Skip to content

Skip to table of contents

“ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ”

“ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ”

“ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ”

ਅੱਜ ਤੋਂ ਤਕਰੀਬਨ 2,500 ਸਾਲ ਪਹਿਲਾਂ ਫਾਰਸ ਦੇ ਰਾਜਾ ਖੋਰੁਸ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕੀਤਾ ਸੀ। ਹਜ਼ਾਰਾਂ ਲੋਕ ਢਠੇ ਪਏ ਯਹੋਵਾਹ ਦੇ ਭਵਨ ਨੂੰ ਬਣਾਉਣ ਲਈ ਵਾਪਸ ਯਰੂਸ਼ਲਮ ਆਏ। ਇਨ੍ਹਾਂ ਲੋਕਾਂ ਕੋਲ ਜ਼ਿਆਦਾ ਪੈਸਾ-ਧੇਲਾ ਨਹੀਂ ਸੀ ਅਤੇ ਆਲੇ-ਦੁਆਲੇ ਦੀਆਂ ਵੈਰੀ ਕੌਮਾਂ ਨੇ ਭਵਨ ਬਣਾਉਣ ਦੇ ਕੰਮ ਵਿਚ ਟੰਗ ਅੜਾਈ। ਇਸ ਕਰਕੇ ਕਈ ਲੋਕ ਸੋਚ ਰਹੇ ਸਨ ਕੀ ਉਹ ਇੰਨਾ ਵੱਡਾ ਭਵਨ ਬਣਾ ਪਾਉਣਗੇ ਵੀ ਜਾਂ ਨਹੀਂ।

ਆਪਣੇ ਨਬੀ ਹੱਜਈ ਰਾਹੀਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਨਾਲ ਸੀ। ਪਰਮੇਸ਼ੁਰ ਨੇ ਕਿਹਾ: “ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ।” ਅਤੇ ਭਵਨ ਉਸਾਰਨ ਲਈ ਪੈਸੇ ਦੀ ਚਿੰਤਾ ਨਾ ਕਰਨ ਬਾਰੇ ਹੱਜਈ ਨੇ ਪਰਮੇਸ਼ੁਰ ਦਾ ਇਹ ਸੰਦੇਸ਼ ਲੋਕਾਂ ਤਕ ਪਹੁੰਚਾਇਆ: “ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ, ਯਹੋਵਾਹ ਦਾ ਵਾਕ ਹੈ।” (ਹੱਜਈ 2:7-9) ਇਹ ਭਰੋਸਾ ਮਿਲਣ ਤੋਂ ਬਾਅਦ ਪੰਜਾਂ ਸਾਲਾਂ ਦੇ ਅੰਦਰ-ਅੰਦਰ ਭਵਨ ਬਣ ਕੇ ਤਿਆਰ ਹੋ ਗਿਆ।—ਅਜ਼ਰਾ 6:13-15.

ਹੱਜਈ ਦੇ ਇਨ੍ਹਾਂ ਸ਼ਬਦਾਂ ਤੋਂ ਅੱਜ ਵੀ ਯਹੋਵਾਹ ਦੇ ਸੇਵਕਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਕਿਉਂਕਿ ਉਹ ਵੀ ਯਹੋਵਾਹ ਦੀ ਭਗਤੀ ਲਈ ਕਈ ਤਰ੍ਹਾਂ ਦੇ ਵੱਡੇ-ਵੱਡੇ ਕੰਮ ਕਰਦੇ ਹਨ। ਮਾਤਬਰ ਅਤੇ ਬੁੱਧਵਾਨ ਨੌਕਰ ਨੇ 1879 ਵਿਚ ਇਹ ਰਸਾਲਾ ਛਾਪਣਾ ਸ਼ੁਰੂ ਕੀਤਾ। ਪਹਿਲਾਂ ਇਸ ਰਸਾਲੇ ਦਾ ਨਾਂ ਸੀ ਜ਼ਾਯੰਸ ਵਾਚ ਟਾਵਰ। ਉਸ ਵੇਲੇ ਇਸ ਵਿਚ ਇਹ ਕਿਹਾ ਗਿਆ ਸੀ: “ਸਾਨੂੰ ਵਿਸ਼ਵਾਸ ਹੈ ਕਿ ‘ਜ਼ਾਯੰਸ ਵਾਚ ਟਾਵਰ’ ਉੱਤੇ ਯਹੋਵਾਹ ਦੀ ਮਿਹਰ ਹੈ, ਇਸ ਲਈ ਇਸ ਨੂੰ ਛਾਪਣ ਲਈ ਸਾਨੂੰ ਮਦਦ ਵਾਸਤੇ ਕਿਸੇ ਮਨੁੱਖ ਤੋਂ ਭੀਖ ਨਹੀਂ ਮੰਗਣਾ ਪਵੇਗਾ। ਜਦ ਪਰਮੇਸ਼ੁਰ ਜੋ ਕਹਿੰਦਾ ਹੈ ਕਿ ‘ਪਹਾੜਾਂ ਦਾ ਸਾਰਾ ਸੋਨਾ ਤੇ ਚਾਂਦੀ ਮੇਰੀ ਹੈ,’ ਸਾਨੂੰ ਜ਼ਰੂਰੀ ਫੰਡ ਨਹੀਂ ਦੇਵੇਗਾ, ਤਾਂ ਅਸੀਂ ਸਮਝਾਂਗੇ ਕਿ ਹੁਣ ਇਸ ਪ੍ਰਕਾਸ਼ਨ ਨੂੰ ਬੰਦ ਕਰਨ ਦਾ ਸਮਾਂ ਆ ਗਿਆ ਹੈ।”

ਇਹ ਰਸਾਲਾ ਛਪਣਾ ਕਦੀ ਬੰਦ ਨਹੀਂ ਹੋਇਆ। ਇਸ ਰਸਾਲੇ ਦੇ ਪਹਿਲੇ ਅੰਕ ਦੀਆਂ ਅੰਗ੍ਰੇਜ਼ੀ ਵਿਚ 6,000 ਕਾਪੀਆਂ ਛਾਪੀਆਂ ਗਈਆਂ ਸਨ। ਅੱਜ ਇਸ ਦੀਆਂ 161 ਭਾਸ਼ਾਵਾਂ ਵਿਚ ਕੁੱਲ 2,85,78,000 ਕਾਪੀਆਂ ਛਪਦੀਆਂ ਹਨ। * ਜਾਗਰੂਕ ਬਣੋ! ਰਸਾਲੇ ਦੀਆਂ 81 ਭਾਸ਼ਾਵਾਂ ਵਿਚ ਔਸਤਨ 3,42,67,000 ਕਾਪੀਆਂ ਛਪਦੀਆਂ ਹਨ।

ਇਸ ਰਸਾਲੇ ਨੂੰ ਛਾਪਣ ਅਤੇ ਹੋਰ ਦੂਸਰੇ ਪ੍ਰਾਜੈਕਟ ਸ਼ੁਰੂ ਕਰਨ ਵਿਚ ਯਹੋਵਾਹ ਦੇ ਗਵਾਹਾਂ ਦਾ ਇਕ ਹੀ ਮਕਸਦ ਰਿਹਾ ਹੈ—ਵਿਸ਼ਵ ਦੇ ਸਰਬਸ਼ਕਤੀਮਾਨ ਪ੍ਰਭੂ ਵਜੋਂ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਕਰਨੀ ਅਤੇ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕਰਨਾ। (ਮੱਤੀ 24:14; ਪਰਕਾਸ਼ ਦੀ ਪੋਥੀ 4:11) 1879 ਵਾਂਗ ਯਹੋਵਾਹ ਦੇ ਗਵਾਹਾਂ ਨੂੰ ਅੱਜ ਵੀ ਭਰੋਸਾ ਹੈ ਕਿ ਯਹੋਵਾਹ ਉਨ੍ਹਾਂ ਦੇ ਪ੍ਰਾਜੈਕਟਾਂ ਵਿਚ ਉਨ੍ਹਾਂ ਦੀ ਮਦਦ ਕਰੇਗਾ ਅਤੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਫੰਡ ਮੁਹੱਈਆ ਕਰਾਏਗਾ। ਪਰ ਇਨ੍ਹਾਂ ਪ੍ਰਾਜੈਕਟਾਂ ਲਈ ਪੈਸਾ ਆਉਂਦਾ ਕਿੱਥੋਂ ਹੈ? ਪੂਰੀ ਦੁਨੀਆਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਉਹ ਕਿਹੜੇ ਪ੍ਰਾਜੈਕਟਾਂ ਤੇ ਕੰਮ ਕਰਦੇ ਹਨ?

ਕੰਮ ਲਈ ਪੈਸਾ ਕਿੱਥੋਂ ਆਉਂਦਾ?

ਘਰ-ਘਰ ਪ੍ਰਚਾਰ ਕਰਦਿਆਂ ਅਕਸਰ ਯਹੋਵਾਹ ਦੇ ਗਵਾਹਾਂ ਨੂੰ ਪੁੱਛਿਆ ਜਾਂਦਾ ਹੈ, “ਕੀ ਤੁਹਾਨੂੰ ਪ੍ਰਚਾਰ ਕਰਨ ਲਈ ਪੈਸਾ ਮਿਲਦਾ ਹੈ?” ਇਸ ਦਾ ਜਵਾਬ ਹੈ ਨਹੀਂ। ਉਹ ਇਹ ਕੰਮ ਮੁਫ਼ਤ ਵਿਚ ਕਰਦੇ ਹਨ। ਕਿਉਂ? ਕਿਉਂਕਿ ਗਵਾਹ ਇਸ ਗੱਲ ਦੀ ਕਦਰ ਕਰਦੇ ਹਨ ਕਿ ਯਹੋਵਾਹ ਨੇ ਉਨ੍ਹਾਂ ਲਈ ਬਹੁਤ ਕੁਝ ਕੀਤਾ ਹੈ ਅਤੇ ਰਾਜ ਦੀ ਖ਼ੁਸ਼ ਖ਼ਬਰੀ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਅਤੇ ਨਜ਼ਰੀਏ ਨੂੰ ਬਦਲ ਦਿੱਤਾ ਹੈ। ਇਸ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਦਿਆਂ ਉਹ ਦੂਸਰਿਆਂ ਨੂੰ ਵੀ ਯਹੋਵਾਹ ਬਾਰੇ ਅਤੇ ਸੋਹਣੇ ਭਵਿੱਖ ਬਾਰੇ ਦੱਸਣਾ ਚਾਹੁੰਦੇ ਹਨ। ਉਹ ਯਿਸੂ ਦੀ ਕਹੀ ਇਸ ਗੱਲ ਤੇ ਚੱਲਦੇ ਹਨ: “ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।” (ਮੱਤੀ 10:8) ਉਹ ਸਰਬਸ਼ਕਤੀਮਾਨ ਯਹੋਵਾਹ ਅਤੇ ਯਿਸੂ ਦੇ ਗਵਾਹ ਹਨ, ਇਸ ਲਈ ਉਹ ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਮਾਣ ਦੀ ਗੱਲ ਸਮਝਦੇ ਹਨ। ਇਸ ਕੰਮ ਲਈ ਉਹ ਦੂਰ-ਦੁਰੇਡੀਆਂ ਥਾਵਾਂ ਤੇ ਜਾਣ ਅਤੇ ਆਪਣੀ ਜੇਬ ਵਿੱਚੋਂ ਪੈਸੇ ਖ਼ਰਚਣ ਲਈ ਵੀ ਤਿਆਰ ਰਹਿੰਦੇ ਹਨ।—ਯਸਾਯਾਹ 43:10; ਰਸੂਲਾਂ ਦੇ ਕਰਤੱਬ 1:8.

ਪ੍ਰਚਾਰ ਦਾ ਕੰਮ ਦੁਨੀਆਂ ਭਰ ਵਿਚ ਕੀਤਾ ਜਾਂਦਾ ਹੈ ਅਤੇ ਇਸ ਕੰਮ ਲਈ ਛਾਪੇਖ਼ਾਨੇ, ਆਫ਼ਿਸ, ਅਸੈਂਬਲੀ ਹਾਲ, ਮਿਸ਼ਨਰੀ ਘਰ ਆਦਿ ਬਣਾਏ ਜਾਂਦੇ ਹਨ। ਇਸ ਸਭ ਤੇ ਬਹੁਤ ਪੈਸਾ ਖ਼ਰਚ ਹੁੰਦਾ ਹੈ। ਇਹ ਪੈਸਾ ਕਿੱਥੋਂ ਆਉਂਦਾ ਹੈ? ਇਹ ਪੈਸਾ ਦਾਨ ਰਾਹੀਂ ਆਉਂਦਾ ਹੈ। ਯਹੋਵਾਹ ਦੇ ਗਵਾਹ ਕਲੀਸਿਯਾ ਦੇ ਮੈਂਬਰਾਂ ਤੋਂ ਪੈਸਾ ਨਹੀਂ ਮੰਗਦੇ ਜਾਂ ਲੋਕਾਂ ਨੂੰ ਆਪਣਾ ਸਾਹਿੱਤ ਨਹੀਂ ਵੇਚਦੇ ਹਨ। ਜੇ ਕੋਈ ਇਸ ਕੰਮ ਲਈ ਆਪਣੀ ਮਰਜ਼ੀ ਨਾਲ ਦਾਨ ਦੇਣਾ ਚਾਹੁੰਦਾ ਹੈ, ਤਾਂ ਗਵਾਹ ਖ਼ੁਸ਼ੀ-ਖ਼ੁਸ਼ੀ ਦਾਨ ਸਵੀਕਾਰ ਕਰਦੇ ਹਨ। ਆਓ ਆਪਾਂ ਦੁਨੀਆਂ ਭਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਕੰਮ ਦੇ ਇਕ ਪਹਿਲੂ ਉੱਤੇ ਵਿਚਾਰ ਕਰੀਏ। ਇਹ ਹੈ ਕਿਤਾਬਾਂ ਦਾ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਕੰਮ।

437 ਭਾਸ਼ਾਵਾਂ ਵਿਚ ਸਾਹਿੱਤ

ਅੱਜ ਯਹੋਵਾਹ ਦੇ ਗਵਾਹਾਂ ਦਾ ਸਾਹਿੱਤ ਦੁਨੀਆਂ ਭਰ ਵਿਚ ਸਭ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਛਾਪੇ ਜਾਂਦੇ ਪ੍ਰਕਾਸ਼ਨਾਂ ਵਿਚ ਗਿਣਿਆ ਜਾਂਦਾ ਹੈ। ਟ੍ਰੈਕਟ, ਬਰੋਸ਼ਰ, ਰਸਾਲੇ ਤੇ ਕਿਤਾਬਾਂ ਦਾ 437 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਪ੍ਰਚਾਰ ਦੇ ਦੂਜੇ ਕੰਮਾਂ ਵਾਂਗ ਅਨੁਵਾਦ ਦੇ ਕੰਮ ਲਈ ਵੀ ਕਾਫ਼ੀ ਪੈਸੇ ਦੀ ਲੋੜ ਪੈਂਦੀ ਹੈ। ਅਨੁਵਾਦ ਦਾ ਕੰਮ ਕਿੱਦਾਂ ਕੀਤਾ ਜਾਂਦਾ ਹੈ?

ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਦੇ ਸੰਪਾਦਕ ਪਹਿਲਾਂ ਅੰਗ੍ਰੇਜ਼ੀ ਵਿਚ ਲੇਖ ਤਿਆਰ ਕਰਦੇ ਹਨ ਤੇ ਫਿਰ ਇਹ ਲੇਖ ਦੁਨੀਆਂ ਭਰ ਵਿਚ ਤਜਰਬੇਕਾਰ ਅਨੁਵਾਦਕਾਂ ਦੀਆਂ ਟੀਮਾਂ ਨੂੰ ਇੰਟਰਨੈੱਟ ਰਾਹੀਂ ਘੱਲ ਦਿੰਦੇ ਹਨ। ਹਰ ਟੀਮ ਆਪਣੀ ਭਾਸ਼ਾ ਵਿਚ ਸਾਹਿੱਤ ਅਨੁਵਾਦ ਕਰਦੀ ਹੈ। ਟੀਮ ਕਿੰਨੇ ਪ੍ਰਕਾਸ਼ਨਾਂ ਤੇ ਕੰਮ ਕਰ ਰਹੀ ਹੈ ਤੇ ਉਨ੍ਹਾਂ ਦੀ ਭਾਸ਼ਾ ਕਿੰਨੀ ਔਖੀ ਹੈ, ਇਸ ਆਧਾਰ ਤੇ ਟੀਮ ਵਿਚ 5 ਤੋਂ 25 ਤਕ ਮੈਂਬਰ ਹੋ ਸਕਦੇ ਹਨ।

ਅਨੁਵਾਦ ਕੀਤਾ ਗਿਆ ਲੇਖ ਅੰਗ੍ਰੇਜ਼ੀ ਨਾਲ ਮਿਲਾ ਕੇ ਚੈੱਕ ਕੀਤਾ ਜਾਂਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਜੋ ਵਿਚਾਰ ਅੰਗ੍ਰੇਜ਼ੀ ਵਿਚ ਹਨ, ਉਹੀ ਵਿਚਾਰ ਅਨੁਵਾਦ ਕੀਤੇ ਗਏ ਲੇਖ ਵਿਚ ਸਹੀ-ਸਹੀ ਤੇ ਸਪੱਸ਼ਟ ਤੌਰ ਤੇ ਪਾਏ ਗਏ ਹੋਣ। ਫਿਰ ਲੇਖ ਨੂੰ ਪਰੂਫ-ਰੀਡ ਕੀਤਾ ਜਾਂਦਾ ਹੈ। ਅੰਗ੍ਰੇਜ਼ੀ ਦੇ ਵਿਚਾਰਾਂ ਦਾ ਸਹੀ-ਸਹੀ ਅਨੁਵਾਦ ਕਰਨਾ ਸੌਖਾ ਨਹੀਂ ਹੁੰਦਾ। ਜਦੋਂ ਅੰਗ੍ਰੇਜ਼ੀ ਵਿਚ ਲੇਖ ਕਿਸੇ ਖ਼ਾਸ ਵਿਸ਼ੇ ਉੱਤੇ ਹੁੰਦਾ ਹੈ ਤੇ ਇਸ ਵਿਚ ਉਸ ਵਿਸ਼ੇ ਨਾਲ ਸੰਬੰਧਿਤ ਸ਼ਬਦ ਵਰਤੇ ਗਏ ਹੁੰਦੇ ਹਨ, ਤਾਂ ਸਹੀ-ਸਹੀ ਅਨੁਵਾਦ ਕਰਨ ਲਈ ਅਨੁਵਾਦਕਾਂ ਅਤੇ ਪਰੂਫ-ਰੀਡਰਾਂ ਨੂੰ ਅੰਗ੍ਰੇਜ਼ੀ ਤੇ ਆਪਣੀ ਭਾਸ਼ਾ ਵਿਚ ਕਾਫ਼ੀ ਰਿਸਰਚ ਕਰਨੀ ਪੈਂਦੀ ਹੈ। ਉਦਾਹਰਣ ਲਈ, ਜਦੋਂ ਜਾਗਰੂਕ ਬਣੋ! ਰਸਾਲੇ ਵਿਚ ਲੇਖ ਤਕਨੀਕੀ ਜਾਂ ਇਤਿਹਾਸਕ ਵਿਸ਼ੇ ਉੱਤੇ ਹੁੰਦਾ ਹੈ, ਤਾਂ ਇਸ ਲਈ ਕਾਫ਼ੀ ਰਿਸਰਚ ਕਰਨ ਦੀ ਲੋੜ ਪੈਂਦੀ ਹੈ। ਕਈ ਟੀਮਾਂ ਅੰਗ੍ਰੇਜ਼ੀ ਨਹੀਂ ਜਾਣਦੀਆਂ, ਸੋ ਉਹ ਸਪੇਨੀ, ਫ਼ਰਾਂਸੀਸੀ ਜਾਂ ਰੂਸੀ ਭਾਸ਼ਾ ਤੋਂ ਅਨੁਵਾਦ ਕਰਦੀਆਂ ਹਨ।

ਬਹੁਤ ਸਾਰੇ ਅਨੁਵਾਦਕ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ ਵਿਚ ਪੂਰੇ ਸਮੇਂ ਲਈ ਜਾਂ ਪਾਰਟ ਟਾਈਮ ਕੰਮ ਕਰਦੇ ਹਨ। ਕਈ ਅਨੁਵਾਦਕ ਉਸ ਇਲਾਕੇ ਵਿਚ ਕੰਮ ਕਰਦੇ ਹਨ ਜਿੱਥੇ ਉਨ੍ਹਾਂ ਦੀ ਭਾਸ਼ਾ ਬੋਲੀ ਜਾਂਦੀ ਹੈ। ਅਨੁਵਾਦਕਾਂ ਨੂੰ ਇਸ ਕੰਮ ਲਈ ਕੋਈ ਤਨਖ਼ਾਹ ਨਹੀਂ ਮਿਲਦੀ। ਪੂਰੇ ਸਮੇਂ ਦੇ ਅਨੁਵਾਦਕਾਂ ਨੂੰ ਸਿਰਫ਼ ਰਹਿਣ ਲਈ ਕਮਰਾ, ਖਾਣਾ-ਪੀਣਾ ਅਤੇ ਕੁਝ ਜੇਬ ਖ਼ਰਚ ਦਿੱਤਾ ਜਾਂਦਾ ਹੈ। ਪੂਰੀ ਦੁਨੀਆਂ ਵਿਚ ਲਗਭਗ 2,800 ਗਵਾਹ ਅਨੁਵਾਦ ਦਾ ਕੰਮ ਕਰਦੇ ਹਨ। ਇਸ ਵੇਲੇ ਗਵਾਹਾਂ ਦੇ 98 ਬ੍ਰਾਂਚ ਆਫ਼ਿਸਾਂ ਵਿਚ ਅਨੁਵਾਦਕ ਹਨ ਜਾਂ ਇਨ੍ਹਾਂ ਆਫ਼ਿਸਾਂ ਦੀ ਨਿਗਰਾਨੀ ਅਧੀਨ ਹੋਰ ਥਾਵਾਂ ਤੇ ਗਵਾਹ ਅਨੁਵਾਦ ਦਾ ਕੰਮ ਕਰਦੇ ਹਨ। ਮਿਸਾਲ ਲਈ ਰੂਸ ਦਾ ਬ੍ਰਾਂਚ ਆਫ਼ਿਸ 230 ਤੋਂ ਜ਼ਿਆਦਾ ਅਨੁਵਾਦਕਾਂ ਦੀ ਨਿਗਰਾਨੀ ਕਰਦਾ ਹੈ ਜੋ 30 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਭਾਸ਼ਾਵਾਂ ਜਿਵੇਂ ਕਿ ਚੁਵਾਸ਼, ਓਸੀਸ਼ਨ ਅਤੇ ਵੀਗੁਰ ਸਿਰਫ਼ ਕੁਝ ਹੀ ਥਾਵਾਂ ਤੇ ਬੋਲੀਆਂ ਜਾਂਦੀਆਂ ਹਨ।

ਵਧੀਆ ਅਨੁਵਾਦ ਕਰਨ ਲਈ ਮਦਦ

ਜੇ ਤੁਸੀਂ ਕਦੇ ਕੋਈ ਨਵੀਂ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਤੁਸੀਂ ਜਾਣਦੇ ਹੋ ਕਿ ਔਖੇ ਵਿਚਾਰਾਂ ਨੂੰ ਹੋਰ ਭਾਸ਼ਾ ਵਿਚ ਜ਼ਾਹਰ ਕਰਨਾ ਕਿੰਨਾ ਔਖਾ ਹੁੰਦਾ ਹੈ! ਸੋ ਤੁਸੀਂ ਸਮਝ ਸਕਦੇ ਹੋ ਕਿ ਅਨੁਵਾਦਕਾਂ ਨੂੰ ਸਹੀ-ਸਹੀ ਤਰਜਮਾ ਕਰਨ ਲਈ ਕਿੰਨੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਹਰ ਟੀਮ ਦਾ ਟੀਚਾ ਹੁੰਦਾ ਹੈ ਅੰਗ੍ਰੇਜ਼ੀ ਦੇ ਲੇਖ ਵਿਚ ਦੱਸੀਆਂ ਗੱਲਾਂ ਅਤੇ ਵਿਚਾਰਾਂ ਦਾ ਸਹੀ-ਸਹੀ ਅਨੁਵਾਦ ਕਰਨਾ ਤੇ ਨਾਲ ਹੀ ਨਾਲ ਇਹ ਵੀ ਧਿਆਨ ਰੱਖਣਾ ਕਿ ਅਨੁਵਾਦ ਕੀਤੇ ਗਏ ਲੇਖ ਪੜ੍ਹਨ ਨੂੰ ਵੀ ਵਧੀਆ ਲੱਗਣ। ਪਾਠਕ ਨੂੰ ਲੇਖ ਪੜ੍ਹ ਕੇ ਇਹ ਨਾ ਲੱਗੇ ਕਿ ਲੇਖ ਨੂੰ ਕਿਸੇ ਹੋਰ ਭਾਸ਼ਾ ਤੋਂ ਅਨੁਵਾਦ ਕੀਤਾ ਗਿਆ ਹੈ। ਅਨੁਵਾਦ ਕਰਨਾ ਇਕ ਕਲਾ ਹੈ। ਨਵੇਂ ਅਨੁਵਾਦਕਾਂ ਨੂੰ ਇਹ ਕਲਾ ਚੰਗੀ ਤਰ੍ਹਾਂ ਸਿੱਖਣ ਵਿਚ ਕਈ ਸਾਲ ਲੱਗ ਜਾਂਦੇ ਹਨ। ਯਹੋਵਾਹ ਦੇ ਗਵਾਹ ਆਪਣੇ ਅਨੁਵਾਦਕਾਂ ਨੂੰ ਆਪਣੀ ਇਸ ਕਲਾ ਨੂੰ ਨਿਖਾਰਨ ਦੀ ਸਿਖਲਾਈ ਦਿੰਦੇ ਰਹਿੰਦੇ ਹਨ। ਕਦੀ-ਕਦੀ ਇੰਸਟ੍ਰਕਟਰ ਦੂਸਰੀਆਂ ਥਾਵਾਂ ਤੇ ਜਾ ਕੇ ਟੀਮਾਂ ਨੂੰ ਹੋਰ ਵਧੀਆ ਅਨੁਵਾਦ ਕਰਨ ਅਤੇ ਕੰਪਿਊਟਰ ਪ੍ਰੋਗ੍ਰਾਮ ਇਸਤੇਮਾਲ ਕਰਨ ਦੀ ਸਿਖਲਾਈ ਦਿੰਦੇ ਹਨ।

ਇਸ ਸਿਖਲਾਈ ਦੇ ਬਹੁਤ ਫ਼ਾਇਦੇ ਹੋਏ ਹਨ। ਉਦਾਹਰਣ ਲਈ, ਨਿਕਾਰਾਗੁਆ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਦੱਸਿਆ: “ਮਿਸਕੀਟੋ ਭਾਸ਼ਾ ਦੇ ਅਨੁਵਾਦਕਾਂ ਨੂੰ ਪਹਿਲੀ ਵਾਰ ਮੈਕਸੀਕੋ ਬ੍ਰਾਂਚ ਤੋਂ ਆਏ ਇੰਸਟ੍ਰਕਟਰ ਨੇ ਹੋਰ ਵਧੀਆ ਤਰੀਕੇ ਨਾਲ ਅਨੁਵਾਦ ਕਰਨ ਦੀ ਸਿਖਲਾਈ ਦਿੱਤੀ। ਇਸ ਦਾ ਸਾਡੇ ਅਨੁਵਾਦਕਾਂ ਨੂੰ ਬਹੁਤ ਹੀ ਫ਼ਾਇਦਾ ਹੋਇਆ ਹੈ। ਉਨ੍ਹਾਂ ਦੇ ਅਨੁਵਾਦ ਦੇ ਕੰਮ ਵਿਚ ਬਹੁਤ ਸੁਧਾਰ ਆਇਆ ਹੈ।”

ਦਿਲਾਂ ਨੂੰ ਟੁੰਬਣ ਵਾਲੇ ਲਫ਼ਜ਼

ਮਾਂ-ਬੋਲੀਆਂ ਵਿਚ ਬਾਈਬਲਾਂ ਅਤੇ ਬਾਈਬਲ ਸਾਹਿੱਤ ਛਾਪਣ ਦਾ ਟੀਚਾ ਹੈ ਲੋਕਾਂ ਦੇ ਦਿਲਾਂ ਨੂੰ ਟੁੰਬਣਾ। ਅਤੇ ਇਸ ਤਰ੍ਹਾਂ ਹੋ ਵੀ ਰਿਹਾ ਹੈ। 2006 ਵਿਚ ਬਲਗੇਰੀਅਨ ਭਾਸ਼ਾ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਰਿਲੀਸ ਕੀਤੀ ਗਈ। ਬਲਗੇਰੀਆ ਵਿਚ ਯਹੋਵਾਹ ਦੇ ਗਵਾਹਾਂ ਨੂੰ ਇਸ ਤੋਂ ਬਹੁਤ ਖ਼ੁਸ਼ੀ ਹੋਈ। ਬਹੁਤ ਸਾਰੇ ਗਵਾਹਾਂ ਨੇ ਆਪਣੀ ਕਦਰਦਾਨੀ ਜ਼ਾਹਰ ਕਰਦਿਆਂ ਬਲਗੇਰੀਆ ਬ੍ਰਾਂਚ ਨੂੰ ਚਿੱਠੀਆਂ ਲਿਖੀਆਂ। ਕਲੀਸਿਯਾ ਦੇ ਮੈਂਬਰ ਕਹਿੰਦੇ ਹਨ ਕਿ ਹੁਣ ਬਾਈਬਲ ਦੀਆਂ ਗੱਲਾਂ ਉਨ੍ਹਾਂ ਦੇ ਦਿਮਾਗ਼ਾਂ ਵਿਚ ਹੀ ਨਹੀਂ ਰਹਿੰਦੀਆਂ, ਸਗੋਂ ਦਿਲਾਂ ਵਿਚ ਜਾਂਦੀਆਂ ਹਨ। ਬਲਗੇਰੀਆ ਦੇ ਸ਼ਹਿਰ ਸੋਫ਼ੀਆ ਦੇ ਰਹਿਣ ਵਾਲੇ ਇਕ ਬਜ਼ੁਰਗ ਆਦਮੀ ਨੇ ਲਿਖਿਆ: “ਮੈਂ ਕਈ ਸਾਲਾਂ ਤੋਂ ਬਾਈਬਲ ਪੜ੍ਹ ਰਿਹਾ ਹਾਂ, ਪਰ ਮੈਂ ਕਦੀ ਇੰਨੀ ਸੌਖੀ ਬਾਈਬਲ ਨਹੀਂ ਪੜ੍ਹੀ ਜੋ ਸਮਝਣ ਵਿਚ ਆਸਾਨ ਹੋਵੇ ਤੇ ਧੁਰ ਅੰਦਰ ਤਕ ਜਾਵੇ।” ਇਸੇ ਤਰ੍ਹਾਂ ਅਲਬਾਨੀਆ ਵਿਚ ਇਕ ਗਵਾਹ ਨੂੰ ਅਲਬਾਨੀ ਭਾਸ਼ਾ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਮਿਲੀ। ਉਸ ਨੇ ਕਿਹਾ: “ਮੇਰੀ ਆਪਣੀ ਭਾਸ਼ਾ ਵਿਚ ਰੱਬ ਦਾ ਬਚਨ ਕਿੰਨਾ ਸੋਹਣਾ ਲੱਗਦਾ ਹੈ! ਇਹ ਕਿੰਨੇ ਮਾਣ ਦੀ ਗੱਲ ਹੈ ਕਿ ਯਹੋਵਾਹ ਸਾਡੀ ਭਾਸ਼ਾ ਵਿਚ ਸਾਡੇ ਨਾਲ ਗੱਲ ਕਰਦਾ ਹੈ!”

ਪੂਰੀ ਬਾਈਬਲ ਦਾ ਅਨੁਵਾਦ ਕਰਨ ਵਿਚ ਕਈ ਸਾਲ ਲੱਗ ਜਾਂਦੇ ਹਨ। ਪਰ ਜਦੋਂ ਲੱਖਾਂ ਲੋਕ ਪਹਿਲੀ ਵਾਰ ਬਾਈਬਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਤਾਂ ਅਸੀਂ ਕਹਿ ਸਕਦੇ ਹਾਂ ਕਿ ਅਨੁਵਾਦਕਾਂ ਦੀ ਮਿਹਨਤ ਬੇਕਾਰ ਨਹੀਂ ਗਈ।

“ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ”

ਅਨੁਵਾਦ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕੰਮ ਦਾ ਕੇਵਲ ਇਕ ਹਿੱਸਾ ਹੀ ਹੈ। ਬਾਈਬਲ ਉੱਤੇ ਆਧਾਰਿਤ ਸਾਹਿੱਤ ਲਿਖਣ, ਛਾਪਣ ਤੇ ਵੱਖ-ਵੱਖ ਥਾਵਾਂ ਤੇ ਭੇਜਣ ਲਈ ਵੀ ਕਾਫ਼ੀ ਮਿਹਨਤ ਅਤੇ ਪੈਸਾ ਲੱਗਦਾ ਹੈ। ਇਸ ਤੋਂ ਇਲਾਵਾ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ, ਸਰਕਟਾਂ ਤੇ ਕਲੀਸਿਯਾਵਾਂ ਨਾਲ ਜੁੜੇ ਕੰਮਾਂ ਤੇ ਕਾਫ਼ੀ ਖ਼ਰਚ ਹੁੰਦਾ ਹੈ। ਪਰ ਪਰਮੇਸ਼ੁਰ ਦੇ ਲੋਕ ਇਹ ਕੰਮ ਕਰਨ ਲਈ “ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ।” (ਜ਼ਬੂਰਾਂ ਦੀ ਪੋਥੀ 110:3) ਉਹ ਇਸ ਕੰਮ ਵਿਚ ਹਿੱਸਾ ਲੈਣ ਨੂੰ ਆਪਣਾ ਸਨਮਾਨ ਮੰਨਦੇ ਹਨ ਕਿਉਂਕਿ ਉਹ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਹਨ।—1 ਕੁਰਿੰਥੀਆਂ 3:5-9.

ਇਹ ਸੱਚ ਹੈ ਕਿ ਪਰਮੇਸ਼ੁਰ ਨੂੰ ਆਪਣਾ ਕੰਮ ਪੂਰਾ ਕਰਨ ਲਈ ਸਾਡੇ ਪੈਸੇ ਦੀ ਲੋੜ ਨਹੀਂ ਹੈ ਕਿਉਂਕਿ ਉਹ ਕਹਿੰਦਾ ਹੈ ਕਿ “ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ।” ਪਰ ਯਹੋਵਾਹ ਨੇ “ਸਾਰੀਆਂ ਕੌਮਾਂ ਨੂੰ” ਸੱਚਾਈ ਦੱਸਣ ਅਤੇ ਉਸ ਦੇ ਨਾਂ ਦੀ ਮਹਿਮਾ ਕਰਨ ਦੇ ਕੰਮ ਲਈ ਦਾਨ ਦੇਣ ਦਾ ਸਨਮਾਨ ਸਾਨੂੰ ਦਿੱਤਾ ਹੈ। (ਮੱਤੀ 24:14; 28:19, 20) ਕੀ ਤੁਹਾਡਾ ਦਿਲ ਨਹੀਂ ਕਰਦਾ ਪ੍ਰਚਾਰ ਦੇ ਕੰਮ ਨੂੰ ਪੂਰਾ-ਪੂਰਾ ਸਹਿਯੋਗ ਦੇਣ ਦਾ?

[ਫੁਟਨੋਟ]

^ ਪੈਰਾ 5 ਇਸ ਰਸਾਲੇ ਦੇ ਸਫ਼ਾ 2 ਉੱਤੇ ਭਾਸ਼ਾਵਾਂ ਦੀ ਸੂਚੀ ਦੇਖੋ ਜਿਨ੍ਹਾਂ ਵਿਚ ਇਹ ਰਸਾਲਾ ਛਪਦਾ ਹੈ।

[ਸਫ਼ਾ 18 ਉੱਤੇ ਡੱਬੀ]

“ਇਹ ਸਾਨੂੰ ਡੂੰਘਾਈ ਨਾਲ ਸੋਚਣ ਲਈ ਪ੍ਰੇਰਦੇ ਹਨ”

ਇਕ 14 ਸਾਲਾਂ ਦੀ ਕੁੜੀ ਨੇ ਕੈਮਰੂਨ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਲਿਖਿਆ: “ਮੈਂ ਨਵੀਂ ਕਲਾਸ ਲਈ ਕਿਤਾਬਾਂ-ਕਾਪੀਆਂ ਵਗੈਰਾ ਲੈ ਲਈਆਂ ਤੇ ਪਿਛਲੇ ਸਾਲ ਦੀਆਂ ਦੋ ਕਿਤਾਬਾਂ 2,500 ਫਰਾਂਕ [ਲਗਭਗ 200 ਰੁਪਏ] ਦੀਆਂ ਵੇਚ ਦਿੱਤੀਆਂ। ਮੈਂ ਇਹ ਪੈਸੇ ਤੇ ਆਪਣੇ ਜੇਬ ਖ਼ਰਚ ਵਿੱਚੋਂ ਬਚਾਏ ਹੋਰ 910 ਫਰਾਂਕ [ਲਗਭਗ 70 ਰੁਪਏ] ਦਾਨ ਕਰ ਰਹੀ ਹਾਂ। ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹ ਕੰਮ ਕਰਦੇ ਰਹੋ। ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲਿਆਂ ਲਈ ਤੁਹਾਡਾ ਬਹੁਤ ਧੰਨਵਾਦ। ਇਹ ਸਾਨੂੰ ਡੂੰਘਾਈ ਨਾਲ ਸੋਚਣ ਲਈ ਪ੍ਰੇਰਦੇ ਹਨ।”

[ਸਫ਼ਾ 18 ਉੱਤੇ ਡੱਬੀ/ਤਸਵੀਰ]

ਇਕ ਅਨੋਖਾ ਦਾਨ

ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ  ਆਫ਼ਿਸ ਨੂੰ ਚੀਆਪਾਸ ਰਾਜ ਵਿਚ ਰਹਿੰਦੇ ਛੇ ਸਾਲਾਂ ਦੇ ਮੁੰਡੇ ਮੈਨਵਲ ਨੇ ਚਿੱਠੀ ਲਿਖੀ। ਉਸ ਨੂੰ ਲਿਖਣਾ ਨਹੀਂ ਆਉਂਦਾ, ਇਸ ਲਈ ਇਕ ਦੋਸਤ ਨੇ ਉਸ ਵੱਲੋਂ ਚਿੱਠੀ ਲਿਖੀ। ਮੈਨਵਲ  ਨੇ ਦੱਸਿਆ: “ਮੇਰੇ ਨਾਨੀ ਜੀ ਨੇ ਮੈਨੂੰ ਇਕ ਸੂਰਨੀ ਦਿੱਤੀ। ਜਦੋਂ ਇਸ ਸੂਰਨੀ ਨੇ ਬੱਚੇ ਦਿੱਤੇ, ਤਾਂ ਮੈਂ ਸਾਰਿਆਂ ਤੋਂ ਸਿਹਤਮੰਦ ਬੱਚਾ ਲੈ ਲਿਆ ਤੇ ਭਰਾਵਾਂ ਦੀ ਮਦਦ ਨਾਲ ਇਸ ਨੂੰ ਪਾਲਿਆ। ਇਸ ਦਾ ਭਾਰ 100 ਕਿਲੋ (220 ਪੌਂਡ) ਹੋ ਗਿਆ ਤੇ ਇਸ ਨੂੰ ਵੇਚ ਕੇ ਮੈਨੂੰ 1,250 ਪੈਸੋ [ਲਗਭਗ 4,400 ਰੁਪਏ] ਮਿਲੇ। ਮੈਂ ਖ਼ੁਸ਼ੀ-ਖ਼ੁਸ਼ੀ ਇਹ ਪੈਸੇ ਤੁਹਾਨੂੰ ਘੱਲ ਰਿਹਾ ਹਾਂ। ਕਿਰਪਾ ਕਰ ਕੇ ਇਹ ਪੈਸੇ ਯਹੋਵਾਹ ਲਈ ਵਰਤਣੇ।”

[ਸਫ਼ਾ 19 ਉੱਤੇ ਡੱਬੀ]

‘ਇਹ ਪੈਸਾ ਬਾਈਬਲ ਦਾ ਅਨੁਵਾਦ ਕਰਨ ਲਈ ਵਰਤਣਾ’

2005 ਵਿਚ ਯੂਕਰੇਨ ਵਿਚ ਹੋਏ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨਾਂ ਵਿਚ ਯੂਕਰੇਨੀ ਭਾਸ਼ਾ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਰਿਲੀਸ ਹੋਈ। ਅਗਲੇ ਦਿਨ ਇਕ ਦਾਨ-ਪੇਟੀ ਵਿਚ ਇਹ ਸੰਦੇਸ਼ ਲਿਖਿਆ ਮਿਲਿਆ: “ਮੈਂ ਨੌਂ ਸਾਲਾਂ ਦੀ ਹਾਂ। ਗ੍ਰੀਕ ਸਕ੍ਰਿਪਚਰਸ ਵਾਸਤੇ ਬਹੁਤ-ਬਹੁਤ ਧੰਨਵਾਦ। ਮੇਰੇ ਮੰਮੀ ਜੀ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਸਕੂਲ ਜਾਣ ਲਈ ਬੱਸ ਦਾ ਕਿਰਾਇਆ ਦਿੰਦੇ ਸਨ। ਪਰ ਜਦੋਂ ਮੀਂਹ ਨਹੀਂ ਪੈਂਦਾ ਸੀ, ਤਾਂ ਅਸੀਂ ਦੋਵੇਂ ਪੈਦਲ ਸਕੂਲ ਚਲੇ ਜਾਂਦੇ ਸਾਂ। ਇਸ ਤਰ੍ਹਾਂ ਅਸੀਂ 50 ਹਰੀਵਨੀਆ [ਲਗਭਗ 400 ਰੁਪਏ] ਬਚਾਏ। ਮੈਂ ਤੇ ਮੇਰਾ ਭਰਾ ਚਾਹੁੰਦੇ ਹਾਂ ਕਿ ਇਹ ਪੈਸਾ ਯੂਕਰੇਨੀ ਭਾਸ਼ਾ ਵਿਚ ਪੂਰੀ ਬਾਈਬਲ ਦਾ ਅਨੁਵਾਦ ਕਰਨ ਲਈ ਵਰਤਿਆ ਜਾਵੇ।”

[ਸਫ਼ੇ 20, 21 ਉੱਤੇ ਡੱਬੀ]

ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਪਸੰਦ ਕਰਦੇ ਹਨ

ਦੁਨੀਆਂ ਭਰ ਵਿਚ ਕੀਤੇ ਜਾਂਦੇ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਲਈ ਦਾਨ

ਕਈ ਲੋਕ ਦਾਨ ਦੇਣ ਲਈ ਕੁਝ ਪੈਸਾ ਵੱਖਰਾ ਰੱਖਦੇ ਹਨ। ਉਹ ਇਹ ਪੈਸਾ ਦਾਨ-ਪੇਟੀਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਦੁਨੀਆਂ ਭਰ ਵਿਚ ਕੀਤੇ ਜਾਂਦੇ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਲਈ ਦਾਨ—ਮੱਤੀ 24:14.”

ਹਰ ਮਹੀਨੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਇਹ ਦਾਨ ਭੇਜ ਦਿੰਦੀਆਂ ਹਨ। ਜੇ ਕੋਈ ਚਾਹੇ, ਤਾਂ ਉਹ ਆਪ ਪੈਸੇ ਬ੍ਰਾਂਚ ਆਫ਼ਿਸ ਨੂੰ ਭੇਜ ਸਕਦਾ ਹੈ। ਬ੍ਰਾਂਚ ਆਫ਼ਿਸਾਂ ਦੇ ਪਤੇ ਇਸ ਰਸਾਲੇ ਦੇ ਦੂਜੇ ਸਫ਼ੇ ਤੇ ਦਿੱਤੇ ਗਏ ਹਨ। ਚੈੱਕ “Watch Tower” ਦੇ ਨਾਂ ਤੇ ਬਣਾਏ ਜਾਣੇ ਚਾਹੀਦੇ ਹਨ। ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ ਇਕ ਛੋਟੀ ਜਿਹੀ ਚਿੱਠੀ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਸ਼ਰਤ-ਰਹਿਤ ਤੋਹਫ਼ੇ ਹਨ।

ਸ਼ਰਤੀਆ ਦਾਨ ਪ੍ਰਬੰਧ *

ਇਸ ਖ਼ਾਸ ਪ੍ਰਬੰਧ ਅਧੀਨ ਕੋਈ ਵੀ ਭੈਣ-ਭਰਾ ਆਪਣੇ ਪੈਸੇ Watch Tower ਦੀ ਅਮਾਨਤ ਦੇ ਤੌਰ ਤੇ ਟ੍ਰੱਸਟ ਵਿਚ ਰਖਵਾ ਸਕਦਾ ਹੈ। ਪਰ ਉਹ ਜਦੋਂ ਚਾਹੇ, ਆਪਣੇ ਪੈਸੇ ਵਾਪਸ ਲੈ ਸਕਦਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰ ਕੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।

ਦਾਨ ਦੇਣ ਦੇ ਤਰੀਕੇ *

ਆਪਣੀ ਇੱਛਾ ਨਾਲ ਰੁਪਏ-ਪੈਸੇ ਦਾਨ ਕਰਨ ਤੋਂ ਇਲਾਵਾ, ਰਾਜ ਦੇ ਵਿਸ਼ਵ-ਵਿਆਪੀ ਪ੍ਰਚਾਰ ਦੇ ਕੰਮ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿੱਚੋਂ ਕੁਝ ਤਰੀਕੇ ਹੇਠਾਂ ਦੱਸੇ ਗਏ ਹਨ:

ਬੀਮਾ: Watch Tower ਨੂੰ ਜੀਵਨ ਬੀਮਾ ਪਾਲਸੀ ਜਾਂ ਰੀਟਾਇਰਮੈਂਟ/ਪੈਨਸ਼ਨ ਯੋਜਨਾ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ।

ਬੈਂਕ ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਫ਼ਿਕਸਡ ਡਿਪਾਜ਼ਿਟ ਖਾਤੇ ਜਾਂ ਰੀਟਾਇਰਮੈਂਟ ਖਾਤੇ Watch Tower ਲਈ ਟ੍ਰੱਸਟ ਵਿਚ ਰੱਖੇ ਜਾ ਸਕਦੇ ਹਨ ਜਾਂ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ।

ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower ਨੂੰ ਬਿਨਾਂ ਕਿਸੇ ਸ਼ਰਤ ਦੇ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ।

ਜ਼ਮੀਨ-ਜਾਇਦਾਦ: ਜ਼ਮੀਨ-ਜਾਇਦਾਦ (ਜੋ ਵੇਚੀ ਜਾ ਸਕਦੀ ਹੋਵੇ) ਬਿਨਾਂ ਸ਼ਰਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨਕਰਤਾ ਆਪਣਾ ਮਕਾਨ ਇਸ ਸ਼ਰਤ ਤੇ ਦਾਨ ਕਰ ਸਕਦਾ ਹੈ ਕਿ ਉਹ ਆਪਣੇ ਜੀਉਂਦੇ-ਜੀ ਉੱਥੇ ਹੀ ਰਹੇਗਾ। ਇਸ ਮਾਮਲੇ ਵਿਚ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।

ਗਿਫ਼ਟ ਐਨਯੂਟੀ: ਇਸ ਪ੍ਰਬੰਧ ਅਧੀਨ ਕੋਈ ਵੀ ਭੈਣ-ਭਰਾ ਆਪਣਾ ਪੈਸਾ ਜਾਂ ਸਟਾਕ ਤੇ ਬਾਂਡਸ Watch Tower ਦੇ ਨਾਂ ਲਿਖਵਾ ਦਿੰਦਾ ਹੈ। ਇਸ ਦੇ ਬਦਲੇ ਵਿਚ ਉਸ ਨੂੰ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਏ ਵਿਅਕਤੀ ਨੂੰ ਜ਼ਿੰਦਗੀ ਭਰ ਲਈ ਹਰ ਸਾਲ ਇਕ ਬੱਝਵੀਂ ਰਕਮ ਦਿੱਤੀ ਜਾਵੇਗੀ। ਜਿਸ ਸਾਲ ਇਹ ਪ੍ਰਬੰਧ ਸ਼ੁਰੂ ਹੋਵੇਗਾ, ਉਸੇ ਸਾਲ ਤੋਂ ਦਾਨ ਦੇਣ ਵਾਲੇ ਨੂੰ ਇਨਕਮ ਟੈਕਸ ਵਿਚ ਛੋਟ ਮਿਲਣੀ ਸ਼ੁਰੂ ਹੋ ਜਾਵੇਗੀ।

ਵਸੀਅਤ ਅਤੇ ਟ੍ਰੱਸਟ: ਕਾਨੂੰਨੀ ਵਸੀਅਤ ਰਾਹੀਂ ਜ਼ਮੀਨ-ਜਾਇਦਾਦ ਜਾਂ ਪੈਸੇ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ ਜਾਂ Watch Tower ਨੂੰ ਟ੍ਰੱਸਟ ਦੇ ਇਕਰਾਰਨਾਮੇ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ। ਕੁਝ ਦੇਸ਼ਾਂ ਵਿਚ ਕਿਸੇ ਧਾਰਮਿਕ ਸੰਗਠਨ ਨੂੰ ਪੈਸੇ ਦਾਨ ਕਰਨ ਵਾਲੇ ਟ੍ਰੱਸਟ ਨੂੰ ਟੈਕਸ ਵਿਚ ਛੋਟ ਮਿਲਦੀ ਹੈ, ਪਰ ਭਾਰਤ ਵਿਚ ਛੋਟ ਨਹੀਂ ਮਿਲਦੀ।

ਇਨ੍ਹਾਂ ਤਰੀਕਿਆਂ ਨਾਲ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮ ਵਿਚ ਇਨ੍ਹਾਂ ਤਰੀਕਿਆਂ ਨਾਲ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ Charitable Planning to Benefit Kingdom Service Worldwide * ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਵਿਚ ਵੱਖ-ਵੱਖ ਤਰੀਕਿਆਂ ਨਾਲ ਦਾਨ ਕਰਨ ਜਾਂ ਵਸੀਅਤ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਬਰੋਸ਼ਰ ਨੂੰ ਪੜ੍ਹਨ ਮਗਰੋਂ ਅਤੇ ਆਪਣੇ ਵਕੀਲਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਦਾਨ ਦੇ ਕੇ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਕੀਤੇ ਜਾਂਦੇ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਵਿਚ ਮਦਦ ਕੀਤੀ ਹੈ ਤੇ ਨਾਲੋ-ਨਾਲ ਉਨ੍ਹਾਂ ਨੂੰ ਟੈਕਸ ਵਿਚ ਛੋਟ ਮਿਲੀ ਹੈ।

ਹੋਰ ਜਾਣਕਾਰੀ ਲਈ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਜਾਂ ਹੇਠਾਂ ਦਿੱਤੇ ਗਏ ਪਤੇ ਤੇ ਲਿਖੋ ਜਾਂ ਟੈਲੀਫ਼ੋਨ ਕਰੋ।

Jehovah’s Witnesses,

Post Box 6440,

Yelahanka,

Bangalore 560 064, Karnataka.

Telephone: (080) 28468072

[ਫੁਟਨੋਟ]

^ ਪੈਰਾ 40 ਭਾਰਤ ਵਿਚ ਇਹ ਪ੍ਰਬੰਧ ਲਾਗੂ ਨਹੀਂ ਹੈ।

^ ਪੈਰਾ 42 ਧਿਆਨ ਦਿਓ: ਹਰ ਦੇਸ਼ ਵਿਚ ਟੈਕਸ ਸੰਬੰਧੀ ਨਿਯਮ ਵੱਖਰੇ-ਵੱਖਰੇ ਹੁੰਦੇ ਹਨ। ਟੈਕਸ ਸੰਬੰਧੀ ਨਿਯਮਾਂ ਅਤੇ ਦਾਨ ਦੇਣ ਸੰਬੰਧੀ ਆਪਣੇ ਅਕਾਊਂਟੈਂਟ ਜਾਂ ਵਕੀਲ ਨਾਲ ਗੱਲ ਕਰੋ। ਕੋਈ ਪੱਕਾ ਫ਼ੈਸਲਾ ਕਰਨ ਤੋਂ ਪਹਿਲਾਂ ਕਿਰਪਾ ਕਰ ਕੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਵੀ ਸੰਪਰਕ ਕਰੋ।

^ ਪੈਰਾ 50 ਭਾਰਤ ਵਿਚ ਇਹ ਬਰੋਸ਼ਰ ਉਪਲਬਧ ਨਹੀਂ ਹੈ।

[ਸਫ਼ਾ 19 ਉੱਤੇ ਤਸਵੀਰਾਂ]

ਮਿਸਕੀਟੋ ਭਾਸ਼ਾ ਦੇ ਅਨੁਵਾਦਕ, ਨਿਕਾਰਾਗੁਆ ਬ੍ਰਾਂਚ