Skip to content

Skip to table of contents

ਓਬਦਯਾਹ, ਯੂਨਾਹ ਤੇ ਮੀਕਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

ਓਬਦਯਾਹ, ਯੂਨਾਹ ਤੇ ਮੀਕਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਓਬਦਯਾਹ, ਯੂਨਾਹ ਤੇ ਮੀਕਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

“ਓਬਦਯਾਹ ਲਈ ਦਰਸ਼ਣ।” (ਓਬਦਯਾਹ 1) ਓਬਦਯਾਹ ਦੀ ਪੋਥੀ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ। ਇਹ ਪੋਥੀ 607 ਈ. ਪੂ. ਵਿਚ ਲਿਖੀ ਗਈ ਸੀ। ਓਬਦਯਾਹ ਨਬੀ ਨੇ ਆਪਣੇ ਨਾਂ ਤੋਂ ਸਿਵਾਇ ਆਪਣੇ ਬਾਰੇ ਹੋਰ ਕੁਝ ਨਹੀਂ ਦੱਸਿਆ। ਯੂਨਾਹ ਦੀ ਪੋਥੀ ਓਬਦਯਾਹ ਦੀ ਪੋਥੀ ਤੋਂ ਦੋ ਸਦੀਆਂ ਪਹਿਲਾਂ ਲਿਖੀ ਗਈ ਸੀ। ਇਸ ਪੋਥੀ ਵਿਚ ਯੂਨਾਹ ਨਬੀ ਨੇ ਆਪਣੀ ਮਿਸ਼ਨਰੀ ਸੇਵਾ ਅਤੇ ਆਪਣੀਆਂ ਕਮਜ਼ੋਰੀਆਂ ਤੇ ਗ਼ਲਤੀਆਂ ਬਾਰੇ ਖੁੱਲ੍ਹ ਕੇ ਦੱਸਿਆ। ਮੀਕਾਹ ਨਬੀ ਨੇ 777 ਈ. ਪੂ. ਤੋਂ ਲੈ ਕੇ 717 ਈ. ਪੂ. ਤਕ 60 ਸਾਲ ਭਵਿੱਖਬਾਣੀ ਕੀਤੀ। ਇਹ ਸਮਾਂ ਓਬਦਯਾਹ ਤੇ ਯੂਨਾਹ ਦੇ ਭਵਿੱਖਬਾਣੀ ਕਰਨ ਦੇ ਸਮੇਂ ਦੇ ਵਿਚਕਾਰ ਸੀ। ਮੀਕਾਹ ਨੇ ਆਪਣੇ ਬਾਰੇ ਸਿਰਫ਼ ਇਹੀ ਦੱਸਿਆ ਕਿ ਉਹ “ਮੋਰਸ਼ਤੀ” (ਮੋਰਸ਼ਤ ਪਿੰਡ ਦਾ ਰਹਿਣ ਵਾਲਾ) ਹੈ ਤੇ ਯਹੋਵਾਹ ਦਾ ਸੰਦੇਸ਼ ਉਸ ਕੋਲ ‘ਯਹੂਦਾਹ ਦੇ ਪਾਤਸ਼ਾਹਾਂ ਯੋਥਾਮ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਆਇਆ’ ਸੀ। (ਮੀਕਾਹ 1:1) ਆਪਣੇ ਸੰਦੇਸ਼ ਦੇ ਕਈ ਨੁਕਤਿਆਂ ਤੇ ਜ਼ੋਰ ਦੇਣ ਲਈ ਮੀਕਾਹ ਨੇ ਖੇਤੀਬਾੜੀ ਦੀਆਂ ਮਿਸਾਲਾਂ ਦਿੱਤੀਆਂ। ਇਸ ਤੋਂ ਪਤਾ ਚੱਲਦਾ ਹੈ ਕਿ ਮੀਕਾਹ ਆਪ ਖੇਤੀਬਾੜੀ ਦੇ ਕੰਮਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸੀ।

ਅਦੋਮ ਨੂੰ “ਸਦਾ ਲਈ ਕੱਟ ਸੁੱਟਿਆ” ਜਾਵੇਗਾ

(ਓਬਦਯਾਹ 1-21)

ਅਦੋਮ ਬਾਰੇ ਓਬਦਯਾਹ ਨੇ ਕਿਹਾ: “ਤੇਰਾ ਜ਼ੁਲਮ ਜਿਹੜਾ ਤੈਂ ਆਪਣੇ ਭਰਾ ਯਾਕੂਬ ਨਾਲ ਕੀਤਾ, ਲਾਜ ਨਾਲ ਤੈਨੂੰ ਕੱਜ ਲਵੇਗਾ, ਤੂੰ ਸਦਾ ਲਈ ਕੱਟ ਸੁੱਟਿਆ ਜਾਵੇਂਗਾ।” ਅਦੋਮੀਆਂ ਨੇ ਯਾਕੂਬ ਦੇ ਪੁੱਤਰਾਂ ਯਾਨੀ ਇਸਰਾਏਲੀਆਂ ਉੱਤੇ ਜ਼ੁਲਮ ਕੀਤੇ ਸਨ ਤੇ ਇਹ ਸਭ ਕੁਝ ਹਾਲੇ ਵੀ ਨਬੀ ਦੇ ਮਨ ਵਿਚ ਤਾਜ਼ਾ ਸੀ। 607 ਈ. ਪੂ. ਵਿਚ ਜਦ ਬਾਬਲੀਆਂ ਨੇ ਯਰੂਸ਼ਲਮ ਤੇ ਹੱਲਾ ਬੋਲਿਆ, ਤਾਂ ਉਦੋਂ ਅਦੋਮੀਆਂ ਨੇ “ਲਾਂਭੇ” ਹੋ ਕੇ ‘ਓਪਰਿਆਂ’ ਦੀ ਹਿਮਾਇਤ ਕੀਤੀ ਸੀ।​—ਓਬਦਯਾਹ 10, 11.

ਅਦੋਮੀਆਂ ਦੇ ਮਾੜੇ ਵਤੀਰੇ ਕਰਕੇ ਉਨ੍ਹਾਂ ਦਾ ਦੇਸ਼ ਤਬਾਹ ਹੋ ਜਾਵੇਗਾ, ਪਰ ਇਸਰਾਏਲੀਆਂ ਲਈ ਉਮੀਦ ਸੀ। ਉਨ੍ਹਾਂ ਦਾ ਸ਼ਹਿਰ ਮੁੜ ਵਸਾਇਆ ਜਾਵੇਗਾ। ਇਸ ਬਾਰੇ ਓਬਦਯਾਹ ਨੇ ਭਵਿੱਖਬਾਣੀ ਕੀਤੀ: “ਬਚੇ ਹੋਏ ਸੀਯੋਨ ਪਹਾੜ ਵਿੱਚ ਹੋਣਗੇ, ਅਤੇ ਉਹ ਪਵਿੱਤਰ ਹੋਵੇਗਾ।”​—ਓਬਦਯਾਹ 17.

ਕੁਝ ਸਵਾਲਾਂ ਦੇ ਜਵਾਬ:

5-8—ਅਦੋਮੀਆਂ ਦੀ ਬਰਬਾਦੀ ਦੀ ਤੁਲਨਾ ਅੰਗੂਰ ਤੋੜਨ ਵਾਲਿਆਂ ਤੇ ਰਾਤ ਦੇ ਹਨੇਰੇ ਵਿਚ ਆਉਣ ਵਾਲੇ ਚੋਰ ਨਾਲ ਕਿਉਂ ਕੀਤੀ ਗਈ ਸੀ? ਵਾਢੀ ਕਰਨ ਵਾਲੇ ਸਿਲਾ ਚੁਗਣ ਵਾਲਿਆਂ ਲਈ ਕੁਝ ਤਾਂ ਛੱਡ ਦਿੰਦੇ ਸਨ। ਇਸੇ ਤਰ੍ਹਾਂ, ਚੋਰ ਅਕਸਰ ਉਹੀ ਚੀਜ਼ਾਂ ਲੁੱਟ ਲੈ ਜਾਂਦੇ ਹਨ ਜੋ ਉਨ੍ਹਾਂ ਦੇ ਕੰਮ ਦੀਆਂ ਹੁੰਦੀਆਂ ਹਨ। ਪਰ ਇੱਥੇ ਓਬਦਯਾਹ ਨੇ ਦੱਸਿਆ ਕਿ ਅਦੋਮ ਨੇ ਜਿਸ ਦੇਸ਼ ਯਾਨੀ ਬਾਬਲ ਨਾਲ “ਨੇਮ” ਬੰਨ੍ਹਿਆ ਹੋਇਆ ਸੀ, ਉਸ ਨੇ ਹੀ ਅਦੋਮ ਨੂੰ ਤਬਾਹ ਕਰ ਦੇਣਾ ਸੀ ਅਤੇ ਉਸ ਦੇ ਸਾਰੇ ਖ਼ਜ਼ਾਨੇ ਲੁੱਟ ਕੇ ਉਸ ਦੀ ਹਾਲਤ ਕੰਗਾਲਾਂ ਨਾਲੋਂ ਵੀ ਬਦਤਰ ਕਰ ਦੇਣੀ ਸੀ।​—ਯਿਰਮਿਯਾਹ 49:9, 10.

10—ਅਦੋਮ ਨੂੰ ਕਿਵੇਂ “ਸਦਾ ਲਈ ਕੱਟ ਸੁੱਟਿਆ” ਗਿਆ? ਅਦੋਮੀਆਂ ਦਾ ਆਪਣਾ ਇਕ ਰਾਜ ਤੇ ਦੇਸ਼ ਸੀ। ਪਰ ਇਹ ਸਭ ਕੁਝ ਮਿਟ ਗਿਆ। ਕਿਵੇਂ? ਬਾਬਲ ਦੇ ਰਾਜਾ ਨਬੋਨਾਈਡਸ ਨੇ ਛੇਵੀਂ ਸਦੀ ਈ. ਪੂ. ਦੇ ਮੱਧ ਵਿਚ ਅਦੋਮ ਤੇ ਕਬਜ਼ਾ ਕਰ ਲਿਆ। ਚੌਥੀ ਸਦੀ ਈ. ਪੂ. ਵਿਚ ਨਬਾਯੋਤੀ ਲੋਕ ਅਦੋਮ ਦੇ ਇਲਾਕੇ ਵਿਚ ਰਹਿ ਰਹੇ ਸਨ ਜਿਸ ਕਰਕੇ ਅਦੋਮੀਆਂ ਨੂੰ ਯਹੂਦਿਯਾ ਦੇ ਦੱਖਣੀ ਹਿੱਸੇ ਵਿਚ ਸਥਿਤ ਨਗੇਬ ਦੇ ਇਲਾਕੇ ਵਿਚ ਜਾ ਕੇ ਰਹਿਣਾ ਪਿਆ। ਇਹ ਇਲਾਕਾ ਬਾਅਦ ਵਿਚ ਅਦੂਮੀਆ ਵਜੋਂ ਜਾਣਿਆ ਜਾਣ ਲੱਗਾ। ਅਖ਼ੀਰ ਰੋਮੀਆਂ ਨੇ 70 ਈ. ਵਿਚ ਯਰੂਸ਼ਲਮ ਨੂੰ ਤਬਾਹ ਕਰ ਕੇ ਅਦੋਮੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ।

ਸਾਡੇ ਲਈ ਸਬਕ:

3, 4. ਉੱਚੀਆਂ-ਨੀਵੀਆਂ ਚਟਾਨਾਂ ਅਤੇ ਤੰਗ ਘਾਟੀਆਂ ਵਾਲੇ ਪਹਾੜਾਂ ਵਿਚ ਰਹਿਣ ਕਰਕੇ ਅਦੋਮੀਆਂ ਨੂੰ ਜਿੱਤਣਾ ਆਸਾਨ ਨਹੀਂ ਸੀ। ਇਸ ਕਰਕੇ ਘਮੰਡ ਵਿਚ ਆ ਕੇ ਅਦੋਮੀ ਸੋਚਣ ਲੱਗੇ ਕਿ ਦੁਸ਼ਮਣ ਫ਼ੌਜਾਂ ਉਨ੍ਹਾਂ ਦਾ ਵਾਲ ਵਿੰਗਾ ਨਹੀਂ ਕਰ ਸਕਦੀਆਂ ਸਨ। ਪਰ ਇਹ ਉਨ੍ਹਾਂ ਦਾ ਭੁਲੇਖਾ ਸੀ ਕਿਉਂਕਿ ਉਹ ਯਹੋਵਾਹ ਦੇ ਹੱਥੋਂ ਨਹੀਂ ਬਚ ਪਾਏ।

8, 9, 15. ਇਨਸਾਨਾਂ ਦੀ ਬੁੱਧ ਤੇ ਤਾਕਤ ‘ਯਹੋਵਾਹ ਦੇ ਦਿਨ’ ਤੇ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਵੇਗੀ।—ਯਿਰਮਿਯਾਹ 49:7, 22.

12-14. ਜਦ ਇਸਰਾਏਲੀਆਂ ਤੇ ਦੁੱਖਾਂ ਦਾ ਪਹਾੜ ਟੁੱਟਿਆ, ਤਾਂ ਅਦੋਮੀਆਂ ਨੇ ਖ਼ੁਸ਼ੀਆਂ ਮਨਾਈਆਂ ਸਨ ਜਿਸ ਤੇ ਯਹੋਵਾਹ ਨੂੰ ਬੜਾ ਗੁੱਸਾ ਆਇਆ। ਯਹੋਵਾਹ ਕਿਸੇ ਵੀ ਹਾਲਤ ਵਿਚ ਆਪਣੇ ਲੋਕਾਂ ਨਾਲ ਕੀਤੀ ਗਈ ਬਦਸਲੂਕੀ ਨੂੰ ਸਹਿਣ ਨਹੀਂ ਕਰੇਗਾ।

17-20. ਯਹੋਵਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕੁਝ ਇਸਰਾਏਲੀ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਯਰੂਸ਼ਲਮ ਵਾਪਸ ਆ ਜਾਣਗੇ। ਇਹ ਭਵਿੱਖਬਾਣੀ 537 ਈ. ਪੂ. ਵਿਚ ਪੂਰੀ ਹੋਈ। ਯਹੋਵਾਹ ਦਾ ਕਿਹਾ ਹਮੇਸ਼ਾ ਪੂਰਾ ਹੁੰਦਾ ਹੈ, ਇਸ ਲਈ ਅਸੀਂ ਉਸ ਦੇ ਵਾਅਦਿਆਂ ਤੇ ਪੱਕਾ ਭਰੋਸਾ ਰੱਖ ਸਕਦੇ ਹਾਂ।

“ਨੀਨਵਾਹ ਢਾਹਿਆ ਜਾਵੇਗਾ”

(ਯੂਨਾਹ 1:1–4:11)

ਯਹੋਵਾਹ ਨੇ ਯੂਨਾਹ ਨਬੀ ਨੂੰ ਕਿਹਾ ਕਿ ਉਹ ‘ਵੱਡੇ ਸ਼ਹਿਰ ਨੀਨਵਾਹ ਨੂੰ ਜਾਵੇ’ ਅਤੇ ਉਸ ਦੇ ਵਿਰੁੱਧ ਨਿਆਂ ਸੁਣਾਵੇ। ਪਰ ਯੂਨਾਹ ਨੇ ਅੱਸ਼ੂਰੀਆਂ ਦੀ ਰਾਜਧਾਨੀ ਨੀਨਵਾਹ ਜਾਣ ਦੀ ਬਜਾਇ ਉਲਟ ਦਿਸ਼ਾ ਵਿਚ ਨੱਸਣ ਦੀ ਸੋਚੀ। “ਸਮੁੰਦਰ ਉੱਤੇ ਇੱਕ ਵੱਡੀ ਅਨ੍ਹੇਰੀ” ਵਗਾ ਕੇ ਤੇ “ਇੱਕ ਵੱਡੀ ਮੱਛੀ” ਨੂੰ ਵਰਤ ਕੇ ਯਹੋਵਾਹ ਨੇ ਯੂਨਾਹ ਨੂੰ ਉਸ ਦਾ ਫ਼ਰਜ਼ ਚੇਤੇ ਕਰਾਇਆ ਅਤੇ ਨੀਨਵਾਹ ਜਾਣ ਦਾ ਦੁਬਾਰਾ ਹੁਕਮ ਦਿੱਤਾ।​—ਯੂਨਾਹ 1:2, 4, 17; 3:1, 2.

ਨੀਨਵਾਹ ਜਾ ਕੇ ਯੂਨਾਹ ਨੇ ਸ਼ਹਿਰ ਦੇ ਵਾਸੀਆਂ ਨੂੰ ਸਾਫ਼-ਸਾਫ਼ ਕਿਹਾ: “ਹੋਰ ਚਾਲੀਆਂ ਦਿਨਾਂ ਨੂੰ ਨੀਨਵਾਹ ਢਾਹਿਆ ਜਾਵੇਗਾ!” (ਯੂਨਾਹ 3:4) ਅੱਗੇ ਜੋ ਹੋਇਆ, ਉਸ ਬਾਰੇ ਯੂਨਾਹ ਨੇ ਸ਼ਾਇਦ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਲੋਕਾਂ ਨੇ ਉਸ ਦੀ ਗੱਲ ਸੁਣ ਕੇ ਆਪਣੇ ਮਾੜੇ ਕੰਮਾਂ ਤੋਂ ਤੋਬਾ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਨਾਸ਼ ਨਾ ਕਰਨ ਦਾ ਫ਼ੈਸਲਾ ਕੀਤਾ। ਪਰ ਯੂਨਾਹ ਇਸ ਤੇ “ਭਬਕ ਉੱਠਿਆ।” ਯੂਨਾਹ ਨੂੰ ਦਇਆ ਦਾ ਸਬਕ ਸਿਖਾਉਣ ਲਈ ਯਹੋਵਾਹ ਨੇ ਇਕ “ਬੂਟਾ” ਵਰਤਿਆ।​—ਯੂਨਾਹ 4:1, 6.

ਕੁਝ ਸਵਾਲਾਂ ਦੇ ਜਵਾਬ:

3:3—ਕੀ ਨੀਨਵਾਹ ਸ਼ਹਿਰ ਇੰਨਾ ਵੱਡਾ ਸੀ ਕਿ ਪੂਰੇ ਸ਼ਹਿਰ ਦਾ ਚੱਕਰ ਕੱਢਣ ਲਈ ਤਿੰਨ ਦਿਨ ਲੱਗਦੇ ਸਨ? ਹਾਂ। ਉੱਤਰ ਵਿਚ ਖੋਰਸ਼ਾਬਾਦ ਤੋਂ ਲੈ ਕੇ ਦੱਖਣ ਵਿਚ ਨਿਮਰੁਦ ਤਕ ਦੀ ਸਾਰੀਆਂ ਬਸਤੀਆਂ ਪੁਰਾਣੇ ਨੀਨਵਾਹ ਸ਼ਹਿਰ ਦਾ ਹਿੱਸਾ ਮੰਨੀਆਂ ਜਾਂਦੀਆਂ ਸਨ। ਇਨ੍ਹਾਂ ਸਾਰੀਆਂ ਬਸਤੀਆਂ ਕਰਕੇ ਨੀਨਵਾਹ ਸ਼ਹਿਰ ਦਾ ਘੇਰਾ 100 ਕਿਲੋਮੀਟਰ ਸੀ।

3:4—ਨੀਨਵਾਹ ਦੇ ਵਾਸੀਆਂ ਨੂੰ ਪ੍ਰਚਾਰ ਕਰਨ ਲਈ ਕੀ ਯੂਨਾਹ ਨੂੰ ਅੱਸ਼ੂਰੀਆਂ ਦੀ ਭਾਸ਼ਾ ਸਿੱਖਣੀ ਪਈ ਸੀ? ਯੂਨਾਹ ਸ਼ਾਇਦ ਅੱਸ਼ੂਰੀਆਂ ਦੀ ਭਾਸ਼ਾ ਜਾਣਦਾ ਸੀ ਜਾਂ ਹੋ ਸਕਦਾ ਹੈ ਕਿ ਉਸ ਨੂੰ ਅੱਸ਼ੂਰੀ ਭਾਸ਼ਾ ਬੋਲਣ ਦੀ ਕਾਬਲੀਅਤ ਯਹੋਵਾਹ ਤੋਂ ਮਿਲੀ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਸ ਨੇ ਇਬਰਾਨੀ ਭਾਸ਼ਾ ਵਿਚ ਪ੍ਰਚਾਰ ਕੀਤਾ ਹੋਵੇ ਤੇ ਕਿਸੇ ਅੱਸ਼ੂਰੀ ਬੰਦੇ ਨੇ ਉਸ ਦੇ ਸੰਦੇਸ਼ ਦਾ ਤਰਜਮਾ ਕੀਤਾ ਹੋਵੇ। ਜੇ ਯੂਨਾਹ ਨੇ ਇਬਰਾਨੀ ਭਾਸ਼ਾ ਵਿਚ ਪ੍ਰਚਾਰ ਕੀਤਾ ਸੀ, ਤਾਂ ਨੀਨਵਾਹ ਦੇ ਲੋਕਾਂ ਵਿਚ ਇਹ ਜਾਣਨ ਦੀ ਉਤਸੁਕਤਾ ਜਾਗੀ ਹੋਣੀ ਕਿ ਇਕ ਅਜਨਬੀ ਓਪਰੀ ਭਾਸ਼ਾ ਵਿਚ ਕੀ ਕਹਿ ਰਿਹਾ ਸੀ।

ਸਾਡੇ ਲਈ ਸਬਕ:

1:1-3. ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਤੋਂ ਕੰਨੀ ਕਤਰਾਉਂਦੇ ਹੋਏ ਜਾਣ-ਬੁੱਝ ਕੇ ਹੋਰ ਕੰਮਾਂ ਨੂੰ ਪਹਿਲ ਦੇਣੀ ਗ਼ਲਤ ਹੋਵੇਗੀ। ਹਕੀਕਤ ਵਿਚ ਅਜਿਹੇ ਇਨਸਾਨ ਯੂਨਾਹ ਵਾਂਗ ਪਰਮੇਸ਼ੁਰ ਦੇ ਕੰਮ ਕਰਨ ਤੋਂ ਭੱਜ ਰਹੇ ਹੁੰਦੇ ਹਨ।

1:1, 2; 3:10. ਯਹੋਵਾਹ ਕਿਸੇ ਇਕ ਦੇਸ਼ ਜਾਂ ਜਾਤ ਦੇ ਲੋਕਾਂ ਤੇ ਹੀ ਦਇਆ ਨਹੀਂ ਕਰਦਾ। “ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।”​—ਜ਼ਬੂਰਾਂ ਦੀ ਪੋਥੀ 145:9.

1:17; 2:10. ਇਕ ਵੱਡੀ ਮੱਛੀ ਦੇ ਢਿੱਡ ਵਿੱਚੋਂ ਬਚ ਕੇ ਜਦ ਯੂਨਾਹ ਤਿੰਨ ਦਿਨਾਂ ਤੇ ਤਿੰਨ ਰਾਤਾਂ ਪਿੱਛੋਂ ਬਾਹਰ ਆਇਆ, ਤਾਂ ਮਾਨੋ ਮੌਤ ਦੇ ਮੂੰਹ ਵਿੱਚੋਂ ਬਾਹਰ ਆਇਆ। ਯਿਸੂ ਨਾਲ ਵੀ ਕੁਝ ਇਸੇ ਤਰ੍ਹਾਂ ਹੋਇਆ ਜਦੋਂ ਉਹ ਮਰ ਕੇ ਮੁੜ ਜ਼ਿੰਦਾ ਹੋਇਆ।​—ਮੱਤੀ 12:39, 40; 16:21.

1:17; 2:10; 4:6. ਯਹੋਵਾਹ ਨੇ ਯੂਨਾਹ ਨੂੰ ਸਮੁੰਦਰੀ ਤੂਫ਼ਾਨ ਵਿੱਚੋਂ ਬਚਾਇਆ। ਨਾਲੇ ਯਹੋਵਾਹ ਨੇ “ਇੱਕ ਬੂਟਾ ਠਹਿਰਾਇਆ ਅਤੇ ਉਸ ਨੂੰ ਯੂਨਾਹ ਦੇ ਉੱਤੇ ਕੀਤਾ ਭਈ ਉਹ ਦੇ ਸਿਰ ਉੱਤੇ ਛਾਂ ਕਰੇ ਅਤੇ ਉਹ ਨੂੰ ਖੇਚਲ ਤੋਂ ਛੁਡਾਵੇ।” ਅੱਜ ਵੀ ਯਹੋਵਾਹ ਦੇ ਸੇਵਕ ਉਸ ਦੇ ਪਿਆਰ ਤੇ ਪੂਰਾ ਭਰੋਸਾ ਰੱਖ ਸਕਦੇ ਹਨ ਕਿ ਉਹ ਉਨ੍ਹਾਂ ਦੀ ਰਾਖੀ ਕਰੇਗਾ ਤੇ ਉਨ੍ਹਾਂ ਨੂੰ ਬਚਾਵੇਗਾ।​—ਜ਼ਬੂਰਾਂ ਦੀ ਪੋਥੀ 13:5; 40:11.

2:1, 2, 9, 10. ਯਹੋਵਾਹ ਆਪਣੇ ਭਗਤਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਤੇ ਉਨ੍ਹਾਂ ਦੀ ਦੁਹਾਈ ਵੱਲ ਕੰਨ ਲਾਉਂਦਾ ਹੈ।​—ਜ਼ਬੂਰਾਂ ਦੀ ਪੋਥੀ 120:1; 130:1, 2.

3:8, 10. ਸੱਚਾ ਪਰਮੇਸ਼ੁਰ ਇਸ ਅਰਥ ਵਿਚ “ਪਛਤਾਇਆ” ਕਿ ਉਸ ਨੇ ਨੀਨਵਾਹ ਸ਼ਹਿਰ ਨੂੰ ਨਾਸ਼ ਕਰਨ ਬਾਰੇ ਆਪਣਾ ਮਨ ਬਦਲ ਲਿਆ। ਕਿਉਂ? ਕਿਉਂਕਿ ਨੀਨਵਾਹ ਦੇ ਲੋਕ “ਆਪਣੇ ਭੈੜੇ ਰਾਹ ਤੋਂ ਮੁੜ ਪਏ” ਸਨ। ਅੱਜ ਵੀ ਜੇ ਕੋਈ ਆਪਣੇ ਭੈੜੇ ਕੰਮਾਂ ਨੂੰ ਛੱਡ ਕੇ ਸੱਚੇ ਦਿਲੋਂ ਤੋਬਾ ਕਰਦਾ ਹੈ, ਤਾਂ ਯਹੋਵਾਹ ਉਸ ਨੂੰ ਮਾਫ਼ ਕਰ ਦਿੰਦਾ ਹੈ।

4:1-4. ਯਹੋਵਾਹ ਜਿਹ ਨੂੰ ਚਾਹੇ ਬਖ਼ਸ਼ ਸਕਦਾ ਹੈ। ਸਾਨੂੰ ਉਸ ਦੀ ਦਇਆ ਤੇ ਉਂਗਲ ਨਹੀਂ ਉਠਾਉਣੀ ਚਾਹੀਦੀ।

4:11. ਯਹੋਵਾਹ ਨੂੰ ਨੀਨਵਾਹ ਦੇ 1,20,000 ਲੋਕਾਂ ਤੇ ਤਰਸ ਆਇਆ ਸੀ ਕਿਉਂਕਿ ਉਹ “ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ” ਸਨ। ਇਸ ਲਈ ਉਸ ਨੇ ਯੂਨਾਹ ਰਾਹੀਂ ਲੋਕਾਂ ਨੂੰ ਪ੍ਰਚਾਰ ਕਰਵਾਇਆ। ਯਹੋਵਾਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ ਹੋਵੇ, ਇਸੇ ਕਰਕੇ ਅੱਜ ਦੁਨੀਆਂ ਭਰ ਵਿਚ ਉਹ ਰਾਜ ਦਾ ਪ੍ਰਚਾਰ ਕਰਵਾ ਰਿਹਾ ਹੈ। ਯਹੋਵਾਹ ਵਾਂਗ ਸਾਨੂੰ ਵੀ ਲੋਕਾਂ ਤੇ ਤਰਸ ਖਾ ਕੇ ਜੋਸ਼ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ।​—2 ਪਤਰਸ 3:9.

‘ਉਨ੍ਹਾਂ ਦਾ ਸਿਰ ਦਾ ਗੰਜ ਵਧਾ’ ਦਿੱਤਾ ਗਿਆ

(ਮੀਕਾਹ 1:1–7:20)

ਮੀਕਾਹ ਨੇ ਇਸਰਾਏਲ ਤੇ ਯਹੂਦਾਹ ਦੇ ਪਾਪਾਂ ਦਾ ਪਰਦਾ ਫ਼ਾਸ਼ ਕੀਤਾ ਤੇ ਉਨ੍ਹਾਂ ਦੀਆਂ ਰਾਜਧਾਨੀਆਂ ਦੇ ਨਾਸ ਹੋਣ ਦੀ ਭਵਿੱਖਬਾਣੀ ਕੀਤੀ। ਸਾਮਰਿਯਾ ਨੂੰ “ਰੜ ਦਾ ਢੇਰ” ਬਣਾ ਦਿੱਤਾ ਜਾਵੇਗਾ। ਇਸਰਾਏਲ ਤੇ ਯਹੂਦਾਹ ਮੂਰਤੀ-ਪੂਜਾ ਤੇ ਗੰਦੇ ਕੰਮਾਂ ਵਿਚ ਖੁਭੇ ਹੋਏ ਸਨ, ਇਸ ਲਈ ਉਨ੍ਹਾਂ ਨੂੰ ‘ਗੰਜੇ’ ਜਾਂ ਸ਼ਰਮਿੰਦੇ ਕੀਤਾ ਜਾਣਾ ਸੀ। ‘ਉਕਾਬ ਦੇ ਸਿਰ ਦੇ ਗੰਜ’ ਦੀ ਉਦਾਹਰਣ ਦਿੰਦਿਆਂ ਯਹੋਵਾਹ ਨੇ ਕਿਹਾ ਕਿ ਗ਼ੁਲਾਮੀ ਵਿਚ ਇਸਰਾਏਲੀਆਂ ਦੀ ਇਹ ਹਾਲਤ ਹੋਣੀ ਸੀ। ਇੱਥੇ ਯਹੋਵਾਹ ਸ਼ਾਇਦ ਗਿਰਝ ਦੀ ਉਸ ਕਿਸਮ ਦੀ ਗੱਲ ਕਰ ਰਿਹਾ ਸੀ ਜਿਸ ਦੇ ਸਿਰ ਤੇ ਕੁਝ ਕੁ ਵਾਲ ਹੀ ਹੁੰਦੇ ਹਨ। ਤਬਾਹੀ ਅਤੇ ਗ਼ੁਲਾਮੀ ਦੀ ਭਵਿੱਖਬਾਣੀ ਕਰਨ ਦੇ ਨਾਲ-ਨਾਲ ਯਹੋਵਾਹ ਨੇ ਮੀਕਾਹ ਰਾਹੀਂ ਇਹ ਵੀ ਕਿਹਾ ਕਿ ਸੱਚੀ ਭਗਤੀ ਮੁੜ ਕੇ ਸ਼ੁਰੂ ਹੋਵੇਗੀ: “ਹੇ ਯਾਕੂਬ, ਮੈਂ ਤੁਹਾਨੂੰ ਸਾਰੇ ਦੇ ਸਾਰੇ ਜ਼ਰੂਰ ਇਕੱਠੇ ਕਰਾਂਗਾ।” (ਮੀਕਾਹ 1:6, 16; 2:12) ਭ੍ਰਿਸ਼ਟ ਆਗੂਆਂ ਤੇ ਪਾਪੀ ਨਬੀਆਂ ਕਰਕੇ ਯਰੂਸ਼ਲਮ ਵੀ “ਥੇਹ ਹੋ ਜਾਵੇਗਾ।” ਪਰ ਯਹੋਵਾਹ ਆਪਣੇ ਲੋਕਾਂ ਨੂੰ “ਇਕੱਠਿਆਂ” ਕਰੇਗਾ। “ਬੈਤਲਹਮ ਅਫ਼ਰਾਥਾਹ” ਵਿੱਚੋਂ ਉਹ ਸ਼ਖ਼ਸ ਨਿਕਲੇਗਾ ਜੋ “ਇਸਰਾਏਲ ਵਿੱਚ ਹਾਕਮ ਹੋਵੇਗਾ।”​—ਮੀਕਾਹ 3:12; 4:12; 5:2.

ਕੀ ਯਹੋਵਾਹ ਨੇ ਇਸਰਾਏਲ ਨਾਲ ਨਾਇਨਸਾਫ਼ੀ ਕੀਤੀ? ਕੀ ਉਸ ਦੇ ਅਸੂਲਾਂ ਤੇ ਚੱਲਣਾ ਬਹੁਤ ਹੀ ਮੁਸ਼ਕਲ ਸੀ? ਨਹੀਂ। ਯਹੋਵਾਹ ਆਪਣੇ ਭਗਤਾਂ ਤੋਂ ਇਹੀ ਚਾਹੁੰਦਾ ਸੀ ਕਿ ਉਹ ‘ਇਨਸਾਫ਼ ਕਰਨ, ਦਯਾ ਨਾਲ ਪ੍ਰੇਮ ਰੱਖਣ, ਅਤੇ ਅਧੀਨ ਹੋ ਕੇ’ ਉਸ ਨਾਲ ਚੱਲਣ। (ਮੀਕਾਹ 6:8) ਮੀਕਾਹ ਦੇ ਜ਼ਮਾਨੇ ਦੇ ਲੋਕਾਂ ਦਾ ਚਾਲ-ਚਲਣ ਇੰਨਾ ਗਿਰ ਗਿਆ ਸੀ ਕਿ ‘ਓਹਨਾਂ ਦਾ ਸਭ ਤੋਂ ਉੱਤਮ ਪੁਰਖ ਕੰਡੇ ਵਰਗਾ ਸੀ ਤੇ ਸਿੱਧਾ ਮਨੁੱਖ ਬਾੜੇ ਵਾਂਙੁ।’ ਉਹ ਹਰੇਕ ਨੂੰ ਦੁੱਖ ਹੀ ਦਿੰਦੇ ਸਨ। ਪਰ ਮੀਕਾਹ ਨਬੀ ਨੇ ਪੁੱਛਿਆ: “ਤੇਰੇ [ਯਹੋਵਾਹ] ਵਰਗਾ ਕਿਹੜਾ ਪਰਮੇਸ਼ੁਰ ਹੈ?” ਹਾਂ, ਪਰਮੇਸ਼ੁਰ ਆਪਣੇ ਲੋਕਾਂ ਤੇ ਦਇਆ ਕਰੇਗਾ ਤੇ ਉਨ੍ਹਾਂ ਦੇ ‘ਸਾਰੇ ਪਾਪਾਂ ਨੂੰ ਸਮੁੰਦਰ ਦੀ ਤੀਹ ਵਿੱਚ ਸੁੱਟੇਗਾ।’​—ਮੀਕਾਹ 7:4, 18, 19.

ਕੁਝ ਸਵਾਲਾਂ ਦੇ ਜਵਾਬ:

2:12—“ਇਸਰਾਏਲ ਦੇ ਬਕੀਏ ਨੂੰ ਜਮਾ” ਕਰਨ ਦੀ ਭਵਿੱਖਬਾਣੀ ਕਦੋਂ ਪੂਰੀ ਹੋਈ ਸੀ? ਇਹ ਪਹਿਲਾਂ 537 ਈ. ਪੂ. ਵਿਚ ਪੂਰੀ ਹੋਈ ਸੀ ਜਦੋਂ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਇਸਰਾਏਲੀ ਵਾਪਸ ਆਪਣੇ ਦੇਸ਼ ਆਏ ਸਨ। ਸਾਡੇ ਸਮੇਂ ਵਿਚ ਇਹ ਭਵਿੱਖਬਾਣੀ “ਪਰਮੇਸ਼ੁਰ ਦੇ ਇਸਰਾਏਲ” ਉੱਤੇ ਪੂਰੀ ਹੋਈ ਹੈ। (ਗਲਾਤੀਆਂ 6:16) 1919 ਤੋਂ ਯਹੋਵਾਹ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ‘ਭੇਡਾਂ ਵਾਂਙੁ ਇਕੱਠਾ ਰੱਖਿਆ’ ਹੈ। 1935 ਤੋਂ ‘ਹੋਰ ਭੇਡਾਂ’ ਦੀ ਇਕ “ਵੱਡੀ ਭੀੜ” ਉਨ੍ਹਾਂ ਨਾਲ ਮਿਲ ਕੇ ਜ਼ੋਰਾਂ-ਸ਼ੋਰਾਂ ਨਾਲ ਯਹੋਵਾਹ ਦਾ ਨਾਂ ਰੌਸ਼ਨ ਕਰ ਰਹੀ ਹੈ।​—ਪਰਕਾਸ਼ ਦੀ ਪੋਥੀ 7:9; ਯੂਹੰਨਾ 10:16.

4:1-4—“ਆਖਰੀ ਦਿਨਾਂ” ਵਿਚ ਯਹੋਵਾਹ ਕਿਵੇਂ ‘ਬਹੁਤੀਆਂ ਉੱਮਤਾਂ ਵਿੱਚ ਨਿਆਉਂ ਕਰਦਾ ਹੈ, ਅਤੇ ਤਕੜੀਆਂ ਕੌਮਾਂ ਦਾ ਫ਼ੈਸਲਾ’ ਕਰਦਾ ਹੈ? “ਬਹੁਤੀਆਂ ਉੱਮਤਾਂ” ਤੇ ‘ਤਕੜੀਆਂ ਕੌਮਾਂ’ ਸਾਰੀਆਂ ਸਿਆਸੀ ਕੌਮਾਂ ਨੂੰ ਨਹੀਂ ਦਰਸਾਉਂਦੀਆਂ ਹਨ। ਇੱਥੇ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ ਜੋ ਸਾਰੀਆਂ ਕੌਮਾਂ ਵਿੱਚੋਂ ਆ ਕੇ ਯਹੋਵਾਹ ਦੇ ਭਗਤ ਬਣਦੇ ਹਨ। ਯਹੋਵਾਹ ਇਸ ਭਾਵ ਵਿਚ ਉਨ੍ਹਾਂ ਦਾ ਨਿਆਂ ਅਤੇ ਫ਼ੈਸਲਾ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਆਪਣੇ ਰਾਹਾਂ ਤੇ ਚੱਲਣਾ ਸਿਖਾਉਂਦਾ ਹੈ।

ਸਾਡੇ ਲਈ ਸਬਕ:

1:6, 9; 3:12; 5:2. ਸਾਮਰਿਯਾ ਦੀ ਤਬਾਹੀ ਅੱਸ਼ੂਰੀਆਂ ਦੇ ਹੱਥੋਂ ਹੋਈ। ਇਹ ਘਟਨਾ 740 ਈ. ਪੂ. ਵਿਚ ਮੀਕਾਹ ਦੇ ਦਿਨਾਂ ਵਿਚ ਵਾਪਰੀ ਸੀ । (2 ਰਾਜਿਆਂ 17:5, 6) ਅੱਸ਼ੂਰੀ ਫ਼ੌਜਾਂ ਨੇ ਹਿਜ਼ਕੀਯਾਹ ਬਾਦਸ਼ਾਹ ਦੇ ਰਾਜ ਦੌਰਾਨ ਯਰੂਸ਼ਲਮ ਤੇ ਵੀ ਚੜ੍ਹਾਈ ਕੀਤੀ। (2 ਰਾਜਿਆਂ 18:13) 607 ਈ. ਪੂ. ਵਿਚ ਬਾਬਲੀਆਂ ਨੇ ਯਰੂਸ਼ਲਮ ਨੂੰ ਅੱਗ ਲਾ ਕੇ ਸਾੜ ਸੁੱਟਿਆ। (2 ਇਤਹਾਸ 36:19) ਜਿਵੇਂ ਮੀਕਾਹ ਨੇ ਦੱਸਿਆ ਸੀ, ਮਸੀਹਾ “ਬੈਤਲਹਮ ਅਫ਼ਰਾਥਾਹ” ਵਿਚ ਹੀ ਪੈਦਾ ਹੋਇਆ। (ਮੱਤੀ 2:3-6) ਯਹੋਵਾਹ ਦੀ ਕਹੀ ਹਰ ਗੱਲ ਸੱਚ ਸਾਬਤ ਹੁੰਦੀ ਹੈ।

2:1, 2.ਪਰਮੇਸ਼ੁਰ ਦੇ “ਰਾਜ” ਅਤੇ ਉਸ ਦੇ ਧਰਮੀ ਅਸੂਲਾਂ ਨੂੰ ਪਹਿਲ ਦੇਣ ਦੀ ਬਜਾਇ ਧਨ-ਦੌਲਤ ਪਿੱਛੇ ਭੱਜਣਾ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ।​—ਮੱਤੀ 6:33; 1 ਤਿਮੋਥਿਉਸ 6:9, 10.

3:1-3, 5. ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਸੰਗਠਨ ਵਿਚ ਅਗਵਾਈ ਕਰਨ ਵਾਲੇ ਉਸ ਦੇ ਲੋਕਾਂ ਨਾਲ ਇਨਸਾਫ਼ ਕਰਨ।

3:4. ਜੇ ਅਸੀਂ ਯਹੋਵਾਹ ਦੀ ਭਗਤੀ ਕਰਨ ਦਾ ਨਿਰਾ ਪਖੰਡ ਕਰਦੇ ਹੋਏ ਪਾਪ ਕਰਦੇ ਰਹਿੰਦੇ ਹਾਂ, ਤਾਂ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦੇਵੇਗਾ।

3:8. ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਨਾਲ-ਨਾਲ ਇਸ ਬੁਰੀ ਦੁਨੀਆਂ ਦੇ ਨਾਸ਼ ਦੀ ਚੇਤਾਵਨੀ ਵੀ ਦਿੰਦੇ ਹਾਂ। ਪਰਮੇਸ਼ੁਰ ਦੀ ਪਵਿੱਤਰ ਆਤਮਾ ਹੀ ਸਾਨੂੰ ਇਹ ਕੰਮ ਕਰਨ ਦੀ ਤਾਕਤ ਦੇ ਸਕਦੀ ਹੈ।

5:5. ਇਸ ਭਵਿੱਖਬਾਣੀ ਤੋਂ ਸਾਨੂੰ ਤਸੱਲੀ ਮਿਲਦੀ ਹੈ ਕਿ ਭਵਿੱਖ ਵਿਚ ਜਦੋਂ ਯਹੋਵਾਹ ਦੇ ਭਗਤਾਂ ਉੱਤੇ ਉਨ੍ਹਾਂ ਦੇ ਦੁਸ਼ਮਣ ਹਮਲਾ ਕਰਨਗੇ, ਤਾਂ ਯਿਸੂ ਮਸੀਹ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ “ਸੱਤ ਅਯਾਲੀਆਂ” [ਨੰਬਰ ਸੱਤ ਮੁਕੰਮਲਤਾ ਨੂੰ ਦਰਸਾਉਂਦਾ ਹੈ] ਅਤੇ ‘ਅੱਠ ਰਾਜ-ਕੁਮਾਰਾਂ’ ਨੂੰ ਨਿਯੁਕਤ ਕਰੇਗਾ। ਇਸ ਦਾ ਮਤਲਬ ਹੈ ਕਿ ਬਹੁਤ ਸਾਰੇ ਅਗਵਾਈ ਕਰਨ ਵਾਲੇ ਕਾਬਲ ਬੰਦੇ ਹੋਣਗੇ।

5:7, 8. ਅੱਜ ਮਸਹ ਕੀਤੇ ਹੋਏ ਮਸੀਹੀ ਕਈ ਲੋਕਾਂ ਲਈ ‘ਯਹੋਵਾਹ ਵੱਲੋਂ ਤ੍ਰੇਲ ਵਾਂਙੁ’ ਬਰਕਤ ਸਾਬਤ ਹੁੰਦੇ ਹਨ। ਇਹ ਇਸ ਕਰਕੇ ਹੈ ਕਿਉਂਕਿ ਯਹੋਵਾਹ ਉਨ੍ਹਾਂ ਨੂੰ ਆਪਣੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਵਰਤਦਾ ਹੈ। ਮਸਹ ਕੀਤੇ ਹੋਏ ਮਸੀਹੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੀਆਂ ‘ਹੋਰ ਭੇਡਾਂ’ ਵੀ ਲੋਕਾਂ ਨੂੰ ਅਧਿਆਤਮਿਕ ਤੌਰ ਤੇ ਤਾਜ਼ਗੀ ਦਿੰਦੀਆਂ ਹਨ। (ਯੂਹੰਨਾ 10:16) ਪ੍ਰਚਾਰ ਕੰਮ ਵਿਚ ਲੋਕਾਂ ਦੀ ਮਦਦ ਕਰਨੀ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ!

6:3, 4. ਕੁਝ ਲੋਕਾਂ ਦਾ ਸੁਭਾਅ ਸਾਨੂੰ ਸ਼ਾਇਦ ਚੰਗਾ ਨਾ ਲੱਗੇ ਜਾਂ ਉਹ ਸੱਚਾਈ ਵਿਚ ਇੰਨੇ ਤਕੜੇ ਨਾ ਹੋਣ। ਫਿਰ ਵੀ ਸਾਨੂੰ ਯਹੋਵਾਹ ਪਰਮੇਸ਼ੁਰ ਦੀ ਰੀਸ ਕਰਦਿਆਂ ਉਨ੍ਹਾਂ ਨਾਲ ਪਿਆਰ ਤੇ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ।

7:7. ਇਸ ਬੁਰੀ ਦੁਨੀਆਂ ਵਿਚ ਅਸੀਂ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਪਰ ਸਾਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਕਿ ਯਹੋਵਾਹ ਦਾ ਦਿਨ ਜ਼ਰੂਰ ਆਵੇਗਾ। ਮੀਕਾਹ ਵਾਂਗ ਸਾਨੂੰ ਧੀਰਜ ਰੱਖ ਕੇ “ਪਰਮੇਸ਼ੁਰ ਦੀ ਉਡੀਕ” ਕਰਨ ਦੀ ਲੋੜ ਹੈ।

7:18, 19. ਯਹੋਵਾਹ ਸਾਡੀਆਂ ਗ਼ਲਤੀਆਂ ਮਾਫ਼ ਕਰ ਦਿੰਦਾ ਹੈ, ਇਸ ਲਈ ਸਾਨੂੰ ਵੀ ਦੂਜਿਆਂ ਦੀਆਂ ਗ਼ਲਤੀਆਂ ਮਾਫ਼ ਕਰ ਦੇਣੀਆਂ ਚਾਹੀਦੀਆਂ ਹਨ।

“ਯਹੋਵਾਹ ਦਾ ਨਾਮ ਲੈ ਕੇ” ਚੱਲਦੇ ਰਹੋ

ਯਹੋਵਾਹ ਤੇ ਉਸ ਦੇ ਭਗਤਾਂ ਦੇ ਵਿਰੁੱਧ ਜੋ ਲੜਨਗੇ, ਉਨ੍ਹਾਂ ਨੂੰ “ਸਦਾ ਲਈ ਕੱਟ ਸੁੱਟਿਆ” ਜਾਵੇਗਾ। (ਓਬਦਯਾਹ 10) ਪਰ “ਭੈੜੇ ਰਾਹ ਤੋਂ ਮੁੜ” ਕੇ ਉਸ ਦੇ ਕਹਿਣੇ ਵਿਚ ਰਹਿਣ ਨਾਲ ਯਹੋਵਾਹ ਦਾ ਗੁੱਸਾ ਸਾਡੇ ਉੱਤੇ ਨਹੀਂ ਭੜਕੇਗਾ। (ਯੂਨਾਹ 3:10) ਇਨ੍ਹਾਂ “ਆਖਰੀ ਦਿਨਾਂ” ਵਿਚ ਯਹੋਵਾਹ ਦਾ ਨਾਂ ਰੌਸ਼ਨ ਹੋ ਰਿਹਾ ਹੈ ਤੇ ਬਹੁਤੇ ਲੋਕ ਉਸ ਨੂੰ ਆਪਣਾ ਗੜ੍ਹ ਮੰਨ ਕੇ ਉਸ ਦੀ ਭਗਤੀ ਕਰ ਰਹੇ ਹਨ। (ਮੀਕਾਹ 4:1; 2 ਤਿਮੋਥਿਉਸ 3:1) ਆਓ ਅਸੀਂ ਇਹ ਠਾਣ ਲਈਏ ਕਿ ਅਸੀਂ “ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”​—ਮੀਕਾਹ 4:5.

ਓਬਦਯਾਹ, ਯੂਨਾਹ ਤੇ ਮੀਕਾਹ ਦੀਆਂ ਪੋਥੀਆਂ ਤੋਂ ਅਸੀਂ ਕਿੰਨਾ ਕੁਝ ਸਿੱਖਦੇ ਹਾਂ! ਭਾਵੇਂ ਇਹ ਪੋਥੀਆਂ 2,500 ਸਾਲਾਂ ਪਹਿਲਾਂ ਲਿਖੀਆਂ ਗਈਆਂ ਸਨ, ਤਾਂ ਵੀ ਇਨ੍ਹਾਂ ਦਾ ਸੰਦੇਸ਼ “ਜੀਉਂਦਾ ਅਤੇ ਗੁਣਕਾਰ” ਹੈ।​—ਇਬਰਾਨੀਆਂ 4:12.

[ਸਫ਼ਾ 13 ਉੱਤੇ ਤਸਵੀਰ]

ਓਬਦਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਅਦੋਮ ਨੂੰ “ਸਦਾ ਲਈ ਕੱਟ ਸੁੱਟਿਆ” ਜਾਵੇਗਾ

[ਸਫ਼ਾ 15 ਉੱਤੇ ਤਸਵੀਰ]

ਮੀਕਾਹ ਵਾਂਗ ਤੁਸੀਂ ਵੀ ‘ਯਹੋਵਾਹ ਦੀ ਉਡੀਕ’ ਕਰ ਸਕਦੇ ਹੋ

[ਸਫ਼ਾ 16 ਉੱਤੇ ਤਸਵੀਰ]

ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ