Skip to content

Skip to table of contents

ਸੈਰਾਕੂਸ ਜਿੱਥੇ ਪੌਲੁਸ ਦਾ ਜਹਾਜ਼ ਰੁਕਿਆ ਸੀ

ਸੈਰਾਕੂਸ ਜਿੱਥੇ ਪੌਲੁਸ ਦਾ ਜਹਾਜ਼ ਰੁਕਿਆ ਸੀ

ਸੈਰਾਕੂਸ ਜਿੱਥੇ ਪੌਲੁਸ ਦਾ ਜਹਾਜ਼ ਰੁਕਿਆ ਸੀ

ਲਗਭਗ 59 ਈ. ਵਿਚ ਇਕ ਸਮੁੰਦਰੀ ਜਹਾਜ਼ ਮਾਲਟਾ ਨਾਂ ਦੇ ਟਾਪੂ ਤੋਂ ਇਟਲੀ ਨੂੰ ਤੁਰਿਆ। ਇਸ ਜਹਾਜ਼ ਦੇ ਅਗਲੇ ਸਿਰੇ ਉੱਤੇ “ਦੇਉਸਕੂਰੀ” (ਜ਼ੂਸ ਦੇਵਤੇ ਦੇ ਦੋ ਪੁੱਤਰ) ਦੀ ਮੂਰਤ ਲੱਗੀ ਹੋਈ ਸੀ। ਦੇਉਸਕੂਰੀ ਮਲਾਹਾਂ ਦੇ ਰਖਵਾਲੇ ਮੰਨੇ ਜਾਂਦੇ ਸਨ। ਬਾਈਬਲ ਦਾ ਲੇਖਕ ਲੂਕਾ ਦੱਸਦਾ ਹੈ ਕਿ ਜਹਾਜ਼ ਸਿਸਲੀ ਦੇ ਦੱਖਣ-ਪੂਰਬੀ ਤਟ ਤੇ ਵਸੇ ਸੈਰਾਕੂਸ ਸ਼ਹਿਰ ਦੀ ਬੰਦਰਗਾਹ ਤੇ ਲੱਗਿਆ ਅਤੇ ਜਹਾਜ਼ ਉੱਥੇ ‘ਤਿੰਨ ਦਿਨ ਰਿਹਾ।’ (ਰਸੂਲਾਂ ਦੇ ਕਰਤੱਬ 28:11, 12) ਜਹਾਜ਼ ਵਿਚ ਲੂਕਾ ਦੇ ਨਾਲ ਅਰਿਸਤਰਖੁਸ ਤੇ ਪੌਲੁਸ ਰਸੂਲ ਸਨ। ਪੌਲੁਸ ਨੂੰ ਮੁਕੱਦਮੇ ਦੀ ਸੁਣਵਾਈ ਲਈ ਰੋਮ ਲਿਜਾਇਆ ਜਾ ਰਿਹਾ ਸੀ।—ਰਸੂਲਾਂ ਦੇ ਕਰਤੱਬ 27:2.

ਇਸ ਬਾਰੇ ਪਤਾ ਨਹੀਂ ਹੈ ਕਿ ਪੌਲੁਸ ਨੂੰ ਜਹਾਜ਼ ਤੋਂ ਉਤਰਨ ਦਿੱਤਾ ਗਿਆ ਸੀ ਜਾਂ ਨਹੀਂ। ਜੇ ਉਹ ਜਾਂ ਉਸ ਦੇ ਸਾਥੀ ਉੱਤਰੇ ਸਨ, ਤਾਂ ਉਨ੍ਹਾਂ ਨੇ ਉੱਥੇ ਕੀ ਦੇਖਿਆ?

ਯੂਨਾਨੀ ਤੇ ਰੋਮੀ ਹਕੂਮਤਾਂ ਦੌਰਾਨ ਸੈਰਾਕੂਸ ਸ਼ਹਿਰ ਐਥਿਨਜ਼ ਤੇ ਰੋਮ ਜਿੰਨਾ ਹੀ ਮਸ਼ਹੂਰ ਸੀ। ਕਿਹਾ ਜਾਂਦਾ ਹੈ ਕਿ 734 ਈ. ਪੂ. ਵਿਚ ਕੁਰਿੰਥੀ ਲੋਕਾਂ ਨੇ ਇਹ ਸ਼ਹਿਰ ਵਸਾਇਆ ਸੀ। ਇਕ ਸਮੇਂ ਤੇ ਸੈਰਾਕੂਸ ਚੜ੍ਹਦੀਆਂ ਕਲਾਂ ਵਿਚ ਸੀ। ਪ੍ਰਾਚੀਨ ਸਮਿਆਂ ਵਿਚ ਇੱਥੇ ਕਈ ਮਸ਼ਹੂਰ ਬੰਦਿਆਂ ਦਾ ਜਨਮ ਹੋਇਆ, ਜਿਵੇਂ ਕਿ ਨਾਟਕਕਾਰ ਐਪੀਕਾਰਮਸ ਅਤੇ ਗਣਿਤ-ਸ਼ਾਸਤਰੀ ਆਰਕੇਮੀਡੀਜ਼। 212 ਈ. ਪੂ. ਵਿਚ ਰੋਮੀਆਂ ਨੇ ਸੈਰਾਕੂਸ ਨੂੰ ਜਿੱਤ ਲਿਆ।

ਅੱਜ ਦੇ ਸੈਰਾਕੂਸ ਸ਼ਹਿਰ ਵਿਚ ਇਕ ਗੇੜਾ ਲਾਉਣ ਨਾਲ ਤੁਹਾਨੂੰ ਪੌਲੁਸ ਦੇ ਜ਼ਮਾਨੇ ਦੇ ਸੈਰਾਕੂਸ ਦਾ ਕੁਝ ਅੰਦਾਜ਼ਾ ਲੱਗੇਗਾ। ਉਸ ਜ਼ਮਾਨੇ ਦਾ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਸ਼ਹਿਰ ਦਾ ਇਕ ਹਿੱਸਾ ਸੀ ਛੋਟਾ ਜਿਹਾ ਟਾਪੂ ਜਿਸ ਦਾ ਨਾਂ ਸੀ ਓਰਟੀਜੀ। ਇੱਥੇ ਸ਼ਾਇਦ ਪੌਲੁਸ ਦਾ ਜਹਾਜ਼ ਲੱਗਾ ਸੀ।

ਅੱਜ ਵੀ ਇਸ ਟਾਪੂ ਉੱਤੇ ਸਿਸਲੀ ਦੇ ਸਭ ਤੋਂ ਪੁਰਾਣੇ ਮੰਦਰ ਦੇ ਖੰਡਰਾਤ ਹਨ ਜੋ ਯੂਨਾਨੀ ਭਵਨ ਨਿਰਮਾਣ ਕਲਾ ਦੇ ਮੁਤਾਬਕ ਬਣਾਇਆ ਗਿਆ ਸੀ। ਇਹ ਅਪੋਲੋ ਦੇਵਤੇ ਦਾ ਮੰਦਰ ਹੈ ਅਤੇ ਇਸ ਨੂੰ ਛੇਵੀਂ ਸਦੀ ਈ. ਪੂ. ਵਿਚ ਉਸਾਰਿਆ ਗਿਆ ਸੀ। ਇਸ ਟਾਪੂ ਉੱਤੇ ਅਥੀਨਾ ਨਾਂ ਦੀ ਦੇਵੀ ਨੂੰ ਸਮਰਪਿਤ ਮੰਦਰ ਦੇ ਥੰਮ੍ਹ ਵੀ ਹਨ। ਇਹ ਮੰਦਰ ਪੰਜਵੀਂ ਸਦੀ ਈ. ਪੂ. ਵਿਚ ਬਣਾਇਆ ਗਿਆ ਸੀ, ਪਰ ਬਾਅਦ ਵਿਚ ਇਕ ਚਰਚ ਦਾ ਹਿੱਸਾ ਬਣ ਗਿਆ।

ਸ਼ਹਿਰ ਦਾ ਦੂਜਾ ਹਿੱਸਾ ਆਧੁਨਿਕ ਹੈ। ਇੱਥੇ ਤੁਸੀਂ ਨਿਓਪੋਲਿਸ ਆਰਕਿਓਲੋਜੀਕਲ ਪਾਰਕ ਦੇਖ ਸਕਦੇ ਹੋ। ਇਸ ਪਾਰਕ ਦੇ ਲਾਗੇ ਇਕ ਯੂਨਾਨੀ ਥੀਏਟਰ ਹੈ। ਇਹ ਯੂਨਾਨੀ ਥੀਏਟਰ ਨਿਰਮਾਣ ਕਲਾ ਦੀ ਇਕ ਬਿਹਤਰੀਨ ਮਿਸਾਲ ਹੈ। ਸਟੇਜ ਦੇ ਪਿੱਛੇ ਸਮੁੰਦਰ ਹੋਣ ਕਰਕੇ ਇੱਥੇ ਨਾਟਕ ਦੇਖਣ ਦਾ ਆਪਣਾ ਹੀ ਇਕ ਅਲੱਗ ਮਜ਼ਾ ਸੀ। ਪਾਰਕ ਦੇ ਇਕਦਮ ਦੱਖਣੀ ਹਿੱਸੇ ਵਿਚ ਤੀਸਰੀ ਸਦੀ ਈਸਵੀ ਦਾ ਰੋਮੀ ਅਖਾੜਾ ਹੈ। ਇਹ ਅਰਧ ਗੋਲਾਕਾਰ ਹੈ ਅਤੇ ਇਸ ਦੀ ਲੰਬਾਈ 460 ਫੁੱਟ ਅਤੇ ਚੌੜਾਈ 390 ਫੁੱਟ ਹੈ। ਇਹ ਇਟਲੀ ਦਾ ਤੀਸਰਾ ਸਭ ਤੋਂ ਵੱਡਾ ਥੀਏਟਰ ਹੈ।

ਜੇ ਤੁਹਾਨੂੰ ਸੈਰਾਕੂਸ ਜਾਣ ਦਾ ਮੌਕਾ ਮਿਲੇ, ਤਾਂ ਤੁਸੀਂ ਓਰਟੀਜੀ ਵਿਚ ਸਮੁੰਦਰ ਦੇ ਲਾਗੇ ਬੈਂਚ ਤੇ ਬੈਠ ਕੇ ਆਪਣੀ ਬਾਈਬਲ ਵਿਚ ਰਸੂਲਾਂ ਦੇ ਕਰਤੱਬ 28:12 ਪੜ੍ਹੋ ਅਤੇ ਮਨ ਦੀਆਂ ਅੱਖਾਂ ਨਾਲ ਉਸ ਜਹਾਜ਼ ਨੂੰ ਬੰਦਰਗਾਹ ਤੇ ਆਉਂਦਾ ਦੇਖੋ ਜਿਸ ਵਿਚ ਪੌਲੁਸ ਰਸੂਲ ਸਵਾਰ ਸੀ।

[ਸਫ਼ਾ 30 ਉੱਤੇ ਡਾਇਆਗ੍ਰਾਮ/ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਮਾਲਟਾ

ਸਿਸਲੀ

ਸੈਰਾਕੂਸ

ਇਟਲੀ

ਰੇਗਿਯੁਨ

ਪਤਿਯੁਲੇ

ਰੋਮ

[ਸਫ਼ਾ 30 ਉੱਤੇ ਤਸਵੀਰ]

ਸੈਰਾਕੂਸ ਵਿਚ ਯੂਨਾਨੀ ਥੀਏਟਰ ਦੇ ਖੰਡਰ