਾਨ ਕੰਮ ਨਹੀਂ ਸੀ। ਰਸਤੇ ਵਿਚ ਉਹ ਸਾਈਪ੍ਰਸ ਵੀ ਰੁਕਿਆ।

ਸਾਈਪ੍ਰਸ ਦੇ ਵਾਸੀਆਂ ਨੇ 332 ਈ.ਪੂ. ਵਿਚ ਸੂਰ ਦੀ ਘੇਰਾਬੰਦੀ ਕਰਨ ਵਿਚ ਸਿਕੰਦਰ ਮਹਾਨ ਦੀ ਮਦਦ ਕੀਤੀ। ਉਨ੍ਹਾਂ ਨੇ ਉਸ ਨੂੰ 120 ਜਹਾਜ਼ ਦਿੱਤੇ। ਸਾਈਪ੍ਰਸ ਦੇ ਤਿੰਨ ਰਾਜੇ ਇਨ੍ਹਾਂ ਜਹਾਜ਼ਾਂ ਨੂੰ ਖ਼ੁਦ ਸਿਕੰਦਰ ਦੇ ਕੋਲ ਲੈ ਕੇ ਗਏ। ਉਨ੍ਹਾਂ ਨੇ ਉਸ ਨਾਲ ਸੱਤ ਮਹੀਨਿਆਂ ਤਕ ਸੂਰ ਦੇ ਆਲੇ-ਦੁਆਲੇ ਘੇਰਾ ਪਾਈ ਰੱਖਿਆ। ਅਖ਼ੀਰ ਵਿਚ ਸੂਰ ਤਬਾਹ ਹੋ ਗਿਆ ਤੇ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਗਈਆਂ। (ਹਿਜ਼ਕੀਏਲ 26:3, 4; ਜ਼ਕਰਯਾਹ 9:3, 4) ਸਾਈਪ੍ਰਸ ਦੇ ਰਾਜਿਆਂ ਦਾ ਸ਼ੁਕਰੀਆ ਕਰਨ ਲਈ ਸਿਕੰਦਰ ਨੇ ਉਨ੍ਹਾਂ ਨੂੰ ਖ਼ਾਸ ਅਧਿਕਾਰ ਦਿੱਤਾ।

ਸ਼ਾਨਦਾਰ ਪੂਰਤੀ

ਪਹਿਲੀ ਸਦੀ ਦੇ ਇਕ ਇਤਿਹਾਸਕਾਰ ਨੇ ਦੱਸਿਆ ਕਿ ਸਿਕੰਦਰ ਨੇ ਅਰਬ ਦੇਸ਼ ਉੱਤੇ ਚੜ੍ਹਾਈ ਕਰਨ ਲਈ ਸਾਈਪ੍ਰਸ ਅਤੇ ਕਨਾਨ ਤੋਂ ਲਏ ਜਹਾਜ਼ਾਂ ਨੂੰ ਜੰਗ ਲਈ ਤਿਆਰ ਕੀਤਾ। ਇਹ ਜਹਾਜ਼ ਹਲਕੇ ਸਨ ਅਤੇ ਇਨ੍ਹਾਂ ਦੇ ਸੌਖਿਆਂ ਹੀ ਵੱਖ-ਵੱਖ ਹਿੱਸਿਆਂ ਵਿਚ ਕੀਤਾ ਜਾ ਸਕਦਾ ਸੀ। ਸੋ ਇਹ ਜਹਾਜ਼ ਸਿਰਫ਼ ਸੱਤਾਂ ਦਿਨਾਂ ਵਿਚ ਉੱਤਰੀ ਸੀਰੀਆ ਦੇ ਤਿਫਸਾਹ ਸ਼ਹਿਰ ਪਹੁੰਚ ਗਏ ਸਨ। (1 ਰਾਜਿਆਂ 4:24) ਇੱਥੋਂ ਉਹ ਦਰਿਆ ਰਾਹੀਂ ਬਾਬਲ ਤਕ ਪਹੁੰਚ ਸਕੇ।

ਇਸ ਤਰ੍ਹਾਂ ਬਾਈਬਲ ਵਿਚ ਲਿਖੀ ਭਵਿੱਖਬਾਣੀ ਲਗਭਗ ਦਸ ਸਦੀਆਂ ਬਾਅਦ ਪੂਰੀ ਹੋਈ! ਗਿਣਤੀ 24:24 ਦੇ ਸ਼ਬਦਾਂ ਮੁਤਾਬਕ ਸਿਕੰਦਰ ਮਹਾਨ ਦੀ ਵੱਡੀ ਸੈਨਾ ਮੈਸੇਡੋਨੀਆ ਤੋਂ ਪੂਰਬ ਵੱਲ ਤੇਜ਼ੀ ਨਾਲ ਵਧੀ ਤੇ ਉਸ ਨੇ ਅੱਸ਼ੂਰ ਉੱਤੇ ਚੜ੍ਹਾਈ ਕੀਤੀ। ਇਸ ਤਰ੍ਹਾਂ ਕਰਨ ਨਾਲ ਮਾਦੀ-ਫ਼ਾਰਸ ਦਾ ਸ਼ਕਤੀਸ਼ਾਲੀ ਰਾਜ ਖ਼ਤਮ ਹੋ ਗਿਆ।

ਭਾਵੇਂ ਸਾਡੇ ਕੋਲ ‘ਕਿੱਤੀਆਂ ਦੇ ਜਹਾਜ਼ਾਂ’ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ, ਫਿਰ ਵੀ ਅਸੀਂ ਦੇਖ ਸਕਦੇ ਹਾਂ ਕਿ ਇਸ ਦੇ ਸੰਬੰਧ ਵਿਚ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਈਆਂ। ਇਤਿਹਾਸ ਗਵਾਹ ਹੈ ਕਿ ਇਵੇਂ ਹੀ ਹੋਇਆ ਸੀ। ਇਹ ਸਬੂਤ ਸਾਡੀ ਨਿਹਚਾ ਨੂੰ ਹੋਰ ਵੀ ਪੱਕਾ ਕਰਦਾ ਹੈ ਕਿ ਬਾਈਬਲ ਦੀਆਂ ਗੱਲਾਂ ਹਮੇਸ਼ਾ ਸੱਚੀਆਂ ਹੋ ਕੇ ਰਹਿੰਦੀਆਂ ਹਨ। ਬਾਈਬਲ ਵਿਚ ਸਾਡੇ ਭਵਿੱਖ ਬਾਰੇ ਵੀ ਕਈ ਗੱਲਾਂ ਲਿਖੀਆਂ ਗਈਆਂ ਹਨ ਤੇ ਸਾਨੂੰ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

[ਸਫ਼ੇ 16, 17 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਇਟਲੀ

ਸਾਰਡੀਨੀਆ

ਸਿਸਲੀ

ਏਜੀਅਨ ਸਾਗਰ

ਯੂਨਾਨ

ਕ੍ਰੀਟ

ਲਿਬੀਆ

ਤੁਰਕੀ

ਸਾਈਪ੍ਰਸ

ਕੀਟੀਓਨ

ਸੂਰ

ਮਿਸਰ

[ਸਫ਼ਾ 16 ਉੱਤੇ ਤਸਵੀਰ]

ਤਿੰਨ ਪਾਲੀ ਚੱਪੂਆਂ ਵਾਲੇ ਯੂਨਾਨੀ ਜੰਗੀ ਜਹਾਜ਼ ਦਾ ਛੋਟਾ ਨਮੂਨਾ

[ਕ੍ਰੈਡਿਟ ਲਾਈਨ]

Pictorial Archive (Near Eastern History) Est.

[ਸਫ਼ਾ 17 ਉੱਤੇ ਤਸਵੀਰ]

ਦੋ ਪਾਲੀ ਚੱਪੂਆਂ ਵਾਲੇ ਕਨਾਨੀ ਜੰਗੀ ਜਹਾਜ਼ ਦਾ ਛੋਟਾ ਨਮੂਨਾ

[ਕ੍ਰੈਡਿਟ ਲਾਈਨ]

Pictorial Archive (Near Eastern History) Est.

[ਸਫ਼ਾ 17 ਉੱਤੇ ਤਸਵੀਰ]

ਇਸ ਬਰਤਨ ਤੇ ਸਾਈਪ੍ਰਸ ਦੇ ਇਕ ਜਹਾਜ਼ ਦੀ ਤਸਵੀਰ ਹੈ

[ਕ੍ਰੈਡਿਟ ਲਾਈਨ]

Published by permission of the Director of Antiquities and the Cyprus Museum

[ਸਫ਼ਾ 18 ਉੱਤੇ ਤਸਵੀਰ]

ਪੁਰਾਣੇ ਵਪਾਰੀ ਜਹਾਜ਼ ਜਿਨ੍ਹਾਂ ਦਾ ਜ਼ਿਕਰ ਯਸਾਯਾਹ 60:9 ਵਿਚ ਆਉਂਦਾ ਹੈ